1-ਤੇਰੀ ਰਹਿਮਤ
--------------
ਵਿਹੜਾ ਤੇਰਾ ਮੌਕਲਾ
ਮੈਂ ਵੀ ਪੀੜਾ ਡਾਹ ਲਵਾਂ ।
ਰਿਸ਼ਤਾ ਗੰਢਾ ਸੱਚ ਦਾ
ਤੇਰੇ ਘਰ ਦਾ ਨਿੱਘ ਹੰਢਾ ਲਵਾਂ ।
ਮੈਂ ਦੂਰੋਂ ਆਇਆ ਚੱਲ ਕੇ ...
ਨਾਂ ਪੁੱਛੀਂ ਮੇਰੀ ਜਾਤ ਨੂੰ
ਬੂਹਾ ਰੱਖੀਂ ਖੋਲ ਕੇ
ਬਿੰਨ ਦਸਤਕ ਅੰਦਰ ਆ ਲਵਾਂ ।
ਆਂਗੰਣ ਲਾਇਆ ਰੁੱਖ ਤੂੰ
ਉਸਦੀ ਮਾਵਾਂ ਵਰਗੀ ਛਾਂ ,
ਪਿੰਡਾ ਦੁਖਦਾ ਉਮਰ ਦਾ
ਛਾਂ ਦਾ ਫਾਵਾ ਲਾ ਲਵਾਂ ।
ਘਰ ਤੇਰੇ ਦੇ ਵਿਚ ਰੌਸ਼ਨੀ
ਤੂੰ ਕਿਰਨਾ ਕਿੰਝ ਨੇ ਬੀਜੀਆਂ
ਇੱਕ ਕਿਰਨ ਉਧਾਰੀ ਮੰਗ ਲਾਂ
ਮੈਂ ਰੂਹ ਆਪਣੀ ਰੁਸ਼੍ਨਾਂ ਲਵਾਂ ।
ਮੈਂ ਪੰਡਾਂ ਕਈੰ ਨੇੰ ਚੁੱਕੀਆਂ
ਤੰਨ ਮੰਨ ਡਾਢਾ ਥੱਕਿਆ
ਤੂੰ ਕਹੇਂ ਤਾਂ ਪੰਡਾਂ ਖੋਲ ਕੇ
ਕੀ ਚੁੱਕਿਆ ਤੈਨੂੰ ਦਿਖਾ ਲਵਾਂ ।
ਸਾਂਝਾਂ ਨਾਲ ਜ਼ਿੰਦਗੀ ਮੌਲਦੀ
ਘਿਓ- ਸ਼ੱਕਰ ,ਮਿਲਕੇ ਬੈਠਣਾ
ਤੂੰ ਰਹਿਮਤ ਕਰੇਂ ਜੇ ਨਜ਼ਰ ਦੀ
ਤੇਰੇ ਘਰ ਵਿੱਚ ਘਰ ਬਣਾ ਲਵਾਂ ।
2- ਤੇਰੇ ਨਾਂ (ਕਵਿਤਾ )
ਸੂਰਜ ਦੀ ਨਾਂ ਗੱਲ ਕਰ ਸਜਨਾਂ
ਤਪਸ਼ ਸੂਰਜ ਦੀ ਸਹਿ ਨਹੀਂ ਸਕਦੀ ।
ਫੁੱਲ ਨਾਲ ਤੂੰ ਸੂਲ ਨਾਂ ਜੋੜੀਂ
ਸੰਗ ਸੂਲਾਂ ਦੇ ਬਹਿ ਨਹੀਂ ਸਕਦੀ ।
ਚੰਨ 'ਤੇ ਤਾਰੇ ਸਭ ਬਿਗਾਨੇ
ਮੈਂ ਝੂਠੀ ਕੋਈ ਬਾਤ ਨਹੀਂ ਪਾਓਣੀ ,
ਮੁਖ ਚੰਨ ਵਰਗਾ ,ਤਾਰੇ ਗਿਣਨੇ
ਬੇਮਤਲਬ ਗੱਲ ਕਹਿ ਨਹੀਂ ਸਕਦੀ ।
ਨਿਰਮਲ ਜਲ ਦੀ ਨਦੀ ਮੈਂ ਵਹਿੰਦੀ
ਮਾਰੂਥਲ ਵੱਲ ਲੈ ਨਾਂ ਜਾਵੀਂ ,
ਇੱਕ ਵਾਰੀ ਜੇ ਖੁਸ਼ਕ ਮੈਂ ਹੋ ਗਈ
ਫਿਰ ਪਹਾੜੋਂ ਵਹਿ ਨਹੀਂ ਸਕਦੀ ।
ਸੰਮਿਆਂ ਨਾਲ ਨਾਂ ਵੰਡੀਂ ਮੈਨੂੰ
ਟੁਕੜੇ ਹੋ ਕੇ ਜੀਉ ਨਹੀਂ ਸਕਦੀ ,
ਇੱਕ ਦੀ ਰਾਖੀ ਇੱਕ ਚਿੱਤ ਕਰੀਏ
ਕੱਚੀ ਰਹਿ ਕੇ ਢਹਿ ਨਹੀਂ ਸਕਦੀ ।
ਮਿੱਟੀ ਉੱਡੇ ਤੰਨ ਹੀ ਰੁਲਦਾ
ਕੱਚੇ ਰਾਹੀਂ ਕਾਹਨੂੰ ਚਲਣਾਂ ,
ਸਾਂਭ ਕੇ ਰੱਖੀਂ ਤੰਨ ਮੰਨ ਮੇਰਾ
ਗਰਮ ਹਵਾਈਂ ਖਹਿ ਨਹੀਂ ਸਕਦੀ ।
ਲਫਜਾਂ ਨਾਲ ਨਾਂ ਝੋਲੀ ਭਰ ਦਈਂ
ਲਫਜ਼ ਫਰੇਬੀ ,ਜਿੰਦਗੀ ਸੱਚੀ ,
ਅਧ ਅਧੂਰਾ ਚਾਨਣ ਫੜ ਕੇ
ਦਿਨ ਹੈ ਪੂਰਾ ਕਹਿ ਨਹੀਂ ਸਕਦੀ ।
-----diljodh@yahoo.com----14146887220
-0-
|