Welcome to Seerat.ca
Welcome to Seerat.ca

ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ / ਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰ

 

- ਅਮਰਜੀਤ ਚੰਦਨ

ਇੱਕ ਰੰਗ-ਸਹਿਕਦਾ ਦਿਲ (1924)

 

- ਗੁਰਬਖ਼ਸ਼ ਸਿੰਘ ਪ੍ਰੀਤਲੜੀ

ਬਰਫ਼ ਨਾਲ਼ ਦੂਸਰੀ ਲੜਾਈ
(ਲਿਖੀ ਜਾ ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ)

 

- ਇਕਬਾਲ ਰਾਮੂਵਾਲੀਆ

ਬਲਬੀਰ ਸਿੰਘ ਦੇ ਵੱਡਵਡੇਰੇ ਤੇ ਬਚਪਨ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਹਰ ਦਰ ਬੰਦ

 

- ਹਰਜੀਤ ਅਟਵਾਲ

ਸੁਰਿੰਦਰ ਸਿੰਘ ਓਬਰਾਏ- ਗੁਰਚਰਨ ਸਿੰਘ ਔਲਖ- ਭੂਰਾ ਸਿੰਘ ਕਲੇਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਖੜੱਪੇ ਬਨਾਮ ਖੜੱਪੇ ਦੇ ਰਣਤੱਤੇ ਪਿੱਛੋਂ ਬਾਤ ਇੱਕ ਭਾਸ਼ਨ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਫਿ਼ਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਭਾਗਾਂਭਰੀ ਦੇ ਫੁੱਟ ਗਏ ਭਾਗ ਏਦਾਂ...

 

- ਐਸ. ਅਸ਼ੋਕ ਭੌਰਾ

ਬੇਦਾਵਾ

 

- ਚਰਨਜੀਤ ਸਿੰਘ ਪੰਨੂ

ਕੈਨੇਡਾ ਦਾ ਪੰਜਾਬੀ ਨਾਰੀ ਕਾਵਿ / ਇਤਿਹਾਸਕ ਸੰਦਰਭ, ਸਰੋਕਾਰ ਅਤੇ ਸੰਭਾਵਨਾਵਾਂ

 

- ਕੰਵਲਜੀਤ ਕੌਰ ਢਿੱਲੋਂ (ਡਾ.)

ਇਹ ਕੋਈ ਹੱਲ ਤੇ ਨਹੀਂ

 

- ਕੁਲਵਿੰਦਰ ਖਹਿਰਾ

‘ਕਛਹਿਰੇ ਸਿਊਣੇ’

 

- ਵਰਿਆਮ ਸਿੰਘ ਸੰਧੂ

ਸਹਿਜ-ਸੁਭਾਅ ਦੀ ਸ਼ਾਇਰੀ : ਬਲ਼ਦੇ ਚਿਰਾਗ਼ ਹੋਰ

 

- ਉਂਕਾਰਪ੍ਰੀਤ

ਦੇਸ ਵਾਪਸੀ

 

- ਨਵਤੇਜ ਸਿੰਘ

ਕਿਰਾਏ ਦਾ ਵੀ ਸੀ ਆਰ

 

- ਅਵਤਾਰ ਸਿੰਘ ਰਾਮਗੜ੍ਹ ਭੁੱਲਰ

ਵਿਸ਼ੀਅਰ ਨਾਗਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਬਾਤ ਕੋਈ ਪਾ ਗਿਆ

 

- ਮਲਕੀਅਤ ਸਿੰਘ ”ਸੁਹਲ”

ਕਿਸ ਨੂੰ ਫ਼ਾਇਦਾ!

 

- ਗੁਰਦਾਸ ਮਿਨਹਾਸ

ਦੋ ਗਜ਼ਲਾਂ

 

- ਪਰਮਿੰਦਰ ਸਿੰਘ

Discussion on the problems is the only way for civilized society / Canadian Punjabi Conference organized by Disha-Brampton June 15,2014

 

- Shamshad Elahee Shams

अकाल में दूब

 

- केदारनाथ सिंह

इतिहास सवाल करेगा कि... / (पलासी से विभाजन तक के बहाने)

 

- अनिल यादव

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਡਾ ਸੁਰਜੀਤ ਸਿੰਘ ਭੱਟੀ ਦਾ ਸਨਮਾਨ

ਚਾਰ ਗਜ਼ਲਾਂ ਤੇ ਇਕ ਗੀਤ

 

- ਗੁਰਨਾਮ ਢਿੱਲੋਂ

ਹੁੰਗਾਰੇ

 
Online Punjabi Magazine Seerat

ਬਲਬੀਰ ਸਿੰਘ ਦੇ ਵੱਡਵਡੇਰੇ ਤੇ ਬਚਪਨ
- ਪ੍ਰਿੰ. ਸਰਵਣ ਸਿੰਘ

 

ਹਾਕੀ ਦੇ ਯੁਗ ਪੁਰਸ਼ ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸ ਦੇ ਪਿਤਾ ਸ. ਦਲੀਪ ਸਿੰਘ ਸਨ ਤੇ ਮਾਤਾ ਸਰਦਾਰਨੀ ਕਰਮ ਕੌਰ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਇਹ ਦੋਵੇਂ ਪਿੰਡ ਤਹਿਸੀਲ ਫਿਲੌਰ ਜਿ਼ਲਾ ਜਲੰਧਰ ਵਿਚ ਹਨ। ਉਸ ਦਾ ਦਾਦਕਾ ਗੋਤ ਦੁਸਾਂਝ ਹੈ ਤੇ ਨਾਨਕਾ ਗੋਤ ਧਨੋਆ। ਪਾਸਪੋਰਟ ਉਤੇ ਉਸ ਦਾ ਪੂਰਾ ਨਾਂ ਬਲਬੀਰ ਸਿੰਘ ਦੁਸਾਂਝ ਦਰਜ ਹੈ। ਉਹਦੇ ਸਹੁਰੇ ਲਹੌਰੀਏ ਸੰਧੂ ਹਨ ਜਿਨ੍ਹਾਂ ਦਾ ਪਿਛਲਾ ਪਿੰਡ ਭੜਾਣਾ ਸੀ। ਜਨਮ ਵੱਲੋਂ ਬੇਸ਼ੱਕ ਉਹ ਜੱਟ ਜਿ਼ਮੀਦਾਰ ਹੈ ਪਰ ਜਾਤ ਪਾਤ ਵਿਚ ਉਸ ਦਾ ਕੋਈ ਵਿਸ਼ਵਾਸ ਨਹੀਂ। ਉਹ ਖੁੱਲ੍ਹੇ ਦਿਲ ਵਾਲਾ ਮਾਨਵਵਾਦੀ ਇਨਸਾਨ ਹੈ। ਉਸ ਦੇ ਤਿੰਨੇ ਪੁੱਤਰ ਕੈਨੇਡੀਅਨ ਹਨ ਜਿਨ੍ਹਾਂ ਦੀਆਂ ਪਤਨੀਆਂ ਸਿੰਘਾਪੁਰ, ਚੀਨ ਤੇ ਯੂਕਰੇਨ ਤੋਂ ਹਨ। ਉਹ ਸੱਚਾ ਸੁੱਚਾ ਸਿੱਖ ਹੈ ਜਿਸ ਨੂੰ ਆਪਣਾ ਪ੍ਰਾਂਤ ਪੰਜਾਬ ਤਾਂ ਪਿਆਰਾ ਹੈ ਹੀ, ਭਾਰਤ ਦੇਸ਼ ਵੀ ਓਨਾ ਹੀ ਪਿਆਰਾ ਹੈ ਜਿਸ ਦੇ ਨਾਂ ਉਤੇ ਉਹ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ‘ਚ ਭਾਗ ਲੈਂਦਾ ਤੇ ਤਿਰੰਗਾ ਝੁਲਾਉਂਦਾ ਰਿਹਾ। ਉਹਦਾ ਦਿਲ ਸਦਾ ਭਾਰਤੀ ਹਾਕੀ ਦੀ ਚੜ੍ਹਦੀ ਕਲਾ ਲਈ ਧੜਕਦਾ ਹੈ। ਉਹ ਚਾਹੁੰਦਾ ਹੈ ਭਾਰਤੀ ਹਾਕੀ ਮੁੜ ਉਸ ਮੁਕਾਮ ‘ਤੇ ਪਹੁੰਚੇ ਜਿਥੇ ਉਹਦੇ ਖੇਡਣ ਵੇਲੇ ਸੀ।
ਉਹਦੇ ਪੁਰਖਿਆਂ ਦੀ ਬੰਸਾਵਲੀ ਵਿਚ ਦਸਵਾਂ ਪੁਰਖਾ ਬਿਧੀ ਚੰਦ ਸੀ। ਇਹ ਬੰਸਾਵਲੀ ਬਲਬੀਰ ਸਿੰਘ ਤੋਂ ਤੁਰਦੀ ਦਲੀਪ ਸਿੰਘ, ਬਸੰਤ ਸਿੰਘ, ਜੈਮਲ ਸਿੰਘ, ਦਲ ਸਿੰਘ, ਚੜ੍ਹਤ ਸਿੰਘ, ਗੁਰ ਸਿੰਘ, ਜੱਸੂ, ਦਲਪਤ, ਬਿਧੀ ਚੰਦ, ਡੱਲਾ, ਰਜਾਣੀਆਣ, ਸਾਬਾ ਤੇ ਦੁਸਾਂਝ ਤੋਂ ਹੁੰਦੀ ਹੋਈ ਸਰੋਇਆ ਤਕ ਜਾਂਦੀ ਹੈ।
ਇੰਗਲੈਂਡ ਵਿਚ ਅਧਿਆਪਕ ਰਹੇ ਡਾ. ਜਗਜੀਤ ਸਿੰਘ ਦੁਸਾਂਝ ਨੇ ਕਾਫੀ ਖੋਜ ਕਰ ਕੇ ਪਿੰਡ ਦੁਸਾਂਝ ਕਲਾਂ ਦਾ ਸਮਾਜੀ ਇਤਿਹਾਸ ਲਿਖਿਆ ਹੈ। ਉਸ ਵਿਚ ਦੁਸਾਂਝ ਗੋਤ ਤੇ ਬਲਬੀਰ ਸਿੰਘ ਦੇ ਪਿੰਡ ਪੁਆਦੜੇ ਬਾਰੇ ਵੀ ਕਾਫੀ ਜਾਣਕਾਰੀ ਦਿੱਤੀ ਹੈ। ਦੁਸਾਂਝ ਕਲਾਂ ਅਸਲ ਵਿਚ ਪੁਆਦੜੇ ਤੋਂ ਉੱਜੜ ਕੇ ਆਏ ਦੁਸਾਂਝਾਂ ਨੇ ਹੀ ਵਸਾਇਆ ਸੀ। ਬਾਅਦ ਵਿਚ ਕੁਝ ਪਰਿਵਾਰ ਦੁਸਾਂਝ ਤੋਂ ਵਾਪਸ ਪੁਆਦੜੇ ਵੀ ਮੁੜੇ। ਉਹ ਬਲਬੀਰ ਸਿੰਘ ਦੇ ਵੱਡਵਡੇਰੇ ਸਨ। ਉਨ੍ਹਾਂ ਦੇ ਨਾਵਾਂ ਉਤੇ ਪੁਆਦੜੇ ਵਿਚ ਦੋ ਪੱਤੀਆਂ ਹਨ। ਇਕ ਜੱਸੂ ਪੱਤੀ ਦੂਜੀ ਮਿਹਰ ਚੰਦ ਪੱਤੀ। ਬਲਬੀਰ ਸਿੰਘ ਜੱਸੂ ਪੱਤੀ ਦਾ ਹੈ। ਜੱਸੂ ਉਸ ਦਾ ਅੱਠਵਾਂ ਪੁਰਖਾ ਸੀ।
ਦੁਸਾਂਝ ਗੋਤ ਦਾ ਪਿਛੋਕੜ ਸਰੋਇਆ ਕਬੀਲੇ ਦੇ ਰਾਜਪੂਤਾਂ ਨਾਲ ਜਾ ਮਿਲਦਾ ਹੈ। ਰਾਜਸਥਾਨ ਦਾ ਸਰੋਈ ਨਗਰ ਸਰੋਇਆ ਨੇ ਵਸਾਇਆ ਸੀ। ਜਦੋਂ ਹਮਲੇ ਹੁੰਦੇ ਜਾਂ ਕਾਲ ਪੈਂਦੇ ਤਾਂ ਵਸਦੇ ਨਗਰ ਉੱਜੜ ਜਾਂਦੇ। ਪਸ਼ੂਆਂ ਲਈ ਨਵੀਆਂ ਚਰਾਗਾਹਾਂ ਲੱਭੀਆਂ ਜਾਂਦੀਆਂ। ਜਿਊਂਦੇ ਰਹਿਣ ਲਈ ਪਾਣੀ ਤੇ ਖੁਰਾਕ ਜ਼ਰੂਰੀ ਸੀ। ਰਾਜਪੂਤਾਨੇ ਦੇ ਕਾਲ ਨਾਲ ਉੱਜੜੇ ਜਾਂ ਲੜਾਈਆਂ ਕਾਰਨ ਨੱਠੇ ਲੋਕਾਂ ‘ਚੋਂ ਕਈ ਪੰਜਾਬ ਵੱਲ ਧਾਈਆਂ ਕਰ ਲੈਂਦੇ। ਸਰੋਇਆਂ ਵਿਚੋਂ ਵੀ ਬਥੇਰੇ ਪੰਜਾਬ ਵਿਚ ਆਏ। ਹੋਰਨਾਂ ਕਬੀਲਿਆਂ ਤੇ ਗੋਤਾਂ ਦੇ ਲੋਕ ਵੀ ਆਉਂਦੇ ਰਹੇ। ਪੈਪਸੂ ਰਿਆਸਤਾਂ ਦੀ ਕਾਫੀ ਪਰਜਾ ਤੇ ਉਨ੍ਹਾਂ ਦੇ ਰਾਜੇ ਮਹਾਰਾਜਿਆਂ ਦੇ ਪੁਰਖੇ ਜੈਸਲਮੇਰ ਤੋਂ ਆਏ ਸਨ।
ਹੁਸਿ਼ਆਰ ਸਿੰਘ ਦੁਲੇਹ ‘ਜੱਟਾਂ ਦਾ ਇਤਿਹਾਸ’ ਪੁਸਤਕ ਵਿਚ ਦੱਸਦਾ ਹੈ ਕਿ ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘਾ, ਮੱਲ੍ਹੀ, ਢਿੱਲੋਂ, ਢੀਂਡਸਾ ਤੇ ਦੁਸਾਂਝ ਸਨ। ਉਨ੍ਹਾਂ ਦੀ ਔਲਾਦ ਦੇ ਗੋਤ ਆਪੋ ਆਪਣੇ ਪਿਤਾਵਾਂ ਦੇ ਨਾਵਾਂ ਉਤੇ ਚੱਲ ਪਏ। ਕਿਹਾ ਜਾਂਦਾ ਹੈ ਕਿ ਇਹ ਗੋਤ ਪ੍ਰਾਚੀਨ ਜੱਟ ਰਾਜ ਘਰਾਣਿਆਂ ਵਿਚੋਂ ਹਨ ਜਿਨ੍ਹਾਂ ਦੇ ਕੁਝ ਪੁਰਾਣੇ ਸਿੱਕੇ ਵੀ ਮਿਲਦੇ ਹਨ। ਦੁਸਾਝਾਂ ਦਾ ਉੱਜਲ ਸਿੰਘ ਦੁਸਾਂਝ ਐਸਾ ਵਿਅਕਤੀ ਹੈ ਜੋ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਯਾਨੀ ਮੁੱਖ ਮੰਤਰੀ ਬਣਿਆ। ਬਦੇਸ਼ ਦੇ ਕਿਸੇ ਸੂਬੇ ਦਾ ਮੁੱਖ ਮੰਤਰੀ ਬਣਨ ਵਾਲਾ ਉਹ ਪਹਿਲਾਂ ਪੰਜਾਬੀ ਹੈ।
ਡਾ. ਜਗਜੀਤ ਸਿੰਘ ਦੁਸਾਂਝ ਬੀ. ਐੱਸ. ਦਾਹੀਆ ਦੀ ਪੁਸਤਕ ‘ਜਾਟਸ’ ਦਾ ਹਵਾਲਾ ਦਿੰਦਿਆਂ ਦੱਸਦਾ ਹੈ ਕਿ ਵੋਲਗਾਗਰਾਦ ਤੋਂ ਕੈਸਪੀਅਨ ਸਾਗਰ ਵੱਲ ਵੋਲਗਾ ਦਰਿਆ ਦੇ ਕੰਢੇ ਦੁਸਾਂਗ/ਦੁਸਾਂਜ ਨਾਂ ਦਾ ਨਗਰ ਹੈ। ਸੰਭਵ ਹੈ ਦੁਸਾਂਝ ਗੋਤ ਦੇ ਬੰਦੇ ਕਿਸੇ ਸਮੇਂ ਉਥੇ ਰਹਿੰਦੇ ਹੋਣ ਤੇ ਉਨ੍ਹਾਂ ਵਿਚੋਂ ਕੁਝ ਹਿੰਦੋਸਤਾਨ ਵੱਲ ਆ ਗਏ ਹੋਣ। ਪੁਰਤਗੇਜ਼ੀ ਜ਼ਬਾਨ ਵਿਚ ਦੋ ਸਾਂਤੋ ਸ਼ਬਦ ਦੋਸਾਂਝ ਸ਼ਬਦ ਨਾਲ ਮਿਲਦਾ ਜੁਲਦਾ ਹੈ ਜਿਸ ਦੇ ਅਰਥ ਹਨ ਸੰਤਾਂ ਬਾਰੇ। ਹੋ ਸਕਦੈ ਜਦੋਂ ਆਰੀਆ ਲੋਕਾਂ ਦੀ ਇਕ ਸ਼ਾਖ ਪੂਰਬ ਨੂੰ ਗਈ ਹੋਵੇ ਤੇ ਦੂਜੀ ਪੱਛਮ ਵੱਲ ਤਾਂ ਕੁਝ ਲੋਕ ਪੁਰਤਗਾਲ ਚਲੇ ਗਏ ਹੋਣ। ਦਾਹੀਆ ਅਨੁਸਾਰ ਪੁਰਾਣੇ ਜ਼ਮਾਨੇ ਵਿਚ ਦੁਸਾਂਝ ਕਬੀਲਾ 244 ਕਬੀਲਿਆਂ ਵਿਚੋਂ ਇਕ ਸੀ। ਦੁਸਾਂਝ ਕਬੀਲੇ ਦੇ ਸਿੱਕੇ ਮਿਲੇ ਹਨ ਜਿਨ੍ਹਾਂ ਉਤੇ ਉੱਕਰੇ ਹੋਏ ਸ਼ਬਦ ਦੁਦਾਦਾਸਾ ਜਾਂ ਦੁਸਾਨਾਸਾ ਹਨ। ਪਰ ਇਹ ਤੱਥ ਹੋਰ ਖੋਜ ਦੇ ਮੁਥਾਜ ਹਨ।
ਡਾ. ਜਗਜੀਤ ਸਿੰਘ ਨੇ ਆਪਣੇ ਪਿੰਡ ਦੁਸਾਂਝ ਕਲਾਂ ਦੇ ਦੋ ਘਰਾਂ ਦੀਆਂ ਦੋ ਬੰਸਾਵਲੀਆਂ ਪੇਸ਼ ਕੀਤੀਆਂ ਹਨ। ਪਹਿਲੀ ਅਨੁਸਾਰ ਸਰੋਇਆ ਦਾ ਪੁੱਤਰ ਦੁਸਾਂਝ, ਦੁਸਾਂਝ ਤੋਂ ਦੋ ਤਿੰਨ ਪੀੜ੍ਹੀਆਂ ਬਾਅਦ ਨਾਰਾਇਣ, ਅੱਗੇ ਸਾਬਾ, ਰਜਾਣੀਆਣ, ਡੱਲਾ, ਬਿਧੀ ਚੰਦ, ਭੰਬੂ, ਕਰਮਾ, ਰਣੀਆ, ਝਗੜੂ, ਪੰਜਾਬ ਸਿੰਘ, ਦੇਵਾ ਸਿੰਘ, ਰਣ ਸਿੰਘ, ਦਿਲਬਾਗ ਸਿੰਘ ਤੇ ਹਰਭਜਨ ਸਿੰਘ ਹਨ। ਦੂਜੀ ਬੰਸਾਵਲੀ ਮੁਤਾਬਿਕ ਰਜਾਣੀਆਣ ਤੋਂ ਡੱਲਾ, ਬਿਧੀ ਚੰਦ, ਭੰਬੂ, ਸ਼ਮੀਰ, ਚਿੱਤਾ, ਭੋਗਾ ਸਿੰਘ, ਬਘੇਲ ਸਿੰਘ, ਖੇਮ ਸਿੰਘ, ਜਮੀਤ ਸਿੰਘ, ਜੀਵਨ ਸਿੰਘ, ਕਰਤਾਰ ਸਿੰਘ ਤੇ ਦੁਸ਼ਟਦਮਨ ਸਿੰਘ ਦੇ ਨਾਂ ਹਨ। ਬਲਬੀਰ ਸਿੰਘ ਦੀ ਬੰਸਾਵਲੀ ਵਿਚ ਬਿਧੀ ਚੰਦ ਤੋਂ ਪਹਿਲਾਂ ਦੇ ਪੁਰਖੇ ਸਾਂਝੇ ਹਨ ਪਰ ਬਿਧੀ ਚੰਦ ਦੇ ਪੁੱਤਰ ਦਲਪਤ ਤੇ ਉਹਦੇ ਪੁੱਤਰ ਜੱਸੂ ਤੋਂ ਬੰਸਾਵਲੀ ਨਿਖੜ ਜਾਂਦੀ ਹੈ।
ਇਨ੍ਹਾਂ ਬੰਸਾਵਲੀਆਂ ਵਿਚ ਬਿਧੀ ਚੰਦ ਦਾ ਨਾਂ ਧਿਆਨ ਖਿੱਚਦਾ ਹੈ। ਸੁਰ ਸਿੰਘ ਜਿ਼ਲ੍ਹਾ ਤਰਨ ਤਾਰਨ ਵਾਲੇ ਕਹਿੰਦੇ ਹਨ ਕਿ ਬਿਧੀ ਚੰਦ ਸੁਰ ਸਿੰਘ ਦਾ ਸੀ ਤੇ ਉਸ ਦਾ ਗੋਤ ਛੀਨਾ ਸੀ। ਸਤਿਬੀਰ ਸਿੰਘ ਅਨੁਸਾਰ ਬਿਧੀ ਚੰਦ ਦਾ ਜਨਮ ਵੱਸਣ ਪਿੰਡ ਸੁਰ ਸਿੰਘ ਦੇ ਘਰ ਹੋਇਆ ਸੀ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਵੀ ਇਹੋ ਲਿਖਿਆ ਹੈ। ਸੁਰ ਸਿੰਘ ਵਿਚ ਬਿਧੀ ਚੰਦ ਦੀ ਸਮਾਧ ਵੀ ਹੈ ਜਿਥੇ ਉਸ ਦੀ ਗੱਦੀ ਚਲਦੀ ਹੈ। ਗੱਦੀ ਅਨੁਸਾਰ ਭਾਈ ਬਿਧੀ ਚੰਦ ਦੇ ਵਾਰਸ ਲਾਲ ਚੰਦ, ਗੁਰਦਿਆਲ ਚੰਦ, ਹੁਕਮ ਚੰਦ, ਜਿਊਣ ਸਿੰਘ, ਜਸਪਤ ਸਿੰਘ, ਭਗ ਸਿੰਘ, ਲਾਭ ਸਿੰਘ, ਨੱਥਾ ਸਿੰਘ, ਸੋਹਣ ਸਿੰਘ, ਦਇਆ ਸਿੰਘ ਤੋਂ ਅਵਤਾਰ ਸਿੰਘ ਤਕ ਹਨ।
ਪਰ ਡਾ. ਜਗਜੀਤ ਸਿੰਘ ਦੁਸਾਂਝ ਦਾ ਦਾਅਵਾ ਹੈ ਕਿ ਬਿਧੀ ਚੰਦ ਉਨ੍ਹਾਂ ਦਾ ਵਡੇਰਾ ਸੀ। ਉਸ ਦੇ ਸ਼ਬਦਾਂ ਵਿਚ, “ਅਸੀਂ ਰਜਾਣੀਆਣ ਦੀ ਔਲਾਦ ਹਾਂ। ਰਜਾਣੀਆਣ ਦੇ ਦੋ ਲੜਕੇ ਸਨ, ਦੌਲਾ ਤੇ ਡੱਲਾ। ਡੱਲਾ ਬਾਬੇ ਸੰਗ ਜੀ ਦੀ ਧੀ ਮੁਕੰਦੀ ਨਾਲ ਵਿਆਹਿਆ ਹੋਇਆ ਸੀ। ਉਸ ਦੇ ਚਾਰ ਪੁੱਤਰ ਸਨ, ਮਿਹਰ ਚੰਦ, ਬਿਧੀ ਚੰਦ, ਜਗਤਾ ਅਤੇ ਜਗਮਾਰ। ਜਗਤਾ ਅਤੇ ਜਗਮਾਰ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿਚ ਪਲਾਹੀ ਵਿਖੇ ਲੜਾਈ ਵਿਚ ਸ਼ਹੀਦ ਹੋਏ। ਬਾਬਾ ਸੰਗ ਜੀ ਦੇ ਕਾਰਨ ਡੱਲੇ ਅਤੇ ਉਸ ਦੇ ਲੜਕਿਆਂ ਦੇ ਸੰਬੰਧ ਗੁਰੂ ਘਰ ਨਾਲ ਗੂੜ੍ਹੇ ਸਨ। 1631 ਵਿਚ ਕਾਬਲ ਦੇ ਦੋ ਮਸੰਦ ਬਖਤ ਚੰਦ ਤੇ ਤਾਰਾ ਚੰਦ ਗੁਰੂ ਹਰਗੋਬਿੰਦ ਸਾਹਿਬ ਲਈ ਦੋ ਸੁੰਦਰ ਤੇ ਤੇਜ਼ ਦੌੜਨ ਵਾਲੇ ਘੋੜੇ ਲਿਆ ਰਹੇ ਸਨ ਜੋ ਮੁਗ਼ਲਾਂ ਨੇ ਖੋਹ ਲਏ ਤੇ ਸ਼ਾਹੀ ਅਸਤਬਲ ਵਿਚ ਭੇਜ ਦਿੱਤੇ। ਜਿਸ ਬਿਧੀ ਚੰਦ ਨੇ ਪਹਿਲਾਂ ਘਾਹੀ ਬਣ ਕੇ ਅਤੇ ਫੇਰ ਖੋਜੀ ਬਣ ਕੇ ਦੋਵੇਂ ਘੋੜੇ ਸ਼ਾਹੀ ਅਸਤਬਲ ਤੋਂ ਲਿਆ ਕੇ ਗੁਰੂ ਜੀ ਦੀ ਭੇਟ ਕੀਤੇ ਉਹ ਡੱਲੇ ਦਾ ਲੜਕਾ ਬਿਧੀ ਚੰਦ ਦੁਸਾਂਝ ਸੀ ਅਤੇ ਬਾਬੇ ਸੰਗ ਦਾ ਦੋਹਤਾ ਸੀ। ...ਦੁਸਾਂਝ ਕਲਾਂ ਵਿਚ ਇਹ ਵਿਚਾਰ ਆਮ ਹੈ ਕਿ ਸਾਡਾ ਜਾਂ ਦੁਆਬੇ ਦਾ ਕੋਈ ਲਿਖਾਰੀ ਨਾ ਹੋਣ ਕਾਰਨ ਬਿਧੀ ਚੰਦ ਨੂੰ ਸਾਥੋਂ ਛੀਨ ਕੇ ਲੈ ਗਏ ਅਤੇ ਉਸ ਨੂੰ ‘ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ’ ਬਣਾ ਦਿੱਤਾ।”
ਇਹ ਗੂਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਗੱਲ ਹੈ ਤੇ ਕੋਈ ਬਹੁਤੀ ਪੁਰਾਣੀ ਨਹੀਂ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਹੋਰ ਖੋਜ ਕਰਵਾਉਣੀ ਚਾਹੀਦੀ ਹੈ। ਸੰਭਵ ਹੈ ਇਕੋ ਸਮੇਂ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਰਧਾਲੂ ਦੋ ਬਿਧੀ ਚੰਦ ਹੋਣ। ਇਕ ਦੁਸਾਂਝ ਹੋਵੇ, ਦੂਜਾ ਛੀਨਾ ਹੋਵੇ। ਡਾ. ਜਗਜੀਤ ਸਿੰਘ ਦੀ ਖੋਜ ਅਨੁਸਾਰ ਡੱਲੇ ਤੇ ਮੁਕੰਦੀ ਦਾ ਵਿਆਹ 1590 ਦੇ ਏੜ ਗੇੜ ਹੋਇਆ ਸੀ। ਉਦੋਂ ਡੱਲੇ ਹੋਰੀਂ ਸੁਲਤਾਨਵਿੰਡ ਰਹਿੰਦੇ ਸਨ। ਮੁਕੰਦੀ ਦਾ ਦੂਜਾ ਪੁੱਤਰ ਬਿਧੀ ਚੰਦ ਸੀ।
ਸਰੋਇਆ ਦਾ ਕਬੀਲਾ ਜਦੋਂ ਰਾਜਸਥਾਨ ‘ਚੋਂ ਉੱਜੜਿਆ ਤਾਂ ਦੁਸਾਂਝ ਪਹਿਲਾਂ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਵਿਚ ਆਏ। ਕੁਝ ਮੋਗੇ ਲਾਗੇ ਵਸ ਗਏ ਤੇ ਬਾਕੀ ਹੋਰ ਥਾਂਵੀਂ ਖਿਲਰਦੇ ਗਏ। ਡਾ. ਦੁਸਾਂਝ ਲਿਖਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਸਮੇਂ ਕੁਝ ਦੁਸਾਂਝ ਸੁਲਤਾਨਵਿੰਡ ਪਿੰਡ ਵਿਚ ਰਹਿੰਦੇ ਸਨ। ਹਰਿਮੰਦਰ ਸਾਹਿਬ ਦੀ ਜ਼ਮੀਨ ਦਾ ਇਕ ਹਿੱਸਾ ਪਹਿਲਾਂ ਦੁਸਾਂਝ ਗੋਤ ਦੇ ਬਜ਼ੁਰਗਾਂ ਦੀ ਮਲਕੀਅਤ ਸੀ। ਇਹ ਮਲਕੀਅਤ ਉਥੋਂ ਤੱਕ ਸੀ ਜਿਥੇ ਮੱਥਾ ਟੇਕ ਕੇ ਚੂਲੀ ਭਰੀਦੀ ਹੈ ਤੇ ਜਿਸ ਦੀ ਹੱਦ ਹਰਿ ਕੀ ਪੌੜੀ ਤਕ ਸੀ। ਸਰੋਵਰ ਵਾਲੀ ਜਗ੍ਹਾ ਜਿਹੜੀ ਤਿੰਨਾਂ ਪਿੰਡਾਂ ਦੀ ਮਲਕੀਅਤ ਸੀ ਉਹ ਸਨ ਢੁਪਈ, ਤੁੰਗ ਤੇ ਸੁਲਤਾਨਵਿੰਡ। ਇਨ੍ਹਾਂ ਤਿੰਨਾਂ ਪਿੰਡ ਦੇ ਸਿਹ-ਹੱਦੇ ਉਤੇ ਸਰੋਵਰ ਬਣਾਇਆ ਗਿਆ। ਇੰਜ ਸਰੋਵਰ ਨੂੰ ਜ਼ਮੀਨ ਦੇਣ ਵਿਚ ਦੁਸਾਂਝਾਂ ਦਾ ਤੀਜਾ ਹਿੱਸਾ ਹੈ।
ਪੁਆਦੜੇ ਦੇ ਦੁਸਾਂਝਾਂ ਬਾਰੇ ਕਿਹਾ ਜਾਂਦੈ ਕਿ ਉਹ ਬਾਂਗਰ ਤੋਂ ਚੱਲੇ ਸਨ। ਉਹ ਪੁਆਧ ਵਿਚ ਵੀ ਰਹੇ ਤੇ ਸੁਲਤਾਨਵਿੰਡ ਪਿੰਡ ਵਿਚ ਵੀ। ਉਥੋਂ ਖਿਲਰਦੇ ਹੋਏ ਜਗਰਾਓਂ ਵੀ ਗਏ। ਜਗਰਾਓਂ ਤੋਂ ਚੱਲੇ ਤੇ ਤਲਵਣ ਦੇ ਪੱਤਣ ਤੋਂ ਸਤਲੁਜ ਪਾਰ ਕੀਤਾ। ਤਲਵਣ ਨੇੜੇ ਉੱਚੇ ਥਾਂ ਇਕ ਹਿਰਨੀ ਬੱਚੇ ਦੇਈ ਬੈਠੀ ਸੀ। ਚੰਗਾ ਸ਼ਗਨ ਜਾਣ ਕੇ ਦੁਸਾਂਝਾਂ ਨੇ ਉਥੇ ਹੀ ਪਿੰਡ ਦੀ ਮੋੜ੍ਹੀ ਗੱਡ ਦਿੱਤੀ। ਪੁਆਧ ਦੇ ਪਿਛੋਕੜ ਕਰਕੇ ਆਪਣੇ ਪਿੰਡ ਦਾ ਨਾਂ ਪਵਾਦੜਾ ਰੱਖ ਲਿਆ। ਫਿਰ ਉਨ੍ਹਾਂ ਦਾ ਤਲਵਣ ਦੇ ਮੁਸਲਮਾਨ ਰਾਜਪੂਤਾਂ ਨਾਲ ਜ਼ਮੀਨ ਦਾ ਝਗੜਾ ਹੋ ਗਿਆ। ਤਲਵਣ ਦੇ ਮੀਆਂ ਮਹਿਮੂਦ ਕੋਲ ਕਾਫੀ ਘੋੜਸਵਾਰ ਤੇ ਪੈਦਲ ਫੌਜ ਸੀ। ਉਸ ਨੇ ਪੁਆਦੜੀਏ ਉਜਾੜ ਦਿੱਤੇ। ਪਹਿਲਾਂ ਉਨ੍ਹਾਂ ਨੇ ਫਗਵਾੜੇ ਕੋਲ ਖੋਥੜੀਂ ਅੱਡਾ ਜਮਾਇਆ ਤੇ ਫਿਰ ਦੁਸਾਂਝ ਕਲਾਂ ਦੀ ਮੋੜ੍ਹੀ ਗੱਡੀ। ਦੁਸਾਂਝ ਕਲਾਂ ਦਾ ਪਿੰਡ ਬੱਝਣ ਤੋਂ 60 ਕੁ ਵਰ੍ਹੇ ਬਾਅਦ ਸੰਨ 1800 ਈ: ਵਿਚ ਕੁਝ ਵਿਅਕਤੀ ਵਾਪਸ ਪੁਆਦੜੀਂ ਚਲੇ ਗਏ। ਉਹ ਦੁਸਾਂਝ ਕਲਾਂ ਦੀ ਜੱਸੂ ਕੀ ਪੱਤੀ ਤੇ ਮਿਹਰ ਚੰਦ ਕੀ ਪੱਤੀ ਵਿਚੋਂ ਮਸੰਦਾਂ ਦੇ ਟੱਬਰਾਂ ‘ਚੋਂ ਸਨ। ਜੱਸੂ ਕੀ ਪੱਤੀ ਤੇ ਮਿਹਰ ਚੰਦ ਕੀ ਪੱਤੀ ਪੁਆਦੜੇ ਪਿੰਡ ਦੀਆਂ ਪੱਤੀਆਂ ਵੀ ਹਨ।
ਉਜਾੜੇ ਪਿੱਛੋਂ ਪੁਆਦੜਾ ਪਿੰਡ ਬੇਚਰਾਗ ਹੋ ਚੁੱਕਾ ਸੀ। ਉਥੇ ਦੁਸਾਂਝਾਂ ਤੋਂ ਗਏ ਪੁਆਦੜੀਆਂ ਨੇ ਆਪਣੀ ਜ਼ਮੀਨ ਦਾ ਕਬਜ਼ਾ ਲੈਣਾ ਚਾਹਿਆ। ਕਾਬਜ਼ ਹੋਏ ਬਿਲਗੇ ਵਾਲਿਆਂ ਨਾਲ ਲੜਾਈ ਝਗੜਾ ਹੋਇਆ। ਆਖ਼ਰ ਜੱਦੀ ਪੁਆਦੜੀਆਂ ਦੀ ਜਿੱਤ ਹੋਈ। ਸਮਝੌਤੇ ਪਿੱਛੋਂ ਵਸੀਮਾਂ ਬੰਨ੍ਹਿਆ ਗਿਆ। ਵਸੀਮੇ ਦਾ ਅੱਧਾ ਛੱਪੜ ਬਿਲਗੇ ਦਾ ਤੇ ਅੱਧਾ ਪੁਆਦੜੇ ਦਾ ਹੋ ਗਿਆ। ਝਗੜਾ ਤਲਵਣ ਵਾਲਿਆਂ ਨਾਲ ਵੀ ਹੋਇਆ। ਸਮਝੌਤੇ ਪਿੱਛੋਂ ਵਸੀਮਾ ਬੰਨ੍ਹਣ ਲਈ ਘੋੜਾ ਫੇਰਿਆ ਤਾਂ ਤਲਵਣ ਦੀ ਹੱਦ ਪੁਆਦੜੇ ਦੀ ਫਿਰਨੀ ਤਕ ਚਲੀ ਗਈ। ਉਦੋਂ ਜ਼ੋਰਾਵਰਾਂ ਦਾ ਸੱਤੀਂ ਵੀਹੀਂ ਸੌ ਸੀ। ਪਿੰਡ ਪੁਆਦੜਾ ਦੁਆਬੇ ਦੇ ਵੱਡੇ ਪਿੰਡਾਂ ਬਿਲਗੇ ਤੇ ਤਲਵਣ ਵਿਚਕਾਰ ਹੈ। ਉਹਦਾ ਨੇੜਲਾ ਸ਼ਹਿਰ ਨੂਰਮਹਿਲ ਹੈ।
ਡਾ. ਦੁਸਾਂਝ ਦੀ ਪੁਸਤਕ ‘ਦੁਸਾਂਝ ਕਲਾਂ ਦਾ ਸਮਾਜੀ ਇਤਿਹਾਸ’ ਵਿਚ ਲਿਖਿਆ ਹੈ ਕਿ ਬਾਬਾ ਸੰਗ ਜੀ ਦਾ ਅੰਮ੍ਰਿਤਸਰ ਆਉਣਾ ਜਾਣਾ ਸੀ। ਉਹ ਗੁਰੂ ਸਾਹਿਬਾਨ ਦੇ ਸ਼ਰਧਾਲੂ ਤੇ ਗੁਰੂ ਘਰ ਦੇ ਪ੍ਰੇਮੀ ਸਨ। ਉਹ ਨਾਈ ਨੂੰ ਲੈ ਕੇ ਆਪਣੀ ਲੜਕੀ ਮੁਕੰਦੀ ਲਈ ਰਿਸ਼ਤਾ ਲੱਭ ਰਹੇ ਸਨ। ਚੰਗੀ ਡੀਲ ਡੌਲ ਵਾਲਾ ਇਕ ਨੌਜੁਆਨ ਡੰਗਰ ਚਾਰ ਰਿਹਾ ਸੀ। ਬਾਬਾ ਸੰਗ ਜੀ ਨੇ ਉਸ ਨੌਜੁਆਨ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਮੁੰਡਾ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ। ਨਾਈ ਨੇ ਕਿਹਾ, ਜਜਮਾਨ ਜੀ, ਇਹਦੇ ਵਰਗਾ ਮੁੰਡਾ ਤਾਂ ਫਿਰ ਏਹੀ ਹੋ ਸਕਦੈ। ਬਾਬਾ ਸੰਗ ਜੀ ਕਹਿਣ ਲੱਗੇ ਕਿ ਬਾਕੀ ਗੱਲਾਂ ਠੀਕ ਹੋਣ ਤਾਂ ਰਿਸ਼ਤਾ ਇਹਨੂੰ ਹੀ ਕਰ ਦੇਈਏ। ਮੁੰਡੇ ਤੋਂ ਪੁੱਛ ਗਿੱਛ ਕਰ ਕੇ ਉਹਦੇ ਨਾਲ ਹੀ ਪੱਕੀ ਠੱਕੀ ਕਰ ਲਈ ਤੇ ਬਾਬਾ ਜੀ ਪਿੰਡ ਮੁੜ ਆਏ। ਬਾਅਦ ਵਿਚ ਕੁੜਮਾਈ ਪਾਉਣ ਗਏ ਅਤੇ ਵਿਆਹ ਕਰ ਦਿੱਤਾ। ਉਸ ਨੌਜੁਆਨ ਦਾ ਨਾਂ ਡੱਲਾ ਸੀ ਜੋ ਦੁਸਾਂਝ ਦੀਆਂ ਅਗਲੀਆਂ ਪੀੜ੍ਹੀਆਂ ‘ਚੋਂ ਰਜਾਣੀਆਣ ਦਾ ਪੁੱਤਰ ਸੀ। ਡੱਲੇ ਤੇ ਮੁਕੰਦੀ ਦੇ ਚਾਰ ਪੁੱਤਰ ਹੋਏ ਜਿਨ੍ਹਾਂ ਦੇ ਨਾਂ ਜਗਤਾ, ਜਗਮਾਰ, ਬਿਧੀ ਚੰਦ ਤੇ ਮਿਹਰ ਚੰਦ ਰੱਖੇ ਗਏ। ਇਹ ਸੋਲ੍ਹਵੀਂ ਸਦੀ ਦੇ ਅੰਤਲੇ ਸਾਲਾਂ ਦਾ ਸਮਾਂ ਸੀ ਜਦੋਂ ਅੰਮ੍ਰਿਤਸਰ ਦਾ ਸਰੋਵਰ ਬਣ ਰਿਹਾ ਸੀ।
ਕਾਬਲ ਤੋਂ ਲਿਆਂਦੇ ਜਾ ਰਹੇ ਜਿਹੜੇ ਘੋੜੇ ਮੁਗ਼ਲਾਂ ਨੇ ਖੋਹੇ ਉਨ੍ਹਾਂ ਦੇ ਨਾਂ ਦਿਲਬਾਗ ਤੇ ਗੁਲਬਾਗ ਸਨ। ਬਿਧੀ ਚੰਦ ਨੇ ਉਹ ਘੋੜੇ ਵਾਪਸ ਲਿਆਉਣ ਦਾ ਬੀੜਾ ਚੁੱਕਿਆ। ਉਹ ਲਾਹੌਰ ਦੇ ਕਿਲੇ ਵਿਚ ਘਾਹੀ ਬਣ ਕੇ ਗਿਆ ਤੇ ਜਾਨ ਹੂਲ ਕੇ ਪਹਿਲਾਂ ਇਕ ਘੋੜਾ ਕੱਢ ਲਿਆਇਆ ਤੇ ਫਿਰ ਖੋਜੀ ਬਣ ਕੇ ਦੂਜੇ ਘੋੜੇ ਨੂੰ ਕਿਲੇ ਦੀ ਫਸੀਲ ਤੋਂ ਰਾਵੀ ਦਰਿਆ ਵਿਚ ਛਾਲ ਲੁਆ ਕੇ ਤਰਾਅ ਲਿਆਇਆ। ਗੁਰੂ ਜੀ ਨੇ ਬਿਧੀ ਚੰਦ ਨੂੰ ਸੀਨੇ ਨਾਲ ਲਾ ਲਿਆ। ਬਿਧੀ ਚੰਦ ਸੂਰਮੇ ਦੀ ਬਹਾਦਰੀ ਦੇ ਕਿੱਸੇ ਲਿਖੇ ਗਏ ਤੇ ਉਸ ਦੇ ਪ੍ਰਸੰਗ ਢਾਡੀ ਆਮ ਹੀ ਸੁਣਾਉਂਦੇ ਹਨ। ਬਿਧੀ ਚੰਦ ਦੇ ਪੁੱਤਰ ਭੰਬੂ, ਸਬਲਾ ਤੇ ਦਲਪਤ ਸਨ। ਦਲਪਤ ਦੇ ਪੁੱਤਰ ਜੱਸੂ ਤੇ ਛੱਜਾ ਸਨ। ਦੌਲਾ ਡੱਲੇ ਦਾ ਛੋਟਾ ਭਰਾ ਸੀ। ਪਿੰਡ ਦੁਸਾਂਝ ਕਲਾਂ ਦੀਆਂ ਪੱਤੀਆਂ ਦੇ ਨਾਂ ਆਪਣੇ ਦੁਸਾਂਝ ਵਡੇਰਿਆਂ ਦੌਲਾ, ਮਿਹਰ ਚੰਦ, ਭੰਬੂ, ਸਬਲਾ ਤੇ ਜੱਸੂ ਦੇ ਨਾਵਾਂ ਉਤੇ ਹਨ।
ਡਾ. ਜਗਜੀਤ ਸਿੰਘ ਦੁਸਾਂਝ ਦੀ ਖੋਜ ਨੂੰ ਸੱਚ ਮੰਨੀਏ ਤਾਂ ਹਾਕੀ ਦੇ ਉਡਣੇ ਬਾਜ਼ ਬਲਬੀਰ ਸਿੰਘ ਦੀਆਂ ਰਗਾਂ ਵਿਚ ਸ਼ਾਹਸਵਾਰ ਬਿਧੀ ਚੰਦ ਦਾ ਖੂੰਨ ਦੌੜਦਾ ਹੈ। ਬਿਧੀ ਚੰਦ ਨੇ ਕਿਲੇ ਦੀ ਫਸੀਲ ਤੋਂ ਘੋੜਿਆਂ ਦੀਆਂ ਛਾਲਾਂ ਲੁਆਈਆਂ ਸਨ ਤੇ ਉਸ ਦੇ ਦਸਵੇਂ ਵਾਰਸ ਬਲਬੀਰ ਸਿੰਘ ਨੇ ਹਾਕੀ ਦੇ ਗੋਲ ਕਰਨ ਵਿਚ ਵਿਸ਼ਵ ਰਿਕਾਰਡ ਰੱਖੇ ਹਨ। ਜਦੋਂ ਉਹਦੇ ਹੱਥ ਬਾਲ ਆਉਂਦੀ ਸੀ ਤਾਂ ਸਾਰਾ ਮੈਦਾਨ, ਸਾਰਾ ਸਟੇਡੀਅਮ, ਸਭ ਕੁਝ ਹਿੱਲ ਜਾਂਦਾ ਸੀ ਜਿਵੇਂ ਝੱਖੜ ਦਾ ਤੇਜ਼ ਬੁੱਲਾ ਚੁਫੇਰੇ ਫਿਰ ਗਿਆ ਹੋਵੇ!
* * *

ਬਲਬੀਰ ਸਿੰਘ ਦਾ ਬਚਪਨ ਪਿੰਡ ਹਰੀਪੁਰ ਤੇ ਮੋਗੇ ਸ਼ਹਿਰ ਵਿਚ ਬੀਤਿਆ। ਹਰੀਪੁਰ ਖ਼ਾਲਸਾ ਦੁਆਬੇ ‘ਚ ਹੈ ਤੇ ਮੋਗਾ ਮਾਲਵੇ ਵਿਚ। ਉਸ ਦੀ ਬੋਲ ਚਾਲ ਵਿਚ ਦੁਆਬੇ/ਮਾਲਵੇ ਦੀ ਮਿੱਸ ਹੈ। ਉਸ ਦਾ ਜਨਮ ਜਿਹੜੇ ਘਰ ਵਿਚ ਹੋਇਆ ਉਹ ਖੇਤੀਬਾੜੀ ਕਰਦੇ ਸਨ। ਘਰ ‘ਚ ਬਲਦ ਸਨ, ਮੱਝਾਂ ਸਨ, ਖੁਰਲੀਆਂ ਸਨ ਤੇ ਖੇਤੀਬਾੜੀ ਦੇ ਸੰਦ ਸਨ। ਔਰਤਾਂ ਚੱਕੀਆਂ ਪੀਂਹਦੀਆਂ, ਚਰਖੇ ਕੱਤਦੀਆਂ ਤੇ ਪਾਣੀ ਦੇ ਘੜੇ ਚੁੱਕਦੀਆਂ। ਚੁੱਲ੍ਹਿਆਂ ਤੇ ਹਾਰਿਆਂ ‘ਚ ਪਾਥੀਆਂ ਧੁਖਦੀਆਂ ਤੇ ਧੂੰਆਂ ਉੱਠਦਾ ਰਹਿੰਦਾ। ਹਰੀਪੁਰ ਉਦੋਂ ਛੋਟਾ ਜਿਹਾ ਪਿੰਡ ਸੀ ਜਿਸ ਦੀ ਆਬਾਦੀ 2014 ਵਿਚ ਵੀ ਦੋ ਹਜ਼ਾਰ ਤੋਂ ਘੱਟ ਹੈ। ਬਲਬੀਰ ਸਿੰਘ ਦੇ ਬਚਪਨ ਵਿਚ ਚੜਸ ਨਾਲ ਖੇਤ ਸਿੰਜੇ ਜਾਂਦੇ ਸਨ। ਉਹ ਤਿੰਨ ਚਾਰ ਸਾਲ ਦਾ ਸੀ ਜਦੋਂ ਖੂਹ ਵਿਚ ਡਿੱਗ ਪਿਆ ਪਰ ਬਚਾ ਲਿਆ ਗਿਆ। ਚੜਸ ਉਤੇ ਪਸ਼ੂ ਜੋੜ ਕੇ ਪਾਣੀ ਦਾ ਭਰਿਆ ਬੋਕਾ ਖਿੱਚਿਆ ਜਾਂਦਾ, ਬੋਕੇ ਨੂੰ ਖਿੱਚ ਲੈਣ ‘ਤੇ ਕਿੱਲੀ ਕੱਢਣ ਲਈ ਉੱਚੀ ਆਵਾਜ਼ ਵੱਜ ਜਾਂਦੀ। ਜਦੋਂ ਪਾਣੀ ਨੇੜੇ ਆਇਆ ਤਾਂ ਖੂਹੀਆਂ ਲੱਗਣ ਲੱਗ ਪਈਆਂ ਤੇ ਨਲਕਿਆਂ ਦਾ ਜੁਗ ਆ ਗਿਆ। ਲੋਕ ਗੀਤ ਜੁੜ ਗਏ-ਖੂਹਾਂ ਟੋਭਿਆਂ ‘ਤੇ ਮਿਲਣੋ ਰਹਿ ਗਏ ਚੰਦਰੇ ਲੁਆ ਲਏ ਨਲਕੇ! ਸੌ ਸਾਲਾਂ ਵਿਚ ਪੰਜਾਬ ਚੜਸਾਂ ਤੋਂ ਹਰਟਾਂ ਤੇ ਅੱਗੋਂ ਟਿਊਬਵੈੱਲਾਂ ‘ਤੇ ਪੁੱਜਾ ਹੈ।
ਸੁਰਤ ਸੰਭਾਲਦਿਆਂ ਉਸ ਨੂੰ ਨਿਰੋਲ ਪੇਂਡੂ ਮਾਹੌਲ ਮਿਲਿਆ। ਉਸ ਦੇ ਆਲੇ ਦੁਆਲੇ ਕੱਚੇ ਵਿਹੜੇ, ਕੱਚੀਆਂ ਕੰਧਾਂ, ਕੁੱਤੇ ਬਿੱਲੇ, ਪਸ਼ੂ ਪੰਛੀ, ਛੱਪੜ ਟੋਭੇ, ਨੰਗ ਧੜੰਗੇ ਨਲੀਆਂ ਵਗਾਉਂਦੇ ਨਿਆਣੇ, ਹਰੀਆਂ ਭਰੀਆਂ ਪੈਲੀਆਂ ਤੇ ਝੂੰਮਦੇ ਰੁੱਖ ਸਨ। ਕਮਾਦੀਆਂ ਦੇ ਹੁਲ੍ਹਾਰੇ ਸਨ ਤੇ ਸਰ੍ਹਵਾਂ ਦੇ ਪੀਲੇ ਫੁੱਲ ਸਨ। ਸਿਆਲ ਵਿਚ ਘੁਲਾੜੀਆਂ ਚਲਦੀਆਂ ਤਾਂ ਕੜ੍ਹ ਰਹੇ ਗੁੜ ਦੀ ਮਿੱਠੀ ਪੱਤ ਨਾਲ ਆਲਾ ਦੁਆਲਾ ਮਹਿਕ ਉਠਦਾ। ਵਿਆਹਾਂ ਸ਼ਾਦੀਆਂ ਤੇ ਤੀਆਂ ਸਾਂਵਿਆਂ ਸਮੇਂ ਔਰਤਾਂ ਗੀਤ ਗਾਉਂਦੀਆਂ ਤੇ ਪੀਂਘਾਂ ਝੂਟਦੀਆਂ। ਚਾਂਭਲੇ ਹੋਏ ਨਿਆਣੇ ਟਟੀਹਰੀਆਂ ਬਣੇ ਫਿਰਦੇ। ਖੇਤਾਂ ‘ਚੋਂ ਹਾਲੀਆਂ ਪਾਲੀਆਂ ਦੀਆਂ ਬੋਲੀਆਂ ਸੁਣਦੀਆਂ। ਸਾਵਣ ਦੀਆਂ ਕਾਲੀਆਂ ਘਟਾਵਾਂ ਚੜ੍ਹਦੀਆਂ ਤਾਂ ਮੋਰ ਪੈਲਾਂ ਪਾਉਣ ਲੱਗਦੇ। ਪਹਿਲੀਆਂ ਕਣੀਆਂ ਨਾਲ ਤਿਹਾਈ ਧਰਤੀ ‘ਚੋਂ ਕੱਚੇ ਦੁੱਧ ਵਰਗੀ ਮਹਿਕ ਆਉਂਦੀ। ਗਿੱਲੀ ਮਿੱਟੀ ਮਹਿਕਾਂ ਖਿਲਾਰਦੀ। ਝੜੀਆਂ ਲੱਗਦੀਆਂ ਤਾਂ ਪੂੜੇ ਪੱਕਦੇ ਤੇ ਗੁਲਗੁਲੇ ਨਿਕਲਦੇ ਜਿਨ੍ਹਾਂ ਦੀ ਮਿੱਠੀ ਵਾਸ਼ਨਾ ਨਾਲ ਬੱਚਿਆਂ ਦੀਆਂ ਲ਼ਾਲਾਂ ਵਗ ਤੁਰਦੀਆਂ। ਲੋਹੜੀਆਂ, ਵਿਸਾਖੀਆਂ ਤੇ ਦਿਵਾਲੀਆਂ ਮਨਾਈਆਂ ਜਾਂਦੀਆਂ। ਲਾਗੇ ਭੈਣੀ ਦਾ ਮੇਲਾ ਲੱਗਦਾ ਜਿਥੇ ਰੰਗ ਤਮਾਸ਼ੇ ਹੁੰਦੇ। ਉਥੇ ਸੌਂਚੀਆਂ ਪੈਂਦੀਆਂ ਤੇ ਕੁਸ਼ਤੀਆਂ ਹੁੰਦੀਆਂ। ਨੇੜੇ ਸਤਲੁਜ ਵਹਿੰਦਾ ਸੀ ਜਿਧਰੋਂ ਠੰਢੀ ‘ਵਾ ਦੇ ਬੁੱਲੇ ਆਉਂਦੇ। ਕਦੇ ਕਦੇ ਹੜ੍ਹ ਵੀ ਆ ਜਾਂਦੇ। ਪਿੰਡ ਦੇ ਕੱਚੇ ਕੋਠਿਆਂ ਤੋਂ ਫਿਲੌਰ ਦੀਆਂ ਪੱਕੀਆਂ ਹਵੇਲੀਆਂ ਦਿਸਦੀਆਂ। ਹਰੀਪੁਰ, ਫਿਲੌਰ ਤੋਂ ਨੂਰਮਹਿਲ ਤੇ ਤਲਵਣ ਨੂੰ ਜਾਂਦੀਆਂ ਸੜਕਾਂ ਵਿਚਕਾਰ ਸਿਰਫ਼ ਤਿੰਨ ਕੁ ਕਿਲੋਮੀਟਰ ਦੂਰ ਹੈ।
ਉਸ ਨੇ ਕੱਚੇ ਵਿਹੜਿਆਂ ਤੇ ਬੀਹੀਆਂ ਵਿਚ ਰਿੜ੍ਹਨਾ ਤੇ ਤੁਰਨਾ ਸਿੱਖਿਆ। ਪਲੇਠਾ ਬੱਚਾ ਹੋਣ ਕਰਕੇ ਉਹ ਨਾਨਕਿਆਂ ਦਾ ਲਾਡਲਾ ਦੋਹਤਾ ਸੀ। ਉਸ ਦੇ ਪਿਤਾ ਸ. ਦਲੀਪ ਸਿੰਘ ਅਜੇ ਵਿਦਿਆਰਥੀ ਸਨ ਕਿ ਉਨ੍ਹਾਂ ਦਾ ਵਿਆਹ ਬੀਬੀ ਕਰਮ ਕੌਰ ਨਾਲ ਹੋ ਗਿਆ ਸੀ। ਉਨ੍ਹੀਂ ਦਿਨੀਂ ਅੰਮ੍ਰਿਤਸਰ ਵਿਚ ਜੱਲ੍ਹਿਆਂਵਾਲੇ ਦਾ ਸਾਕਾ ਹੋਇਆ ਸੀ ਜਿਸ ਕਰਕੇ ਭਾਰਤ ਦਾ ਸੁਤੰਤਰਤਾ ਸੰਗਰਾਮ ਜ਼ੋਰ ਫੜ ਰਿਹਾ ਸੀ। ਪਹਿਲਾ ਵਿਸ਼ਵ ਯੁੱਧ ਮੁੱਕ ਚੁੱਕਾ ਸੀ ਜਿਸ ਵਿਚ ਪੰਜਾਬ ਦੇ ਅਨੇਕਾਂ ਫੌਜੀ ਮਾਰੇ ਗਏ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਬਾਰ ਵਿਚ ਮੁਰੱਬੇ ਮਿਲੇ ਸਨ। ਅਕਾਲੀਆਂ ਵੱਲੋਂ ਗੁਰੂ ਕੇ ਬਾਗ ਦਾ ਮੋਰਚਾ ਲਾਇਆ ਗਿਆ ਸੀ। ਕਰਤਾਰ ਸਿੰਘ ਸਰਾਭਾ ਸ਼ਹੀਦੀ ਪਾ ਚੁੱਕਾ ਸੀ। ਮਾਹੌਲ ਅੰਗਰੇਜ਼ੀ ਰਾਜ ਦੇ ਖਿ਼ਲਾਫ਼ ਸੀ ਜਿਸ ਕਰਕੇ ਚੇਤੰਨ ਨੌਜੁਆਨ ਸੁਤੰਤਰਤਾ ਸੰਗਰਾਮ ਵਿਚ ਕੁੱਦ ਰਹੇ ਸਨ। ਉਨ੍ਹੀਂ ਦਿਨੀਂ ਹੁੰਦੜਹੇਲ ਭਗਤ ਸਿੰਘ ਕਹਿ ਰਿਹਾ ਸੀ, “ਖੇਤਾਂ ‘ਚ ਬੰਦੂਕਾਂ ਬੀਜ ਰਿਹਾਂ!”
ਬਲਬੀਰ ਸਿੰਘ ਦੇ ਪਿਤਾ ਦਲੀਪ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਦੀ ਪੜ੍ਹਾਈ ਵਿਚੇ ਛੱਡ ਕੇ ਆਜ਼ਾਦੀ ਦੀ ਲੜਾਈ ਵਿਚ ਕੁੱਦ ਪਏ ਸਨ। ਉਹ ਜੇਲ੍ਹ ਵਿਚ ਸਨ ਜਦੋਂ ਬਲਬੀਰ ਸਿੰਘ ਦਾ ਜਨਮ ਹੋਇਆ। ਉਹ ਆਪਣੇ ਪੁੱਤਰ ਦੀ ਪਹਿਲੀ ਲੋਹੜੀ ‘ਤੇ ਵੀ ਨਹੀਂ ਪਹੁੰਚ ਸਕੇ। ਪਿਤਾ ਦਾ ਵਾਰ ਵਾਰ ਜੇਲ੍ਹ ਜਾਣਾ ਜਾਰੀ ਰਿਹਾ। ਇਕ ਵਾਰ ਉਨ੍ਹਾਂ ਨੇ ਮੀਆਂ ਵਾਲੀ ਦੀ ਜੇਲ੍ਹ ਵਿਚ ਵੀ ਕੈਦ ਕੱਟੀ। ਬਾਅਦ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫ਼ਕਾਰ ਅਲੀ ਭੁੱਟੋ ਨੇ ਹਾਕੀ ਦਾ ਓਲੰਪਿਕ ਟੂਰਨਾਮੈਂਟ ਖੇਡਣ ਜਾਣ ਵਾਲੀ ਪਾਕਿਸਤਾਨੀ ਟੀਮ ਨੂੰ ਕਿਹਾ ਸੀ, ਜੇ ਹਾਰ ਕੇ ਆਏ ਤਾਂ ਮੀਆਂ ਵਾਲੀ ਜੇਲ੍ਹ ਭੇਜ ਦੂੰ! ਉਦੋਂ ਉਸ ਨੂੰ ਕੀ ਪਤਾ ਸੀ ਕਿ ਕਿਸੇ ਦਿਨ ਉਸ ਨੂੰ ਖ਼ੁਦ ਮੀਆਂ ਵਾਲੀ ਜੇਲ੍ਹ ਜਾਣਾ ਪੈ ਸਕਦੈ।
ਮਾਤਾ ਕਰਮ ਕੌਰ ਪੇਕੀਂ ਹੀ ਰਹਿੰਦੀ ਰਹੀ ਤੇ ਬਹੁਤ ਘੱਟ ਸਮੇਂ ਲਈ ਪੁਆਦੜੀਂ ਗਈ। ਬਲਬੀਰ ਸਿੰਘ ਦੀ ਨਾਨਕੇ ਘਰ ਬੇਸ਼ੱਕ ਚੰਗੀ ਪਾਲਣਾ ਪੋਸਣਾ ਹੋ ਰਹੀ ਸੀ ਪਰ ਪਿਤਾ ਨਾਲ ਕਰਨ ਵਾਲੀਆਂ ਲਾਡ ਬਾਡੀਆਂ ਨਹੀਂ ਸਨ ਮਿਲ ਰਹੀਆਂ। ਪਿਓ-ਪੁੱਤ ਬਚਪਨ ਵਾਲੀਆਂ ਖੇਡਾਂ ਕਦੇ ਵੀ ਨਾ ਖੇਡ ਸਕੇ। ਬਲਬੀਰ ਸਿੰਘ ਦੱਸਦਾ ਹੈ ਕਿ ਉਹ ਛੇ ਕੁ ਸਾਲਾਂ ਦਾ ਸੀ ਜਦੋਂ ਆਪਣੇ ਪਿਤਾ ਨੂੰ ਪਛਾਨਣ ਲੱਗਾ। ਉਸ ਨੂੰ ਹੋਰਨਾਂ ਬੱਚਿਆਂ ਵਾਂਗ ਬਾਪ ਦੀ ਘੋੜਸਵਾਰੀ ਕਰਨ ਦਾ ਕਦੇ ਵੀ ਮੌਕਾ ਨਾ ਮਿਲਿਆ। ਉਹ ਰਾਤ ਬਰਾਤੇ ਆਉਂਦੇ ਤੇ ਤੜਕਸਾਰ ਚਲੇ ਜਾਂਦੇ। ਪੁਲਿਸ ਉਨ੍ਹਾਂ ਦਾ ਪਿੱਛਾ ਕਰਦੀ ਰਹਿੰਦੀ।
ਜਦੋਂ ਉਹ ਜੇਲ੍ਹੋਂ ਰਿਹਾਅ ਹੁੰਦੇ ਤਾਂ ਹਰੀਪੁਰ ਫੇਰਾ ਮਾਰਦੇ। ਉਨ੍ਹਾਂ ਦੇ ਆਉਣ ਨਾਲ ਘਰ ਵਿਚ ਰੌਣਕ ਆ ਜਾਂਦੀ। ਬਲਬੀਰ ਸਿੰਘ ਦੇ ਮਾਮੇ ਮਹਾਂ ਸਿੰਘ ਤੇ ਕਰਮ ਸਿੰਘ ਆਪਣੇ ਭਣਵੱਈਏ ਦੀ ਰੱਜ ਕੇ ਸੇਵਾ ਕਰਦੇ। ਪਰ ਉਹ ਹਰੀਪੁਰ ਵਧੇਰੇ ਸਮਾਂ ਨਾ ਠਹਿਰਦੇ। ਬਲਬੀਰ ਸਿੰਘ ਦੱਸਦਾ ਹੈ ਕਿ ਕਦੇ ਕਦਾਈਂ ਮਿਲਣ ਆਉਣ ਵਾਲਾ ਉਸ ਦਾ ਬਾਪ ਲੰਮੇ ਕੱਦ ਦਾ ਸੀ ਜੋ ਉਸ ਨੂੰ ਬੁੱਕਲ ਵਿਚ ਲੈਂਦਾ ਤੇ ਮੋਹ ਨਾਲ ਉਸ ਦੇ ਵਾਲਾਂ ਵਿਚ ਉਂਗਲਾਂ ਫੇਰਦਾ। ਉਦੋਂ ਕੀ ਪਤਾ ਉਹਦੇ ਮਨ ਵਿਚ ਕੀ ਆਉਂਦਾ ਹੋਵੇਗਾ? ਉਹਦੇ ਇਕ ਪਾਸੇ ਦੇਸ਼ ਦੀ ਆਜ਼ਾਦੀ ਦਾ ਸੁਆਲ ਸੀ ਦੂਜੇ ਪਾਸੇ ਪਰਿਵਾਰ ਦੀ ਜਿੰ਼ਮੇਵਾਰੀ ਸੀ। ਅੱਜ ਜੋ ਰਾਜਸੀ ਆਗੂ ਕੁਰਸੀਆਂ ਉਤੇ ਬਿਰਾਜਮਾਨ ਹਨ ਉਹ ਕੀ ਜਾਨਣ ਕਿ ਸੁਤੰਤਰਤਾ ਸੰਗਰਾਮੀਆਂ ਨੇ ਕਿਹੋ ਜਿਹੇ ਜਫ਼ਰ ਜਾਲੇ ਸਨ?
ਬਲਬੀਰ ਸਿੰਘ ਦੇ ਜਨਮ ਤੋਂ ਛੇ ਸੱਤ ਸਾਲ ਪਿੱਛੋਂ ਉਸ ਦੀ ਭੈਣ ਨੇ ਜਨਮ ਲਿਆ ਸੀ ਜੋ ਬੜੀ ਸੁੰਦਰ ਬੱਚੀ ਸੀ। ਉਸ ਦਾ ਨਾਂ ਕੁਲਵੰਤ ਕੌਰ ਰੱਖਿਆ ਗਿਆ ਪਰ ਸਾਰੇ ਉਸ ਨੂੰ ਸੀਤਾ ਕਹਿੰਦੇ ਸਨ। ਭਰਾ ਨੂੰ ਭੈਣ ਬਹੁਤ ਪਿਆਰੀ ਸੀ ਪਰ ਉਹ ਤਿੰਨ ਸਾਲ ਹੀ ਜਿਊਂਦੀ ਰਹਿ ਸਕੀ ਤੇ ਨਮੂਨੀਏ ਨਾਲ ਚੱਲ ਵਸੀ। ਬਲਬੀਰ ਸਿੰਘ ਨੂੰ ਉਸ ਦੀ ਧੁੰਦਲੀ ਜਿਹੀ ਯਾਦ ਹੈ। ਉਸ ਤੋਂ ਬਾਅਦ ਕਰਮ ਕੌਰ ਦੇ ਕੋਈ ਬਾਲ ਬੱਚਾ ਨਾ ਹੋਇਆ। ਬਲਬੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਹ ਸੰਗਦਾ ਹੋਇਆ ਦੱਸਦਾ ਹੈ ਕਿ ਉਹ ਪੰਜ ਛੇ ਸਾਲ ਦੀ ਉਮਰ ਤਕ ਆਪਣੀ ਮਾਂ ਦਾ ਦੁੱਧ ਪੀਂਦਾ ਰਿਹਾ! ਇਹ ਸ਼ਾਇਦ ਮਾਂ ਦੇ ਦੁੱਧ ਦੀ ਬਰਕਤ ਹੀ ਹੋਵੇ ਕਿ ਉਹ ਚੋਟੀ ਦਾ ਹਾਕੀ ਖਿਡਾਰੀ ਬਣਿਆ ਤੇ ਲੰਮੀ ਉਮਰ ਭੋਗ ਰਿਹੈ। ਉਸ ਦਾ ਕਹਿਣਾ ਹੈ ਕਿ ਮਾਤਾ ਜੀ ਨੇ ਉਸ ਨੂੰ ਹਾਕੀ ਖੇਡਣ ਲਈ ਉਤਸ਼ਾਹਤ ਕੀਤਾ ਤੇ ਸਹਿਯੋਗ ਦਿੱਤਾ। ਪਿਤਾ ਜੀ ਤਾਂ ਵਧੇਰੇ ਕਰ ਕੇ ਪੜ੍ਹਾਈ ਕਰਨ ਲਈ ਹੀ ਪ੍ਰੇਰਦੇ ਸਨ। ਜਦੋਂ ਉਹ ਹਾਕੀ ਦਾ ਚੰਗਾ ਖਿਡਾਰੀ ਬਣ ਗਿਆ ਤਦ ਹੀ ਉਹ ਉਸ ਦੀ ਖੇਡ ਵਿਚ ਦਿਲਚਸਪੀ ਲੈਣ ਲੱਗੇ ਸਨ।
ਬ੍ਰਿਟਿਸ਼ ਪੁਲਿਸ ਬਲਬੀਰ ਸਿੰਘ ਦੇ ਪਿਤਾ ਨੂੰ ਤੰਗ ਕਰਦੀ ਰਹਿੰਦੀ ਸੀ। ਪੁਲਿਸ ਤੋਂ ਛੁਟਕਾਰਾ ਪਾਉਣ ਲਈ ਦਲੀਪ ਸਿੰਘ ਨੇ ਸਿਆਸੀ ਸਰਗਰਮੀ ਛੱਡ ਦਿੱਤੀ ਤੇ ਮੋਗੇ ਦੇ ਦੇਵ ਸਮਾਜ ਸਕੂਲ ਵਿਚ ਪੜ੍ਹਾਉਣ ਜਾ ਲੱਗੇ। ਉਨ੍ਹਾਂ ਨੇ ਉਸੇ ਸਕੂਲ ਵਿਚੋਂ ਦਸਵੀਂ ਪਾਸ ਕੀਤੀ ਸੀ। ਉਹ ਸਕੂਲ ਸ਼੍ਰੀਮਾਨ ਈਸ਼ਰ ਸਿੰਘ ਬਾਹੀਆ ਚਲਾ ਰਹੇ ਸਨ ਜੋ ਮੰਡੀ ਡੱਬਵਾਲੀ ਦੇ ਨੇੜਲੇ ਪਿੰਡ ਖੜਕ ਸਿੰਘ ਵਾਲਾ ਉਰਫ ਡੂੰਮ ਵਾਲੀ ਦੇ ਵੱਡੇ ਜਿ਼ੰਮੀਦਾਰ ਸਨ। ਉਨ੍ਹਾਂ ਨੇ ਵਿਆਹ ਨਹੀਂ ਸੀ ਕਰਵਾਇਆ ਤੇ ਸਭ ਕੁਝ ਤਿਆਗ ਕੇ ਦੇਵ ਸਮਾਜੀ ਬਣ ਗਏ ਸਨ। ਦੇਵ ਸਮਾਜੀਆਂ ਦੇ ਅਸੂਲ ਪ੍ਰੇਮ, ਸੱਚਾਈ, ਅਹਿੰਸਾ, ਨਿਆਂ, ਸਾਦਗੀ ਤੇ ਸੇਵਾ ਸਨ। ਉਹ ਬੱਚੇ ਬੱਚੀਆਂ ਦੀ ਵਿਦਿਆ ਦੇ ਹੱਕ ਵਿਚ ਸਨ ਤੇ ਇਸੇ ਮਿਸ਼ਨ ਹਿਤ ਦੇਵ ਸਮਾਜ ਸਕੂਲ ਚਲਾ ਰਹੇ ਸਨ। ਉਨ੍ਹਾਂ ਨੇ ਆਪਣੇ ਭਤੀਜੇ ਅਜਮੇਰ ਸਿੰਘ ਸਿੱਧੂ ਤੇ ਦਲੀਪ ਸਿੰਘ ਨੂੰ ਆਪਣੇ ਸਕੂਲ ਵਿਚ ਹੀ ਅਧਿਆਪਕ ਰੱਖ ਲਿਆ ਸੀ। ਗਿਆਨੀ ਦਲੀਪ ਸਿੰਘ ਨੂੰ ਸਕੂਲ ਦੇ ਹੋਸਟਲ ਦਾ ਵਾਰਡਨ ਬਣਾਇਆ ਗਿਆ।
ਮੋਗਾ ਉਦੋਂ ਕੋਈ ਵੱਡਾ ਸ਼ਹਿਰ ਨਹੀਂ ਸੀ, ਪਿੰਡਾਂ ਵਰਗਾ ਕਸਬਾ ਹੀ ਸੀ। ਮੋਗੇ ਦੀਆਂ ਤੀਆਂ ਮਸ਼ਹੂਰ ਸਨ ਤੇ ਗੋਲੀ ਵਾਲੇ ਬੱਤੇ ਮਸ਼ਹੂਰੀ ਫੜ ਰਹੇ ਸਨ। ਮੋਗਾ ਅਜੇ ਚਾਹ ਜੋਗਾ ਨਹੀਂ ਸੀ ਬਣਿਆਂ। ਮੋਗੇ ਬਾਰੇ ਇਕ ਬੋਲੀ ਮਸ਼ਹੂਰ ਸੀ:
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੋਗਾ
ਉਰਲੇ ਪਾਸੇ ਢਾਬ ਸੁਣੀਂਦੀ, ਪਰਲੇ ਪਾਸੇ ਟੋਭਾ
ਟੋਭੇ ‘ਤੇ ਇਕ ਸਾਧੂ ਰਹਿੰਦਾ, ਬੜੀ ਸੁਣੀਂਦੀ ਸ਼ੋਭਾ
ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ, ਹੇਠੋਂ ਮਾਰਦਾ ਗੋਡਾ...
ਇਹ ਸੀ ਮੋਗੇ ਦੀ ਮਸ਼ਹੂਰੀ ਜਿਥੇ ਬਲਬੀਰ ਸਿੰਘ ਨੂੰ ਬੱਤੇ ਪੀਣ ਜਾਂ ਗੋਡੇ ਮਾਰਨ ਦੀ ਥਾਂ ਹਾਕੀ ਖੇਡਣ ਦੀ ਜਾਗ ਲੱਗੀ। ਉਹ ਪੰਜ ਛੇ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਆਪਣੀ ਪਤਨੀ ਤੇ ਪੁੱਤਰ ਨੂੰ ਮੋਗੇ ਲੈ ਆਏ। ਦੇਵ ਸਮਾਜ ਸਕੂਲ ਦੇ ਨਾਲ ਹੀ ਬਚਨ ਸਿੰਘ ਦਾ ਹਾਤਾ ਸੀ ਜਿਸ ਵਿਚ ਉਨ੍ਹਾਂ ਨੂੰ ਕਿਰਾਏ ਦਾ ਮਕਾਨ ਮਿਲ ਗਿਆ। ਬਲਬੀਰ ਸਿੰਘ ਨੂੰ ਦੇਵ ਸਮਾਜ ਸਕੂਲ ਵਿਚ ਹੀ ਪੜ੍ਹਨੇ ਪਾ ਦਿੱਤਾ ਗਿਆ। ਦਲੀਪ ਸਿੰਘ ਹੋਰਾਂ ਦਾ ਆਪਣਾ ਤਾਂ ਇਕੋ ਬੱਚਾ ਸੀ ਇਸ ਲਈ ਉਹ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਵੀ ਪੜ੍ਹਾਉਣ ਲਈ ਆਪਣੇ ਪਾਸ ਲੈ ਆਉਂਦੇ ਰਹੇ।
ਸਮੇਂ ਸਮੇਂ ਉਨ੍ਹਾਂ ਨੇ ਬਲਬੀਰ ਸਿੰਘ ਦੇ ਮਾਮਿਆਂ ਦੀਆਂ ਤਿੰਨ ਲੜਕੀਆਂ, ਮਾਸੀ ਦੀ ਇਕ ਧੀ ਤੇ ਪੁੱਤਰ ਅਤੇ ਆਪਣੇ ਵੱਡੇ ਭਰਾ ਦੇ ਵੱਡੇ ਲੜਕੇ ਤੇ ਲੜਕੀ ਨੂੰ ਆਪਣੇ ਕੋਲ ਰੱਖਿਆ ਤੇ ਪੜ੍ਹਾਇਆ। ਸਾਰੇ ਬੱਚਿਆਂ ਦਾ ਪਿਆਰ ਸਕੇ ਭੈਣਾਂ-ਭਰਾਵਾਂ ਨਾਲੋਂ ਵੀ ਵੱਧ ਰਿਹਾ। ਬਹੁਤੇ ਲੋਕਾਂ ਦਾ ਖਿ਼ਆਲ ਸੀ ਕਿ ਗਿਆਨੀ ਦਲੀਪ ਸਿੰਘ ਦਾ ਪਰਿਵਾਰ ਬਹੁਤ ਵੱਡਾ ਹੈ। ਗੁਆਂਢੀ ਵੀ ਨਹੀਂ ਸੀ ਜਾਣਦੇ ਕਿ ਉਹ ਬੱਚੇ ਦਲੀਪ ਸਿੰਘ ਦੇ ਆਪਣੇ ਹਨ ਜਾਂ ਰਿਸ਼ਤੇਦਾਰਾਂ ਦੇ! ਬੱਚਿਆਂ ‘ਚ ਕੋਈ ਫਰਕ ਈ ਨਹੀਂ ਸੀ। ਸੁਤੰਤਰਤਾ ਸੰਗਰਾਮੀ ਦਲੀਪ ਸਿੰਘ ਸੁਧਾਰਵਾਦੀ ਸਨ। ਉਨ੍ਹਾਂ ਨੇ ਲੜਕੀਆਂ ਨੂੰ ਪੜ੍ਹਾਉਣ ਉਤੇ ਉਚੇਚਾ ਜ਼ੋਰ ਦਿੱਤਾ ਤੇ ਵੱਧ ਚੜ੍ਹ ਕੇ ਬੱਚੇ ਬੱਚੀਆਂ ਨੂੰ ਪੜ੍ਹਾਇਆ। ਉਹ ਸੋਚਦੇ ਸਨ ਕਿ ਪੜ੍ਹਾਈ ਨਾਲ ਜਾਗ੍ਰਤੀ ਆਵੇਗੀ ਤੇ ਚੰਗੀਆਂ ਤਬਦੀਲੀਆਂ ਆਉਣਗੀਆਂ। ਦੇਸ਼ ਆਜ਼ਾਦ ਹੋਵੇਗਾ ਤੇ ਕ੍ਰਾਂਤੀ ਆਵੇਗੀ।
ਸਕੂਲ ਦੀਆਂ ਛੁੱਟੀਆਂ ਸਮੇਂ ਬਲਬੀਰ ਹੋਰੀਂ ਹਰੀਪੁਰ ਚਲੇ ਜਾਂਦੇ ਸਨ। ਵਿਚੋਂ ਪਵਾਦੜੇ ਵੀ ਗੇੜਾ ਮਾਰ ਜਾਂਦੇ। ਹਰੀਪੁਰ ‘ਚ ਬਲਬੀਰ ਦੇ ਬਚਪਨ ਦੇ ਦੋਸਤ ਮਿੱਤਰ ਸਨ ਜੋ ਉਸ ਨੂੰ ਉਡੀਕਦੇ ਰਹਿੰਦੇ ਸਨ। ਵਿਚੇ ਬੰਤੇ ਹੋਰੀਂ, ਵਿਚੇ ਸੁੱਚੇ ਹੋਰੀਂ ਤੇ ਵਿਚੇ ਪ੍ਰੀਤੇ ਹੋਰੀਂ। ਉਨ੍ਹਾਂ ਵਿਚ ਮੁਸਲਮਾਨ ਮੁੰਡੇ ਵੀ ਸਨ ਜੋ ਦੇਸ਼ ਦੀ ਵੰਡ ਸਮੇਂ ਪਕਿਸਤਾਨ ਚਲੇ ਗਏ। ਉਹ ਰੁੱਖਾਂ ‘ਤੇ ਚੜ੍ਹ ਕੇ ਡੰਡਾ ਡੁੱਕ ਤੇ ਜੰਡ ਪਲੰਗਾ ਖੇਡਦੇ। ਉਹ ਆਪਣੇ ਹਾਣੀਆਂ ਨਾਲ ਘੁਲਦਾ ਤੇ ਕਬੱਡੀ ਖੇਡਦਾ ਮਿੱਟੀ ਵਿਚ ਲੱਥਪੱਥ ਹੋ ਜਾਂਦਾ। ਉਦੋਂ ਅੱਜ ਵਰਗੀ ਕਬੱਡੀ ਦੀ ਥਾਂ ਸੌਂਚੀ ਖੇਡੀ ਜਾਂਦੀ ਸੀ। ਬਲਬੀਰ ਸਿੰਘ ਦੱਸਦਾ ਹੈ ਕਿ ਬਚਪਨ ਵਿਚ ਉਸ ਨੇ ਪਹਿਲਵਾਨ ਬਣਨ ਦੀ ਠਾਣੀ ਸੀ ਤੇ ਉਹ ਹਾਣੀਆਂ ਨੂੰ ਢਾਹੁਣ ਵੀ ਲੱਗ ਪਿਆ ਸੀ। ਉਨ੍ਹੀਂ ਦਿਨੀਂ ਦੁਆਬੇ ਦੇ ਪਿੰਡਾਂ ‘ਚ ਕਾਫੀ ਛਿੰਝਾਂ ਪੈਂਦੀਆਂ ਸਨ ਤੇ ਬੱਚੇ ਆਮੁਹਾਰੇ ਪਹਿਲਵਾਨੀ ਵੱਲ ਖਿੱਚੇ ਜਾਂਦੇ ਸਨ।
ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ਬੱਚੇ ਨਾਨਕੀਂ ਜਾ ਕੇ ਵਧੇਰੇ ਮੱਛਰਦੇ ਹਨ ਤੇ ਸ਼ਰਾਰਤਾਂ ਵੀ ਵੱਧ ਕਰਦੇ ਹਨ। ਬਲਬੀਰ ਸਿੰਘ ਵੇਖਣ ਨੂੰ ਹੁਣ ਭਾਵੇਂ ਕਿੰਨਾ ਵੀ ਸਾਊ ਲੱਗੇ ਪਰ ਬਚਪਨ ਵਿਚ ਉਹ ਵੀ ਸ਼ਰਾਰਤੀ ਸੀ। ਉਹਦੀਆਂ ਸਾਰੀਆਂ ਸ਼ਰਾਰਤਾਂ ਦੱਸਣੀਆਂ ਤਾਂ ਯੋਗ ਨਹੀਂ ਪਰ ਇਕ ਦੋਂਹ ਦਾ ਜਿ਼ਕਰ ਕਰਨਾ ਉਚਿਤ ਹੋਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਛੋਟਾ ਹੁੰਦਾ ਉਹ ਕਿਹੋ ਜਿਹੀਆਂ ਖੇਡਾਂ ਖੇਡਦਾ ਤੇ ਕਿਹੋ ਜਿਹੇ ਗੋਲ ਕਰਦਾ ਸੀ?
ਇਕ ਵਾਰ ਉਹ ਨਾਨਕੀਂ ਗਿਆ ਤਾਂ ਉਹਦੇ ਆੜੀਆਂ ਨੇ ਨੇੜੇ ਹੀ ਪਿੰਡ ਭੈਣੀ ਦਾ ਮੇਲਾ ਵੇਖਣ ਦਾ ਪ੍ਰੋਗਰਾਮ ਬਣਾ ਲਿਆ। ਜਿਨ੍ਹਾਂ ਨੇ ਉਹ ਮੇਲਾ ਪਹਿਲਾਂ ਵੇਖਿਆ ਹੋਇਆ ਸੀ ਦੱਸਦੇ ਰਹੇ ਕਿ ਮੇਲੇ ਵਿਚ ਨਚਾਰ ਨੱਚਦੇ ਹੁੰਦੇ ਆ। ਹੁੰਦੇ ਤਾਂ ਉਹ ਮੁੰਡੇ ਆ ਪਰ ਕੁੜੀਆਂ ਵਾਲੇ ਕਪੜੇ ਪਾ ਕੇ ਕੁੜੀਆਂ ਦਾ ਭੁਲੇਖਾ ਪਾਉਂਦੇ ਆ। ਉਨ੍ਹਾਂ ਦੇ ਪੈਰੀਂ ਘੁੰਗਰੂ ਵੀ ਬੰਨ੍ਹੇ ਹੁੰਦੇ ਆ ਜੋ ਨੱਚਣ ਵੇਲੇ ਛਣਕਦੇ ਆ। ਨਚਾਰਾਂ ਦਾ ਨਕਸ਼ਾ ਬਾਲਕ ਬਲਬੀਰ ਦੀਆਂ ਅੱਖਾਂ ਅੱਗੇ ਖਿੱਚ ਦਿੱਤਾ ਗਿਆ। ਫਿਰ ਉਸ ਨੂੰ ਨਚਾਰ ਬਣਨ ਲਈ ਤਿਆਰ ਕਰ ਲਿਆ ਗਿਆ। ਉਦੋਂ ਹੋਵੇਗਾ ਉਹ ਕੋਈ ਅੱਠਾਂ ਦਸਾਂ ਸਾਲਾਂ ਦਾ। ਮੋਗੇ ਤਾਂ ਬੱਧਾ ਰੁੱਧਾ ਸੀ ਪਰ ਨਾਨਕੀਂ ਜਾ ਕੇ ਆਜ਼ਾਦ ਸੀ।
ਮੇਲੇ ਜਾਣ ਦੀ ਤਿਆਰੀ ਹੋ ਗਈ। ਮੁੰਡਿਆਂ ਦੀ ਟੋਲੀ ਵਿਚ ਉਹ ਨਚਾਰ ਬਣਿਆ ਜਾ ਰਿਹਾ ਸੀ ਪਰ ਮੇਲੇ ਦੇ ਨਚਾਰਾਂ ਵਰਗਾ ਨਹੀਂ। ਜਿਥੇ ਪੇਸ਼ਾਵਰ ਨਚਾਰ ਅਖਾੜਾ ਲਾਈ ਨੱਚ ਰਹੇ ਸਨ ਉਹਦੇ ਨੇੜੇ ਹੀ ਨਵੇਂ ਸਿ਼ੰਗਾਰੇ ਨਚਾਰ ਬਲਬੀਰ ਸਿੰਘ ਦਾ ਅਖਾੜਾ ਲੁਆ ਦਿੱਤਾ ਗਿਆ। ਬਲਬੀਰ ਲੀੜੇ ਲਾਹ ਕੇ ਨਾਂਗਾ ਨਚਾਰ ਬਣਿਆ ਹੋਇਆ ਸੀ ਜੀਹਦੇ ਲੱਕ ਦੁਆਲੇ ਟੱਲੀਆਂ ਬੱਧੀਆਂ ਹੋਈਆਂ ਸਨ। ਸਿਰ ਦੇ ਵਾਲ ਪਿੱਛੇ ਖਿਲਾਰ ਕੇ ਮੂੰਹ ਤੇ ਪਿੰਡੇ ਉਤੇ ਸੁਆਹ ਮਲ਼ੀ ਹੋਈ ਸੀ। ਉਹ ਬਲਦਾਂ ਦੇ ਗਲੋਂ ਲਾਹੀਆਂ ਟੱਲੀਆਂ ਟਣਕਾਉਂਦਾ ਲੱਕ ਲਿਚਕਾ ਰਿਹਾ ਸੀ। ਆੜੀ ਤਾੜੀਆਂ ਮਾਰ ਰਹੇ ਸਨ। ਮੇਲੇ ‘ਚ ਨਜ਼ਾਰਾ ਬੱਝ ਗਿਆ। ਇਸ ਨਜ਼ਾਰੇ ਨੂੰ ਵੇਖਣ ਲਈ ਮੇਲੀ ਗੇਲੀ ਪੇਸ਼ਾਵਰ ਨਚਾਰਾਂ ਦਾ ਅਖਾੜਾ ਛੱਡ ਕੇ ਨਵੇਂ ਨਚਾਰ ਦੀਆਂ ਅਦਾਵਾਂ ਵੇਖਣ ਅਹੁਲ ਪਏ। ਦਰਸ਼ਕਾਂ ਦਾ ਧੱਕਾ ਪੈਣ ਲੱਗਾ। ਬਲਬੀਰ ਹੋਰ ਬੁੜ੍ਹਕ ਬੁੜ੍ਹਕ ਕੇ ਟੱਲੀਆਂ ਟਣਕਾਉਂਦਾ ਤੇ ਤਾੜੀਆਂ ਵਜਵਾਉਂਦਾ। ਬਲਬੀਰ ਦਾ ਮਾਮਾ ਵੀ ਮੇਲਾ ਵੇਖਣ ਗਿਆ ਹੋਇਆ ਸੀ। ਮਾਮਾ ਵੀ ਨਵਾਂ ਨਜ਼ਾਰਾ ਕਿਵੇਂ ਨਾ ਵੇਖਦਾ? ਜਦ ਉਸ ਨੇ ਵੇਖਿਆ ਕਿ ਇਹ ਤਾਂ ਸਾਡਾ ਈ ਬਾਂਦਰ ਆ ਤਾਂ ਉਹਨੇ ਭਾਣਜੇ ਨੂੰ ਭੀੜ ‘ਚੋਂ ਖਿੱਚ ਲਿਆ ਤੇ ਘਰ ਲਿਆ ਕੇ ਉਸ ਦੀ ਕਰਤੂਤ ਸਾਰੇ ਪਰਿਵਾਰ ਨੂੰ ਦੱਸੀ।
ਭੈਣੀ ਦੇ ਮੇਲੇ ਵਰਗਾ ਡਰਾਮਾ ਈ ਉਹਨੇ ਮੋਗੇ ਜਾ ਕੀਤਾ। ਮੋਗੇ ਵਿਚ ਭੂਪਿੰਦਰਾ ਖ਼ਾਲਸਾ ਸਕੂਲ ਵੀ ਹੈ ਜਿਸ ਦੇ ਸਾਲਾਨਾ ਸਮਾਗਮ ਉਤੇ ਪਟਿਆਲੇ ਦਾ ਮਹਾਰਾਜਾ ਭੂਪਿੰਦਰ ਸਿੰਘ ਇਨਾਮ ਵੰਡਣ ਆਇਆ ਸੀ। ਉਸ ਦੇ ਚੂੜੀਦਾਰ ਪਜਾਮਾ ਪਾਇਆ ਹੋਇਆ ਸੀ ਜੋ ਬਲਬੀਰ ਹੋਰਾਂ ਨੂੰ ਬੜਾ ਪਸੰਦ ਆਇਆ। ਸਕੂਲ ਪੜ੍ਹਦੇ ਬਲਬੀਰ ਸਿੰਘ ਦੇ ਦੋਸਤਾਂ ਨੇ ਬਚਨ ਸਿੰਘ ਦੇ ਹਾਤੇ ਵਿਚ ਇਕ ਡਰਾਮਾ ਖੇਡਣ ਦੀ ਸਕੀਮ ਬਣਾਈ ਜਿਸ ਵਿਚ ਇਕ ਜਣੇ ਨੇ ਚੂੜੀਦਾਰ ਪਜਾਮਾ ਪਾ ਕੇ ਮਹਾਰਾਜੇ ਦਾ ਰੋਲ ਕਰਨਾ ਸੀ। ਉਹਦੇ ਲਈ ਬਜ਼ਾਰ ‘ਚੋਂ ਇਕ ਚੂੜੀਦਾਰ ਪਜਾਮਾ ਖਰੀਦ ਲਿਆ ਗਿਆ ਤੇ ਡਰਾਮਾ ਵੇਖਣ ਦੀ ਟਿਕਟ ਦੋ ਆਨੇ ਰੱਖ ਲਈ ਗਈ। ਬੱਚਿਆਂ ਦੇ ਮਾਪਿਆਂ ਤੇ ਗੁਆਂਢੀਆਂ ਨੂੰ ਟਿਕਟਾਂ ਵੇਚ ਦਿੱਤੀਆਂ ਗਈਆਂ।
ਡਰਾਮਾ ਵਿਖਾਉਣ ਦਾ ਦਿਨ ਆਇਆ ਤਾਂ ਦਰਸ਼ਕ ਮੂਹੜਿਆਂ, ਕੁਰਸੀਆਂ ਤੇ ਮੰਜਿਆਂ ਉਤੇ ਸਜ ਗਏ। ਝੱਜਰਾਂ ਵਿਚ ਮੱਛਰਦਾਨੀ ਦੀਆਂ ਸੋਟੀਆਂ ਖੜ੍ਹੀਆਂ ਕਰ ਕੇ ਮੱਛਰਦਾਨੀ ਦਾ ਹੀ ਪਰਦਾ ਬਣਾ ਲਿਆ ਗਿਆ। ਪਰਦਾ ਉਠਣ ਵਾਲਾ ਸੀ ਕਿ ਬਲਬੀਰ ਸਿੰਘ ਤੇ ਇਕ ਹੋਰ ਮੁੰਡਾ ਚੂੜੀਦਾਰ ਪਜਾਮਾ ਪਾਉਣ ਲਈ ਆਪਸ ਵਿਚ ਝਗੜ ਪਏ। ਦੋਵੇਂ ਮਹਾਰਾਜੇ ਦਾ ਰੋਲ ਕਰਨਾ ਚਾਹੁੰਦੇ ਸਨ ਪਰ ਚੂੜੀਦਾਰ ਪਜਾਮਾ ਇਕੋ ਸੀ। ਇਕ ਜਣੇ ਨੇ ਆਪਣੀ ਲੱਤ ਇਕ ਪੌਂ੍ਹਚੇ ‘ਚ ਫਸਾ ਲਈ ਤੇ ਦੂਜੇ ਨੇ ਦੂਜੀ ਲੱਤ ਦੂਜੇ ਪੌਂ੍ਹਚੇ ਵਿਚ। ਦੋਹੇਂ ਨੰਗ ਧੜੰਗੇ! ਲਓ ਜੀ ਲੱਗ ਪਏ ਚੂੜੀਦਾਰ ਪਜਾਮਾ ਆਪੋ ਆਪਣੇ ਵੱਲ ਖਿੱਚਣ। ਬਣ ਗਿਆ ਰੱਸਾਕਸ਼ੀ ਦਾ ਮੈਚ। ਇਕ ਕਦਮ ਏਧਰ ਇਕ ਕਦਮ ਓਧਰ। ਉਧਰੋਂ ਪਰਦਾ ਚੁੱਕਿਆ ਗਿਆ। ਜੋ ਸੀਨ ਦਰਸ਼ਕਾਂ ਨੂੰ ਦਿਸਿਆ ਉਹ ਹੱਸ ਹੱਸ ਵੱਖੀਆਂ ਤੁੜਾਉਣ ਵਾਲਾ ਸੀ। ਖਿੱਚਾਧੂਹੀ ਵਿਚ ਚੂੜੀਦਾਰ ਪਜਾਮੇ ਨਾਲ ਜੋ ਭਾਣਾ ਵਰਤਣਾ ਸੀ ਉਹ ਵਰਤ ਗਿਆ। ਪਜਾਮਾ ਭਾਵੇਂ ਵਿਚਕਾਰੋਂ ਪਾਟ ਗਿਆ ਤੇ ਦੋਹਾਂ ਦੇ ਹਿੱਸੇ, ਹਿੱਸੇ ਬਹਿੰਦਾ ਇਕ ਇਕ ਪੌਂ੍ਹਚਾ ਆ ਵੀ ਗਿਆ ਪਰ ਡਰਾਮਾ ਇਥੇ ਨਹੀਂ ਮੁੱਕਾ। ਫਿਰ ਦੋਹੇਂ ‘ਮਹਾਰਾਜੇ’ ਚੂੜੀਦਾਰ ਪਜਾਮੇ ਦੀਆਂ ਚੂੜੀਆਂ ‘ਚ ਇਕ ਇਕ ਲੱਤ ਫਸਾਈ ਇਕ ਦੂਜੇ ਦੇ ਜੁੰਡਿਆਂ ਨੂੰ ਪੈ ਗਏ! ਆਖ਼ਰ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਛੁਡਾਇਆ ਤੇ ਖੁੱਲ੍ਹੇ ਕੇਸ ਬੰਨ੍ਹੇ। ਬਲਬੀਰ ਸਿੰਘ ਦੀ ਮਾਤਾ ਨੇ ਆਂਢਣਾਂ ਗੁਆਂਢਣਾਂ ਤੋਂ ਮਾਫ਼ੀ ਮੰਗਦਿਆਂ ਕਿਹਾ, “ਭੈਣ ਜੀ, ਸਾਡੇ ਮੁੰਡਿਆਂ ਨੇ ਤੁਹਾਡੀਆਂ ਦੁਆਨੀ ਦੁਆਨੀ ਦੀਆਂ ਟਿਕਟਾਂ ਦਾ ਮੁੱਲ ਨਹੀਂ ਮੋੜਿਆ। ਡਰਾਮਾ ਵਿਚੇ ਰਹਿ ਗਿਆ। ਚਲੋ ਕਿਸੇ ਦਿਨ ਫੇਰ ਦਿਖਾ ਦੇਣਗੇ।”
ਪਰ ਅੱਗੋਂ ਪਤਾ ਗੁਆਂਢਣਾਂ ਨੇ ਕੀ ਕਿਹਾ? “ਭੈਣ ਜੀ ਮਾਫ਼ੀ ਕਾਹਦੀ? ਬੱਚਿਆਂ ਨੇ ਤਾਂ ਦੁਆਨੀ ਦੁਆਨੀ ‘ਚ ਉਹ ਡਰਾਮਾ ਦਿਖਾਤਾ ਜਿਹੜਾ ਸਾਨੂੰ ਦੋ ਦੋ ਰੁਪਏ ਦੀਆਂ ਟਿਕਟਾਂ ਨਾਲ ਵੀ ਨਹੀਂ ਸੀ ਦਿਸਣਾ!”(ਲਿਖੀ ਜਾ ਰਹੀ ਜੀਵਨੀ ‘ਗੋਲਡਨ ਗੋਲ’ ਦਾ ਪਹਿਲਾ ਕਾਂਡ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346