1
ਉਹ ਸਮਝੇ ਤਾਂ ਆਪੇ ਸਮਝੇ ਮੈਂ ਉਸ ਨੂੰ ਸਮਝਾਵਾਂ ਕਿਉਂ
ਮੈਂ ਇਨਸਾਨ ਹਾਂ ਉਸ ਦੇ ਵਾਂਗੂੰ, ਸਮਝੇ ਉਹ ਪਰਛਾਵਾਂ ਕਿਉਂ
ਮੇਰਾ ਮਨ ਤੇ ਮੇਰੀ ਚਾਹਤ, ਮੇਰੀ ਇੱਛਾ ਵੀ ਕੁਝ ਹੈ
ਉਹਦੀ ਮਰਜ਼ੀ ਹੋਵੇ ਆਵਾਂ, ਜਦ ਉਹ ਚਾਹੇ ਜਾਵਾਂ ਕਿਉਂ
ਜੋ ਹੋਇਆ ਸੋ ਹੋਇਆ, ਹੁੰਦਾ ਹੈ ਜੋ ਹੋਣਾ ਹੁੰਦਾ ਏ
ਇਹ ਹੋ ਜਾਂਦਾ, ਉਹ ਨਾ ਹੁੰਦਾ, ਕਹਿ ਕੇ ਮੈਂ ਪਛਤਾਵਾਂ ਕਿਉਂ
ਤੂੰ ਜੇਕਰ ਕਦੇ ਲੋੜ ਪੈਣ ਤੇ ਕੋਲ ਮੇਰੇ ਨਹੀਂ ਹੋ ਸਕਦਾ
ਮੈਂ ਵੀ ਸਾਹਾਂ ਦੇ ਮੁੱਕਣ ਤਕ ਤੇਰੀਆਂ ਲਵਾਂ ਬਲਾਵਾਂ ਕਿਉਂ
ਮੇਰੀ ਗਲਤੀ ਹੋਵੇ ਤਾਂ ਮੈਂ ਤਰਲੇ ਮਿੰਨਤਾਂ ਕਰ ਵੀ ਲਵਾਂ
ਭਾਵੇਂ ਗਲਤੀ ਤੇਰੀ ਹੋਵੇ ਮੈਂ ਹੀ ਸਦਾ ਬੁਲਾਵਾਂ ਕਿਉਂ
ਸ਼ਿਕਵੇ ਸ਼ਿਕਾਇਤਾਂ ਮੈਨੂੰ ਵੀ ਨੇ, ਪਹਿਲ ਕਦੇ ਤਾਂ ਤੂੰ ਵੀ ਕਰ
ਵੇਖ ਕੇ ਤੈਨੂੰ ਭਜ ਕੇ ਆਵਾਂ, ਮੈਂ ਗਲਵਕੜੀ ਪਾਵਾਂ ਕਿਉਂ
ਇਕ ਦੂਜੇ ਲਈ ਜੋ ਵੀ ਕੀਤਾ, ਆਪੇ ਸਮਝੋ, ਠੀਕ ਵੀ ਹੈ
ਕੀ ਕੀ ਕੀਤਾ ਤੇਰੇ ਕਰ ਕੇ, ਤੈਨੂੰ ਆਖ ਸੁਣਾਵਾਂ ਕਿਉਂ
ਪਿਆਰ ਨਹੀਂ ਤਾਂ ਹੋਰ ਕੀ ਹੈ ਸੋਚੀਂ ਤਾਂ ਇਕ ਵਾਰ 'ਅਜ਼ੀਜ਼'
ਛੱਡਿਆ ਤੇਰੇ ਕਰ ਕੇ ਘਰ, ਪਰਿਵਾਰ ਅਤੇ ਸਿਰਨਾਵਾਂ ਕਿਉਂ
ਗ਼ਜ਼ਲ -2
ਆਜ਼ਾਦ ਕਰ ਜਿਵੇਂ ਚਾਹੇਂ ਮੈਂ ਨਜ਼ਰ ਆਵਾਂਗਾ
ਬੰਨ੍ਹ ਕੇ ਜੇ ਮੈਨੂੰ ਰੱਖਿਆ ਮੈਂ ਬਿਖਰ ਜਾਵਾਂਗਾ
ਤੂੰ ਹੀ ਸੁਕੂਨ ਦੇਵੇਂ, ਤੂੰ ਹੀ ਮੇਰਾ ਠਿਕਾਨਾ
ਤੇਰੇ ਕੋਲੋਂ ਦੂਰ ਹੋ ਕੇ ਮੈਂ ਕਿਧਰ ਜਾਵਾਂਗਾ
ਅੱਗ ਸੋਨੇ ਨੂੰ ਤਪਾ ਕੇ ਕਰਦੀ ਹੈ ਜਿਵੇਂ ਕੁੰਦਨ
ਤੇਰੇ ਪਿਆਰ ਦਾ ਦੇ ਚਾਨਣ ਮੈਂ ਸੰਵਰ ਜਾਵਾਂਗਾ
ਤੂੰ ਜੇ ਨਾਲ ਹੈਂ ਤਾਂ ਰੋਸ਼ਨ ਲਗਦੀ ਹੈ ਦੁਨੀਆ ਸਾਰੀ
ਕਦੇ ਹੋਇਆ ਜੇ ਹਨੇਰਾ ਮੈਂ ਵੀ ਡਰ ਜਾਵਾਂਗਾ
ਤੇਰਾ ਹਿਜਰ ਦਿਲ ਦੇ ਕੋਲੋਂ ਕਦੇ ਸਹਿ ਹੀ ਨਹੀਂ ਹੋਣਾ
ਕੋਈ ਹੋਰ ਪੀੜ ਦਿਲ ਤੇ ਤਾਂ ਮੈਂ ਜਰ ਜਾਵਾਂਗਾ
ਮੇਰੇ ਸਾਹਾਂ ਦੀ ਲੜੀ ਤੇ ਲਿਖਿਆ ਏ ਨਾਮ ਤੇਰਾ
ਤੇਰਾ ਨਾਮ ਜੇ ਨਾ ਮਿਲਿਆ ਮੈਂ ਤਾਂ ਮਰ ਜਾਵਾਂਗਾ
ਤੇਰੇ ਦਿਲ ਦਾ ਗੁਲਿਸਤਾਂ ਜੇ ਮੁਰਝਾਉਣ ਕਦੇ ਲਗਿਆ
ਜਨਮਾਂ ਦੇ ਔੜ ਸਹਿ ਕੇ ਵੀ ਮੈਂ ਵਰ੍ਹ ਜਾਵਾਂਗਾ
ਮੇਰੇ ਹੰਝੂ ਸਿਰਫ਼ ਹੰਝੂ ਨਹੀਂ ਬਣ ਗਏ ਨੇ ਮੋਤੀ
ਜਾਂਦੇ ਜਾਂਦੇ ਤੇਰੀ ਝੋਲੀ ਵੇਖੀਂ ਭਰ ਜਾਵਾਂਗਾ
ਤੇਰੇ ਨੈਣਾਂ ਕੋਲੋਂ ਮੈਨੂੰ ਨਾ ਦੂਰ ਕਰ ਤੂੰ ਐਵੇਂ
ਹੋਲੀ ਹੋਲੀ ਤੇਰੇ ਦਿਲ ਤੋਂ ਵੀ ਉਤਰ ਜਾਵਾਂਗਾ
ਕਦੇ ਮੇਰੇ ਕਰਕੇ ਤੈਨੂੰ ਕੋਈ ਦੁਖ 'ਅਜ਼ੀਜ਼' ਪਹੁੰਚੇ
ਤੇਰੇ ਨਾਮ ਖੁਸ਼ੀ ਆਪਣੀ ਸਾਰੀ ਕਰ ਜਾਵਾਂਗਾ
-0-
|