ਮਹਾਂਰਾਜੇ ਦੀ ਵਿਤੀ ਹਾਲਤ
ਦਿਨੋ ਦਿਨ ਪਤਲੀ ਹੁੰਦੀ ਜਾ ਰਹੀ ਸੀ। ਇਕੱਲੇ ਬੈਂਕਰ ਮੈਸਰਜ਼ ਕਾਊਂਟਸ ਦਾ ਹੀ ਹੁਣ ਚਾਲੀ
ਹਜ਼ਾਰ ਓਵਰ ਡਰਾਫਟ ਸੀ ਜਿਸ ਦਾ ਵਿਆਜ ਏਨਾ ਸੀ ਕਿ ਜੇਕਰ ਜਲਦੀ ਨਾ ਮੋੜਿਆ ਗਿਆ ਤਾਂ ਇਸ
ਵਿਆਜ ਨੇ ਜਲਦੀ ਹੀ ਮੂਲ ਦੇ ਬਰਾਬਰ ਜਾ ਖੜਨਾ ਸੀ। ਹੋਰ ਵੀ ਕਈ ਇਦਾਰੇ ਸਨ ਜਿਹਨਾਂ ਦਾ ਉਸ
ਨੇ ਕਰਜ਼ਾ ਦੇਣਾ ਸੀ। ਇਹ ਕਰਜ਼ਾ ਉਹ ਪੈਨਸ਼ਨ ਦੇ ਸਿਰ ‘ਤੇ ਹੀ ਚੁੱਕੀ ਜਾ ਰਿਹਾ ਸੀ। ਸਾਰੇ
ਕਰਜ਼ਦਾਰ ਖਾਸ ਤੌਰ ‘ਤੇ ਬੈਂਕਰ ਮੈਸਰਜ਼ ਕਾਊਂਟਸ ਧਮਕੀਆਂ ਪਤਰ ਲਿਖਣ ਲਗ ਪਏ ਸਨ। ਜਿਵੇਂ
ਜਿਵੇਂ ਜਿ਼ੰਮੇਵਾਰੀਆਂ ਵਧ ਰਹੀਆਂ ਸਨ, ਖਰਚੇ ਦਾ ਬੋਝ ਵੀ ਵਧ ਰਿਹਾ ਸੀ। ਇਸਟੇਟ ਦੀ ਖੇਤੀ
ਵਿਚੋਂ ਕੋਈ ਆਮਦਨ ਨਹੀਂ ਸੀ ਆ ਰਹੀ। ਕਿਸਾਨ ਮਾੜੇ ਮੌਸਮਾਂ ਦਾ ਸਿ਼ਕਾਰ ਬਣੇ ਬੈਠੇ ਸਨ।
ਪੈਨਸ਼ਨ ਵਧਾਉਣ ਲਈ ਇੰਡੀਆ ਔਫਿਸ ਤਿਆਰ ਨਹੀਂ ਸੀ। ਬੇਚੈਨ ਹੋਇਆ ਮਹਾਂਰਾਜਾ ਸੋਚਦਾ ਕਿ
ਇੰਡੀਆ ਔਫਿਸ ਵਾਲੇ ਉਸ ਦੀ ਨਿਕੀ ਜਿਹੀ ਗੱਲ ਨੂੰ ਸਮਝ ਕਿਉਂ ਨਹੀਂ ਰਹੇ। ਉਸ ਤੋਂ ਕਿਉਂ ਆਸ
ਰੱਖ ਰਹੇ ਸਨ ਕਿ ਉਹ ਇਕ ਫੈਕਟਰੀ ਦੇ ਕਾਮੇ ਵਾਲੀ ਜਿ਼ੰਦਗੀ ਜੀਵੇ ਜਦ ਕਿ ਉਹ ਮਹਾਂਰਾਜਾ ਸੀ।
ਮਹਾਂਰਾਜਾ ਦਲੀਪ ਸਿੰਘ ਪੁੱਤਰ ਮਹਾਂਰਾਜਾ ਰਣਜੀਤ ਸਿੰਘ। ਐਡੇ ਵੱਡੇ ਪੰਜਾਬ ਦਾ ਇਕਲੌਤਾ
ਵਾਰਸ। ਉਸ ਨੂੰ ਆਪਣੀ ਨਿੱਜੀ ਜਾਇਦਾਦ ਦਾ ਵੀ ਹੁਣ ਚੰਗੀ ਤਰ੍ਹਾਂ ਪਤਾ ਸੀ। ਪਹਿਲਾਂ ਬੀਬੀ
ਜੀ ਦੱਸ ਗਈ ਸੀ। ਫਿਰ ਸ਼ਾਮ ਸਿੰਘ ਪੰਜਾਬ ਤੋਂ ਆਇਆ ਸੀ ਤੇ ਉਸ ਤੋਂ ਬਾਅਦ ਬੂਟਾ ਸਿੰਘ ਵੀ ਆ
ਕੇ ਠਾਕਰ ਸਿੰਘ ਸੰਧਾਵਾਲੀਏ ਦੇ ਸੁਨੇਹੇ ਦੇ ਗਿਆ ਸੀ। ਮਹਾਂਰਾਜਾ ਸੋਚ ਰਿਹਾ ਸੀ ਕਿ ਆਪਣੇ
ਏਡੇ ਵੱਡੇ ਹੱਕ ਦੇ ਬਾਵਜੂਦ ਉਹ ਸਿਰਫ ਥੋੜੀ ਜਿਹੀ ਪੈਨਸ਼ਨ ਵਧਾਉਣ ਦੀ ਮੰਗ ਹੀ ਕਰ ਰਿਹਾ
ਸੀ। ਉਸ ਨੂੰ ਜਾਪਦਾ ਕਿ ਇਹ ਸਭ ਕਿਸੇ ਸਾਜਿ਼ਸ਼ ਤਹਿਤ ਉਸ ਨਾਲ ਕੀਤਾ ਜਾ ਰਿਹਾ ਹੈ। ਉਸ ਦਾ
ਮਨ ਬਾਗੀ ਹੋਣ ਲਗਦਾ ਸੀ। ਨਵਾਂ ਸਾਲ ਸ਼ੁਰੂ ਹੋਇਆ। ਉਸ ਨੇ ਲੌਰਡ ਸੇਲਜ਼ਬਰੀ ਜੋ ਕਿ ਹੁਣ
ਸੈਕਟਰੀ ਔਫ ਸਟੇਟ ਸੀ, ਨੂੰ ਬੈਂਕਰ ਮੈਸਰਜ਼ ਕਾਊਂਟਸ ਦੇ ਧਮਕੀਆਂ ਭਰੇ ਪੱਤਰ ਭੇਜ ਦਿਤੇ ਤਾਂ
ਜੋ ਉਹ ਮਾਮਲੇ ਦੀ ਗੰਭੀਰਤਾ ਸਮਝ ਸਕਣ। ਉਸ ਨੇ ਤਫਸੀਲ ਵਿਚ ਇਕ ਚਿੱਠੀ ਲੌਰਡ ਸੇਲਜ਼ਬਰੀ ਨੂੰ
ਲਿਖ ਮਾਰੀ;
‘ਮਾਈ ਡੀਅਰ ਲੌਰਡ, ਮੈਂ ਤੁਹਾਡੀ ਸਲਾਹ ਤੇ ਮੱਦਦ ਲਈ ਕੁਝ ਗੱਲਾਂ ਤੁਹਾਡੀ ਨਜ਼ਰ ਕਰ ਰਿਹਾ
ਕਰ ਰਿਹਾ ਹਾਂ, ਉਹ ਇਵੇਂ ਹਨ:
...ਸਿੱਖਾਂ ਦੀ ਪਹਿਲੀ ਲੜਾਈ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਆਪਣੇ ਆਪ ਨੂੰ ਮੇਰਾ
ਗਾਰਡੀਅਨ ਜਾਂ ਸਰਪਰਸਤ ਬਣਾਇਆ ਸੀ ਤੇ ਕਸਮ ਖਾਧੀ ਸੀ ਕਿ ਪੰਜਾਬ ਦਾ ਰਾਜ ਮੇਰੇ ਸੋਲਾਂ ਸਾਲ
ਦੇ ਹੋਣ ਤਕ ਸੰਭਾਲੋਗੇ ਪਰ ਕੀਤਾ ਕੁਝ ਹੋਰ ਗਿਆ, ਮੇਰੀ ਜਾਇਦਾਦ ਤੇ ਪੈਸਾ, ਹੀਰੇ-ਜਵਾਹਰਾਤ
ਤੁਹਾਡੀ ਸਰਪਰਸਤੀ ਹੇਠ ਸਨ। ....ਪੰਜਾਬ ਵਿਚ ਹੋਰ ਲੜਾਈਆਂ ਦੇ ਬਹਾਨੇ ਮੇਰਾ ਸਾਰਾ ਰਾਜ ਖੋਹ
ਲਿਆ ਗਿਆ ਤੇ ਮੈਨੂੰ ਫਤਤਿਗੜ੍ਹ ਕੈਦੀਆਂ ਵਾਂਗ ਲੈ ਆਂਦਾ ਗਿਆ, ਤੇ ਮੇਰੇ ਪਰਿਵਾਰ ਦੇ ਕਿਸੇ
ਵੀ ਜੀਅ ਨਾਲ ਰਾਬਤਾ ਰੱਖਣ ਦੀ ਆਗਿਆ ਨਹੀਂ ਦਿਤੀ ਗਈ। ਮੈਨੂੰ ਆਪਣੇ ਨਾਲ ਪੱਚੀ ਹਜ਼ਾਰ ਪੌਂਡ
ਦੇ ਮੁੱਲ ਦਾ ਸੋਨਾ ਤੇ ਹੀਰੇ ਹੀ ਸਨ, ਇਹੋ ਮੇਰਾ ਸਭ ਕੁਝ ਸੀ। ਫਤਹਿਗੜ੍ਹ ਵਿਚ ਮੇਰੀ ਜਿਹੜੀ
ਜਾਇਦਾਦ ਸੀ ਉਹ ਸਤਵੰਜਾ ਦੀ ਬਗਾਵਤ ਸਮੇਂ ਤਬਾਹ ਕਰ ਦਿਤੀ ਗਈ ਤੇ ਮੈਨੂੰ ਇਸ ਦਾ ਸਿਰਫ ਤਿੰਨ
ਹਜ਼ਾਰ ਪੌਂਡ ਮੁਆਵਜ਼ਾ ਹੀ ਮਿਲਿਆ ਜੋ ਮੈਂ ਲੈਣੋਂ ਨਾਂਹ ਕਰ ਦਿਤਾ ਸੀ। ...ਇਹ ਜੋ ਮੇਰੇ
ਸਿਰ ਉਧਾਰ ਹੈ ਇਹ ਸਭ ਐੱਲਵੇਡਨ ਹਾਲ ਨੂੰ ਮੁਰੰਮਤ ਕਰਵਾਉਣ ਲਈ ਲਿਆ ਹੋਇਆ ਹੀ ਹੈ। ...ਤੀਹ
ਹਜ਼ਾਰ ਪੌਂਡ ਹਾਲ ਨੂੰ ਅੰਦਰੋਂ ਸੰਵਾਰਨ ਉਪਰ ਖਰਚ ਆਏ ਸਨ, ਤੁਸੀਂ ਜਾਣਦੇ ਹੋ ਕਿ ਸਾਧਾਰਨ
ਜਿਹਾ ਘਰ ਬਣਾਉਣ ਲਈ ਇਸ ਤੋਂ ਦਸ ਗੁਣਾਂ ਰਕਮ ਖਰਚੀ ਜਾਂਦੀ ਹੈ। ...ਜੇ ਮੇਰੇ ਭਰਾਵਾਂ ਜਾਂ
ਹੋਰ ਰਿਸ਼ਤੇਦਾਰਾਂ ਦੇ ਘਰਾਂ ਵਿਚੋਂ, ਜਿਹਨਾਂ ‘ਤੇ ਮੇਰਾ ਹੱਕ ਹੈ, ਇਕ ਵੀ ਘਰ ਦੇ ਦਿਤਾ
ਜਾਵੇ ਤਾਂ ਉਸ ਨੂੰ ਵੇਚ ਕੇ ਮੈਂ ਕਿਹੋ ਜਿਹਾ ਵੀ ਵਧੀਆ ਘਰ ਬਣਾ ਸਕਦਾ ਹਾਂ। ਮੈਨੂੰ ਆਪਣੇ
ਆਪ ਨੂੰ ਤੇ ਆਪਣੇ ਪਰਿਵਾਰ ਤੇ ਨੌਕਰਾਂ ਨੂੰ ਸੰਭਾਲਣ ਲਈ ਚਾਰ ਤੋਂ ਪੰਜ ਲੱਖ ਵਿਚਕਾਰ ਦੀ
ਰਕਮ ਦੀ ਲੋੜ ਹੈ ਪਰ ਸਰਕਾਰ ਵਲੋਂ ਵਾਰ ਵਾਰ ਵਾਅਦਾ ਕਰਨ ਤੇ ਵੀ ਇਹ ਇੰਤਜ਼ਾਮ ਨਹੀਂ ਕੀਤਾ
ਜਾ ਰਿਹਾ।’ ...
ਮਹਾਂਰਾਜੇ ਨੇ ਅਜਿਹੀ ਇਕ ਚਿੱਠੀ ਮਹਾਂਰਾਣੀ ਵਿਕਟੋਰੀਆ ਨੂੰ ਵੀ ਲਿਖ ਦਿਤੀ। ਮਹਾਂਰਾਜੇ ਨੂੰ
ਪਤਾ ਸੀ ਕਿ ਇਹ ਮਹਾਂਰਾਣੀ ਹਿੰਦੁਸਤਾਨ ਦੀ ਕਿਸੇ ਮਹਾਂਰਾਣੀ ਜਿੰਨੀ ਤਾਕਤਵਰ ਨਹੀਂ ਸੀ। ਉਹ
ਤਾਂ ਸਿਰਫ ਸਿਫਾਰਸ਼ ਹੀ ਕਰ ਸਕਦੀ ਸੀ। ਮਹਾਂਰਾਣੀ ਨੇ ਸੇਲਜ਼ਬਰੀ ਨੂੰ ਲਿਖ ਦਿਤਾ ਕਿ
ਮਹਾਂਰਾਜੇ ਦੇ ਕੇਸ ਨੂੰ ਹਮਦਰਦੀ ਨਾਲ ਦੇਖਿਆ ਜਾਵੇ। ਉਸ ਨੇ ਮਹਾਂਰਾਜੇ ਦੀ ਵਧੀਆ ਸਖਸ਼ੀਅਤ
ਤੇ ਉਸ ਦੇ ਉਸ ਨਾਲ ਨਿੱਗਰ ਸਬੰਧਾਂ ਦੀ ਗੱਲ ਵੀ ਕੀਤੀ। ਸੇਲਜ਼ਬਰੀ ਨੇ ਮਹਾਂਰਾਜੇ ਦੀ ਚਿੱਠੀ
ਅਗੇ ਸਲਾਹਕਾਰ ਕਮੇਟੀ ਨੂੰ ਪਹੁੰਚਦੀ ਕਰ ਦਿਤੀ। ਕਮੇਟੀ ਵਿਚ ਵੱਖਰੇ ਵੱਖਰੇ ਵਿਚਾਰਾਂ ਦੇ
ਲੋਕ ਸਨ। ਪਹਿਲੇ ਵਿਚਾਰਾਂ ਵਾਲੇ ਕਹਿ ਰਹੇ ਸਨ ਕਿ ਮਹਾਂਰਾਜੇ ਦੀ ਸਹਾਇਤਾ ਕਰਨੀ ਚਾਹੀਦੀ
ਹੈ, ਉਹ ਇਸ ਸਾਹਇਤਾ ਦਾ ਪੂਰਾ ਹੱਕਦਾਰ ਹੈ। ਦੂਜੀ ਕਿਸਮ ਦੀ ਰਾਏ ਸੀ ਕਿ ਮਹਾਂਰਾਜੇ ਦੀ
ਬਿਲਕੁਲ ਮੱਦਦ ਨਹੀਂ ਕਰਨੀ ਚਾਹੀਦੀ, ਉਹ ਕਿਸੇ ਵੀ ਖਾਸ ਸੁਵਿਧਾ ਦਾ ਹੱਕਦਾਰ ਨਹੀਂ ਹੈ।
ਤੀਜੀ ਧਿਰ ਕਹਿ ਰਹੀ ਸੀ ਕਿ ਮਹਾਂਰਾਜੇ ਦੀ ਸਥਿਤੀ ਬਾਰੇ ਗੌਰ ਕੀਤਾ ਜਾਣਾ ਚਾਹੀਦਾ ਹੈ,
ਨਹੀਂ ਤਾਂ ਉਹ ਕਰਜ਼ੇਦਾਰਾਂ ਦੇ ਰਹਿਮੋਕਰਮਾ ‘ਤੇ ਰਹਿ ਜਾਵੇਗਾ ਜਿਹੜੀ ਕਿ ਬਹੁਤ ਬੁਰੀ ਗੱਲ
ਹੋਵੇਗੀ। ਚੌਥੀ ਧਿਰ ਕਹਿ ਰਹੀ ਸੀ ਕਿ ਜਿਹੜਾ ਵੀ ਫੈਸਲਾ ਕਰਨਾ ਹੈ ਉਸ ਨੂੰ ਇਕ-ਟੁੱਕ ਹੋ ਕੇ
ਕਰ ਦੇਣਾ ਚਾਹੀਦਾ ਹੈ।
ਮਹਾਂਰਾਜੇ ਦੇ ਆਲੇ ਦੁਆਲੇ ਸਾਰੇ ਹੀ ਸਿਆਸਤ ਖੇਡਣ ਵਾਲੇ ਲੋਕ ਸਨ ਤੇ ਮਹਾਂਰਾਜਾ
ਸਿੱਧਾ-ਸਾਦਾ। ਉਸ ਨੂੰ ਤਾਂ ਸਹਿਜੇ ਹੀ ਗੱਲਾਂ ਵਿਚ ਉਲਝਾਇਆ ਜਾ ਸਕਦਾ ਸੀ। ਉਸ ਨੂੰ ਗੁੱਸਾ
ਦਵਾ ਕੇ ਉਸ ਤੋਂ ਕੋਈ ਵੀ ਗਲਤ ਬਿਆਨਬਾਜ਼ੀ ਕਰਵਾਈ ਜਾ ਸਕਦੀ ਸੀ ਜਿਸ ਨਾਲ ਉਸ ਦਾ ਆਮ ਲੋਕਾਂ
ਵਿਚ ਅਕਸ ਖਰਾਬ ਹੋ ਜਾਂਦਾ। ਅਖ਼ਬਾਰਾਂ ਤਾਂ ਪਹਿਲਾਂ ਹੀ ਇਹ ਕੰਮ ਕਰਨ ਤੇ ਲਗੀਆਂ ਹੋਈਆਂ
ਸਨ। ਫਿਰ ਵੀ ਮਹਾਂਰਾਜਾ ਹੌਲੀ ਹੌਲੀ ਸਿਆਸਤ ਦੀ ਗੇਮ ਖੇਡਣ ਦੇ ਰੂਲ ਸਿਖਦਾ ਜਾ ਰਿਹਾ ਸੀ।
ਉਹ ਉਹਨਾਂ ਦੀਆਂ ਗੱਲਾਂ ਨੂੰ ਅਜਿਹੇ ਤਰੀਕੇ ਨਾਲ ਮੰਨਦਾ ਜਾ ਰਿਹਾ ਸੀ ਕਿ ਉਸ ਦੇ ਸਵਾਲ ਉਥੇ
ਦੇ ਉਥੇ ਖੜੇ ਸਨ। ਹੁਣ ਸੇਲਜ਼ਬਰੀ ਤੋਂ ਬਾਅਦ ਮਹਾਂਰਾਜੇ ਦਾ ਕੇਸ ਲੈਫਟੀਨੈਂਟ ਕਰਨਲ ਵਿਲੀਅਮ
ਸੈਕਵਿਲ-ਵੈੱਸਟ ਨੂੰ ਸੌਂਪ ਦਿਤਾ ਗਿਆ। ਉਹ ਬਹੁਤ ਤੇਜ਼ ਆਦਮੀ ਸੀ। ਉਸ ਨੇ 24 ਮਈ, 1878
ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮਹਾਂਰਾਜੇ ਦੀ ਪੈਨਸ਼ਨ ਦੇ ਸਬੰਧ ਵਿਚ ਪਹਿਲਾਂ ਇਹ
ਤਿੰਨ ਗੱਲਾਂ ਤੈਅ ਕੀਤੀਆਂ ਜਾਣੀਆਂ ਜ਼ਰੂਰੀ ਹਨ: 1-ਮਹਾਂਰਾਜੇ ਦੀ ਖਰੀਦੀ ਹੋਈ ਇਸਟੇਟ ਦੀ
ਇਸ ਵੇਲੇ ਅਸਲੀ ਹਾਲਤ ਕਿਹੋ ਜਿਹੀ ਹੈ। 2-ਮਹਾਂਰਾਜੇ ਦੀ ਇਸਟੇਟ ਤੋਂ ਆਉਂਦੀ ਆਮਦਨ ਤੇ
ਸਰਕਾਰ ਵਲੋਂ ਮਿਲਦੀ ਪੈਨਸ਼ਨ ਨਾਲ ਕੀ ਮਹਾਂਰਾਜਾ ਇਸ ਮੁਲਕ ਵਿਚ ਉਸ ਦੀ ਆਪਣੀ ਪੱਧਰ ਦੇ
ਹਿਸਾਬ ਨਾਲ ਗੁਜ਼ਾਰਾ ਕਰ ਸਕਦਾ ਹੈ ਕਿ ਨਹੀਂ। 3-ਕੀ ਮਹਾਂਰਾਜੇ ਦੀ ਇਹ ਸਥਿਤੀ ਉਸ ਦੀ ਆਪਣੀ
ਪੈਦਾ ਕੀਤੀ ਹੋਈ ਤਾਂ ਨਹੀਂ ਭਾਵ ਕਿ ਕਾਰਨ ਉਸ ਦੇ ਕਾਬੂ ਵਿਚ ਹੋਣ ਪਰ ਮਹਾਂਰਾਜਾ ਕਾਬੂ ਨਾ
ਪਾ ਰਿਹਾ ਹੋਵੇ।
ਮਹਾਂਰਾਜੇ ਦੀ ਸਥਿਤੀ ਏਨੀ ਬੁਰੀ ਹੋ ਰਹੀ ਸੀ ਕਿ ਉਸ ਨੇ ਆਪਣੀ ਪੱਧਰ ਅਨੁਸਾਰ ਹਜ਼ਾਰ ਪੌਂਡ
ਦੀ ਨਿਗੂਣੀ ਜਿਹੀ ਰਕਮ ਮੰਗਣ ਲਈ ਅਰਜ਼ੀ ਦੇ ਦਿਤੀ। ਮਹਾਂਰਾਜੇ ਬਾਰੇ ਫੈਸਲਾ ਜਾਂ ਸਲਾਹਾਂ
ਕਰਨ ਵਾਲਾ ਕੋਈ ਵੀ ਉਸ ਨਾਲ ਹਮਦਰਦੀ ਵਾਲਾ ਰਵੱਈਆ ਨਹੀਂ ਸੀ ਅਪਣਾ ਰਿਹਾ ਤੇ ਇਹ ਗੱਲ ਉਸ ਦੀ
ਰੂਹ ਨੂੰ ਖਾ ਰਹੀ ਸੀ। ਉਹ ਪਰੇਸ਼ਾਨ ਤਾਂ ਬਹੁਤ ਸੀ ਪਰ ਹਰ ਵੇਲੇ ਚੜਦੀ ਕਲਾ ਵਿਚ ਰਹਿਣ ਦੀ
ਕੋਸਿ਼ਸ਼ ਕਰ ਰਿਹਾ ਸੀ। ਉਸ ਨੇ ਸੈਕਵਿਲ-ਵੈੱਸਟ ਦੀਆਂ ਸਲਾਹਾਂ ਦਾ ਖਿੜੇ ਮੱਥੇ ਸਵਾਗਤ
ਕੀਤਾ। ਮਹਾਂਰਾਜੇ ਦੀ ਇਸਟੇਟ ਦਾ ਪੂਰਾ ਸਰਵੇ ਕੀਤਾ ਗਿਆ, ਉਸ ਦੇ ਬੈਂਕ ਖਾਤੇ ਦੇਖੇ ਗਏ ਤੇ
ਹੋਰ ਜੋ ਵੀ ਬਿੱਲ ਸਨ ਉਹ ਵੀ ਚੈੱਕ ਕੀਤੇ ਗਏ। ਇਹਨਾਂ ਵਿਚ ਬਹੁਤੀ ਵੱਡੀ ਟੇਡ ਨਹੀਂ ਸੀ,
ਤਕਰੀਬਨ ਠੀਕ-ਠਾਕ ਸਨ। ਸਾਰੀ ਪੜਤਾਲ ਤੋਂ ਬਾਅਦ ਇਹ ਗੱਲ ਹੱਥ ਲਗੀ ਕਿ ਉਹ ਪੱਚੀ ਸੌ ਪੌਂਡ
ਆਪਣੀ ਆਮਦਨ ਤੋਂ ਜਿ਼ਆਦਾ ਖਰਚ ਰਿਹਾ ਸੀ। ਇਸ ਵਿਚੋਂ 850 ਪੌਂਡ ਉਹ ਜੂਏ ਵਿਚ ਹਾਰਿਆ ਸੀ ਤੇ
ਸੱਤ ਸੌ ਪੌਂਡ ਉਸ ਨੇ ਆਪਣੇ ਬਚਪੱਨ ਦੇ ਦੋਸਤ ਟੌਮੀ ਸਕੌਟ ‘ਤੇ ਖਰਚੇ ਸਨ। ਜਿ਼ਆਦਾ ਖਰਚਾ ਉਸ
ਦਾ ਇਸਟੇਟ ਨੂੰ ਖਰੀਦਣ ਤੇ ਇਸ ਦੀ ਮੁਰੰਮਤ ‘ਤੇ ਹੀ ਹੋ ਰਿਹਾ ਸੀ। ਉਹ ਸਰਕਾਰ ਤੋਂ ਲਏ
ਕਰਜ਼ੇ ਦਾ ਵਿਆਜ ਵੀ ਮੋੜ ਰਿਹਾ ਸੀ। ਕਿਸਾਨਾਂ ਨੂੰ ਕਿਰਾਏ ‘ਤੇ ਦਿਤੇ ਫਾਰਮਾਂ ਤੋਂ ਕੋਈ
ਖਾਸ ਕਿਰਾਇਆ ਨਹੀਂ ਸੀ ਆ ਰਿਹਾ। ਕੁਝ ਆਮਦਨ ਉਸ ਨੂੰ ਸਿ਼ਕਾਰ ਖਿਡਾਉਣ ਤੋਂ ਆਉਂਦੀ ਸੀ ਤੇ
ਕੁਝ ਤਿੱਤਰਾਂ ਦੇ ਅੰਡੇ ਵੇਚ ਕੇ ਵੀ ਪਰ ਇਹ ਬਹੁਤੀ ਨਹੀਂ ਸੀ। ਸੈਕਵਿਲ-ਵੈੱਸਟ ਦੀ ਇਹੋ
ਸਲਾਹ ਸੀ ਕਿ ਉਸ ਦੇ ਹਿਸਾਬ ਕਿਤਾਬ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਉਸ ਨੇ 12 ਅਗਸਤ
ਨੂੰ ਆਪਣੀ ਵਿਸਤ੍ਰਤ ਰਿਪ੍ਰੋਟ ਪੇਸ਼ ਕਰ ਦਿਤੀ ਪਰ ਇਸ ਤੋਂ ਬਾਅਦ ਵੀ ਕਲੇਮ ਵਾਲੀ ਗੱਲ
ਅਗਾਂਹ ਨਾ ਤੁਰੀ।
ਮਹਾਂਰਾਜੇ ਨੇ ਬਹੁਤ ਹੀ ਹਲੀਮੀ ਭਰੀ ਚਿੱਠੀ ਲੌਰਡ ਕਰੈਨਬਰੁੱਕ ਨੂੰ ਲਿਖੀ;
‘...ਕਰਨਲ ਵੈੱਸਟ ਨੇ ਆਪਣੀ ਰਿਪ੍ਰੋਟ ਪੇਸ਼ ਕਰ ਦਿਤੀ ਹੈ, ਇਸ ਲਈ ਮੈਂ ਆਪਣੀਆਂ ਬੇਨਤੀਆਂ
ਪੇਸ਼ ਕਰਨ ਦੀ ਮੰਗ ਕਰ ਰਿਹਾ ਹਾਂ ਜੋ ਇਵੇਂ ਹਨ: ਕਿ ਮੇਰੇ ਕਰਜੇ ਦਾ ਦਬਾਅ ਮੇਰੀਆਂ
ਇੰਸ਼ੋਅਰੈਂਸ਼ ‘ਤੇ ਹੈ, ਸੋ ਇਹ ਦਬਾਅ ਖਤਮ ਕਰਾਇਆ ਜਾਵੇ ਤੇ ਮੈਨੂੰ ਜਲਦੀ ਤੋਂ ਜਲਦੀ ਚਾਲੀ
ਤੋਂ ਪੰਜਾਹ ਹਜ਼ਾਰ ਪੌਂਡ ਦੀ ਸਹਾਇਤਾ ਦਿਤੀ ਜਾਵੇ। ਕਿ ਮੇਰੀ ਹੈਸੀਅਤ ਦੇਖਦਿਆਂ ਇਕ
ਵਿਸ਼ੇਸ਼ ਸਥਾਈ ਪੈਨਸ਼ਨ ਮੈਨੂੰ ਲਗਾਈ ਜਾਵੇ। ਕਿ ਚਾਲੀ ਤੋਂ ਪੰਜਾਹ ਹਜ਼ਾਰ ਪੌਂਡ ਹੋਰ ਮੇਰੇ
ਬੱਚਿਆਂ ਤੇ ਕੁਝ ਹੋਰ ਲੋੜਾਂ ਲਈ ਰਾਖਵੇਂ ਰੱਖੇ ਜਾਣ।’...
ਮਹਾਂਰਾਜੇ ਦਾ ਮਨ ਬਹੁਤ ਨਿਰਾਸ਼ ਸੀ ਉਹ ਬ੍ਰਤਾਨਵੀ ਅਫਸਰਸ਼ਾਹੀ ਨਾਲ ਸਿਆਸੀ ਖੇਡਾਂ ਖੇਡਦਾ
ਅੱਕ ਚੁੱਕਾ ਸੀ। ਉਸ ਨੇ ਆਪਣੇ ਸਹਾਇਕ ਕਾਨੂੰਨ ਮਾਹਿਰਾਂ ਨਾਲ ਬੈਠ ਕੇ ਹਿਸਾਬ ਲਾਇਆ ਹੋਇਆ
ਸੀ ਕਿ ਚਾਰ ਲੱਖ ਅੱਸੀ ਹਜ਼ਾਰ ਪੌਂਡ ਤੋਂ ਵੱਧ ਕੀਮਤ ਦੇ ਤਾਂ ਹੀਰੇ ਹੀ ਸਨ ਜੋ ਲਹੌਰ ਦੇ
ਤੋਸ਼ੇਖਾਨੇ ਵਿਚੋਂ ਇਹਨਾਂ ਨੇ ਲੁੱਟ ਲਏ ਸਨ। ਬਹੁਤੇ ਮਹਾਂਰਾਣੀ ਦੇ ਕੋਲ ਸਨ ਤੇ ਕੁਝ
ਅਫਸਰਾਂ ਨੇ ਆਪਸ ਵਿਚ ਵੰਡ ਲਏ ਸਨ। ਇਹਨਾਂ ਸਭ ਤੋਂ ਉਪਰ ਹੈ ਕੋਹੇਨੂਰ ਹੀਰ। ਫਿਰ ਦਸ ਲੱਖ
ਸਤੱਨਵੇਂ ਹਜ਼ਾਰ ਪੌਂਡ ਦੀ ਉਸ ਦੇ ਪੁਰਖਿਆਂ ਦੀ ਜਾਇਦਾਦ ਸੀ ਤੇ ਹਾਲੇ ਹੋਰ ਵੀ ਬਹੁਤ ਸਾਰੀ
ਹੋਵੇਗੀ ਜਿਸ ਦਾ ਉਸ ਨੂੰ ਪਤਾ ਨਹੀਂ ਸੀ। ਉਸ ਨੇ ਮਹਾਂਰਾਣੀ ਵਿਕਟੋਰੀਆ ਨੂੰ ਇਕ ਵਾਰ ਫਿਰ
ਆਪਣੇ ਕਲੇਮ ਬਾਰੇ ਚਿੱਠੀ ਲਿਖੀ। ਮਹਾਂਰਾਜਾ ਹਮੇਸ਼ਾ ਬਹੁਤ ਹੀ ਨਿਮਰਤਾ ਭਰੀਆਂ ਚਿੱਠੀਆਂ
ਲਿਖਦਾ ਖਾਸ ਤੌਰ ਤੇ ਮਹਾਂਰਾਣੀ ਵਿਕਟੋਰੀਆ ਨੂੰ। ਉਸ ਨੇ ਆਪਣੀ ਚਿੱਠੀ ਵਿਚ ਮਹਾਂਰਾਣੀ
ਪ੍ਰਤੀ ਆਪਣੀ ਵਫਾਦਾਰੀ ਤੇ ਇਮਾਨਦਾਰੀ ਦਾ ਜਿ਼ਕਰ ਵੀ ਕੀਤਾ ਤੇ ਆਪਣੇ ਪਰਿਵਾਰਕ ਮੋਹ ਦਾ ਵੀ।
ਮਹਾਂਰਾਣੀ ਨੇ ਜਵਾਬੀ ਚਿੱਠੀ ਵਿਚ ਉਸ ਨਾਲ ਹਮਦਰਦੀ ਜ਼ਾਹਰ ਕੀਤੀ ਤੇ ਉਸ ਦੇ ਫਜ਼ੂਲ ਖਰਚਿਆਂ
ਦਾ ਵੀ ਜਿ਼ਕਰ ਕੀਤਾ ਜਿਸ ਬਾਰੇ ਹਰ ਕੋਈ ਗੱਲਾਂ ਕਰ ਰਿਹਾ ਸੀ। ਮਹਾਂਰਾਣੀ ਨੇ ਉਸ ਦੀ
ਸਿਫਾਰਸ਼ ਅਗੇ ਕਰਨ ਦਾ ਵਾਅਦਾ ਵੀ ਕੀਤਾ ਤੇ ਉਸ ਦੇ ਵੱਡੇ ਮੁੰਡੇ ਵਿਕਟਰ, ਜਿਸ ਦੀ
ਮਹਾਂਰਾਣੀ ਗੌਡਮਦਰ ਸੀ, ਦੇ ਲੰਮੇ ਵਾਲਾਂ ਦੀ ਤਾਰੀਫ ਕਰਦਿਆਂ ਲਿਖਿਆ ਕਿ ਉਹ ਉਸ ਨੂੰ ਬਹੁਤ
ਜਲਦੀ ਦੇਖਣਾ ਚਾਹੁੰਦੀ ਹੈ। ਮਹਾਂਰਾਣੀ ਨੇ ਸਿਫਾਰਸ਼ ਕਰਦੀ ਇਕ ਚਿੱਠੀ ਲੌਰਡ ਕਰੇਨਬੁੱਕ ਨੂੰ
ਲਿਖੀ ਤੇ ਮਹਾਂਰਾਜੇ ਦੇ ਪੂਰਬੀ ਸੁਭਾਅ ਨੂੰ ਦੇਖਦਿਆਂ ਕੁਝ ਗਲਤੀਆਂ ਨੂੰ ਅਣਗੌਲਣ ਲਈ ਵੀ
ਕਿਹਾ।
ਮਹਾਂਰਾਜੇ ਦੇ ਫਜ਼ੂਲ ਖਰਚੇ ਦੀ ਹਰ ਕੋਈ ਹੀ ਗੱਲ ਕਰਦਾ। ਜਿਹੜੇ ਵਿਰੋਧੀ ਸਨ ਉਹ ਇਹ ਗੱਲ
ਖੁਲ੍ਹ ਕੇ ਕਹਿ ਦਿੰਦੇ ਤੇ ਜਿਹੜੇ ਉਸ ਦੇ ਦੋਸਤ ਸਨ ਪਿੱਠ ਪਿੱਛੇ ਜਾਂ ਫਿਰ ਅਸਿੱਧੇ ਤਰੀਕੇ
ਨਾਲ ਗੱਲ ਕਰਦੇ। ਸੈਕਵਿਲ ਦੀ ਰਿਪ੍ਰੋਟ ਆਉਣ ਤੋਂ ਬਾਅਦ ਤਾਂ ਉਸ ਦੇ ਵਾਧੂ ਦੇ ਖਰਚਿਆਂ ਬਾਰੇ
ਹੋਰ ਵੀ ਚਰਚਾ ਹੋਣ ਲਗੀ ਸੀ। ਉਸ ਦੀ ਛੋਟੀ ਜਿਹੀ ਗੱਲ ਨੂੰ ਵੀ ਵੱਡੀ ਬਣਾ ਕੇ ਪੇਸ਼ ਕੀਤਾ
ਜਾਂਦਾ। ਅਖ਼ਬਾਰਾਂ ਵਾਲੇ ਵੀ ਅਜਿਹਾ ਹੀ ਪਰਚਾਰ ਕਰਦੇ ਸਨ। ਅਖ਼ਬਾਰਾਂ ਤਾਂ ਮਹਾਂਰਾਜੇ ਦੀ
ਤਸਵਰੀ ਇਕ ਜੁਆਰੀਏ ਦੀ ਤੇ ਨਾਚ-ਘਰਾਂ ਦੀਆਂ ਨਾਚੀਆਂ ਉਪਰ ਪੈਸੇ ਲੁਟਾਉਣ ਵਾਲੇ ਦੀ ਬਣਾ
ਰਹੀਆਂ ਸਨ। ਅਖ਼ਬਾਰਾਂ ਵਿਚ ਹੀ ਸੰਪਾਦਕ ਦੇ ਨਾਂ ਚਿੱਠੀਆਂ ਵਿਚ ਸਵਾਲ ਪੁੱਛੇ ਹੁੰਦੇ ਕਿ ਜੇ
ਮਹਾਂਰਾਜੇ ਕੋਲ ਪੈਸੇ ਨਹੀਂ ਹਨ ਤਾਂ ਉਹ ਚੈਰਟੀਆਂ ਨੂੰ ਦਾਨ ਕਿਉਂ ਦਿੰਦਾ ਹੈ, ਮਹਿੰਗੇ
ਕਲੱਬਾਂ ਦਾ ਮੈਂਬਰ ਕਿਉਂ ਬਣਿਆਂ ਫਿਰਦਾ ਹੈ, ਏਨੀਆਂ ਪਾਰਟੀਆਂ ਕਿਉਂ ਦਿੰਦਾ ਹੈ, ਨੌਕਰਾਂ
ਦੀ ਏਡੀ ਫੌਜ ਕਿਉਂ ਰੱਖੀ ਫਿਰਦਾ ਹੈ। ਜਵਾਬ ਵਿਚ ਕੋਈ ਲਿਖ ਵੀ ਦਿੰਦਾ ਕਿ ਇਹ ਕੰਮ ਤਾਂ
ਇੰਗਲੈਂਡ ਦੇ ਆਮ ਲੌਰਡਜ਼ ਵੀ ਕਰ ਰਹੇ ਸਨ ਫਿਰ ਮਹਾਂਰਾਜਾ ਤਾਂ ਮਹਾਂਰਾਜਾ ਰਣਜੀਤ ਸਿੰਘ ਦਾ
ਵਾਰਸ ਸੀ।
ਇਕ ਗੱਲ ਜੋ ਪਿਛਲੇ ਕੁਝ ਅਰਸੇ ਤੋਂ ਹੋ ਰਹੀ ਸੀ ਉਹ ਇਹ ਸੀ ਕਿ ਮਹਾਂਰਾਜਾ ਮਹਿਫਲਾਂ ਵਿਚ
ਸਹਿਜੇ ਹੀ ਕਹਿ ਜਾਇਆ ਕਰਦਾ ਸੀ ਕਿ ਉਹ ਇਸਾਈ ਜ਼ਰੂਰ ਹੈ ਪਰ ਅੰਗਰੇਜ਼ ਨਹੀਂ ਹੈ। ਉਸ ਦੀ
ਪੱਛਾਣ ਇਕ ਸਿੱਖ ਵਜੋਂ ਹੈ। ਹੁਣ ਐੱਲਵੇਡਨ ਹਾਲ ਵਿਚ ਹੁਣ ਬਹੁਤ ਸਾਰੇ ਪਗੜੀਆਂ ਵਾਲੇ ਲੋਕ
ਦਿਸਣ ਲਗ ਪਏ ਸਨ। ਪੰਜਾਬ ਤੋਂ ਵੀ ਮਹਾਂਰਾਜੇ ਨੂੰ ਲੋਕ ਮਿਲਣ ਆਉਣ ਲਗ ਪਏ ਸਨ। ਉਸ ਉਪਰ
ਇਸਾਈ ਧਰਮ ਵਲੋਂ ਮੂੰਹ ਮੋੜਨ ਦਾ ਇਲਜ਼ਾਮ ਵੀ ਲਗਣ ਲਗਿਆ ਸੀ ਹਾਲਾਂ ਕਿ ਮਹਾਂਰਾਜਾ ਅਕਸਰ
ਐਤਵਾਰ ਨੂੰ ਚਰਚ ਜਾ ਕੇ ਸਰਵਿਸ ਵਿਚ ਭਾਗ ਲੈਂਦਾ ਸੀ ਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਮਿਲ
ਕੇ ਉਹਨਾਂ ਦੇ ਦੁੱਖ-ਸੁੱਖ ਸੁਣਿਆਂ ਕਰਦਾ ਸੀ।
ਮਹਾਂਰਾਜੇ ਦੇ ਦੋਸਤ ਉਸ ਦਾ ਬਹੁਤ ਫਿਕਰ ਰਖਦੇ ਸਨ ਜਿਵੇਂ ਕਿ ਲੌਰਡ ਹਾਰਟਫੋਰਡ। ਉਹ ਉਸ ਨਾਲ
ਸਿ਼ਕਾਰ ਖੇਡਿਆ ਕਰਦਾ ਸੀ, ਉਸ ਦੀ ਬਹੁਤ ਚਿੰਤਾ ਕਰਦਾ। ਉਹ ਆਪ ਸਿੱਧਾ ਤਾਂ ਕੁਝ ਨਾ ਕਹਿ
ਸਕਿਆ ਪਰ ਉਸ ਨੇ ਮਹਾਂਰਾਜੇ ਦੇ ਖਾਸ ਦੋਸਤ ਰੌਨਲਡ ਲੈਜ਼ਲੇ-ਮੈਲਵਿਲ ਰਾਹੀਂ ਆਪਣੇ ਦਿਲ ਦੀ
ਗੱਲ ਕਹਿਲਵਾ ਦਿਤੀ ਕਿ ਉਸ ਨੂੰ ਅਯਾਸ਼ੀ ਵਲੋਂ ਧਿਆਨ ਘਟਾ ਕੇ ਸੱਚ ਵਾਲੀ ਜਿ਼ੰਦਗੀ ਜਿਉਣੀ
ਚਾਹੀਦੀ ਹੈ। ਜਵਾਬ ਵਿਚ ਮਹਾਂਰਾਜੇ ਨੇ ਹਾਰਟਫੋਰਡ ਨੂੰ ਚਿੱਠੀ ਲਿਖੀ;
‘...ਦੋਸਤਾਂ ਵਾਲੇ ਫਿਕਰ ਲਈ ਧੰਨਵਾਦ। ...ਮੇਰੀ ਆਰਥਿਕ ਹਾਲਤ ਅਯਾਸ਼ੀ ਕਰਨ ਵਾਲੀ ਨਹੀਂ
ਹੈ, ਮੈਂ ਤਾਂ ਆਪਣੇ ਪਰਿਵਾਰ ਨੂੰ ਵੀ ਐੱਲਵੇਡਨ ਤੋਂ ਲੰਡਨ ਲਿਆਉਣ ਦੇ ਕਾਬਲ ਨਹੀਂ ਹਾਂ।
...ਇਹ ਬਿਲਕੁਲ ਗੱਲਤ ਹੈ ਕਿ ਮੈਂ ਆਪਣੇ ਪਿਆਰੇ ਇਸਾਈ ਧਰਮ ਵਲੋਂ ਮੁੱਖ ਮੋੜ ਰਿਹਾ ਹਾਂ। ਇਹ
ਠੀਕ ਹੈ ਕਿ ਮੈਂ ਹੋਰ ਬਹੁਤ ਸਾਰੇ ਲੋਕਾਂ ਵਾਂਗ ਲਗਾਤਾਰ ਚਰਚ ਨਹੀਂ ਜਾ ਸਕਿਆ ਪਰ ਇਸ ਦਾ
ਮਤਲਵ ਨਹੀਂ ਕਿ ਮੇਰੀ ਆਸਥਾ ਵਿਚ ਕੋਈ ਫਰਕ ਪਿਆ ਹੈ। ...ਇਹ ਕਲੱਬਾਂ ਦੀ ਮਹਿੰਗੀ
ਮੈਂਬਰਸਿ਼ੱਪ ਵੀ ਹੁਣ ਛੱਡ ਚੁੱਕਾ ਹਾਂ, ਜੇ ਕਿਸੇ ਕਲੱਬ ਜਾਂਦਾ ਹਾਂ ਤਾਂ ਮੈਂ ਕਿਸੇ ਨਾਲ
ਮਤਲਵ ਦੀ ਗੱਲ ਹੀ ਕਰਦਾ ਹਾਂ। ਮੈਂ ਅਗੇ ਤੋਂ ਆਪਣੇ ਖਰਚਿਆਂ ਬਾਰੇ ਬਹੁਤ ਧਿਆਨ ਰੱਖ ਰਿਹਾ
ਹਾਂ। ...ਦੋਸਤੀ ਨਾਤੇ ਇਕ ਗੱਲ ਪੁੱਛਾਂਗਾ ਵੀ ਕਿ ਕੀ ਜੋ ਕੁਝ ਮੇਰੇ ਨਾਲ ਹੋ ਰਿਹਾ ਹੈ
ਇਸਾਈਮੱਤ ਵਿਚ ਇਸ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ?’
ਮਹਾਂਰਾਜੇ ਦੀ ਚਿੱਠੀ ਦਾ ਲੌਰਡ ਹਾਰਟਫੋਰਡ ਉਪਰ ਚੰਗਾ ਅਸਰ ਹੋਇਆ। ਕੁਝ ਦਿਨਾਂ ਬਾਅਦ ਹਾਊਸ
ਔਫ ਲੌਰਡ ਵਿਚ ਜੁੜੇ ਦੋਸਤਾਂ ਵਿਚ ਉਸ ਨੇ ਮਹਾਂਰਾਜੇ ਦੀ ਤਰਫਦਾਰੀ ਕਰਦਿਆਂ ਕਿਹਾ,
“ਲੌਰਡਜ਼, ਮੈਂ ਸੋਚ ਰਿਹਾਂ ਕਿ ਸਾਨੂੰ ਸਭ ਨੂੰ ਮਹਾਂਰਾਜੇ ਦੀ ਮੱਦਦ ਕਰਨੀ ਚਾਹੀਦੀ ਏ,
ਮੈਨੂੰ ਯਕੀਨ ਏ ਕਿ ਅੱਗੇ ਤੋਂ ਉਹ ਆਪਣੀ ਠੀਕ ਠੀਕ ਜਿ਼ੰਦਗੀ ਜੀਵੇਗਾ, ਆਪਣੇ ਖਰਚਿਆਂ ਵਲ ਵੀ
ਧਿਆਨ ਦੇਵੇਗਾ, ਮੇਰੀ ਸੋਚ ਮੁਤਾਬਕ ਹੁਣ ਤਕ ਉਸ ਨੂੰ ਵਧੀਆ ਸਬਕ ਮਿਲ ਚੁੱਕਿਆ ਏ।”
ਉਸ ਦੇ ਜਵਾਬ ਵਿਚ ਲੌਰਡ ਕਰੇਨਬੁਰੱਕ ਆਖਣ ਲਗਿਆ,
“ਮਾਈ ਡੀਅਰ ਲੌਰਡਜ਼, ਮੈਂ ਸਾਰਾ ਜਾਇਜ਼ਾ ਲਿਆ ਏ, ਮਹਾਂਰਾਜਾ ਇਸ ਵੇਲੇ ਦਿਵਾਲੀਆਪਨ ਦੇ
ਕਿਨਾਰੇ ‘ਤੇ ਬੈਠਾ ਏ, ਉਸ ਨੂੰ ਬਚਾਉਣ ਲਈ ਦਸ ਹਜ਼ਾਰ ਪੌਂਡ ਲੋੜੀਂਦੇ ਨੇ, ਜੇ ਸਾਰੇ ਦੋਸਤ
ਚਾਹੁੰਦੇ ਨੇ ਤਾਂ ਰਲ਼ ਕੇ ਇੰਤਜ਼ਾਮ ਕੀਤਾ ਜਾ ਸਕਦਾ ਏ ਪਰ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ
ਕੀ ਇਹ ਇਸ ਦਾ ਕੋਈ ਸਥਾਈ ਹੱਲ ਹੋਵੇਗਾ।”
ਲੌਰਡ ਚੈਲਵੇ ਆਪਣੀ ਰਾਏ ਦਿੰਦਾ ਬੋਲਿਆ,
“ਲੌਰਡਜ਼, ਮੈਂ ਮਹਾਂਰਾਜੇ ਨੂੰ ਸਲਾਹ ਦਿਆਂਗਾ ਕਿ ਐੱਲਵੇਡਨ ਹਾਲ ਨੂੰ ਵੇਚ ਕੇ ਆਪਣੇ ਸਾਰੇ
ਕਰਜ਼ੇ ਲਾਹ ਦੇਵੇ ਤੇ ਸੁੱਖ ਦਾ ਜੀਵਨ ਬਤੀਤ ਕਰੇ। ਮੈਂ ਸੈਕਵਿਲ-ਵੈੱਸਟ ਦੀ ਰਿਪ੍ਰੋਟ ਦੇਖੀ
ਏ ਕਿ ਮਹਾਂਰਾਜੇ ਦੀ ਇਸਟੇਟ ਦੀ ਇਸ ਵੇਲੇ ਕੀਮਤ ਤਿੰਨ ਲੱਖ ਚਾਲੀ ਹਜ਼ਾਰ ਪੌਂਡ ਹੋਵੇਗੀ,
ਜਿਸ ਨਾਲ ਉਸ ਦੇ ਸਾਰੇ ਕਰਜ਼ੇ ਉਤਰ ਸਕਦੇ ਨੇ।”
ਲੌਰਡ ਚੈਲਫੈਂਟ ਨੇ ਹਸਦੇ ਹੋਏ ਕਿਹਾ,
“ਲੌਰਡਜ਼, ਤੁਹਾਨੂੰ ਪਤਾ ਹੀ ਨਹੀਂ ਕਿ ਮਹਾਂਰਾਜਾ ਆਪਣੀ ਇਸਟੇਟ ਨੂੰ ਕਿੰਨਾ ਪਿਆਰ ਕਰਦਾ ਏ,
ਉਹ ਮਰਦਾ ਮਰ ਜਾਵੇਗਾ ਪਰ ਐੱਲਵੇਡਨ ਇਸਟੇਟ ਨਹੀਂ ਵੇਚੇਗਾ।”
ਲੌਰਡ ਐਮਰਸ਼ਮ ਜੋ ਕਿ ਕੁਝ ਦੇਰ ਤੋਂ ਉਹਨਾਂ ਦੀਆਂ ਗੱਲਾਂ ਸੁਣਦਾ ਜਾ ਰਿਹਾ ਸੀ ਕਹਿਣ ਲਗਿਆ,
“ਮੈਨੂੰ ਤਾਂ ਤੁਹਾਡੀ ਇਸ ਬੰਦੇ ਨਾਲ ਹਮਦਰਦੀ ਦੇ ਕਾਰਨ ਨਹੀਂ ਸਮਝ ਲਗ ਰਹੇ, ਇਕ ਪੰਜਾਬੀ
ਨਾਲ ਏਨੀ ਖੈਰ-ਖੁਆਹੀ! ਇਹ ਕੋਈ ਚੰਗੀ ਗੱਲ ਨਹੀਂ ਏ। ਅਸੀਂ ਪੰਜਾਬ ਖੈਰਾਤ ਵਿਚ ਨਹੀਂ ਲਿਆ,
ਅਸੀਂ ਜਿੱਤਿਆ ਏ, ਅਨੇਕਾਂ ਦੇਸ਼ਵਾਸੀ ਸ਼ਹੀਦ ਕਰਾਏ ਨੇ, ਅਸੀਂ ਜੋ ਕੁਝ ਵੀ ਏਸ ਨੂੰ ਦੇ ਰਹੇ
ਆਂ ਉਸ ਦਾ ਇਸ ਨੇ ਧੰਨਵਾਦ ਤਾਂ ਕੀ ਕਰਨਾ ਏ, ਇਹ ਅਕ੍ਰਿਤਘਣਤਾ ਦਿਖਾ ਰਿਹਾ ਏ।”
ਇਵੇਂ ਉਸ ਦੀਆਂ ਥਾਂ-ਥਾਂ ਗੱਲਾਂ ਹੋਣ ਲਗਦੀਆਂ ਸਨ। ਉਹ ਸ਼ਹਿਰ ਦੀ ਗਰਮ-ਖ਼ਬਰ ਬਣਿਆਂ ਹੋਇਆ
ਸੀ। ਕੁਝ ਉਸ ਦਾ ਮਜ਼ਾਕ ਉਡਾਉਂਦੇ ਤੇ ਕੁਝ ਫਿਕਰ ਕਰਦੇ। ਕੁਝ ਦੋਸਤ ਉਸ ਦੀ ਦਿਲੋਂ ਮੱਦਦ ਵੀ
ਕਰਨੀ ਚਾਹੁੰਦੇ ਤੇ ਕੁਝ ਦੋਸਤ ਅਜਿਹੇ ਸਨ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੀ ਆਰਥਿਕ
ਮੱਦਦ ਕਰ ਦਿਆ ਕਰਦੇ ਸਨ।
ਮਹਾਂਰਾਜਾ ਛਟਪਟਾਉਣ ਤੋਂ ਬਿਨਾਂ ਕੁਝ ਨਾ ਕਰ ਸਕਦਾ। ਉਹ ਇਕੱਲਾ ਹੁੰਦਾ ਤਾਂ ਗੁੱਸੇ ਵਿਚ
ਚੀਕਦਾ, ਕੰਧਾਂ ਵਿਚ ਮੁੱਕੇ ਮਾਰਦਾ ਪਰ ਫਿਰ ਆਪਣੇ ਆਪ ਤੇ ਕਾਬੂ ਵੀ ਪਾ ਲੈਂਦਾ। ਉਸ ਨੂੰ
ਪਤਾ ਸੀ ਕਿ ਗੁੱਸਾ ਦਿਖਾਇਆਂ ਕੁੰ ਨਹੀਂ ਸੀ ਸੰਵਰਨਾ।
ਇਹਨਾਂ ਦਿਨਾਂ ਵਿਚ ਇਕ ਗੱਲ ਕੁਝ ਕੁ ਚੰਗੀ ਹੋਈ ਕਿ ਇੰਡੀਆ ਔਫਿਸ ਦਾ ਸੈਕਟਰੀ ਬਦਲ ਗਿਆ।
ਨਵਾਂ ਕਰਨਲ ਓਇਨ ਬਰਨ ਆ ਗਿਆ। ਉਹ ਹੁਣੇ ਜਿਹੇ ਹੀ ਹਿੰਦੁਸਤਾਨ ਤੋਂ ਵਾਪਸ ਆਇਆ ਸੀ ਤੇ
ਰਾਜ-ਦਰਬਾਰੇ ਉਹ ਬਹੁਤ ਹਰਮਨ ਪਿਆਰਾ ਰਿਹਾ ਸੀ। ਮਹਾਂਰਾਜੇ ਨੂੰ ਉਸ ਤੋਂ ਕੁਝ ਕੁ ਆਸ ਬੱਝਣ
ਲਗੀ। ਬਰਨ ਨੇ ਸਾਰਾ ਕੇਸ ਦੇਖਣ ਤੋਂ ਬਾਅਦ ਇਕ ਨਵੀਂ ਯੋਯਨਾ ਘੜ ਲਈ ਜਿਸ ਦੇ ਦੋ ਮੁੱਖ
ਨੁਕਤੇ ਸਨ; ਇਕ ਤਾਂ ਇਹ ਕਿ ਮਹਾਂਰਾਜਾ ਇਸੇ ਇਸਟੇਟ ਵਿਚ ਹੀ ਰਹੇਗਾ ਪਰ ਉਸ ਦੇ ਮਰਨ ਤੋਂ
ਬਾਅਦ ਇਹ ਇਸਟੇਟ ਵੇਚ ਕੇ ਉਸ ਦੇ ਕਰਜ਼ੇ ਉਤਾਰ ਦਿਤੇ ਜਾਣਗੇ ਤੇ ਬਾਕੀ ਬਚਦੀ ਰਕਮ ਦੀ ਉਸ ਦੇ
ਪਰਿਵਾਰ ਨੂੰ ਪੈਨਸ਼ਨ ਲਗਾ ਦਿਤੀ ਜਾਵੇਗੀ। ਦੂਜਾ ਨੁਕਤਾ ਪਹਿਲੇ ਦਾ ਹੀ ਪੂਰਕ ਸੀ ਕਿ ਜੇ
ਮਹਾਂਰਾਜੇ ਨੂੰ ਇਹ ਗੱਲ ਮਨਜ਼ੂਰ ਹੈ ਤਾਂ ਸਰਕਾਰ ਉਸ ਦਾ ਚਾਲੀ ਹਜ਼ਾਰ ਦਾ ਓਵਰ ਡਰਾਫਟ ਉਤਾਰ
ਦੇਵੇਗੀ ਤੇ ਪੰਜਾਹ ਹਜ਼ਾਰ ਪੌਂਡ ਹੋਰ ਉਸ ਦੇ ਉਪਰਲਿਆਂ ਖਰਚਿਆਂ ਲਈ ਦੇ ਦਿਤਾ ਜਾਵੇਗਾ।
ਮਹਾਂਰਾਜੇ ਨੂੰ ਇਹ ਗੱਲ ਕਤਈ ਮਨਜ਼ੂਰ ਨਹੀਂ ਸੀ ਬਲਕਿ ਇਹ ਉਸ ਲਈ ਅਸਹਿ ਸੀ। ਐੱਲਵੇਡਨ
ਇਸਟੇਟ ਨੂੰ ਉਹ ਆਪਣੀ ਖਾਨਦਾਨੀ ਜਾਇਦਾਦ ਬਣਾ ਕੇ ਅਗੇ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦਾ
ਸੀ। ਇਸ ਇਸਟੇਟ ਵਿਚ ਉਹ ਆਪਣੇ ਪਰਿਵਾਰ ਦਾ ਭਵਿੱਖ ਦੇਖਦਾ ਸੀ। ਉਹ ਇਕ ਬਾਪ ਦੇ ਤੌਰ ‘ਤੇ ਵੀ
ਸੋਚਦਾ। ਬਾਪ ਨੂੰ ਜਿਹੜਾ ਮੋਹ ਬੇਟੇ ਨੂੰ ਦੇਣ ਵਾਲੀ ਜਾਇਦਾਦ ਨਾਲ ਹੁੰਦਾ ਹੈ ਉਹੀ ਮੋਹ ਉਸ
ਦਾ ਐੱਲਵੇਡਨ ਇਸਟੇਟ ਨਾਲ ਸੀ। ਮਹਾਂਰਾਜਾ ਇਹ ਇਸਟੇਟ ਵੱਡੇ ਬੇਟੇ ਵਿਕਟਰ ਨੂੰ ਦੇਣੀ
ਚਾਹੁੰਦਾ ਸੀ। ਬ੍ਰਿਟਿਸ਼ ਕਨੂੰਨ ਮੁਤਾਬਕ ਜਾਇਦਾਦ ਵੱਡੇ ਬੇਟੇ ਨੂੰ ਮਿਲਦੀ ਸੀ ਤੇ ਇਹ
ਇਸਟੇਟ ਤਾਂ ਵਿਕਟਰ ਦੀ ਸੀ। ਇਸ ਬਾਰੇ ਉਹ ਕਿਵੇਂ ਸਹਿ ਸਕਦਾ ਸੀ ਕਿ ਇਹ ਉਸ ਦੇ ਮਰਨ ਦੇ ਨਾਲ
ਹੀ ਖਤਮ ਹੋ ਜਾਵੇ ਤੇ ਉਸ ਦਾ ਪਰਿਵਾਰ ਸੜਕਾਂ ਤੇ ਆ ਜਾਵੇ। ਵਿਕਟਰ ਨੂੰ ਵੀ ਤੇ ਬਾਕੀ
ਪਰਿਵਾਰ ਨੂੰ ਵੀ ਇਸ ਇਸਟੇਟ ਨਾਲ ਬਹੁਤ ਪਿਆਰ ਸੀ। ਸਾਰੇ ਬੱਚੇ ਇਥੇ ਹੀ ਜੰਮੇ ਸਨ, ਵੱਡੇ
ਹੋਏ ਸਨ। ਵਿਕਟਰ ਤੇ ਫਰੈਡਰਿਕ ਨੇ ਸਿ਼ਕਾਰ ਖੇਡਣਾ ਸਿਖਿਆ ਸੀ ਤੇ ਮਹਾਂਰਾਜੇ ਵਾਂਗ ਹੀ ਛੋਟੀ
ਉਮਰ ਵਿਚ ਹੀ ਵਧੀਆ ਸਿ਼ਕਾਰੀ ਬਣ ਗਏ ਸਨ ਤੇ ਮੰਨੇ ਹੋਏ ਘੋੜ ਸਵਾਰ ਵੀ। ਇਹ ਪੇਸ਼ਕਸ਼
ਮਹਾਂਰਾਜੇ ਨੂੰ ਸਾਲ ਬਾਅਦ, 11 ਫਰਬਰੀ, 1879 ਨੂੰ, ਆਈ ਸੀ ਤੇ ਹਾਲੇ ਇਸ ਫੈਸਲੇ ਨੂੰ
ਹਿੰਦੁਸਤਾਨ ਦੀ ਸਰਕਾਰ ਨੂੰ ਨਜ਼ਰਸਾਨੀ ਲਈ ਭੇਜਿਆ ਜਾਣਾ ਸੀ।
ਇਸੇ ਪੇਸ਼ਕਸ਼ ਦਾ ਇਕ ਡਰਾਫਟ ਮਹਾਂਰਾਣੀ ਵਿਕਟੋਰੀਆ ਨੂੰ ਭੇਜਦਿਆਂ ਓਇਨ ਬਰਨ ਨੇ ਲਿਖਿਆ ਕਿ
ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਮਹਾਂਰਾਜਾ ਸਾਡੇ ਦੇਸ਼ ਦੀ ਆਰਥਿਕਤਾ ਉਪਰ
ਦਿਨੋ ਦਿਨ ਬੋਝ ਵਧਾ ਰਿਹਾ ਹੈ। ...ਉਸ ਨੂੰ ਆਪਣੇ ਸਾਧਨਾਂ ਦੇ ਹਿਸਾਬ ਨਾਲ ਚੱਲਣ ਦੀ ਲੋੜ
ਹੈ। ਇਸ ਸੁਝਾਅ ਦਾ ਪਹਿਲਾ ਹਿੱਸਾ ਮਹਾਂਰਾਜੇ ਨੂੰ ਦਿਵਾਲੀਆਪਨ ਤੋਂ ਬਚਾਉਣ ਵਿਚ ਸਹਾਈ
ਹੋਵੇਗਾ। ...
ਬ੍ਰਤਾਨਵੀ ਅਫਸ਼ਾਹੀ ਮਹਾਂਰਾਜੇ ਦੇ ਬਹੁਤੀ ਹੀ ਖਿਲਾਫ ਹੋਈ ਬੈਠੀ ਸੀ। ਇਕ ਵਾਰ ਕਿਸੇ ਬਹੁਤ
ਹੀ ਜ਼ਰੂਰੀ ਖਰਚੇ ਲਈ ਮਹਾਂਰਾਜੇ ਨੇ ਤਿੰਨ ਹਜ਼ਾਰ ਦੀ ਮੰਗ ਰੱਖੀ ਜਿਹੜੀ ਕਿ ਬਹੁਤ ਹੀ
ਨਿਗੂਣੀ ਜਿਹੀ ਸੀ ਪਰ ਮਹਾਂਰਾਜੇ ਦੀ ਮੰਗ ਦੀ ਅਰਜ਼ੀ ਪਾੜ੍ਹ ਕੇ ਰੱਦੀ ਦੀ ਟੋਕਰੀ ਵਿਚ ਸੁੱਟ
ਦਿਤੀ ਗਈ।
ਸੈਕਵਿਲ-ਵੈੱਸਟ ਦੀ ਰਿਪ੍ਰੋਟ ਦਾ ਹਿੰਦੁਸਤਾਨ ਤੋਂ ਰਿਵਿਊ ਆਇਆ ਤਾਂ ਉਸ ਵਿਚ ਲਿਖਿਆ ਸੀ;
‘...ਇਹਨਾਂ ਸਲਾਹਾਂ ਵਿਚੋਂ ਕੋਈ ਵੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ...ਮਹਾਂਰਾਜੇ ਨੂੰ
ਹੁਣ ਤਕ ਬਹੁਤ ਖੁਲ੍ਹਾਂ ਦਿਤੀਆਂ ਗਈਆਂ ਹਨ। ...ਉਸ ਦੇ ਕਲੇਮ ਲੋੜੋਂ ਵੱਧ ਤੇ ਵੱਡੇ ਹਨ।
...ਜੇ ਉਸ ਵਰਗਾ ਸਿਆਣਾ ਬੰਦਾ ਆਪਣਾ ਹਿਸਾਬ ਸਹੀ ਢੰਗ ਨਾਲ ਨਹੀਂ ਚਲਾ ਸਕਦਾ ਤਾਂ ਸਰਕਾਰ
ਨੂੰ ਕੁਝ ਕਰਨਾ ਪਵੇਗਾ। ...ਅਤੀਤ ਵਿਚ ਦਿਤੀਆਂ ਖੁਲ੍ਹਾਂ ਵਾਲੀ ਗਲਤੀ ਸਰਕਾਰ ਹੁਣ ਦੁਹਰਾ
ਨਹੀਂ ਸਕਦੀ।... ...ਉਸ ਨੂੰ ਮੁੜ ਕੇ ਪਹਿਲੇ ਵਾਲੇ ਹਾਲਾਤ ਵਿਚ ਛਡਿਆ ਗਿਆ ਤਾਂ ਉਹ ਮੁੜ
ਉਹੀ ਕਰਜ਼ੇ ਦਾ ਪਹਾੜ ਖੜਾ ਕਰ ਲਵੇਗਾ। ...ਹਿੰਦੁਸਤਾਨੀ ਲੋਕਾਂ ਉਪਰ ਵੀ ਕਿਸੇ ਕਿਸਮ ਦਾ
ਵਾਧੂ ਬੋਝ ਨਹੀਂ ਪਾਇਆ ਜਾ ਸਕਦਾ। ...ਜਾਂ ਤਾਂ ਉਹ ਐੱਲਵੇਡਨ ਵਰਗੀ ਮਹਿੰਗੀ ਅਯਾਸ਼ੀ ਕਰ
ਸਕਦਾ ਹੈ ਜਾਂ ਫਿਰ ਇਸ ਨੂੰ ਵੇਚ ਕੇ ਆਪਣੇ ਪਰਿਵਾਰ ਦਾ ਪਾਲਣਪੋਸਣ ਵਧੀਆ ਢੰਗ ਨਾਲ ਕਰ ਸਕਦਾ
ਹੈ, ਇੰਨੀ ਗੱਲ ਸਮਝ ਸਕਣ ਦੀ ਸ਼ਕਤੀ ਮਹਾਂਰਾਜਾ ਵਿਚ ਹੈ।’ ...
ਲੌਰਡ ਕਰੇਨਬੁਰੱਕ ਨੇ ਜਲਦੀ ਨਾਲ ਇਸ ਬਾਰੇ ਮਹਾਂਰਾਜੇ ਨੂੰ ਲਿਖ ਭੇਜਿਆ;
‘...ਮੈਨੂੰ ਇਹ ਗੱਲ ਦੁੱਖ ਨਾਲ ਦੱਸਣੀ ਪੈ ਰਹੀ ਹੈ ਕਿ ਜਿਹੜੀ ਰਿਪ੍ਰੋਟ ਮੈਂ ਤਿਆਰ ਕੀਤੀ
ਸੀ ਤੇ ਹਿੰਦੁਸਤਾਨ ਨੂੰ ਭੇਜੀ ਸੀ ਉਸ ਦੀ ਡਿਸਪੈਚ ਆ ਗਈ ਹੈ ਤੇ ਤੁਹਾਡੀਆਂ ਖਾਹਸ਼ਾਂ ਦੇ
ਖਿਲਾਫ ਹੈ। ...ਤੁਸੀਂ ਹੁਣ ਇਸ ਰਿਪ੍ਰੋਟ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਮੁੜ ਕੇ ਹੋਰ
ਨਕਦੀ ਨਾ ਮੰਗਣਾਂ।’...
ਇਹਨਾਂ ਦਿਨਾਂ ਵਿਚ ਮਹਾਂਰਾਜਾ ਆਪਣੇ ਦੋਸਤ ਰੌਨਲਡ ਨਾਲ ਗਲਿਨਫਰਨਸ ਵਿਚ ਸਿ਼ਕਾਰ ਖੇਡ ਰਿਹਾ
ਸੀ ਤੇ ਉਥੋਂ ਸਿਧਾ ਲੰਡਨ ਪੁਜਿਆ ਹੀ ਸੀ ਕਿ ਜਦ ਇਹ ਖ਼ਬਰ ਮਿਲੀ। ਸੁਣ ਕੇ ਉਹ ਉਦਾਸ ਹੋ
ਗਿਆ। ਉਸ ਨੇ ਜਵਾਬ ਵਿਚ ਲਿਖਿਆ;
‘...ਇਸ ਸਾਰੇ ਦੇ ਬਾਵਜੂਦ ਮੈਂ ਉਮੀਦ ਦੀ ਲੜੀ ਨਹੀਂ ਛੱਡ ਸਕਦਾ। ...ਮੇਰੇ ਕੋਲ ਆਪਣੇ ਖਰਚੇ
ਪੂਰੇ ਕਰਨ ਲਈ ਹੋਰ ਕਰਜ਼ਾ ਲੈਣ ਤੋਂ ਬਿਨਾਂ ਕੋਈ ਦੂਸਰਾ ਚਾਰਾ ਨਹੀਂ ਹੋਵੇਗਾ। ...ਮੈਂ
ਮਹਾਂਰਾਜਾ ਰਣਜੀਤ ਸਿੰਘ ਦਾ ਵਾਰਸ, ਇੰਗਲੈਂਡ ਦਾ ਦੋਸਤ ਤੇ ਸਮਰਥਕ, ਜਿਸ ਨਾਲ ਦੋਸਤੀ ਦੀਆਂ
ਕਸਮਾਂ ਖਾਧੀਆਂ ਗਈਆਂ ਸਨ, ਮੇਰੀ ਏਨੀ ਬੇਇਜ਼ਤੀ ਨਹੀਂ ਕੀਤੀ ਜਾ ਸਕਦੀ, ਮੇਰੇ ਬਚਾਅ ਲਈ
ਪੰਜਾਬ ਨੂੰ ਬਾਕੀ ਹਿੰਦੁਸਤਾਨ ਨਾਲ ਰਲਾਉਣ ਸਮੇਂ 1849 ਦੀ ਸੰਧੀ ਦੀਆਂ ਸ਼ਰਤਾਂ ਹਾਜ਼ਰ
ਹਨ।’...
ਮਹਾਂਰਾਜੇ ਦੀ ਰੂਹ ਫਟੜ ਹੋਈ ਪਈ ਸੀ ਪਰ ਉਹ ਹਰ ਵੇਲੇ ਸਬੂਤਾ ਰਹਿਣ ਦੀ ਕੋਸਿ਼ਸ਼ ਕਰਦਾ। ਉਸ
ਨੂੰ ਬੀਬੀ ਜੀ ਦੀ ਕਹੀ ਗੱਲ ਯਾਦ ਆਉਂਦੀ ਕਿ ਗੁਰੂ ਦਾ ਸਿੱਖ ਹਰ ਵੇਲੇ ਚੜ੍ਹਦੀ ਕਲਾ ਵਿਚ
ਰਹਿੰਦਾ ਹੈ। ਉਹ ਹਰ ਵੇਲੇ ਆਪਣੇ ਪੱਖ ਵਿਚ ਦਲੀਲਾਂ ਤਿਆਰ ਕਰਦਾ ਰਹਿੰਦਾ ਸੀ। ਪੌਲ ਸ਼ੀਨ ਇਸ
ਮਾਮਲੇ ਵਿਚ ਬਹੁਤ ਵਧੀਆ ਦੋਸਤ ਸਿੱਧ ਹੋ ਰਿਹਾ ਸੀ। ਮਹਾਂਰਾਜੇ ਨੇ 18 ਫਰਵਰੀ, 1880 ਵਾਲੇ
ਦਿਨ ਆਪਣੇ ਅਦਾ ਕਰਨ ਵਾਲੇ ਬਿੱਲ ਭੇਜਦੇ ਹੋਏ ਲੌਰਡ ਕਰੇਨਬਰੁੱਕ ਨੂੰ ਚਿੱਠੀ ਲਿਖੀ;
‘...ਮੈਨੂੰ ਦੁੱਖ ਹੈ ਕਿ ਮੈਂ ਤੁਹਾਨੂੰ ਤਕਲੀਫ ਦੇ ਰਿਹਾ ਹਾਂ ਪਰ ਮੇਰੇ ਕੋਲ ਨਾਲ ਨੱਥੀ
ਕੀਤੇ ਬਿੱਲਾਂ ਨੂੰ ਭੁਗਤਾਨ ਦੇ ਸਾਧਨ ਨਹੀਂ ਹਨ। ...ਇਸ ਵਾਰ ਫਿਰ ਫਸਲਾਂ ਨਹੀਂ ਹੋਈਆਂ ਤੇ
ਇਹਨਾਂ ਬਿੱਲਾਂ ਲਈ ਤਿੰਨ ਹਜ਼ਾਰ ਪੌਂਡ ਦੀ ਜ਼ਰੂਰਤ ਹੈ। ...ਜੇ ਮੈਨੂੰ ਇਹ ਰਕਮ ਜਾਂ ਮੇਰੀ
ਮੰਗੀ ਰਕਮ ਦੇਣ ਵਿਚ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਮੇਰੀ
ਪੰਜਾਬ ਵਿਚਲੀ ਗੈਰਕਨੂੰਨੀ ਤਰੀਕੇ ਨਾਲ ਦੱਬੀ ਗਈ ਜਾਇਦਾਦ ਮੈਨੂੰ ਵਾਪਸ ਕੀਤੀ ਜਾਵੇ।
...ਮੇਰੀ ਜਾਇਦਾਦ ਦੀ ਸਲਾਨਾ ਆਮਦਨ ਇਕ ਲੱਖ ਪੌਂਡ ਤੋਂ ਵੱਧ ਹੈ, ਹਾਲੇ ਮੈਂ ਇਸ ਵਿਚ
ਕੋਹੇਨੂਰ ਹੀਰਾ ਤੇ ਹੋਰ ਹੀਰੇ-ਮੋਤੀ ਜਮਾਂ ਨਹੀਂ ਕਰ ਰਿਹਾ ਤੇ ਨਾਂ ਹੀ ਕਰਨੇ ਚਾਹੁੰਦਾ ਹਾਂ
ਕਿਉਂਕਿ ਮੈਨੂੰ ਮਾਣ ਹੈ ਕਿ ਇਹ ਚੀਜ਼ਾਂ ਹੁਣ ਮਹਾਂਰਾਣੀ ਵਿਕਟੋਰੀਆ ਦੀ ਸ਼ਾਨ ਵਧਾ ਰਹੀਆ
ਹਨ।’
ਕੋਹੇਨੂਰ ਹੀਰਾ ਅੰਗਰੇਜ਼ਾਂ ਲਈ ਜਿੱਤ ਦੀ ਨਿਸ਼ਾਨੀ ਸੀ। ਇਸ ਬਾਰੇ ਤਾਂ ਉਹ ਕੁਝ ਸੁਣਨ ਲਈ
ਤਿਆਰ ਹੀ ਨਹੀਂ ਸਨ। ਬਲਕਿ ਇਸ ਦਾ ਨਾਂ ਲੈਣ ਕਾਰਨ ਲੌਰਡ ਕਰੇਨਬੁਰੱਕ ਗੁੱਸੇ ਵਿਚ ਆ ਉਸ ਨੇ
ਲਿਖਿਆ;
‘....ਆਰਜ਼ੀ ਨਕਦੀ ਦੀ ਮੰਗ ਵਾਲਾ ਤੁਹਾਡਾ ਕੇਸ ਹੁਣ ਮੇਰੇ ਕੋਲ ਹੈ।... ...ਨਿੱਜੀ ਜਾਇਦਾਦ
ਜਾਂ ਕਿਸੇ ਹੀਰੇ-ਜਵਾਹਰਾਤ ਵਾਲਾ ਤੁਹਾਡਾ ਕੋਈ ਵੀ ਦਾਅਵਾ ਹਿੰਦੁਸਤਾਨ ਦੀ ਸਰਕਾਰ ਹੁਣ ਨਹੀਂ
ਸੁਣੇਗੀ, ਇਸ ਵਿਚ ਕੋਈ ਦਮ ਨਹੀਂ ਹੈ।’
ਲੌਰਡ ਕਰੇਨਬਰੁੱਕ ਦਾ ਇਹ ਸਿੱਧਾ ਇਨਕਾਰ ਸੀ। ਮਹਾਂਰਾਜਾ ਆਸ ਦਾ ਪੱਲਾ ਨਹੀਂ ਸੀ ਛੱਡਣਾ
ਚਾਹੁੰਦਾ। ਉਸ ਨੂੰ ਲਗਦਾ ਕਿ ਉਸ ਦੇ ਕੇਸ ਉਪਰ ਵਿਚਾਰ ਕਰਨ ਵਿਚ ਜਲਦਬਾਜ਼ੀ ਕੀਤੀ ਗਈ ਹੈ।
ਉਸ ਨੇ ਜਵਾਬੀ ਚਿੱਠੀ ਵਿਚ ਲਿਖਿਆ;
‘...ਮੈਨੂੰ ਪਤਾ ਸੀ ਕਿ ਹਿੰਦੁਸਤਾਨ ਦੀ ਸਰਕਾਰ ਮੇਰੇ ਦਾਅਵੇ ਨੂੰ ਨਹੀਂ ਮੰਨੇਗੀ ਪਰ ਮੈਂ
ਆਪਣਾ ਕੇਸ ਲੈ ਕੇ ਪਾਰਲੀਮੈਂਟ ਵਿਚ ਜਾਵਾਂਗਾ ਤੇ ਇਹ ਲੋਕ ਜਿਹੜੇ ਆਪਣੇ ਆਪ ਨੂੰ ਮਾਲਕ ਸਮਝੀ
ਬੈਠੇ ਹਨ ਇਹਨਾਂ ਦੇ ਮੂੰਹ ਬੰਦ ਕਰਾਵਾਂਗਾ।’...
ਇੰਡੀਆ ਔਫਿਸ ਵਾਲੇ ਮਹਾਂਰਾਜੇ ਨੂੰ ਇਕ ਸਿਰਦਰਦੀ ਦੇ ਤੌਰ ‘ਤੇ ਲੈ ਰਹੇ ਸਨ। ਇਸ ਦੇ
ਕਰਮਚਾਰੀ ਆਪਣੀਆਂ ਗੱਲਾਂ ਵਿਚ ਹਰ ਵੇਲੇ ਮਹਾਂਰਾਜੇ ਦਾ ਮਜ਼ਾਕ ਉਡਾਉਂਦੇ ਰਹਿੰਦੇ। ਇਕ ਦਿਨ
ਡੇਵਿਡ ਵੁੱਡਫੋਰਡ ਆਪਣੇ ਸਹਿਕਰਮਚਾਰੀ ਜੌਹਨ ਆਈਵਰ ਨੂੰ ਕਹਿਣ ਲਗਿਆ,
“ਜੌਹਨ, ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਕਮਲ਼ਾ ਜਿਹਾ ਤੇ ਬੇਤਰਤੀਬ ਜਿਹਾ ਬੰਦਾ ਏਨੀਆਂ
ਦਲੀਲਾਂ ਕਿਥੋਂ ਘੜ ਕੇ ਲਿਆਉਂਦਾ ਹੋਏਗਾ?”
“ਡੇਵਿਡ, ਉਹਦੇ ਕੋਲ ਪੂਰੀ ਲੀਗਲ ਟੀਮ ਐ।”
“ਜੌਹਨ, ਮੈਨੂੰ ਉਹਦੀ ਲੀਗਲ ਟੀਮ ਦਾ ਵੀ ਪਤਾ ਏ ਪਰ ਹਰ ਮਸਲੇ ਬਾਰੇ ਏਹਦੀ ਏਨੀ ਡੂੰਘੀ
ਵਾਕਫੀ ਕਿਵੇਂ ਹੋ ਸਕਦੀ ਏ! ਦੂਰ ਦੂਰ ਤਕ ਵਾਪਰੀਆਂ ਸਾਰੀਆਂ ਘਟਨਾਵਾਂ ਬਾਰੇ ਇਸ ਨੂੰ
ਜਾਣਕਾਰੀ ਹੁੰਦੀ ਏ!”
“ਡੇਵਿਡ, ਇਕ ਗੱਲ ਦੱਸਾਂ, ਏਹ ਬੰਦਾ ਬੌਖਲਾ ਕੇ ਕੁਝ ਵੀ ਕਰ ਸਕਦਾ ਏ, ਸਾਡੀ ਸਰਕਾਰ ਲਈ
ਬਹੁਤ ਵੱਡੀ ਸਿਰਦਰਦੀ ਬਣ ਸਕਦਾ ਏ, ਸਰਕਾਰ ਨੂੰ ਉਹਦੇ ਨਾਲ ਏਵੇਂ ਪੇਸ਼ ਨਹੀਂ ਆਉਣਾ
ਚਾਹੀਦਾ। ਸਰਕਾਰ ਲੋੜ ਤੋਂ ਵੱਧ ਲਿਫਾ ਰਹੀ ਏ।”
ਮਹਾਂਰਾਜੇ ਕੋਲ ਹੁਣ ਬੂਟਾ ਸਿੰਘ ਵੀ ਸੀ ਜੋ ਹਰ ਗੱਲ ਦੀ ਪੂਰੀ ਘੋਖ ਰੱਖਦਾ ਸੀ। ਉਸ ਤੋਂ ਵੀ
ਉਪਰ ਪੌਲ ਸ਼ੀਨ ਸੀ ਜਿਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ। ਹੋਰ ਵਕੀਲ ਤੇ ਖਾਸ ਦੋਸਤ ਵੀ
ਸਨ ਜਿਹਨਾਂ ਨਾਲ ਮਹਾਂਰਾਜੇ ਨੇ ਵੀ ਸਾਰੀ ਉਮਰ ਵਫਾ ਨਿਭਾਈ ਹੋਈ ਸੀ। ਮਹਾਂਰਾਜਾ ਦੋਸਤੀ ਦੇ
ਮਾਮਲੇ ਵਿਚ ਆਪ ਵੀ ਪੂਰਾ ਵਫਾਦਾਰ ਸੀ ਤੇ ਇਵੇਂ ਹੀ ਕੁਝ ਦੋਸਤ ਵੀ ਉਸ ਨਾਲ ਨਿਭਣ ਵਾਲੇ ਸਨ।
ਮਹਾਂਰਾਜਾ ਸਮਝਦਾ ਸੀ ਕਿ ਉਸ ਦੀ ਲੜਾਈ ਲੰਮੀ ਹੈ ਇਸ ਲਈ ਉਹ ਕੋਸਿ਼ਸ਼ ਕਰਦਾ ਕਿ ਥੋੜੇ ਕੀਤੇ
ਕਿਸੇ ਨਾਲ ਵਿਗੜੇ ਨਾ। ਕੁਝ ਲੋਕ ਹੈਰਾਨ ਹੁੰਦੇ ਕਿ ਮਹਾਂਰਾਜਾ ਬ੍ਰਤਾਨਵੀ ਸਰਕਾਰ ਦੀ ਹਰ
ਗੱਲ ਅੱਖਾਂ ਮੀਟ ਕੇ ਮੰਨਦਾ ਆਇਆ ਸੀ ਤੇ ਹੁਣ ਏਨਾ ਕਿਵੇਂ ਬਦਲ ਗਿਆ ਸੀ। ਕੁਝ ਲੋਕ
ਮਹਾਂਰਾਜੇ ਦੀ ਵਿਦਰੋਹੀ ਸੁਰ ਦੀ ਜਿ਼ੰਮੇਵਾਰੀ ਰਾਣੀ ਜਿੰਦ ਕੋਰ ਨੂੰ ਦਿੰਦੇ ਤੇ ਕੁਝ ਆਖਦੇ
ਕਿ ਐੱਲਵੇਡਨ ਵਿਚ ਸਿੱਖਾਂ ਦਾ ਆਉਣ-ਜਾਣਾ ਵਧ ਜਾਣ ਕਾਰਨ ਮਹਾਂਰਾਜਾ ਬਦਲ ਗਿਆ ਸੀ।
ਜੂਨ ਮਹੀਨੇ ਵਿਚ ਸੈਕਟਰੀ ਔਫ ਸਟੇਟ ਫਿਰ ਬਦਲ ਗਿਆ ਤੇ ਹੁਣ ਮਹਾਂਰਾਜੇ ਦਾ ਦੋਸਤ ਲੌਰਡ
ਹਾਰਟਿੰਗਟਨ ਆ ਗਿਆ। ਲੌਰਡ ਹਾਰਟਿੰਗਟਨ ਕਈ ਵਾਰ ਐੱਲਵੇਡਨ ਵਿਚ ਸਿ਼ਕਾਰ ਖੇਡਣ ਆ ਚੁਕਿਆ ਸੀ
ਤੇ ਮਹਾਂਰਾਜੇ ਦੀ ਮਹਿਮਾਨ ਨਿਵਾਜ਼ੀ ਤੋਂ ਮੁਤਾਸਰ ਸੀ। ਮਹਾਂਰਾਜੇ ਦੇ ਦੋਸਤ ਆਸ ਰੱਖਦੇ ਸਨ
ਲੌਰਡ ਹਾਰਟਿੰਗਟਨ ਮਹਾਂਰਾਜੇ ਲਈ ਜ਼ਰੂਰ ਕੁਝ ਕਰੇਗਾ ਪਰ ਮਹਾਂਰਾਜੇ ਦਾ ਅਨੁਭਵ ਕਹਿ ਰਿਹਾ
ਸੀ ਕਿ ਉਹ ਵੀ ਉਸ ਲਈ ਬਹੁਤਾ ਕੁਝ ਨਹੀਂ ਕਰ ਸਕੇਗਾ। ਉਸ ਨੇ ਮਹਾਂਰਾਜੇ ਦਾ ਕੇਸ ਦੇਖਣਾ
ਸ਼ੁਰੂ ਕਰ ਦਿਤਾ। ਉਸ ਨਾਲ ਸਬੰਧੀ ਪੇਪਰ ਵੀ ਮੰਗਵਾਏ। ਮਹਾਂਰਾਜੇ ਦੇ ਵਕੀਲ ਨਾਲ ਸਲਾਹਾਂ
ਕਰਨੀਆਂ ਵੀ ਸ਼ੁਰੂ ਕਰ ਦਿਤੀਆਂ। ਕਾਫੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਨਵੀਆਂ ਤਜਵੀਜ਼ਾਂ
ਪੇਸ਼ ਕੀਤੀਆਂ;
1- ਮਹਾਂਰਾਜੇ ਨੂੰ 44,000 ਪੌਂਡ ਬਿਨਾਂ ਵਿਆਜ ਤੇ ਦਿਤਾ ਜਾਵੇਗਾ ਜਿਸ ਨਾਲ ਉਹ ਬੈਂਕਰ
ਮੈਸਰਜ਼ ਕਾਊਂਟਸ ਦਾ ਕਰਜ਼ਾ ਲਾਹ ਸਕੇਗਾ ਤੇ ਆਪਣੀਆਂ ਬੀਮੇ ਦੀਆਂ ਪੌਲਸੀਆਂ ਵੀ ਛੁਡਵਾ
ਸਕੇਗਾ।
2- 3,000 ਪੌਂਡ ਹੋਰ ਵਿਆਜ ਤੋਂ ਬਿਨਾਂ ਉਸ ਨੂੰ ਦਿਤਾ ਜਾਵੇਗਾ ਤਾਂ ਜੋ ਛੋਟੇ ਛੋਟੇ ਖਰਚੇ
ਪੂਰੇ ਕਰ ਸਕੇ।
3- ਉਸ ਨੂੰ ਦਿਤੇ 13,000 ਪੌਂਡ ਦਾ ਵਿਆਜ ਵੀ ਖਤਮ ਕਰ ਦਿਤਾ ਜਾਵੇਗਾ
ਇਸ ਦੇ ਬਦਲੇ ਵਿਚ ਮਹਾਂਰਾਜੇ ਨੂੰ ਦੋ ਸ਼ਰਤਾਂ ਨਿਭਾਉਣੀਆਂ ਪੈਣਗੀਆਂ। ਇਕ ਤਾਂ ਇਹ ਕਿ ਜੋ
ਕੁਝ ਐਲਵੇਡਨ ਇਸਟੇਟ ਬਾਰੇ ਉਸ ਨਾਲ ਤੈਅ ਹੋਇਆ ਹੈ ਉਸ ਸ਼ਰਤ ਨੂੰ ਨਿਭਾਏਗਾ ਤੇ ਦੂਜੀ ਉਸ
ਸ਼ਰਤ ਨੂੰ ਦਿਲੋਂ ਨਿਭਾਏਗਾ ਤੇ ਇਸ ਨਾਲ ਲਗਦੀਆਂ ਹੋਰ ਧਾਰਵਾਂ ਵੀ ਪੂਰੀਆਂ ਕਰੇਗਾ। ਜੇ
ਮਹਾਂਰਾਜਾ ਇਹ ਗੱਲਾਂ ਮੰਨਦਾ ਹੈ ਤਾਂ ਉਸ ਨੂੰ 3,000 ਪੌਂਡ ਇਕ ਦਮ ਦੇ ਦਿਤਾ ਜਾਵੇਗਾ।
ਮਹਾਂਰਾਜੇ ਨੂੰ ਆਪਣਾ ਆਪ ਬਹੁਤ ਹੀ ਟੁੱਟਿਆ ਹੋਇਆ ਲਗਿਆ। ਇਸ ਵੇਲੇ ਉਸ ਨੂੰ ਪੈਸਿਆਂ ਦੀ
ਸਖਤ ਲੋੜ ਸੀ। ਉਸ ਨੇ ਕਾਫੀ ਕੁਝ ਸੋਚ ਕਿ ਸਾਰੀਆ ਸ਼ਰਤਾਂ ਮੰਨ ਲਈਆਂ। ਉਸ ਨੂੰ ਇਸ ਗੱਲ ਦਾ
ਬਹੁਤ ਦੁੱਖ ਸੀ ਕਿ ਉਸ ਦੇ ਮਰਨ ਤੋਂ ਬਾਅਦ ਐਲਵੇਡਨ ਵੇਚ ਦਿਤੀ ਜਾਵੇਗੀ। ਹੁਣ ਇਸ ਤੋਂ
ਬਿਨਾਂ ਉਸ ਨੂੰ ਕੋਈ ਹੋਰ ਹੱਲ ਵੀ ਨਹੀਂ ਸੀ ਦਿਸ ਰਿਹਾ। ਆਪਣੇ ਆਪ ਨੂੰ ਤਸੱਲੀ ਦੇਣ ਲਈ ਉਹ
ਦਲੀਲ ਦੇਣ ਲਗਦਾ ਕਿ ਵਿਕਟਰ ਵੱਡਾ ਹੋ ਕੇ ਇਸਟੇਟ ਨੂੰ ਸੰਭਾਲਣ ਲਗ ਪਵੇਗਾ, ਇਸ ਦੇ ਖਰਚੇ
ਉਠਾਉਣ ਲਗ ਪਵੇਗਾ ਤਾਂ ਇਸਟੇਟ ਨੂੰ ਰੱਖ ਵੀ ਸਕੇਗਾ। ਉਸ ਨੇ ਲੌਰਡ ਹਾਰਟਿੰਗਟਨ ਦੀਆਂ
ਸ਼ਰਤਾਂ ਮਨਜ਼ੂਰ ਕਰਦਿਆਂ ਕਿਹਾ ਕਿ ਉਸ ਨੂੰ ਨਕਦ ਰਕਮ ਤਿੰਨ ਹਜ਼ਾਰ ਪੌਂਡ ਦੀ ਬਜਾਏ ਪੰਜ
ਹਜ਼ਾਰ ਪੌਂਡ ਦਿਤਾ ਜਾਵੇ।
ਬਾਕੀ ਜੋ ਵੀ ਸੀ ਪਰ ਮਹਾਂਰਾਜੇ ਨੂੰ ਆਪਣੀ ਇਸਟੇਟ ਹੱਥੋਂ ਜਾਂਦੀ ਦਿਸ ਰਹੀ ਸੀ ਜੋ ਕਿ ਉਸ
ਲਈ ਬਹੁਤ ਦੁਖਦਾਈ ਸੀ। ਉਹ ਇਹ ਜਾਇਦਾਦ ਆਪਣੇ ਮੁੰਡੇ ਨੂੰ ਮਿਲਦੀ ਦੇਖਣੀ ਚਾਹੁੰਦਾ ਸੀ। ਉਹ
ਸੋਚਦਾ ਸੀ ਕਿ ਲੌਰਡ ਹਾਰਟਿੰਗਟਨ ਤਾਂ ਨਹੀਂ ਸ਼ਾਇਦ ਮਹਾਂਰਾਣੀ ਉਸ ਦੀ ਗੱਲ ਸਮਝਦੀ ਹੋਵੇ,
ਸ਼ਾਇਦ ਉਸ ਨੂੰ ਉਸ ਨਾਲ ਕੋਈ ਹਮਦਰਦੀ ਹੋਵੇ। ਉਸ ਨੇ ਮਹਾਂਰਾਣੀ ਨੂੰ ਚਿੱਠੀ ਲਿਖਣੀ ਸ਼ੁਰੂ
ਕੀਤੀ;
‘ਮੇਰੀ ਸ਼ਾਨੋਸ਼ੌਕਤ ਵਾਲੀ ਸਰਕਾਰ! ਮੇਰੇ ਕਲੇਮ ਸਬੰਧੀ ਹਿੰਦੁਸਤਾਨ ਦੀ ਸਰਕਾਰ ਤੋਂ ਆਖਰੀ
ਫੈਸਲਾ ਪੁੱਜ ਗਿਆ ਹੈ ਜਿਸ ਮੁਤਾਬਕ ਮੈਨੂੰ ਵਿਆਜ ਤੋਂ ਬਿਨਾਂ ਕੁਲ ਮਿਲਾ ਕੇ 57,000 ਪੌਂਡ
ਦਿਤੇ ਜਾਣੇ ਹਨ ਪਰ ਸ਼ਰਤ ਇਹ ਹੈ ਕਿ ਐੱਲਵੇਡਨ ਹਾਲ ਮੇਰੀ ਮੌਤ ਤੋਂ ਬਾਅਦ ਵੇਚ ਦਿਤਾ
ਜਾਵੇਗਾ। ...ਮੇਰੇ ਸਾਹਮਣੇ ਇਕੋ ਇਕ ਰਾਹ ਰੱਖਿਆ ਗਿਆ ਸੀ ਕਿ ਏਨਾ ਲੈ ਜਾਂ ਫਿਰ ਕੁਝ ਵੀ
ਨਹੀਂ। ...ਮੇਰਾ ਦਿਲ ਬਹੁਤ ਦੁਖੀ ਹੈ ਕਿ ਮੇਰਾ ਵੱਡਾ ਪੁੱਤਰ ਤੇ ਤੁਹਾਡਾ ਗੌਡਸਨ ਨੂੰ
ਐੱਲਵੇਡਨ ਇਸਟੇਟ ਵਿਚੋਂ ਕੱਢ ਦਿਤਾ ਜਾਵੇਗਾ, ਉਸ ਘਰ ਵਿਚੋਂ ਜਿਹੜਾ ਉਸ ਦੇ ਬਚਪੱਨ ਤੋਂ ਉਸ
ਦੇ ਨਾਲ ਜੁੜਿਆ ਰਿਹਾ ਹੈ। ...ਮੇਰੀ ਸਰਕਾਰ! ਮੇਰੇ ਦੁੱਖ ਨੂੰ ਕੋਈ ਨਹੀਂ ਸਮਝ ਰਿਹਾ। ਕਿਸੇ
ਵੇਲੇ ਮੈਨੂੰ ਘਰੋਂ ਕੱਢ ਦਿਤਾ ਗਿਆ ਸੀ ਤੇ ਆਪਣੀ ਜਨਮ ਭੂਮੀ ਤੋਂ ਜਲਾਵਤਨ ਕਰ ਦਿਤਾ ਗਿਆ
ਸੀ, ਸੋਚਦਾ ਹਾਂ ਕਿ ਇਹੋ ਦੁੱਖ ਮੇਰੇ ਬੇਟੇ ਨੂੰ ਵੀ ਦੇਖਣਾ ਪਵੇਗਾ। ...ਯੌਅਰ ਮੈਜਿਸਟੀ,
ਮੇਰੀ ਸਰਕਾਰ! ਮੈਂ ਤੁਹਾਡੀ ਗੌਰਮਿੰਟ ਦੇ ਦਿਤੇ ਕਾਗਜ਼ਾਂ ‘ਤੇ ਦਸਤਖਤ ਕਰਨ ਤੋਂ ਕਦੇ ਵੀ
ਨਾਂਹ ਨਹੀਂ ਕਰ ਸਕਦਾ, ਗੌਰਮਿੰਟ ਵਲੋਂ ਮੇਰੇ ਮੁਹਰੇ ਕੋਈ ਪ੍ਰਸਤਾਵ ਜਾਂ ਤਜਵੀਜ਼ ਵੀ ਨਹੀਂ
ਰੱਖੀ ਗਈ, ਬਸ ਇਹੋ ਸੀ ਕਿ ਜਾਂ ਇਹ ਕੁਝ ਹੈ ਤੇ ਜਾਂ ਕੁਝ ਵੀ ਨਹੀਂ। ...ਮੇਰੀ ਸਰਕਾਰ!
ਮੈਨੂੰ ਇਹ ਕਿਸੇ ਵੀ ਸਰਕਾਰ ਦੀ ਬਹੁਤ ਬੇਇਨਸਾਫੀ ਲਗਦੀ ਹੈ ਖਾਸ ਤੌਰ ਤੇ ਇਸ ਮੌਜੂਦਾ
ਪ੍ਰਧਾਨ ਮੰਤਰੀ ਵਲੋਂ ਕੀਤੀ ਹੋਈ ਜਦ ਕਿ ਇਹ ਪ੍ਰਧਾਨ ਮੰਤਰੀ ਇਕ ਪਾਸੇ ਤਾਂ ਗਰੀਸ ਦੇ
ਇਓਨੀਅਨ ਆਈਲੈਂਡ ਦੇ ਹੱਕਾਂ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਮੇਰੇ ਹੱਕ ਦਬਾਏ ਜਾ ਰਹੇ
ਹਨ, ਮੇਰੀ ਪੰਜਾਬ ਵਿਚਲੀ ਇਕ ਤੋਂ ਦੋ ਲੱਖ ਸਲਾਨਾ ਆਮਦਨ ਤੋਂ ਮੈਨੂੰ ਵਾਂਝਾ ਰੱਖਿਆ ਜਾ
ਰਿਹਾ ਹੈ। ...ਮੇਰੀ ਸ਼ਾਨੋਸ਼ੌਕਤ ਵਾਲੀ ਸਰਕਾਰ! ਕੁਝ ਏਕੜ ਜ਼ਮੀਨ ਨਾਲ ਯੋਅਰ ਮੈਜਿਸਟੀ ਨੂੰ
ਕੋਈ ਫਰਕ ਨਹੀਂ ਪੈਣਾ।... ...ਹੁਣ ਮੈਂ 16,000 ਪੌਂਡ ਸਲਾਨਾ ਨਾਲ ਗੁਜ਼ਾਰਾ ਕਰਨ ਦੀ
ਕੋਸਿ਼ਸ਼ ਕਰਾਂਗਾ, ਰੱਬ ਮੇਰੀ ਉਮਰ ਲੰਮੀ ਕਰੇ ਮੈਂ ਵਿਕਟਰ ਲਈ ਕੋਈ ਨਾ ਕੋਈ ਇੰਤਜ਼ਾਮ
ਜ਼ਰੂਰ ਕਰ ਦੇਵਾਂਗਾ। ...ਯੋਅਰ ਮੈਜਿਸਟੀ! ਮੈਂ ਜੋ ਆਪਣੇ ਨਿੱਜੀ ਦੁੱਖ ਦੱਸ ਕੇ ਜੋ ਤਕਲੀਫ
ਦਿਤੀ ਹੈ ਇਸ ਲਈ ਮੁਆਫੀ ਚਾਹੁੰਦਾ ਹਾਂ ਪਰ ਮੇਰਾ ਹੋਰ ਹੈ ਵੀ ਕੌਣ ਜਿਸ ਨਾਲ ਇਹ ਸਭ ਸਾਂਝਾ
ਕਰ ਸਕਾਂ। ...ਯੌਅਰ ਮੈਜਿਸਟੀ! ਮੈਨੂੰ ਤੁਹਾਡਾ ਵਫਾਦਾਰ ਸ਼ਹਿਰੀ ਹੋਣ ਦਾ ਪੂਰਾ ਮਾਣ
ਹੈ।’...
ਮਹਾਂਰਾਣੀ ਨੇ ਉਸ ਦੇ ਖਤ ਦਾ ਇਕ ਦਮ ਜਵਾਬ ਦਿੰਦਿਆਂ ਲਿਖਿਆ;
‘ਪਿਆਰੇ ਮਹਾਂਰਾਜਾ, ਯੋਅਰ ਹਾਈਨੈਸ, ਤੁਹਾਡੀ 13 ਤਰੀਕ ਵਾਲੀ ਚਿੱਠੀ ਪੜ੍ਹ ਕੇ ਮਨ ਬਹੁਤ
ਦੁਖੀ ਹੋਇਆ। ..ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਕਿੰਨਾ ਪਸੰਦ ਕਰਦੀ ਹਾਂ ਤੇ ਦਿਲੋਂ
ਮਹਿਸੂਸ ਕਰਦੀ ਹਾਂ ਕਿ ਤੁਸੀਂ ਬਹੁਤ ਹੀ ਮਸੂਮ ਸਾਓ ਜਦੋਂ ਤੁਹਾਨੂੰ ਬਿਦਕਿਸਮਤ ਹਾਲਾਤ ਵਿਚ
ਆਪਣਾ ਦੇਸ਼ ਛੱਡਣਾ ਪਿਆ। ...ਮੈਂ ਲੌਰਡ ਹਾਰਟਿੰਗਟਨ ਨੂੰ ਲਿਖ ਦਿਤਾ ਹੈ ਕਿ ਉਹ ਤੁਹਾਡੇ
ਰੁਤਬੇ ਨੂੰ ਦੇਖਦੇ ਹੋਏ ਤੁਹਾਡੇ ਲਈ ਜੋ ਵੀ ਕਰ ਸਕਦੇ ਹਨ ਕਰਨ। ...ਮੈਂ ਪਹਿਲਾਂ ਵੀ ਦੋ ਕੁ
ਵਾਰ ਕਿਹਾ ਹੈ ਕਿ ਆਪਣੇ ਭਵਿੱਖ ਵਿਚ ਆਪਣੇ ਖਰਚਿਆਂ ਨੂੰ ਕਾਬੂ ਵਿਚ ਲਿਆਵੋ। ...ਮੈਂ
ਤੁਹਾਡੇ ਲਈ ਤੇ ਆਪਣੇ ਗੌਡਸਨ ਲਈ ਜੋ ਵੀ ਕਰ ਸਕਦੀ ਹੋਈ ਕਰਨ ਦੀ ਕੋਸਿ਼ਸ਼ ਕਰਾਂਗੀ। ...ਆਸ
ਕਰਦੀ ਹਾਂ ਕਿ ਤੁਸੀ, ਮਹਾਂਰਾਣੀ ਤੇ ਬੱਚੇ ਠੀਕ ਹੋਵੋਂਗੇ।’...
ਅਗਲੇ ਦਿਨ ਹੀ ਮਹਾਂਰਾਣੀ ਨੇ ਲੌਰਡ ਹਾਰਟਿੰਗਟਨ ਨੂੰ ਵੀ ਇਸ ਬਾਰੇ ਚਿੱਠੀ ਕੱਢ ਦਿਤੀ। ਉਸ
ਨੇ ਮਹਾਂਰਾਜੇ ਨਾਲ ਆਪਣੇ ਸਬੰਧਾਂ ਬਾਰੇ ਤੇ ਉਸ ਦੇ ਇਮਾਨਦਾਰ, ਸਪੱਸ਼ਟ ਹੋਣ ਬਾਰੇ ਵੀ
ਗੱਲਾਂ ਕੀਤੀਆਂ। ਮਹਾਂਰਾਜੇ ਦਾ ਐਡੇ ਵੱਡੇ ਰਾਜ ਜੋ ਕਿ ਹੁਣ ਉਹਨਾਂ ਦੇ ਕਬਜ਼ੇ ਵਿਚ ਹੈ ਉਸ
ਬਾਰੇ ਵੀ ਦੱਸਿਆ। ਮਹਾਂਰਾਣੀ ਵਿਕਟੋਰੀਆ ਨੂੰ ਮਹਾਂਰਾਜੇ ਦੀ ਸਥਿਤੀ ਬਾਰੇ ਦਿਲੋਂ ਦੁੱਖ ਸੀ
ਭਾਵੇਂ ਉਹ ਇਸ ਦਾ ਵੱਡਾ ਕਾਰਨ ਉਸ ਨੂੰ ਹੀ ਮੰਨਦੀ ਸੀ। ਲੌਰਡ ਹਾਰਟਿੰਗਟਨ ਨੂੰ ਚਿੱਠੀ ਲਿਖ
ਕੇ ਮਹਾਂਰਾਣੀ ਨੂੰ ਤਸੱਲੀ ਜਿਹੀ ਸੀ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ
ਮਹਾਂਰਾਜੇ ਦੀ ਲੰਮੀ ਵਫਾਦਾਰੀ ਦਾ ਸਿਲਾ ਮੋੜ ਰਹੀ ਹੋਵੇ।
ਉਹਨਾਂ ਦਿਨਾਂ ਵਿਚ ਮਹਾਂਰਾਣੀ ਵਿਕਟੋਰੀਆ ਆਪਣੇ ਬੈਲਮੋਰਲ ਵਾਲੇ ਕੈਸਲ ਵਿਚ ਛੁੱਟੀਆਂ ਤੇ ਗਈ
ਹੋਈ ਸੀ। ਕੁਝ ਸਰਕਾਰੀ ਕੰਮਾਂ ਕਾਰਨ ਲੌਰਡ ਹਾਰਟਿੰਗਟਨ ਦਾ ਮਹਾਂਰਾਣੀ ਨੂੰ ਮਿਲਣਾ ਜ਼ਰੂਰੀ
ਸੀ। ਉਸ ਨੇ ਮਹਾਂਰਾਣੀ ਤਕ ਪਹੁੰਚ ਕੀਤੀ ਤਾਂ ਉਸ ਨੂੰ ਬੈਲਮੋਰਲ ਕੈਸਲ ਵਿਚ ਹੀ ਸੱਦ ਲਿਆ
ਗਿਆ। ਆਪਣੇ ਕੰਮ ਮੁਕਾ ਕੇ ਲੌਰਡ ਹਾਰਟਿੰਗਟਨ ਨੇ ਮਹਾਂਰਾਣੀ ਨਾਲ ਮਹਾਂਰਾਜੇ ਦੀਆਂ ਗੱਲਾਂ
ਸ਼ੁਰੂ ਕਰ ਲਈਆਂ। ਉਹ ਕਹਿਣ ਲਗਿਆ,
“ਯੋਅਰ ਮੈਜਿਸਟੀ, ਮਹਾਂਰਾਜਾ ਬੰਦਾ ਬੁਰਾ ਨਹੀਂ, ਵਧੀਆ ਦੋਸਤ ਤੇ ਵਧੀਆ ਇਨਸਾਨ ਏ ਪਰ ਉਸ ਨੇ
ਆਪਣੀਆਂ ਆਦਤਾਂ ਵਿਗਾੜ ਲਈਆਂ ਨੇ, ਖਰਚਿਆਂ ਉਪਰ ਕੋਈ ਕਾਬੂ ਨਹੀਂ ਏ। ਜੋ ਪੈਸੇ ਅਸੀਂ ਉਹਨੂੰ
ਦਿੰਨੇ ਆਂ, ਉਹ ਅਯਾਸ਼ੀ ‘ਤੇ ਖਰਚ ਲੈਂਦਾ ਏ।”
“ਯੈੱਸ ਲੌਰਡ, ਮੈਂ ਸਮਝਦੀ ਆਂ, ਮੈਂ ਉਹਨੂੰ ਇਹਦੇ ਬਾਰੇ ਲਿਖਿਆ ਵੀ ਸੀ ਤਾਂ ਬਦਲੇ ਵਿਚ ਆਹ
ਦੇਖੋ ਉਸ ਦਾ ਇਕ ਹੋਰ ਪੱਤਰ ਆਇਆ ਏ ਤੇ ਆਪਣੀ ਸਫਾਈ ਦਿਤੀ ਹੋਈ ਏ।”
ਲੌਰਡ ਹਾਰਟਿੰਗਟਨ ਮਹਾਂਰਾਜੇ ਦੀ ਲਿਖੇ ਪੱਤਰ ਨੂੰ ਦੇਖਣ ਲਗਿਆ ਜਿਸ ਮੁਤਾਬਕ ਉਸ ਦਾ ਨਿੱਜੀ
ਖਰਚ ਸਿਰਫ 882 ਪੌਂਡ ਸੀ। ਉਸ ਨੇ ਸਾਲ ਵਿਚ 2,000 ਪੌਂਡ ਚਰਚ ਦੀ ਮੁਰੰਮਤ ਵਾਸਤੇ ਤੇ
ਕਿਸਾਨਾਂ ਦੇ ਘਰਾਂ ਉਪਰ ਖਰਚੇ ਸਨ, ਇਸਟੇਟ ਵਿਚ ਪੈਂਦੇ ਪਿੰਡਾਂ ਦੇ ਸਕੂਲ ਬਣਵਾਏ ਸਨ ਤੇ
ਬਹੁਤ ਸਾਰੇ ਦਰਖਤ ਲਗਵਾਏ ਸਨ। ਉਸ ਨੇ ਪੱਤਰ ਇਕ ਪਾਸੇ ਰੱਖਦਿਆਂ ਆਖਿਆ,
“ਯੋਅਰ ਮੈਜਿਸਟੀ, ਇਹ ਸਭ ਘੜੇ ਹੋਏ ਖਰਚੇ ਨੇ, ਅਸੀਂ ਸਾਰੇ ਜਾਣਦੇ ਹਾਂ ਕਿ ਉਹਨੂੰ ਜੂਆ
ਖੇਡਣ ਦੀ ਆਦਤ ਏ, ਉਹ ਮਿਲਣ ਆਏ ਹਿੰਦੁਸਤਾਨੀ ਲੋਕਾਂ ਉਪਰ ਹੀ ਪੈਸੇ ਖਰਚਦਾ ਰਹਿੰਦਾ ਏ।”
“ਲੌਰਡ, ਮੈਂ ਸਮਝਦੀ ਆਂ ਪਰ ਮੈਂ ਉਹਨੂੰ ਏਨਾ ਪਸੰਦ ਕਰਦੀ ਆਂ ਕਿ ਉਸ ਦੇ ਦੁੱਖ ਨੂੰ ਦਿਲੋਂ
ਮਹਿਸੂਸ ਕਰਦੀ ਆਂ, ਕਈ ਵਾਰ ਤਾਂ ਮੈਨੂੰ ਸਮਝ ਹੀ ਨਹੀਂ ਲਗਦਾ ਕਿ ਉਸ ਦੀਆਂ ਇਹਨਾਂ ਗੱਲਾਂ
ਦਾ ਕੀ ਜਵਾਬ ਦੇਵਾਂ!”
“ਯੋਅਰ ਮੈਜਿਸਟੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆਂ ਪਰ ਸੋਚ ਕੇ ਦੇਖੋ ਕਿ
ਕਾਨੂੰਨੀ ਤੌਰ ‘ਤੇ ਤੁਸੀਂ ਵੀ ਬਹੁਤਾ ਕੁਝ ਨਹੀਂ ਕਰ ਸਕਦੇ। ਜੇ ਮਹਾਂਰਾਜਾ ਆਪ ਆਪਣੀ ਮੱਦਦ
ਨਹੀਂ ਕਰ ਸਕਦਾ ਤਾਂ ਕੋਈ ਹੋਰ ਕੀ ਕਰ ਸਕੇਗਾ। ਉਸ ਨੂੰ ਜਿੰਨੇ ਵੀ ਪੈਸੇ ਦਿਤੇ ਜਾਣਗੇ ਉਹ
ਉਹਨਾਂ ਸਭ ਨੂੰ ਖਰਚ ਕੇ ਹੋਰ ਮੰਗੇਗਾ ਸੋ ਮੌਜੂਦਾ ਸਰਕਾਰ ਦੀ ਨੀਤੀ ਇਹ ਵੇ ਕਿ ਮਹਾਂਰਾਜਾ
ਨੂੰ ਮਜਬੂਰ ਕੀਤਾ ਜਾਵੇ ਕਿ ਆਪਣੇ ਵਾਧੂ ਦੇ ਖਰਚਿਆਂ ਉਪਰ ਕਾਬੂ ਪਾਵੇ।”
“ਲੌਰਡ, ਮੈਂ ਸਮਝਦੀ ਆਂ ਪਰ ਮੇਰੀ ਸਥਿਤੀ ਅਜਿਹੀ ਏ ਕਿ ਮੈਂ ਉਸ ਨੂੰ ਤੋੜ ਕੇ ਕਿਸੇ ਗੱਲੋਂ
ਜਵਾਬ ਵੀ ਨਹੀਂ ਦੇ ਸਕਦੀ।”
“ਯੋਅਰ ਮੈਜਿਸਟੀ, ਤੁਸੀਂ ਆਪਣੀ ਸਥਿਤੀ ਨੂੰ ਸਪੱਸ਼ਟ ਤਾਂ ਕਰ ਸਕਦੇ ਓ।”
ਲੌਰਡ ਹਾਰਟਿੰਗਟਨ ਨੇ ਗੱਲਾਂ ਰਾਹੀ ਮਹਾਂਰਾਣੀ ਨੂੰ ਸਮਝਾ ਦਿਤਾ ਕਿ ਉਹ ਮਹਾਂਰਾਜੇ ਦੇ ਪੱਤਰ
ਦਾ ਕੀ ਜਵਾਬ ਦੇਵੇ। ਮਹਾਂਰਾਣੀ ਨੇ ਮਹਾਂਰਾਜੇ ਨੂੰ ਖਤ ਲਿਖਿਆ;
‘...ਮੈਨੂੰ ਲਗਦਾ ਹੈ ਕਿ ਮੈਂ ਜਵਾਬ ਦੇਣ ਵਿਚ ਦੇਰੀ ਕਰ ਗਈ ਹਾਂ। ...ਮੈਂ ਲੌਰਡ
ਹਾਰਟਿੰਗਟਨ ਨਾਲ ਸਾਰੀ ਸਥਿਤੀ ਬਾਰੇ ਵਿਚਾਰ ਕੀਤੀ ਹੈ, ਮੈਨੂੰ ਜਾਪਦਾ ਹੈ ਕਿ ਉਹ ਜੋ ਵੀ ਕਰ
ਰਹੇ ਹਨ ਤੁਹਾਡੇ ਫਾਇਦੇ ਲਈ ਹੀ ਕਰ ਰਹੇ ਹਨ। ...ਮੈਨੂੰ ਨਹੀਂ ਜਾਪਦਾ ਕਿ ਤੁਹਾਡੇ ਕਲੇਮ
‘ਤੇ ਹੋਰ ਵਿਚਾਰਾਂ ਕੀਤੀਆਂ ਜਾਣਗੀਆਂ। ...ਮੈਂ ਇਸ ਬਾਰੇ ਬਹੁਤੀ ਚਿੱਠੀ ਪੱਤਰ ਵੀ ਨਹੀਂ ਕਰ
ਸਕਦੀ ਕਿਉਂਕਿ ਇਹ ਸਰਕਾਰੀ ਮਾਮਲਾ ਹੈ ਤੇ ਇਹ ਮੇਰੇ ਮਿਨਿਸਟਰਾਂ ਤੇ ਹਿੰਦੁਸਤਾਨ ਦੀ ਸਰਕਾਰ
ਦੇ ਅਧੀਨ ਆਉਂਦਾ ਹੈ। ...ਮੈਂ ਸੋਚਦੀ ਹਾਂ ਕਿ ਆਪਣੀਆਂ ਇਹਨਾਂ ਮੁਸੀਬਤਾਂ ਬਾਰੇ ਸਰਕਾਰ ਨਾਲ
ਹੀ ਗੱਲ ਕਰੋ। ...ਮੈਂ ਇਕ ਸ਼ੁਭਚਿੰਤਕ ਦੇ ਤੌਰ ‘ਤੇ ਤੇ ਦੋਸਤ ਦੇ ਤੌਰ ‘ਤੇ ਇਹੋ ਸਲਾਹ
ਦੇਵਾਂਗੀ ਕਿ ਤੁਸੀਂ ਐੱਲਵੇਡਨ ਹਾਲ ਵੇਚ ਕੇ ਆਪਣੀ ਸਥਿਤੀ ਵਿਚ ਸੁਧਾਰ ਲੈ ਆਵੋ, ਅਜਿਹਾ
ਤੁਸੀਂ ਇਕ ਵਾਰ ਜਿ਼ਕਰ ਕਰ ਵੀ ਚੁੱਕੇ ਹੋ...।’
ਮਹਾਂਰਾਜਾ ਸਮਝ ਗਿਆ ਕਿ ਮਹਾਂਰਾਣੀ ਵੀ ਹੁਣ ਕੁਝ ਨਹੀਂ ਕਰ ਸਕੇਗੀ। ਉਹ ਇਹ ਸਮਝ ਗਿਆ ਸੀ ਕਿ
ਉਸ ਲਈ ਹਰ ਦਰ ਬੰਦ ਹੋ ਗਿਆ ਹੈ। ਮਹਾਂਰਾਣੀ ਨਾਲ ਉਸ ਦਾ ਅਜਿਹਾ ਰਿਸ਼ਤਾ ਸੀ ਕਿ ਉਸ ਦੀ
ਕਿਸੇ ਗੱਲ ਨੂੰ ਉਸ ਦਿਲ ‘ਤੇ ਨਹੀਂ ਸੀ ਲਾਉਂਦਾ। ਉਸ ਨੇ ਮਹਾਂਰਾਣੀ ਦੀ ਚਿੱਠੀ ਨੂੰ ਇਕ
ਨਸੀਅਤ ਦੇ ਤੌਰ ‘ਤੇ ਲਿਆ ਤੇ ਜਵਾਬ ਵਿਚ ਲਿਖਿਆ ਕਿ ਉਹ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ
ਕੋਸਿ਼ਸ਼ ਕਰ ਰਿਹਾ ਹੈ। ਆਪਣੇ ਆਪ ਨੂੰ ਬਦਲ ਰਿਹਾ ਹੈ। ਹੁਣ ਉਹ ਸਿ਼ਕਾਰ ਦੀ ਖੇਡ ਵਿਚੋਂ
ਪੈਸੇ ਕਮਾਉਣ ਦੀ ਕੋਸਿ਼ਸ਼ ਕਰੇਗਾ ਤੇ ਉਸ ਨੂੰ ਆਸ ਹੈ ਕਿ ਤਿੱਤਰਾਂ ਦੇ ਆਂਡੇ ਵੇਚ ਕੇ ਪੰਜ
ਹਜ਼ਾਰ ਪੌਂਡ ਬਚਾ ਸਕੇਗਾ।
ਲੌਰਡ ਚੈਲਵੇਅ ਨੂੰ ਇਹ ਤਾਂ ਪਤਾ ਸੀ ਕਿ ਪੌਲ ਸ਼ੀਨ ਮਹਾਂਰਾਜੇ ਦੇ ਵਕੀਲਾਂ ਵਿਚੋਂ ਇਕ ਸੀ
ਪਰ ਇਹ ਨਹੀਂ ਸੀ ਪਤਾ ਕਿ ਉਹ ਮਹਾਂਰਾਜੇ ਦਾ ਸਭ ਤੋਂ ਨਜ਼ਦੀਕਲਾ ਸਲਾਹਕਾਰ ਵੀ ਸੀ। ਇਕ ਦਿਨ
ਇਕ ਪਾਰਟੀ ‘ਤੇ ਦੋਵੇਂ ਇਕੱਠੇ ਹੋ ਗਏ ਤਾਂ ਲੌਰਡ ਚੈਲਵੇਅ ਮਹਾਂਰਾਜੇ ਬਾਰੇ ਮਜ਼ਾਕੀਆ
ਲਹਿਜ਼ੇ ਵਿਚ ਗੱਲ ਕਰਨ ਲਗਿਆ। ਪੌਲ ਸ਼ੀਨ ਬੋਲਿਆ,
“ਲੌਰਡ ਚੈਲਅਵੇ, ਮਹਾਂਰਾਜੇ ਦੀ ਇਸ ਵੇਲੇ ਹਾਲਤ ਕਮਜ਼ੋਰ ਪੁਲ ਵਰਗੀ ਏ, ਇਸ ਪੁਲ ਉਪਰ
ਪਹਿਲਾਂ ਹੀ ਬਹੁਤ ਬੋਝ ਏ, ਜੇ ਹੋਰ ਪਾਇਆ ਗਿਆ ਤਾਂ ਪੁਲ ਟੁੱਟ ਜਾਵੇਗਾ। ਇਸ ਦਾ ਨੁਕਸਾਨ
ਮਹਾਂਰਾਜੇ ਨੂੰ ਤਾਂ ਹੋਣਾ ਹੀ ਏ ਪਰ ਸਾਡੀ ਸਰਕਾਰ ਨੂੰ ਵੀ ਘੱਟ ਨਹੀਂ ਹੋਵੇਗਾ, ਤੁਸੀਂ
ਦੇਖਦੇ ਰਹਿਣਾ।”
(ਤਿਆਰੀ ਅਧੀਨ ਨਾਵਲ: ‘ਆਪਣਾ’ ਵਿਚੋਂ)
-0-
|