ਸੁਰਿੰਦਰ ਸਿੰਘ ਉਬਰਾਏ
ਪੰਜਾਬੀ ਦਾ ਸਥਾਪਤ ਅਤੇ ਬਜ਼ੁਰਗ ਕਹਾਣੀਕਾਰ ਹੈ। ਸਾਡੀ ਆਪਸੀ ਨੇੜਤਾ ਦਾ ਕਾਰਣ ਮੇਰਾ ‘ਨਵਾਂ
ਜ਼ਮਾਨਾ‘ ਅਖ਼ਬਾਰ ਵਾਲਾ ਉਹ ਸਾਲਾਨਾ ਕਾਲਮ ਬਣਿਆਂ ਜਿਹੜਾ ਮੈਂ ਵਰ੍ਹੇ ਦੀ ਕਹਾਣੀ ਬਾਰੇ ਲੰਮੇ
ਸਮੇਂ ਤੋਂ ਲਿਖਦਾ ਆ ਰਿਹਾ ਹਾਂ। ਉਹ ਪੜ੍ਹ ਕੇ ਉਸ ਨੇ ਸੰਪਰਕ ਕਾਇਮ ਕੀਤਾ।
ਮਾਣਯੋਗ ਡਾ. ਧਾਲੀਵਾਲ ਜੀ,
ਸਤਿ ਸ੍ਰੀ ਅਕਾਲ !
ਇਕ ਪੁਰਾਣੀ ਵਾਪਰੀ ਗੱਲ ਸੁਣੋ। ਕੋਈ ਦਸ ਸਾਲ ਪਹਿਲਾਂ ਇਕ ਅਮਰੀਕਨ ਕੰਪਨੀ ਨੇ ਦੁਨੀਆਂ ਦੇ
ਸਾਰੇ ਹੋਟਲਾਂ ਦਾ ਸਰਵੇਖਣ ਕੀਤਾ ਕਿ ਕਿਹੜੇ ਕਿਹੜੇ ਹੋਟਲਾਂ ਦੀਆਂ ਕੀ ਕੀ ਖੂਬੀਆਂ ਹਨ -
ਅਤੇ ਵਧੀਆ ਹੋਟਲ ਕਿਹੜੇ ਕਿਹੜੇ ਹਨ। ਚਿੰਤਾ ਵਾਲੀ ਗੱਲ ਇਹ ਰਹੀ ਕਿ ਉਸ ‘ਚ ਹਿੰਦੋਸਤਾਨ ਦੇ
ਕਿਸੇ ਵੀ ਹੋਟਲ ਦਾ ਜ਼ਿਕਰ ਤੱਕ ਨਾ ਆਇਆ। ਤਫ਼ਤੀਸ਼ ਹੋਈ - ਤਾਂ ਕੰਪਨੀ ਵਾਲਿਆਂ ਆਖਿਆ ਕਿ
ਤੁਸੀਂ ਤਾਂ ਆਪਣੀ ਐਂਟਰੀ ਹੀ ਨਹੀਂ ਭੇਜੀ।
ਕੁਝ ਕੁਝ ਇਸੇ ਤਰ੍ਹਾਂ ਦਾ ਹਾਲ ਆਪਣਾ ਹੈ। ਸਵੇਰੇ ਰੋਜ਼ ਉਠ ਕੇ ਅਰਦਾਸ ਕਰਦੇ ਹਾਂ ਕਿ ਰੱਬਾ
- ਲਾਟਰੀ ਨਿਕਲਵਾ ਦੇ - ਪਰ ਟਿਕਟ ਕਦੀ ਖਰੀਦੀ ਨਹੀਂ। ਜੋ ਤੁਸਾਂ ਲਿਖਿਆ ਹੈ ਕਿ ਸੁਖਬੀਰ
ਤੋਂ ਬਾਅਦ ਮੈਟਰੋ ਦੀਆਂ ਕਹਾਣੀਆਂ, ਖੇਤ ਖਲਵਾੜਾਂ ਤੋਂ ਹਟ ਕੇ, ਸੁਖਬੀਰ ਦੇ ਨਾਲ ਨਾਲ ਖਤਮ
ਹੋ ਗਈਆਂ (ਮਹਿੰਦਰ ਸਿੰਘ ਸਰਨਾ ਦੇ ਜਾਣ ਨਾਲ ਵੀ) ਤਾਂ ਇਹ ਸੱਚ ਹੈ। ਸੁਖਬੀਰ, ਸੁਖਬੀਰ ਸੀ।
ਮੈਂ ਪਾਸਕੂ ਵੀ ਨਹੀਂ - ਪਰ ਮੇਰੀਆਂ ਕੋਈ ਚਾਲੀ ਦੇ ਕਰੀਬ ਜੋ ਕਹਾਣੀਆਂ ਲਿਖੀਆਂ ਹਨ - ਉਹ
ਸਾਰੀਆਂ ਦੀਆਂ ਸਾਰੀਆਂ ਪੰਜਾਬੋਂ ਬਾਹਰ ਦੀਆਂ ਹਨ - ਕੁਝ ਦੋ ਤਿੰਨ ਪਾਰਟੀਸ਼ਨ ਦੀਆਂ ਕਹਾਣੀਆਂ
ਨੂੰ ਛੱਡ ਕੇ।
ਸਾਡੀ ਪੰਜਾਬੀ ਸਾਹਿਤ ਦੀ ਤਰਾਸਦੀ ਇਹ ਹੈ ਕਿ ਅਸੀਂ ਜੇ ਚਾਹੀਏ ਵੀ ਕਿ ਫਲਾਣੀ ਕਿਤਾਬ ਅਸੀਂ
ਬਜ਼ਾਰੋਂ ਜਾ ਕੇ ਖਰੀਦ ਲਈਏ ਪੜ੍ਹਨ ਵਾਸਤੇ ਤਾਂ ਇੱਕਾ ਦੁੱਕਾ ਚੰਗੇ ਲਿਖਾਰੀਆਂ ਤੋਂ ਬਿਨਾਂ
ਕੋਈ ਕਿਧਰੇ ਕਿਤਾਬ ਨਹੀਂ ਮਿਲ ਸਕਦੀ - ਇਸ ਕਰਕੇ ਜੇ ਕਿਤਾਬ ਨੂੰ ਪੜ੍ਹਨਾ ਹੈ, ਘੋਖਣਾ ਹੈ -
ਤਾਂ ਉਹ ਕਿਤਾਬ ਆਦਮੀ ਨੂੰ ਲੇਖਕ ਕੋਲੋਂ ਈ ਮਿਲ ਸਕਦੀ ਹੈ।
ਆਦਤਾਂ ਜਾਂਦੀਆਂ ਨਹੀਂ, ਹੁਣ ਇਸ ਵੇਲੇ 76 ਸਾਲ ਟੱਪ ਚੁੱਕਾ ਹਾਂ - ਕੀ ਆਦਤਾਂ ਜਾਣਗੀਆਂ।
ਹਰਿਆਣੇ ਦੇ ਇਕ ਕੋਨੇ ‘ਚ ਬੈਠਾ ਹੋਇਆ, ਨਿੱਜੀ ਤੌਰ ਤੇ ਪੰਜਾਬ ‘ਚ ਇਕੇ ਦੁੱਕੇ ਤੋਂ ਇਲਾਵਾ
ਕੋਈ ਵਾਕਫ਼ ਨਹੀਂ, ਆਉਣਾ ਜਾਣਾ ਹੁੰਦਾ ਨਹੀਂ, ਗੱਲਬਾਤ ਆਪ ਕਰਨੀ ਨਹੀਂ।
ਖ਼ੈਰ, ਮੇਰੀ ਆਪ ਜੀ ਪਾਸ ਬੇਨਤੀ ਹੈ ਕਿ ਜ਼ਰਾ ਇਨ੍ਹਾਂ ਕਹਾਣੀਆਂ ਨੂੰ ਵਿਚਾਰੋ - ਅਤੇ ਆਪਣੀ
ਰਾਏ, ਬਿਲਕੁੱਲ ਕਸਵੱਟੀ ਤੇ ਘਿਸ ਕੇ ਚੰਗੀ ਤਰ੍ਹਾਂ ਜਾਂਚ ਕੇ ਬਣਾਓ - ਇਹੀ ਮੇਰੀ ਬੇਨਤੀ
ਹੈ।
ਹੋਰ - ਜੇ ਕਿਧਰੇ ਦਿੱਲੀ ਦਾ ਫੇਰਾ ਲੱਗੇ ਤਾਂ ਜ਼ਰੂਰ ਖ਼ਬਰ ਕਰਨਾ - ਦਰ ਖੁੱਲ੍ਹਾ ਹੈ।
ਆਪ ਜੀ ਦਾ,
ਸੁਰਿੰਦਰ ਸਿੰਘ ਓਬਰਾਏ
ਪੀ.ਐਸ.- ਇਕ ਕਹਾਣੀ
ਮਦਾਰੀ ਵੀ ਭੇਜ ਰਿਹਾ ਹਾਂ - ਇਸ ਵਾਰ ਹਰਿਆਣਾ ਅਕੈਡਮੀ ਨੇ ਇਸ ਨੂੰ ਪਹਿਲਾ ਇਨਾਮ ਦਿੱਤਾ
ਹੈ। ਵਿਗਿਆਨ ਦੇ ਆਧਾਰ ਤੇ ‘ਮਨੁੱਖ ਜਾਤੀ ਦੀ ਅੰਤਮ ਕਥਾ‘ ਨੂੰ ਜ਼ਰੂਰ ਪੜ੍ਹਨਾ ਜੀ। ..1!
***
ਗੁਰਚਰਨ ਸਿੰਘ ਔਲਖ
ਪੰਜਾਬੀ ਦਾ ਬਹੁ-ਪੱਖੀ ਲੇਖਕ ਹੈ। ਉਸ ਨਾਲ ਸਾਂਝ ਪਾਠਕ-ਲੇਖਕ ਵਾਲੀ ਰਹੀ ਹੈ।
ਜ਼ੀਰਾ
ਪਿਆਰੇ ਡਾ. ਧਾਲੀਵਾਲ
ਜੀਓ,
ਸਤਿ ਸ੍ਰੀ ਅਕਾਲ !
ਤੁਹਾਡਾ ਸਫ਼ਰਨਾਮਾ ‘ਥੇਮਜ਼ ਨਾਲ ਵਗਦਿਆਂ‘ ਪੜ੍ਹ ਰਿਹਾ ਹਾਂ। ਸ਼ੈਲੀ ਬਹੁਤ ਰੌਚਕ ਹੈ ਤੇ ਚੌਖੀ
ਜਾਣਕਾਰੀ ਵੀ ਮਿਲਦੀ ਹੈ - ਵਰਤਾਰਿਆਂ, ਨਜ਼ਾਰਿਆਂ ਤੇ ਸਾਹਿਤਕਾਰਾਂ ਦੀ। ਹਿੰਮਤ ਪਈ ਤਾਂ
ਨ.ਬ.ਟ ਦੇ ਸਮਾਚਾਰ ਪਤ੍ਰਿਕਾ ਲਈ ਛੋਟਾ-ਮੋਟਾ ਰੀਵਿਊ ਵੀ ਲਿਖਾਂਗਾ।
ਕੀ ਤੁਸੀਂ ਉਹੋ ਬਲਦੇਵ ਸਿੰਘ ਹੀ ਹੋ ਜਿਨ੍ਹਾਂ ਜੇ ਕਦੇ ਅਜੀਤ ਵਿਚ ਵੀ ਸੰਪਾਦਕੀ ਮੰਡਲ ‘ਚ
ਕੰਮ ਕੀਤਾ ਸੀ ? ਬਹੁਤ ਪਹਿਲਾਂ ਸ਼ਾਇਦ 20 ਤੋਂ ਉਪਰ ਵਰ੍ਹੇ ਹੋ ਗਏ ਹੋਣ, ਮੇਰਾ ਇਕ ਲੇਖ
ਅਜੀਤ ਰਾਹੀਂ ਦਿੱਲੀ ‘ਚੋਂ ਨਿਕਲਦੇ ਪੰਜਾਬੀ ਡਾਈਜੈਸਟ ਵਾਲਿਆਂ ਨੇ ਬਿਨਾਂ ਨਾਮ ਤੋਂ ਛਾਪਿਆ
ਸੀ। ਉਸ ਬਾਰੇ ਆਪਣਾ ਇਕ ਦੋ ਪੱਤਰਾਂ ਰਾਹੀਂ ਮਨ-ਮੁਟਾਵ ਵੀ ਹੋਇਆ ਸੀ। ਖ਼ੈਰ, ਤੁਹਾਡੇ
ਸਫ਼ਰਨਾਮੇ ਨੇ ਮੇਰੇ ਮਨ ‘ਚੋਂ ਤੁਹਾਡੇ ਪ੍ਰਤੀ ਕੁੜੱਤਣ ਦੂਰ ਕਰ ਦਿੱਤੀ ਹੈ। ਬੜਾ ਪਿਆਰਾ
ਲਿਖਦੇ ਹੋ। ਸਾਬਾਸ਼ !
ਗੁਰਚਰਨ ਸਿੰਘ ਔਲਖ
****
20.11.06
ਪਿਆਰੇ ਡਾ. ਧਾਲੀਵਾਲ
ਜੀਓ,
ਪਿਆਰ ਭਰੀ ਸਤਿ ਸ੍ਰੀ ਅਕਾਲ।
ਆਪ ਵੱਲੋਂ 7.11.06 ਦੇ ਲਿਖੇ ਖ਼ਤ ਲਈ ਸ਼ੁਕਰਗੁਜ਼ਾਰ ਹਾਂ। ਮੈਂ ਤੁਹਾਡਾ ਇਸ ਗੱਲੋਂ ਵੀ ਰਿਣੀ
ਹਾਂ ਕਿ ਆਪ ਜੀ ਨੇ ਮੇਰਾ ਭੁਲੇਖਾ ਦੂਰ ਕਰ ਦਿੱਤਾ ਹੈ। ਉਹ ਬਲਦੇਵ ਧਾਲੀਵਾਲ ਨਹੀਂ, ਬਲਦੇਵ
ਗਰੇਵਾਲ ਸੀ। ਮੈਂ ਆਪਣੇ ਬੇਟੇ ਦੇ ਵਿਛੋੜੇ ਮਗਰੋਂ ਉਸ ਦੇ ਲਿਖੇ ਤਲਖੀ ਭਰੇ ਦੋ ਖ਼ਤ ਨਸ਼ਟ ਕਰ
ਦਿੱਤੇ ਸਨ - ਕੰਡਿਆਂ ਨੂੰ ਸਾਂਭਣ ਦਾ ਕੀ ਲਾਭ ਸੀ ?
ਆਪ ਜੀ ਨੇ ਸੱਚਮੁੱਚ ਹੀ ਮੈਨੂੰ ਕਾਫੀ ਪ੍ਰੇਮ ਨਾਲ ਛਾਪਿਆ ਹੈ। ਉਹਨਾਂ ਸਾਲਾਂ ‘ਚ ਅਜੀਤ ਵਿਚ
ਮੇਰੇ ਲੇਖ, ਕਹਾਣੀਆਂ, ਵਿਅੰਗ ਆਦਿ ਖ਼ੂਬ ਛਪਦੇ ਰਹੇ ਸਨ।
ਤੁਹਾਡੇ ਨਿੱਘੇ ਪਿਆਰ, ਸਤਿਕਾਰ ਤੇ ਮਾਣ ਨੂੰ ਧਿਆਨ ‘ਚ ਰੱਖਦਿਆਂ ਮੈਂ 2005 ‘ਚ ਛਪੀਆਂ ਦੋ
ਪੁਸਤਕਾਂ (ਵਿਅੰਗ ਤੇ ਨਿਬੰਧ) ਭੇਜ ਰਿਹਾਂ। ਪੜ੍ਹੋਗੇ ਤਾਂ ਬਹੁਤ ਪਸੰਦ ਆਉਣਗੀਆਂ, ਸ਼ਾਇਦ !
ਬਹੁਤੇ ਲੇਖਕ ਤਾਂ ਅੱਜਕੱਲ੍ਹ ਆਪਣੀਆਂ ਰਚਨਾਵਾਂ ਤੋਂ ਬਿਨਾਂ ਹੋਰ ਕੁਝ ਘੱਟ ਹੀ ਪੜ੍ਹਦੇ ਹਨ।
ਇਸੇ ਕਾਰਨ ਸਾਹਿਤਕ ਨਿਘਾਰ ਦਾ ਖਤਰਾ ਬਣਿਆ ਹੋਇਆ ਹੈ।
ਆਪਣਾ ਬਾਇਓਡਾਟਾ ਵੀ ਭੇਜ ਰਿਹਾ ਹਾਂ। ਸ਼ਾਇਦ ਪਸੰਦ ਆਵੇ।
‘ਥੇਮਜ਼ ਨਾਲ ਵਗਦਿਆਂ‘ ਦੇ ਰੀਵਿਊ ਦੀ ਇਕ ਕਾਪੀ ਭੇਜ ਰਿਹਾ ਹਾਂ। ਇਸ ਵਿਚ ਤੁਸਾਂ ਸੰਤੋਖ
ਸਿੰਘ ਧਾਲੀਵਾਲ ਨੂੰ ਦੁਆਬੇ ਦਾ ਲਿਖਿਆ ਹੈ ਜਦੋਂ ਕਿ ਉਹ ਫਤਿਹਗੜ੍ਹ ਕੋਠੋਟਾਣਾ (ਮੋਗਾ) ਦਾ
ਹੈ। ਮੇਰਾ ਉਹ 1959 ਵਿਚ 6 H/c Khara ‘ਚ colleague ਹੁੰਦਾ ਸੀ। ਜੇ ਮੈਂ ਗਲਤ ਹੋਵਾਂ
ਤਾਂ ਸੋਧ ਕਰ ਦੇਣਾ। ਉਸ ਮਗਰੋਂ ਹੀ ਮੈਂ ਸਮਾਚਾਰ ਪਤ੍ਰਿਕਾ ਨੂੰ ਭੇਜਾਂਗਾ ਜੀ।
ਹਿਤੂ,
ਗੁਰਚਰਨ ਸਿੰਘ ਔਲਖ
****
ਪਿਆਰੇ ਡਾ. ਧਾਲੀਵਾਲ,
ਸਤਿ ਸ੍ਰੀ ਅਕਾਲ !
ਬਹੁਤ ਹੀ ਸੋਚ ਤੇ ਸੰਕੋਚ ਪਿੱਛੋਂ ਆਪ ਨੂੰ ਇਹ ਪੱਤਰ ਲਿਖ ਰਿਹਾ ਹਾਂ। ਸ਼ਾਇਦ ‘ਸੂਰਜ ਡੁੱਬਾ
ਸਿਖਰ ਦੁਪਹਿਰੇ‘ ਨਾਵਲ ਬਾਰੇ ਉਸ ਸਮੇਂ ਤੁਹਾਨੂੰ ਬਾਰ ਬਾਰ ਕੁਝ ਲਿਖਣ ਲਈ ਕਹਿਣਾ, ਜਦ
ਤੁਸੀਂ ਸੰਕਟ ‘ਚੋਂ ਲੰਘ ਰਹੇ ਸੀ, ਬੁਰਾ ਲੱਗਾ। ਫਿਰ ਤੁਸੀਂ 2 ਮਈ ਨੂੰ ਵੀ ਸਾਹਿਤਕ ਦੰਗਲ
ਸਮੇਂ ਲੁਧਿਆਣਾ ਵਿਚ ਜੱਟ ਵਾਲੀ ਅੜੀ ਕਰਕੇ ਨੱਨੇ ਦੀ ਮੁਹਾਰਨੀ ਫੜ੍ਹੀ ਰੱਖੀ।
ਖ਼ੈਰ, ਇਹ ਤੁਹਾਡਾ ਫੈਸਲਾ ਹੈ। ਫਿਰ ਵੀ ਮੈਂ ਤੁਹਾਨੂੰ ‘ਇਕ-ਅੱਧ ਪੰਨਾ‘ ਲਿਖਣ ਲਈ ਪ੍ਰੇਰਨਾ
ਚਾਹੁੰਦਾ ਹਾਂ। ਕਾਰਨ ਇਹ ਹੈ ਕਿ ਮੈਂ ਆਪ ਨੂੰ ਆਪਣੀ ਨਵੀਂ ਕਹਾਣੀ ਪੁਸਤਕ ‘ਮੋਨਾਲੀਜ਼ਾ ਤੇ
ਹੋਰ ਕਹਾਣੀਆਂ‘ ਜੋ ਅਗਲੇ ਮਹੀਨੇ ਛਪਕੇ ਆ ਰਹੀ ਹੈ, ਭੇਜਣੀ ਚਾਹੁੰਦਾ ਹਾਂ। ਤੁਸੀਂ ਕਹਾਣੀ
ਦੇ ਸਮਰੱਥ ਆਲੋਚਕ ਹੋ। ਜੇ ਤੁਹਾਡੇ ਵੱਲੋਂ ਨਾਂਹ ਵੀ ਆਵੇ ਤਾਂ ਕੋਈ ਹਰਜ ਨਹੀਂ। ਮੈਂ ਅਜਿਹੇ
ਲੇਖਕਾਂ ਦਾ ਪ੍ਰਸ਼ੰਸਕ ਹਾਂ ਜੋ ‘ਨਾਂਹ ਕਹਿਣਾ ਜਾਣਦੇ ਹਨ।‘ ਮੇਰੀ ਵੀ ਇਹੋ ਹੀ ਬਿਰਤੀ ਹੈ,
ਪਰ ਨਾਂਹ ਕਰਨ ਲੱਗਿਆਂ ਗੁੱਸੇ ਨੂੰ ਥਾਂ ਨਹੀਂ ਦੇਣੀ ਚਾਹੀਦੀ। ਨਰਮ ਪਰ ਦ੍ਰਿੜ੍ਹ ਉੱਤਰ ਹੀ
ਕਾਫੀ ਹੁੰਦਾ ਹੈ।
ਮੈਂ ਆਪਣੀ ਸ੍ਵੈ-ਜੀਵਨੀ ‘ਸੂਲੀ ਟੰਗਿਆ ਸੱਚ‘ ਪ੍ਰੈਸ ਵਿਚ ਭੇਜ ਰਿਹਾ ਹਾਂ। ਮੈਂ ਚਾਹੁੰਦਾ
ਹਾਂ ਕਿ ਤੁਹਾਡੇ ਬਾਰੇ ਕੁਝ ਠੀਕ ਸ਼ਬਦ ਹੀ ਲਿਖ ਸਕਾਂ।
ਉੱਤਰ ਦਾ ਉਡੀਕਵਾਨ,
ਗੁਰਚਰਨ ਸਿੰਘ
****
ਜ਼ੀਰਾ
1.12.06
ਪਿਆਰੇ ਧਾਲੀਵਾਲ,
ਪਿਆਰ ਭਰੀ ਸਤਿ ਸ੍ਰੀ ਅਕਾਲ !
ਆਪ ਦਾ ਪੱਤਰ 29.11.06 ਨੂੰ ਮਿਲਿਆ। ਧੰਨਵਾਦ।
‘ਸਿੱਧੇ ਅਫਸਰ ਪੁੱਠੇ ਲੋਕ‘ ਵਿਅੰਗ ਰਚਨਾ ਹੈ; ਪਰ ‘ਜ਼ਿੰਦਗੀ ਤੇਰੇ ਰੰਗ ਅਨੇਕ‘ ਨਿਬੰਧ ਰਚਨਾ
ਹੈ। ਉਸ ਦੇ ਬਹੁਤੇ ਲੇਖਾਂ ਵਿਚ ਮੇਰੇ ਇਕਲੌਤੇ ਬੇਟੇ ਦਾ ਵਿਛੋੜਾ ਝਲਕਦਾ ਹੈ। ਵਿਹਲ ਮਿਲੇ
ਤਾਂ ਜ਼ਰੂਰ ਪੜ੍ਹ ਕੇ ਜਾਣੂੰ ਕਰਾਉਣਾ। ਤੁਹਾਡੀ ਸ਼ੈਲੀ ਮੈਨੂੰ ਚੰਗੀ ਲਗਦੀ ਹੈ ਤੇ ਤੁਹਾਡੀ
ਨਿਰਖ-ਪਰਖ ਵੀ। ਦੋ ਹੋਰ ਕਹਾਣੀ ਸੰਗ੍ਰਹਿ ਛਪ ਰਹੇ ਹਨ। ਕੰਮ ਭੁਗਤਣ ਤੇ ਭੇਜਣ ਦੀ ਖੁਸ਼ੀ
ਲਵਾਂਗਾ ਜੀ।
ਹਿਤੂ,
ਡਾ. ਗੁਰਚਰਨ ਸਿੰਘ ਔਲਖ
**ਕਹਾਣੀਕਾਰ ਭੂਰਾ ਸਿੰਘ
ਕਲੇਰ ਨਾਲ ਮੇਰੀ ਸਾਹਿਤਕ ਸਾਂਝ ਰਹੀ ਹੈ।
ਪੂਹਲਾ
26.3.95
ਮਾਨਯੋਗ ਡਾ. ਬਲਦੇਵ
ਧਾਲੀਵਾਲ ਜੀ,
ਆਦਾਬ !
ਮੈਂ ‘ਕਹਾਣੀ ਪੰਜਾਬ‘ ਵਿਚ ਤੁਹਾਡੀ ਕਹਾਣੀ ‘ਔਤ‘ ਪੜ੍ਹ ਲਈ ਹੈ। ਬਹੁਤ ਵਧੀਆ ਠੋਸ ਕਹਾਣੀ
ਹੈ। ਪੁਰਾਣੀ ਪੀੜ੍ਹੀ ਦੀ ਮਿੱਟੀ ਦਾ ਮੋਹ ਤੇ ਨਵੀਂ ਪੀੜ੍ਹੀ ਦਾ ਮਸ਼ੀਨੀਕਰਨ, ਜੱਟ ਬਿਰਤੀ ਦਾ
ਬਾਣੀਆ ਬਿਰਤੀ ਵਿਚ ਬਦਲਣਾ ਆਪ ਨੇ ਇਸ ਕਹਾਣੀ ਵਿਚ ਬਾਖ਼ੂਬੀ ਚਿਤਰਿਆ ਹੈ। ਕਲਾਮਈ ਕਹਾਣੀ ਦੀ
ਸ਼ੈਲੀ ਵੀ ਵਧੀਆ ਹੈ। ਤਾਏ ਭੀਮੇ ਦੀ ਵੇਦਨਾ ਮਨ ‘ਚ ਬ੍ਰਿਹੋਂ ਪੈਦਾ ਕਰਦੀ ਹੈ। ਕਿਸਾਨੀ ਜੀਵਨ
ਦੀ ਮੂੰਹ ਬੋਲਦੀ ਤਸਵੀਰ ਹੈ ਇਹ ਕਹਾਣੀ। ਇਕ ਗੱਲ ਸ਼ਾਇਦ ਤੁਸੀਂ ਭੁੱਲ ਗਏ - ਤਾਇਆ ਜਦੋਂ
ਆਵਦੇ ਭਤੀਜਿਆਂ ਨੂੰ ਗਾਲ੍ਹ ਕੱਢਦਾ ਹੈ ਤਾਂ ਮਾਂ ਦੀ ਗਾਲ੍ਹ ਕੱਢਦਾ ਹੈ, ਦਾਦੀ ਦੀ ਨਹੀਂ।
ਭਤੀਜਿਆਂ ਦੀ ਦਾਦੀ ਤਾਂ ਤਾਏ ਦੀ ਤਾਈ ਜਾਂ ਚਾਚੀ ਲਗਦੀ ਹੁੰਦੀ ਹੈ।
ਭੂਰਾ ਸਿੰਘ ਕਲੇਰ
****
ਪੂਹਲਾ
25.6.95
ਅਤਿ ਸਤਿਕਾਰਯੋਗ ਬ.ਸ.
ਧਾਲੀਵਾਲ ਸਾਹਿਬ,
ਆਦਾਬ !
ਆਪ ਜੀ ਦਾ ਬੜਾ ਪਿਆਰਾ ਪੱਤਰ ਮਿਲਿਆ। ਕਹਾਣੀ ‘ਲਾ-ਇਲਾਜ‘ ਨੂੰ ਸਲਾਹੁਣ ਦਾ ਬਹੁਤ ਬਹੁਤ
ਸ਼ੁਕਰੀਆ। ਕਿਤਾਬ ‘ਟੁੱਟੇ ਪੱਤੇ‘ ਬਾਰੇ ਤੁਹਾਡੀ ਗੱਲ ਇਕ ਪੱਖੋਂ ਸਹੀ ਹੈ। ਅਸਲ ਵਿਚ ‘ਟੁੱਟੇ
ਪੱਤੇ‘ ਦੀਆਂ ਕਹਾਣੀਆਂ ਬਹੁਤ ਪੁਰਾਣੀਆਂ ਹੋ ਗਈਆਂ ਸਨ। ਸਾਡੇ ਪੰਜਾਬੀ ਦੇ ਗਰੀਬ ਲੇਖਕਾਂ ਦਾ
ਇਕੋ ਹੀ ਦੁਖਾਂਤ ਹੈ। ਜਦ ਅਸੀਂ ਨਵੀਆਂ ਤੇ ਸਮਕਾਲੀ ਕਹਾਣੀਆਂ ਨਾਲ ਮੇਲ ਕੇ ਵੇਖਦੇ ਹਾਂ ਤਾਂ
ਉਹ ਜ਼ਰੂਰ ਹੀ ਪੇਤਲੀਆਂ ਲਗਦੀਆਂ ਹਨ। ‘ਟੁੱਟੇ ਪੱਤੇ‘ ਕਿਤਾਬ ਵਿਚ ਤੁਸੀਂ ਕਹਾਣੀਆਂ ‘ਕੌੜੇ
ਪਾਣੀ‘ ਤੇ ‘ਭਾਂਬੜ ਬਣੇ ਖਿਆਲ‘ ਵੀ ਪੜ੍ਹੀਆਂ ਹੋਣਗੀਆਂ। ਇਹ ਕਹਾਣੀਆਂ (ਦੋਵੇਂ) ਕਿਸੇ ਵੇਲੇ
‘ਸਿਰਜਣਾ‘ ਵਿਚ ਛਪੀਆਂ ਸਨ। ‘ਕੌੜੇ ਪਾਣੀ‘ ਬਾਰੇ ਤਾਂ ਵਰਿਆਮ ਸੰਧੂ ਭਾਅ ਜੀ ਨੇ ਉਸ ਵੇਲੇ
‘ਲੋਅ‘ ਵਿਚ ਵੀ ਲਿਖਿਆ ਸੀ। ਇਹ ਕਿਤਾਬ ਛਪਵਾਉਣ ਵਿਚ ਮੈਂ ਬੜਾ ਲੇਟ ਹੋ ਗਿਆ ਸਾਂ। ਸੋ ਜੇ
ਅੱਜ ਸਮਕਾਲੀ ਕਹਾਣੀਆਂ ਨਾਲ ਤੋਲ ਕੇ ਵੇਖੀਏ ਤਾਂ ਤੁਹਾਡੀ ਗੱਲ ਠੀਕ ਹੈ।
ਨਾਗਮਣੀ ਦੇ ਫਰਵਰੀ 92 ਦੇ ਅੰਕ ਵਿਚ ਮੇਰੀ ਕਹਾਣੀ ‘ਪਰਵਾਸੀ ਖੁਸ਼ਬੂ‘ ਆਪ ਦੀ ਨਜ਼ਰ ਵਿਚੋਂ
ਨਹੀਂ ਲੰਘੀ ਹੋਣੀ। ਪਿੱਛੇ ਜਿਹੇ ਜੱਗਬਾਣੀ ਵਿਚ ਦੋ ਕਹਾਣੀਆਂ ‘ਛੜਿਆਂ ਦਾ ਰਾਹ‘ ਤੇ ‘ਕੂੰਜ
ਤਿਹਾਈ‘ ਛਪੀਆਂ ਸਨ - ਬੜੇ ਪਾਠਕਾਂ ਦੇ ਪੱਤਰ ਆਏ।
ਮੈਨੂੰ ਬੜੀ ਖੁਸ਼ੀ ਹੈ ਕਿ ਆਪ ਛੋਟੀ ਉਮਰ ਵਿਚ ਹੀ ਇਸ ਵੇਲੇ ਦੇ ਕਹਾਣੀਕਾਰਾਂ ਤੇ ਕਹਾਣੀ
ਆਲੋਚਕਾਂ ਨਾਲੋਂ ਬਹੁਤ ਜਿਆਦਾ ਬੁੱਧੀਮਾਨ ਹੋ। ਸ਼ਾਲਾ ! ਆਪ ਦਿਨ ਦੁੱਗਣੀ ਤੇ ਰਾਤ ਚੌਗਣੀ
ਤਰੱਕੀ ਕਰੋਂ।
ਬੜੇ ਆਦਰ ਸਹਿਤ ਆਪ ਦਾ,
ਭ.ਸ. ਕਲੇਰ
-0-
|