ਧਰਤੀ ਉੱਤੇ ਇੱਕ
ਕ੍ਰਿਸ਼ਮਾ ਹੋਂਣ ਲੱਗਾ ਹੈ ।
ਸਾਗਰ ਅੱਜ ਧਰਤੀ ਦੇ ਕਪੜੇ ਧੋਂਣ ਲੱਗਾ ਹੈ।
ਰਾਤ ਦੇ ਮੁੱਖੜੇ ਉੱਤੇ ਮੇਕ ਅਪ ਕਰਨੀ ਪੁੱਨਿਆਂ ਨੇ
ਸੂਰਜ , ਊਸ਼ਾ ਦਾ ਜੋਬਨ ਲਿਸ਼ਕਾਉਣ ਲੱਗਾ ਹੈ ।
ਕੁੱਲ ਦੇਵਤੇ ਜਾਂਞੀ ,ਮੇਲ਼ੀ ਆਣ ਬਿਰਾਜੇ ਨੇ
ਬ੍ਰਹੱਮਾ ਧੀ ਕੁਦਰਤ ਦਾ ਕਾਜ ਰਚਾਉਣ ਲੱਗਾ ਹੈ।
ਬ੍ਰਹਿਮੰਡ ਦੀ ਵਾਦੀ ਵਿਚ ਜਗ ਮਗ,ਜਗ ਮਗ ਹੋਵੇਗੀ
ਕਣ ਕਣ ਸਾਡੀ ਧਰਤੀ ਦਾ ਰੁਸ਼ਨਾਉਣ ਲੱਗਾ ਹੈ।
ਆ ਗਈ ਹੈ ਵਿਗਿਆਨ ਦੇ ਹੱਥ ਵਿੱਚ ਏਨੀ ਕੁ ਸ਼ਕਤੀ
ਅਰਸ਼ ਤੇ ਸੁੱਤੇ ਰੱਬ ਨੂੰ ਫਰਸ਼ ਤੇ ਲਾਹੁਣ ਲੱਗਾ ਹੈ।
ਦੋ ਜਹਾਨਾਂ ਵਿੱਚ ਹੋਵੇ ਗੀ ਜੈ ਜੈ ਮਾਨਵ ਦੀ
ਪਉਣਾਂ , ਕਿਰਣਾਂ ਹੱਥ ਸੁਨੇਹਾ ਆਉਣ ਲੱਗਾ ਹੈ।
23-06-2014
( 2 )
ਗਜ਼ਲ ਂ
ਤੇਰੇ ਜੋਟੀਦਾਰ ਬਣਨ ਦੀ ਕੋਈ ਖਵਾਹਿਸ਼ ਨਹੀਂ ।
ਰਾਜ ਭਵਨ ਦੇ ਰਾਹ ਜਾਵਣ ਦੀ ਰਤਾ ਗੁੰਜਾਇਸ਼ ਨਹੀਂ ।
ਸਾਡਾ ਹਰ ਇੱਕ ਬੋਲ ਸਮੇਂ ਦੀ ਦਰਦ ਕਹਾਣੀ ਹੈ
ਲਿਖਤ ਅਸਾਡੀ, ਸ਼ਬਦਾਂ-ਰੂਪੀ ਨਿਰੀ ਨੁਮਾਇਸ਼ ਨਹੀਂ।
ਆਪਣੇ ਆਪ ਨੂੰ ਸਮਝਣ ਜੋ ਹੀਰੇ ਸੰਗਰਾਮਾਂ ਦੇ
ਵਿੱਚ ਕੁਠਾਲੀ ਪਾਏ ਬਿਨ ਕੋਈ ਅਜ਼ਮਾਇਸ਼ ਨਹੀਂ ।
ਨਿਸ਼ਚੈ ਕਰ ਕੇ ਜਦੋਂ ਅਸੀਂ ਮੰਜ਼ਲ ਵਲ ਵਧਦੇ ਹਾਂ
ਕਦਮ ਕਦਮ ਲਲਕਾਰ ਬਣੇ ਇਹ ਕੋਝੀ ਸਾਜ਼ਿਸ਼ ਨਹੀਂ ।
ਦਿਲ ਦਾ ਖੂੰਨ ਰਿੜਕ ਕੇ ਕਰਦੇ ਹਾਂ ਪੈਦਾ ਬਿਜਲੀ
ਇਸ ਦੀ ਲੋਅ ਵਿੱਚ ਗਰਮੀ ਹੈ ਇਹ ਠੰਡੀ ਆਤਸ਼ ਨਹੀਂ ।
ਅਸੀਂ ਮੁਸ਼ੱਕਤ ਦੇ ਮੋਤੀ ਸੰਗ ਹਾਰ ਪਰੋਂਦੇ ਹਾਂ
ਹੋਰ ਕਿਸੇ ਗੈਬੀ ਸ਼ਕਤੀ ਦੀ ਕੋਈ ਨਵਾਜਿਸ਼ ਨਹੀਂ ।
ਅਸੀਂ ਦੀਵਾਨੇ ਮਕਤਲ ਦੇ ਵੱਲ ਨੱਚਦੇ ਜਾਂਦੇ ਹਾਂ
ਰਹਿਮ ਲਈ ਤੇਰੇ ਦਰ ਕਰਦੇ ਕਦੇ ਗੁਜਾਰਿਸ਼ ਨਹੀਂ ।
18-05-2014
( 3 )
ਗਜ਼ਲ
ਅੰਦਰੋਂ ਦਿਲ ਨੂੰ ਕੁੰਡੀ ਲਾ ਕੇ ਬੈਠੇ ਨੇ।
ਬਾਹਰੋਂ ਚਿਹਰੇ ਖ਼ੂਬ ਸਜਾ ਕੇ ਬੈਠੇ ਨੇ ।
ਸਾਂਝੀ ਮੰਜ਼ਲ ਦੇ ਦਿਲ ਅੰਦਰ ਡੋਬਣ ਲਈ
ਦੂਈ ਦਾ ਖੰਜਰ ਲਿਸ਼ਕਾ ਕੇ ਬੈਠੇ ਨੇ ।
ਹਊਮੇਂ ਦੀ ਵਿਖ ਨਾਲ ਭਰੇ ਹਨ ਏਥੋਂ ਤਕ
ਬੰਦੇ, ਸੱਪ ਜਿਉਂ ਫੰਨ੍ਹ ਫੈਲਾ ਕੇ ਬੈਠੇ ਨੇ ।
ਸ਼ੁਹਰਤ ਦੇ ਸ਼ਰਬਤ ਦੇ ਦੋ ਘੁੱਟ ਪੀਣ ਲਈ
ਸਬਰ, ਸਿਦਕ ਦੀ ਬਲੀ ਚੜ੍ਹਾ ਕੇ ਬੈਠੇ ਨੇ ।
ਰਸਤੇ ਦੀ ਧੁੱਪ ਪਾਸੋਂ ਡਰ ਕੇ ਹੁਣ ਯੋਧੇ
ਕੰਧ ਦੀ ਛਾਵੇਂ ਮੰਜੀ ਡਾਹ ਕੇ ਬੈਠੇ ਨੇ ।
ਹੀਰੇ, ਮੋਤੀ, ਮਾਣਕ ਜੜ ਕੇ ਕਲਗੀ ਨੂੰ
ਆਪਣੇ ਸਿਰ ਤੇ ਆਪ ਸਜਾ ਕੇ ਬੈਠੇ ਨੇ ।
ਕਰਦੇ ਗੱਲ ਕ੍ਰਾਂਤੀ ਦੀ ਜੋ ਉਹ ਵੀ ਅੱਜ
ਆਪਣਾ ਆਪਣਾ ਮੱਠ ਬਣਾ ਕੇ ਬੈਠੇ ਨੇ ।
ਭਾਰਤ ਤੇ ਇੰਗਲੈਂਡ ਜਾਂ ਕੋਈ ਹੋਰ ਜਗ੍ਹਾ
ਹਰ ਥਾਂ ਸ਼ੋਸ਼ਕ ਜਾਲ ਵਿਛਾ ਕੇ ਬੈਠੇ ਨੇ
ਮਾਇਆ ਬੱਸ ਮਾਇਆ ਦਾ ਚਾਨਣ ਜੱਗ ਉੱਤੇ
ਸੂਰਜ, ਚੰਦ, ਚਿਰਾਗ ਬੁਝਾ ਕੇ ਬੈਠੇ ਨੇ ।
ਕੱਲ੍ਹ ਜਿਹੜੇ ਭੰਗੜੇ ਪਾਉਂਦੇ ਸੀ ਅੰਬਰ ਤੇ
ਅੱਜ ਧਰਤੀ ਤੇ ਸੀਸ ਝੁਕਾ ਕੇ ਬੈਠੇ ਨੇ ।
ਪਸ਼ੂ ਤੇ ਪੰਛੀ ਜੰਗਲ ਵਿੱਚ ਆਜ਼ਾਦ ਫਿਰਨ
ਬੰਦੇ, ਸ਼ਹਿਰ ਚ ਕਰਫਿਊ ਲਾ ਕੇ ਬੈਠੇ ਨੇ
05-06-2014
( 4 ) ਗਜ਼ਲ
ਤੇਰੀ ਮੁਹੱਬਤ ਹਾਣਨੇ ਬੱਸ ਯਾਦ ਹੋ ਕੇ ਰਹਿ ਗਈ ।
ਹੋਠਾਂ ਤੇ ਮੇਰੇ ਤੜਪਦੀ ਫਰਿਆਦ ਹੋ ਕੇ ਰਹਿ ਗਈ ।
ਸੋਚਿਆ ਸੀ ਜ਼ਿੰਦਗੀ ਦੇ ਬਾਗ ਵਿਚ ਫੁੱਲ ਖਿੜਨ ਗੇ
ਦਿਲ ਦੀ ਹਸਰਤ ਪਰ ਮੇਰੀ ਬਰਬਾਦ ਹੋ ਕੇ ਰਹਿ ਗਈ
ਵਕਤ ਕੁੱਝ ਵਿਪਰੀਤ ਸੀ ਤੇ ਕੁੱਝ ਅਸੀਂ ਕਮਜ਼ੋਰ ਸਾਂ
ਸੁਪਨਿਆਂ ਦੀ ਬਸਤੀ ਬੇਆਬਾਦ ਹੋ ਕੇ ਰਹਿ ਗਈ ।
ਤੇਰੇ ਮੇਰੇ ਵਸਲ ਦੇ ਮਿਸਰੇ ਅਧੂਰੇ ਰਹਿ ਗਏ
ਗਜ਼ਲ ਸਾਡੇ ਦਰਦ ਦਾ ਅਨੁਵਾਦ ਹੋ ਕੇ ਰਹਿ ਗਈ ।
ਸ਼ੁਕਰ ਹੈ ਦੋਹਾਂ ਦੀ ਜ਼ਿੰਦਗੀ ਡਿਗ ਕੇ ਫਿਰ ਸੰਭਲ ਗਈ
ਇਹ ਨਹੀਂ ਹੋਇਆ ਉਮਰ ਭਰ ਬਰਬਾਦ ਹੋ ਕੇ ਰਹਿ ਗਈ ।
02-04-2014
ਗੀਤ
ਮਿੱਤਰੋ ਪੂਰਾ ਜੋਰ ਲਗਾਓ
ਹੁਣ ਨਾ ਐਵੇਂ ਢੇਰੀ ਢਾਓ ।
ਸਾਰੀ ਦੁਨੀਆਂ ਹਿੱਲ ਜਾਂਦੀ ਹੈ
ਕਲੀ ਦਿਲਾਂ ਦੀ ਖਿਲ ਜਾਂਦੀ ਹੈ
ਉਸ ਨੂੰ ਮੰਜ਼ਲ ਮਿਲ ਜਾਂਦੀ ਹੈ
ਜਿਹੜਾ ਜ਼ਿੰਦਗੀ ਦੇ ਦੁੱਖਾਂ ਦਾ
ਡੱਟ ਕੇ ਕਰਦਾ ਹੈ ਉਪਾਓ
ਮਿੱਤਰੋ .................।
ਰੁੱਤਾਂ ਦੇ ਵਿਚ ਰੰਗ ਭਰਨ ਗੇ
ਝੀਲਾਂ ਦੇ ਵਿਚ ਕੰਵਲ ਤਰਨ ਗੇ
ਤਿਤਲੀਆਂ, ਭੌਰੇ ਮੌਜ ਕਰਨ ਗੇ
ਕ੍ਰਾਂਤੀ ਦੀ ਦੁਲਹਨ ਦੇ ਮੁੱਖ ਤੋਂ
ਚਾਵਾਂ ਦੇ ਨਾਲ ਘੁੰਡ ਉਠਾਓ
ਮਿੱਤਰੋ ...................।
ਲਹਿਰ ਸਮੇਂ ਦੀ ਪਈ ਪੁਕਾਰੇ
ਉਠੋ ਮੇਰੇ ਰਾਜ - ਦੁਲਾਰੇ
ਕਦ ਤਕ ਰਹੋ ਗੇ ਖੜੇ ਕਿਨਾਰੇ
ਚੀਰ ਦਿਓ ਸਾਗਰ ਦੀ ਛਾਤੀ
ਲੈ ਕੇ ਬੇੜੀ ਹੁਣ ਠਿੱ੍ਹਲ ਜਾਓ
ਮਿੱਤਰੋ.....................।
ਨਹੀਂ ਤਾਂ ਝੁੱਲੂ ਘੋਰ ਹਨੇਰੀ
ਮਿਟ ਜੂ ਹਸਤੀ ਮੇਰੀ ਤੇਰੀ
ਹੋਰ ਤੁਸੀਂ ਜੇ ਲਾਈ ਦੇਰੀ
ਪੱਤਾ ਪੱਤਾ ਬੋਲ ਰਿਹਾ ਹੈ
ਕਿ ਅੱਬ ਹੈ ਜੂਝਣ ਕਾ ਦਾਓ
ਮਿੱਤਰੋ......................
ਹੁਣ ਨਾ.....................।
01-07-2014
-0- |