ਕਹਿੰਦੇ ਨੇ ਕਿ ਸਮਾਂ ਕਦੇ
ਇਕੋ ਜਿਹਾ ਨਹੀਂ ਰਹਿੰਦਾ। ਬਦਲਦੇ ਸਮੇਂ ਦੇ ਨਾਲ-ਨਾਲ ਆਰਥਿਕ, ਸਮਾਜਿਕ, ਰਾਜਨੀਤਿਕ,
ਪਰਿਵਾਰਿਕ ਜੀਵਨ ਤਾਂ ਬਦਲਦਾ ਹੀ ਹੈ, ਨਾਲ ਹੀ ਮਨੋਰੰਜਨ ਦੇ ਸਾਧਨ ਵੀ ਓਹ ਨਹੀਂ ਰਹਿੰਦੇ।
ਦਾਦੇ, ਪੜਦਾਦੇ ਵੇਲੇ ਦੇ ਮਨੋਰੰਜਨ ਘੋਲ, ਕਬੱਡੀਆਂ ਅਤੇ ਮੇਲੇ ਸਨ। ਜੋ ਬਾਪ ਦੇ ਜ਼ਮਾਨੇ 'ਚ
ਟੇਪ, ਟੀ.ਵੀ., ਵੀ. ਸੀ. ਆਰ. ਵਿਚ ਬਦਲੇ। ਅਸੀਂ ਹੁਣ ਦੇ ਜ਼ਮਾਨੇ ਵਿਚ ਜੇਬ 'ਚ ਦੁਨੀਆਂ ਲਈ
ਫਿਰਦੇ ਹਾਂ। ਸਾਡੇ ਬੱਚਿਆਂ ਦੇ ਵੱਡੇ ਹੋਣ ਤੇ ਕੀ-ਕੀ ਮਨੋਰੰਜਕ ਬਲਾਵਾਂ ਆਉਣਗੀਆਂ, ਸਚੇ
ਪਾਤਸ਼ਾਹ ਵਾਗਰੂ ਹੀ ਜਾਣੇ...!!
ਪਹਿਲਾਂ ਅਜੋਕੇ ਦੌਰ ਦੀ ਗੱਲ ਸ਼ੁਰੂ ਕਰਦੇ ਹਾਂ। ਅੱਜ ਮਨੋਰੰਜਨ ਦੇ ਅਸੀਮ ਸਾਧਨ ਹਨ। ਸੀਡੀ
ਅਤੇ ਡੀ.ਵੀ.ਡੀ. ਦੋਵੇਂ ਡਿਜੀਟਲ ਮਜਾਜਣਾਂ, ਬੀਤੇ ਦੀ ਬਾਤ ਬਣਨ ਵਿਚ ਬਹੁਤਾ ਦੇਰ ਨਹੀਂ
ਲਾਉਣਗੀਆਂ। ਹਰ ਘਰ ਵਿਚ ਆਈ ਇੰਟਰਨੈੱਟ ਕ੍ਰਾਂਤੀ ਨੇ 'ਚੁੱਲ੍ਹੇ ਤੇ ਸਿਨਮਾ' ਲਾ ਦਿਤਾ ਹੈ।
ਸਮਾਰਟ ਫੋਨ ਤੇ ਮਿਲਿਆ ੨-੩ ਜੀ. ਬੀ. ਡਾਟਾ, ਕੰਮਾਂ-ਕਾਰਾਂ, ਪਾਰਕਾਂ, ਬੱਸਾਂ, ਰੇਲਾਂ ਵਿਚ
ਬੈਠਿਆਂ ਨੂੰ ਸਿਰ ਉੱਪਰ ਨਹੀਂ ਚੁੱਕਣ ਦਿੰਦਾ। ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਤੇ ਨਵੀਂ
ਤੋਂ ਨਵੀਂ ਮਨੋਰੰਜਕ ਵੀਡੀਓ ਤੇ ਫੋਟੋ ਪਾਉਣੀ ਤੇ ਵੇਖਣੀ 'ਨਿੱਤਨੇਮ' ਨਹੀਂ 'ਮਿੰਟ ਨੇਮ' ਬਣ
ਚੁੱਕਾ ਹੈ। ਘਰ ਬੈਠੇ ਹੀ ਆਨ-ਡਿਮਾਂਡ ਮੂਵੀਜ਼ ਦਾ ਲੁਤਫ਼ ਲੈਣਾ 'ਚਾਹ ਦਾ ਕੱਪ' ਬਣਾਉਣ ਤੋ ਵੀ
ਸੁਖਾਲਾ ਹੈ। ਯੂ ਟਿਊਬ ਨੇ ਆਪਣੀ ਸਰਦਾਰੀ ਕਾਇਮ ਰਖੀ ਹੋਈ ਆ। ਗੱਡੀਆਂ ਵਿਚ ਬੈਠਿਆਂ ਸੰਗੀਤ
ਸੁਣਨ ਲਈ ਕੈਸੇਟ ਵਾਰ-ਵਾਰ ਬਦਲਣ ਦਾ ਛੁਟਕਾਰਾ ਤਾ ਕਦ ਮਿਲ ਚੁੱਕਿਆ ਹੈ। ਇੱਕ ਸੀਡੀ ਤੋਂ ੬
ਸੀ.ਡੀ. ਚੇਂਜਰ, ਤੋ ਗੱਲ ਹੁੰਦੀ ਹੋਈ ਐੱਮ.ਪੀ.੩ ਤੇ ਆ ਪਹੁੰਚੀ। ਇਕ ਐੱਮ.ਪੀ.੩ ਗੀਤਾਂ ਦਾ
ਟੋਕਰਾ ਚੁੱਕੀ ਫਿਰਦੀ ਹੈ। ਫਿਰ ਪੈੱਨ-ਡਰਾਈਵ ਤੇ ਮੈਮਰੀ ਕਾਰਡ ਵੀ ਹਜ਼ਾਰਾਂ ਗੀਤ ਨਹੁੰ ਕੁ
ਜਿੰਨੇ ਸਾਈਜ਼ ਵਿਚ ਸਮੋ ਕੇ ਬੈਠ ਗਏ। ਹੁਣ ਤਕਰੀਬਨ ਹਰ ਕਾਰ, ਹਰ ਵਹੀਕਲ 'ਚ ਨਵਾਂ ਮਿਊਜ਼ਿਕ
ਸਿਸਟਮ ਬਲੂ-ਟੂੱਥ ਨਾਲ ਜੁੜਿਆ ਹੋਣ ਕਾਰਨ ਸਭ ਯੱਭ ਹੀ ਨਿਬੇੜਨ ਦਿਤੇ, ਕਿਉਂ ਜੋ ਸਮਾਰਟ ਫੋਨ
ਡਾਟੇ ਸਮੇਤ ਜਣੇ ਖਣੇ ਦੀ ਜੇਬ ਦਾ ਸ਼ਿੰਗਾਰ ਨੇ। ਇਕ ਬਟਨ ਨੱਪੋ ਤੇ ਲਾ ਲਵੋ ਜਿਹੜੇ ਮਰਜ਼ੀ
ਸਿੰਗਰ ਨੂੰ ਮੂਹਰੇ ...!
ਮੈਨੂੰ ਇਕ ਵਿਆਹ ਮਾਮੂਲੀ ਜਿਹਾ ਯਾਦ ਹੈ, ਜਦ ਉਨ੍ਹਾਂ ਨੇ ਤਵੇ ਵਾਲੀ ਮਸ਼ੀਨ ਲਿਆਂਦੀ ਹੋਈ
ਸੀ। ਗੱਭਰੂਆਂ ਨੇ ਉਸ ਮਸ਼ੀਨ ਵਾਲੇ ਦੇ ਦੁਆਲੇ ਘੇਰਾ ਘਤਿਆ ਹੋਇਆ ਸੀ। ਵਿਆਹ ਵਾਲੇ ਮੇਲ ਦੀ
ਭੀੜ ਦਾ ਅੱਧ ਵੰਡਾਈ ਬੈਠਾ ਸੀ ਮਸ਼ੀਨ ਵਾਲਾ ਭਾਈ। ਇਹ ਮੇਰੀ ਤਵੇ ਵਾਲੀ ਮਸ਼ੀਨ ਨਾਲ ਸੰਬੰਧਿਤ
ਆਖਰੀ ਅਤੇ ਇਕੋ ਯਾਦਾਸ਼ਤ ਹੈ। ਫਿਰ ਆਇਆ ਸੰਗੀਤ ਇੰਡਸਟਰੀ 'ਚ ਆਡੀਓ ਕੈਸੇਟ ਦਾ ਰੁਝਾਨ। ਰੀਲ
ਯੁੱਗ ਦੀਆਂ ਗੱਲਾਂ ਤਾ ਅਸੀਂ ਸਭ ਨੇ ਹੰਢਾਈਆਂ, ਵਰਤੀਆਂ ਹੋਈਆਂ ਹਨ। ਨਵੀਂ ਰੀਲ ਲਿਆਉਣੀ
ਤਾਂ ਪਾਣੀ ਬਾਅਦ 'ਚ ਪੀਣਾ, ਪਹਿਲਾਂ ਸਟੀਰੀਓ ਜਾਂ ਡੈੱਕ ਦੇ ਮੂੰਹ ਲਾਉਣੀ। ਕੋਲੇ ਬੈਠ
ਸੁਣਨੀ, ਰੂਹਦਾਰੀ ਨਾਲ। ਜਦ ਸਟੀਰੀਓ ਨੇ ਰੀਲ ਇਕੱਠੀ ਕਰਨੀ ਤਾਂ ਕਈ ਸ਼ੁਕੀਨਾ ਨੂੰ ਆਪਣਾ
ਕਾਲਜਾ ਇਕਠਾ ਹੁੰਦਾ ਨਜ਼ਰੀਂ ਪੈਂਦਾ। ਸਟੀਰੀਓ ਦੇ ਲੋਹ ਪੰਜਿਆਂ ਚੋਂ ਬਚਾ ਬਚਾ ਕੇ ਫੀਤਾ
ਜਿਹਾ ਕੱਢਣਾ ਤੇ ਫਿਰ ਕੱਚੀ ਪੈਨਸਿਲ ਜਾਂ ਉਂਗਲ ਨਾਲ ਲਪੇਟ ਗੱਡੀ ਮੁੜ ਲੀਹ ਤੇ ਲੈ ਆਉਣੀ।
ਹੁਣ ਵਾਂਗੂ ਨਹੀਂ ਕਿ ਐੱਮ.ਪੀ.੩ ਤੇ ਪਈ ਝਰੀਟ ਤੇ ਮਾਰੀ ਰੂੜੀ ਤੇ ਚਲਾ ਕੇ। ਕਦੇ ਪੂਰੀ ਰੀਲ
ਪਸੰਦ ਨਾ ਆਉਂਦੀ ਤਾਂ ਚੋਣਵੇਂ ਗੀਤ ਭਰਾ ਲਿਆਉਣੇ। ਭੋਲੇ ਦੀ ਦੁਕਾਨ ਤੇ ਦੋ ਕੈਸੇਟਾਂ ਵਾਲੀ
ਲੰਬੂਤਰੀ ਜਿਹੀ ਮਸ਼ੀਨ ਤੇਜ਼ ਤੇਜ਼ ਗੀਤ ਉਚਾਰਦੀ ਚ੍ਰਡ ਚ੍ਰਡ ਕਰਦੀ ਲਗਦੀ, ਪਰ ਘਰ ਜਾ ਜਦ
ਪਸੰਦੀਦਾ ਗਾਣੇ ਵਜਦੇ ਤਾਂ ਰੂਹ ਨਸ਼ਿਆ ਜਾਂਦੀ। ੧੦ ਗੀਤ ਭਰਾਉਣੇ ਹੁੰਦੇ ਤਾਂ ੧੫ ਦੀ ਲਿਸਟ
ਦੇ ਕੇ ਆਉਣੀ ਤਾਂ ਜੋ ਹੰਗਾਮੀ ਹਾਲਤ 'ਚ ਬੁੱਤਾ ਸਾਰਿਆ ਜਾ ਸਕੇ। ਆਮ ਤੋਰ ਤੇ ਪਸੰਦੀਦਾ ਗੀਤ
ਹੀ ਤੁਹਾਡੀ ਸੁਪਨ ਰੀਲ ਦਾ ਸ਼ਿੰਗਾਰ ਹੁੰਦੇ। ਪਰ ਕਈ ਵਾਰ ਜਦ ਭੋਲੇ ਹੋਰੀਂ ਆਪਣੀ ਪਸੰਦ ਧੱਕੇ
ਨਾਲ ਠੋਸ ਦਿੰਦੇ ਤਾਂ ਸਾਈਕਲ ੭੦ ਮਿੰਟ ਨੂੰ ਫਿਰ ਭੋਲੇ ਦੀ ਦੁਕਾਨ ਦੀ ਕੰਧ ਨਾਲ ਬਿਨਾ
ਸਟੈਂਡ ਲਾਏ ਖੜਾ ਹੁੰਦਾ। ਉਨ੍ਹਾਂ ਦਿਨਾ ਵਿਚ ਆਪਣੇ ਦੁਬਈ, ਕਨੇਡਾ ਜਾਂ ਇੰਗਲੈਂਡ ਰਹਿੰਦੇ
ਰਿਸ਼ਤੇਦਾਰਾਂ ਨੂੰ ਸਪੈਸ਼ਲ ਕਿਹਾ ਜਾਂਦਾ ਸੀ ਟੀ.ਡੀ.ਕੇ. ਜਾਂ ਸੋਨੀ ਦੀਆਂ ਖਾਲੀ ਰੀਲਾਂ
ਲਿਆਉਣ ਨੂੰ, ਖ਼ਾਸ ਤੋਰ ਤੇ ੯੦ ਮਿੰਟ ਦੀਆਂ। ਮੁੰਡੇ ਕੁੜੀਆਂ ਰੋਮਾਂਟਿਕ ਗੀਤ ਭਰਾ ਕੇ ਇਕ
ਦੂਜੇ ਨੂੰ ਤੋਹਫ਼ੇ ਦਿੰਦੇ। ਜਦ ਕਿਸੇ ਮਨਪਸੰਦ ਗਾਇਕ ਦੀ ਨਵੀਂ ਰੀਲ ਬਾਰੇ ਅਖ਼ਬਾਰਾਂ ਆਦਿ ਵਿਚ
ਪੜ੍ਹਨਾ ਤਾ ਉਡੀਕਣ ਲੱਗ ਜਾਣਾ। ਭਾਵੇਂ ਕਿੰਨੇ ਸਾਲ ਹੋ ਗਏ ਪਰ ਅੱਜ ਵੀ ਬਹੁਤੀਆਂ ਰੀਲਾਂ ਦੇ
ਏ ਤੇ ਬੀ ਸਾਈਡ ਦੇ ਗਾਣਿਆਂ ਦੀ ਤਰਤੀਬ ਯਾਦ ਹੈ। ਘਰ ਪਈਆਂ ਰੀਲਾਂ ਨੂੰ ਬੜੇ ਸਲੀਕੇ ਨਾਲ
ਸਟੀਰੀਓ ਦੇ ਨਜ਼ਦੀਕ ਚਿਣ ਕੇ ਰਖਿਆ ਜਾਂਦਾ। ਟਰੈਕਟਰ ਵਾਲੀਆਂ ਨੂੰ ਛਤਰੀ ਦੀ ਪਾਸੇ ਵਾਲੀ ਜੇਬ
'ਚ, ਤੇ ਬਾਕੀ ਦੀਆਂ ਟੂਲ ਬਾਕਸ 'ਚ ਚਾਬੀਆਂ ਪਾਨਿਆਂ ਨਾਲ ਖਹਿੰਦੀਆਂ। ਗਰਮੀਆਂ ਦੀ ਰੁੱਤੇ
ਜਦ ਕੋਠੇ ਤੇ ਸੌਣਾ ਤਾਂ ਦੁਰੇਡੇ ਖੇਤਾਂ ਵਿਚ ਵਾਹੀ ਕਰਦੇ ਟਰੈਕਟਰ ਤੇ ਵੱਜਦੀ ਟੇਪ 'ਚ
ਰਣਜੀਤ ਕੌਰ ਕਹਿੰਦੀ "ਆ ਮੁੰਡਿਆ ਵੇ ਜਰਾ ਬਹਿ ਮੁੰਡਿਆ" ਤਾਂ ਨੀਂਦ ਨੂੰ ਠੁੱਡੇ ਮਾਰ ਗੀਤ
ਦਾ ਆਨੰਦ ਮਾਣਿਆ ਜਾਂਦਾ। ਜਦ ਪਿੰਡ ਦੇ ਮੁੰਡੇ ਕੱਚੇ ਰਾਹ ਤੇ ਭਰਤ ਪਾਉਂਦੇ ਜਾਂ ਧਾਰਮਿਕ
ਸਮਾਗਮ ਲਈ ਬਾਲਣ ਆਦਿ ਇਕਠਾ ਕਰਦੇ ਤਾਂ ਟਰੈਕਟਰ ਤੇ ਸਪੀਕਰ 'ਚੋਂ ਜਦ ਹੰਸ ਕੂਕਦਾ 'ਨਾ ਧੁੱਪ
ਰਹਿਣੀ ਨਾ ਛਾਂ ਬੰਦਿਆ' ਜਾਂ ਯਮਲਾ ਅਲਾਪਦਾ, 'ਸਖੀਆ ਨਾਮ ਸਾਈ ਦਾ ਬੋਲ' ਤਾਂ ਕਿਸੇ ਮਹਾਤਮਾ
ਦੇ ਪ੍ਰਵਚਨ ਲਗਦੇ। ਕਿਧਰੇ ਦੂਰ ਉੱਡ ਪੁੱਡ ਗਈ ਓਹ ਰੂਹਦਾਰੀ....!
ਚਲ-ਚਿੱਤਰਾਂ ਦੀ ਗੱਲ ਕਰੀਏ ਤਾਂ ਸਿਨੇਮੇ ਤੋਂ ਬਾਅਦ ਵੀ ਸੀ ਆਰ ਦਾ ਜ਼ਮਾਨਾ ਆਇਆ। ਵਿਰਲੇ
ਟਾਂਵੇਂ ਘਰਾਂ ਵਿਚ ਇਹ ਸੁਵਿਧਾ ਪ੍ਰਾਪਤ ਸੀ। ਓਹ ਵੀ ਓਹਨਾ ਦੇ ਜਿਨ੍ਹਾਂ ਦੇ ਕੋਈ ਅਰਬ
ਮੁਲਕਾਂ ਜਾ ਯੂਰਪ, ਕੈਨੇਡਾ 'ਚ ਰਹਿੰਦੇ ਜਾਂ ਰਹਿ ਚੁੱਕੇ ਸਨ। ਬਾਕੀਆਂ ਨੂੰ ਇਹ ਕਿਰਾਏ ਤੇ
ਲਿਆ ਕੇ ਹੀ ਡੰਗ ਸਾਰਨਾ ਪੈਂਦਾ ਸੀ। ਵੀ ਸੀ ਆਰ ਲਿਆਉਣ ਦੀਆਂ ਸਕੀਮਾਂ ਕਈ ਦਿਨ ਪਹਿਲਾਂ
ਸ਼ੁਰੂ ਹੋ ਜਾਂਦੀਆਂ। ਕੀਹਨੂੰ ਬੁਲਾਉਣਾ, ਕੀਹਨੂੰ ਨਹੀਂ, ਕਿਥੇ ਲਿਆਉਣਾ, ਕਿਹੜਾ ਬਹਾਨਾ
ਲਾਉਣਾ ਘਰੇ, ਸਮੇਤ ਸਭ ਪਹਿਲੂਆਂ ਤੇ ਵਿਚਾਰ ਹੁੰਦੀ।
ਨਿਯਮਤ ਸ਼ਾਮ ਨੂੰ ਜਦ ਦੋ ਜਣੇ ਟੁੱਟੇ ਜਿਹੇ ਸਕੂਟਰ ਤੇ ਵਿਚਕਾਰ ਟੀ.ਵੀ. ਤੇ ਉੱਪਰ ਆਇਤਾਕਾਰ
ਵਸਤੂ ਝੋਲੇ ਵਿਚ ਪਾਈ ਹੋਈ ਲੈ ਕੇ ਲੰਘਦੇ ਤਾ ਮੋੜਾਂ, ਪੁਲੀਆਂ ਅਤੇ ਸੱਥ 'ਚ ਬੈਠੇ ਹੋਏ
ਗਭਰੂ ਕੰਨ ਚੁੱਕ ਲੈਂਦੇ। ਕੀਹਦੇ ਆਇਆ ਅੱਜ ..? ਝੱਟ ਇਕ ਦੂਜੇ ਨੂੰ ਪੁਛਣ ਲਗਦੇ। ਸਵਾਲ ਖੜਾ
ਹੋ ਜਾਂਦਾ, ਆਖਿਰ ਖੁਰਾ ਖੋਜ ਲੱਭਣ ਦਾ ਕੰਮ ਸ਼ੁਰੂ ਹੋ ਜਾਂਦਾ। ਸਾਈਕਲ ਬੀਹੀਆਂ 'ਚ ਦੌੜਨ
ਲਗਦੇ। ਵੀ ਸੀ ਆਰ ਲਿਆਉਣ ਵਾਲੇ ਸਾਰੇ ਪ੍ਰੋਗਰਾਮ ਨੂੰ ਵਾਜਪਾਈ ਸਰਕਾਰ ਦੇ ਪੋਖਰਣ ਪ੍ਰਮਾਣੂ
ਧਮਾਕੇ ਵਾਂਗੂ ਗੁਪਤ ਰੱਖਦੇ, ਤਾਂ ਜੋ ਵਾਧੂ ਇਕੱਠ ਤੋਂ ਬਚਿਆ ਜਾ ਸਕੇ। ਰੋਟੀ ਪਾਣੀ ਟਾਈਮ
ਸਿਰ ਖਾ, ਜਦ ਰਾਤ ਨੂੰ ਹੌਲੀ ਕੁ ਦੇਣੇ ਬਾਰ ਭੇੜ, ਹਥ 'ਚ ਸੋਟੀ ਜਾਂ ਡਾਂਗ ਕੁਤੇ ਆਦਿ ਤੋ
ਬਚਾਅ ਲਈ ਫੜ ਤੁਰਨਾ ਤਾਂ ਕਾਹਲੀ ਤੇ ਖੁਸ਼ੀ ਦਾ ਸੁਮੇਲ ਮੰਜ਼ਿਲ ਵੱਲ ਉਡਾਈ ਤੁਰਿਆ ਜਾਂਦਾ।
ਰੰਗਾ-ਰੰਗ ਪ੍ਰੋਗਰਾਮ ਸ਼ੁਰੂ ਹੋਣ ਤੋ ਪਹਿਲਾਂ ਵੀਡੀਓ ਕੈਸੇਟਾਂ ਤੇ ਮਾਰੀ ਝਾਤੀ ਤੇ ਮਨਪਸੰਦ
ਲੇਬਲ ਦੇਖ 'ਬਲੈਕ ਲੇਬਲ' ਵਰਗਾ ਸਰੂਰ ਮਿਲ ਜਾਂਦਾ। ਜਦ ਰੀਲਾਂ ਵਾਲੇ ਝੋਲੇ 'ਚ ਕਾਹਲੀ
ਕਾਹਲੀ ਹਥ ਮਾਰਦਾ ਕੋਈ ਚੋਬਰ ਢਿਲਾ ਜਿਹਾ ਹੋ ਜਾਂਦਾ ਤਾ ਪ੍ਰਬੰਧਕਾਂ 'ਚੋਂ ਕੋਈ ਹੌਂਸਲਾ
ਦਿੰਦਾ 'ਸਬਰ ਰਖ ਲਿਆਂਦੀ ਆ ਓਹ ਵੀ..! ਸਕੂਟਰ ਵਾਲਾ ਆਪਣੇ ਨਾਲ ਦੇ ਬਿਹਾਰੀਏ ਛੋਟੂ ਨੂੰ
ਛੱਡ ਮੁੜ ਜਾਂਦਾ। ਓਹ ਉਨੀਂਦਰੇ ਦਾ ਮਾਰਿਆ ਰੀਲ ਨੂੰ ਵੀ ਸੀ ਆਰ ਦੇ ਮੂੰਹ ਹਵਾਲੇ ਕਰ ਦਿੰਦਾ
ਤੇ ਆਪ ਸੌਣ ਦਾ ਯਤਨ ਕਰਦਾ। ਪਰ ਉਹਨੂੰ ੨੦ ਵਾਰ ਉਠਾਇਆ ਜਾਂਦਾ, ਅਗਾਂਹ ਕੱਢ, ਪਿਛਾਂਹ ਮੋੜ,
ਆਹ ਨੀ ਵਧੀਆ, ਓਹ ਲਾ, ਫੋਟੋ ਨੀ ਖੜਦੀ, ਪ੍ਰਿੰਟ ਨੀ ਸਾਫ਼, ਰੰਗ ਗੂੜ੍ਹੇ ਕਰ।
ਇਕ ਵਾਰੀ ਸਾਡੇ ਕੋਈ ਮਿੱਤਰ ਵੀ ਸੀ ਆਰ ਕਿਰਾਏ ਤੇ ਲੈ ਕੇ ਆਏ। ਉਸ ਵਿਚ ਕੈਸੇਟ ਉੱਪਰਲੇ
ਪਾਸੇ ਪੈਂਦੀ ਸੀ, ਅੱਜਕੱਲ੍ਹ ਦੇ ਵਾਂਗੂੰ ਮੂਹਰਲੇ ਪਾਸੇ ਨਹੀ, ਦੂਜੇ ਲਫ਼ਜ਼ਾਂ 'ਚ ਕਹੀਏ ਤਾਂ
ਓਹ ਫ੍ਰੰਟ ਲੋਡਰ ਨਹੀਂ ਟੋਪ ਲੋਡਰ ਸੀ। ਜਦ ਉਨ੍ਹਾਂ ਮਨਪਸੰਦ ਫਿਲਮ ਪਾ ਸਵਿੱਚ ਆਨ ਕੀਤੀ ਤਾਂ
ਵੀ ਸੀ ਆਰ ਦੇ ਨੱਕ ਹੇਠ ਨਾ ਆਈ। ਜੁਆਕ ਦੇ ਅਨ-ਪਚੇ ਦੁਧ ਵਾਂਗੂੰ ਝੱਟ ਬਾਹਰ। ਉਨ੍ਹਾਂ ਰੀਲ
ਫਿਰ ਦੁਬਾਰਾ ਪਾਈ, ਪਰ ਝੱਟ ਮੁਖੜਾ ਬਾਹਰ ਆ ਦਿਖਾਇਆ। ਉਨ੍ਹਾਂ ਵਿਚੋਂ ਇਕ ਨੇ ਰਾਇ ਦਿੱਤੀ
ਕਿ ਇਹਨੂੰ ਉੱਤੋਂ ਨੱਪ ਕੇ ਰਖਿਆ ਜਾਵੇ। ਫ਼ਾਰਮੂਲਾ ਕੰਮ ਕਰ ਗਿਆ, ਪਰ ਹੁਣ ਇੰਨਾ ਸਮਾਂ ਕੌਣ
ਨੱਪੇ..? ਹਰ ਕੋਈ ਬੈਠ ਕੇ ਦੇਖਣ ਦਾ ਚਾਹਵਾਨ ਸੀ। ਇਕ ਜਾਣੇ ਦੀ ਨਿਗ੍ਹਾ ਕੰਧੋਲ਼ੀ ਤੇ ਪਈ,
ਉੱਡਿਆ ਈ ਗਿਆ ਤੇ ਮਸਾਲੇ ਦਾ ਅਧ ਭਰਿਆ, ਪਲੇਟ ਨਾਲ ਢਕਿਆ ਕੂੰਡਾ ਚੱਕ ਲਿਆਇਆ। ਉਹਨੂੰ ਉੱਪਰ
ਰਖ ਜਦ ਰੱਬ ਦਾ ਨਾਮ ਲੈ ਬਟਨ ਨੱਪਿਆ ਤਾ ਫਿਲਮ ਚੱਲ ਪਈ, ਦਰਸ਼ਕਾਂ ਦੇ ਮੂੰਹਾਂ ਤੇ ਲਾਲੀ ਆ
ਗਈ। ਫਿਰ ਵੇਖਦੇ ਰਹੇ ਮਸਾਲੇ ਵਾਲੇ ਕੂੰਡੇ ਨਾਲ, ਮਸਾਲੇਦਾਰ ਫਿਲਮਾਂ ਸਾਰੀ ਰਾਤ।
ਓਨਾ ਵੇਲਿਆਂ 'ਚ ਮਨੋਰੰਜਨ ਦੀ ਚਾਹਤ ਤੇ ਭਾਲ ਲਈ ਲੋਕ ਕੀ ਕੀ ਪੰਗੇ ਕਰਦੇ ਤੇ ਉਹਦਾ ਕੀ
ਖ਼ਮਿਆਜ਼ਾ ਭੁਗਤਣਾ ਪੈਂਦਾ, ਇਸ ਸੱਚੀ ਘਟਨਾ 'ਚੋਂ ਦਿਸ ਪਵੇਗਾ,.ਸਾਡੇ ਪਿੰਡ ਦੀ ਗੱਲ
ਸੁਣਾਉਣਾ; ਇਕ ਵਾਰ ਕਈ ਮੁੰਡਿਆਂ ਨੇ ਪੈਸੇ ਪਾ ਕੇ ਵੀ ਸੀ ਆਰ ਲੈ ਆਂਦਾ। ਅਜੇ ਪਹਿਲੀ ਫਿਲਮ
'ਸ਼ੋਅਲੇ' ਚਲਾਈ ਹੀ ਸੀ ਕਿ ਦੂਜੀ ਢਾਣੀ ਵੀ ਖੁਰਾ ਖੋਜ ਲੱਭਦੀ ਆ ਪਹੁੰਚੀ। ਪਰ ਵੀ ਸੀ ਆਰ
ਲਿਆਉਣ ਵਾਲਿਆਂ ਨੇ ਉਨ੍ਹਾਂ ਨੂੰ ਬੇਰੰਗ ਲਿਫ਼ਾਫ਼ੇ ਵਾਂਗੂੰ ਮੋੜ ਦਿੱਤਾ, ਤੇ ਆਪ ਲੱਗ ਪਏ
ਹੇਮਾ ਮਾਲਿਨੀ ਦੇ ਲਟਕੇ-ਝਟਕੇ ਵੇਖਣ। ਨਿਰਾਸ਼ ਹੋ ਮੁੜਿਆਂ ਨੇ ਇਕ ਖ਼ਤਰਨਾਕ ਸਕੀਮ ਲੜਾਈ ਤੇ
ਬੇਇੱਜ਼ਤੀ ਦਾ ਬਦਲਾ ਲਿਆ। ਮੁੰਡੇ ਆਪਣੀ ਫਿਲਮ ਪੂਰੇ ਉਤਸ਼ਾਹ ਨਾਲ ਵੇਖ ਰਹੇ ਸਨ। ਠਰਕੀ
ਧਰਮਿੰਦਰ ਜਦ ਹੇਮਾ ਨੂੰ ਬੰਦੂਕ ਚਲਾਉਣੀ ਸਿਖਾ ਰਿਹਾ ਸੀ ਤੇ ਅੰਬ ਤੇ ਨਿਸ਼ਾਨੇ ਲਾਉਣ ਬਹਾਨੇ
ਹੇਮਾ ਨਾਲ ਬੇਹੁਦੀਆਂ ਹਰਕਤਾਂ ਕਰ ਰਿਹਾ ਸੀ ਤਾਂ ਮੁੰਡੀਰ ਟੀ.ਵੀ. ਵੇਖਦੀ ਸੁਧ-ਬੁਧ ਭੁੱਲੀ
ਬੈਠੀ ਸੀ। ਜਦ ਹੇਮਾ ਨੇ 'ਰਾਮਗੜ੍ਹ' ਦੇ ਅੰਬ-ਬਾਗ 'ਚ ਧਰਮ ਭਾ ਦੀ ਸਤਾਈ ਨੇ ਬੰਦੂਕ ਚਲਾਈ
ਤਾਂ ਸਾਡੇ ਪਿੰਡ 'ਰਾਮਗੜ੍ਹ ਭੁੱਲਰ' 'ਚ ਵੀ ਜ਼ੋਰਦਾਰ ਧਮਾਕਾ ਹੋਇਆ। ਸਭ ਹੈਰਾਨ ਪਰੇਸ਼ਾਨ।
ਹੋਇਆ ਇੰਝ ਕਿ ਜਿਹੜੇ ਮੁੰਡੇ ਬਿਨਾਂ ਫਿਲਮ ਵੇਖਣ ਤੋਂ ਖਾਲੀ ਹਥ ਘਰ ਮੋੜ ਦਿਤੇ ਸੀ, ਉਨ੍ਹਾਂ
ਨੇ ਇਕ ਸਕੀਮ ਬਣਾਈ। ਸਕੀਮ ਅਨੁਸਾਰ ਮੱਝਾਂ ਬਣਨ ਵਾਲਾ ਸੰਗਲ ਘਰੋਂ ਲਿਆ ਕੇ ਬਿਜਲੀ ਦੇ
ਟਰਾਂਸਫ਼ਾਰਮਰ ਤੇ ਦੂਰੋਂ ਚਲਾਵਾਂ ਮਾਰਿਆ। ਤਿੰਨੋ ਤਾਰਾਂ ਨੇ ਗਲਵੱਕੜੀ ਪਾਈ। ਬੱਸ ਫਿਰ ਕੀ
ਸੀ... ਚ੍ਰਰ-ਚਰਰ ਠਾਹ...! ਐਸਾ ਧਮਾਕਾ ਹੋਇਆ ਕਿ ਨਾ ਹੇਮਾ ਲਭੀ, ਨਾ ਪੰਜਾਬ ਦਾ ਪੁਤ
ਧਰਮਿੰਦਰ ਮੁੜ ਦਿਸਿਆ। 'ਸ਼ੋਅਲੇ' ਵਾਲੀ ਜੋੜੀ ਤਾਂ ਨਿਸ਼ਾਨਾ ਨਾ ਲਾ ਸਕੀ ਪਰ ਬਿਨਾ ਬਿਜਲੀ,
ਟੇਬਲ ਫੈਨ ਨਾ ਚਲੇ ਤੇ ੨ ਰਾਤਾਂ ਲੋਕ ਲੱਤਾਂ ਬਾਂਹਾਂ ਤੇ, ਅਧ ਸੁੱਤਿਆਂ ਹੀ ਹਥ ਨਾਲ
ਮੱਛਰਾਂ ਦੇ ਨਿਸ਼ਾਨੇ ਮਾਰਦੇ ਰਹੇ....!
ਅੱਜ ਮਨੋਰੰਜਨ ਦੇ ਅਸੀਮ ਸਾਧਨਾਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਆਨੰਦ ਦੀ ਅਵਸਥਾ ਤੋਂ ਕਿਤੇ
ਦੂਰ ਫਿਰਦੇ ਹਾਂ। ਜਦਕਿ ਸੀਮਤ ਸਾਧਨਾ ਵੇਲੇ ਅਸੀਂ ਖ਼ੁਦ ਨੂੰ ਮਨੋਰੰਜਕ ਤ੍ਰਿਪਤ ਮਹਿਸੂਸ
ਕਰਦੇ ਸੀ। ਜੇਕਰ ਕਾਰਨਾਂ ਦੀ ਪੜਚੋਲ ਕਰੀਏ ਤਾਂ ਇਕਾਗਰਤਾ ਦੀ ਕਮੀ, ਵਧ ਕੰਮ ਤੇ ਘੱਟ ਵਿਹਲਾ
ਸਮਾਂ ਅਤੇ ਆਸਾਨ ਪਹੁੰਚ ਹਨ। ਇਸ ਤੋ ਬਿਨਾ ਵੇਖਣ, ਸੁਣਨ, ਮਾਣਨ ਨਾਲੋਂ ਚੁਣਨ ਦੀ ਚੁਨੌਤੀ
ਨੇ ਸਾਡਾ ਸੁਆਦ ਮਾਰਿਆ ਪਿਆ ਹੈ |
-0- |