ਪਤਨੀ ਦੀ ਪਾਈ ਸ਼ੁਭ
ਸ਼ਗਨਾਂ ਵਾਲੀ ਦਹੀਂ ਦੀ ਕੌਲੀ ਮੂੰਹ ਨੂੰ ਲਗਾਈ। ਚਾਬੀਆਂ ਦਾ ਗੁੱਛਾ ਫੜ੍ਹ ਛਣਕਾਇਆ। ਕੰਧ
ਤੇ ਲੱਗੀਆਂ ਬਾਬਿਆਂ ਦੀਆਂ ਮੂਰਤਾਂ ਨੂੰ ਨਮਸਕਾਰ ਕੀਤਾ ਤੇ ਮੁਹਿੰਮ ਤੇ ਨਿਕਲ ਤੁਰਿਆ।
ਦਰਵਾਜ਼ੇ ਤੋਂ ਬਾਹਰ ਪੈਰ ਰੱਖਦੇ ਹੀ ਜਾਣੇ ਪਛਾਣੇ ਵਿਅਕਤੀਆਂ ਦੀ ਢਾਣੀ ਮੱਥੇ ਲੱਗੀ ਵੇਖ ਕੇ
ਉਸ ਦੇ ਕਦਮ ਠਹਿਚਲ ਗਏ। ਉਹ ਇੱਕ ਦਮ ਸਮਝ ਗਿਆ, ਇਹ ਉਗਰਾਹੀ ਵਾਲੇ ਹਨ। ਮੱਥੇ ਉੱਗੇ ਕੜਵਾਹਟ
ਲੱਛਣ ਛੁਪਾਉਂਦੇ ਉਸ ਘੜੀ ਵੱਲ ਝਾਤੀ ਮਾਰੀ। ਠਾਟੀ ਦੀ ਗੰਢ ਪਲੋਸਦੇ ਰਸਮੀ ਜਿਹੀ ਮੁਸਕਾਨ
ਨਾਲ ਹੱਥ ਅੱਗੇ ਵਧਾਇਆ। ਇਹ ਲੋਕ ਕਈ ਵੇਰ ਚੁਰਾਸੀ ਦੰਗਾ ਪੀੜਤਾਂ ਦੀ ਮਦਦ ਵਾਸਤੇ ਰਸਦ ਪਾਣੀ
ਲੈ ਗਏ। ਪਿਛਲੇ ਮਹੀਨੇ ਇਹ ਹੇਤੀ ਭੁਚਾਲ ਵਾਸਤੇ ਉਗਰਾਹੀ ਲੈ ਗਏ। ਫਿਰ ਗੁਰਦੁਆਰੇ ਵਾਸਤੇ
‘ਦਸਵੰਧ’ ਲਈ ਆ ਗਏ, ਇਹਨਾਂ ਨੂੰ ਅਗਲੇ ਹਫ਼ਤੇ ਦਾ ਵਾਅਦਾ ਕੀਤਾ ਸੀ ਤੇ ਹੁਣ ਇਹ ਬਿਲਕੁਲ
ਇਕਰਾਰ ਅਨੁਸਾਰ ਆਨ ਪਹੁੰਚੇ ਨੇ। ‘ਮੁਆਫ਼ ਕਰਨਾ! ਮੇਰੀ ਮੁਲਾਕਾਤ ਦਾ ਸਮਾਂ ਮੁਕੱਰਰ ਹੈ, ਮੈਂ
ਸ਼ਾਮ ਨੂੰ ਆਪੇ ਹੀ ਹਾਜ਼ਰ ਹੋ ਜਾਵਾਂ ਗਾ ਤੁਹਾਡੇ ਕੋਲ। ਤੁਸੀਂ ਦੋਬਾਰਾ ਖੇਚਲ ਨਾ ਕਰਿਓ।’
ਇਹ ਭੱਦਰ ਪੁਰਸ਼ ਹਰ ਮਹੀਨੇ ਨਵੇਂ ਤੋਂ ਨਵੇਂ ਢੁੱਚਰੀ ਬਹਾਨੇ ਮਖੌਟੇ ਬਦਲ ਕੇ ਠੂਠਾ ਫੜ੍ਹ ਆ
ਖੜ੍ਹਦੇ ਨੇ। ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ। ਕਦੇ ਗ਼ਰੀਬ ਕੁੜੀਆਂ ਦੇ ਵਿਆਹ
ਵਾਸਤੇ, ਕਦੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਵਾਸਤੇ, ਕਦੇ ਪੂਹਲੇ ਦੇ
ਕਾਤਲਾਂ ਨੂੰ ਸਰੋਪੇ ਸਨਮਾਨ ਦੇਣ ਲਈ ਤੇ ਕਦੇ ਕੌਮ ਮਜ਼੍ਹਬ ਨੂੰ ਖ਼ਤਰਾ ਹੋਣ ਦੇ ਨਾਅਰੇ ਨਾਲ ਆ
ਅਲੱਖ ਜਗਾਉਂਦੇ ਨੇ।
‘ਮੁਬਾਰਕਾਂ ਤੁਹਾਨੂੰ! ਤੁਸੀਂ ਜਾਣ ਕੇ ਬਹੁਤ ਖ਼ੁਸ਼ ਹੋਵੋ ਗੇ ਕਿ ਸਾਡੀ ਮੇਲਾ ਕਮੇਟੀ ਨੇ
ਐਤਕੀਂ ਤੁਹਾਡਾ ਨਾਮ ਮਾਣ-ਸਨਮਾਨ ਵਾਸਤੇ ਚੁਣਿਆ ਹੈ। ਮੇਲੇ ਵਿਚ ਕਬੱਡੀ ਦਾ ਕੌਮਾਂਤਰੀ
ਮੁਕਾਬਲਾ ਹੋਣਾ ਹੈ, ਜੇਤੂਆਂ ਨੂੰ ਇਨਾਮ ਤੁਹਾਡੇ ਸ਼ੁੱਭ ਹੱਥੋਂ ਦਿਵਾਉਣੇ ਹਨ। ਕੈਲੀਫੋਰਨੀਆ
ਦੇ ਪ੍ਰੈਜ਼ੀਡੈਂਟ, ਗਵਰਨਰ, ਮੁੱਖ ਮਹਿਮਾਨ ਨੂੰ ਵੀ ਹਾਰ ਤੁਹਾਡੇ ਬਖ਼ਤਾਵਰ ਹੱਥੋਂ ਹੀ
ਪਵਾਉਣੇ ਨੇ।’ ਪ੍ਰਧਾਨ ਸਾਹਿਬ ਨੇ ਖਟਮਿੱਠਾ ਚੋਗਾ ਖਿਲਾਰਿਆ।
‘ਥੈਂਕ ਯੂ, ਧੰਨਵਾਦ! ਮੈਂ ਮਿਲਾਂ ਗਾ ਤੁਹਾਨੂੰ ਜਲਦੀ ਹੀ, ਮੈਨੂੰ ਹੁਣ ਕਾਹਲ ਹੈ।’ ਤਰਲਾ
ਜਿਹਾ ਸੁਣ ਕੇ ਉਨ੍ਹਾਂ ਦੇ ਮਨ ਮਿਹਰ ਪੈ ਗਈ। ਉਹ ਰਸਤਾ ਛੱਡ ਕੇ ਮੁੜ ਹਮਰ ਵੱਲ ਹੋ ਗਏ।
‘ਹੁਣ ਇਹ ਮੇਲੇ ਦੇ ਨਾਮ ਤੇ ਪੈਸੇ ਬਟੋਰਦੇ ਫਿਰਦੇ ਨੇ। ਉੱਥੇ ਲੋਕਾਂ ਦੀ ਹੱਡ-ਤੋੜਵੀਂ
ਮਿਹਨਤ ਦੇ ਜਬਰੀ ਦਾਨ ਨਾਲ ਇਹ ਤਮਾਸ਼ਾ ਕਰਨ ਗੇ.. ਆਪਣੀਆਂ ਵਫ਼ਾਦਾਰੀਆਂ ਚਮਕਾਉਣ ਗੇ..
ਅਧਿਕਾਰੀਆਂ ਨਾਲ ਫ਼ੋਟੋ ਖਿਚਾਉਣ ਗੇ.. ਗਲਾਸੀਆਂ ਟਣਕਾਉਣ ਗੇ। ਫਿਰ ਵੋਟਾਂ ਸਮੇਂ ਫ਼ੰਡ
ਰੇਜਿ਼ੰਗ ਦੇ ਬਹਾਨੇ ਫਿਰ ਈ-ਮੇਲਾਂ ਕਰਦੇ ਫ਼ੋਨ ਖੜਕਾਉਂਦੇ ਫਿਰਨ ਗੇ ਕਿ ਇਹ ਅਫ਼ਸਰ ਸਾਡੇ
ਭਾਈਚਾਰੇ ਦਾ ਬੜਾ ਲਿਹਾਜ਼ਦਾਰ ਹੈ। ਆਰਥਿਕ ਮੰਦਹਾਲੀ ਦੇ ਦੌਰ ਵਿਚ ਲੋਕਾਂ ਦੇ ਘਰ ਕੁਰਕ ਹੋ
ਰਹੇ ਨੇ, ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜਾਈ, ਪਾਲਣ-ਪੋਸਣ ਦੇ ਸੰਸੇ ਲੱਗੇ ਪਏ ਨੇ ਤੇ ਇਹ
ਫਨ ਕਰ ਕਰਾ ਰਹੇ ਨੇ... ਵੱਡੇ ਖੈਰਖਵਾਹ ਭਾਈਚਾਰੇ ਦੇ।’ ਟੈੱਸਟ ਵਾਸਤੇ ਅਮਰੀਕੀ ਇਤਿਹਾਸ,
ਸਰਕਾਰੀ ਮਸ਼ੀਨਰੀ ਤੇ ਸਭਿਅਤਾ ਬਾਰੇ ਚੱਲ ਰਹੀ ਉਸ ਦੀ ਤਿਆਰੀ ਵਿਚ ਖੱਲੜ ਪਿਆ ਜਾਣ ਕੇ ਉਹ
ਤਿਲਮਿਲਾ ਉੱਠਿਆ। ਬਿੱਲੀ ਦੇ ਰਸਤਾ ਕੱਟਣ ਵਾਂਗ ਉਸ ਨੇ ਇਸ ਰੁਕਾਵਟ ਨੂੰ ਬੇਸਗਨੀ ਸਮਝੀ।
ਰਿੱਝਦੇ ਕੁੜ੍ਹਦੇ ਮਨ ਨਾਲ ਕਾਰ ਵਿਚ ਬੈਠ ਕੇ ਮੰਜ਼ਿਲ ਦਾ ਰੁੱਖ ਕੀਤਾ।
‘ਅਮਰੀਕੀ ਕਾਂਗਰਸ ਦੇ ਦੋ ਹਿੱਸੇ ਹਨ। ਸੈਨੇਟ ਦੇ ਇੱਕ ਸੌ ਮੈਂਬਰ ਹਨ ਜਿਨ੍ਹਾਂ ਦੀ ਮਿਆਦ ਛੇ
ਸਾਲ ਹੁੰਦੀ ਹੈ। ‘ਹਾਊਸ ਆਫ਼ ਰੈਪਰੇਜ਼ੈਂਟੇਟਿਵ‘ ਦੇ ਚਾਰ ਸੌ ਪੈਂਤੀ ਮੈਂਬਰ ਹਨ ਜਿਨ੍ਹਾਂ ਦੀ
ਮਿਆਦ ਦੋ ਸਾਲ ਹੁੰਦੀ ਹੈ। ‘ਸਟੈਚੂ ਆਫ਼ ਲਿਬਰਟੀ’ ਨਿਊਯਾਰਕ ਹਾਰਬਰ ਵਿਖੇ ਸਥਿਤ ਹੈ।’ ਕਾਰ
ਸਟਾਰਟ ਹੁੰਦੇ ਹੀ ਕਈ ਦਿਨਾਂ ਤੋਂ ਚੱਲਦੀ ਉਸ ਦੀ ਹਮਸਫ਼ਰ ਸੀ. ਡੀ. ਨੇ ਆਪਣਾ ਅਲਾਪ ਛੋਹ ਕੇ
ਉਸ ਦੇ ਬੇਸਵਾਦੇ ਸੰਵੇਗ ਨੂੰ ਠੱਲ੍ਹ ਕੇ ਅਸਲੀ ਮੁੱਦੇ ਵੱਲ ਕੇਂਦਰਿਤ ਕੀਤਾ।
‘ਹਾਂ, ਜਿਵੇਂ ਜੱਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਵਿਖੇ ਜਿੱਥੇ ਜਨਰਲ ਡਾਇਰ ਨੇ ਗੋਲੀਆਂ ਨਾਲ
ਹਜ਼ਾਰਾਂ ਭਾਰਤੀ ਭੁੰਨ ਦਿੱਤੇ ਸਨ, ਭਾਰਤੀ ਆਜ਼ਾਦੀ ਦੀ ਲੱਠ ਹੈ, ਇਨ੍ਹਾਂ ਦੀ ਅਜੇਹੀ ਯਾਦਗਾਰ
ਹਡਸਨ ਦਰਿਆ ਦੇ ਕੰਢੇ ਸਥਿਤ ਹੈ।’ ਉਸ ਨੇ ਮਨ ਹੀ ਮਨ ਵਿਚ ਗੱਲ ਅਗਾਂਹ ਤੋਰੀ।
‘ਅਮਰੀਕਾ ਦੀ ‘ਪਾਰਲੀਮੈਂਟ’ ਨੂੰ ‘ਕਾਂਗਰਸ’ ਕਹਿੰਦੇ ਹਨ। ‘ਮਿਨਿਸਟਰ’ ਨੂੰ ‘ਸੈਕਰੇਟਰੀ’
ਕਿਹਾ ਜਾਂਦਾ ਹੈ। ਪ੍ਰੈਜ਼ੀਡੈਂਟ ਦੀ ਚੋਣ ਹਰ ਚਾਰ ਸਾਲ ਬਾਦ ਨਵੰਬਰ ਵਿਚ ਹੁੰਦੀ ਹੈ।’
ਟੈੱਸਟ ਵਾਸਤੇ ਨਿਰਧਾਰਿਤ ਇੱਕ ਸੌ ਸਵਾਲਾਂ ਤੋਂ ਤਾਂ ਮੈਂ ਮਾਰ ਨਹੀਂ ਖਾਂਦਾ ਪਰ ‘ਬੜਾ ਔਖਾ
ਹੈ ਹੁਣ ਸਿਟੀਜ਼ਨ ਟੈੱਸਟ ਪਾਸ ਕਰਨਾ। ਅਨਪੜ੍ਹ ਜਾਂ ਘੱਟ ਅੰਗਰੇਜ਼ੀ ਜਾਣਨ ਵਾਲੇ, ਜਾਂ ਘੋਟਾ
ਲਗਾਉਣ ਵਾਲੇ ਵਾਸਤੇ ਅਸੰਭਵ ਵੀ ਹੈ ਤੇ ਨਾ-ਮੁਮਕਿਨ ਵੀ।’ ਪ੍ਰੋਫੈਸਰ ਸਰਾਂ ਦੀ ਚੇਤਾਵਨੀ ਉਸ
ਦੇ ਸਾਹਮਣੇ ਤਲਵਾਰ ਵਾਂਗ ਆ ਲਟਕੀ। ਪਤਾ ਨਹੀਂ ਕਿਸ ਤਰ੍ਹਾਂ ਦੇ ਕੰਬਖ਼ਤ ਪ੍ਰੀਖਿਅਕ ਨਾਲ ਵਾਹ
ਪਵੇ ਗਾ। ਮੈਨੂੰ ਉਸ ਦੇ ਉਚਾਰਨ ਦੀ ਸਮਝ ਨਾ ਆਵੇ ਜਾਂ ਉਸ ਨੂੰ ਮੇਰੀ ਸਮਝ ਨਾ ਆਈ ਤਾਂ ਨਾਂਹ
ਤਾਂ ਮੈਨੂੰ ਹੀ ਹੋਣੀ ਹੈ। ਉਹਨੇ ਕਿਹੜਾ ਸਾਗ ਗੰਨੇ ਜਾਂ ਦਾਰੂ ਬੋਤਲ ਵੱਢੀ ਲੈ ਕੇ ਪਾਸ ਕਰ
ਦੇਣਾ। ਖ਼ਰਬੂਜ਼ਾ ਛੁਰੀ ਤੇ ਡਿੱਗੇ ਜਾਂ ਛੁਰੀ ਖ਼ਰਬੂਜ਼ੇ ਤੇ, ਨੁਕਸਾਨ ਤਾਂ ਖ਼ਰਬੂਜ਼ੇ ਦਾ ਹੀ
ਹੋਣਾ ਹੈ।
‘ਬੁੱਢੇ ਤੋਤੇ ਕਦੇ ਨਹੀਂ ਪੜ੍ਹ ਸਕਦੇ’ ਦਾ ਪੁਰਾਣਾ ਮੁਹਾਵਰਾ ਡਾਕਟਰ ਸਰਾਂ ਨੇ ਝੁਠਲਾ
ਦਿੱਤਾ ਹੈ। ਉਸ ਨੇ ਕਈ ਅਨਪੜ੍ਹਾਂ ਨੂੰ ਪਹਿਲਾਂ ਏ. ਬੀ. ਸੀ. ਸਿਖਾਈ, ਲਿਖਣਾ ਪੜ੍ਹਨਾ
ਸਿਖਾਇਆ ਤੇ ਫਿਰ ਸਾਰੇ ਸਵਾਲ ਕੰਠ ਕਰਾਏ। ਉਸ ਦੇ ਪੜ੍ਹਾਏ ਕਈ ਨਾਉਮੀਦੀ ਉਮੀਦਵਾਰ ਜਿਨ੍ਹਾਂ
ਨੂੰ ‘ਇੱਲ ਦਾ ਨਾਂ ਕੋਕੋ’ ਵੀ ਨਹੀਂ ਸੀ ਆਉਂਦਾ, ਸਿਟੀਜ਼ਨ ਟੈੱਸਟ ਵਿਚੋਂ ਪਾਸ ਹੋਏ ਉਸ ਨੂੰ
ਅਸੀਸਾਂ ਦਿੰਦੇ ਨਹੀਂ ਥੱਕਦੇ।’ ਇਸ ਸੋਚ ਨੇ ਉਸ ਦੇ ਥਿੜਕਦੇ ਵਿਸ਼ਵਾਸ ਨੂੰ ਠੁੰਮ੍ਹਣਾ
ਦਿੱਤਾ। ਨਿੱਤ-ਨੇਮ ਪਾਠ ਵਾਂਗ ਉਹ ਸੀ. ਡੀ. ਦੇ ਵਿਖਿਆਨ ਵਿਚ ਅੰਤਰ-ਧਿਆਨ ਹੋ ਗਿਆ।
ਓਕਲੈਂਡ ਐਗਜਿ਼ਟ ਪੀਲੀ ਬੱਤੀ ਤੇ ਕਾਰ ਧੀਮੀ ਹੋਣ ਤੇ ਕੁੜੀਆਂ ਮੁੰਡਿਆਂ ਦੀ ਇੱਕ ਜੁੰਡਲੀ ਨੇ
ਉਸ ਦੀ ਗ੍ਰਿਹਨ ਪ੍ਰਕਿਰਿਆ ਖੰਡਿਤ ਕਰ ਦਿੱਤੀ। ਉਸ ਵੱਲ ਉਮਡਦੇ ਵੇਖ ਕੇ ਉਸ ਨੇ ਕਾਰ ਭਜਾ
ਲਈ। ਹਥਿਆਰ ਰੱਖਣ ਦੀ ਆਜ਼ਾਦੀ ਦੀ ਆੜ ਵਿਚ ਅਪਰਾਧੀ ਬਿਰਤੀ ਵਾਲੇ ਅਜੇਹੇ ਲੋਕ ਗਨ ਲੈ ਕੇ
ਜਿੱਥੇ ਮਰਜ਼ੀ, ਜਿਸ ਸਟੋਰ, ਕੰਪਨੀ ਵਿਚ ਮਰਜ਼ੀ ਡਾਂਗ ਨਾਲ ਖ਼ੈਰ ਮੰਗਣ ਵਾਂਗ ਹੱਥ ਜਾ ਅੱਡਦੇ
ਹਨ ਤੇ ਨਾਂਹ ਕਰਨ ਤੇ ਗੋਲੀਆਂ ਦਾ ਨਿਸ਼ਾਨਾ ਬਣਾ ਦਿੰਦੇ ਹਨ। ਇਨ੍ਹਾਂ ਨਾਲ ਝੜਪਾਂ ਵਿਚ ਕਈ
ਪੁਲਸ ਅਫ਼ਸਰ ਵੀ ਆਪਣੀ ਜਾਨ ਖੋਹ ਬੈਠੇ ਹਨ। ਇਸ ਅੰਨ੍ਹੇ ਜੰਗਲ ਵਿਚੋਂ ਲੰਘਦਿਆਂ ਉਹ
ਘਬਰਾਉਂਦਾ ਸੀ ਪਰ ਇਸ ਤੋਂ ਬਿਨਾਂ ਹੋਰ ਕੋਈ ਰਸਤਾ ਵੀ ਨਹੀਂ ਸੀ ਇਮਤਿਹਾਨ ਸੈਂਟਰ ਤੱਕ
ਪਹੁੰਚਣ ਦਾ।
ਅੱਗੇ ਕੁੱਝ ਵਿਦਿਆਰਥੀ ਹੱਥ ਵਿਚ ਬੈਨਰ ਲਹਿਰਾਉਂਦੇ ਕਾਰਾਂ ਧੋਣ ਲਈ ਹਾਕਰਾਂ ਮਾਰ ਰਹੇ ਸਨ।
ਉਸ ਨੂੰ ਪਤਾ ਸੀ ਇਹ ਸਕੂਲ ਦੇ ਬੱਚੇ ਹਨ ਜੋ ਆਪਣੇ ਫ਼ਾਲਤੂ ਟਾਈਮ ਸਮੇਂ ਅਜੇਹੇ ਫੁਟਕਲ ਉਸਾਰੂ
ਕੰਮ ਕਰ ਕੇ ਆਪਣਾ ਜੇਬ ਖ਼ਰਚ ਬਣਾ ਲੈਂਦੇ ਹਨ। ਕਾਰ ਮਾਲਕਾਂ ਨੂੰ ਸਸਤਾ ਰੇਟ ਮਿਲ ਜਾਂਦਾ ਹੈ।
ਕਾਰ ਸਰਵਿਸ ਸਟੇਸ਼ਨ ਤੇ ਵੀਹ ਡਾਲਰ ਵਾਲੀ ਸੇਵਾ ਇਹ ਸੱਤ ਅੱਠ ਵਿਚ ਕਰ ਦਿੰਦੇ ਹਨ।... ਪਰ
ਸੱਪ ਵੀ ਤਾਂ ਘਾਹ ਵਿਚੋਂ ਹੀ ਨਿਕਲਦਾ ਹੈ। ਪਿਛਲੇ ਦਿਨੀਂ ਸ਼ਰਨ ਪਾਲ ਨਾਲ ਬੀਤੀ ਸੁਣਾਈ
ਹੱਡਬੀਤੀ ਨੇ ਉਸ ਦਾ ਪ੍ਰਭਾਵ ਤਹਿਸ-ਨਹਿਸ ਕਰ ਦਿੱਤਾ। ਅਜੇਹੀ ਹੀ ਇੱਕ ਜੋੜੀ ਉਸ ਨੂੰ ਫੁਸਲਾ
ਕੇ ਗੱਡੀ ਵਿਚ ਬੈਠ ਗਈ ਸੀ।
‘ਐਕਸਕਿਊਜ਼ ਮੀ ਸਰ, ਸਾਡੇ ਕੁੱਝ ਔਜ਼ਾਰ ਘਰ ਰਹਿ ਗਏ ਨੇ। ਸਾਨੂੰ ਜਰਾ ਥੋੜ੍ਹੀ ਦੇਰ ਲਿਫ਼ਟ
ਦਿਓ ਗੇ?’
‘‘ਸ਼ੁਅਰ! ਨੋ ਪ੍ਰਾਬਲਮ।’ ਸ਼ਿਸ਼ਟਾਚਾਰ ਵਜੋਂ ਉਸ ਨੇ ਤਾਕੀ ਖੋਲ੍ਹ ਦਿੱਤੀ। ਅਗਲੇ ਮਹੱਲੇ
ਕਹਿੰਦੇ ਕਹਿੰਦੇ ਕਾਫ਼ੀ ਦੂਰ ਇਕਲਵਾਂਝੇ ਨਿਕਲ ਗਏ।
ਉਨ੍ਹਾਂ ਦੇ ਨਿਰਦੇਸ਼ਨ ਤੇ ਚੱਲਦਾ ਉਹ ਸ਼ਹਿਰੋਂ ਬਾਹਰ ਅੰਗੂਰਾਂ ਦੇ ਫਾਰਮਾਂ ਤੱਕ ਪਹੁੰਚ
ਗਿਆ। ਉਸ ਦਾ ਮਨ ਘੇਰਨੀਆਂ ਖਾਣ ਲੱਗਾ, ਅੱਜ ਤੇ ਤੂੰ ਫਸ ਗਿਆ ਕਾਮਰੇਡਾ। ਲੋਕਾਂ ਨੂੰ ਬੁੱਧੂ
ਬਣਾਉਂਦਾ ਬਣਾਉਂਦਾ ਆਪ ਫਸ ਗਿਆ ਇਨ੍ਹਾਂ ਦੇ ਜਾਲ ਵਿਚ। ‘ਕੱਢ ਦੇ ਜੋ ਮਾਲ ਛਾਲ ਹੈ ਤੇਰੇ
ਕੋਲ।’ ਸ਼ੀਸਿ਼ਆਂ ਵਿਚ ਅੱਗੇ ਪਿੱਛੇ ਖ਼ਾਲੀ ਸੜਕ ਤੇ ਨਜ਼ਰ ਮਾਰਦੇ ਉਸ ਨੇ ਆਪਣੀ ਪੂੰਜੀ ਦਾ
ਲੇਖਾ ਜੋਖਾ ਕੀਤਾ। ਇਹ ਕੋਈ ਹਜ਼ਾਰ ਦੇ ਕਰੀਬ ਸੀ। ਤਵੱਕੋ ਵਜੋਂ ਉਸ ਨੇ ਆਪਣੀ ਧੌਣ ਤੇ ਤਿੱਖੀ
ਨੋਕ ਮਹਿਸੂਸ ਕੀਤੀ। ਚਾਰ ਚੁਫੇਰੇ ਅੰਗੂਰਾਂ ਦੀ ਵਾਦੀ ਵਿਚ ਕੋਈ ਮਦਦਗਾਰ ਲੱਭਣ ਦੀ ਤਾਕ ਵਿਚ
ਉਸ ਨੇ ਧੌਣ ਚੁਫੇਰੇ ਘੁਮਾਈ।
‘ਸਟਾਪ!’ ਕਾਲੀ ਚਮੜੀ ’ਚੋਂ ਚਿੱਟੇ ਚਿੱਟੇ ਦੰਦ ਡੇਲੇ ਕੱਢਦੇ ਇਹ ਵਗਾਰੀ ਉਸ ਨੂੰ ਆਦਮ-ਖਾਣੇ
ਜਾਂਗਲੀ ਭੇੜੀਆਂ ਵਾਂਗਰ ਵੰਗਾਰੇ।
‘ਓਬਾਮਾ ਹਮਾਰਾ ਹੈ।’ ਕੁੜੀ ਫਰੰਟ ਸੀਟ ਤੇ ਪਈ ਓਬਾਮਾ ਦੀ ਮੂਰਤ ਵੇਖ ਫੁਸਫੁਸਾਈ ਪਰ ਸਾਥੀ
ਦੀ ਘੁਰਕੀ ਵੇਖ ਇੱਕ ਦਮ ਰੰਗ ਬਦਲ ਗਈ।
‘ਹੱਛਾ! ਮੈਂ ਤਾਂ ਉਹਨੂੰ ਆਪਣਾ ਮਸੀਹਾ ਸਮਝਿਆ ਸੀ। ਉਹ ਤੁਹਾਡਾ ਵੀ ਰਹਿਬਰ ਹੈ ਤਾਂ ਉਹਦੇ
ਕਰ ਕੇ ਹੀ ਕੁੱਝ ਸ਼ਰਮ ਕਰ ਲੈਂਦੇ।... ਕੀ ਲੈਣਾ ਤੁਸਾਂ ਮੈਥੋਂ? ਲਓ! ਇਹ ਕੜਾ, ਘੜੀ।’
ਦਣਦਣਾਉਂਦੀ ਮੌਤ ਝੁੰਮਰ ਪਾਉਂਦੀ ਵੇਖ ਕੇ ਉਹ ਪਹਿਲਾਂ ਹੀ ਤਿਆਰ ਸੀ।
‘ਯੈਸ ਯਾ, ਸੈਲ-ਫੋਨ, ਵਾਇਲਟ ਕੈਸ਼ ਆਲਸੋ।’ ਕੁੜੀ ਉਸ ਨੂੰ ਲਾਂਭੇ ਹੋਣ ਦਾ ਇਸ਼ਾਰਾ ਕਰਦੀ
ਉੱਠ ਕੇ ਡਰਾਈਵਰ ਸੀਟ ਵੱਲ ਆ ਗਈ। ਮੁੰਡੇ ਦਾ ਸ਼ਿਸਤ ਬੰਨ੍ਹਦਾ ਹੱਥ ਗਨ ਨਾਲ ਤਣਿਆ ਉਸ ਦੇ
ਸਾਹ ਉਖੇੜ ਰਿਹਾ ਸੀ। ਉਸ ਨੇ ਪਰਸ ਕੱਢ ਕੇ ਉਨ੍ਹਾਂ ਨੂੰ ਫੜਾ ਦਿੱਤਾ। ਇੱਕ ਅੱਧੇ ਮਿੰਟ ਵਿਚ
ਇਹ ਸਭ ਕੁੱਝ ਵਾਪਰ ਗਿਆ। ਮਾਲ ਸਮੇਟਦੇ ਧੰਨਵਾਦ ਕਰਦੇ ਉਹ ਨਿੱਜੀ ਦਸਤਾਵੇਜ਼ ਡਰਾਈਵਿੰਗ
ਲਾਇਸੈਂਸ, ਕਰੈਡਿਟ ਕਾਰਡ ਸਾਰੇ ਤੇ ਡੈਸ਼-ਬੋਰਡ ਵਿਚ ਪਏ ਚੈੱਕਾਂ ਸਮੇਤ ਕਾਰ ਭਜਾ ਕੇ ਓਝਲ
ਹੋ ਗਏ। ਸ਼ੁਕਰ! ਉਨ੍ਹਾਂ ਕੋਈ ਨੁਕਸਾਨ ਸੱਟ ਪੇਟ ਨਹੀਂ ਮਾਰੀ, ਭਲਮਾਣਸੀ ਨਾਲ ਪੇਸ਼ ਆਏ ਤੇ
ਲੁੱਟ ਪੁੱਟ ਕੇ ਔਹ ਗਏ। ਜੇ ਜਰਾ ਵੀ ਨਾਂਹ-ਨੁੱਕਰ ਹੀਲ-ਹੁੱਜਤ ਕਰਦਾ ਤਾਂ ਫਿਰ ਉਸ ਦੀ ਲਾਸ਼
ਹੀ ਅਖ਼ਬਾਰਾਂ ਦੀ ਸੁਰਖ਼ੀ ਬਣਨੀ ਸੀ। ‘ਤੋਤਿਆ ਮਨਮੋਤਿਆ, ਤੈਨੂੰ ਆਖ ਰਹੀ ਤੈਨੂੰ ਵੇਖ ਰਹੀ,
ਤੂੰ ਏਸ ਗਲੀ ਨਾ ਜਾਹ। ਏਸ ਗਲੀ ਦੇ ਲੋਕ ਬੜੇ ਭੈੜੇ, ਲੈਂਦੇ ਫਾਹੀਆਂ ਪਾ।’ ਸੱਜਣਾਂ ਦਾ
ਸਮਝਾਇਆ ਉਸ ਨੇ ਨਾ ਮੰਨਿਆ ਪਰ ਜਦ ਹੱਡਾਂ ਤੇ ਬੀਤੀ ਤਾਂ ਹੋਰਾਂ ਨੂੰ ਮੱਤਾਂ ਦਿੰਦਾ ਫਿਰਦਾ।
ਏਨਾ ਦਿਨ-ਦੀਵੀ ਦਿਲ-ਵਧੀ ਡਾਕਾ! ਇਹ ਅਮਰੀਕਾ ਦੀ ਸੁਤੰਤਰਤਾ ਦੀ ਵਿਸ਼ੇਸ਼ ਪ੍ਰਾਪਤੀ ਹੈ।
ਹਥਿਆਰ ਰੱਖਣਾ ਹਰੇਕ ਵਸਨੀਕ ਦਾ ਬੁਨਿਆਦੀ ਸੰਵਿਧਾਨਿਕ ਅਧਿਕਾਰ ਹੈ, ਇਹ ਤੁਹਾਡੀ ਮਰਜ਼ੀ ਹੈ
ਕਿ ਤੁਸੀਂ ਇਸ ਦੀ ਵਰਤੋਂ ਕਰੋ ਜਾਂ ਨਾ। ਅਜੇਹੇ ਛੁੱਟ-ਪੁੱਟ ਲੁੱਟਾਂ ਖੋਹਾਂ ਆਮ ਜਿਹਾ
ਰੁਟੀਨ ਵਰਤਾਰਾ ਹੈ। ਜਾਨ ਬਚੀ ਸੋ ਲਾਖ ਉਪਾਏ। ਭੈੜਾ ਸੁਪਨਾ ਸਮਝ ਕੇ ਉਸ ਨੇ ਮਨ ਨੂੰ ਧਰਵਾਸ
ਦਿੱਤਾ। ਉਸ ਨੂੰ ਤਫ਼ਤੀਸ਼ੀ ਪੁਲਸ ਅਧਿਕਾਰੀ ਨੇ ਮਸ਼ਵਰਾ ਦਿੱਤਾ ਸੀ। ‘ਜਦ ਕਦੇ ਅਜੇਹਾ ਮੌਕਾ
ਹੋਵੇ, ਚੋਰ ਡਾਕੂਆਂ ਦੇ ਚੁੰਗਲ ਵਿਚੋਂ ਬਚ ਨਿਕਲਣ ਲਈ ਤੁਸੀਂ ਲਾਲ ਬੱਤੀ ਵਿਚੋਂ ਵੀ ਗੁਜਰ
ਸਕਦੇ ਹੋ।’
‘ਤੇਰਾ ਕੀ ਇਰਾਦਾ, ਮੈਂ ਇੱਕ ਮੁਸੀਬਤ ਤੋਂ ਬਚਦਾ ਕਿਸੇ ਹੋਰ ਵਿਚ ਘੜਿੱਚ ਕਰ ਕੇ ਕੋਈ ਨਵੀਂ
ਬਲਾਮਤ ਗਲ ਪਾ ਲਵਾਂ? ਇਹ ਗ਼ਲਤ ਮਸ਼ਵਰਾ ਮੰਨਣ ਤੋਂ ਮੈਂ ਇਨਕਾਰੀ ਹਾਂ।’ ਅੰਦਰ ਹੀ ਅੰਦਰ
ਸੋਚਦੇ ਹਰੀ ਬੱਤੀ ਹੋਣ ਤੇ ਉਸ ਨੇ ਬਰੇਕ ਤੋਂ ਪੈਰ ਚੁੱਕਿਆ ਤੇ ਮਾਨਸਿਕ ਉਡਾਰੀ ਨਾਲ ਦੌੜ
ਪਿਆ।
‘ਯੂਨਾਈਟਿਡ ਸਟੇਟਸ ਆਫ਼ ਅਮੈਰਿਕਾ ਬ੍ਰਿਟਿਸ਼ ਹਕੂਮਤ ਤੋਂ 4 ਜੁਲਾਈ 1776 ਨੂੰ ਆਜ਼ਾਦ ਹੋਇਆ।
ਜਾਰਜ ਵਾਸ਼ਿੰਗਟਨ ਅਮਰੀਕਾ ਦਾ ਪਹਿਲਾ ਪ੍ਰਧਾਨ ਬਣਿਆ ਤੇ ਉਸ ਨੂੰ ‘ਫਾਦਰ ਆਫ਼ ਦੀ ਨੇਸ਼ਨ’ ਦੇ
ਨਾਮ ਨਾਲ ਸਨਮਾਨਿਆ ਜਾਂਦਾ ਹੈ। ਪਬਲੀਅਸ ਵੱਲੋਂ ਲਿਖਿਆ ਗਿਆ ਆਪਣਾ ਨਵਾਂ ਸੰਵਿਧਾਨ 1787
ਨੂੰ ਲਾਗੂ ਕੀਤਾ ਗਿਆ। ਇਸ ਵੇਲੇ ਇਸ ਦੀਆ 13 ਮੁੱਢਲੀਆਂ ਬ੍ਰਿਟਿਸ਼ ਕਾਲੋਨੀਆਂ ਸਮੇਤ 50
ਸੂਬੇ ਹਨ। ਡੈਮੋਕਰੈਟਿਕ ਪਾਰਟੀ ਨਾਲ ਸਬੰਧਿਤ ਬਰਾਕ ਓਬਾਮਾ ਇਸ ਦਾ 44ਵਾਂ ਪ੍ਰਧਾਨ ਹੈ।
ਵਾਸਿ਼ੰਗਟਨ ਡੀ. ਸੀ. ਵਿਖੇ ਵਾਈਟ-ਹਾਊਸ ਪ੍ਰਧਾਨ ਦੀ ਸਰਕਾਰੀ ਰਿਹਾਇਸ਼ ਤੇ ਹਕੂਮਤ ਦਾ
ਕੇਂਦਰ ਹੈ। ਪ੍ਰਧਾਨ ਅਮਰੀਕੀ ਫ਼ੌਜਾਂ ਦਾ ਮੁਖੀ ਹੈ। ਉਹ ਕਾਰਜ-ਕਰਨੀ ਦਾ ਸਰਬਰਾਹ ਹੈ।’ ਰਟੇ
ਰਟਾਏ ਫ਼ਿਕਰੇ ਉਸ ਦੇ ਮਨ ਵਿਚ ਆਪਣੇ ਆਪ ਸਾਖਸ਼ਾਤ ਦੁਹਰਾਏ ਗਏ।
ਚੱਲਦੀ ਕਾਰ ਦੇ ਨਾਲ ਸੌ ਸਵਾਲਾਂ ਵਾਲੀ ਸੀ. ਡੀ. ਵੀ ਆਪਣੇ ਆਪ ਚੱਲਦੀ ਮੁੜ ਮੁੜ ਚਿਤਰਨ
ਕਰਦੀ ਉਸ ਦੀ ਯਾਦਦਾਸ਼ਤ ਨੂੰ ਪੱਕਾ ਕਰਦੀ ਰਹੀ। ‘ਅਬਰਾਹਮ ਲਿੰਕਨ, ਜੇਮਜ਼ ਗਾਰ ਫੀਲਡ,
ਵਿਲੀਅਮ ਮਕਿੰਨਲੇ, ਅਤੇ ਜਾਰਜ ਕੈਨੇਡੀ ਪ੍ਰਧਾਨਾਂ ਨੂੰ ਉਨ੍ਹਾਂ ਦੇ ਕਾਰਜਕਾਲ ਵੇਲੇ ਆਪਣੇ
ਲੋਕਾਂ ਨੇ ਹੀ ਕਤਲ ਕਰ ਦਿੱਤਾ।’ ਵਾਹ ਬਈ ਵਾਹ! ਸਾਡੇ ਤਾਂ ਇੱਕ ਮਹਾਤਮਾ ਗਾਂਧੀ ਤੇ ਫਿਰ
ਇੰਦਰਾ ਗਾਂਧੀ ਹੀ ਕਤਲ ਹੋਏ ਸਨ ਤੇ ਇਹ ਲੋਕ ਸੱਚਮੁੱਚ ਹੀ ਅੱਗੇ ਹਨ ਹਰ ਮੁਹਾਜ਼ ਤੇ।.. ਨਹੀਂ
ਨਹੀਂ... ਗਿਣਤੀ ਸਾਡੀ ਵੀ ਕਦੇ ਘੱਟ ਨਹੀਂ ਹੋ ਸਕਦੀ ਅਜੇਹੇ ਮਾਮਲਿਆਂ ਵਿਚ। ਹਮ ਕਿਸੀ ਸੇ
ਕਮ ਨਹੀਂ, ਦੋ ਕਦਮ ਅੱਗੇ ਹੀ ਰਹਾਂ ਗੇ। ਪਰਤਾਪ ਸਿੰਘ ਕੈਰੋਂ, ਬਿਅੰਤ ਸਿੰਘ ਤੇ ਰਾਜੀਵ
ਗਾਂਧੀ ਵੀ ਤਾਂ ਆਪਣਿਆਂ ਦੀ ਗੋਲੀ ਦਾ ਸਿ਼ਕਾਰ ਹੋਏ ਸਨ। ਉਹ ਵਰਾਛਾਂ ਵਿਚ ਹੱਸਿਆ।
‘ਅਮਰੀਕਾ ਮੁੱਢਲੇ ਰੂਪ ਵਿਚ ਗ਼ੁਲਾਮ ਮਾਨਸਿਕਤਾ ਦੀ ਪੈਦਾਇਸ਼ ਹੈ। ਲੰਗੜੀ ਆਜ਼ਾਦੀ ਤੋਂ ਬਾਦ
ਨਾ-ਬਰਾਬਰੀ ਤੇ ਅਰਧ-ਗੁਲਾਮੀ ਨੇ ਅਮਰੀਕਾ ਨੂੰ ਬਹੁਤ ਦੇਰ ਖਾਨਾ-ਜੰਗੀ ਦੀਆਂ ਲਪਟਾਂ ਵਿਚ
ਉਲਝਾਈ ਰੱਖਿਆ। 19 ਸਤੰਬਰ 1864 ਸਿਵਲ ਵਾਰ ਦਾ ਸਿਖਰ ਹੋ ਨਿੱਬੜਿਆ ਜਦੋਂ ਇਕੇ ਦਿਨ ਵਿਚ
ਇਸੇ ਦੇਸ਼ ਦੇ 25000 ਤੋਂ ਵੱਧ ਲੋਕ ਅੰਦਰੂਨੀ ਝੜਪਾਂ ਵਿਚ ਮਾਰੇ ਗਏ। ਬੜੇ ਲੰਬੇ ਸੰਘਰਸ਼
ਤੋਂ ਬਾਦ ਇਨ੍ਹਾਂ ਸਮਾਜਿਕ ਬਿਮਾਰੀਆਂ ਲਾਹਨਤਾਂ ਤੋਂ ਅਮਰੀਕਾ ਸੁਤੰਤਰ ਹੋ ਗਿਆ ਪਰ ਇਸ ਦੇ
ਝੰਡਾਬਰਦਾਰ ਅਬਰਾਹਮ ਲਿੰਕਨ ਨੂੰ ਪੰਜ ਦਿਨਾਂ ਬਾਦ ਹੀ ਗੋਲੀ ਮਾਰ ਦਿੱਤੀ ਗਈ।
ਮਾਰਟਿਨ-ਲੂਥਰ-ਕਿੰਗ ਨੇ ਗ਼ੁਲਾਮ ਪ੍ਰਥਾ ਤੋਂ ਛੁੱਟ ਨਾ-ਬਰਾਬਰੀ ਦੇ ਖ਼ਿਲਾਫ਼ ਵੀ ਮੋਰਚਾ ਵਿੱਢ
ਦਿੱਤਾ। ਅਖੀਰ ਕਾਲੇ ਅਫ਼ਰੀਕੀ ਗ਼ੁਲਾਮਾਂ ਸਮੇਤ ਅਮਰੀਕਾ ਦੇ ਸਾਰੇ ਨਾਗਰਿਕ ਇੱਕ ਵੱਢੋਂ
ਬਿਨ-ਵਿਤਕਰੇ ‘ਲਾਈਫ਼, ਲਿਬਰਟੀ, ਪਰਸੂਇਟ ਆਫ਼ ਹੈਪੀਨੈਸ’ ਆਜ਼ਾਦੀ ਦੇ ਮੁੱਢਲੇ ਹੱਕਾਂ ਦੇ ਮਾਲਕ
ਬਣ ਗਏ।’ ਪ੍ਰੋਫੈਸਰ ਸਰਾਂ ਦਾ ਗਹਿਰ ਗੰਭੀਰ ਚਿਹਰਾ ਆਪਣੇ ਸਿੱਖਿਅਕਾਂ ਨੂੰ ਪਾਸ ਕਰਾਉਣ ਲਈ
ਸਖ਼ਤ ਮਿਹਨਤ ਵਾਸਤੇ ਤਾੜਨਾ ਅਗਵਾਈ ਕਰਦਾ ਨਾਲ ਨਾਲ ਘੁੰਮਣ ਲੱਗਾ।
ਮੇਲੇ ਵਾਂਗ ਨੱਕੋ-ਨੱਕ ਭਰੇ ਪਏ ਪਾਰਕਿੰਗ ਲਾਟ ਵਿਚ ਕਈ ਚੱਕਰ ਕੱਟ ਕੇ ਬਾਹਰ ਨਿਕਲ ਰਹੀ ਇੱਕ
ਕਾਰ ਦੀ ਇੰਤਜ਼ਾਰ ਕਰਨ ਤੋਂ ਬਾਦ ਖ਼ਾਲੀ ਜਗਾ ਮਿਲ ਗਈ। ਉਸ ਨੇ ਆਪਣੀ ਅਰਜ਼ੀ ਦੀ ਨਕਲ ਕੱਢ ਕੇ
ਸਰਸਰੀ ਨਜ਼ਰ ਮਾਰੀ। ਇਹਦੇ ਇੰਦਰਾਜ ਵਿਚੋਂ ਵੀ ਉਹ ਜਿਰ੍ਹਾ ਕਰ ਸਕਦੇ ਨੇ। ‘ਕੀ ਤੁਸੀਂ ਕਦੇ
ਕੋਈ ਮਹਾਂ ਪਾਪ, ਸ਼ਾਪ ਲਿਫ਼ਟਿੰਗ, ਹਿੱਟ ਐਂਡ ਰਨ, ਡਰਿੰਕ ਐਂਡ ਡਰਾਈਵ ਜਾਂ ਕੋਈ ਹੋਰ ਸੰਗੀਨ
ਜੁਰਮ ਵਿਚ ਗ੍ਰਿਫ਼ਤਾਰ ਹੋਏ ਹੋ?’ ਸਾਰੇ ਗੰਭੀਰ ਸਵਾਲਾਂ ਦੇ ਜੁਆਬ ‘ਨਾਂਹ’ ਵਿਚ ਸਨ। ਏਸੇ
ਤਰ੍ਹਾਂ ਉਸ ਦੀ ਵੀ ਤਸੱਲੀ ਕਰਾ ਦਿਆਂ ਗਾ, ਏਦੋਂ ਕੰਮੋਂ ਤਾਂ ਮੈਂ ਨਿਰਮਲ ਹਾਂ ਕੰਚਨ ..
ਸਾਫ਼ ਦੁੱਧ ਧੋਤਾ।
ਅਖ਼ਬਾਰ ਦੀਆਂ ਮੋਟੀਆਂ ਮੋਟੀਆਂ ਸੁਰਖ਼ੀਆਂ ਵਿਚ ਅਮਰੀਕਾ ਨੂੰ ਹੋਰ ਹਮਲੇ ਕਰਨ ਦੀ ਧਮਕੀ ਦਿੰਦਾ
ਚਿੱਟੀ ਪਗੜੀ ਵਾਲਾ ਕੋਈ ਬਿਨ-ਲਾਦੇਨ ਮੂੰਹ ਮੁੱਛਾਂ ਤੇ ਹੱਥ ਫੇਰ ਰਿਹਾ ਸੀ। ਦੂਸਰੇ ਕਾਲਮ
ਵਿਚ ਸੈਨਫ੍ਰਾਂਸਿਸਕੋ ਵਿਖੇ ਭਾਰਤੀ ਸਫ਼ਾਰਤਖ਼ਾਨੇ ਮੂਹਰੇ 1984 ਦੇ ਨੀਲਾ-ਤਾਰਾ ਕਾਂਡ ਤੇ
ਦਿੱਲੀ ਕਤਲੇਆਮ ਦੇ ਰੋਸ ਵਜੋਂ ਪਗੜੀ ਵਾਲੇ ਸੈਂਕੜੇ ਮੁਜ਼ਾਹਰਾਕਾਰੀ ਕਿਰਪਾਨਾਂ ਲਹਿਰਾ ਕੇ
ਆਪਣੀ ਭੜਾਸ ਕੱਢ ਰਹੇ ਸਨ। ਤੀਜੀ ਸੁਰਖ਼ੀ ਵਿਚ ਗੁਰੂ ਘਰ ਵਿਚ ਵੜ ਕੇ ਪੁਲਸ ਨੇ ਅੱਤਵਾਦੀ ਭਾਈ
ਢੇਰ ਕਰ ਦਿੱਤਾ ਆਦਿ ਪੜ੍ਹ ਕੇ ਉਸ ਨੂੰ ਮੁੜ੍ਹਕਾ ਛੁੱਟ ਗਿਆ। ਗਲ ਪਿਆ ਗਾਤਰਾ ਲਾਹ ਕੇ ਕਾਰ
ਦੀ ਸੀਟ ਤੇ ਟਿਕਾ ਦਿੱਤਾ। ਮਸੀਂ ਮਸੀਂ ਨਿਕਲਿਆ ਸਿ਼ਕਾਰ ਮੁੜ ਸਿਰੀ ਸਾਹਿਬ ਦੀ ਭੇਟ ਨਾ
ਚੜ੍ਹ ਜਾਏ। ਦਸਤਾਰ ਅੱਜ ਉਹ ਇਰਾਦਤਨ ਖ਼ਾਕੀ ਰੰਗ ਦੀ ਬੰਨ੍ਹ ਕੇ ਆਇਆ ਸੀ। ਉਹ ਨਹੀਂ ਸੀ
ਚਾਹੁੰਦਾ ਸੈਨਫ੍ਰਾਂਸਿਸਕੋ ਦੇ ਭਾਰਤੀ ਸਫ਼ਾਰਤਖ਼ਾਨੇ ਮੂਹਰੇ ਪਿਛਲੇ ਦਿਨੀਂ ਨੀਲੀ ਪਗੜੀ ਬੰਨ੍ਹ
ਕੇ ਕੀਤੇ ਰੋਸ-ਮਾਰਚ, ਗਾਲ਼ੀ ਗਲੋਚ ਤੇ ਜ਼ਿੰਦਾਬਾਦ ਮੁਰਦਾਬਾਦ ਜਲੂਸ ਦੀਆਂ ਫ਼ੋਟੋ ਪਛਾਣ ਕੇ
ਕੋਈ ਗੁਪਤਚਰ ਉਸ ਵੱਲ ਉਂਗਲ ਕਰ ਦੇਵੇ। ਜਾਂ ਕੋਈ ਹੋਰ ਕਾਲਾ ਗੋਰਾ ਅਨਾੜੀ ਵਿਅਕਤੀ ਲਾਦੇਨ
ਦਾ ਭਾਈ ਗਰਦਾਨ ਕੇ ਦਬੋਚ ਲਏ। ਸਾਹਮਣੇ ਸ਼ੀਸ਼ੇ ਵਿਚ ਉਸ ਨੇ ਆਪਣਾ ਚਿਹਰਾ ਵੇਖਿਆ, ਸਾਬਤ
ਸਬੂਤ ਦਾੜ੍ਹੀ ਮੁੱਛਾਂ ਤੇ ਹੱਥ ਫੇਰਿਆ, ਪੋਚਵੀਂ ਪੱਗ ਦੀ ਨੁੱਕਰ ਟੋਹੀ। ਉੱਘੜ ਦੁੱਗੜੇ
ਦਾੜ੍ਹੀ ਦੇ ਵਾਲ ਬਿਠਾਉਣ ਲਈ ਫਿਰ ਠਾਠੀ ਲਪੇਟ ਲਈ। ਉਸ ਦਾ ਹੁਲੀਆ ਬਿਨ-ਲਾਦੇਨ ਦੀ ਛਾਂਗੀ
ਹੋਈ ਦਾੜ੍ਹੀ ਤੇ ਕੁਤਰੀਆਂ ਮੁੱਛਾਂ, ਗੋਲ ਸਫ਼ੈਦ ਪਗੜੀ ਤੋਂ ਬਿਲਕੁਲ ਭਿੰਨ ਸੀ ਤੇ ਜਰਾ ਵੀ
ਸਮਾਨਤਾ ਨਹੀਂ ਸੀ ਰੱਖਦੀ। ਪਰ ਇਹ ਲੋਕ 2001 ਨਾਈਨ ਇਲੈਵਨ ਦੇ ਪੈਂਟਾਗਨ ਹਮਲੇ ਤੋਂ ਬਾਦ
ਅਜੇ ਤੱਕ ਵੀ ਇਸ ਪਗੜੀ ਧਾਰੀ ਚਿਹਰੇ ਵਿਚੋਂ ਲਾਦੇਨ ਦੀ ਤਲਾਸ਼ ਕਰ ਰਹੇ ਹਨ। ਬਹੁਤੇ
ਬਦਕਿਸਮਤ ਸਿੱਖ ਇਸ ਗ਼ਲਤ ਪਹਿਚਾਣ {ਮਿਸ ਆਈਡੈਂਟਿਟੀ} ਦੀ ਭੇਟ ਚੜ੍ਹ ਗਏ। ਸਰਕਾਰ ਨੇ ਪੁਲਸ
ਵਿਭਾਗ, ਹੋਰ ਪਬਲਿਕ ਮਹਿਕਮੇ ਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਬਥੇਰੀ ਮੁਹਿੰਮ ਵਿੱਢ
ਰੱਖੀ ਹੈ ਜੋ ਥਾਂ ਥਾਂ ਸਮੇਂ ਸਮੇਂ ਸਿਰ ਕਲਾਸਾਂ ਲਗਾ ਕੇ ਲੋਕਾਂ ਨੂੰ ਸਿੱਖਿਅਤ ਕਰਦੇ
ਰਹਿੰਦੇ ਹਨ। ਅੱਜ ਉਹ ਆਪਣੇ ਆਪ ਨੂੰ ਸੱਚ ਮੁਚ ਇੱਕ ਸ਼ਰੀਫ਼ ਇਮਾਨਦਾਰ ਸ਼ਹਿਰੀ ਦਾ ਆਦਰਸ਼
ਮੁਜੱਸਮਾ ਸਾਬਤ ਕਰਨ ਲਈ ਪੂਰੀ ਤਿਆਰੀ ਕਰੀ ਬੈਠਾ ਸੀ। ਕੜਾ ਤੇ ਮੁੰਦੀ ਵੀ ਲਾਹ ਕੇ
ਡੈਸ਼-ਬੋਰਡ ਵਿਚ ਟਿਕਾ ਦਿੱਤੇ।
ਉਹ ਆਪਣੇ ਨਿਰਧਾਰਿਤ ਸਮੇਂ ਤੋਂ ਚਾਲੀ ਮਿੰਟ ਪਹਿਲਾਂ ਪਹੁੰਚ ਗਿਆ ਸੀ। ਸਰਕਾਰੀ ਪਰਵਾਨੇ ਦੀ
ਹਦਾਇਤ ਅਨੁਸਾਰ ਜ਼ਿਆਦਾ ਭੀੜ ਭੜਕੇ ਦੀ ਤਵੱਕੋ ਵਜੋਂ ਮਿਥੇ ਸਮੇਂ ਤੋਂ ਪੰਦਰਾਂ ਮਿੰਟ ਤੋਂ
ਪਹਿਲਾਂ ਅੰਦਰ ਜਾਣਾ ਵਿਵਰਜਿਤ ਸੀ। ਸਮਾਂ ਝਟਕਾਉਣ ਦੇ ਮੰਤਵ ਨਾਲ ਉਸ ਨੇ ਮੁੱਖ ਦੁਆਰ
ਸਾਹਮਣੇ ਭਲਵਾਨੀ ਗੇੜਾ ਕੱਢਿਆ। ਅੰਦਰਲੇ ਡਰ ਤੋਂ ਮੁਕਤ ਹੋਣ ਲਈ ਉਹ ਪਾਠ ਗੁਣਗੁਣਾਉਣ ਲੱਗਾ।
‘ਰੱਖੇ ਰੱਖਣਹਾਰ ਆਪ ਉਬਾਰੀਅਨ, ਗੁਰ ਕੀ ਪੈਰੀਂ ਪਾਏ ਕਾਜ ਸਵਾਰੀਆਂ....ਜਿਸ ਸਿਮਰਤ ਸੁੱਖ
ਹੋਏ ਸਗਲੇ ਦੁੱਖ ਜਾਹੇ।’ ਇਹ ਪਵਿੱਤਰ ਸ਼ਬਦ ਜ਼ਿੰਦਗੀ ਦੇ ਹਰ ਮੋੜ ਤੇ ਹਮੇਸ਼ਾ ਉਸ ਦੇ ਅੰਗ
ਸੰਗ ਰਿਹਾ। ਜਦ ਕਦੇ ਵੀ ਔਕੜ ਮੁਸੀਬਤ ਵੇਲੇ ਉਸ ਦਾ ਮਨ ਡੋਲਿਆ, ਉਸ ਨੇ ਇਸ ਦਾ ਹੀ ਆਸਰਾ
ਲਿਆ। ਇਸੇ ਨੇ ਹੀ ਬੰਨੇ ਕੰਢੇ ਲਗਾ ਕੇ ਉਸ ਦਾ ਪਾਰ ਉਤਾਰਾ ਕੀਤਾ। ਉਸ ਨੂੰ ਸਾਫ਼ ਰਸਤੇ
ਮਿਲਦੇ ਰਹੇ। ਹੋਰ ਕਿਤੇ ਬੈਠਣ ਵਾਲੀ ਸੁਰੱਖਿਅਤ ਜਗਾ ਨਾ ਮਿਲ਼ਨ ਕਰ ਕੇ ਮੁੜ ਕਾਰ ਵਿਚ ਆ ਕੇ
ਬੈਠ ਗਿਆ।
ਇੱਕ ਗਸ਼ਤੀ ਸਿਕਿਉਰਿਟੀ ਕਾਰ ਉਸ ਦੇ ਨੇੜੇ ਆ ਕੇ ਰੁਕੀ। ਡੱਬ ਨੂੰ ਹੱਥ ਮਾਰਦਾ ਉੱਚਾ ਲੰਮਾ
ਸੁਡੌਲ ਪੁਲਸੀਆ ਬਾਹਰ ਨਿਕਲਿਆ।
‘ਤੂੰ ਕਿੱਥੇ ਐਕਸੀਡੈਂਟ ਕਰ ਕੇ ਦੌੜ ਆਇਐਂ? ਸਿਰ ਮੂੰਹ ਭਨਾ ਕੇ ਲੁਕਦਾ ਫਿਰਦੋਂ ਹੁਣ।’ ਕਾਰ
ਦੀ ਪ੍ਰਦੱਖਣਾਂ ਕਰਦੇ ਕਾਰ ਦਾ ਨਿਰੀਖਣ ਕਰਨ ਲੱਗਾ।
‘ਨੋ!.. ਨੋ ਐਕਸੀਡੈਂਟ।’ ਉਸ ਨੇ ਸੰਖੇਪ ਰਹਿਣਾ ਹੀ ਉਚਿੱਤ ਸਮਝਿਆ।
‘ਇੱਥੇ ਏਨੀ ਦੇਰ ਦਾ ਬੈਠਾ ਕੀ ਕਾਰਾ ਕਰਨ ਦੀ ਤਾਕ ਵਿਚ ਹੈ?’
‘ਸਰ ਮੈਂ ਟੈੱਸਟ ਦੇਣ ਆਇਆ ਹਾਂ। ਮੇਰੀ ਇੰਟਰਵਿਊ ਹੈ ਗਿਆਰਾਂ ਵਜੇ।’
‘ਇਹ ਮੁੱਗ੍ਹੜ ਮੜਾਸਾ ਚੰਗੇ ਸ਼ਗਨਾਂ ਦਾ ਲਖਾਇਕ ਨਹੀਂ। ਹੱਥ ਉੱਚੇ ਕਰ ਕੇ ਬਾਹਰ ਆ ਜਾਹ।’
‘ਸੌਰੀ... ।’ ਉਸ ਇਕਦਮ ਠਾਟੀ ਲਾਹ ਕੇ ਸੀਟ ਤੇ ਰੱਖੀ ਤੇ ਹੱਥ ਉੱਚੇ ਕਰ ਕੇ ਥੱਲੇ ਉੱਤਰ
ਆਇਆ।
ਚੌਕਸੀ ਤਲਾਸ਼ੀ ਨਿਗਾਹ ਅੰਦਰ ਸੁੱਟਦੇ ਕਿਰਪਾਨ ਪੁਲਸੀਏ ਦੀ ਨਜ਼ਰੀਂ ਪੈ ਗਈ। ‘ਮੂੰਹ ਥੱਲੇ
ਕਰ ਕੇ ਲੰਮਾ ਪੈ ਜਾਹ, ਹਿੱਲਣ ਦੌੜਨ ਦੀ ਕੋਸਿ਼ਸ਼ ਕੀਤੀ ਤਾਂ ਗੋਲੀ ਮਾਰ ਦਿਆਂ ਗਾ।’ ਉਹ
ਗਾਤਰੇ ਨੂੰ ਛੁਰੀ ਵਾਂਗ ਪਲੋਸ ਰਿਹਾ ਸੀ।
‘ਮੇਰਾ ਸਮਾਂ ਹੋ ਗਿਆ ਜਨਾਬ, ਇਹ ਵੇਖੋ ਮੇਰੀ ਮੁਲਾਕਾਤੀ ਚਿੱਠੀ। ਤੁਹਾਨੂੰ ਕੋਈ ਸ਼ੱਕ ਹੈ
ਤਾਂ ਮੈਨੂੰ ਬਾਦ ਵਿਚ ਜਿਵੇਂ ਮਰਜ਼ੀ ਫੜ੍ਹ ਲਿਓ। ਮੈਂ ਆਪੇ ਹਾਜ਼ਰ ਹੋ ਜਾਊਂ। ਇਹ ਸਿਰੀ ਸਾਹਿਬ
ਤੇ ਦਸਤਾਰ ਮੇਰੇ ਧਾਰਮਿਕ ਚਿੰਨ੍ਹ ਹਨ।’ ਉਸ ਦੀ ਤਰਲ ਨਿਮਨ ਪ੍ਰਾਰਥਨਾ ਨਾਲ ਉਹ ਪਸੀਜ ਗਿਆ।
‘ਪਾਰਕਿੰਗ ਲਾਟ ਵੇਟਿੰਗ-ਰੂਮ ਨਹੀਂ ਹੁੰਦਾ। ਤੂੰ ਕਾਨੂੰਨ ਦੀ ਬੱਜਰ ਅਵੱਗਿਆ ਕੀਤੀ ਹੈ।
ਤੇਰੇ ਜਿਹੇ ਅਜਨਬੀ ਇਸ ਸਾਰੇ ਖ਼ਿੱਤੇ ਲਈ ਖ਼ਤਰਾ ਬਣ ਸਕਦੇ ਨੇ। ਮੈਂ ਤੈਨੂੰ ਟਿਕਟ ਦੇ ਸਕਦਾ
ਹਾਂ, ਚਾਰਜ ਕਰ ਸਕਦਾ ਹਾਂ.. ਸਮਝੇ? ਤੈਨੂੰ ਘੰਟੇ ਦੀ ਕਦਰ ਨਹੀਂ? ਇੱਥੋਂ ਚਲਾ ਜਾਹ।’ ਭੈੜੇ
ਤੇ ਕੈੜੇ ਵਿਸ਼ਲੇਸ਼ਣ ਸੰਕੇਤ ਝੋਲੀ ਪੁਆ ਕੇ ਆਪਣੇ ਕਾਗ਼ਜ਼ ਸਮੇਟਣ ਲੱਗਾ।
ਚੰਗੀ ਦੁਰਗਤ ਕਰਾ ਕੇ ‘ਥੈਂਕ ਯੂ’ ਸੁੱਟਦੇ ਆਪਣੇ ਮੁਕਾਮ-ਗੇਟ ਵੱਲ ਤੁਰ ਪਿਆ।
‘ਬੇਹੁਰਮਤੀ ਲਈ ਮੁਆਫ਼ੀ। ਤੈਨੂੰ ਪਤਾ? ਤੇਰੇ ਅਜੇਹੇ ਪੱਗੜ ਨੇ ਹੀ ਸਾਰੀ ਦੁਨੀਆ ਘੁਮਾਈ ਪਈ
ਏ। ਟੈੱਸਟ ਦੇਣ ਵਾਲੇ ਚਾਕੂ ਛੁਰੀਆਂ ਨਾਲ ਨਹੀਂ ਰੱਖਦੇ। ਉੱਪਰੋਂ ਤੂੰ ਉਨ੍ਹਾਂ ਧਾੜਵੀਆਂ
ਵਾਂਗ ਮੂੰਹ ਮੱਥਾ ਬੰਨ੍ਹੀਂ ਤਲਵਾਰ ਲੁਕਾਈ ਫਿਰਦੋਂ।’
‘ਟਾਈਮ ਹੁੰਦਾ ਤਾਂ ਚੰਗੀ ਤਰ੍ਹਾਂ ਤੇਰੀ ਖੋਪਰੀ ਖੋਲ੍ਹਦਾ। ਖ਼ਬਰਦਾਰ! ਕੁੱਝ ਹੋਰ ਬਕਵਾਸ
ਕੀਤਾ ਤਾਂ ਜ਼ਬਾਨ ਨੋਚ ਦੇੳਂੂ। ਇਹ ਪੱਗੜ ਨਹੀਂ, ਇਹ ਮੇਰੀ ਕੌਮ ਦਾ ਗੌਰਵਮਈ ਇਤਿਹਾਸ,
ਧਾਰਮਿਕ ਰਹੁ-ਰੀਤੀ, ਆਨ ਤੇ ਸ਼ਾਨ ਦੀ ਪ੍ਰਤੀਕ ਹੈ ਦਸਤਾਰ। ਹਿੰਦ ਦੀ ਚਾਦਰ ਹੈ ਇਹ ਪਗੜੀ।’
ਰਿੱਝਦੇ ਭੁੱਜਦੇ ਉਬਾਲ ਅੰਦਰ ਹੀ ਸਾਹ ਘੁੱਟ ਕੇ ਨਪੀੜ ਲਏ। ਦਿਮਾਗ਼ ਦੇ ਖ਼ਾਨੇ ਵਿਚ ਤਹਿ ਮਾਰ
ਕੇ ਬਿਠਾਏ ਪ੍ਰਸ਼ਨ ਉੱਤਰ ਸਾਰੇ ਉਥੱਲ ਪੁੱਥਲ ਹੋ ਗਏ। ਉਸ ਨੇ ਸ਼ੁਕਰ ਕੀਤਾ ਕਿ ਜਲਦੀ
ਛੁਟਕਾਰਾ ਹੋ ਗਿਆ, ਮੁਸ਼ਕਾਂ ਬੰਨ੍ਹ ਕੇ ਗੋਲੀ ਮਾਰ ਦਿੰਦਾ ਜਾਂ ਟਰੱਕ ਵਿਚ ਸੁੱਟ ਲੈਂਦਾ
ਤਾਂ ਉਹਦਾ ਕੀ ਵਿਗਾੜ ਲੈਣਾ ਸੀ।
‘ਉਨ੍ਹਾਂ ਨਾਲ ਅੜਬਾਈ ਆਢਾ ਨਹੀਂ ਲਾਉਣਾ, ਨਾ ਹੀ ਜ਼ਿਆਦਾ ਬਹਿਸ ਕਰਨੀ ਹੈ। ਇਹ ਥੋੜ੍ਹੀ ਕੀਤੇ
ਕਿਸੇ ਨੂੰ ਹੱਥ ਨਹੀਂ ਪਾਉਂਦੇ, ਤੇ ਜੇ ਪਾ ਲਿਆ ਤਾਂ ਫਿਰ ਛੱਡਦੇ ਨਹੀਂ ਭਾਵੇਂ ਟੁੰਡੀ ਲਾਟ
ਦੀ ਸਿਫ਼ਾਰਿਸ਼ ਲੈ ਆਓ। ਇਨ੍ਹਾਂ ਕੋਲ ਬਹੁਤ ਇਖ਼ਤਿਆਰ ਹੁੰਦੇ ਹਨ।’ ਅਧਿਆਪਕ ਦੀ ਨਸੀਹਤ ਮੁੜ ਉਸ
ਦੇ ਜਿ਼ਹਨ ਵਿਚ ਤਾਜ਼ਾ ਹੋ ਗਈ।
ਆਪਣਾ ਪਹਿਚਾਣ-ਪੱਤਰ, ਸੋਸ਼ਲ ਸਿਕਿਉਰਿਟੀ ਨੰਬਰ ਤੇ ਏਲੀਅਨ ਨੰਬਰ ਉਸ ਦੇ ਮਨ ਵਿਚ ਦੋਬਾਰਾ
ਉੱਘੜ ਆਏ। ਕਹਿੰਦੇ ਸਭ ਤੋਂ ਪਹਿਲਾਂ ਨਿਰੀਖਕ ਨੇ ਇਨ੍ਹਾਂ ਸਵਾਲਾਂ ਦੀ ਪੁਸ਼ਟੀ ਕਰਨੀ ਹੈ।
ਇਹ ਤਾਂ ਪੱਥਰ ਤੇ ਲੀਕ ਜਿਉਂ ਪੂਰੇ ਰਟ ਚੁੱਕੇ ਸਨ।
ਗੇਟਕੀਪਰ ਨੂੰ ਆਪਣੀ ਮੁਲਾਕਾਤੀ ਚਿੱਠੀ ਅਤੇ ਪਹਿਚਾਣ-ਪੱਤਰ ਪੇਸ਼ ਕੀਤਾ। ਸੰਤਰੀ ਨੇ ਉਸ ਦਾ
ਆਈ. ਡੀ. ਕਾਰਡ ਹੱਥ ’ਚ ਫੜ੍ਹ ਕੇ ਉਸ ਦੀਆਂ ਅੱਖਾਂ ਵਿਚ ਟਿਕ ਟਿਕੀ ਨਜ਼ਰੇ ਤੀਰ ਵਾਂਗ ਨਜ਼ਰ
ਖੁਭੋਈ, ਜ਼ਾਹਿਰ ਹੈ ਇਸੇ ਨੇ ਹੀ ਉਸ ਨੂੰ ਸ਼ੱਕੀ ਘੁੰਮਦੇ ਵੇਖ ਕੇ ਪੁਲਸੀਏ ਨੂੰ ਖ਼ਬਰ ਦੇ ਕੇ
ਬੁਲਾਇਆ ਸੀ। ਸੰਤਰੀ ਦੀਆਂ ਨਜ਼ਰਾਂ ਵਿਚੋਂ ਮੁਖ਼ਬਰੀ ਦ੍ਰਿਸ਼ਟੀ ਭਾਂਪ ਕੇ ਉਸ ਦੀਆਂ ਲੱਤਾਂ
ਪੈਰ ਕੰਬਣ ਲੱਗੇ ਪਰ ਜਲਦੀ ਹੀ ਹਾਂ-ਵਾਚੀ ਇਸ਼ਾਰਾ ਵੇਖ ਕੇ ਅੱਗੇ ਵਧਿਆ। ਕੁਤਰੂੰ ਕੁਤਰੂੰ
ਕਰਦਾ ਮਨ ਲੈ ਕੇ ਅੰਦਰ ਜਾਣ ਵਾਲੇ ਛਾਣਬੀਣ ਦਰਵਾਜ਼ੇ ਵਿਚ ਵੜ ਗਿਆ।
‘ਟੀਂਅਅ..’ ਦੀ ਲੰਬੀ ਵਿਸਲ ਨੇ ਮਸੀਂ ਮਸੀਂ ਸੰਭਲ ਰਹੇ ਉਸ ਦੇ ਪੈਰ ਫਿਰ ਡਾਵਾਂਡੋਲ ਕਰ
ਦਿੱਤੇ।
‘ਗੋ ਬੈਕ!’ ਸੰਤਰੀ ਦੀ ਚੇਤਾਵਨੀ ਨਾਲ ਉਹ ਅੰਦਰ ਖਾਤੇ ਪੂਰੀ ਤਰ੍ਹਾਂ ਤ੍ਰਹਿ ਗਿਆ। ਜਿਸ
ਬਲਾਮਤ ਤੋਂ ਡਰਦਾ ਸੀ ਉਹੀ ਅੱਗੇ ਆ ਗਈ।
‘ਚੈੱਕ ਯੂਅਰ ਸੈੱਲਫ਼।’ ਸੇਵਾਦਾਰ ਦਾ ਫਿਟਕਾਰ ਨੁਮਾ ਉਪਦੇਸ਼ ਸੁਣ ਕੇ ਆਪਣੇ ਆਸੇ ਪਾਸੇ
ਟੋਹਿਆ, ਹੱਥ ਫੇਰਿਆ।
‘ਹਿਤ! ਤੇਰੇ ਦੀ। ਚਾਬੀਆਂ ਦਾ ਗੁੱਛਾ!’ ‘ਸੌਰੀ!’ ਕਹਿ ਕੇ ਉਸ ਨੇ ਟ੍ਰੇ ਵਿਚ ਟਿਕਾ ਦਿੱਤਾ।
‘ਪੁੱਟ ਆਫ਼ ਬੂਟਸ ਆਲਸੋ।’ ਉਸ ਦਾ ਹੁਣ ਬਦਲਿਆ ਸਨੇਹ-ਭਿੱਜਾ ਹਮਦਰਦੀ ਭਰਿਆ ਹੁੰਗਾਰਾ ਸੁਣ ਕੇ
ਗੁਰਗਾਬੀ ਵੀ ਉਤਾਰ ਕੇ ਟ੍ਰੇ ਵਿਚ ਰੱਖ ਕੇ ਪਟੇ ਤੇ ਚੜ੍ਹਾ ਦਿੱਤੀ।
‘ਗੁੱਡ ਜੌਬ!..ਵੈਲ ਡੱਨ..।’ ਸੰਤਰੀ ਨੇ ਸੱਜੇ ਹੱਥ ਦਾ ਅੰਗੂਠਾ ਉੱਪਰ ਉਠਾ ਕੇ ਮੰਗਲ-ਕਾਮਨਾ
ਕਹੀ। ਅੰਬਰੀ ਸੁਪਨਿਆਂ ਤੇ ਉੱਡਦਾ ਉਸ ਦੀ ਇੰਤਜ਼ਾਰ ਕਰਦੀ ਕਾਊਂਟਰ ਤੇ ਆਪਣੇ ਦਸਤਾਵੇਜ਼ ਟਿਕਾ
ਕੇ ਉਡੀਕ ਕੁਰਸੀ ਤੇ ਬੈਠ ਗਿਆ।
‘ਰੱਬ ਜੀ! ਮੇਰਾ ਹੋਰ ਇਮਤਿਹਾਨ ਨਾ ਲੈ। ਮੈਂ ਸਾਰੀ ਉਮਰ ਇਨ੍ਹਾਂ ਇਮਤਿਹਾਨਾਂ ਵਿਚੋਂ ਲੰਘਿਆ
ਹਾਂ ਤੇ ਅਜੇ ਹੋਰ ਪਤਾ ਨਹੀਂ ਕਿੰਨੇ ਕੁ ਅੱਗੇ ਬਾਕੀ ਨੇ?’ ਉਹ ਅੰਦਰ ਹੀ ਅੰਦਰ ਘਬਰਾਉਂਦਾ
ਆਸੇ ਪਾਸੇ ਬਿਟਰ ਬਿਟਰ ਝਾਕ ਰਿਹਾ ਸੀ ਪਤਾ ਨਹੀਂ ਕਿਸ ਬਾਰੀ ਵਿਚੋਂ ਕੋਈ ਮੂੰਹ ਜਿਹਾ ਬਾਹਰ
ਕੱਢ ਕੇ ਉਸ ਦਾ ਨਾਮ ਪੁਕਾਰੇ ਗੀ/ਗਾ ਤੇ ਉਹ ਝਟਕਾਉਣ ਵਾਲੇ ਜਾਨਵਰ ਵਾਂਗ ਕੰਬਦਾ ਲੱਤਾਂ
ਘੜੀਸਦਾ ਉਸ ਦੇ ਪਿੱਛੇ ਹੋ ਤੁਰੇ ਗਾ। ਧਰਮਰਾਜ ਦੇ ਜਮਦੂਤਾਂ ਵਾਂਗ ਸਵਰਗ ਤੱਕ ਜਾਣ ਤੋਂ
ਪਹਿਲਾਂ ਇੱਥੇ ਹੀ ਲੇਖਾ ਜੋਖਾ ਹੁੰਦਾ ਹੈ। ਹਰਲ ਹਰਲ ਕਰਦੇ ਜਮਾਂ ਦਾ ਇਹ ਦਲ ਵੇਖ ਕੇ ਉਹ
ਡੋਲ ਰਿਹਾ ਸੀ। ਆਵਾਜ਼ਾਂ ਦੀ ਪੁਕਾਰ ਸੁਣਕੇ ਹਾਲ ਵਿਚੋਂ ਸਬੰਧਿਤ ਪਰੀਖਿਆਰਥੀ ਅੰਦਰ ਜਾ ਰਹੇ
ਸਨ। ਕੁੱਝ ਹੱਸਦੇ ਨਿਕਲਦੇ ਖ਼ੁਸ਼ੀ ਪ੍ਰਗਟਾ ਰਹੇ ਸਨ ਤੇ ਕੁੱਝ ਰੋਣਹਾਕਾ ਮੂੰਹ ਬਣਾਈ ਊਂਧੀ
ਪਾਈ ਆਪਣੀ ਅਵਸਥਾ ਛੁਪਾਉਣ ਦੀ ਕੋਸਿ਼ਸ਼ ਕਰ ਰਹੇ ਸਨ। ਲਿਟਾਂ ਵਾਲੀ ਇੱਕ ਔਰਤ ਦੀਆਂ
ਗੱਲ੍ਹਾਂ ਤੇ ਉੱਕਰੇ ਨਿਰਾਸਤਾ ਦੇ ਗਲੇਡੂ ਉਸ ਦੀ ਅਸੰਤੋਖ-ਜਨਕ ਕਾਰਗੁਜ਼ਾਰੀ ਦੀ ਮੂੰਹ ਬੋਲਦੀ
ਇਬਾਰਤ ਪੜ੍ਹ ਕੇ ਉਹ ਅੰਦਰੋਂ ਕੰਬ ਗਿਆ। ਉਸਤਾਦ ਦੇ ਸਿਖਾਏ ਹੋਰ ਨੁਕਤੇ ਵੀ ਵਿਵਹਾਰਿਕ ਰੂਪ
ਵਿਚ ਅਜ਼ਮਾਉਣ ਲਈ ਮਨ ਹੀ ਮਨ ਵਿਚ ਪੱਕੇ ਕਰ ਰਿਹਾ ਸੀ। ‘ਇਮੀਗ੍ਰੇਸ਼ਨ ਅਫ਼ਸਰ ਦੇ ਸਾਹਮਣੇ
ਊਂਧੀ ਪਾ ਕੇ ਨਹੀਂ ਸਗੋਂ ਸੰਗ ਸ਼ਰਮ ਲਾਹ ਕੇ ਨਿਸ਼ੰਗ ਸੰਖੇਪ ਜੁਆਬ ਦੇਣਾ ਹੈ। ਅਫ਼ਰੀਕੀ ਮੂਲ
ਦੇ ਅਧਿਕਾਰੀ ਇਹ ਸਮਝਦੇ ਹਨ ਕਿ ਊਂਧੀ ਪਾਉਣ ਵਾਲੇ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ, ਤੇ ਜਾਂ
ਇਹ ਤਮੀਜ਼ ਸਲੀਕੇ ਤੋਂ ਊਣਾ/ਊਣੀ ਹੈ। ਇਹ ਗੁਰ ਖ਼ਾਸ ਕਰ ਕੇ ਭਾਰਤੀ ਜਾਂ ਅਰਬੀ ਮੁਸਲਮਾਨ
ਤੀਵੀਆਂ ਵਾਸਤੇ ਕਾਰਗਰ ਹੈ ਜਿਨ੍ਹਾਂ ਦੀ ਤਹਿਜ਼ੀਬ ਅਨੁਸਾਰ ਬਿਗਾਨੇ ਮਰਦ ਨੂੰ ਮੂੰਹ ਸਾਹਮਣੇ
ਅੱਖਾਂ ਅੱਡਣਾ ਵਿਵਰਜਿਤ ਹੈ।’
‘ਮੈਂ ਤਾਂ ਖੜੱਪੇ ਵਾਂਗੂੰ ਉਸ ਦੀਆਂ ਅੱਖਾਂ ’ਚ ਅੱਖਾਂ ਪਾ ਕੇ, ਆਪਣੀ ਵਿਦਵਤਾ ਦੀ ਧਾਕ ਜਮਾ
ਕੇ ਉਸ ਨੂੰ ਅੰਦਰ ਤੱਕ ਝੰਜੋੜ ਦੇਣਾ ਹੈ, ਮੈਂ ਕਿਹੜਾ ਤੀਵੀਂ ਹਾਂ।’ ਉਹ ਆਪਣੇ ਆਪ ਵਿਚ
ਸ਼ੇਰ ਬਣਿਆ ਖੜ੍ਹਾ ਸੀ।
ਇਮਤਿਹਾਨ ਤੋਂ ਪੰਜ ਮਿੰਟ ਪਹਿਲਾਂ ਵਾਲਾ ਅਧਿਆਪਕ ਦਾ ਅਭਿਆਸੀ ਸੰਵਾਦ ਵਾਰਤਾਲਾਪ ਪਲ ਦੀ ਪਲ
ਉਸ ਨੇ ਦਿਮਾਗ਼ ਦੀ ਫਿਰਕੀ ਤੇ ਚੜ੍ਹਾ ਦਿੱਤਾ।
‘ਕੀ ਤੁਸੀਂ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ? ਜਾਂ ਕਦੇ ਸਿੱਧੇ ਜਾਂ ਅਸਿੱਧੇ ਤੌਰ ਤੇ
ਯਹੂਦੀਆਂ/ਨਾਜ਼ੀਆਂ ਦੀ ਮਦਦ ਕੀਤੀ ਹੈ?’ ਅਧਿਕਾਰੀਆਂ ਵਾਲੀ ਪ੍ਰਭਾਵਸ਼ਾਲੀ ਮੜਕ ਵਿਚ ਉਹ
ਸੰਬੋਧਨ ਹੋਵੇਗੀ।
‘ਨਾਂਹ! ਨੋ, ਨੈਵਰ।’ ਭਾਵੇਂ ਮੈਂ ਕੱਟੜ ਕਾਮਰੇਡ ਹਾਂ ਪਰ ਇੱਥੇ ਮੈਂ ਮੁੱਕਰ ਜਾਣਾ ਹੈ, ਇਸੇ
ਵਿਚ ਹੀ ਮੇਰਾ ਭਲਾ ਹੈ।
‘ਕੀ ਤੁਸੀਂ ਕਿਸੇ ਖ਼ਾਨਦਾਨੀ ਸ਼ਾਹੀ ਘਰਾਣੇ ਨਾਲ ਸਬੰਧਿਤ ਹੋ?’
‘ਨਾਂਹ ਨੋ।... ਜੇ ਸ਼ਾਹੀ ਰੁਤਬਾ ਹੁੰਦਾ ਤਾਂ ਮੈਂ ਇੱਥੇ ਕਾਹਨੂੰ ਝੱਖ ਮਾਰਨ ਆਉਣਾ ਸੀ।’
‘ਅਠਾਰ੍ਹਵੀਂ ਸਦੀ ਵਿਚ ਅਮਰੀਕਾ ਨੂੰ ਕਿਨ੍ਹਾਂ ਹਾਲਤਾਂ/ਲੜਾਈਆਂ ਨਾਲ ਜੂਝਣਾ ਪਿਆ?’
‘ਸਿਵਲ ਵਾਰ ਖਾਨਾ ਜੰਗੀ, ਮੈਕਸੀਕਨ ਵਾਰ, ਫਰੈਂਚ ਵਾਰ।’
‘ਉੱਨ੍ਹੀਵੀਂ ਸਦੀ ਵਿਚ ਕੀ ਚੰਦ ਚੜ੍ਹਾਇਆ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਨੇ?’
ਪਹਿਲੀ ਤੇ ਦੂਸਰੀ ਵਿਸ਼ਵ ਜੰਗ ਵਿਚ ਜਪਾਨ ਜਰਮਨੀ ਤੇ ਇਟਲੀ ਨਾਲ ਮੱਥਾ ਮਾਰਦਾ ਲਹੂ ਲੁਹਾਨ
ਕਰ ਬੈਠਾ।’
‘ਅਜੇ ਕਿਹੜਾ ਟਿਕ ਕੇ ਬੈਠਦਾ। ਕਿਸੇ ਨਾ ਕਿਸੇ ਨਾਲ ਪੰਗਾ ਪਾਈ ਬੈਠਦਾ। ਅੰਦਰੂਨੀ ਆਰਥਿਕਤਾ
ਖੰਡਿਤ ਮੂਧੇ ਮੂੰਹ ਹੋਈ ਪਈ ਹੈ। ਆਪਣੇ ਘਰ ਛੋਹਲ਼ੇ ਉੱਠ ਰਹੇ ਨੇ ਤੇ ਇਹ ਬਾਹਰ ਬਿਗਾਨਿਆਂ
ਦੀਆਂ ਅੱਗਾਂ ਬੁਝਾਉਂਦਾ ਫਿਰਦਾ।’
‘ਅਬਰਾਹਮ ਲਿੰਕਨ ਦੀ ਕੀ ਦੇਣ ਹੈ?’
‘ਉਸ ਨੇ ਗ਼ੁਲਾਮੀ ਪ੍ਰਥਾ ਦੇ ਖ਼ਿਲਾਫ਼ ਇਮੈਂਸੀਪੇਸ਼ਨ ਐਕਟ ਪਾਸ ਕਰਾ ਕੇ ਗ਼ੁਲਾਮੀ ਦੀਆਂ
ਜ਼ੰਜੀਰਾਂ ਕੱਟੀਆਂ ਤੇ ਸਭ ਨੂੰ ਬਰਾਬਰ ਹੱਕ ਦਿਵਾਏ।’
‘ਬਘੇਲ ਚੀਮਾ’ ਦੀ ਪੁਕਾਰ ਸੁਣ ਕੇ ਉਸ ਦੀ ਬਿਰਤੀ ਉੱਖੜੀ। ਉਸ ਨੇ ਆਪਣੇ ਆਪ ਨੂੰ ਸਾਵਾਂ
ਕੀਤਾ ਤੇ ਬਿਨਾ ਕੋਈ ਪਲ ਗੁਆਏ ਉੱਧਰ ਹੋ ਤੁਰਿਆ।
‘ਹਾਏ!.. ਹਉ ਆਰ ਯੂ?’ ਗੋਰੀ ਨਿਛੋਹ ਚਪਟੇ ਜਿਹੇ ਨੱਕ ‘ਨਿਜੰਗ’ ਨਾਮੀ ਹੁਸੀਨਾਂ ਦੇ ਮੂੰਹੋਂ
ਜਿਵੇਂ ਸੁੱਚੇ ਗੁਲਾਬ ਦੀ ਮੁਸਕਾਨ ਕਿਰ ਗਈ।
‘ਗੁੱਡ, ਥੈਂਕ ਯੂ।’ ਉਸ ਨੇ ਪੋਲਾ ਜਿਹਾ ਜੁਆਬ ਦਿੰਦੇ ਪ੍ਰੀਖਿਅਕ ਦੀਆਂ ਅੱਖਾਂ ਵਿਚ ਨਜ਼ਰਾਂ
ਗੱਡ ਦਿੱਤੀਆਂ।
‘ਫਾਲੋ ਮੀ..। ਡੂ ਯੂ ਨੋਅ ਇੰਗਲਿਸ਼?’ ਟੋਹ ਮਾਰਦੀ ਨਖ਼ਰੇਲੋ ਜਿਹੀ ਪੁੱਛ ਆਈ।
‘ਯਾ.. ਯੈੱਸ।’ ਗਾਂ ਪਿੱਛੇ ਵੱਛੇ ਵਾਂਗ ਉਹ ਉਸ ਦੇ ਮਗਰ ਹੋ ਤੁਰਿਆ। ਜੁਆਬ ਸੁਣ ਕੇ ਉਹ
ਹੱਸਦੀ ਜਾਪੀ। ‘ਪਹਿਲੇ ਉਮੀਦਵਾਰ ਨੇ ਇਸ ਸੁਆਲ ਦਾ ਜੁਆਬ ਦਿੱਤਾ ਸੀ, ‘ਸਿਟੀਜ਼ਨ ਟੈੱਸਟ’ ਤੇ
ਬੱਸ ਫੇਰ ਲੱਖ ਯਤਨ ਕਰਨ, ਦਿਲਾਸੇ ਦੇਣ ਤੇ ਵੀ ਅੱਗੇ ਉਹ ਟੱਸ ਤੋਂ ਮੱਸ ਹੋਰ ਕੁਛ ਨਹੀਂ ਬੋਲ
ਸਕਿਆ। ਕਿਸੇ ਵਕੀਲ ਵੱਲੋਂ ਸਿਖਾਈ ‘ਗੁੰਗੀ ਬੈ’ ਵਾਲੀ ਜੁਗਤ ਉਸ ਦੇ ਕੰਮ ਨਹੀਂ ਆਈ ਕਿਉਂਕਿ
ਸਿਟੀਜ਼ਨ ਬਣਨ ਲਈ ਨਿਰਧਾਰਿਤ ਕਸਵੱਟੀ ਅੰਗਰੇਜ਼ੀ ਲਿਖਣੀ, ਪੜ੍ਹਨੀ ਤੇ ਬੋਲਣੀ, ਸਮਝਣੀ ਜ਼ਰੂਰੀ
ਹੈ ਤੇ ਇਸ ਵਾਸਤੇ ਕਿਸੇ ਕਿਸਮ ਦੀ ਰਿਆਇਤ ਸੰਬੰਧਿਤ ਅਫ਼ਸਰ ਦੇ ਅਧਿਕਾਰ ਖੇਤਰ ਵਿਚ ਵੀ
ਨਹੀਂ।’ ਦੋਸਤਾਂ ਵਾਂਗ ਵਿਚਰਦੀ ਉਹ ਪੂਰੀ ਕਲਿਆਣਕਾਰੀ ਪ੍ਰਤੀਤ ਹੋਈ।
‘ਯੂ ਆਰ ਓ ਕੇ?.. ਨੋ ਟੈਨਸ਼ਨ, ਰੀਲੈਕਸ, ਹੈਵ ਏ ਸੀਟ। ਟੈੱਸਟ ਇਸ ਵੈਰੀ ਇਜ਼ੀ।’ ਕੁਰਸੀ
ਵੱਲ ਇਸ਼ਾਰਾ ਕਰਦੀ ਉਹ ਕੰਪਿਊਟਰ ਤੇ ਟਿਕ ਟਿਕ ਉਂਗਲਾਂ ਮਾਰਨ ਲੱਗੀ।
‘ਨਿਜੰਗ’ ਨੂੰ ਸੀਲ ਗਊ ਵਾਂਗ ਨਿੱਤਰੀ ਵੇਖ ਕੇ ਉਸ ਦਾ ਹੌਸਲਾ ਦੂਣਾ ਚੌਣਾ ਹੋ ਗਿਆ। ਡਰ ਭੈ
ਸਭ ਖਿੰਡ-ਪੁੰਡ ਗਏ। ਸ਼ਿਸ਼ਟਾਚਾਰੀ ਧੰਨਵਾਦ ਕਰਦਾ ਉਹ ਕੁਰਸੀ ਤੇ ਬੈਠ ਗਿਆ। ‘ਇਹ ਸਵਿੱਤਰੀ
ਮਾਂ ਦੀ ਧੀ ਮੈਨੂੰ ਫ਼ੇਲ੍ਹ ਨਹੀਂ ਕਰ ਸਕਦੀ।’ ਉਸ ਦਾ ਆਤਮਵਿਸ਼ਵਾਸ ਪੱਕੇ ਪੈਰੀਂ ਖੜੋ ਗਿਆ।
ਇਹੋ ਜਿਹੇ ਕਲਮਾ ਪੜ੍ਹਦੇ ਝਟਕਈ ਦਾ ਵਾਰ ਝੱਲਣ ਲਈ ਉਹ ਤਤਪਰ ਹੋ ਗਿਆ। ਉਹ ਚਾਹੁੰਦਾ ਸੀ ਕਿ
ਉਹ ਜਲਦੀ ਉਸ ਦੀ ਮਾਨਸਿਕਤਾ ਨੂੰ ਜ਼ਿਬ੍ਹਾ ਕਰ ਕੇ ਬਹਿਸ਼ਤ ਦੁਆਰ ਤੱਕ ਪਹੁੰਚਾ ਦੇਵੇ। ਕੁੱਝ
ਦੇਰ ਪਹਿਲਾਂ ਚਿਹਰੇ ਦਾ ਮੁਰਝਾਇਆ ਪ੍ਰਭਾਵ ਇੱਕ ਦਮ ਲਾਲੀਆਂ ਫੜ੍ਹ ਗਿਆ। ਉਸ ਨੇ ਨੂਰੋਂ ਨੂਰ
ਹੋਇਆ ਆਪਣਾ ਚਿਹਰਾ ਸ਼ੀਸ਼ੇ ਤੋਂ ਬਿਨਾ ਹੀ ਪਛਾਣ ਲਿਆ। ਕੰਪਿਊਟਰ ਵਿਚੋਂ ਨਿਕਲੀ ਦਸ ਸਵਾਲਾਂ
ਵਾਲੀ ਕਿਸਮਤ-ਪੁੜੀ ਉਸ ਨੇ ਪਲ ਝਲਕ ਵਿਚ ਟਿੱਕ ਕਰ ਦਿੱਤੀ।
ਸਾਰੇ ਉੱਤਰ ਠੀਕ ਵੇਖ ਕੇ ਪ੍ਰੀਖਿਅਕ ਵੀ ਕੰਵਲ ਵਾਂਗ ਖਿੜ ਪਈ।
‘ਕੀ ਤੁਸੀਂ ਅਮਰੀਕੀ ਸਰਕਾਰ ਅਤੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸੌਂ ਖਾਣ ਲਈ ਤਿਆਰ ਹੋ?
ਲੋੜ ਪੈਣ ਤੇ ਯੂਨਾਈਟਿਡ ਸਟੇਟਸ ਦੇ ਸਮਰਥਨ ਵਿਚ ਵਿਦੇਸ਼ੀ ਮੁਲਕ ਦੇ ਖ਼ਿਲਾਫ਼ ਹਥਿਆਰ ਚੁੱਕਣ
ਲਈ ਪਾਬੰਦ ਰਹੋ ਗੇ?’
‘ਯਾ! ਸਰਟਿਨਲੀ।’ ਉਸ ਨੇ ਛਾਤੀ ਫੈਲਾ ਕੇ ਤੇਜ਼ ਪ੍ਰਭਾਵ ਪੈਦਾ ਕੀਤਾ। ਉਸ ਨੂੰ ਪਤਾ ਸੀ ਕਿ
ਇਸ ਝਾੜ-ਫੂਕ ਤੋਂ ਬਾਦ ਉਸ ਦਾ ਆਪਣਾ ਮੁੱਢਲਾ ਦੇਸ਼ ਬਿਗਾਨੇ ਦੇਸ਼ਾਂ ਵਿਚ ਸ਼ੁਮਾਰ ਹੋ ਜਾਣਾ
ਹੈ।
‘ਗੁੱਡ! ਐਕਸੀਲੈਂਟ। ਨਾਗਰਿਕਤਾ ਹਾਸਲ ਕਰਨ ਲਈ ਯੋਗਤਾ ਟੈੱਸਟ ਤੁਸੀਂ ਪਾਸ ਕਰ ਲਿਆ ਹੈ।’
ਅਰਜ਼ੀ ਤੇ ਬੀਬੀ ਨੇ ਫਟਾਫਟ ਦਸਖ਼ਤ ਕਰ ਦਿੱਤੇ ਤੇ ਉਸ ਵੱਲ ਸਾਈਨ ਵਾਸਤੇ ਵਧਾ ਦਿੱਤੀ।
‘ਮੈਂ ਅਮਰੀਕਾ ਦੇਸ਼ ਅਤੇ ਇਸ ਦੇ ਝੰਡੇ ਦਾ ਵਫ਼ਾਦਾਰ ਰਹਾਂ ਗਾ ਤੇ ਆਪਣੇ ਪਿਛਲੇ ਦੇਸ਼ ਦੀਆਂ
ਵਫ਼ਾਦਾਰੀਆਂ ਨੂੰ ਤਿਲਾਂਜਲੀ ਦੇ ਦਿਆਂ ਗਾ।’ ਸਾਈਨ ਕਰ ਕੇ ਮੁਲਾਕਾਤੀ ਦਾ ਦਿਲ ਕੀਤਾ, ਪੁੱਠੀ
ਛਾਲ ਲਗਾਏ, ਬੱਕਰੇ ਬੁਲਾਵੇ।
‘ਤੁਹਾਨੂੰ ਪਤਾ? ਤੁਹਾਡੇ ਫਿੰਗਰ-ਪ੍ਰਿੰਟ ਸਰਕਾਰੀ ਕਸਵੱਟੀ ਤੇ ਠੀਕ ਨਹੀਂ ਉੱਤਰੇ। ਅਖੀਰਲੀ
ਕਾਰਵਾਈ ਵਾਸਤੇ ਤੁਹਾਨੂੰ ਪੁਲਸ ਸਫ਼ਾਈ ਰਿਪੋਰਟ ਦੇਣੀ ਪਵੇ ਗੀ।’ ਪ੍ਰੀਖਿਅਕ ਦਾ ਦਿੱਤਾ ਕਾਗ਼ਜ਼
ਦਾ ਟੁਕੜਾ ਫਟਾਫਟ ਉਸ ਨੇ ਜੇਬ ਵਿਚ ਤੁੰਨ ਲਿਆ।
ਉਸ ਨੂੰ ਜਾਪਿਆ, ਬੜੇ ਉੱਚੇ ਨੰਬਰਾਂ ਵਿਚ ਪਾਸ ਹੋਣ ਦੀ ਉਮੀਦ ਰੱਖੀ ਬੈਠਾ ਉਹ ਇੱਕ ਨਿਗੂਣੇ
ਜਿਹੇ ਪਰਚੇ ’ਚੋਂ ਕੰਪਾਰਟਮੈਂਟ ’ਚ ਆ ਗਿਆ ਹੋਵੇ। ਚਿਰੋਕੀ ਉਡੀਕ ਪਿੱਛੋਂ ਘਰ ਵਿਚ ਜੰਮੇ
ਸਤਮਾਹੇਂ ਬੱਚੇ ਵਾਂਗ ਉਸ ਨੂੰ ਆਪ ਕੁੱਝ ਨਹੀਂ ਸੀ ਸੁੱਝ ਰਿਹਾ ਕਿ ਇਸ ਦੀ ਖ਼ੁਸ਼ੀ ਪ੍ਰਗਟਾਵੇ
ਜਾਂ ਪਛਤਾਵਾ ਅਫ਼ਸੋਸ ਕਰੇ। ਖ਼ੁਸ਼ੀ ਤੇ ਨਿਰਾਸ਼ਤਾ ਦਾ ਸੁਮੇਲ ਉਸ ਦੇ ਮੱਥੇ ਤੇ ਲਟਕ ਰਿਹਾ ਸੀ।
ਉਹ ਅੰਦਰਲੀ ਦੁਬਿਧਾ ਵਿਚ ਗ੍ਰਸਿਆ ਗਿਆ ਕਿ ਉਸ ਦੇ ਧਰੇ ਧਰਾਏ, ਕੀਤੇ ਕਰਾਏ ਕੰਮ ਕਿਉਂ ਵਿਗੜ
ਜਾਂਦੇ ਨੇ। ਕਈ ਸਾਲ ਪਹਿਲਾਂ ਵੀ ਜਦ ਉਨ੍ਹਾਂ ਦੀ ਬੇਟੀ ਨੇ ਅੰਮ੍ਰਿਤਸਰੋਂ ਜਹਾਜ਼ ਚੜ੍ਹਨਾ ਸੀ
ਅਜੇਹਾ ਭਾਣਾ ਵਰਤਿਆ ਸੀ। ਬੜੇ ਸ਼ਗਨਾਂ-ਸਾਰਥਾਂ ਨਾਲ ਉਹ ਸਾਰਾ ਟੱਬਰ ਇੱਕ ਰਾਤ ਪਹਿਲਾਂ ਹੀ
ਬਾਬੇ ਰਾਮਦਾਸ ਦੀ ਸਰਾਂ ਵਿਚ ਜਾ ਠਹਿਰੇ ਸਨ ਕਿ ਕਿਤੇ ਜਹਾਜ਼ ਹੀ ਨਾ ਖੁੰਝ ਜਾਏ। ਮਾਂ ਆਪਣੀ
ਧੀ ਨੂੰ ਗਹਿਣਿਆਂ ਦਾ ਭਰਿਆ ਪਰਸ ਚੰਗੀ ਤਰ੍ਹਾਂ ਸਾਂਭਣ ਦੀ ਹਦਾਇਤ ਕਰਦੀ ਰਹੀ ਸੀ। ਇਕਲੌਤੀ
ਧੀ ਨੂੰ ਅਣਦੇਖੀ ਜਗਾ ਤੇ ਅਣਦੇਖੇ ਟੱਬਰ ਵੱਲ ਤੋਰਨ ਦੇ ਦੁੱਖੋਂ ਅੱਖੀਂ ਘਸੁੰਨ ਦਿੰਦੀ
ਰੋਂਦੀ ਰਹੀ ਸੀ, ਕਿ ਹੁਣ ਦੀ ਵਿੱਛੜੀ ਧੀ ਦਾ ਮੁੜ ਕਦੋਂ ਮੂੰਹ ਵੇਖਣਾ ਹੈ। ਰਾਜਾ-ਸਾਂਸੀ
ਹਵਾਈ ਅੱਡੇ ਪਹੁੰਚਣ ਤੇ ਪਤਾ ਲੱਗਾ ਕਿ ਜਹਾਜ਼ ਦੀ ਉਡਾਣ ਕੈਂਸਲ ਹੋ ਗਈ ਸੀ ਤੇ ਅਗਲੀ ਉਡਾਣ
ਵਾਸਤੇ ਵੀ ਕੋਈ ਥਾਹ ਪਤਾ ਨਹੀਂ ਸੀ। ਉਨ੍ਹਾਂ ਦੇ ਟਹਿਕਦੇ ਚਿਹਰੇ ਹੰਝੂਆਂ ਭਰੀ ਉਦਾਸੀ ਵਿਚ
ਡੁੱਬ ਗਏ ਸਨ। ਮਾਵਾਂ ਧੀਆਂ ਨੇ ਇਸ ਬਲੱਛਣੀ ਘੜੀ ਰੋ ਰੋ ਆਪਣਾ ਬੁਰਾ ਹਾਲ ਕਰ ਘਤਿਆ ਸੀ।
ਤੀਵੀਂ ਆਦਮੀ ਦੀ ਉਸ ਦਿਨ ਪਹਿਲੀ ਵੇਰ ਘਮਸਾਣ ਦੀ ਲੜਾਈ ਹੋਈ ਸੀ। ਉਹ ਪਤਨੀ ਨੂੰ ਇਲਜ਼ਾਮ ਦੇ
ਰਿਹਾ ਸੀ ਕਿ ਉਸ ਦੇ ਰੋਣੇ ਨੇ ਇਸ ਨਹਿਸ਼ ਘੜੀ ਨੂੰ ਜਨਮ ਦਿੱਤਾ ਹੈ ਜਦ ਕਿ ਬਸੰਤੀ ਭਾਗੋ
ਉਲਟਾ ਖ਼ਾਵੰਦ ਤੇ ਦੋਸ਼ ਮੜ੍ਹ ਰਹੀ ਸੀ ਕਿ ਉਸ ਨੇ ਬੇਢੱਬੀ ਤੇਜ਼ੀ ਚਾਲ ਚੱਲਦੇ ਡਰਾਈਵਰ ਨੂੰ
ਬੁਰਾ ਭਲਾ ਕਹਿ ਕੇ ਤੇ ਪੂਰੇ ਪੈਸੇ ਨਾ ਦੇ ਕੇ ਉਸ ਦਾ ਸਰਾਫ਼ ਸਹੇੜਿਆ ਹੈ। ਨਾਲੇ ਉਹ ਛਿੰਦੀ
ਝੀਰੀ ਵੱਲ ਗੋਲੇ ਦਾਗਦੀ ਰਹੀ ਕਿ ਘਰੋਂ ਤੁਰਨ ਵੇਲੇ ਉਹ ਨਹਿਸ਼ ਭਰਾਵਾਂ-ਪਿੱਟੀ ਸੱਖਣਾ ਘੜਾ
ਲੈ ਕੇ ਮੱਥੇ ਲੱਗੀ ਸੀ। ਤਿੰਨ ਚਾਰ ਦਿਨ ਚੱਕਰ ਮਾਰ ਮਾਰ ਕੇ ਮਾਨਸਿਕ ਤਸੀਹਿਆਂ ਦੀਆਂ ਸੱਟਾਂ
ਝੱਲ ਕੇ ਕਿਧਰੇ ਜਹਾਜ਼ ਦੀ ਅਗਲੀ ਉਡਾਣ ਆਉਣ ਦੀ ਸੂਹ ਪ੍ਰਵਾਨ ਚੜ੍ਹੀ ਸੀ।
ਘਰ ਨੇੜੇ ਪਹੁੰਚਣ ਤੱਕ ਉਸ ਦੀ ਪੈੜ-ਚਾਲ ਬਹਿਕਣ ਲੱਗੀ। ਨੈਤਿਕ-ਹੀਣਤਾ ਦੇ ਭਾਰੇ ਸੰਗਲ਼ ਉਸ
ਦੀਆਂ ਲੱਤਾਂ ਵਿਚ ਅਟਕ ਗਏ। ‘ਮੈਂ ਅਮਰੀਕਾ ਦੇਸ਼ ਅਤੇ ਇਸ ਦੇ ਝੰਡੇ ਦਾ ਵਫ਼ਾਦਾਰ ਰਹਾਂ ਗਾ
ਤੇ ਆਪਣੇ ਪਿਛਲੇ ਦੇਸ਼ ਦੀਆਂ ਵਫ਼ਾਦਾਰੀਆਂ ਨੂੰ ਤਿਲਾਂਜਲੀ ਦੇ ਦਿਆਂ ਗਾ।... ਇਹੀ ਤਾਂ
ਗ਼ੱਦਾਰੀ ਕੀਤੀ ਹੈ ਮੈਂ?’ ਕਿਸੇ ਪਠਾਣ ਦੀ ਕਹਾਣੀ ਉਸ ਨੂੰ ਯਾਦ ਆਈ ਜਦ ਉਹ ਆਪਣੇ ਪੋਤੇ ਸਮੇਤ
ਦੁਸ਼ਮਣ ਦੀਆਂ ਫ਼ੌਜਾਂ ਵਿਚਕਾਰ ਘਿਰ ਗਿਆ। ਉਸ ਨੂੰ ਕਿਲ੍ਹੇ ਦੇ ਦਰਵਾਜ਼ੇ ਦਾ ਰਸਤਾ ਪੁੱਛਿਆ
ਗਿਆ ਤਾਂ ਉਸ ਨੇ ਕਿਹਾ ਕਿ ਮੇਰੇ ਇਸ ਪੋਤਰੇ ਨੂੰ ਪਹਿਲਾਂ ਮਾਰ ਦਿਓ ਤਾਂ ਜੋ ਉਹ ਬਾਦ ਵਿਚ
ਮੇਰੀ ਕਰਤੂਤ ਜੱਗ ਜ਼ਾਹਿਰ ਨਾ ਕਰ ਦੇਵੇ। ਦੁਸ਼ਮਣਾਂ ਨੇ ਉਸ ਦੇ ਸਾਹਮਣੇ ਬੱਚੇ ਨੂੰ ਪਟਕਾ ਕੇ
ਚੀਥੜੇ ਚੀਥੜੇ ਕਰ ਸੁੱਟਿਆ। ਫਿਰ ਤੂੰ ਕੌਣ ਤੇ ਮੈਂ ਕੌਣ? ਉਸ ਨੇ ਸਾਫ਼ ਇਨਕਾਰ ਕਰ ਦਿੱਤਾ,
‘ਮੈਨੂੰ ਡਰ ਸੀ ਕਿ ਇਹ ਅਲੂੰਆਂ ਛੋਕਰਾ ਵੱਡੀ ਫ਼ੌਜ ਵੇਖ ਕੇ ਤੁਹਾਨੂੰ ਆਪਣੇ ਦੇਸ਼ ਦਾ ਗੁਪਤ
ਭੇਦ ਦੱਸ ਕੇ ਆਪਣੀ ਅਣਖੀ ਕੌਮ ਨੂੰ ਵੱਟਾ ਨਾ ਲਾ ਦੇਵੇ। ਮੈਂ ਤੁਹਾਨੂੰ ਹੁਣ ਕੁੱਝ ਨਹੀਂ
ਦੱਸ ਸਕਦਾ ਭਾਵੇਂ ਮੈਨੂੰ ਵੀ ਝਟਕਾ ਦਿਓ।’ ਉਸ ਬਿਰਧ ਨੇ ਆਪਣੇ ਦੇਸ਼, ਆਪਣੇ ਲੋਕਾਂ, ਆਪਣੀ
ਫੋਰਸ ਦੇ ਭੇਦ ਖੋਲ੍ਹਣ ਦੀ ਬਿਜਾਏ ਬਹਾਦਰੀ ਦੀ ਮੌਤ ਮਰਨ ਨੂੰ ਤਰਜੀਹ ਦਿੱਤੀ।
ਸਾਹਮਣੇ ਮਾਤਾ ਭਾਗੋ ਮੱਥੇ ਤਿਊੜੀਆਂ ਪਾਈ ਖੜ੍ਹੀ ਕਿਆਸ ਕੇ ਉਹ ਗ਼ਮਗੀਨ ਹੋ ਗਿਆ। ਇਹ ਵੀ
ਮਿਹਣਾ ਮਾਰੇ ਗੀ। ‘ਜਾਹ ਵੇ ਬੁਜ਼ਦਿਲ ਕਾਇਰਾ! ਨਿਗੂਣੇ ਡਾਲਰਾਂ ਦੇ ਲਾਲਚ ਵਿਚ ਆਪਣੇ ਸੁਹਣੇ
ਦੇਸ਼ ਨੂੰ ਤਿਲਾਂਜਲੀ ਦੇ ਆਇਆਂ? ਕਲਗ਼ੀਆਂ ਵਾਲੇ ਤੋਂ ਮੁੱਖ ਮੋੜ ਆਇਆਂ? ਵੇਚ ਆਇਆਂ ਆਪਣੀ
ਦਿਆਨਤਦਾਰੀ? ਗ਼ੱਦਾਰੀ ਦਾ ਧੱਬਾ ਲਵਾ ਆਇਆਂ? ਲੈ ਜਾਹ ਵਾਪਸ ਇਹ ਬੇਦਾਵਾ ਤੇ ਪਾੜ ਸੁੱਟ ਦੇਹ
ਇਹਨੂੰ ਕਿਸੇ ਖੂਹ ਖਾਤੇ ਸਮੁੰਦਰ ਵਿਚ।’ ਅੱਤ ਨਿਰਾਰਥਕ ਮਾਨਸਿਕ ਤਰੰਗਾਂ ਦੀ ਪ੍ਰਚੰਡ ਪੀੜ
ਵਿਚੋਂ ਗੁਜ਼ਰਦਾ ਉਹ ਆਪਣੇ ਆਪ ਨੂੰ ਘ੍ਰਿਣਾ ਤੇ ਉੱਤਰ ਆਇਆ।
ਕਾਰ ਤੇ ਰਿਮੋਟ ਕੰਟਰੋਲ ਨਾਲ ਗਰਾਜ ਖੁੱਲ੍ਹਣ ਦੀ ਬਿੜਕ ਲੈ ਕੇ ਬਸੰਤੀ ਭਾਗੋ ਝਟਪਟ ਬਾਹਰ
ਨਿਕਲੀ। ਖ਼ਾਵੰਦ ਦਾ ਢਿਲਕਿਆ ਨਿਰਾਸ਼ਾਜਨਕ ਚਿਹਰਾ ਵੇਖ ਕੇ ਉਹ ਵੀ ਭੌਂਚਲ ਗਈ।
‘ਕਿਉਂ? ਰਹਿ ਗੇ? ਫ਼ੇਲ੍ਹ ਕਰ ’ਤਾਂ ਥੇਹ ਹੋਣਿਆਂ ਨੇ...? ਕੋਈ ਨਾ ਫੇਰ ਸਹੀਂ, ਮੈਂ ਹੁਣੇ
ਹੀ ਜਾ ਕੇ ਪੰਡਿਤ ਨੂੰ ਪੁੱਛ ਪਾ ਕੇ ਆਉਂਦੀ ਹਾਂ।’ ਇਕੇ ਸਾਹੇ ਉਹ ਕਈ ਗੁੱਭ-ਗਲੇਟ ਉਗਲੱਛ
ਗਈ।
ਚੀਮਾ ਸਾਹਿਬ ਦੀਆਂ ਅੱਖਾਂ ਤਰਲ ਹੋ ਗਈਆਂ। ਇੱਕ ਠੰਢੀ ਜਿਹੀ ਕੰਬਣੀ ਉਸ ਦੀਆਂ ਨਸਾਂ ਵਿਚ
ਝਰਨਾਹਟ ਫੇਰ ਗਈ। ਨੀਵੀਂ ਪਾਈ ਅੰਦਰਲਾ ਕੋਹਜਾਪਨ ਛੁਪਾਉਂਦੇ ਉਹ ਜੇਬ ਵਿਚੋਂ ਕਾਗ਼ਜ਼ ਪੁਰਜ਼ਾ
ਕੱਢ ਕੇ ਉੱਧਰ ਮੁਖ਼ਾਤਬ ਹੋਇਆ। ‘ਮੈਂ ਫ਼ੇਲ੍ਹ ਹੋਇਆਂ ਕਦੇ?’
‘ਮੁਬਾਰਕ ਤੁਹਾਨੂੰ! ਤੁਸੀਂ ਅਮਰੀਕੀ ਸ਼ਹਿਰੀ ਬਣਨ ਵਾਸਤੇ ਲਿਖਤੀ, ਜ਼ਬਾਨੀ ਤੇ ਇਤਿਹਾਸ ਦੇ
ਸਾਰੇ ਟੈੱਸਟ ਕਾਮਯਾਬੀ ਨਾਲ ਪਾਸ ਕਰ ਲਏ ਹਨ। ਅਮਰੀਕੀ ਰਾਸ਼ਟਰ ਤੇ ਝੰਡੇ ਪ੍ਰਤੀ ਵਫ਼ਾਦਾਰੀ
ਦੀ ਸੌਂ ਖਾਣ ਲਈ ਤੁਸਾਂ ਵਚਨਬੱਧਤਾ ਪ੍ਰਗਟਾਈ ਹੈ, ਧੰਨਵਾਦ।’
‘ਚਲੋ ਸ਼ੁਕਰ ਹੋਇਆ। ਮੈਂ ਤੇ ਕਈ ਕਈ ਸੁੱਖਣਾ ਸੁੱਖ ਰੱਖੀਆਂ ਨੇ। ਲੱਖ ਲੱਖ ਧੰਨਵਾਦ ਜ਼ਾਹਿਰਾ
ਬਾਬਿਆਂ ਦਾ। ਹੁਣ ਸਾਡੇ ਦੂਜੇ ਨਿਆਣੇ ਵੀ ਆ ਰਲ਼ਨ ਗੇ, ਛੇਤੀ ਹੀ ਸਾਡੇ ਨਾਲ ਜਿਸ ਵਾਸਤੇ
ਔਂਤਰੇ ਦੱਲੇ ਚਾਲੀ ਲੱਖ ਮੰਗਦੇ ਸਨ। ਨਾਲੇ ਸੋਸ਼ਲ ਸਿਕਿਉਰਿਟੀ ਵਾਸਤੇ ਵੀ ਛੇਤੀ ਫਾਰਮ ਭਰ
ਆਵਾਂ ਗੇ। ਆਪਣੇ ਪੈਰੀਂ ਖੜੇ ਹੋਵਾਂ ਗੇ, ਪੰਦਰਾਂ ਸੌ ਮਿਲੂ ਮਹੀਨੇ ਦਾ।’ ਪੱਤਰ ਦੇ
ਸਾਕਾਰਤਮਕ ਪ੍ਰਸਤਾਵ ਜਿਸ ਨੂੰ ਉਹ ਬੇਦਾਵਾ ਸਮਝੀ ਬੈਠਾ ਸੀ, ਪੜ੍ਹ ਕੇ ਉਹ ਹਰਸ਼-ਨਾਦ ਵਿਚ
ਝੂਮ ਉੱਠੀ। ਚਿੱਠੀ ਪੜ੍ਹਦੇ ਪੜ੍ਹਦੇ ਉਸ ਦੇ ਚਿਹਰੇ ਮਤਾਬੀਆਂ ਜਗ ਪਈਆਂ। ਪਲਕਾਂ ਵਿਚੋਂ
ਖ਼ੁਸ਼ੀ ਦੇ ਅੱਥਰੂ ਉਸ ਦੀਆਂ ਗੱਲ੍ਹਾਂ ਤੇ ਟਪਕ ਆਏ। ਮਾਤਾ ਭਾਗੋ ਦਾ ਬਦਲਿਆ ਮਜਾਜ਼ ਤੇ ਵਿਕਸਿਤ
ਨਜ਼ਰੀਆ ਵੇਖ ਕੇ ਉਹ ਬੇਦਾਵੇ ਵਾਲੀ ਆਪਣੀ ਮਾਨਸਿਕ ਹੀਣਤਾ ਤੋਂ ਸੁਰਖ਼ਰੂ ਹੋ ਗਿਆ।
‘ਅਜੇ ਬੁੱਲ੍ਹ ਤੇ ਪਿਆਲੀ ਵਿਚ ਫ਼ਾਸਲਾ ਹੈ। ਕੰਪਾਰਟਮੈਂਟ ਆਈ ਹੈ ਮੇਰੀ। ਇੱਕ ਪੇਪਰ ਹੋਰ ਪਾਸ
ਕਰਨਾ ਰਹਿ ਗਿਆ।’ ਉਸ ਨੇ ਦੂਸਰਾ ਪਰਵਾਨਾ ਉਸ ਨੂੰ ਥੰਮ੍ਹਾ ਦਿੱਤਾ।
‘ਕੀ ਮਤਲਬ?’ ਪੁਲਸ ਦਾ ਨਾਮ ਪੜ੍ਹ ਕੇ ਬਸੰਤੀ ਭਾਗੋ ਦਾ ਟਹਿਕਦਾ ਚਿਹਰਾ ਮੁੜ ਮਾਯੂਸੀ ਨਾਲ
ਝੁਲਸ ਗਿਆ।
‘ਮੈਂ ਤੁਹਾਡੇ ਸ਼ਹਿਰੀ ਬਣਨ ਲਈ ਅਜੇ ਆਖ਼ਰੀ ਫ਼ੈਸਲਾ ਨਹੀਂ ਕਰ ਸਕਦੀ। ਤੁਹਾਡੇ ਫਿੰਗਰਜ਼
ਪ੍ਰਿੰਟ ਨਾ-ਮੁਕੰਮਲ ਤੇ ਅਧੂਰੇ ਹੋਣ ਕਰ ਕੇ ਐਫ. ਬੀ. ਆਈ. ਤੁਹਾਡੇ ਪਿਛੋਕੜ ਦੀ ਅਪਰਾਧਿਕ
ਛਾਣਬੀਣ ਨਹੀਂ ਕਰ ਸਕੀ। ਤੁਹਾਨੂੰ ਪੁਲਸ ਰਿਪੋਰਟ ਦੇਣੀ ਪਵੇ ਗੀ। ਫਿਰ ਇਹ ਸਾਰੀ ਕਾਰਵਾਈ
ਮੁਕੰਮਲ ਹੋਣ ਮਗਰੋਂ ਤੁਹਾਨੂੰ ਅਗਲੀ ਇਤਲਾਹ ਦਿੱਤੀ ਜਾਵੇ ਗੀ।’
ਸਤਰਾਂ ਪੜ੍ਹਦੇ ਪੜ੍ਹਦੇ ਮਾਹੌਲ ਫਿਰ ਗ਼ਮਗੀਨ ਪਰਛਾਈਂ ਅੰਦਰ ਡੁੱਬ ਗਿਆ। ਪਤਨੀ ਚੰਗੇ ਭਲੇ
ਬਣਦੇ ਬਣਦੇ ਕੰਮ ਵਿਚ ਵਿਘਨ ਪੈਣ ਤੇ ਆਪਣੀ ਕਿਸਮਤ ਨੂੰ ਕੋਸਣ ਲੱਗੀ। ‘ਪਤਾ ਨਹੀਂ ਸਾਡੇ
ਲੇਖਾਂ ਨੂੰ ਕੀ ਫੇਟੀ ਵੱਜ ਗਈ। ਹੁੰਦੇ ਹੁੰਦੇ ਕੰਮ ਕੰਢੇ ਅੱਪੜ ਕੇ ਉਟਕ ਜਾਂਦੇ ਨੇ। ਕਿਸੇ
ਵੇਲੇ ਭੁੱਜੇ ਉੱਗਦੇ ਸੀ ਤੇ ਹੁਣ ਭੁੱਜੀ ਮਛਲੀ ਵੀ ਮੂੰਹ ’ਚੋਂ ਪਾਸੇ ਤਿਲਕ ਜਾਂਦੀ ਏ।
ਤੁਸੀਂ ਮੰਨਦੇ ਨਹੀਂ, ਐਵੇਂ ਉਲਟਾ ਸਿੱਧਾ ਬੋਲਣ ਲੱਗ ਜਾਂਦੇ ਹੋ। ਸਵੇਰੇ ਐਵੇਂ ਦਰ ਤੇ ਆਏ
ਸਿਆਣਿਆਂ ਬਿਆਣਿਆਂ ਨੂੰ ਨਾਂਹ ਕਰ ਦਿੱਤੀ ਦੋ ਚਾਰ ਛਿੱਲੜਾਂ ਤੋਂ, ਪਤਾ ਨਹੀਂ ਕੀ ਸਰਾਪ
ਦਿੱਤਾ ਹੋਊ ਉਨ੍ਹਾਂ ਨੇ। ਪੰਡਿਤ ਨੇ ਕਿਹਾ ਸੀ ਨਾ, ਰਸਤੇ ਦੇ ਮਾੜੇ ਗ੍ਰਹਿ ਤੇ ਰੁਕਾਵਟਾਂ
ਸਿੱਧੀਆਂ ਕਰਨ ਵਾਸਤੇ ਕੁੱਝ ਉਪਾ ਕਰਨਾ ਪਵੇਗਾ। ਹੁਣ ਮੈਂ ਤੁਹਾਡੀ ਨਹੀਂ ਮੰਨਣੀ। ਮੈਂ ਆਪ
ਹੀ ਟੈਕਸੀ ਲੈ ਕੇ ਜਾ ਵੜਨਾ। ਪੰਡਿਤ ਕੋਲੋਂ ਪਹਿਲੀ ਗੁਸਤਾਖ਼ੀ ਦੀ ਮੁਆਫ਼ੀ ਮੰਗਣੀ ਤੇ ਨਾਲੇ
ਇਸ ਵਿਘਨ ਦੇ ਕਲਿਆਣ ਵਾਸਤੇ ਉਸ ਨੂੰ ਡਾਲਰ ਤੇ ਸਮਗਰੀ ਦੇ ਆਉਣੀ।’
‘ਨਹੀਂ ਭਲੀਏ ਲੋਕੇ, ਇਹ ਪੜੇ-ਪੰਡਿਤਾਂ ਦੇ ਟੂਣੇ-ਟਪਾਣੇ ਤੇ ਗ੍ਰਹਿਆਂ ਨਛੱਤਰਾਂ ਦੀ ਬੁਝਾਰਤ
ਅਨਪੜ੍ਹਾਂ ਦੀ ਮਾਨਸਿਕ ਛਲ-ਕਪਟ ਵਾਸਤੇ ਹੁੰਦੀ ਹੈ। ਆਪਣੀ ਵਹਿਮੀ ਪ੍ਰਵਿਰਤੀ ਨੂੰ ਤਿਲਾਂਜਲੀ
ਦੇਣ ਦੀ ਲੋੜ ਹੈ, ਉਨ੍ਹਾਂ ਨੂੰ ਪੱਕਾ ਬੇਦਾਵਾ ਦੇ ਦੇਹ। ਮੈਨੂੰ ਇੱਧਰ ਗੁਮਰਾਹਕੁਨ ਗ਼ਲਤ
ਪਾਸੇ ਨਾ ਤੋਰ। ਸਰਕਾਰੀ ਮਰਯਾਦਾ ਦੀ ਇਹ ਸਾਧਾਰਨ ਜਿਹੀ ਆਵੱਸ਼ਕ ਕਾਰਵਾਈ ਮੈਂ ਆਪੇ ਪੂਰੀ ਕਰ
ਲੈਣੀ ਹੈ। ਅਸੀਂ ਕਿਹੜੇ ਗੁਨਾਹ ਕੀਤੇ ਨੇ ਜੋ ਸਾਨੂੰ ਪੁਲਸ ਵਾਲੇ ਧ੍ਰਿਸਕਾਰ ਦੇਣਗੇ। ਮੈਂ
ਕੱਲ੍ਹ ਹੀ ਆਪ ਪੇਸ਼ ਹੋ ਕੇ ਕਾਊਂਟੀ ਸ਼ੈਰਿਫ ਕੋਲੋਂ ਨੇਕ-ਚਲਨੀ ਦਾ ਪ੍ਰਮਾਣ-ਪੱਤਰ ਲੈ ਕੇ
ਇਨ੍ਹਾਂ ਦੀ ਖਾਨਾ ਪੂਰਤੀ ਕਰ ਦਿਆਂਗਾ।
ਬੇਦਿਲੀ ਸਹਿਮਤੀ ਦਰਸਾਉਂਦੀਆਂ ਚਾਰੇ ਨਜ਼ਰਾਂ ਡਲ੍ਹਕੀਆਂ ਤੇ ਉਹ ਦੋਵੇਂ ਇੱਕ ਦੂਜੇ ਗਲ ਲਿਪਟ
ਗਏ।
-0-
|