ਜਦ ਸ਼ੇਖ਼ੂਪੁਰ ਦੇ ਹੀਰਾ
ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ਼੍ਹਵਾਂ ਲੱਗਾ
ਇਹ ਗੱਲ ਓਦੋਂ ਦੀ ਹੈ
ਜਦ ਨਾਨਕ ਦੇ ਮੱਥੇ ਦੇ ਉੱਤੇ
ਕਿਸੇ ਮੁਜਾਹਿਦ ਚੰਨ ਤੇ ਤਾਰਾ ਖੁਣਿਆ
ਪੰਜ ਨਦੀਆਂ ਰੱਤ ਉੱਛਲ਼ੀ
ਹੱਥ ਦੀਆਂ ਪੰਜੇ ਉਂਗਲ਼ਾਂ ਇੱਕੋ ਜਿਹੀਆਂ ਹੋਈਆਂ
ਲੋਕੀਂ ਘਰ ਬੈਠੇ ਪਰਦੇਸੀ ਹੋਏ
ਗੁਰੂ ਦੇ ਘਰ ਤੋਂ ਗੁਰੂ ਕੀ ਨਗਰੀ
ਜਾਂਦੀ ਰੇਲ ਦੀ ਗੱਡੀ ਰਸਤੇ ਰੋਕੀ ਚੀਚੋ ਮੱਲ੍ਹੀਆਂ
ਇਸਮਤ ਰੋਲ਼ੀ ਕੱਖ ਨ ਛੱਡਿਆ
ਬੁੜ੍ਹੀਆਂ ਬੱਚੇ ਬੰਦੇ ਡੱਕਰੇ ਕਰ ਕਰ ਸੁੱਟੇ
ਕੰਜਕਾਂ ਕੁੜੀਆਂ ਹੱਥੋ ਹੱਥੀਂ ਵਿਕੀਆਂ
ਪਿੰਡ ਦਾ ਮੁੱਲਾਂ ਰੱਬ ਦਾ ਬੰਦਾ
ਰਾਹ ਵਿਚ ਰੁਲ਼ਦੀ ਜਿੰਦਾਂ ਨੂੰ ਘਰ ਲੈ ਆਇਆ
ਉਸਨੇ ਉਸਨੂੰ ਕਰ ਲੀਤਾ
ਜਿੰਦਾਂ ਤੋਂ ਉਹ ਹੋਈ ਫ਼ਾਤਿਮਾ
ਸਿੱਖਣੀ ਨੇ ਫਿਰ ਸੁੱਲੇ ਜੰਮੇ
ਚਾਰ ਪੁੱਤਰ ਪੰਜ ਧੀਆਂ
ਹੌਲ਼ੀ ਹੌਲ਼ੀ ਹਉਕੇ ਮੁੱਕੇ ਹੰਝੂ ਸੁੱਕੇ
ਲੋਕੀਂ ਹੁਣ ਵੀ ਉਹਨੂੰ ਸਿੱਖਣੀ ਆਖ ਸੱਦਾਂਦੇ
ਰੀਲ ਯਾਦਾਂ ਦੀ ਟੁੱਟਦੀ ਜੁੜਦੀ ਚਲਦੀ ਰਹਿੰਦੀ
ਚੀਕਾਂ ਦੀ ਆਵਾਜ਼ ਨਾ ਸੁਣਦੀ
ਅੱਖੀਆਂ ਰੋਵਣ ਪਰ ਅੱਥਰੂ ਨਹੀਂ ਹਨ
ਬੁੜ੍ਹੀ ਫ਼ਾਤਿਮਾ ਆਂਹਦੀ:
ਨਾ ਰੋ ਬਾਊ
ਹੰਝ ਵਹਾਵਣ ਦਾ ਕੀ ਫ਼ਾਇਦਾ ਹੈ?
ਨਿਤ ਉਡੀਕਾਂ ਆਹ ਦਿਨ ਆਇਆ
ਸਾਹ ਆਖ਼ਰੀ ਕਦ ਆਉਣਾ ਹੈ
ਜਦ ਵੀ ਆਇਆ ਬੜਾ ਹੀ ਮਿੱਠਾ ਹੋਣਾ
ਧਿਆਨਜੋਗ: ਇਹ ਕਵਿਤਾ
ਪਾਕਿਸਤਾਨ ਦੇ ਸਾਰੇ ਪੰਜਾਬੀ ਪਰਚਿਆਂ ਨੇ ਛਾਪਣੋਂ ਨਾਂਹ ਕਰ ਦਿੱਤੀ। - ਅ.
-0-
|