ਪੰਜਾਬੀ ਕੈਨੇਡਾ ਦੀ
ਧਰਤੀ ਵੱਲ
ਕੈਨੇਡਾ ਦੀ ਧਰਤੀ ਵੱਲ ਪੰਜਾਬੀਆਂ ਦਾ ਰੁਖ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸ਼ੁਰੂ
ਹੋਇਆ। ਨਾਰਥ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਦੀ ਬੰਦਰਗਾਹ ਉੱਤੇ ਸੰਨ 1898 ਵਿੱਚ ਪਿੰਡ
ਸੁਰ ਸਿੰਘ ਦਾ ਸਰਦਾਰ ਬਖਸ਼ੀਸ਼ ਸਿੰਘ ਢਿੱਲੋਂ ਪਹੁੰਚਣ ਵਾਲਾ ਪਹਿਲਾ ਪੰਜਾਬੀ ਮੰਨਿਆ ਜਾਂਦਾ
ਹੈ। ਇਸੇ ਹੀ ਸਮੇਂ ਸੰਨ 1897 ਵਿੱਚ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਸਿੱਖ, ਰਾਣੀ ਦੇ ਰਾਜ
ਦੇ ਜਸ਼ਨਾਂ ਨੂੰ ਮਨਾਉਣ ਦੇ ਸੰਬੰਧ ਵਿੱਚ ਵੈਨਕੂਵਰ ਪਹੁੰਚਦੇ ਹਨ। ਸੰਨ 1903-04 ਵਿੱਚ ਰੋਜੀ
ਰੋਟੀ ਕਮਾਉਣ ਦੇ ਸਿਲਸਿਲੇ ਵਿੱਚ ਪੰਜਾਬੀਆਂ ਦੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਆਉਣ ਦੀ ਟੋਹ
ਮਿਲਦੀ ਹੈ। ਪੰਜਾਬੀ ਕੈਨੇਡਾ ਦੀ ਧਰਤੀ ਵੱਲ ਰੁਖ ਕਰਨ ਤੋਂ ਪਹਿਲਾਂ ਅੰਗਰੇਜ਼ਾਂ ਦੀ ਫੌਜ
ਵਿੱਚ ਭਰਤੀ ਹੋਣ ਕਰਕੇ, ਇੰਗਲੈਂਡ, ਸਿੰਘਾਪੁਰ, ਹਾਂਗਕਾਂਗ, ਸੰਘਈ, ਚੀਨ, ਅਤੇ ਫਿਲਪਾਈਨ
ਆਦਿ ਮੁਲਕਾਂ ਵਿੱਚ ਰੋਜੀ ਰੋਟੀ ਕਮਾਉਣ ਲਈ ਪਹੁੰਚ ਚੁੱਕੇ ਸਨ। ਸੰਨ 1906 ਵਿੱਚ ਕੈਨੇਡਾ
ਪਹੁੰਚੇ ਭਾਈ ਅਰਜਨ ਸਿੰਘ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਗਏ ਸਨ। 22
ਜੁਲਾਈ 1906 ਨੂੰ ਮਕਾਨ ਕਿਰਾਏ ਉੱਪਰ ਲੈ ਕੇ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ। ਪਹਿਲੇ
ਗ੍ਰੰਥੀ ਭਾਈ ਅਰਜਨ ਸਿੰਘ ਬਣੇ ਅਤੇ ਪੂਰਨ ਤੌਰ ‘ਤੇ ਮਰਿਯਾਦਾ ਸ਼ੁਰੂ ਹੋਈ। ਕੈਨੇਡਾ ਦੀ ਧਰਤੀ
ਉੱਪਰ ਭਾਈਚਾਰੇ ਦੇ ਤੌਰ ‘ਤੇ ਸਾਂਝ ਅਤੇ ਸੰਗਠਨ ਦੀ ਇਹ ਪਹਿਲੀ ਸ਼ੁਰੂਆਤ ਸੀ। ਸੰਨ 1908
ਵਿੱਚ ਵੈਨਕੂਵਰ ਵਿੱਚ ਹੀ ਲਗਭਗ ਦਸ ਏਕੜ ਦੀ ਜਗ੍ਹਾ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ
ਕੀਤੀ। ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਕਰਨਾ, ਸੰਵਿਧਾਨ ਬਣਾ ਕੇ ਰਜਿਸਟਰ ਕਰਾਉਣਾ ਅਤੇ
ਗੁਰੂ ਨਾਨਕ ਮਾਈਨਿੰਗ ਕੰਪਨੀ ਅਤੇ ਟਰੱਸਟ ਕਾਇਮ ਕਰਨਾ ਆਦਿ ਅਜਿਹੇ ਪਲੇਠੇ ਸੰਗਠਿਤ ਯਤਨ ਸਨ
ਜਿਨ੍ਹਾਂ ਨੇ ਕੈਨੇਡਾ ਸਰਕਾਰ ਅੱਗੇ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ ਨੇ ਆਪਣੀ ਮੌਜੂਦਗੀ
ਨੂੰ ਭਰਪੂਰ ਤਰੀਕੇ ਨਾਲ ਦਰਜ ਕਰਾਇਆ। ਇਹਨਾਂ ਕੋਸ਼ਿਸ਼ਾਂ ਦਾ ਸਿਹਰਾ ਭਾਈ ਭਾਗ ਸਿੰਘ, ਭਾਈ
ਬਲਵੰਤ ਸਿੰਘ, ਭਾਈ ਮੇਵਾ ਸਿੰਘ, ਪ੍ਰੋ. ਤੇਜਾ ਸਿੰਘ, ਭਾਈ ਬਦਨ ਸਿੰਘ ਅਤੇ ਭਾਈ ਵਰਿਆਮ
ਸਿੰਘ ਅਤੇ ਹੋਰ ਕੁਝ ਮੋਢੀ ਸਿੱਖਾਂ ਦੇ ਸਿਰ ਬਝਦਾ ਹੈ ਜਿਹਨਾਂ ਦੀਆਂ ਕੋਸ਼ਿਸ਼ਾਂ ਅਤੇ
ਕੁਰਬਾਨੀਆਂ ਨਾਲ ਭਵਿੱਖ ਦੇ ਪਰਵਾਸੀਆਂ ਲਈ ਜ਼ਮੀਨ ਤਿਆਰ ਹੋਈ। ਵਿਕਟੋਰੀਆ, ਐਬਟਸਫੋਰਟ
(ਕੈਨੇਡਾ) ਸਟਾਕਟਨ (ਅਮਰੀਕਾ) ਵਿੱਚ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਗਈ ਜਿਹੜੇ ਸਾਊਥ
ਏਸ਼ੀਅਨਾਂ ਅਤੇ ਭਾਰਤੀਆਂ ਲਈ ਸੰਪਰਕ ਸੈਂਟਰ ਦਾ ਕੰਮ ਵੀ ਕਰਦੇ ਸਨ। ਇਥੇ ਭਾਰਤੀਆਂ ਨਾਲ
ਰੰਗ-ਨਸਲ ਭੇਦ ਦੇ ਵਿਤਕਰੇ, ਭਾਈਚਾਰੇ ਦੇ ਮਸਲੇ, ਕੰਮ ਅਤੇ ਰੁਜ਼ਗਾਰ ਸਬੰਧੀ ਅਤੇ ਪਰਵਾਸ ਨਾਲ
ਸੰਬੰਧਿਤ ਮਸਲੇ ਹਰ ਹਫਤੇ ਜੁੜੀ ਸੰਗਤ ਵਿੱਚ ਵਿਚਾਰੇ ਜਾਂਦੇ ਸਨ।
ਇਸੇ ਹੀ ਸਮੇਂ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਅਤੇ ਅਸਟੋਰੀਆ ਦੇ ਨੇੜੇ-ਤੇੜੇ ਦੇ ਸ਼ਹਿਰਾਂ
ਵਿੱਚ ਜਿਹੜੇ ਭਾਰਤੀ ਕਾਮੇ ਪਹੁੰਚ ਰਹੇ ਸਨ, ਉਨ੍ਹਾਂ ਦਾ ਸੰਪਰਕ ਵੈਨਕੂਵਰ ਨਾਲ ਬਣਿਆ ਹੋਇਆ
ਸੀ। ਸਾਨਫਰਾਂਸਿਸਕੋ ਦੇ ਨੇੜੇ-ਤੇੜੇ ਦੇ ਕਾਮਿਆਂ ਨੇ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ
ਨਾਂ ਦੀ ਜਥੇਬੰਦੀ ਬਣਾਈ ਜਿਹੜੀ ਬਾਅਦ ਵਿਚ ਸੰਨ 1913 ਵਿੱਚ ਗਦਰ ਪਾਰਟੀ ਦੇ ਰੂਪ ਵਿੱਚ
ਹਿੰਦੁਸਤਾਨ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਸੈਂਕੜੇ ਮਰਜੀਵੜੇ ਪੱਛਮ ਦੀ
ਆਜ਼ਾਦੀ ਨੂੰ ਵੇਖ ਕੇ ਦੇਸ਼ ਦੀ ਗੁਲਾਮੀ ਦੇ ਅਹਿਸਾਸ ਨੂੰ ਹੰਢਾਉਂਦੇ ਦੇਸ਼ ਨੂੰ ਆਜ਼ਾਦ ਕਰਾਉਣ
ਲਈ ਗਦਰ ਕਰਨ ਤੁਰ ਜਾਂਦੇ ਹਨ। ਗਦਰ ਲਹਿਰ ਦੇ ਕਾਰਕੁਨਾਂ ਦਾ ਸਭ ਤੋਂ ਪਹਿਲਾ ਸੰਪਰਕ
ਬ੍ਰਿਟਿਸ਼ ਕੋਲੰਬੀਆ ਵਿੱਚ ਵਸਦੇ ਭਾਰਤੀਆਂ ਵਿਸ਼ੇਸ਼ ਤੌਰ ‘ਤੇ ਖਾਲਸਾ ਦੀਵਾਨ ਸੁਸਾਇਟੀ ਦੇ
ਆਗੂਆਂ ਨਾਲ ਹੁੰਦਾ ਹੈ। ਜਿਸ ਨੇ ਪਿਛੋਂ ਜਾ ਕੇ ਕਾਮਾਗਾਟਾਮਾਰੂ ਕਾਂਡ ਵਿੱਚ ਇਤਿਹਾਸਕ
ਭੂਮਿਕਾ ਅਦਾ ਕੀਤੀ। ਖਾਲਸਾ ਦੀਵਾਨ ਸੁਸਾਇਟੀ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਵੀ ਸੀ।
ਗੁਰਦੁਆਰੇ ਤੋਂ ਹੀ ਕਾਮਾਗਾਟਾ ਮਾਰੂ ਜਹਾਜ ਦੇ ਮੁਸਾਫਰਾਂ ਦੀ ਮਦਦ ਦੀ ਲੜਾਈ ਲੜੀ ਗਈ। ਗਦਰ
ਲਹਿਰ ਦੀ ਰਾਜਨੀਤਕ ਸੋਚ ਅਤੇ ਸਾਹਿਤਕ ਸੂਝ ਨੇ ਨਾਰਥ ਅਮਰੀਕਾ ਵਸਦੇ ਸਿੱਖਾਂ, ਪੰਜਾਬੀਆਂ
ਅਤੇ ਹਿੰਦੁਸਤਾਨੀਆਂ ਦੀ ਦ੍ਰਿਸ਼ਟੀ ਉਪਰ ਡੂੰਘਾ ਪ੍ਰਭਾਵ ਪਾਇਆ।
ਕੈਨੇਡਾ ਵਿੱਚ ਔਰਤਾਂ ਦੇ ਪ੍ਰਵਾਸ ਦਾ ਇਤਿਹਾਸਕ ਪਰਿਪੇਖ :
ਕੈਨੇਡਾ ਵਿੱਚ ਪੰਜਾਬੀ ਔਰਤਾਂ ਦੇ ਪ੍ਰਵਾਸ ਦਾ ਇਤਿਹਾਸ ਸ੍ਰੀਮਤੀ ਬਿਸ਼ਨ ਕੌਰ ਦੇ ਵੈਨਕੂਵਰ
ਆਉਣ ਨਾਲ ਬਝਦਾ ਹੈ ਜੋ ਉਹ ਕੈਨੇਡਾ ਦੀ ਧਰਤੀ ਉੱਪਰ ਪਹੁੰਚਣ ਵਾਲੀ ਪਹਿਲੀ ਪੰਜਾਬੀ ਔਰਤ ਹੈ।
ਜੋ ਥੋੜ੍ਹੇ ਸਮੇਂ ਦੇ ਅਰਸੇ ਲਈ ਸੰਨ 1908 ਦੇ ਅਖੀਰ ਵਿੱਚ ਅਸਿੱਧੇ ਢੰਗ ਨਾਲ ਨਿਊਯਾਰਕ ਤੋਂ
ਕੈਨੇਡੀਅਨ ਪੈਸੇਫਿਕ ਰੇਲਵੇ ਰਾਹੀਂ ਸੁਮਾਸ ਜੰਕਸ਼ਨ ਦੇ ਰਸਤੇ ਵੈਨਕੂਵਰ ਆਪਣੇ ਬੱਚਿਆਂ ਨਾਲ
ਪਹੁੰਚੀ। ਸ੍ਰੀਮਤੀ ਬਿਸ਼ਨ ਕੌਰ ਪ੍ਰੋ. ਤੇਜਾ ਸਿੰਘ ਦੀ ਪਤਨੀ ਸੀ ਜੋ ਕੈਂਬਰਿਜ ਯੂਨੀਵਰਸਿਟੀ
ਲੰਡਨ ਪੜ੍ਹਨ ਤੋਂ ਬਾਅਦ ਸੰਨ 1908 ਵਿੱਚ ਟੀਚਰਜ ਕਾਲਜ, ਕੋਲੰਬੀਆ ਯੂਨੀਵਰਸਿਟੀ ਨਿਊਯਾਰਕ
ਦੇ ਸਮਰ ਸਕੂਲ ਦੇ ਗਰੈਜੂਏਟ ਕੋਰਸ ਵਿੱਚ ਦਾਖਲ ਹੋਇਆ। ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ
ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ. ਏ. ਕੀਤੀ ਅਤੇ ਖਾਲਸਾ ਕਾਲਜ
ਅੰਮ੍ਰਿਤਸਰ ਵੀ ਪੜ੍ਹਾਇਆ। ਕਾਨੂੰਨ ਦਾ ਇੰਟਰਮੀਡੀਏਟ ਵੀ ਪਾਸ ਕੀਤਾ। ਪ੍ਰੋ. ਤੇਜਾ ਸਿੰਘ ਦਾ
ਪੜ੍ਹੇ-ਲਿਖੇ ਹੋਣ ਦੇ ਨਾਲ ਅੰਗਰੇਜ਼ੀ ਦਾ ਚੰਗਾ ਬੁਲਾਰਾ ਹੋਣਾ ਵੀ ਵੈਨਕੂਵਰ ਦੀ ਸਿੱਖ
ਕਮਿਊਨਿਟੀ ਲਈ ਬੜਾ ਲਾਹੇਵੰਦ ਸਾਬਤ ਹੋਇਆ। ਪ੍ਰੋ. ਤੇਜਾ ਸਿੰਘ ਨੇ ਹੀ ਖਾਲਸਾ ਦੀਵਾਨ
ਸੁਸਾਇਟੀ ਦਾ ਸੰਵਿਧਾਨ ਲਿਖਿਆ ਤੇ ਰਜਿਸਟਰ ਕਰਾਇਆ। ਪ੍ਰੋ. ਤੇਜਾ ਸਿੰਘ ਸੰਨ 1908 ਦੀਆਂ
ਗਰਮੀਆਂ ਵਿਚ ਪਹਿਲੀ ਵਾਰ ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਨੂੰ ਆ ਕੇ ਵੈਨਕੂਵਰ
ਮਿਲਦਾ ਹੈ। ਦੂਜੀ ਫੇਰੀ ਤੋਂ ਥੋੜ੍ਹੀ ਦੇਰ ਬਾਅਦ ਬਿਸ਼ਨ ਕੌਰ ਵੀ ਪਹੁੰਚ ਜਾਂਦੀ ਹੈ। ਇਹ ਉਹੀ
ਸਮਾਂ ਹੈ ਜਦੋਂ ਕੈਨੇਡਾ ਦੀ ਹਕੂਮਤ ਵੱਲੋਂ ਹਿੰਦੀਆਂ ਨੂੰ ਹਾਂਡੂਰਸ ਭੇਜਣ ਦੀ ਸਕੀਮ ਘੜੀ ਜਾ
ਰਹੀ ਸੀ। ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹਿੰਦੁਸਤਾਨੀਆਂ ਨੇ ਪਰਵਾਸ ਦੇ ਮਸਲੇ ਨੂੰ
ਲੈ ਕੇ ਯੋਜਨਾਬੱਧ ਤਰੀਕੇ ਨਾਲ ਭਾਰਤੀਆਂ, ਵਿਸ਼ੇਸ਼ ਕਰਕੇ ਸਿੱਖਾਂ-ਪੰਜਾਬੀਆਂ ਨੇ ਆਪਣੇ
ਕੈਨੇਡਾ ਰਹਿਣ ਦੇ ਹੱਕ ਨੂੰ ਕਾਇਮ ਰੱਖਦੇ ਹੋਏ, ਕੈਨੇਡਾ ਸਰਕਾਰ ਦੀ ਹਾਂਡੂਰਸ ਭੇਜਣ ਦੀ
ਸਾਜਿਸ਼ ਦਾ ਵਿਰੋਧ ਕੀਤਾ। ਇਸ ਕਰਕੇ ਬਾਅਦ ਵਿਚ ਜਦੋਂ ਉਹਨਾਂ ਨੇ ਪਰਿਵਾਰਾਂ ਨੂੰ ਮੰਗਵਾਉਣ
ਦੀ ਮੰਗ ਰੱਖੀ ਤਾਂ ਕੈਨੇਡਾ ਸਰਕਰਾ ਨੇ ਉਸ ਨੂੰ ਨਾ ਮਨਜ਼ੂਰ ਕੀਤਾ। ਉਹਨਾਂ ਨੇ ਕੈਨੇਡਾ
ਸਰਕਾਰ ਦੀ ਇਸ ਸਾਜਿਸ਼ ਨੂੰ ਵੀ ਨਾਕਾਰ ਦਿੱਤਾ ਕਿ ਸਿੱਖਾਂ ਕੋਲ ਇਥੇ ਕੋਈ ਕੰਮ ਨਹੀਂ, ਪੈਸਾ
ਨਹੀਂ ਅਤੇ ਰੋਟੀ ਲਈ ਆਤਰ ਹਨ। ਜਦੋਂ ਕਿ ਉਦੋਂ ਤੱਕ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ
ਸਥਾਪਨਾ ਲਈ ਜ਼ਮੀਨ ਖਰੀਦ ਲਈ ਸੀ। ਹਾਂਡੂਰਸ ਦੇ ਮਸਲੇ ਬਾਰੇ ਭਾਈਚਾਰੇ ਦੀ ਗੁਰਦੁਆਰੇ ਇਕੱਠੀ
ਹੋਈ ਸੰਗਤ ਵਿੱਚ ਬਿਸ਼ਨ ਕੌਰ ਵੀ ਹਾਜ਼ਰ ਸੀ। ਜਿਥੇ ਕਮਿਸ਼ਨਰ ਵੈਨਕੂਵਰ ਨੇ ਹਾਂਡੂਰਸ ਬਾਰੇ
ਆਪਣੀ ਅਖੌਤੀ ਰਿਪੋਰਟ ਸੁਣਾਉਣੀ ਸੀ ਪਰ ਉਹ ਗੁਰੂ ਗ੍ਰੰਥ ਸਾਹਿਬ ਵਾਲੇ ਪ੍ਰਕਾਸ਼ ਦਰਬਾਰ ਹਾਲ
ਤੋਂ ਨੀਚੇ ਵਾਲੇ ਹਾਲ ਵਿੱਚ ਸੰਗਤ ਨੂੰ ਬੁਲਾ ਕੇ ਆਪਣੀ ਰਿਪੋਰਟ ਸੁਣਾਉਣੀ ਚਾਹੁੰਦਾ ਸੀ। ਇਸ
ਬਾਰੇ ਪ੍ਰੋ. ਤੇਜਾ ਸਿੰਘ ਨੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਦੀ ਲਿਖੀ ਜੀਵਨੀ ਦੇ ਪੰਨਾ
ਨੰਬਰ 75-76 ਉਪਰ ਜ਼ਿਕਰ ਕੀਤਾ ਹੈ। ‘‘...ਪਰ ਸਾਧ ਸੰਗਤ ਵਿਚੋਂ ਦਾਸ ਦੀ ਸੁਪਤਨੀ (ਪ੍ਰੋ.
ਤੇਜਾ ਸਿੰਘ ਦੀ) ਉਠ ਖਲੋਤੀ। ਉਸ ਨੇ ਬੜੇ ਜੋਸ਼ ਨਾਲ ਆਖ ਸੁਣਾਇਆ ਕਿ ‘ਵੀਰੋ ਗੁਰੂ ਨਾਨਕ
ਸਾਹਿਬ ਦਾ ਹੁਕਮ ਐ, ਸ਼ਬਦ ਦੀ ਨਿਰਾਦਰੀ ਨਹੀਂ ਹੋਣ ਦੇਣੀ। ਇਹ ਇੱਕ ਗੱਲ ਭੈਣ ਦੇ ਮੂੰਹੋਂ
ਨਿਕਲਣ ਦੀ ਦੇਰ ਸੀ ਕਿ ਖਾਲਸਾ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾ ਦਿੱਤਾ। ਜੈਕਾਰਾ ਸੁਣ
ਕੇ ਕਮਿਸ਼ਨਰ ਦੀ ਖਾਨਿਓ ਗਈ ਤੇ ਹਰਨ ਹੋ ਗਿਆ।‘‘ ਇਸ ਪੰਨੇ ਉੱਪਰ ਹੀ ਪ੍ਰੋ. ਤੇਜਾ ਸਿੰਘ,
ਭਾਈ ਭਾਗ ਸਿੰਘ, ਮਾਤਾ ਬਿਸ਼ਨ ਕੌਰ, ਬੱਚੇ ਹਰੀ ਸਿੰਘ ਅਤੇ ਮੁਕੰਦ ਸਿੰਘ ਸਮੇਤ ਪੰਜ ਹੋਰ
ਸਿੰਘਾਂ ਦੀ ਤਸਵੀਰ ਹੈ ਜੋ 1909 ਵਿੱਚ ਵੈਨਕੂਵਰ ਵਿੱਚ ਖਿਚਣ ਦਾ ਵੇਰਵਾ ਦਰਜ ਹੈ।
ਜੁਲਾਈ 1911 ਵਿੱਚ ਭਾਈ ਹੀਰਾ ਸਿੰਘ ਆਪਣੀ ਪਤਨੀ ਅਤੇ ਤਿੰਨ ਸਾਲ ਦੀ ਬੱਚੀ ਨੂੰ ਲੈਣ ਲਈ
ਪੰਜਾਬ ਜਾਂਦਾ ਹੈ। ਉਸਨੂੰ ਵਾਪਸੀ ਉਪਰ ਪਤਨੀ ਤੇ ਬੱਚੀ ਸਮੇਤ ਡੈਕ ਉਪਰ ਹੀ ਗ੍ਰਿਫਤਾਰ ਕਰ
ਲਿਆ ਜਾਂਦਾ ਹੈ। ਭਾਈ ਭਾਗ ਸਿੰਘ, ਬਲਵੰਤ ਸਿੰਘ ਅਟਵਾਲ, ਹਾਕਮ ਸਿੰਘ ਹੁੰਦਲ ਆਵਾਸ ਦੇ ਹੱਕ
ਨੂੰ ਧਿਆਨ ਵਿੱਚ ਰੱਖਦੇ ਹੋਏ ਸੁਚੇਤ ਤੌਰ ‘ਤੇ ਆਪਣੇ ਪਰਿਵਾਰਾਂ ਨੂੰ ਲੈਣ ਲਈ 1910 ਦੇ
ਵਿੱਚ ਹਿੰਦੁਸਤਾਨ ਜਾਂਦੇ ਹਨ। ਉਧਰ ਕੈਨੇਡਾ ਸਰਕਾਰ 1908 ਵਿਚ ਅਤੇ ਅਮਰੀਕਾ ਸਰਕਾਰ ਨੇ
1910 ਵਿੱਚ ਏਸ਼ੀਅਨਾਂ ਅਤੇ ਖਾਸ ਕਰਕੇ ਭਾਰਤੀਆਂ ਦੇ ਦਾਖਲੇ ਉੱਪਰ ਪਾਬੰਦੀ ਲਾ ਦਿੱਤੀ।
ਸਿੱਖਾਂ ਨੇ ਅੰਗਰੇਜ਼ ਹਕੂਮਤ ਵੱਲੋਂ ਫੌਜੀ ਨੌਕਰੀ ਸਮੇਂ ਦਿੱਤੇ ਮੈਡਲ ਲਾਹ ਕੇ ਸੁੱਟ ਦਿੱਤੇ।
ਮੀਡੀਆ ਨੇ ਮਾਮਲਾ ਉਠਾਇਆ। ਸਿੱਖ ਭਾਈਚਾਰੇ ਨੇ ਮੋਢੀ ਸਿੱਖਾਂ ਦਾ ਪ੍ਰਤੀਨਿਧ ਮੰਡਲ ਓਟਾਵਾ
ਕੈਨੇਡਾ ਦੀ ਫੈਡਰਲ ਸਰਕਾਰ ਨਾਲ ਗੱਲਬਾਤ ਕਰਨ ਲਈ ਭੇਜਿਆ ਜਿਸ ਨੇ ਪਰਿਵਾਰਾਂ, ਖਾਸ ਕਰਕੇ
ਪਤਨੀ ਤੇ ਬੱਚਿਆਂ ਨੂੰ ਮੰਗਵਾਉਣ ਦਾ ਹੱਕ ਦੇਣ ਲਈ ਗੱਲਬਾਤ ਕੀਤੀ। ਇਹ ਮੀਟਿੰਗ ਦਸੰਬਰ 1911
ਵਿੱਚ ਇਨਟੀਰੀਅਰ ਮਨਿਸਟਰ ਮਿਸਟਰ ਰਾਬਰਟ ਰੋਜ਼ਰ ਨਾਲ ਹੋਈ। ਜਿਸ ਨੇ ਮੂੰਹ ਜਬਾਨੀ ਪਰਿਵਾਰਾਂ
ਦੇ ਕੈਨੇਡਾ ਆਉਣ ਦੇ ਹੱਕ ਨੂੰ ਸਵੀਕਾਰ ਕੀਤਾ। ਜਦੋਂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ
ਅਤੇ ਹਾਕਮ ਸਿੰਘ ਆਪਣੇ ਪਰਿਵਾਰਾਂ ਨੂੰ ਲੈ ਕੇ ਹਿੰਦੁਸਤਾਨ ਤੋਂ ਹਾਂਗਕਾਂਗ ਪਹੁੰਚੇ ਤਾਂ
ਉਨ੍ਹਾਂ ਨੂੰ ਜਹਾਜ਼ਾਂ ਦੀ ਕਿਸੇ ਕੰਪਨੀ ਨੇ ਕੈਨੇਡਾ ਆਉਣ ਦੀ ਟਿਕਟ ਨਾ ਦਿੱਤੀ। ਪਰ ਭਾਈ ਭਾਗ
ਸਿੰਘ ਤੇ ਭਾਈ ਬਲਵੰਤ ਸਿੰਘ ਪਰਿਵਾਰਾਂ ਸਮੇਤ ਸਾਨਫਰਾਂਸਿਸਕੋ ਦੀਆਂ ਟਿਕਟਾਂ ਲੈਣ ਵਿੱਚ
ਕਾਮਯਾਬ ਹੋ ਗਏ। ਉਨ੍ਹਾਂ ਨੂੰ ਸਾਨਫਰਾਂਸਿਸਕੋ ਦੀ ਬੰਦਰਗਾਹ ਉਪਰ ਉਤਰਨ ਨਾ ਦਿੱਤਾ ਅਤੇ
ਵਾਪਸ ਹਾਂਗਕਾਂਗ ਮੁੜਨਾ ਪਿਆ। ਅੰਤਾਂ ਦੀ ਖੱਜਲ-ਖੁਆਰੀ ਤੋਂ ਬਾਅਦ ਮਾਤਾ ਹਰਨਾਮ ਕੌਰ ਪਤਨੀ
ਭਾਈ ਭਾਗ ਸਿੰਘ ਅਤੇ ਮਾਤਾ ਕਰਤਾਰ ਕੌਰ ਪਤਨੀ ਭਾਈ ਬਲਵੰਤ ਸਿੰਘ ਅਟਵਾਲ ਬੱਚਿਆਂ ਸਮੇਤ
ਹਾਂਗਕਾਂਗ ਤੋਂ ਕੈਨੇਡਾ ਲਈ ਸਮੁੰਦਰੀ ਜਹਾਜ਼ ਵਿੱਚ ਚੜ੍ਹਨ ਵਿੱਚ ਕਾਮਯਾਬ ਹੋ ਗਈਆਂ। ਉਹ 21
ਜਨਵਰੀ 1912 ਨੂੰ ਵੈਨਕੂਵਰ ਦੀ ਬੰਦਰਗਾਹ ਉੱਤੇ ਪਹੁੰਚੀਆਂ ਅਤੇ ਸਰਕਾਰ ਨੇ ਉਨ੍ਹਾਂ ਨੂੰ
ਉਸੇ ਸਮੇਂ ਹਿਰਾਸਤ ਵਿੱਚ ਲੈ ਲਿਆ। ਫਿਰ ਕੈਨੇਡੀਅਨ ਸਰਕਾਰ ਨੂੰ ਅਪੀਲਾਂ ਕੀਤੀਆਂ ਗਈਆਂ।
ਕੋਰਟ ਵਿੱਚ ਭਾਈਚਾਰੇ ਨੇ ਹਜ਼ਾਰਾਂ ਡਾਲਰ ਖਰਚ ਕੇ ਕੇਸ ਲੜਿਆ। ਸਰਕਾਰ ਨੂੰ ਜ਼ਮਾਨਤ ਦੀ ਫੀਸ
ਭਰਨ ਤੋਂ ਬਾਅਦ ਦੋਨਾਂ ਔਰਤਾਂ ਅਤੇ ਬੱਚਿਆਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ। ਕੈਨੇਡਾ
ਸਰਕਾਰ ਸਿੱਖ ਔਰਤਾਂ ਦੇ ਕੈਨੇਡਾ ਰਹਿਣ ਦਾ ਕੋਈ ਕਾਨੂੰਨੀ ਅਧਾਰ ਸਥਾਪਿਤ ਨਹੀਂ ਕਰਨਾ
ਚਾਹੁੰਦੀ ਸੀ ਇਸ ਵਾਰ ਵੀ ਕੋਰਟ ਨੇ ‘ਐਨ ਐਕਟ ਆਫ ਗਰੇਸ‘ ਅਧੀਨ ਤਿੰਨਾਂ ਪਰਿਵਾਰਾਂ ਦੀਆਂ
ਔਰਤਾਂ ਨੂੰ ਕੈਨੇਡਾ ਰਹਿਣ ਦੀ ਇਜਾਜ਼ਤ ਦਿੱਤੀ। ਇੰਨਟੀਰੀਅਰ ਮਨਿਸਟਰ ਰਾਬਰਟ ਰੋਜ਼ਰ ਨੇ ਹਰਨਾਮ
ਕੌਰ ਅਤੇ ਉਸ ਦੇ ਬੇਟੇ ਜੋ ਹਾਂਗਕਾਂਗ ਵਿੱਚ ਪੈਦਾ ਹੋਇਆ, ਕਰਤਾਰ ਕੌਰ ਅਤੇ ਉਸ ਦੀਆਂ ਦੋ
ਬੇਟੀਆਂ ਨੂੰ ਜੂਨ 1912 ਵਿੱਚ, ਹੀਰਾ ਸਿੰਘ ਦੀ ਪਤਨੀ ਤੇ ਉਸ ਦੀ ਬੇਟੀ ਨੂੰ ਜੁਲਾਈ 1912
ਵਿਚ ਰਹਿਣ ਦੀ ਇਜਾਜ਼ਤ ਦਿੱਤੀ। ਹਾਕਮ ਸਿੰਘ ਹੁੰਦਲ ਦੀ ਵਿਧਵਾ ਮਾਂ, ਸ੍ਰੀ ਮਤੀ ਬਿਸ਼ਨ ਕੌਰ
ਆਪਣੇ ਚਾਰ ਪੋਤਰਿਆਂ ਨਾਲ ਦੋ ਸਾਲ ਹਾਂਗਕਾਂਗ ਦੇ ਗੁਰਦੁਵਾਰੇ ਵਿੱਚ ਲੰਮੀ ਉਡੀਕ ਤੋਂ ਬਾਅਦ
ਜੁਲਾਈ 1913 ਵਿਚ ਕੈਨੇਡਾ ਪਹੁੰਚੀ। ਇਹਨਾਂ ਕੇਸਾਂ ਨੂੰ ਲੜਨ ਲਈ ਉਦੇ ਰਾਮ ਜੋਸ਼ੀ ਦੀ ਪਤਨੀ
ਦਾ ਕੇਸ ਬਹੁਤ ਮਦਦਗਾਰ ਸਾਬਿਤ ਹੋਇਆ ਜਿਸ ਨੂੰ ਸੰਨ 1910 ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ
ਸੀ। ਕੋਰਟ ਨੇ ਇਹਨਾਂ ਕੇਸ਼ਾ ਸੰਬੰਧੀ ਸਪੱਸ਼ਟ ਕਿਹਾ ਕਿ ਇਹ ਕੇਸ ਹੋਰਨਾਂ ਪਰਿਵਾਰਾਂ ਦੇ
ਕੈਨੇਡਾ ਪਰਵਾਸ ਲਈ ਅਧਾਰ ਨਹੀਂ ਬਣਨਗੇ। ਭਾਰਤੀ ਪਰਿਵਾਰਾਂ ਨਾਲ ਹੀ ਅਜਿਹਾ ਵਤੀਰਾਂ ਅਪਣਾਇਆ
ਗਿਆ ਸੀ ਜਦੋਂ ਕਿ ਯੋਰਪੀਨ ਅਤੇ ਜਪਾਨੀ ਪਰਿਵਾਰਾਂ ਨੂੰ ਰਹਿਣ ਦੀ ਖੁਲ੍ਹ ਸੀ।
28 ਅਗਸਤ 1912 ਨੂੰ ਸ੍ਰੀਮਤੀ ਕਰਤਾਰ ਕੌਰ ਨੇ ਬੇਟੇ ਹਰਦਿਆਲ ਸਿੰਘ ਨੂੰ ਜਨਮ ਦਿੱਤਾ ਜੋ
ਕੈਨੇਡਾ ਦੀ ਧਰਤੀ ਉੱਪਰ ਪੈਦਾ ਹੋਣ ਵਾਲਾ ਪਹਿਲਾ ਸਿੱਖ ਪੰਜਾਬੀ ਬੱਚਾ ਸੀ। ਸ੍ਰੀਮਤੀ ਹਰਨਾਮ
ਕੌਰ ਦੀ ਮੌਤ 30 ਜਨਵਰੀ 1914 ਨੂੰ ਹੋ ਗਈ ਜਦੋਂ ਉਸ ਸਮੇਂ ਉਸ ਦੀ ਬੱਚੀ ਸਿਰਫ ਨੌਂ ਦਿਨ ਦੀ
ਸੀ। ਉਸੇ ਹੀ ਸਾਲ ਭਾਈ ਭਾਗ ਸਿੰਘ ਨੂੰ ਬੇਲਾ ਸਿੰਘ ਨੇ ਹਾਪਕਿਨਸਨ ਦੀ ਸਹਿ ਉਤੇ ਗੁਰਦੁਵਾਰਾ
ਸਾਹਿਬ ਦੇ ਅੰਦਰ ਹੀ ਗੋਲੀ ਮਾਰ ਦਿੱਤੀ। ਇਹ ਸਭ ਕੁਝ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਦੇ
ਪੱਕੇ ਤੌਰ ‘ਤੇ ਰਹਿਣ ਨੂੰ ਰੋਕਣ ਲਈ ਹੀ ਕਰਵਾਇਆ ਜਾ ਰਿਹਾ ਸੀ। ਕਿਉਂਕਿ ਗੁਰਦੁਵਾਰਾ ਸਾਹਿਬ
ਦੀ ਸਥਾਪਤੀ ਨਾਲ ਸਰਕਾਰ ਚੌਕੰਨੀ ਹੋ ਗਈ ਸੀ। ਸੰਨ 1909 ਵਿੱਚ ਵੈਨਕੂਵਰ ਵਿਖੇ ਸ੍ਰੀ ਗਿਆਨ
ਸਿੰਘ ਨੇ ਕੈਨੇਡੀਅਨ ਐਨੀ ਰਾਈਟ ਨਾਲ ਸਿੱਖ ਮਰਿਯਾਦਾ ਅਨੁਸਾਰ ਵਿਆਹ ਕਰਵਾਇਆ। ਇਹ ਕੈਨੇਡਾ
ਦੀ ਧਰਤੀ ਉੱਤੇ ਸਿੱਖ ਰੀਤਾਂ ਨਾਲ ਹੋਣ ਵਾਲਾ ਪਹਿਲਾ ਵਿਆਹ ਸੀ। ਐਨੀ ਰਾਈਟ ਨੇ ਪਹਿਲਾ
ਅੰਮ੍ਰਿਤ ਛੱਕ ਕੇ ਸਿੱਖ ਧਰਮ ਗ੍ਰਹਿਣ ਕੀਤਾ ਅਤੇ ਐਨੀ ਰਾਈਟ ਤੋਂ ਐਨੀ ਸਿੰਘ ਫਿਰ ਲਾਭ ਕੌਰ
ਨਾਂ ਰੱਖ ਲਿਆ। ਪਹਿਲੇ ਚਾਰ-ਪੰਜ ਸਾਲ ਭਾਗ ਸਿੰਘ ਅਤੇ ਹਰਨਾਮ ਕੌਰ ਦੀ ਬੇਟੀ ਦੀ ਪਰਵਰਿਸ਼
ਐਨੀ ਰਾਈਟ ਉਰਫ ਲਾਭ ਕੌਰ ਨੇ ਹੀ ਕੀਤੀ ਜਿਸ ਨੇ ਪ੍ਰੋ. ਤੇਜਾ ਸਿੰਘ ਦੇ ਸਿੱਖੀ ਦੇ ਪ੍ਰਚਾਰ
ਲਈ ਦਿੱਤੇ ਲੈਕਚਰਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਗ੍ਰਹਿਣ ਕੀਤਾ ਸੀ। ਪ੍ਰੋ. ਤੇਜਾ
ਸਿੰਘ ਦੇ ਭਾਸ਼ਨਾਂ ਨੇ ਕੈਨੇਡੀਅਨ ਮੂਲ ਦੇ ਲੋਕਾਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਅਸਲ ਵਿਚ
ਕੈਨੇਡਾ ਵਿੱਚ ਭਾਰਤੀਆਂ ਦੇ ਪਰਵਾਸ ਦੇ ਮਸਲੇ ਦੀ ਅਗਵਾਈ ਲਈ ਮੁੱਖ ਜੱਦੋ-ਜਹਿਦ ਪੰਜਾਬੀਆਂ
ਨੇ, ਵਿਸ਼ੇਸ਼ ਕਰਕੇ ਸਿੱਖਾਂ ਨੇ ਹੀ ਕੀਤੀ। ਸੰਨ 1904 ਤੋਂ ਸੰਨ 1920 ਤੱਕ ਨੌ ਭਾਰਤੀ ਔਰਤਾਂ
ਹੀ ਕੈਨੇਡਾ ਪਰਵਾਸ ਕਰ ਸਕੀਆਂ ਸਨ। ਕੈਨੇਡਾ ਸਰਕਾਰ ਦੀ ਮਰਦਮ ਸ਼ੁਮਾਰੀ ਸੰਨ 1911 ਮੁਤਾਬਿਕ
ਲਗਭਗ 5000 ਭਾਰਤੀਆਂ/ ਸਾਊਥ ਏਸ਼ੀਅਨ ਵਿਚੋਂ ਉਸ ਸਮੇਂ ਕੈਨੇਡਾ ਵਿੱਚ ਰਹਿ ਰਹੇ 80ਗ਼ ਸਿੱਖ
ਪੰਜਾਬੀ ਸਨ। ਜਦੋਂ ਕਿ ਔਰਤਾਂ ਦੀ ਗਿਣਤੀ ਨਾ ਦੇ ਬਰਾਬਰ ਸੀ। ਸੰਨ 1910 ਤੋਂ ਬਾਅਦ ਕੈਨੇਡਾ
ਸਰਕਾਰ ਨੇ ਭਾਰਤੀਆਂ ਦੇ ਦਾਖਲੇ ਲਈ ਸਖ਼ਤ ਕਾਨੂੰਨ ਬਣਾ ਦਿੱਤੇ ਜਿਸ ਵਿੱਚ ਭਾਰਤ ਤੋਂ ਸਿੱਧੇ
ਸਮੁੰਦਰੀ ਜਹਾਜ਼ ਉਪਰ ਆਉਣ ਦਾ ਕਾਨੂੰਨ ਵੀ ਸੀ ਜਿਸ ਕਰਕੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਸੰਨ
1914 ਵਿੱਚ ‘ਕਾਮਾਗਾਟਾ ਮਾਰੂ ਜਹਾਜ਼‘ ਲੈ ਕੇ ਕੈਨੇਡਾ ਦੀ ਬੰਦਰਗਾਹ ਵੈਨਕੂਵਰ ਪਹੁੰਚਿਆ ਅਤੇ
ਕੈਨੇਡਾ ਸਰਕਾਰ ਨੇ ਯਾਤਰੂਆਂ ਨੂੰ ਧਰਤੀ ਉੱਤੇ ਉਤਰਨ ਨਾ ਦਿੱਤਾ। ਸੰਨ 1920 ਤੋਂ 1960 ਤੱਕ
ਪਰਵਾਸ ਦਾ ਸਿਲਸਿਲਾ ਲਗਭਗ ਬੰਦ ਵਰਗਾ ਹੀ ਰਿਹਾ। ਸੰਨ 1960 ਵਿੱਚ ਆਵਾਸ ਕਾਨੂੰਨ ਨਰਮ ਕਰਨ
ਤੋਂ ਬਾਅਦ ਪੜ੍ਹੀ ਮੱਧ ਸ਼੍ਰੇਣੀ ਨੇ ਚੰਗੇ ਰੁਜ਼ਗਾਰ ਦੀ ਤਲਾਸ਼ ਵਿੱਚ ਕੈਨੇਡਾ ਦੀ ਧਰਤੀ ਵੱਲ
ਮੁੜ ਰੁਖ ਕਰਨਾ ਸ਼ੁਰੂ ਕੀਤਾ। ਕਵਿਤਰੀ ਸੁਰਿੰਦਰ ਕੌਰ ਚਾਹਲ ਸੰਨ 1968 ਵਿੱਚ ਪਹਿਲਾਂ
ਵੈਨਕੂਵਰ ਅਤੇ ਫਿਰ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਲੰਡਨ ਵਿੱਚ ਆ ਡੇਰਾ ਲਾਉਾਂਦੀþ।
ਸ੍ਰੀਮਤੀ ਸੁਰਜੀਤ ਕਲਸੀ ਸੰਨ 1974 ਵਿਚ ਵੈਨਕੂਵਰ ਅਤੇ ਮਿੰਨੀ ਗਰੇਵਾਲ ਵੀ ਏਸੇ ਸਮੇਂ
ਟੋਰਾਂਟੋ ਵਿਖੇ ਪਹੁੰਚਦੀਆਂ ਹੈ। ਇਸ ਤਰ੍ਹਾਂ ਬਲਵੀਰ ਸੰਘੇੜਾ ਪਹਿਲਾਂ ਇੰਗਲੈਂਡ ਫਿਰ
1980ਵਿਆਂ ਵਿੱਚ ਕੈਨੇਡਾ ਦੇ ਸ਼ਹਿਰ ਟੋਰਾਂਟੋ ਆ ਕੇ ਆਵਾਸ ਕਰਦੀ ਹੈ। ਪੰਜਾਬੀ ਔਰਤਾਂ ਦੇ
ਕੈਨੇਡਾ ਵਿੱਚ ਪਰਵਾਸ ਦਾ ਇਤਿਹਾਸ ਇੱਕ ਵੱਖਰੇ ਖੋਜ-ਪੱਤਰ ਦਾ ਵਿਸ਼ਾ ਹੈ। ਇਥੇ ਤਾਂ ਅਸੀਂ
ਉਹਨਾਂ ਪਹਿਲੀਆਂ ਇਤਿਹਾਸਕ ਪ੍ਰਸਥਿਤੀਆਂ ਦਾ ਸੰਖੇਪ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚ ਪੰਜਾਬੀ
ਔਰਤਾਂ ਕੈਨੇਡਾ ਦੀ ਧਰਤੀ ਉੱਪਰ ਆ ਕੇ ਵਸਦੀਆਂ ਹਨ। ਪਹਿਲੀਆਂ ਔਰਤਾਂ ਦੀ ਸਾਹਸ ਭਰੀ ਸਾਰਥਿਕ
ਭੂਮਿਕਾ ਨੇ ਹੀ ਕੈਨੇਡਾ ਦੀ ਧਰਤੀ ‘ਤੇ ਆਉਣ ਵਾਲੀਆਂ ਔਰਤਾਂ ਲਈ ਰਾਹ ਸੁਖਾਲੇ ਕੀਤੇ।
ਕੈਨੇਡਾ ਵਿੱਚ ਪੰਜਾਬੀਆਂ ਦਾ ਪਰਵਾਸ ਅਤੇ ਸਾਹਿਤ ਸਰੋਕਾਰ
ਕੈਨੇਡਾ ਵੱਲ ਪਰਵਾਸ ਦਾ ਰੁਝਾਨ 1970 ਅਤੇ 1980 ਵਿੱਚ ਆ ਕੇ ਤੇਜ਼ ਹੁੰਦਾ ਹੈ। ਇਹ ਉਹੀ
ਸਮਾਂ ਹੈ ਜਦੋਂ ਮੱਧ ਸ਼੍ਰੇਣੀ ਦਾ ਹਿੰਦੁਸਤਾਨ ਦੀ ਆਈ ਆਜ਼ਾਦੀ ਤੋਂ ਮੋਹ ਭੰਗ ਹੋ ਰਿਹਾ ਸੀ
ਅਤੇ ਭਾਰਤੀ ਅਰਥ ਵਿਵਸਥਾ ਖੜੋਤ ਦੀ ਅਵਸਥਾ ਵੱਲ ਵਧ ਰਹੀ ਸੀ। ਸੰਨ 1980 ਤੋਂ ਬਾਅਦ ਪੰਜਾਬ
ਦੇ ਅਣ-ਸੁਖਾਵੇਂ ਹਾਲਾਤਾਂ ਨੇ ਵੀ ਪੰਜਾਬੀਆਂ ਦਾ ਰੁਖ ਵਿਦੇਸ਼ਾਂ ਦੀ ਧਰਤੀ ਵੱਲ ਖਾਸ ਕਰਕੇ
ਕੈਨੇਡਾ ਵੱਲ ਤੇਜ ਕੀਤਾ। 20ਵੀਂ ਸਦੀ ਦੇ ਆਖਰੀ ਦਹਾਕੇ ਅਤੇ 21ਵੀਂ ਸਦੀ ਦੇ ਪਹਿਲੇ ਦਹਾਕੇ
ਤੋਂ ਪਰਵਾਸ ਕਰਨ ਦੀ ਦ੍ਰਿਸ਼ਟੀ ਹੀ ਬਦਲ ਗਈ ਹੈ। ਸੰਚਾਰ ਸਾਧਨਾਂ ਨੇ ਭੂਗੋਲਿਕ ਦੂਰੀ ਦੇ
ਹੇਰਵੇਂ ਨੂੰ ਘੱਟ ਕਰ ਦਿੱਤਾ ਹੈ। ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਹਿੰਦੁਸਤਾਨ ਅਤੇ
ਹੋਰ ਸਾਊਥ ਏਸ਼ੀਅਨ ਦੇਸ਼ ਵੀ ਗਲੋਬਲੀ ਵਰਤਾਰੇ ਦਾ ਤੇਜ਼ੀ ਨਾਲ ਹਿੱਸਾ ਬਣਨ ਲਗਦੇ ਹਨ। ਵਿਕਸਿਤ
ਦੇਸ਼ ਆਪਣੀ ਮੰਡੀ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਹਿੰਦੁਸਤਾਨ ਨੂੰ ਜਨਸੰਖਿਆ ਦੀ
ਬਹੁਲਤਾ ਕਰਕੇ ਵੱਡੀ ਮੰਡੀ ਵਜੋਂ ਵੇਖਦੇ ਹਨ। ਇਸੇ ਦੌਰ ਵਿੱਚ ਹਿੰਦੁਸਤਾਨ ਵਿੱਚ ਪੂੰਜੀਵਾਦ
ਦਾ ਵਰਤਾਰਾ ਹੋਰ ਤੇਜ਼ ਹੁੰਦਾ ਹੈ। ਉਦਯੋਗੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੇ ਨਵੇਂ ਰੂਪ
ਨੂੰ ਗਲੋਬਲੀ ਵਰਤਾਰੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਸਮੇਂ ਹਿੰਦੁਸਤਾਨ ਘੱਟ ਵਿਕਸਿਤ
ਮੁਲਕ ਤੋਂ ਵਿਕਾਸ ਕਰ ਰਹੇ ਦੇਸ਼ਾਂ ਦੀ ਕਤਾਰ ਵਿੱਚ ਆ ਖੜ੍ਹਾ ਹੁੰਦਾ ਹੈ। ਹਿੰਦੁਸਤਾਨ ਦੀ
ਮੱਧ ਸ਼੍ਰੇਣੀ ਹੋਰ ਸੁੱਖ ਸਹੂਲਤਾਂ ਨੂੰ ਮਾਨਣ ਅਤੇ ਹਿੰਦੁਸਤਾਨ ਦੇ ਸਿਸਟਮ ਦੇ ਨਿਘਾਰ ਕਾਰਣ
ਵੀ ਪਰਵਾਸ ਕਰਦੀ ਹੈ। 21ਵੀਂ ਸਦੀ ਵਿੱਚ ਪਰਵਾਸ ਦਾ ਮੁਹਾਂਦਰਾ ਵੱਖਰੇ ਰੂਪ ਵਿੱਚ ਸਾਹਮਣੇ
ਆਉਾਂਦਾþ। ਜਿਹੜਾ ਖਪਤ ਸੱਭਿਆਚਾਰ ਦੀਆਂ ਪੈਦਾ ਕੀਤੀਆਂ ਲਾਲਸਾਵਾਂ, ਹਿੰਦੁਸਤਾਨ ਦੇ ਭ੍ਰਿਸ਼ਟ
ਤੰਤਰ ਅਤੇ ਪ੍ਰਬੰਧਕੀ ਢਾਂਚੇ ਵਿੱਚ ਪਏ ਵਿਗਾੜ ਦਾ ਵੀ ਨਤੀਜਾ ਹੈ। ਰਾਜਨੀਤਕ, ਆਰਥਿਕ ਅਤੇ
ਸਮਾਜਕ ਸੰਕਟ ਅਤੇ ਨਿਘਾਰ ਨੇ ਵੀ ਪਰਵਾਸ ਦੀ ਲਾਲਸਾ ਨੂੰ ਗਤੀ ਦਿੱਤੀ। 21ਵੀਂ ਸਦੀ ਦੇ ਸ਼ੁਰੂ
ਹੁੰਦਿਆਂ ਹੀ ਪੰਜਾਬੀਆਂ ਨੇ ਕੈਨੇਡਾ ਪਹੁੰਚਣ ਲਈ ਅਜਿਹੇ ਹੱਥ ਕੰਡਿਆਂ ਨੂੰ ਅਪਣਾਇਆ
ਜਿਨ੍ਹਾਂ ਨੇ ਸਮੁੱਚੇ ਸੰਸਾਰ ਅੱਗੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ। ਜਾਹਲੀ ਵਿਆਹਾਂ ਦੇ
ਸਿਲਸਿਲੇ ਨੇ ਸਮਾਜਕ ਸੰਕਟ ਨੂੰ ਵੀ ਜਨਮ ਦਿੱਤਾ।
ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਤੋਂ ਉੱਤਰੀ ਅਮਰੀਕਾ ਵਿਸ਼ੇਸ਼ ਕਰਕੇ ਕੈਨੇਡਾ ਵਿਚ ਰਚੇ ਜਾ
ਰਹੇ ਸਾਹਿਤ ਨੇ ਪੰਜਾਬੀ ਚਿੰਤਕਾਂ ਦਾ ਧਿਆਨ ਖਿੱਚਿਆ ਹੈ। ਇਸ ਦਾ ਇੱਕ ਕਾਰਨ ਪੜ੍ਹੀ-ਲਿਖੀ
ਸ਼੍ਰੇਣੀ ਦਾ ਕੈਨੇਡਾ ਵੱਲ ਪ੍ਰਵਾਸ ਵੀ ਹੈ। ਕੁਝ ਸਾਹਿਤਕਾਰ ਕੈਨੇਡਾ ਪਰਵਾਸ ਤੋਂ ਪਹਿਲਾਂ
ਹਿੰਦੁਸਤਾਨ ਵਿੱਚ ਸਾਹਿਤ ਰਚਨਾ ਕਰ ਰਹੇ ਸਨ। ਉਹਨਾਂ ਨੇ ਨਵੀਆਂ ਚੁਣੌਤੀਆਂ ਦੇ ਸਨਮੁੱਖ,
ਕੈਨੇਡਾ ਦੀ ਨਵੀਂ ਕਰਮ ਭੂਮੀ ਉਪਰ ਜਨ ਮਾਨਸ ਦੇ ਮਸਲਿਆਂ ਨੂੰ ਆਪਣੀ ਸਿਰਜਣਾ ਦਾ ਆਧਾਰ
ਬਣਾਇਆ। ਵਿਕਸਿਤ ਸਮਾਜਕ-ਆਰਥਿਕ ਪ੍ਰਬੰਧ ਨੇ ਪਹਿਲੇ ਪਰਵਾਸੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ।
21ਵੀਂ ਸਦੀ ਵਿੱਚ ਸੂਚਨਾ ਅਤੇ ਟੈਕਨਾਲੋਜੀ ਨੇ ਭੂਗੋਲਿਕ ਦੂਰੀਆਂ ਨੂੰ ਲੁਪਤ ਕਰ ਦਿੱਤਾ ਹੈ।
ਕੈਨੇਡਾ ਵਿੱਚ ਪੰਜਾਬੀ ਆਪਣੇ ਸੱਭਿਆਚਾਰ ਨਾਲ ਜੁੜਨ ਅਤੇ ਉਸ ਦੀ ਪੂਰਤੀ ਲਈ ਕਈ ਤਰ੍ਹਾਂ ਦੇ
ਮੇਲੇ ਅਤੇ ਸਮਾਗਮ ਅਯੋਜਿਤ ਕਰਦੇ ਹਨ। 21ਵੀਂ ਸਦੀ ਦੇ ਸ਼ੁਰੂ ਹੁੰਦਿਆਂ ਪਰਵਾਸ ਦੇ ਅਧਾਰ
20ਵੀਂ ਸਦੀ ਵਿੱਚ ਪਰਵਾਸ ਕਰਨ ਦੀ ਮਾਨਸਿਕਤਾ ਵਾਲੇ ਨਹੀਂ ਰਹੇ ਭਾਵੇਂ 20ਵੀਂ ਸਦੀ ਵਾਂਗ
21ਵੀਂ ਸਦੀ ਵੀ ਵਿੱਚ ਪਰਵਾਸ ਦਾ ਮੁੱਖ ਕਾਰਨ ਆਰਥਿਕਤਾ ਹੀ ਹੈ। ਪਰਵਾਸ ਇਕਹਿਰਾ ਵਰਤਾਰਾ
ਨਹੀਂ ਸਗੋਂ ਇਸ ਦੀ ਕੁੱਖ ਵਿੱਚ ਆਰਥਿਕ ਰਾਜਨੀਤਕ, ਸਮਾਜਕ ਅਤੇ ਕਿਸੇ ਦੇਸ਼ ਦੇ ਰਾਜ ਭਾਗ ਦੇ
ਪ੍ਰਬੰਧਕ ਕਾਰਨ ਪਏ ਹੁੰਦੇ ਹਨ। ਕੈਨੇਡਾ ਜੰਮੀ, ਪਲੀ ਤੇ ਵੱਡੀ ਹੋਈ ਪਰਵਾਸੀਆਂ ਦੀ ਦੂਜੀ ਤੇ
ਤੀਜੀ ਪੀੜ੍ਹੀ ਪਹਿਲੀ ਪੀੜ੍ਹੀ ਦੀ ਤਰ੍ਹਾਂ ਨਹੀਂ ਸੋਚਦੀ। ਉਹ ਕੈਨੇਡਾ ਨੂੰ ਹੀ ਆਪਣਾ ਵਤਨ
ਸਮਝਦੀ ਹੈ। ਪਰਵਾਸੀਆਂ ਦੀ ਦੂਜੀ ਤੇ ਤੀਜੀ ਪੀੜ੍ਹੀ ਦਾ ਪੰਜਾਬੀ ਭਾਸ਼ਾ ਸਾਹਿਤ ਦੇ ਪਠਨ-ਪਾਠਨ
ਨਾਲ ਦੂਰ ਦਾ ਵੀ ਵਾਸਤਾ ਨਹੀਂ, ਇਹ ਤਾਂ ਪਹਿਲੀ ਪਰਵਾਸੀ ਪੰਜਾਬੀ ਪੀੜ੍ਹੀ ਦਾ ਹੀ ਸਰੋਕਾਰ
ਬਣਿਆ ਰਹਿੰਦਾ ਹੈ।
ਕੈਨੇਡਾ ਦੀ ਰਾਜਨੀਤੀ ਵਿੱਚ ਪੰਜਾਬੀਆਂ ਦੀ ਇਤਨੀ ਕੁ ਸ਼ਮੂਲੀਅਤ ਹੈ ਕਿ ਕੈਨੇਡਾ ਸਰਕਾਰ ਹੁਣ
ਪੰਜਾਬੀਆਂ ਦੀ ਅਣਦੇਖੀ ਨਹੀਂ ਕਰ ਸਕਦੀ। ਪੰਜਾਬੀ ਬੋਲਣ ਵਾਲਾ ਭਾਈਚਾਰਾ ਵੱਡੀ ਗਿਣਤੀ ਵਿੱਚ
ਕੈਨੇਡਾ ਦੇ ਕੁਝ ਸ਼ਹਿਰਾਂ ਵਿੱਚ ਸਥਾਪਿਤ ਹੈ। ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਰਾਜ
ਪ੍ਰਬੰਧਨ ਵਿਚ ਲੋੜ ਅਤੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਪ੍ਰਬੰਧ ਵੀ
ਪੰਜਾਬੀ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਾ ਹੈ। ਯੂਨੀਵਰਸਿਟੀ ਪੱਧਰ ਉੱਤੇ ਪੰਜਾਬੀ ਭਾਸ਼ਾ
ਅਤੇ ਸੱਭਿਆਚਾਰ ਦੀ ਪੜ੍ਹਾਈ, ਕਮਿਊਨਿਟੀ ਵੱਲੋਂ ਪੰਜਾਬੀ ਬੋਲੀ ਲਈ ਆਪਣੇ ਤੌਰ ‘ਤੇ ਕੀਤੇ
ਯਤਨ ਮਹੱਤਵਪੂਰਨ ਹਨ। ਗੁਰਦੁਵਾਰਿਆਂ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਅਤੇ ਸਿੱਖ ਸੱਭਿਆਚਾਰ
ਨੂੰ ਪ੍ਰਚਾਰਨ ਵਾਲੇ ਪਹਿਲੂਆਂ ਵੱਲ ਧਿਆਨ ਦਿੱਤਾ ਜਾਂਦਾ ਹੈ। ਭਾਸ਼ਾ ਬੋਲੀ, ਸਾਹਿਤ ਤੇ
ਸੱਭਿਆਚਾਰ ਦੇ ਮਹੱਤਵ ਨੂੰ ਮੁੱਖ ਰੱਖ ਕੇ ਸੁਚੇਤ ਯਤਨ ਸ਼ੁਰੂ ਹੋਏ ਹਨ। ਸਾਹਿਤਕ ਅਤੇ
ਹਫਤਾਵਾਰੀ ਪਰਚਿਆਂ ਨੇ ਵੀ ਪੰਜਾਬੀ ਪਾਠਕ ਪੈਦਾ ਕੀਤੇ। ‘ਪੰਜਾਬੀ ਪੋਸਟ‘ ਰੋਜ਼ਾਨਾ ਨਿਕਲਣ
ਵਾਲਾ ਪੰਜਾਬੀ ਦਾ ਪਹਿਲਾ ਪਰਚਾ ਹੈ ਜੋ ਬਰੈਂਪੲਨ (ਓਨਟਾਰੀਓ) ਤੋਂ ਛਪਦਾ ਹੈ। ਸਾਧੂ
ਬਿਨਿੰਗ, ਸੁਖਵੰਤ ਹੁੰਦਲ, ਸੁਰਿੰਦਰ ਧੰਜਲ, ਅਮਨਪਾਲ ਸਾਰਾ, ਗੁਰਚਰਨ ਰਾਮਪੁਰੀ, ਨਵਤੇਜ
ਭਾਰਤੀ, ਅਜਮੇਰ ਰੋਡੇ ਅਤੇ ਸੁਰਜੀਤ ਕਲਸੀ ਆਦਿ ਨੇ ਪਰਵਾਸੀ ਪੰਜਾਬੀ ਸਾਹਿਤ ਨੂੰ ਸਾਂਭਣ ਅਤੇ
ਅਕਾਦਮਿਕ ਤੌਰ ‘ਤੇ ਸਾਹਿਤ ਦੇ ਸਰੋਕਾਰਾਂ ਨੂੰ ਸਮਝਣ ਸਮਝਾਉਣ ਦੇ ਨਿੱਗਰ ਉਪਰਾਲੇ ਕੀਤੇ।
ਪੰਜਾਬੀ ਦੇ ਇਲੈਕਟ੍ਰਾਨਿਕ ਮੀਡੀਆ ਦਾ ਆਪਣਾ ਇਤਿਹਾਸਕ ਰੋਲ ਹੈ।
ਅਜੋਕੇ ਸਮੇਂ ਵਿੱਚ ਕੈਨੇਡਾ ਪੰਜਾਬੀ ਸਮਾਜ ਵਿਚ ਪੇਸ਼ ਸੰਕਟ ਪੰਜਾਬੀ ਭਾਈਚਾਰੇ ਦੀ ਪਹਿਲੀ
ਪਰਵਾਸੀ ਪੀੜ੍ਹੀ ਦਾ ਸਭਿਆਚਾਰਕ ਸੰਕਟ ਹੈ। ਪੱਛਮੀ ਕਦਰਾਂ-ਕੀਮਤਾਂ ਨਾਲ ਆਪਾ ਵਿਰੋਧ, ਪੂਰੀ
ਤਰ੍ਹਾਂ ਨਿੰਦਣ ਜਾਂ ਪੂਰੀ ਤਰ੍ਹਾਂ ਪ੍ਰਸੰਸਾ ਦੀ ਦ੍ਰਿਸ਼ਟੀ ਅਧੀਨ ਵਾਪਰਦਾ ਹੈ। ਸਿੱਖ
ਧਾਰਮਿਕ ਸਥਾਨਾਂ ਦਾ ਵੱਡੇ ਪੱਧਰ ‘ਤੇ ਵਿਸਥਾਰ, ਸੱਭਿਆਚਾਰਕ ਮੇਲੇ ਅਤੇ ਹੁੱਲੜਬਾਜ਼ੀ,
ਪੰਜਾਬੀ ਟੀ.ਵੀ. ਚੈਨਲਾਂ ਅਤੇ ਰੇਡੀਓ ਤੋਂ ਵੇਲਾ ਵਿਹਾ ਚੁੱਕੇ ਸੱਭਿਆਚਾਰਕ ਪ੍ਰੋਗਰਾਮਾਂ ਦੀ
ਪੇਸ਼ਕਾਰੀ ਆਦਿ ਪੰਜਾਬ ਦੇ ਪੁਰਾਤਨ ਬਿੰਬ ਨੂੰ ਹੀ ਸਾਕਾਰ ਕਰਨ ਦੇ ਯਤਨ ਕਰਦੇ ਹਨ ਜਿਸ ਦਾ
ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਦੇ ਜੀਵਨ ਵਿੱਚ ਵਾਪਰ ਰਹੇ ਵਿਕੋਲਿਤਰੇ ਵਰਤਾਰਿਆਂ
ਦੇ ਸੰਕਟਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ। ਇਹ ਸੱਭਿਆਚਾਰ ਦੀ ਭੁੱਖ ਦੀ ਪੂਰਤੀ ਦੇ ਨਾਂ
ਹੇਠ ਅਜਿਹਾ ਰੋਲ -ਘਚੋਲ ਪੈਦਾ ਕਰਦੇ ਹਨ ਕਿ ਮਨੁੱਖ ਵਿਸ਼ਾਦ, ਉਦਾਸੀ ਅਤੇ ਉਦਰੇਵੇਂ ਦਾ
ਸ਼ਿਕਾਰ ਹੋ ਜਾਂਦਾ ਹੈ। ਉਹ ਹਕੀਕਤ ਅਤੇ ਆਦਰਸ਼ਕ ਬਿੰਬ ਵਿੱਚ ਨਖੇੜਾ ਅਤੇ ਜੋੜ ਨਹੀਂ ਕਰ
ਸਕਦਾ। ਸਾਹਿਤ ਪੰਜਾਬੀਆਂ ਦੇ ਵੱਡੇ ਹਿੱਸੇ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਹੀ ਨਹੀਂ ਸਕਿਆ।
ਲੋਕਯਾਨਿਕ ਰੁਚੀਆਂ ਦੇ ਧਾਰਨੀ ਪੰਜਾਬੀ ਗੀਤਾਂ ਉੱਤੇ ਨੱਚਣ ਨੂੰ ਹੀ ਪੰਜਾਬੀਅਤ ਸਮਝਣ ਦੀ
ਭੁਲ ਕਰ ਬੈਠੇ ਹਨ।
ਕੈਨੇਡਾ ਦੇ ਪੰਜਾਬੀ ਨਾਰੀ ਕਾਵਿ ਦੇ ਸਰੋਕਾਰ
ਪਰਵਾਸੀ ਪੰਜਾਬੀ ਸਾਹਿਤ ਦੀ ਪਛਾਣ, ਸਰੋਕਾਰ, ਦਸ਼ਾ ਅਤੇ ਦਿਸ਼ਾ ਬਾਰੇ ਮੁਲਾਂਕਣ ਵੀਹਵੀਂ ਸਦੀ
ਦੇ ਅੱਠਵੇਂ ਦਹਾਕੇ ਦੇ ਨੇੜੇ ਤੇੜੇ ਸ਼ੁਰੂ ਹੋਇਆ। ਪੰਜਾਬੀ ਚਿੰਤਕਾਂ ਨੇ ਪਹਿਲੇ ਪਹਿਲ
ਬਰਤਾਨਵੀ ਪੰਜਾਬੀ ਸਾਹਿਤ ਨੂੰ ਆਪਣੇ ਅਧਿਐਨ ਦਾ ਕੇਂਦਰ ਬਿੰਦੂ ਬਣਾਇਆ, ਜਿਸ ਆਪਣੇ ਇਤਿਹਾਸਕ
ਕਾਰਨ ਹਨ। ਕੈਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਖੋਜ, ਅਧਿਐਨ ਅਤੇ ਸਾਹਿਤ ਨੂੰ
ਸਮਾਜਕ-ਸਭਿਆਚਾਰਕ ਦ੍ਰਿਸ਼ਟੀ ਤੋਂ ਸਮਝਣ ਦਾ ਕੰਮ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਸ਼ੁਰੂ
ਹੁੰਦਾ ਹੈ। ਕੈਨੇਡਾ ਵੱਲ ਪੰਜਾਬੀਆਂ ਦੀ ਆਮਦ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ। ਕੈਨੇਡਾ
ਵਿਚ ਪੱਕਾ ਨਿਵਾਸ ਕਰਨ ਦੀ ਮਾਨਸਿਕਤਾ ਵੀ ਸੱਤਵੇਂ-ਅੱਠਵੇਂ ਦਹਾਕੇ ਵਿਚ ਹੀ ਭਾਰੂ ਰੂਪ
ਸਾਹਮਣੇ ਆਉਾਂਦੀÔੈ। ਇਸ ਤਰ੍ਹਾਂ ਅਮਰੀਕਾ ਦੇ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਦਾ ਕੰਮ ਵੀ
ਹੋ ਰਿਹਾ ਹੈ। ਅੱਜਕੱਲ੍ਹ ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਸਾਹਿਤ ਦਾ ਅਧਿਐਨ ਸਮੁੱਚੇ ਤੌਰ
ਤੇ ‘ਉੱਤਰੀ ਅਮਰੀਕਾ ਦੇ ਪੰਜਾਬੀ ਸਾਹਿਤ‘ ਵਜੋਂ ਵੀ ਹੋ ਰਿਹਾ ਹੈ। ਕੈਨੇਡਾ ਦੀਆਂ ਆਰਥਿਕ
ਬਣਤਰਾਂ ਭਾਵੇਂ ਮੁੱਖ ਤੌਰ ਤੇ ਅਮਰੀਕਾ ਦੀਆਂ ਆਰਥਿਕ ਬਣਤਰਾਂ ਵਾਲੀਆਂ ਹੀ ਹਨ ਪਰ ਕੈਨੇਡਾ
ਦੀ ਰਾਜਨੀਤੀ ਵਿਚ ਪੰਜਾਬੀਆਂ ਦੀ ਭਰਪੂਰ ਸ਼ਮੂਲੀਅਤ ਹੈ। ‘ਬਹੁ-ਸਭਿਆਚਾਰਾਂ ਦਾ ਦੇਸ਼‘ ਵਾਲੀ
ਮਾਨਸਿਕਤਾ ਅਤੇ ਕੈਨੇਡਾ ਦੇ ਨਾਗਰਿਕਤਾ ਸੰਬੰਧੀ ਕਾਨੂੰਨ ਅਮਰੀਕਾ ਤੋਂ ਵੱਖਰੇ ਹਨ ਜਿਹੜੇ
ਕਿਸੇ ਵੀ ਪਰਵਾਸ ਕਰਨ ਵਾਲੇ ਨੂੰ ਵੱਖਰੇ-ਵੱਖਰੇ ਮਾਪਦੰਡਾਂ ਸਾਹਿਤ ਪ੍ਰਭਾਵਿਤ ਕਰਦੇ ਹਨ।
ਅਜੋਕੇ ਸਮੇਂ ਵਿਚ ਕੈਨੇਡਾ ਦੇ ਪੰਜਾਬੀ ਸਾਹਿਤ ਵੱਲ ਸਾਹਿਤ-ਚਿੰਤਕਾਂ ਦਾ ਧਿਆਨ ਵਧੇਰੇ
ਕੇਂਦਰਿਤ ਹੋ ਰਿਹਾ ਹੈ ਕਿਉਂਕਿ ਇੱਥੇ ਸਾਹਿਤ ਰਚਨਾ ਬਾਕੀ ਪਰਵਾਸੀ ਮੁਲਕਾਂ ਦੇ ਮੁਕਾਬਲੇ
ਵਧੇਰੇ ਹੋ ਰਹੀ ਹੈ। ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਕੈਨੇਡਾ ਦੇ ਹਰ ਖੇਤਰ ਵਿਚ ਆਪਣੀ
ਭਰਪੂਰ ਸ਼ਮੂਲੀਅਤ ਦਰਜ ਕੀਤੀ ਹੈ।
ਕੈਨੇਡਾ ਦੇ ਪੰਜਾਬੀ ਨਾਰੀ ਕਾਵਿ ਨੂੰ ਸਮਝਦਿਆਂ ਬਹੁਤ ਸਾਰੇ ਅਜਿਹੇ ਪਹਿਲੂ ਦ੍ਰਿਸ਼ਟੀ ਗੋਚਰ
ਹੁੰਦੇ ਹਨ ਜਿਹੜੇ ਸਮੁੱਚੀ ਪੰਜਾਬੀ ਨਾਰੀ ਕਵਿਤਾ ਦੇ ਸਰੋਕਾਰ ਵੀ ਹਨ। ਕੈਨੇਡੀਅਨ ਪੰਜਾਬੀ
ਨਾਰੀ ਕਾਵਿ ਪ੍ਰਮੁੱਖ ਤੋਰ ‘ਤੇ ਪਰਵਾਸ ਦੀਆਂ ਚੁਣੌਤੀਆਂ, ਔਰਤ ਦੀ ਸ੍ਵੈ-ਸੰਵੇਦਨਾ ਨਾਲ
ਜੁੜੇ ਪ੍ਰਸ਼ਨ, ਵਿਕਸਿਤ ਪੂੰਜੀਵਾਦੀ ਪ੍ਰਬੰਧ ਦੇ ਪ੍ਰਭਾਵ, ਘਰੇਲੂ ਜੀਵਨ-ਵਿਹਾਰ ਵਿਚ
ਪਿੱਤਰ-ਮਾਨਸਿਕਤਾ ਦਾ ਬੋਲਬਾਲਾ, ਪੰਜਾਬੀ ਸਮਾਜ ਦੀ ਜਗੀਰੂ ਮਾਨਸਿਕਤਾ ਦੇ ਪ੍ਰਤੀਕਰਮ, ਵੇਲਾ
ਵਿਹਾ ਚੁੱਕੇ ਸਭਿਆਚਾਰਕ ਮੁੱਲਾਂ ਨੂੰ ਅਪਣਾਉਣ ਅਤੇ ਟਕਰਾ, ਕੈਨੇਡੀਅਨ ਜੀਵਨ-ਜਾਚ ਅਤੇ
ਪੰਜਾਬੀ ਰਹਿਤਲ ਵਾਲੀ ਜੀਵਨ ਜਾਚ ਨੂੰ ਇਕੋ ਸਮੇਂ ਅਪਨਾਉਣ ਦਾ ਰੌਲ-ਘਚੋਲਾ, ਅਜ਼ਾਦੀ ਨਾਲ
ਜਿਉਣ ਦੀ ਲੋਚਾ ਅਤੇ ਜੀਵਨ-ਸਾਥੀ ਦੀ ਚੋਣ ਆਦਿ ਮੁੱਖ ਸਰੋਕਾਰ ਨਾਰੀ ਕਾਵਿ ਦੀ ਸਿਰਜਣਾ ਦਾ
ਆਧਾਰ ਬਣਦੇ ਹਨ। ਵਿਕਸਿਤ ਪੂੰਜੀਵਾਦੀ ਪ੍ਰਬੰਧ ਵਿਚ ਵਿਚਰਦੀ ਨਾਰੀ ਘਰ ਦੀ ਦਹਿਲੀਜ਼ ਦੇ ਅੰਦਰ
ਉਹਨਾਂ ਵਿਹਾਰਾਂ ਦੇ ਸਨਮੁਖ ਹੁੰਦੀ ਹੈ ਜੋ ਉਸਨੂੰ ਦੁਜੈਲੀ ਪ੍ਰਸਥਿਤੀ ਵਿਚ ਸਥਾਪਿਤ ਕਰਦੇ
ਹਨ। ਕੈਨੇਡਾ ਦੇ ਪੰਜਾਬੀ ਨਾਰੀ ਕਾਵਿ ਵਿਚ ਇਹ ਸਪੱਸ਼ਟ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਪੰਜਾਬੀ
ਸਮਾਜ ਅਤੇ ਸਭਿਆਚਾਰ ਦੇ ਨਾ-ਪੱਖੀ ਪਹਿਲੂ ਨਾਰੀ ਕਾਵਿ ਸਿਰਜਨ-ਪ੍ਰਕ੍ਰਿਆ ਵਿਚ ਕੇਂਦਰ-ਬਿੰਦੂ
ਬਣਦੇ ਹਨ। ਕੈਨੇਡਾ ਵਿੱਚ ਵਸਦੀ ਪੰਜਾਬੀ ਔਰਤਾਂ ਦੀ ਪਹਿਲੀ ਪਰਵਾਸੀ ਪੀੜ੍ਹੀ ਹੀ ਪੰਜਾਬੀ
ਜੀਵਨ-ਜਾਚ ਅਤੇ ਸਭਿਆਚਾਰ ਨਾਲ ਮੁੱਖ ਤੌਰ ਤੇ ਜੁੜੀ ਹੁੰਦੀ ਹੈ। ਅਸਤਿਤਵ ਨਾਲ ਜੁੜੇ
ਪ੍ਰਸ਼ਨਾਂ ਨੂੰ ਵੀ ਪੰਜਾਬੀ ਨਾਰੀ ਕਾਵਿ ਮੁਖਾਤਿਵ ਹੁੰਦਾ ਹੈ ਕਿਉਂਕਿ ਇਹ ਵਸੀਹ ਤੌਰ ਤੇ
ਪਰਵਾਸੀਆਂ ਦੀ ਪਹਿਲੀ ਪੀੜ੍ਹੀ ਦਾ ਸੰਕਟ ਹੈ। ਅੰਤਰਮੁਖਤਾ ਅਤੇ ਬਾਹਰਮੁਖਤਾ ਦੋਨੋਂ ਹੀ
ਪੰਜਾਬੀ ਨਾਰੀ ਕਾਵਿ ਦਾ ਆਧਾਰ ਬਣਦੇ ਹਨ। ਕੈਨੇਡਾ ਦੇ ਨਾਰੀ ਕਾਵਿ ਵਿਚ ਸੁਨੇਹਾ ਵੀ ਹੈ ਅਤੇ
ਸਹਿਜ-ਕਾਵਿ ਸੰਵੇਦਨਾ ਵੀ। ਇਹ ਕਾਵਿ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬੀ ਨਾਰੀ ਦਾ
ਸਮਾਜ/ਸੰਸਾਰ ਨਾਲ ਅਨੁਭਵ ਕਿਸ ਤਰ੍ਹਾਂ ਦਾ ਹੈ। ਇਹ ਕਾਵਿ-ਅਨੁਭਵ ਦਾ ਕਾਵਿ ਹੈ।
ਪੰਜਾਬੀ-ਕੈਨੇਡੀਅਨ ਸਮਾਜ ਦੇ ਅੱਧ ਦਾ ਅਨੁਭਵ, ਜ਼ਖ਼ਮੀ, ਉਦਾਸ ਅਤੇ ਭਰੇ ਪੂਰੇ ਪਰਿਵਾਰ ਵਿਚ
ਇਕਲਾਪਾ ਹੰਢਾਉਾਂਦਾ,çੁਜੈਲੀ ਪ੍ਰਸਥਿਤੀ ਵਾਲੀ ਮਾਨਸਿਕਤਾ ਹੰਢਾਉਾਂਦਾÔੈ ਤਾਂ ਕੈਨੇਡੀਅਨ
ਪੰਜਾਬੀ ਸਮਾਜ ਲਈ ਸੋਚਣ ਦੀ ਘੜੀ ਹੈ।
ਜੀਵ ਵਿਗਿਆਨਕ ਪੱਧਰ ਉੱਤੇ ਮਰਦ ਅਤੇ ਔਰਤ ਦੋ ਵੱਖਰੀਆਂ-ਵੱਖਰੀਆਂ ਪ੍ਰਕ੍ਰਿਤਕ ਹੋਂਦਾਂ ਹਨ।
ਸਮਾਜਕ ਅਤੇ ਸਭਿਆਚਾਰਕ ਪ੍ਰਕ੍ਰਿਆ ਅਤੇ ਪ੍ਰਸਥਿਤੀਆਂ ਵਿਚਲੇ ਅੰਤਰ ਸੰਬੰਧਾਂ ਅਤੇ ਵਿਰੋਧਾਂ
ਵਿਚੋਂ ਵੱਖਰੀ ਸਮਾਜਕ ਹੋਂਦ ਵੀ ਗ੍ਰਹਿਣ ਕਰਦੇ ਹਨ। ਪੰਜਾਬੀ ਸਭਿਆਚਾਰ ਵਿਚ ਪਈ ਜਗੀਰੂ
ਰਹਿਤਲ ਕਰਕੇ ਮਰਦ-ਪ੍ਰਧਾਨ ਸੋਚ ਸਦੀਆਂ ਤੋਂ ਪੰਜਾਬੀ ਮਾਨਸਿਕਤਾ ਵਿੱਚ ਨਿਹਿਤ ਹੈ। ਪੰਜਾਬੀ
ਸਮਾਜ ਵਿਚ ਔਰਤ ਮਰਦ ਦਾ ਰਿਸ਼ਤਾ ਸਮਾਜਕ ਰਹਿਤਲ ਵਿਚ ਸਮਾਨਤਾ ਵਾਲਾ ਨਹੀਂ। ਔਰਤ ਅਤੇ ਮਰਦ ਦੀ
ਵਿਲੱਖਣ ਹੋਂਦ ਅਤੇ ਸ਼ਖ਼ਸੀਅਤ ਸਭਿਆਚਾਰ ਦੀ ਉਸਾਰੀ ਦੇ ਇਤਿਹਾਸਕ ਪ੍ਰਸੰਗ ਵਿੱਚ ਸਮਝੀ ਜਾ
ਸਕਦੀ ਹੈ। ਸਮਾਜਕ ਪ੍ਰਸੰਗ ਦੇ ਪਿਤਰ ਮਾਨਸਿਕਤਾ ਦੇ ਪ੍ਰਭਾਵਾਂ ਕਾਰਨ ਮਰਦ ਅਤੇ ਔਰਤ, ਪਹਿਲ
ਤੇ ਦੁਜੈਲ ਦੀ ਦਰਜਾਬੰਦੀ ਵਿਚ ਪਹੁੰਚ ਜਾਂਦੇ ਹਨ। ਵਿਆਹ ਪਰਿਵਾਰ ਦੀ ਕੇਂਦਰੀ ਧੁਰੀ ਵਜੋਂ
ਸਮਾਜ ਦਾ ਅਧਾਰ ਹੈ। ਪਿੱਤਰ ਮਾਨਸਿਕਤਾ ਦੇ ਪ੍ਰਭਾਵ ਹੇਠ ‘ਵਿਆਹ‘ ‘ਵਿਉਪਾਰ‘ ਰਾਹੀਂ ਔਰਤ ਦੇ
ਜਨਣ ਆਧਿਕਾਰ ਉੱਤੇ ਵੀ ਕਬਜ਼ਾ ਕੀਤਾ ਜਾਂਦਾ ਹੈ। ਇਸ ਪ੍ਰਵਿਰਤੀ ਅਧੀਨ ਦੇਹਾਂ ਉੱਪਰ ‘ਕਬਜਾ‘
ਹੁੰਦਾ ਹੈ। ਇਸ ਕਰਕੇ ਪੂੰਜੀਵਾਦੀ ਬਣਤਰਾਂ ਵਾਲੇ ਸਮਾਜ ਵਿਚ ਇਸ ਤਰ੍ਹਾਂ ਦੀ ਲੁਪਤ ਜਗੀਰੂ
ਮਾਨਸਿਕਤਾ ਦੇ ਲੱਛਣ, ਰਵਾਇਤੀ ਸਾਮੰਤੀ ਬਣਤਰਾਂ ਵਾਲੇ ਨਹੀਂ ਹੁੰਦੇ। ਵਿਸ਼ਵੀਕਰਨ ਦੇ ਦੌਰ
ਵਿਚ ਮੰਡੀ/ਖਪਤ ਸਭਿਆਚਾਰ ਨੇ ਔਰਤ ਮਰਦ ਸੰਬੰਧਾਂ ਦੇ ਸਮਾਜਕ ਸਰੋਕਾਰਾਂ ਨੂੰ ਹੋਰ ਵੀ ਵਿਰਾਟ
ਰੂਪ ਵਿਚ ਪੇਸ਼ ਕੀਤਾ ਹੈ। ਇਹ ਇਕ ਅਜਿਹਾ ਅਮੁੱਕ ਲਾਲਸਾਵਾਂ ਦਾ ਬਾਜ਼ਾਰ ਹੈ ਜਿਸਦੇ ਗਧੀਗੇੜ
ਵਿਚ ਜਨਮਾਨਸ ਅਣਭੋਲ ਹੀ ਫਸਿਆ ਰਹਿੰਦਾ ਹੈ।
ਇਕ ਪ੍ਰਸ਼ਨ ਪੰਜਾਬੀ ਚਿੰਤਕਾਂ ਦੇ ਇਕ ਹਿੱਸੇ ਵਿਚੋਂ ਬੜੇ ਜੋਰ ਸ਼ੋਰ ਨਾਲ ਉਠਾਇਆ ਜਾਂਦਾ ਰਿਹਾ
ਹੈ ਕਿ ਔਰਤ ਲੇਖਕ ਅਤੇ ਮਰਦ ਲੇਖਕ ਵਿਚ ਵੰਡੀਆਂ ਪਾ ਕੇ ਕੀਤਾ ਅਲੋਚਾਨਤਮਕ ਮੁਲਾਂਕਣ ਵਕਤੀ
ਕਿਸਮ ਦਾ ਧਿਆਨ ਕੇਂਦਰਿਤ ਕਰਨ ਲਈ ਕੀਤਾ ਕੰਮ ਹੋਵੇਗਾ। ਦੂਜਾ ਵੱਡਾ ਪਹਿਲੂ ਇਹ ਪੇਸ਼ ਕੀਤਾ
ਜਾਂਦਾ ਹੈ ਕਿ ਨਾਰੀ ਆਪਣੀ ਸਮੁੱਚਤਾ ਨਾਲ ਸਮਾਜੀ ਅਤੇ ਸਿਰਜਣਾਤਮਕ ਨੁਹਾਰ ਨਾਲ ਸਾਹਮਣੇ
ਆਵੇ। ਸਿਧਾਂਤਕ ਤੌਰ ਤੇ ਨਰ ਅਤੇ ਮਾਦਾ ਮਾਨਵ ਸਿਰਜਣ-ਸੰਵੇਦਨਾ ਦੇ ਪੱਖੋਂ ਬਰਾਬਰ ਹਨ। ਸਾਰਾ
ਸਮਾਜਕ, ਸਭਿਆਚਾਰਕ ਅਤੇ ਰਾਜਨੀਤਕ ਤੰਤਰ ਤਾਕਤੀ ਬਣਤਰਾਂ ਦਾ ਨਤੀਜਾ ਹੈ। ਹਰ ਚੀਜ਼ ਦਾ ਵਜੂਦ
ਤਾਕਤ ਦੇ ਉਹਨਾਂ ਤੌਰ ਤਰੀਕਿਆਂ ਵਿਚ ਛੁਪਿਆ ਹੁੰਦਾ ਹੈ ਜਿਨ੍ਹਾਂ ਰਾਹੀਂ ਸਮਾਜਕ ਉਸਾਰ ਅਤੇ
ਪਰ-ਉਸਾਰ ਸਿਰਜਿਆ ਜਾਂਦਾ ਹੈ। ਇਸ ਤਾਣੇ-ਬਾਣੇ ਦੇ ਜੰਜਾਲ ਵਿਚ ਨਾਰੀ ਦੀ ਅਧੀਨਗੀ ਦੇ ਹਾਲਤ
ਬਣ ਕੇ ਪੱਕਦੇ ਹਨ। ਸਮਾਜ ਵਿਚ ਰੋਜ-ਮਰਾ ਦੀ ਜੀਵਨ-ਸ਼ੈਲੀ ਉਸੇ ਅਧੀਨ ਚੱਲਦੀ ਹੈ ਅਤੇ ਮਨੁੱਖ
ਦੀ ਸੋਚ ਅਤੇ ਸਮੁੱਚੇ ਵਜੂਦ (ਸਾਰੀਆਂ ਸਭਿਆਚਾਰਕ ਬਣਤਰਾਂ ਸਮੇਤ) ਨੂੰ ਆਪਣੇ ਅਧੀਨ ਕਰਦੀ
ਜਾਂਦੀ ਹੈ। ‘ਤਾਕਤ ਨੂੰ ਉਹਨਾਂ ਸ਼ਕਤੀ ਸੰਬੰਧਾਂ ਵਿਚੋਂ ਵੇਖਣਾ ਚਾਹੀਦਾ ਹੈ ਜੋ ਆਪਣਾ ਇਕ
ਮੈਕਾ ਨਿਜਮ ਬਣਾਉਾਂਦੇÔਨ। ਇਸ ਵਿਚ ਸੰਘਰਸ਼, ਦਵੰਦ, ਰੂਪਾਂਤਰਣ ਅਤੇ ਬਿਖਰਾਓ ਦਾ ਸਿਲਸਿਲਾ
ਚੱਲਦਾ ਰਹਿੰਦਾ ਹੈ।‘
ਮੁੱਢਲੇ ਤੌਰ ਤੇ ਨਾਰੀਵਾਦ ਸਮਾਜਕ ਤੇ ਰਾਜਨੀਤਕ ਤਬਦੀਲੀ ਨਾਲ ਸੰਬੰਧਤ ਰਿਹਾ ਹੈ। ਯੋਰਪ ਵਿਚ
ਕਲਾਰਾ ਜੈਟਕਿਨ ਤੇ ਰੋਜ਼ਾ ਲਕਜ਼ਮਬਰਗ ਨੇ ਔਰਤ ਅੰਦੋਲਨਾਂ ਦੀ ਅਗਵਾਈ ਕੀਤੀ। ਸੰਨ 1910 ਵਿਚ
ਕੋਪਨਹੈਗਨ ਵਿਖੇ 17 ਦੇਸ਼ਾਂ ਦੀਆਂ 100 ਔਰਤਾਂ ਇਕੱਠੀਆਂ ਹੋਈਆਂ ਅਤੇ ਉਹਨਾਂ ਨੇ ‘ਰੋਟੀ ਅਤੇ
ਸ਼ਾਂਤੀ‘ (2ਗਕ ੍ਵਕ ਦਾ ਨਾਹਰਾ ਦਿੱਤਾ। ਕੈਨੇਡਾ ਵਿਚ ਐਮਲੀ ਮਰਫੀ ਨੇ ਆਪਣੀਆਂ ਚਾਰ ਹੋਰ
ਸਾਥਣਾ (ਪਹਿਲੀਆਂ ਪੰਜ ਫਸਟ ਫਾਈਵ ਕਰਕੇ ਪ੍ਰਸਿੱਧ ਹੋਈਆ) ਨੂੰ ਨਾਲ ਲੈ ਕੇ ਔਰਤਾਂ ਲਈ ਵੋਟ
ਦੇ ਅਧਿਕਾਰ ਦੀ ਲੜਾਈ ਲੜੀ। ਜਿਹੜਾ ‘ਪਰਸਨਜ਼ ਲਾਅ‘ ਨਾਲ ਜਾਣਿਆ ਗਿਆ ਅਤੇ ਫਿਰ ਹੀ ਕੈਨੇਡੀਅਨ
ਨਾਰੀ ਨੂੰ ਵੋਟ ਦਾ ਅਧਿਕਾਰ ਮਿਲਿਆ। ਅਜਿਹੀਆਂ ਜਦੋ-ਜਹਿਦਾਂ ਸਮਾਜਕ ਵਰਤਾਰੇ ਦੇ ਅੰਗ ਵਜੋਂ
ਔਰਤਾਂ ਵਿਚ ਨਵੀਂ ਚੇਤਨਾ ਜਗਾਉਾਂਦੀਆਂÔਨ।
ਵੀਹਵੀਂ ਸਦੀ ਦੇ ਪੰਜਵੇਂ-ਛੇਵੇਂ ਦਹਾਕੇ ਵਿਚ ਪੰਜਾਬੀ ਸਾਹਿਤ ਨੂੰ ਨਾਰੀਵਾਦੀ ਪ੍ਰਸੰਗ ਤੋਂ
ਦੇਖਿਆ ਜਾਣ ਲੱਗਾ। ਔਰਤਾਂ ਵੱਲੋਂ ਲਿਖੇ ਸਾਹਿਤ ਦੀ ਪਰਖ ਪੜਚੋਲ ਕਈ ਅੰਤਰ ਦ੍ਰਿਸ਼ਟੀਆਂ ਅਧੀਨ
ਹੋਣ ਲੱਗੀ। ਸਾਹਿਤ ਨੂੰ ਸਮਾਜਕ ਅਤੇ ਸਭਿਆਚਾਰਕ ਦ੍ਰਿਸ਼ਟੀ ਤੋਂ ਔਰਤਾਂ ਦੇ ਨਜਰੀਏ ਤੋਂ
ਇਤਿਹਾਸਕ ਪ੍ਰਸੰਗ ਵਿਚ ਰੱਖ ਕੇ ਵੀ ਪੜਚੋਲਿਆ ਜਾਣ ਲੱਗਾ। ਪਿੱਤਰ-ਸੱਤਾ ਪ੍ਰਬੰਧ ਖਾਸ ਕਰਕੇ
ਮੱਧ ਕਾਲੀਨ ਸਾਹਿਤ ਨਾਰੀ ਨੂੰ ਦੁਜੈਲੇ ਸਥਾਨ ਉੱਪਰ ਰੱਖਦਾ ਸੀ। ਵਰਤਮਾਨ ਸਮੇਂ ਵਿੱਚ ਹਾਸ਼ੀਏ
ਤੇ ਪਈ ਨਾਰੀ ਕੇਂਦਰੀ ਨੁਕਤੇ ਵਜੋਂ ਵਿਚਾਰੀ ਜਾਣ ਲੱਗੀ। ਨਾਰੀ ਦੀ ਜਨਣ ਸਮਰੱਥਾ ਅਤੇ
ਪਾਲਣ-ਪੋਸ਼ਣ ਵਿਧਾਨ ਨੂੰ ਨਵੇਂ ਜਾਵੀਏ ਤੋਂ ਪਰਿਭਾਸ਼ਤ ਕੀਤਾ ਜਾਣ ਲੱਗਾ। ਪਿੱਤਰ-ਸੱਤਾ ਪ੍ਰਤੀ
ਰੋਹ ਪ੍ਰਗਟਾਉਾਂਦਾੴਾਹਿਤ ਲਿਖਿਆ ਜਾਣ ਲੱਗਾ। ਅਜਿਹਾ ਸਾਹਿਤ ਸਾਮੰਤੀ ਯੁਗ ਦੀਆਂ ਵੇਲਾ ਵਿਹਾ
ਚੁੱਕੀਆਂ ਰਵਾਇਤਾਂ ਤੇ ਪ੍ਰਸ਼ਨ ਚਿੰਨ੍ਹ ਹੀ ਨਹੀਂ ਲਗਾਉਾਂਦਾੴਗੋਂ ਰੱਦ ਵੀ ਕਰਦਾ ਹੈ।
ਸਭਿਆਚਾਰ ਵਿਚ ਪਈਆਂ ਬੀਮਾਰ ਕਦਰਾਂ ਕੀਮਤਾਂ ਨੂੰ ਚੁਣੌਤੀ ਵੀ ਦਿੰਦਾ ਹੈ। ਇਸੇ ਕਰਕੇ
ਸਾਹਿਤਕ ਰਚਨਾਵਾਂ ਨੂੰ ਨਾਰੀ ਦੇ ਪ੍ਰਸੰਗ ਤੋਂ ਪੜ੍ਹਨ ਤੇ ਮੁਲਾਂਕਣ ਕਰਨ ਦੀ ਲੋੜ ਵਰਤਮਾਨ
ਸਮੇਂ ਦੀ ਜ਼ਰੂਰੀ ਲੋੜ ਵਜੋਂ ਪੇਸ਼ ਹੁੰਦੀ ਹੈ। ਇਹ ਦ੍ਰਿਸ਼ਟੀ ਇਸ ਕਰਕੇ ਵੀ ਮੁਲਵਾਨ ਹੈ ਕਿ
ਨਾਰੀ ਸੰਸਾਰ ਨੂੰ ਕਿਵੇਂ ਵੇਖਦੀ, ਮਹਿਸੂਸਦੀ ਅਤੇ ਘਟਨਾਵਾਂ ਪ੍ਰਤੀ ਕੀ ਪ੍ਰਤੀਕਰਮ ਪ੍ਰਗਟ
ਕਰਦੀ ਹੈ। ਸਮਾਜ ਵਿਚ ਉਹ ਇਕ ਇਨਸਾਨ ਦੀ ਤਰ੍ਹਾਂ ਬਰਾਬਰ ਦੇ ਰੁਤਬਾ ਨੂੰ ਪ੍ਰਾਪਤ ਹੁੰਦੀ ਹੈ
ਜਾਂ ਰਿਸ਼ਤਿਆਂ ਵਿਚ ਬੱਝੀ ਹੋਈ ਪੇਸ਼ ਹੁੰਦੀ ਹੈ।
ਪੰਜਾਬੀ ਸਮਾਜ ਜਗੀਰੂ ਕਦਰਾਂ-ਕੀਮਤਾਂ ਵਾਲਾ ਸਮਾਜ ਰਿਹਾ ਹੈ ਜਿਸ ਵਿਚ ਜਮੀਨ ਦੀ ਮਾਲਕੀ ਅਤੇ
ਵਿਰਾਸਤ ਦਾ ਹੱਕ ਕੇਵਲ ਮਰਦ ਕੋਲ ਸੀ। ਅਜੋਕੇ ਸਮੇਂ ਵਿਚ ਕਾਨੂੰਨੀ ਤੌਰ ਤੇ ਔਰਤ ਵੀ ਵਿਰਾਸਤ
ਦੇ ਹੱਕ ਦੀ ਭਾਗੀਦਾਰ ਬਣ ਚੁੱਕੀ ਹੈ। ਪਰ ਸਮਾਜਕ ਬਣਤਰ ਵਿਚ ਪਿੱਤਰ ਸੱਤਾ ਵਾਲੀ ਮਾਨਸਿਕਤਾ
ਅਤੇ ਰਾਜਨੀਤੀ ਨੇ ਔਰਤ ਨੂੰ ਇਹ ਹੱਕ ਨਹੀਂ ਦਿੱਤਾ। ਇਸੇ ਕਰਕੇ ਪੰਜਾਬੀ ਨਾਰੀ ਕਾਵਿ ਵਿਚ
ਇਸਦੇ ਵਿਰੋਧ ਦੀ ਸੁਰ ਭਾਰੂ ਹੁੰਦੀ ਹੈ। ਪੰਜਾਬ ਖੇਤੀ ਪ੍ਰਧਾਨ ਪ੍ਰਾਂਤ ਹੋਣ ਕਰਕੇ, ਜ਼ਮੀਨ
ਦੀ ਮਾਲਕੀ ਸਮਾਜਕ ਪੱਧਰ ਉੱਤੇ ਰਿਸ਼ਤਿਆਂ ਦੀ ਬਣਤਰ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ/ਸੀ
ਪਰ ਔਰਤ ਦੀ ਘਰੇਲੂ ਕ੍ਰਿਤ ਜਿਸ ਨੂੰ ਅਣਗੋਲਿਆ ਕਰਕੇ ਦੁਜੈਲੀ ਅਣਕਮਾਈ ਕ੍ਰਿਤ ਮੰਨਿਆ ਗਿਆ।
ਵਿਕਸਿਤ ਸਮਾਜਾਂ ਵਿਚ ਰਹਿ ਰਹੀ ਪੰਜਾਬੀ ਔਰਤ ਅਣ-ਕਮਾਈ ਕਿਰਤ ਕਰਨ ਦੀ ਪ੍ਰਕ੍ਰਿਆ ਦੇ
ਪ੍ਰਸੰਗ ਨੂੰ ਚੈਲੰਜ ਕਰ ਰਹੀ ਹੈ ਅਤੇ ਅਣ ਉਜਰਤੀ ਕਿਰਤ ਕਰਨ ਨੂੰ ਤਿਆਰ ਨਹੀਂ। ਇਸ ਤਰ੍ਹਾਂ
ਦੇ ਭਰਪੂਰ ਹਵਾਲੇ ਕੈਨੇਡਾ ਦੇ ਪੰਜਾਬੀ ਨਾਰੀ ਕਾਵਿ ਵਿਚ ਬਾਖੂਬੀ ਪੇਸ਼ ਹੋਏ ਹਨ। ਉਹ ਕਿੰਤੂ
ਕਰਦੀ ਹੈ, ਪ੍ਰਸ਼ਨਮਈ ਨਜ਼ਰਾਂ ਨਾਲ ਦੇਖਦੀ ਹੈ ਅਤੇ ਕਈ ਵਾਰੀ ਸਮਝੌਤਾ ਵੀ ਕਰਦੀ ਹੈ ਪਰ ਅਜੋਕੇ
ਸਮੇਂ ਵਿਚ ਇਸ ਨੂੰ ਆਪਣਾ ਕਰਤੱਵ ਸਮਝ ਕੇ ਕਰਨ ਨੂੰ ਤਿਆਰ ਨਹੀਂ।
ਅਜੌਕੇ ਸਮੇਂ ਵਿੱਚ ਪੰਜਾਬੀ ਸਮਾਜ ਦੀ ਸਭਿਆਚਾਰਕ ਬਣਤਰ ਜਗੀਰਦਾਰੀ ਤੋਂ ਪੂੰਜੀਵਾਦੀ ਕਦਰ
ਵਿਚ ਤਬਦੀਲ ਹੋ ਰਹੀ ਹੈ। ਪੂੰਜੀਵਾਦੀ ਪ੍ਰਬੰਧ ਨੇ ਔਰਤਾਂ ਦੇ ਅੱਗੇ ਵੱਧਣ ਦੇ ਸੀਮਤ ਮੌਕੇ
ਵੀ ਪੈਦਾ ਕੀਤੇ ਹਨ। ਉਹ ਦੁਜੈਲੀ ਘਰੇਲੂ ਅਣ-ਉਜਰਤੀ ਕਿਰਤ ਤੋਂ ਪਾਰ ਜਾ ਕੇ ਪੈਦਾਵਾਰੀ ਕਿਰਤ
ਦੇ ਖੇਤਰ ਵਿਚ ਆਪਣੇ ਆਪ ਨੂੰ ਸ਼ਾਮਿਲ ਕਰ ਚੁੱਕੀ ਹੈ। ਪੰਜਾਬੀ ਸਮਾਜ ਅੱਗੇ ਆਧੁਨਿਕ ਸੰਵੇਦਨਾ
ਅਤੇ ਜਗੀਰੂ ਮਾਨਸਿਕਤਾ ਵਾਲੀ ਰਹਿਤਲ ਦਾ ਟਕਰਾ ਵੱਡੇ ਸਮਾਜਕ ਪ੍ਰਸ਼ਨ ਪੈਦਾ ਕਰਦਾ ਹੈ ਜਿਸ
ਵਿਚ ਔਰਤ-ਪ੍ਰਵਚਨ ਵੀ ਕੇਂਦਰੀ ਧੁਰੇ ਵਜੋਂ ਪੇਸ਼ ਹੁੰਦਾ ਹੈ। ਲੋਕ ਸਾਹਿਤ ਦੀ ਬਹੁਤੀ ਸਮੱਗਰੀ
ਨਾਰੀ ਦੀ ਦੁਜੈਲੀ ਸਥਿਤੀ ਨੂੰ ਮਜ਼ਬੂਤ ਬਣਾਉਾਂਦੀÔੈ। ਕੁੜੀਆਂ ਨੂੰ ਕੁੱਖ ਵਿਚ ਮਾਰ ਦੇਣਾ,
ਜੀਵਨ ਸਾਥੀ ਚੁਣਨ ਦਾ ਅਧਿਕਾਰ ਨਾ ਦੇਣਾ ਅਤੇ ਅਖੌਤੀ ਇੱਜਤ ਪਿੱਛੇ ਕੁੜੀਆਂ ਨੂੰ ਕਤਲ ਕਰਨਾ,
ਪੁੱਤਰ ਹੋਣ ਉੱਤੇ ਵਧਾਈ ਦੇਣਾ ਅਤੇ ਘਰ ਅੱਗੇ ਸਰੀਂਹ ਬੰਨਣਾ, ਪੁੱਤਰ ਦੀ ਲੋਹੜੀ ਮਨਾਉਣਾ,
ਲੜਕੀ ਦੇ ਜਨਮ ਉੱਤੇ ਵਧਾਈ ਨਾ ਦੇਣਾ, ਲੋਰੀ ਕੇਵਲ ਪੁੱਤਰਾਂ ਲਈ, ਅਸੀਸ ਵੀ ‘ਬੁੱਢ ਸੁਹਾਗਣ
ਦੀ‘, ਗਾਲ੍ਹਾਂ ਮਾਂ ਤੇ ਧੀ ਤੇ ਭੈਣ ਦੇ ਨਾਂ ਉੱਤੇ ਦੇਣਾ ਆਦਿ ਅਜਿਹੀਆਂ ਸਭਿਆਚਾਰਕ ਰੂੜੀਆਂ
ਹਨ ਜਿਨ੍ਹਾਂ ਨੂੰ ਪੰਜਾਬੀ ਸਮਾਜ ਪੂਰੀ ਤਰ੍ਹਾਂ ਤਿਲਾਂਜਲੀ ਨਹੀਂ ਦੇ ਸਕਿਆ। ਪੰਜਾਬੀ
ਲੇਖਿਕਾਵਾਂ ਅਜਿਹੇ ਹੀ ਸਮਾਜ ਵਿਚ ਸਾਹ ਲੈਂਦੀਆਂ ਹਨ। ਉਹ ਕੈਨੇਡਾ ਦੀ ਧਰਤੀ ਉੱਪਰ ਪਹੁੰਚ
ਕੇ ਵੀ ਅਜਿਹੀ ਮਾਨਸਿਕਤਾ ਤੋਂ ਅਭਿਜ ਨਹੀਂ ਰਹਿ ਸਕੀਆਂ। ਇਸ ਕਰਕੇ ਅਜਿਹੀ ਹੀ ਮਿਲਗੋਭਾ
ਦ੍ਰਿਸ਼ਟੀ ਉਹਨਾਂ ਦੀਆਂ ਰਚਨਾਵਾਂ ਵਿਚੋਂ ਮਿਲਦੀ ਹੈ। ਬਾਹਰ ਮੁਖੀ ਦ੍ਰਿਸ਼ਟੀ ਅਧੀਨ ਨਾਹਰੇ ਦੇ
ਰੂਪ ਵਿਚ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਨਿੰਦਦੀਆਂ ਤਾਂ ਹਨ ਪਰ ਜਦੋਂ ਉਹ
ਸੰਵੇਦਨਾਮਈ ਹੋ ਕੇ ਸ੍ਵੈ ਦੇ ਅਨੁਭਵ ਨੂੰ ਬਿਆਨਦੀਆਂ ਹਨ ਤਾਂ ਪਛਤਾਵੇ ਦੀ ਤੇ ਰੁਦਨਮਈ
ਪ੍ਰਸਥਿਤੀ ਦੀ ਪੇਸ਼ਕਾਰੀ ਕਰਦੀਆਂ ਯਥਾਰਥਕ ਪ੍ਰਸਿਧੀ ਦਾ ਅਚੇਤ ਹੀ ਪ੍ਰਗਟਾਵਾ ਕਰ ਦਿੰਦੀਆਂ
ਹਨ ਜੋ ਸਥਿਤੀ ਉਹਨਾਂ ਨੂੰ ਸਮਾਜ ਵਿੱਚ ਦੁਜੈਲ ਦਾ ਦਰਜਾ ਦਿੰਦੀ ਹੈ।
ਪਰਵਾਸੀ ਪੰਜਾਬੀ ਨਾਰੀ ਕਾਵਿ ਇਕੋ ਵੇਲੇ ਪੁਰਾਤਨ ਪੰਜਾਬੀ ਸਭਿਆਚਾਰਕ ਰਵਾਇਤਾਂ ਨਾਲ ਵੀ
ਜੁੜਿਆ ਹੋਇਆ ਹੈ ਅਤੇ ਉਸੇ ਸਮੇਂ ਸਖਸੀ ਆਜ਼ਾਦੀ ਦਾ ਪ੍ਰਸੰਗ ਵੀ ਸਿਰਜਦਾ ਹੈ। ਉਹ
ਪਿੱਤਰ-ਸੱਤਾ ਵਾਲੀ ਸੋਚ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ। ਨਾਰੀ-ਕਾਵਿ ਵਿੱਚ ਪੇਸ਼ ਨਾਰੀ
ਭਰਾਂਤੀ ਵਾਲੀ ਪ੍ਰਸਥਿਤੀ ਵਿਚ ਵਿਚਰ ਰਹੀ ਹੈ। ਉਹ ਪ੍ਰਵਾਨ ਕੀਤੇ ਜਾਣ ਦੀ ਅਰਜੋਈ ਕਰਦੀ ਹੈ।
ਇਸ ਅਰਜੋਈ ਦੀ ਕੁੱਖ ਵਿਚ ਸਮਾਜ ਵੱਲੋਂ ਨਾਰੀ ਪ੍ਰਤੀ ਕੀਤੀ ਗਈ ਨਜ਼ਰ ਅੰਦਾਜੀ ਨਿਹਿਤ ਹੈ।
ਨਾਰੀ ਕਾਵਿ ਉਪ-ਭਾਵਕ ਨਹੀਂ ਪਰ ਭਾਵੁਕ ਤੌਰ ਤੇ ਸਮੱਸਿਆਵਾਂ ਨੂੰ ਦੇਖਦਾ ਤੇ ਪੇਸ਼ ਕਰਦਾ ਹੈ।
ਔਰਤ ਪ੍ਰਸਥਿਤੀਆਂ ਨਾਲ ਬਹੁਤ ਜਲਦੀ ਸਮਝੌਤਾ ਕਰ ਲੈਂਦੀ ਹੈ। ਇਸ ਕਰਕੇ ਜੋ ਭੂ-ਹੇਰਵਾ
ਪਰਵਾਸੀ ਕਾਵਿ ਦਾ ਪ੍ਰਵਚਨ ਬਣਦਾ ਰਿਹਾ ਹੈ, ਉਹ ਨਾਰੀ ਕਾਵਿ ਵਿਚ ਉਭਰਵੇਂ ਰੂਪ ਵਿਚ
ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਨਾਰੀ ਲਈ ‘ਪੇਕਾ ਘਰ‘ ਅਤੇ ਸੁਹਰਾ ਘਰ‘ ‘ਦੋ ਦੇਸ਼‘ ਹਨ। ਇਕ
‘ਦੇਸ਼‘ ਵਿਚ ਉਸ ਦੇ ਕੰਨਾਂ ਵਿਚ ਇਹ ਆਵਾਜ਼ ਪੈਂਦੀ ਹੈ ਕਿ ‘ਬਿਗਾਨੇ ਘਰ ਜਾਣਾ ਹੈ‘ ਅਤੇ ਦੂਜੇ
‘ਦੇਸ਼‘ ਪਹੁੰਚ ਕੇ ‘ਬਿਗਾਨੀ ਹੈ‘ ਦੀ ਗੂੰਜ ਸੁਣਾਈ ਦਿੰਦੀ ਹੈ। ਦੋ ਸੰਵੇਦਨਾਵਾਂ ਵਿਚੋ
ਗੁਜ਼ਰਦੀ ਉਹ ਰਿਫਿਊਜੀ ਦੀ ਅਉਧ ਹੰਢਾਉਂਦੀ ਹੈ। ਇਹ ਬੇਗਾਨਾਪਨ ਉਸਦੀ ਆਜਾਦ ਮੁਕੰਮਲ ਹਸਤੀ
ਨੂੰ ਜ਼ਖ਼ਮੀ ਕਰ ਦਿੰਦਾ ਹੈ। ਪੰਜਾਬੀ ਨਾਰੀ ਜਦੋਂ ਕੈਨੇਡਾ ਦੀ ਧਰਤੀ ਉਪਰ ਪਹੁੰਚਦੀ ਹੈ ਤਾਂ
ਇਥੇ ਆ ਕੇ ਉਸਦਾ ਭੂ-ਹੇਰਵਾ ਉਸ ਲਈ ਇਕ ਵੱਖਰਾ ਧਰਾਤਲ ਨੂੰ ਸਿਰਜਦਾ ਹੈ ਜਿੱਥੇ ਆਰਥਿਕ ਤੇ
ਸਮਾਜਿਕ ਆਜਾਦੀ ਉਸਦੇ ਜੀਵਨ ਵਿਚ ਪਹਿਲੇ ਸਰੋਕਾਰ ਬਣਦੇ ਹਨ। ਨਾਰੀ ਦੀ ਜਿੰਦਗੀ ਵਿਚ
ਭੂ-ਹੇਰਵਾ ਪੇਕੇ ਅਤੇ ਸਹੁਰੇ ਘਰ ਦੇ ਪ੍ਰਸੰਗ ਵਿਚ ਵੀ ਵਿਦਮਾਨ ਹੈ। ਇਸੇ ਕਰਕੇ ਕੈਨੇਡਾ ਦੇ
ਨਾਰੀ-ਕਾਵਿ ਵਿਚ ਉਸ ਤਰ੍ਹਾਂ ਦੇ ਭੂ-ਹੇਰਵੇ ਵਾਲੀ ਕਵਿਤਾ ਦੇ ਪ੍ਰਸੰਗ ਨਹੀਂ ਮਿਲਦੇ ਜੋ
ਪਹਿਲੇ ਪਰਵਾਸੀ ਦੌਰ ਦੀ ਕਵਿਤਾ ਵਿਚ ਕੇਂਦਰੀ ਧੁਰੇ ਵਜੋਂ ਨਿਹਿਤ ਸਨ। ਸੰਚਾਰ-ਸਾਧਨਾ ਦੇ
ਤੇਜੀ ਨਾਲ ਵਿਕਾਸ ਕਾਰਨ ਵੀ ਇੱਕੀਵੀਂ ਸਦੀ ਵਿਚ ਭੂ-ਹੇਰਵਾ ਉਹਨਾਂ ਭਾਂਵਾਂ ਦਾ ਧਾਰਨੀ ਨਹੀਂ
ਰਿਹਾ ਜਿਹੜਾ ਵੀਂਹਵੀ ਸਦੀ ਦੇ ਅੱਧ ਵਿਚ ਲਿਖੀ ਜਾ ਰਹੀ ਕਵਿਤਾ ਦਾ ਮੁੱਖ ਧੁਰਾ ਸੀ।
ਕੂੰਜਾਂ- ਕੈਨੇਡਾ ਦੇ ਨਾਰੀ-ਕਾਵਿ ਦਾ ਪ੍ਰਵਚਨ-‘ਕੂੰਜਾਂ‘ ਵਿਚ ਪੇਸ਼ ਨਾਰੀ-ਕਵਿਤਾ ਵਿਭਿੰਨ
ਸਰੋਕਾਰਾਂ ਨੂੰ ਆਪਣੀ ਕਵਿਤਾ ਦਾ ਅੰਗ ਬਣਾਉਂਦੀ ਹੈ। ਸਮਾਜਕ ਲਾਹਣਤਾਂ, ਮਾਦਾ ਭਰੂਣ ਹੱਤਿਆ,
ਨੌਜਵਾਨ ਕੁੜੀਆਂ ਨੂੰ ਆਪਣੀ ਮਰਜੀ ਨਾਲ ਵਿਆਹ ਸਾਥ ਚੁਨਣ ਦਾ ਹੱਕ ਨਾ ਦੇਣਾ ਅਤੇ ਕਤਲ ਕਰ
ਦੇਣਾ, ਧੀ ਹੋਣ ਉੱਤੇ ਸਵਾਗਤ ਨਾ ਕਰਨਾ ਆਦਿ ਇੱਕੋ ਮਾਨਸਿਕਤਾ ਦੇ ਵੱਖਰੇ ਵੱਖਰੇ ਪਹਿਲੂ ਹਨ
ਜਿਸਦੀ ਨੀਂਹ ਵਿਚ ਪੰਜਾਬੀ ਸਮਾਜ ਦੀ ਪਿਤਰ ਮਾਨਸਿਕਤਾ ਵਾਲੀ ਸੋਚ ਪਈ ਹੋਈ ਹੈ। ਕੈਨੇਡਾ ਦਾ
ਵਿਕਸਿਤ ਅਤੇ ਬਹੁ-ਸੱਭਿਆਚਾਰਾਂ ਵਾਲਾ ਸਮਾਜ ਜਵਾਨ ਬੱਚਿਆਂ ਨੂੰ ਚਾਹੇ ਉਹ ਮੁੰਡਾ ਹੋਵੇ ਜਾਂ
ਕੁੜੀ, ਆਪਣੀ ਜਿੰਦਗੀ ਦੇ ਫੈਸਲੇ ਆਪ ਕਰਨ ਦੀ ਖੁੱਲ ਦਿੰਦਾ ਹੈ ਪਰ ਪੰਜਾਬੀ ਸਮਾਜ ਆਪਣੀਆਂ
ਧੀਆਂ ਦੇ ਇਸ ਹੱਕ ਨੂੰ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਕਰ ਸਕਿਆ। ਇਸੇ ਕਰਕੇ ਕੈਨੇਡੀਅਨ
ਪੰਜਾਬੀ ਨਾਰੀ-ਕਾਵਿ ਕੈਨੇਡਾ ਵਿਚ ਪੰਜਾਬੀ ਧੀਆਂ ਦੇ ਹੋਏ ਕਤਲਾਂ ਨੂੰ ਆਪਣੀਆਂ ਕਵਿਤਾਵਾਂ
ਵਿਚ ਦਮਨ, ਹਿੰਸਾ ਅਤੇ ਵਿਦਰੋਹ ਵਜੋਂ ਦਰਜ ਕਰਾਉਂਦਾ ਹੈ। ਕੈਨੇਡਾ ਵਿਚ ਪੰਜਾਬੀ ਸਾਮਾਜ ਵਿਚ
ਭਰੂਣ- ਹੱਤਿਆ ਦੀ ਟੋਹ ਇਸ ਗੱਲ ਤੋਂ ਵੀ ਲੱਗਦੀ ਹੈ ਕਿ ਕੈਨੇਡਾ ਵਿਚ ਪੰਜਾਬੀਆਂ ਦੀ ਘਣੀ
ਆਬਾਦੀ ਵਾਲੇ ਇਲਾਕਿਆਂ ਵਿਚ ਲਿੰਗ ਅਨੁਪਾਤ ਸਾਰੇ ਕੈਨੇਡਾ ਵਿਚੋਂ ਵੱਧ ਹੈ। ਨਾਰੀ ਕਵੀਆਂ ਨੇ
ਔਰਤ ਪ੍ਰਤੀ ਅਪਣਾਈ ਜਾਂਦੀ ਇਸ ਦੁਜੈਲੀ ਮਾਨਸਿਕਤਾ ਬਾਰੇ ਆਪਣਾ ਵਿਰੋਧ ਦਰਸਾਉਂਦਾ ਕਾਵਿਕ
ਪ੍ਰਤੀਕਰਮ ਦਰਜ ਕਰਾਇਆ ਹੈ। ਖਾਸ ਕਰਕੇ ਪੁੱਤਰਾਂ ਦੇ ਮੁਕਾਬਲੇ ਧੀਆਂ ਅਤੇ ਨੂੰਹਾਂ ਦੇ
ਸੰਦਰਭ ਵਿਚ ਅਪਣਾਈ ਜਾਂਦੀ ਪਖਪਾਤੀ ਪਹੁੰਚ ਸਮਾਜਕ ਜੀਵਨ ਵਿਚ ਤ੍ਰਾਸਦੀ ਨੂੰ ਸਿਰਜਦੀ ਹੈ
ਜਿਹੜੀ ਪੁੱਤਰ/ਧੀ/ਨੂੰਹ/ਸੱਸ ਦੇ ਰਿਸ਼ਤਿਆਂ ਦੀ ਕਸੀਦਗੀ ਦੇ ਰੂਪ ਵਿਚ ਵੀ ਪੇਸ਼ ਹੁੰਦੀ ਹੈ।
‘ਕੂੰਜਾਂ‘ ਵਿਚ ਨਾਰੀ ਪ੍ਰਵਚਨ ਤਿੰਨ ਪੱਧਰਾਂ ਉੱਤੇ ਪੇਸ਼ ਹੋਇਆ ਹੈ। ਪਹਿਲੀ ਪ੍ਰਸਥਿੱਤੀ ਵਿਚ
ਕਾਵਿ ਰਚਨਾਵਾਂ ਸਮੱਸਿਆਂ ਦੀ ਕੇਵਲ ਭਾਵਕ ਪੇਸ਼ਕਾਰੀ ਕਰਦੀਆਂ ਹਨ ਜਿਨ੍ਹਾਂ ਵਿਚ ਰੁਦਨ ਹੈ,
ਬੇਬਸੀ ਹੈ ਅਤੇ ਹਉਕਾ ਹੈ। ਇਹ ਕਾਵਿ ਦੁਖ ਦੀ ਸੰਵੇਦਨਾ ਨੂੰ ਨਿੱਜੀ ਅਨੁਭਵ ਦੀ ਪੱਧਰ ਤੇ
ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ। ਇਹ ਨਿਜੀ ਅਨੁਭਵ ਵੀ ਹੈ ਅਤੇ ਸਮਾਜੀ ਵੀ। ਦੂਜੇ ਪੜਾਅ ਉਤੇ
ਨਾਰੀ-ਕਾਵਿ ਸਮਾਜਿਕ ਸੰਰਚਨਾਵਾਂ ਹੋਣ ਦੇ ਅੰਗ ਵਜੋਂ, ਉਨ੍ਹਾਂ ਨਾਂਹ ਵਾਚਕ ਪ੍ਰਸਥਿਤੀਆਂ
ਨੂੰ ਰੱਦ ਕਰਦਾ ਹੈ ਜੋ ਨਾਰੀ ਦੇ ‘ਨਾਰੀ‘ ਹੋਣ ਵਜੋਂ ਸਾਮਾਜ ਦੇ ਵਿਵਹਾਰ ਵਿਚੋਂ ਪੈਦਾ
ਹੋਈਆਂ ਹਨ। ਉਹ ਮਰਦ ਔਰਤ ਸੰਬੰਧਾਂ ਦੇ ਅਸਾਂਵੇਂ ਰਿਸ਼ਤੇ ਨੂੰ ਵੀ ਰੱਦ ਕਰਦੀਆਂ ਹਨ ਜੋ ਔਰਤ
ਨੂੰ ਦੂਜੈਲ ਦਾ ਦਰਜਾ ਦਿੰਦੇ ਹਨ। ਇਸ ਤਰ੍ਹਾਂ ਦਾ ਕਾਵਿ ਗਿਣਤੀ ਦੇ ਪੱਖੋਂ ਭਰਪੂਰ ਮਾਤਰਾ
ਵਿਚ ਲਿਖਿਆ ਗਿਆ ਹੈ। ਔਰਤ ਦੀ ਤੀਸਰੀ ਪ੍ਰਸਥਿਤੀ ਆਪਣੇ ਸਵੈਵਿਸ਼ਵਾਸ ਉੱਤੇ ਆਪਣੀ ਜਗਾ
ਤਲਾਸ਼ਦੀ ਅਤੇ ਜਦੋਜਹਿਦ ਕਰਦੀ ਹੈ। ਇਹ ਕਾਵਿ ਇਨਸਾਨੀ ਰੁਤਬੇ ਦੀ ਤਾਲਾਸ ਦਾ ਕਾਵਿ ਹੈ।
ਇੱਕੀਵੀਂ ਸਦੀ ਵਿਚ ਨੌਜਵਾਨ ਹੋਈ ਪੰਜਾਬੀ ਔਰਤ ਜਿਹੜੀ ਕੈਨੇਡਾ ਦੀ ਧਰਤੀ ਉਤੇ ਹੀ ਜੰਮੀ ਪਲੀ
ਹੈ ਪੰਜਾਬੀ ਸੱਭਿਆਚਾਰ ਦੇ ਨਾਂ ਉਤੇ ਔਰਤ ਦੇ ਦੂਜੈਲ ਦੇ ਦਰਜੇ ਨੂੰ ਰੱਦ ਕਰਦੀ ਹੈ। ਵਿਆਹ
ਸੰਸਥਾ ਦੇ ਵਪਾਰੀਕਰਨ ਦੀ ਖਿੱਲੀ ਵੀ ਉਡਾਉਦੀ ਹੈ। ਉਹ ਉਨ੍ਹਾਂ ਕਦਰਾਂ ਕੀਮਤਾਂ ਉਪਰ ਪ੍ਰਸ਼ਨ
ਚਿੰਨਮਈ ਕਾਵਿ ਦੀ ਸਿਰਜਣਾ ਕਰਦੀ ਹੈ ਜੋ ਵਿਰਸੇ ਤੇ ਵਿਰਾਸਤ ਦੇ ਨਾਂ ਉਪਰ ਪੰਜਾਬੀ ਔਰਤ ਨੂੰ
ਹਾਸ਼ੀਏ ਉਪਰ ਸੁੱਟ ਦਿੰਦੇ ਹਨ। ਪੰਜਾਬੀ ਸਮਾਜ ਵਿਚ ਕੈਨੇਡਾ ਆਉਣ ਦੇ ਲਾਲਚ ਵੱਸ ਕੀਤੇ ਜਾਂਦੇ
ਅਖੌਤੀ ਵਿਆਹ, ਮੰਡੀ ਦੀ ਵਸਤ ਵਾਂਗ ਇਕ ਵਿਕਣ ਵਾਲੀ ਚੀਜ਼ ਦੇ ਰੂਪ ਵਿਚ ਵਿਦਮਾਨ ਹਨ। ਇਹ
ਪੰਜਾਬੀਆਂ ਦੇ ਕੈਨੇਡਾ ਵੱਸਣ ਦੀ ਲਾਲਸਾ ਦਾ ਪ੍ਰਤੀਕ ਹੈ ਜੋ ਮੰਡੀ ਸੱਭਿਆਚਾਰ/ ਖੱਪਤ
ਸੱਭਿਆਚਾਰ ਨੇ ਪੈਦਾ ਕੀਤਾ ਹੈ। ਇਸ ਉੱਤੇ ਠਹਾਕਾ ਲਾਉਂਦੀ ਕਵਿਤਾ ਦੇਖੋ।
ਅਰਥਾਂ ਤੋਂ ਕੁਰਾਹੇ
ਅੱਖਰਾਂ ਦੀ ਰਾਹ ਪਏ
ਅੱਜਕੱਲ੍ਹ ਵਿਆਹ ਹ ਹ ਹ!!!
ਰੂਹਾਂ ਦੀ ਵਚਨਬੱਧਤਾ ਤੋਂ
ਵਪਾਰਕ ਅਦਾਰੇ ਤੱਕ ਦਾ ਸਫ਼ਰ
..................................
ਚਲੋ ਵਚਨਬੱਧਤਾ ਸਾਡੀ ਰੂਹੀ ਵਿਰਾਸਤ
ਕੀ ਪੈੜਾਂ ਛੱਡ ਜਾਣਗੇ
ਅੱਜਕੱਲ੍ਹ ਦੇ ਵਿਆਹ.....?
(‘ਵਿਆਹ‘-ਲਵੀਨ ਕੌਰ ਗਿੱਲ)
ਔਰਤ ਦੀ ਅਣ ਦਿਸਦੀ ਕੈਦ ਜਿਹੜੀ ਓਪਰੀ ਨਜਰੇ ਸਧਾਰਨ ਅੱਖ ਨੂੰ ਨਹੀਂ ਦਿਸਦੀ ਅਤੇ ਅਖੌਤੀ
‘ਅਜਾਦੀ ਦੇ ਬਿੰਬ‘ ਉੱਤੇ ਕਟਾਕਸ਼ ਕਰਦੀਆਂ ਨਜਮਾਂ ਨਾਰੀ ਕਾਵਿ ਵਿਚ ਪੇਸ਼ ਹੋਈਆਂ ਹਨ। ਔਰਤ
ਸਮਾਜ ਵੱਲੋਂ ਵਿਛਾਈ-ਬਿਸਾਤ ਵਿਚ ਕੈਦ ਹੈ।
ਮੇਰਾ ਤੇ ਸਰਦਲ ਦਾ ਚਰੋਕਣਾ ਸਾਥ ਹੈ।
ਮੈਂ ਤਾਂ
ਸਰਦਲ ਦੇ ਇਸ ਪਾਰ ਹੀ ਰਹਿ ਗਈ
ਜਗ-ਜਹਾਨ, ਖੁਸ਼ੀ-ਹਾਸੇ, ਪਿਆਰ-ਦੁਲਾਰ
ਸਾਰਾ ਰਹਿ ਗਿਆ
ਸਰਦਲ ਦੇ ਉਸ ਪਾਰ
(ਮੈਂ ਤੇ ਸਰਦਲ-ਇੰਦਰਜੀਤ ਕੌਰ ਸਿੱਧੂ)
ਨਾ ਕੋਈ ਬੂਹਾ, ਨਾ ਕੋਈ ਕੰਧ,
ਨਾ ਕੋਈ ਜੰਦਰਾ ਨਾ ਸੀਖਾਂ,
ਫਿਰ ਵੀ ਇਕ ਭਿਆਨਕ ਹਵਾਲਾਤ ਹੈ,
ਮੈਨੂੰ ਸਜਾ ਹੈ ਕਿ ਸਾਹਵਾਂ ਨੂੰ
ਕਦੇ ਗਰਮ ਨਾ ਹੋਣ ਦੇਵਾਂ
ਅਣਗਿਣਤ ਸਵਾਲ ਜਾਗਦੇ ਹਨ
ਰਾਤ ਪਹਿਰੇ ਤੇ ਹੈ
ਤੇ ਮੈਂ ਕੈਦ ਹਾਂ
(ਮੈਂ ਕੈਦ ਹਾਂ-ਰਾਜਿੰਦਰ ਬਾਜਵਾ)
ਵਿਸ਼ਵੀਕਰਨ ਦੇ ਮੰਡੀ ਸਭਿਆਚਾਰ ਵਿਚ ਮਾਨਵੀ ਹੋਂਦ ਇਕ ਵਸਤੂ ਤੋਂ ਵੱਧ ਕੁਝ ਅਰਥ ਨਹੀਂ
ਰੱਖਦੀ। ਉਸ ਦੀਆਂ ਥੀਣ-ਲੋਚਾਂ ਦਾ ਘਾਣ ਹੋ ਜਾਂਦਾ ਹੈ ਅਤੇ ਉਹ ਬੇਚਾਰਗੀ ਬੇਗਾਨਗੀ ਦੀ
ਪ੍ਰਸਥਿਤੀ ਵਿਚ ਵਿਚਰਦੀ ਹੈ।
ਦਰਦ ਸਮੁੰਦਰ, ਹਿਜਰ ਹਨੇਰਾ, ਪਾਰ ਉਤਾਰੇ ਕੌਣ
ਬੜੇ ਬੜੇ ਇਸ ਸ਼ੁਹ ਵਿਚ ਹੜ੍ਹ ਗਏ, ਅਸੀਂ ਵਿਚਾਰੇ ਕੌਣ।
(ਗ਼ਜ਼ਲ-ਨੁਜਹਤ ਸਦੀਕੀ)
ਉਦਾਸੀ, ਬੇਗਾਨਾਪਣ, ਉਦਰੇਵਾਂ, ਅਲਿਹਦਗੀ, ਅਸਤਿਤਵ ਦੀ ਤਲਾਸ਼ ਵਿਚ ਗੁਆਚਿਆ ਵਰਤਮਾਨ
ਪੂੰਜੀਵਾਦੀ ਵਿਵਸਥਾ ਦੀ ਦੇਣ ਹੈ। ਬਰਫ ਹੋਈ ਮਾਨਸਿਕਤਾ ਵਿਚੋਂ ਨਿਕਲਣ ਦਾ ਕੋਈ ਰਸਤਾ ਵੀ
ਤਾਂ ਨਜ਼ਰ ਨਹੀਂ ਆਉਾਂਦਾਲ਼ੋ ਇੰਤਜਾਰ, ਬੇ-ਯਕੀਨੀ ਤੇ ਭਟਕਣ ਨੂੰ ਜਨਮ ਦਿੰਦਾ ਹੈ। ਸਮੂਹਿਕ
ਵਿਚ ਵਿਚਰਣ ਵਾਲੀ ਜੀਵਨ ਜਾਚ ਵਾਲੀ ਮਾਨਸਿਕਤਾ ਹੋਰ ਵੀ ਉਦਾਸੀਨ ਹੋ ਜਾਂਦੀ ਹੈ।
ਆਪਣੀਆਂ ਖ਼ੁਦਗਰਜ ਇਛਾਵਾਂ ਦੀ ਪੂਰਤੀ ਵਿਚ ਲੀਨ
ਅਸੀਂ ਨਿਰਾਸ਼ਾਵਾਦ ਦੇ ਆਦੀ ਹੋ ਗਏ
......................................................
ਖਿਆਲਾਂ ਦੀ ਗਹਿਰੀ ਤਹਿ ਦਰ ਤਹਿ ਵਿਚ
ਖਲਬਲੀ ਹੈ, ਸਾਹ ਲੈਣ ਜੋਗੀ ਥਾਂ ਭਾਲਦੀ
(ਔਖੇ ਪਲ-ਦਵਿੰਦਰ ਬਾਂਸਲ)
ਨੀਂਦ ਵਿਚ ਤੁਰ ਰਹੇ ਲੋਕਾਂ ਦੀ ਭੀੜ,
ਕੀ ਕਰ ਰਹੀ ਹੈ,
ਕੀ ਹੋ ਰਿਹਾ ਹੈ,
ਕੋਈ ਥਾਹ ਨਹੀਂ, ਬਸ ਤੁਰ ਰਹੇ ਹਾਂ।
ਦੋਰਾਹਿਆਂ ਦੇ ਪੱਥਰ ਹਟਾ
ਅੱਜ ਫੇਰ ਮੈਂ ਇਸ ਭੀੜ ਵਿਚੋਂ
ਸਨਮੁੱਖ ਗੁਜ਼ਰਨਾ ਹੈ।
(ਭੀੜ-ਮਨਜੀਤ ਬਾਸੀ)
ਬਰਫ਼ ਦੇ ਸ਼ਹਿਰ ‘ਚੋਂ ਲੰਘ ਰਹੀ ਸਾਂ,
ਕੀ ਵੇਖਦੀ ਹਾਂ
ਉਸਦੀ ਨਾਭੀ ਚੋਂ, ਕਸਤੂਰੀ ਗਾਇਬ ਸੀ।
..............................................
ਦੋਸਤੀ ਦੀ ਕੋਈ ਫਸਲ ਵੀ ਤਾਂ ਨਹੀਂ ਉਗਦੀ ਇੱਥੇ,
ਬਹੁਤ ਕੁਝ ਦਬ ਜਾਂਦੈ
ਬਰਫੀਲੇ ਮੌਸਮਾਂ ਵਿਚ
ਦੱਬੀਆਂ ਵਸਤਾਂ ਲੱਭਣ ਲਈ
ਬਰਫ਼ ਪਿਘਲਣ ਦਾ ਇੰਤਜ਼ਾਰ ਕਰਨਾ ਪੈਂਦਾ
ਮੈਂ ਬਰਫ਼ ਪਿਘਲਣ ਦਾ ਇੰਤਜਾਰ ਕਰਾਂਗੀ।
(ਮੈਂ ਇੰਤਜਾਰ ਕਰਾਂਗੀ-ਸੁਰਜੀਤ)
ਪੰਜਾਬੀ ਸਮਾਜ ਵਿਚ ਕੈਨੇਡਾ ਨੂੰ ਇਕ ਸਵਰਗ ਦੇ ਬਿੰਬ ਵਜੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ
ਨਾਰੀ ਜਦੋਂ ਸੁਪਨਿਆਂ ਦੇ ਇਸ ਸੰਸਾਰ ਵਿਚ ਪਹੁੰਚਦੀ ਹੈ ਤਾਂ ਰੰਗ ਭੇਦ (ਜੋ ਬਾਹਰੀ ਤੌਰ ਤੇ
ਘੱਟ ਦਿੱਸਦਾ ਹੈ) ਦੇ ਵਿਤਕਰੇ ਨਾਲ ਉਸਦਾ ਸਾਹਮਣਾ ਹੁੰਦਾ ਹੈ। ਦੂਜੇ ਪਾਸੇ ਪੰਜਾਬੀਆਂ ਦਾ
‘ਵਹੁਟੀ-ਕੁਟ‘ ਤੇ ‘ਕੁੜੀ ਮਾਰ‘ ਬਿੰਬ ਵੀ ਦੂਜੀਆਂ ਕੌਮੀਅਤਾ ਦੇ ਮਨਾਂ ਵਿਚ ਪਿਆ ਹੋਇਆ ਹੈ।
ਜਿਸ ਦਾ ਅਕਸਰ ਹੀ ਉਹ ਅਹਿਸਾਸ ਕਰਦੀ ਹੋਈ ਸਾਹਮਣਾ ਕਰਦੀ ਹੈ।
ਸਕੂਲੋਂ ਛੁੱਟੀ ਸਮੇਂ ਅਕਸਰ ਮੇਰਾ ਬੱਚੀ
ਕਰਦੀ ਹੈ ਤਾਕੀਦ ਆਪਣੇ ਪਿਓ ਅਤੇ ਦਾਦੇ ਨੂੰ
ਕਿ ਉਹ ਖੜਿਆ ਕਰਨ ਸਕੂਲ ਦੇ ਗੇਟ ਤੋਂ ਬਾਹਰ
ਦਾਹੜੀ ਪੱਗ ‘ਚ ਉਹਨਾਂ ਨੂੰ ਉੱਥੇ ਦੇਖ
ਹੀਣ ਭਾਵਨਾ ਮਹਿਸੂਸ ਹੁੰਦੀ ਹੈ ਉਸਨੂੰ
............................................
ਇਧਰ ਵੱਖਰੀ ਨਸਲ ਦੀਆਂ ਮੇਰੀਆਂ ਸਹਿਕਰਮਣਾਂ
ਫਿਕਰਮੰਦ ਹਨ ਕਿ
ਮੈਂ ਆਪਣੇ ਘਰ ਵਿਚ ਸੁਰੱਖਿਅਤ ਹਾਂ ਕਿ ਨਹੀਂ ?
(ਅਸੀਂ ਤੇ ਉਹ-ਜਸਬੀਰ ਮੰਗੂਵਾਲ)
ਕੈਨੇਡਾ ਦਾ ਨਾਰੀ ਕਾਵਿ ਪਿੱਛੇ ਰਹਿ ਗਏ ਪੰਜਾਬ ਨੂੰ ਆਪਣੇ ਦਿਲ ਦੀ ਕਿਸੇ ਨੁੱਕਰ ਵਿਚ ਸਮੇਟ
ਅਗਾਂਹ ਤੁਰਦੀ ਪੰਜਾਬਣ ਦੀ ਗੱਲ ਕਰਦਾ ਹੈ। ਨਵੀਆਂ ਚੁਣੋਤੀਆਂ ਨੂੰ ਕਬੂਲਦੀ, ਨਵੀਂ ਧਰਤੀ
ਉੱਪਰ ਆਪਣੀਆਂ ਜੜ੍ਹਾਂ ਲਈ ਜ਼ਮੀਨ ਦੀ ਤਲਾਸ਼ ਕਰਦੀ ਹੈ। ਇਹ ਵਿਚੋਗੇ ਤੇ ਸਥਾਪਤ ਹੋਣ ਲਈ ਜਦੋ
ਜਹਿਦ ਦੀ ਕਵਿਤਾ ਹੈ।
ਮੈਂ ਤੇ ਮੇਰੀ ਕਵਿਤਾ
ਜਦੋਂ ਸ਼ਹਿਰ ਦੇ ਬਰੇਤਿਆਂ ਤੇ ਆਣ ਉੱਤਰੇ
ਤਾਂ ਅਸੀਂ ਦੋਹਾਂ
ਆਪਣੀਆਂ-ਆਪਣੀਆਂ ਤਲੀਆਂ ਵਿਚ
ਆਪਣੇ-ਆਪਣੇ ਵਿਗੋਚੇ ਘੁੱਟ ਲਏ ਸਨ
ਤਾਂ ਕਿ ਇਸ ਅਜਨਬੀ ਸ਼ਹਿਰ ਦੇ
ਫੁੱਲਾਂ, ਪਹਾੜਾਂ ਤੇ ਰੂਹਾਂ ਦੇ ਮੇਚ ਆ ਸਕੀਏ
(ਇਕ ਇਹ ਵੀ ਹਿੰਦੁਸਤਾਨ-ਸੁਰਿੰਦਰ ਪਾਲ ਕੌਰ ਬਰਾੜ)
ਇਹ ਕੈਨੇਡੀਅਨ ਬੋਹੜ ਹੈ
ਭਰਿਆ, ਭਰਿਆ, ਹਰਿਆ ਹਰਿਆ,
ਅਸਮਾਨ ਛੂੰਹਦਾ ਕੱਲਾ ਕਾਰਾ,
ਅਸਮਾਨ ਵੇਖਦਾ
ਧਰਤੀ ਨਾਲ ਇਸਦਾ ਕੋਈ ਰਿਸ਼ਤਾ ਨਹੀਂ ਹੈ
ਬਹੁਤ ਉਦਾਸ ਹੈ ਲੱਗਦਾ
ਇਹ ਕੈਨੇਡੀਅਨ ਬੋਹਡ।
(ਕੈਨੇਡੀਅਨ ਬੋਹੜ- ਇੰਦਰਜੀਤ ਕੌਰ ਸਿੱਧੂ)
ਬੈਠ ਕੇ ‘ਟਰੱਕੀ‘ ਵਿਚ ਜਾਵੇਂ ਖੇਤਾਂ ਨੂੰ
ਧੁੱਪੇ ਤੋੜੇ ‘ਬੇਰੀ‘ ਠੋਰ ਠੋਰ ਲੇਖਾਂ ਨੂੰ
ਰੁਲੇ ਖੇਤਾਂ ਵਿਚ ਡਿਗਰੀਆਂ ਦੇ ਢੇਰ ਬੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ!
(ਬੇਰੀਆਂ ਦਾ ਗੀਤ-ਦਵਿੰਦਰ ਕੌਰ ਜੋਹਲ)
ਔਰਤ ਦੇ ਅਸਤਿਤਵ ਨੂੰ ਤਲਾਸ਼ਦੀ ਕਵਿਤਾ ਇਸ ਕਾਵਿ ਦਾ ਹਾਸਲ ਹੈ। ਇਹ ਉਹ ਯਥਾਰਥਕ ਪ੍ਰਸਥਿਤੀ
ਹੈ ਜਿਸ ਵਿਚ ਔਰਤ ਜਿਉਂਦੀ ਹੈ।
ਸਲੀਬ ਤੇ ਚਾੜਨ ਤੋਂ ਪਹਿਲਾਂ
ਮੇਰੀ ਇਕ ਅਰਜ ਕਬੂਲ ਕਰਨੀ
ਸਿਰਫ਼ ਏਨੀ ਕਿ,
ਮੇਰੀ ਤਲਾਸ਼ੀ ਨਾ ਲੈਣੀ
ਮੇਰੇ ਬੋਝਿਆਂ ਵਿਚ ਤਲਖੀਆਂ ਦੇ ਖੰਜਰ ਨੇ,
ਮੇਰੇ ‘ਤੇ ਸੁਪਨਿਆਂ ਤੇ ਕਤਲ ਦਾ ਇਲਜਾਮ ਹੈ।
ਤੇ ਮੈਂ ਕੈਦ ਹਾਂ। (ਮੈਂ ਕੈਦ ਹਾਂ-ਰਾਜਿੰਦਰ ਬਾਜਵਾ)
ਜਦੋਂ ਵੀ ਮੈਂ
ਲਿਖਣ ਵਾਸਤੇ ਕਲਮ ਫੜਦੀ ਹਾਂ....
ਮੈਂ ਸੋਚਦੀ ਹਾਂ, ਇਹ ਸੋਚਾਂ ਦੇ ਕਤਰੇ ਕਿੱਥੋਂ ਆਉਾਂਦੇਂੇ
ਸ਼ਾਇਦ ਮੇਰੇ ਅੰਦਰ ਕੁਝ ਟੁੱਟ ਗਿਆ ਹੈ
ਜਿਸ ਦੀਆਂ ਕਿਰਚਾਂ ਕਿੱਲਾਂ ਬਣਕੇ
ਮੇਰੀ ਰੂਹ ਵਿਚ ਖੁੱਭ ਗਈਆਂ ਨੇ।
(ਗੁੱਝੀ ਪੀੜ-ਉਜ਼ਮਾ ਮਹਿਮੂਦ)
ਸਧਾਰਨ ਅੱਖ ਨੂੰ ਇਹ ਇਕ ਔਰਤ ਦਿੱਸਦੀ ਹੈ,
ਇਕ ਔਰਤ ਜੋ ਆਪਣੇ ਮਰਦ ਲਈ
ਆਪਣੇ ਬੱਚੇ ਲਈ,
ਆਪਣੇ ਘਰ ਲਈ,
ਅੱਧੀ ਔਰਤ,
ਆਪਣੇ ਆਪ ਲਈ, ਆਪਣੀ ਰੂਹ ਲਈ
(ਡੇਢ ਔਰਤ-ਅਮਰਜੀਤ ਕੌਰ ਜੋਹਲ)
ਬਾਗਾਂ ਦੀ ਰਾਣੀ ਬਣਕੇ, ਆਵੇ ਕਿਵੇਂ ਉਹ ਤਿੱਤਲੀ,
ਰੰਗ ਡੀਕ ਜਿਸ ਦੇ ਹੋਇਆ, ਰੰਗੀਨ ਜੋ ਚੁਫੇਰਾ।
(ਗ਼ਜ਼ਲ-ਸੁਰਿੰਦਰ ਸੀਤ)
ਜਨਮ ਵੇਲੇ ਮਾਂ ਨੇ ਦਿੱਤਾ ਇਹ ਸੁਰਾਖ
ਦਿਲ ਵਿਚ ਖੁੱਭਿਆ ਕਿੱਲ ਖਿੱਚ ਦਿੱਤਾ
ਕੁੱਖ ਤੋਂ ਬਾਹਰ ਦੇ ਬੋਲ ਸੁਣੇ....ਗੁੜਤੀ ਦੇ ਨਾਲ,
‘‘ਵਾਰਸ ਨਹੀਂ, ਪੱਥਰ ਡਿੱਗ ਪਿਆ,
ਸਾਡੇ ਘਰ ਫਿਰ ਇਸ ਵਾਰ‘
ਦਿਲ ਵਿਚ ਜੰਮਦੇ ਸਾਰ ਸੁਰਾਖ਼
ਪਰੰਪਰਾ ਨੇ ਦਿੱਤਾ ਦਿਲ ਦਾ ਸੁਰਾਖ
(ਦਿਲ ਦਾ ਸੁਰਾਖ਼-ਸੁਰਜੀਤ ਕਲਸੀ)
ਆਰਥਿਕ ਮੰਦਹਾਲੀ ਨੇ ਜਿੱਥੇ ਜੰਮਣ ਭੋਂ ਤੋਂ ਦੂਰ ਕੀਤਾ ਉੱਥੇ ਔਰਤਾਂ ਆਪਣੇ ਪਿੱਛੇ ਪੰਜਾਬੀ
ਰਹਿਤਲ ਦੇ ਜਿਹੜੇ ਪਛਾਣ ਚਿੰਨ੍ਹ ਛੱਡ ਆਈਆਂ ਹਨ ਉਹਨਾਂ ਦੀ ਯਾਦ ਕਵਿਤਾ ਵਿੱਚ ਬਾਖੂਬੀ ਪੇਸ਼
ਹੋਈ ਹੈ। ਨਵੀਂ ਜੀਵਨ ਜਾਚ ਨੂੰ ਅਪਣਾਉਂਦੀ ਸਾਉਣ ਦੀਆਂ ਰੁੱਤਾਂ, ਕਣਕਾਂ ਤੇ ਸਰੋਂ ਦੇ ਖੇਤ,
ਪੀਂਘਾਂ, ਕਿੱਕਲੀ, ਸੁੱਭਰ, ਫੁਲਕਾਰੀ ਅਤੇ ਲੇਫ-ਤਲਾਈਆਂ ਨਾਲ ਭਰੇ ਸੰਦੂਕ ਯਾਦ ਕਰਦੀ ਹੈ।
ਦਾਣੇ-ਪਾਣੀ ਦੇਸ਼ ਛੁਡਾਇਆ, ਕੂਕਾਂ ਤੇ ਕੁਰਲਾਵਾਂ,
ਗਲੀ ਚੁਬਾਰੇ ਅੱਜ ਤੱਕ, ਉਹ ਲੱਭਦੀ ਰਹਿਨੀ ਆਂ,
ਦੇਸ਼ ਪਰਾਏ ਆ ਕੇ, ਭੇਸ ਵਟਾ ਕੇ, ਮੈਂ ਸ਼ਰਮਾਵਾਂ
ਸਾਟਣ, ਮਖਮਲ ਦੇ ਉਹ ਜੋੜੇ, ਕਿੱਥੇ ਭੁੱਲ ਗਈਆਂ।
(ਨਸਰੀਨ ਸਯਦ)
ਨਾਰੀ ਕਾਵਿ ਨੇ ਧਾਰਮਿਕ ਸੰਕੀਰਣਤਾ ਵਾਲੀ ਮਾਨਸਿਕਤਾ ਉੱਤੇ ਵੀ ਚੋਟ ਕੀਤੀ ਹੈ। ਧਰਮ ਜਿਹੜਾ
ਮਾਨਵੀ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦਾ ਸਭ ਨੂੰ ਬਰਾਬਰ ਸਮਝਣ ਦਾ ਹੋਕਾ ਦਿੰਦਾ ਹੈ ਪਰ
ਔਰਤਾਂ ਦੇ ਸੰਦਰਭ ਵਿਚ ਅਜਿਹਾ ਨਹੀਂ ਵਾਪਰਦਾ।
ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਆਗਿਆ
ਕੀਰਤਨ ਕਰਨ ਦੀ ਆਗਿਆ
ਪੰਜ ਪਿਆਰਿਆਂ ਦੀ ਪ੍ਰਥਾ ਵਿਚ
ਸ਼ਾਮਲ ਹੋਣ ਦੀ ਆਗਿਆ
ਜਿਉਣ ਦੀ ਆਗਿਆ
ਮਰਨ ਦੀ ਆਗਿਆ
ਅਜੇ ਪ੍ਰਵਾਨ ਨਹੀਂ
ਕਿਉਂਕਿ ਅਜੇ ਉਹ ਇਨਸਾਨ ਨਹੀਂ
(ਅਗਨੀ ਪ੍ਰੀਖਿਆ-ਸੁਰਜੀਤ ਕਲਸੀ)
ਤੁਸਾਂ! ਮੌਲਵੀਆਂ ਨੂੰ
ਨਾਰਾਜ਼ ਨਹੀਂ ਕਰਨਾ।
ਮੌਲਵੀਆਂ ਫਿਰ ਵੀ ਤੁਹਾਨੂੰ ਪਿਆਰ ਨਹੀਂ ਕਰਨਾ।
ਕੁਸਕੋ ਭਾਵੇਂ ਨਾ ਕੁਸਕੋ,
ਏਹਨਾਂ ਮੌਲਵੀਆਂ ਤੁਹਾਨੂੰ ਨਹੀਂ ਜਰਨਾ।
ਏਹਨਾਂ ਮੌਲਵੀਆਂ ਤੁਹਾਡਾ ‘ਆਹਰ‘ ਨਹੀਂ ਕਰਨਾ।
(ਆਹਰ-ਫੌਜੀਆ ਰਫ਼ੀਕ)
ਪੰਜਾਬੀ ਸਭਿਆਚਾਰ ਵਿਚ ਔਰਤ ਨੂੰ ਘਰ ਦੀ ਸਿਰਜਕ ਦੇ ਬਿੰਬ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ
ਹੈ। ਸਮਾਜਕ ਰਹਿਤਲ ਵਿਚ ਘਰ ਅਤੇ ਔਰਤ ਸ਼ਬਦ ਇਕ ਦੂਜੇ ਦੇ ਪੂਰਕ ਦੇ ਰੂਪ ਵਿਚ ਪੇਸ਼ ਹੁੰਦੇ
ਹਨ। ਘਰ ਦੀ ਦਹਿਲੀਜ ਨਾ ਉਲੰਘਣ ਦੀਆਂ ਬੰਦਸ਼ਾਂ ਸਹਿੰਦੀ ਔਰਤ ਜਦੋਂ ‘ਘਰ‘ ਬਾਰੇ ਆਪਣੀ
ਸੰਵੇਦਨਾ ਕਵਿਤਾ ਰਾਹੀਂ ਪ੍ਰਗਟ ਕਰਦੀ ਹੈ ਤਾਂ ‘ਅਖੌਤੀ-ਘਰ‘ ਦੋ ਵਿਰੋਧੀ ਗੁੱਟਾਂ ਵਿਚ
ਬੱਝਿਆ ਇਕ ਨਵਾਂ ਕਾਵਿ-ਬਿੰਬ ਉਸਾਰਦਾ ਹੈ। ਨਾਰੀ ਕਾਵਿ ਸਭਿਆਚਾਰ ਵਿਚ ਪਏ ਘਰਦੇ
‘ਸੁਰੱਖਿਅਤ‘ ਬਿੰਬ ਨੂੰ ਤੋੜਦਾ ਹੈ। ਨਾਰੀ ਨੂੰ ਕੋਈ ਘਰ ਆਪਣਾ ਨਹੀਂ ਲੱਗਦਾ। ਔਰਤ ਬੇਗਾਨਗੀ
ਦਾ ਅਹਿਸਾਸ ਸਾਰੀ ਉਮਰ ਹੰਢਾਉਂਦੀ। ਉਸ ਨੂੰ ਸਮਾਜਕ ਚੌਖਟੇ ਵਿਚ ਪੇਕੇ ਘਰ ਅਤੇ ਸਹੁਰੇ-ਘਰ
ਦੋਹਾਂ ਥਾਵਾਂ ‘ਤੇ ਬੇਗਾਨੀ ਹੋਣ ਦਾ ਅਹਿਸਾਸ ਹੀ ਕਰਵਾਇਆ ਜਾਂਦਾ ਹੈ। ਉਸ ਨੂੰ ਅਜ਼ਾਦੀ ਦਾ,
ਬਰਾਬਰੀ ਦਾ, ਇਨਸਾਨੀ ਕਦਰ ਦਾ ਅਹਿਸਾਸ ਨਹੀਂ ਹੁੰਦਾ। ਕੇਵਲ ਚੁੱਲਾ ਚੌਕਾ ਅਤੇ ਬੱਚੇ ਪਾਲਣ
ਤੱਕ ਮਹਿਦੂਦ ਨਾਰੀ, ਹੁਣ ਇਸ ਤੋਂ ਅੱਕ ਚੁੱਕੀ ਹੈ। ਉਹ ਘਰ ਨੂੰ ਪੂਰਨ ਤੌਰ ਤੇ ਤਿਲਾਂਜਲੀ
ਦੇ ਕੇ ਪੱਛਮੀ ਰਹਿਤਲ ਵਾਲਾ ਘਰ ਵੀ ਨਹੀਂ ਚਾਹੁੰਦੀ। ਉਹ ਤੰਦਰੁਸਤ ਕਦਰਾਂ ਵਾਲਾ ਘਰ
ਚਾਹੁੰਦੀ ਹੈ। ਪੇਕਾ ਘਰ ਬਹੁਤ ਪਿੱਛੇ ਰਹਿ ਜਾਂਦਾ ਹੈ ਅਤੇ ਵਿਆਹ ਤੋਂ ਬਾਅਦ ਬਣੇ ‘ਆਪਣੇ
ਘਰ‘ ਵਿਚ ਉਸ ਦਾ ਪੂਰਾ ਦਾਅਵਾ ਨਹੀਂ।
ਜਦ ਦੋ ਖਣ ਵੀ ਕਿਧਰੇ ਮੈਨੂੰ, ਆਪਣੇ ਨਹੀਂ ਲੱਗਦੇ,
ਕਿੰਝ ਸਿਫਤ ਕਰਾਂ ਮੈਂ, ਤੇਰੇ ਮਹਿਲ ਮੁਨਾਰੇ ਦੀ।
(ਗ਼ਜ਼ਲ-ਮਨਜੀਤ ਕੰਗ)
ਆਪਣੇ ਹੀ ਘਰ ਵਿਚ
ਜਿਵੇਂ ਮੈਂ ਕੋਈ ਅਜਨਬੀ
ਮੇਰਾ ਤੇ ਇਸ ਘਰ ਦਾ ਰਿਸ਼ਤਾ
ਕਰਜਾਈ ਤੇ ਸ਼ਾਹੂਕਾਰ ਦਾ ਰਿਸ਼ਤਾ
(ਘਰ ਵਿਚ ਅਜਨਬੀ-ਅਮਰਜੀਤ ਜੋਹਲ)
ਜਦ ਮੈਂ ਤੁਰ ਜਾਨੀ ਆਂ
ਕਿਉਂ ਯਾਦ ਆਉਾਂਦੇਂਹੀਂ ਤੁਸੀਂ ਸਾਰੇ.....?
ਕਿਉਂਕਿ ਮੈਂ ਹਲਕਾ ਮਹਿਸੂਸ ਕਰਨੀ ਆਂ
ਜਦੋਂ ਮੈਂ ਵਾਂਢੇ ਜਾਨੀ ਆਂ, ਛੁੱਟੀ ਉੱਤੇ ਹੁੰਦੀ ਆਂ.....
ਆਜਾਦ ਪੰਛੀ ਵਾਂਗ, ਉਡਾਰੀ ਮਾਰਦੀ ਆਂ
ਹਸਨੀ ਆਂ, ਗਾਂਦੀ ਆਂ
ਜਦ ਦਿਲ ਕਰੇ ਪਕਾਨੀ ਆਂ
............................
ਜੀਅ ਭਰ ਕੇ ਰੋਨੀ ਆਂ
ਬਿਨਾਂ ਡਰ ਤੋਂ
ਤਾਂ ਕਿ ਕਿਸੇ ਨੂੰ ਦੁੱਖ ਨਾ
ਲੱਗੇ ਮੇਰੇ ਹੰਝੂ ਦੇਖ
(ਜਦ ਮੈਂ ਤੁਰ ਜਾਨੀ ਆਂ-ਪਰਵੀਨ ਕੌਰ)
ਇਸ ਵਿਚ ਮੈਂ
ਆਪਣੀ ਬਾਂਹ ਸਿਰ ਹੇਠਾਂ ਰੱਖ
ਬੇ ਫਿਕਰ ਹੋ ਸੌਂ ਨਹੀਂ ਸਕਦੀ
ਮੈਂ ਟੁੱਟ ਗਈ ਹਾਂ
ਘਰ ਨਾਲੋਂ,
ਗੁਆਚ ਗਈ ਹਾਂ
ਜਾਂ ਘਰ ਕਿੱਧਰੇ ਗੁਆਚ ਗਿਆ ਹੈ।
(ਘਰ-ਇੰਦਰਜੀਤ ਕੌਰ ਸਿੱਧੂ)
ਬੜੀਆਂ ਹੀ ਰੀਝਾਂ
ਤੇ ਮਿਹਨਤ ਦੀਆਂ ਨੀਹਾਂ ਤੇ ਉਸਰੀ ਹਵੇਲੀ ਦਾ
ਡਿਗੂੰ ਡਿਗੂੰ ਕਰਦਾ ਢਾਂਚਾ,
ਅੱਖਾਂ ਦੀਆਂ ਝਿੰਮਣੀਆਂ ‘ਚ ਅਟਕੇ
ਕਿਰ ਕਿਰ ਜਾਂਦੇ
ਸੁਪਨਿਆਂ ਜਿਹਾ ਜਾਪਿਆ।
(ਸ਼ਕੁੰਤਲਾ ਤਲਵਾੜ)
ਕੁਝ ਨਵੀਆਂ ਕਲਮਾਂ, ਜਿਨ੍ਹਾਂ ਨੇ ਪਿਛਲੇ ਨੇੜਲੇ ਸਮੇਂ ਤੋਂ ਹੀ ਲਿਖਣਾ ਸ਼ੁਰੂ ਕੀਤਾ ਹੈ। ਉਹ
ਸ੍ਵੈ-ਵਿਸ਼ਵਾਸ ਨਾਲ ਜ਼ਿੰਦਗੀ ਨੂੰ ਦੇਖਦੀਆਂ ਕਹਿੰਦੀਆਂ ਹਨ।
ਮੈਂ ਤਾਂ ਸੂਰਜ ਦੇ ਪਿੰਡੇ ਤੇ
ਉਹ ਸ਼ਬਦ ਲਿਖ ਦਿਆਂ
ਜੋ ਮੱਚ ਕੇ ਉਘੜ ਆਉਣਗੇ।
(ਰਿਸ਼ਮ-ਦਿਉਲ ਪਰਮਜੀਤ)
ਮੈਨੂੰ ਨਹੀਂ ਚਾਹੀਦਾ ਸੱਤ ਜਨਮਾਂ ਦਾ ਸਾਥ
ਮੈਂ ਜਿਉਣਾ ਚਾਹੁੰਦੀ ਹਾਂ ਇਕੋ ਹੀ ਜਨਮ
ਜੀਅ ਭਰ ਕੇ ਆਪਣੀ ਰੂਹ ਨਾਲ
(ਸੱਤ ਜਨਮਾਂ ਦਾ ਸਾਥ-ਜਸਬੀਰ ਮੰਗੂਵਾਲ)
ਮੈਂ ਅਸਮਾਨ ਵਿਚ ਖੰਭ ਲਾ ਕੇ ਉਡਣਾ ਨਹੀਂ
ਮੈਂ ਚਾਹੁੰਦੀ ਹਾਂ ਧਰਤੀ ਦਾ ਉਹ ਟੁਕੜਾ
ਜਿਸ ਉੱਤੇ ਪੂਰੇ ਵਿਸ਼ਵਾਸ ਨਾ ਖੜ ਸਕਾਂ
ਮਮਤਾ ਭਰੇ ਮੋਹ ਨਾਲ,
ਔਰਤ ਦੇ ਅਸਤਿਤਵ ਨਾਲ
(ਮੈਂ ਚਾਹੁੰਦੀ ਹਾਂ-ਪਰਵਿੰਦਰ ਸਵੈਚ)
ਕੈਨੇਡੀਅਨ ਪੰਜਾਬੀ ਨਾਰੀ ਕਵਿਤਾ ਪੰਜਾਬੀ ਰਹਿਤਲ ਦੇ ਉਹਨਾਂ ਸਵਾਲਾਂ ਦੇ ਸਨਮੁਖ ਹੋ ਰਹੀ ਹੈ
ਜੋ ਔਰਤ ਦੀ ਜ਼ਿੰਦਗੀ ਦੇ ਹੁਸਨ ਨੂੰ ਖੋਰਾ ਲਾ ਰਹੇ ਹਨ। ਉਹ ਆਪਣੀ ਪਛਾਣ, ਸਿਆਣ; ਅਰਥ, ਮੰਤਵ
ਤੇ ਜ਼ਿੰਦਗੀ ਦੇ ਸਾਰ ਨੂੰ ਸਮਝਣ ਦੀ ਪ੍ਰਕ੍ਰਿਆ ਵਿਚ ਲੱਗੀ ਹੋਈ ਹੈ। ਉਹ ਵਿਰਸੇ ਵਿਚ ਮਿਲੇ
ਮਾਪਦੰਡਾਂ ਉੱਤੇ ਆਪਣੀ ਜ਼ਿੰਦਗੀ ਬਸਰ ਕਰਨਾ ਨਹੀਂ ਚਾਹੁੰਦੀ। ਉਹ ਆਪਣਾ ਅਸਮਾਨ ਆਪ ਤਲਾਸ਼ ਕਰ
ਰਹੀ ਹੈ।
ਮੈਂ ਦੇਖ ਰਹੀ ਹਾਂ
ਤੇ ਪਹਿਚਾਣ ਰਹੀ ਹਾਂ,
ਮੈਂ ਰਖਾਂਗੀ ਆਪਣਾ ਅਸਤਿਤਵ
ਹੰਢਾਵਾਂਗੀ ਹਰ ਰੁੱਤ ਨੂੰ
ਮਾਣਾਂਗੀ ਆਪਣੀ ਕੁੱਖ ਨੂੰ
ਦੁਲਾਰਾਂਗੀ ਉਸ ਨੂੰ ਪਲ ਪਲ
ਰਖਾਂਗੀ ਚੇਤੇ ਸਭ ਕੁਝ
ਜੋ ਤੇਰੀ ਨਜ਼ਰ ਵਿਚ ਸਵਾਲ ਲਟਕਦਾ ਹੈ
ਅੰਬਰ ਮੇਰੀ ਉਡਾਣ ਹੋਵੇਗੀ
ਮੈਂ ਉਹਨਾਂ ਤਾਰਿਆਂ ਨੂੰ ਹੱਥ ਪਾਵਾਂਗੀ
ਜੋ ਤੂੰ ਸੁਪਨਿਆਂ ਵਿਚ ਸਿਰਜੇ ਸਨ।
(ਆਪਣੀ ਪੋਤੀ ਕਮੀਲ ਲਈ-ਬਲਵੀਰ ਕੌਰ ਸੰਘੇੜਾ)
ਨਾਰੀ ਨੂੰ ਅੱਜ ਤੱਕ ਦੇਹ ਦੇ ਜਾਵੀਏ ਤੋਂ ਦੇਖਿਆ ਗਿਆ ਹੈ। ਅਜੋਕੇ ਸਮੇਂ ਦੀ ਔਰਤ ਜਗੀਰਦਾਰੀ
ਯੁਗ ਦੀ ਮਾਨਸਿਕਤਾ ਨੂੰ ਨਕਾਰਦੀ ਹੈ। ਉਹ ਪਿਤਰੀ ਬੰਦਸ਼ਾਂ ਅਤੇ ਜਰ, ਜੋਰੂ ਵਾਲੀ ਮਾਨਸਿਕਤਾ
ਤੋਂ ਆਜਾਦੀ ਲੋਚਦੀ ਹੈ। ਸ੍ਵੈ-ਭਰੋਸੇਮੰਦ ਹੈ। ਉਹ ਦੇਹ ਤੋਂ ਪਾਰ ਜਾ ਕੇ ਸਮਾਜਕ ਸੰਬੰਧਾਂ
ਨੂੰ ਦੇਖਦੀ ਹੈ ਅਤੇ ਅਧੀਨਗੀ ਨੂੰ ਨਕਾਰਦੀ ਹੈ।
ਬਦਲ ਗਿਆ ਹੈ ਵਕਤ
ਤੇ ਕੁੜੀਆਂ ਚਿੜੀਆਂ
ਉੱਡ ਗਈਆਂ ਹਨ
ਖੁਲ੍ਹੇ ਅਸਮਾਨ ਵਿਚ
ਹੁਣ ਇਹਨਾਂ ਨੂੰ ਬਨੇਰਾ ਨਹੀਂ ਚਾਹੀਦਾ,
ਬਾਬਲ ਵਿਹੜਾ ਵੀ ਨਹੀਂ ਚਾਹੀਦਾ
ਇਹ ਤਾਂ ਖੰਭ ਲਾ ਕੇ ਜੰਮੀਆਂ ਹਨ
(ਕੁੜੀਆਂ ਚਿੜੀਆਂ-ਇੰਦਰਜੀਤ ਕੌਰ ਸਿੱਧੂ)
ਨਵੇਂ ਜ਼ਮਾਨੇ ਦੀ ਔਰਤ ਮਾਣਮਤੀ ਹੈ। ਜੁਅਰਤ ਨਾਲ ਜਿਊਣਾ ਲੋਚਦੀ ਹੈ। ਉਹ ਰੋਣਾ-ਧੋਣਾ ਛੱਡ
ਆਪਣੀ ਮੰਜਿਲ ਦੀ ਤਲਾਸ਼ ਵੱਲ ਤੁਰ ਰਹੀ ਹੈ। ਪੰਜਾਬੀ ਔਰਤਾਂ ਨੇ ਕੈਨੇਡਾ ਪਹੁੰਚ ਕੇ ਔਰਤਾਂ
ਲਈ ਵਰਜਿਤ ਸਮਝੇ ਗਏ ਕੰਮਾਂ ਵਿਚ ਵੀ ਸ਼ਮੂਲੀਅਤ ਕੀਤੀ ਹੈ। ਬੱਸਾਂ ਚਲਾਉਣਾ ਅਤੇ ਲੰਬੇ ਰਾਹਾਂ
ਉੱਤੇ ਟਰੱਕਾਂ ਰਾਹੀਂ ਢੋਆ-ਢੁਆਈ ਦੇ ਕੰਮ ਨੂੰ ਵੀ ਅਪਣਾਇਆ ਹੈ। ਸਾਮੰਤੀ ਯੁਗ ਦੀ ਮਾਨਸਿਕਤਾ
ਹੰਢਾਉਾਂਦਾîਰਦ ਕੈਨੇਡਾ ਵਿਚ ਪੰਜਾਬਣਾਂ ਨੂੰ ਹੈਰਾਨੀ ਨਾਲ ਦੇਖਦਾ ਹੈ। ਪੰਜਾਬੀ ਨਾਰੀ
ਕੈਨੇਡੀਅਨ ਰਹਿਤਲ ਵਿਚ ਬਰ ਮੇਚ ਰਹੀ ਹੈ। ਪੰਜਾਬੀ ਸਮਾਜ ਨੇ ਅਜੇ ਉਹ ਮਾਨਸਿਕ ਸਫਰ ਤਹਿ
ਕਰਨਾ ਜਿਹੜਾ ਜਗੀਰਦਾਰੀ ਯੁਗ ਵਿੱਚ ਔਰਤ ਦੇ ਵਸਤੂ ਬਿੰਬ ਨੂੰ ਪੂਰਨ ਤੌਰ ਤੇ ਖਾਰਜ ਕਰਦਾ
ਹੋਵੇ ਅਤੇ ਪੂੰਜੀਵਾਦੀ ਪ੍ਰਬੰਧ ਦੇ ਮੰਡੀ/ਖਪਤ ਸਭਿਆਚਾਰ ਵਿਚਲੇ ਖਰੀਦ ਅਤੇ ਵੇਚ ਦੀ ਲਾਲਸਾ
ਦੀ ਪੂਰਤੀ ਨੂੰ ਨਕਾਰਦਾ ਹੋਵੇ। ਕੈਨੇਡੀਅਨ ਨਾਰੀ ਕਾਵਿ ਵਿਚ ਪੇਸ਼ ਹੋਈ ਔਰਤ ਹਾਲਾਤ ਦਾ
ਟਾਕਰਾ ਕਰਦੀ ਹੈ, ਪੰਜਾਬੀ ਸਮਾਜ ਵਿਚ ਨਕਾਰੇ ਜਾਣ ਕਰਕੇ ਹਾਰਦੀ ਵੀ ਹੈ, ਉਦਾਸ ਵੀ ਹੁੰਦੀ
ਹੈ ਪਰ ਹੌਂਸਲਾ ਨਹੀਂ ਹਾਰਦੀ। ਕੈਨੇਡਾ ਦੇ ਨਾਰੀ ਕਾਵਿ ਵਿਚ ਸੰਵੇਦਨਾਵਾਂ ਦੀ ਯਥਾਰਥਕ
ਪੇਸ਼ਕਾਰੀ ਕਰਦੇ ਸਮੇਂ ਕਈ ਵਾਰੀ ਨਿਰਾਸ਼ਾਵਾਦੀ ਪ੍ਰਸਥਿਤੀ ਉਜਾਗਰ ਹੁੰਦੀ ਹੈ ਪਰ ਨਿਰਾਸ਼ਾ ਦਾ
ਆਲਮ ਨਾਰੀ ਦੀ ਮੰਜਿਲ ਨਹੀਂ ਬਣਦਾ। ਉਹ ਕਈ ਵਾਰੀ ਸਮਝੌਤਾ ਕਰਦੀ ਹੈ, ਜੜ ਹੋਈਆਂ
ਕਦਰਾਂ-ਕੀਮਤਾਂ ਨੂੰ ਨਕਾਰਦੀ ਹੈ ਅਤੇ ਆਸ ਕਰਦੀ ਹੈ ਕਿ ਸਮਾਜਕ ਧਰਾਤਲ ਉੱਪਰ ਉਸ ਨੂੰ
ਇਨਸਾਨੀ ਕਦਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਵੇ।
ਕੈਨੇਡਾ ਦੇ ਨਾਰੀ ਕਾਵਿ ਵਿਚਲੀ ਭਾਸ਼ਾ ਉਤੇ ਨਜ਼ਰ ਮਾਰੀਏ ਤਾਂ ਇਸ ਵਿੱਚ ਬਹੁਤ ਸਾਰੇ ਅੰਗਰੇਜ਼ੀ
ਸ਼ਬਦਾਂ ਦੀ ਭਰਮਾਰ ਮਿਲਦੀ ਹੈ। ਇਹ ਉਹਨਾਂ ਦੀ ਰੋਜ਼-ਮਰਾ ਦੀ ਜ਼ਿੰਦਗੀ ਵਿਚ ਵਰਤੇ ਜਾਂਦੇ ਸ਼ਬਦ
ਹਨ ਜਾਂ ਉਹਨਾਂ ਕੋਲ ਸ਼ਬਦ ਦਾ ਹੋਰ ਬਦਲ ਨਹੀਂ ਪਰ ਉਹਨਾਂ ਸ਼ਬਦਾਂ ਨਾਲ ਜਨਮਾਨਸ ਦੀ ਪਹਿਚਾਣ
ਹੈ ਜਿਵੇਂ ‘ਮਾਲਾਂ‘ ਸਟਰੀਟਾਂ, ਸਮਰਾਂ, ਗਸ਼ੈਟੀ, ਫਲੈਟਾਂ, ਰੋਲਾਂ, ਐਕਟਰਾਂ, ਸਪਾਸਾਰਸਿਪ
ਆਦਿ ਦਾ ਪੰਜਾਬੀਕਰਨ ਹੋਇਆ ਹੈ। ਇਸ ਦਾ ਵੱਡਾ ਕਾਰਨ ਕੈਨੇਡਾ ਦੀ ਪੰਜਾਬੀ ਰਹਿਤਲ ਵਿਚਲੀ
ਬੋਲਚਾਲ ਵਿਚ ਬਹੁਤ ਸਾਰੇ ਸ਼ਬਦ ਆਮ ਹੀ ਅੰਗਰੇਜ਼ੀ ਦੇ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਨਵੇਂ
ਭਾਸ਼ਕ ਬਿੰਬ ਕਵਿਤਾ ਵਿਚ ਪਏ ਹੋਏ ਹਨ ਜੋ ਪੰਜਾਬੀ ਮੂਲ ਧਾਰਾ ਵਾਲੇ ਪੰਜਾਬੀ ਕਾਵਿ ਦਾ ਹਿੱਸਾ
ਨਹੀਂ ਹਨ। ਕੈਨੇਡਾ ਵਿਚ ਲਿਖੀ ਜਾ ਰਹੀ ਕਵਿਤਾ ਕੈਨੇਡਾ ਦੇ ਪੰਜਾਬੀ ਮਾਨਵ ਦੇ ਸਰੋਕਾਰਾਂ ਦੀ
ਕਵਿਤਾ ਵੀ ਹੈ। ਇਹ ਕਵਿਤਾ ਜਿੱਥੇ ਸਮੁੱਚੇ ਪੰਜਾਬੀ ਜਗਤ ਨੂੰ ਮੁਖਾਤਿਬ ਹੈ ਉੱਥੇ ਕੈਨੇਡੀਅਨ
ਪੰਜਾਬੀ ਇਸ ਦਾ ਪਹਿਲਾ ਪਾਠਕ ਹੈ। ਇਸ ਕਰਕੇ ਸਹਿਜ ਸੁਭਾਅ ਹੀ ਇਸ ਕਵਿਤਾ ਦਾ ਅੰਗਰੇਜ਼ੀ ਸ਼ਬਦ
ਹਿੱਸਾ ਬਣਦੇ ਹਨ। ਬਹੁਤ ਸਾਰੀ ਕਵਿਤਾ ਵਾਰਤਕ ਦੇ ਪ੍ਰਭਾਵ ਵਾਲੀ ਹੈ ਜਿਸ ਵਿਚ ਪੋਇਟਿਕ ਬਿੰਬ
ਵੀ ਨਹੀਂ ਉਭਰਦਾ। ਕਵਿਤਾ ਵਿੱਚ ਸਥਾਨਕ ਰੰਗਣ ਦੀ ਪੇਸ਼ਕਾਰੀ ਵੀ ਹੈ। ਇਹ ਕੈਨੇਡਾ ਦੇ
ਭੂਗੋਲਿਕ ਭੂ-ਖੰਡ ਨਾਲ ਇਕਸੁਰਤਾ ਨੂੰ ਦਰਸਾਉਂਦੀ। ਕੈਨੇਡਾ ਦੇ ਕੁਦਰਤੀ ਨਜਾਰਿਆਂ, ਇੱਥੋਂ
ਦੀਆਂ ਫਸਲਾਂ, ਫਲਾਂ, ਫੁੱਲਾਂ, ਰੁੱਖਾਂ ਅਤੇ ਮੌਸਮਾਂ ਬਾਰੇ ਵੀ ਕਵਿਤਾਵਾਂ ਨਾਰੀ ਕਾਵਿ ਦਾ
ਹਾਸਿਲ ਹਨ। ਟੋਰਾਂਟੋ ਰਹਿੰਦੀਆਂ ਕਵਿਤਰੀਆਂ ‘ਬਰਫ‘ ਦੇ ਬਿੰਬ ਨੂੰ ਆਪਣੇ ਕਾਵਿ ਵਿਚ ਬਾਖੂਬੀ
ਵਰਤ ਰਹੀਆਂ ਹਨ। ਵੈਨਕੋਵਰ ਦੀ ਕਵਿਤਰੀ ਜਦੋਂ ‘ਬਲੂ ਬੇਰੀ‘ ਨੂੰ ਮਜਾਜਣ ਨਾਲ ਤੁਲਨਾ ਦਿੰਦੀ
ਹੈ ਤਾਂ ਪੰਜਾਬੀ ਸਭਿਆਚਾਰ ਦੀ ਮੁਟਿਆਰ ਦੀ ਮੜਕ ਦਾ ਬਿੰਬ ਉਭਰਦਾ ਹੈ। ਇਸੇ ਤਰ੍ਹਾਂ
ਵੈਨਕੂਵਰ ਖੇਤਾਂ ਵਿਚ ਬੇਰੀ ਤੋੜਨ ਲਈ ਮੁਟਿਆਰ ਨੂੰ ਲੈ ਕੇ ਜਾਂਦੀ ‘ਟਰੱਕੀ‘ ਨੂੰ ਪੰਜਾਬੀ
ਬੋਲੀ ਅਤੇ ਸੁਭਾਅ ਅਨੁਸਾਰ ਪਰਿਭਾਸ਼ਤ ਕੀਤਾ ਹੈ। ਕੈਨੇਡੀਅਨ ਪੰਜਾਬੀ ਨਾਰੀ ਕਾਵਿ ਦੀ ਨੀਂਹ
ਵਿਚ ਭਾਵੇ ਪੰਜਾਬ ਦੀ, ਵਿਰਾਸਤ, ਸਭਿਆਚਾਰ ਅਤੇ ਅਜੋਕਾ ਪ੍ਰਸੰਗ ਨਿਹਿਤ ਹੈ ਪਰ ਕੈਨੇਡੀਅਨ
ਰਹਿਤਲ ਦੀ ਪਾਹ ਅਤੇ ਭਾਅ ਵੀ ਪੰਜਾਬੀ ਨਾਰੀ ਕਵਿਤਾ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ।
ਸਮੁੱਚੇ ਤੌਰ ਤੇ ਕੈਨੇਡਾ ਦੇ ਨਾਰੀ ਕਾਵਿ ਦਾ ਕੇਂਦਰੀ ਧੁਰਾ ਔਰਤ ਅਤੇ ਉਸ ਨਾਲ ਜੁੜੇ
ਸਰੋਕਾਰ ਹਨ। ਵਿਕਸਿਤ ਪੂੰਜੀਵਾਦੀ ਵਿਵਸਥਾ ਅਤੇ ਪੰਜਾਬੀ ਰਹਿਤਲ ਦੇ ਮਿਲਗੋਭੇ ਵਾਲੇ
ਪਾਸਾਰਾਂ ਵਿਚੋਂ ਇਹ ਕਵਿਤਾ ਇਕ ਨਵਾਂ ਪੈਰਾਡਾਈਮ ਸਿਰਜਦੀ ਹੈ। ਕੈਨੇਡੀਅਨ ਨਾਰੀ ਆਪਣੇ ਜੀਵਨ
ਵਿਚ ਕੈਨੇਡੀਅਨ ਅਤੇ ਪੰਜਾਬੀ ਸਮਾਜ ਦੇ ਸਭਿਆਚਾਰਕ ਮੁੱਲਾਂ ਦੀ ਇਕਸੁਰਤਾ ਬਣਾਉਣ ਦੇ ਅਮਲ
ਵਿਚੋਂ ਗੁਜਰਦੀ ਜਦੋ-ਜਹਿਦ ਕਰ ਰਹੀ ਹੈ।
ਕੈਨੇਡਾ ਦੇ ਨਾਰੀ ਕਾਵਿ ਦਾ ਸੰਗ੍ਰਹਿ ਕਿਸੇ ਪ੍ਰਵਿਰਤੀ ਨੂੰ ਮੁੱਖ ਰੱਖ ਕੇ ਤਿਆਰ ਨਹੀਂ
ਕੀਤਾ ਗਿਆ। ਕੈਨੇਡੀਅਨ ਪੰਜਾਬੀ ਔਰਤਾਂ ਵਲੋਂ ਲਿਖੀ ਜਾ ਰਹੀ ਕਵਿਤਾ ਦੀ ਮੰਗ ਹੀ ਨਾਰੀ
ਲੇਖਕਾਵਾਂ ਤੋਂ ਕੀਤੀ ਗਈ ਸੀ। ਇਹ ਬੜਾ ਹੀ ਰੌਚਕ ਪਹਿਲੂ ਸੀ ਕਿ ਬਹੁਤੀ ਰਚਨਾ ਨਾਰੀ
ਸਰੋਕਾਰਾਂ ਬਾਰੇ ਹੀ ਪ੍ਰਾਪਤ ਹੋਈ। ਲੱਗਭੱਗ ਸਾਰੀਆਂ ਕਵਿਤਰੀਆਂ ਨੇ ‘ਮਾਂ‘ ਬਾਰੇ ਅਤੇ ‘ਘਰ‘
ਬਾਰੇ ਕਿਸੇ ਨਾ ਕਿਸੇ ਸੰਦਰਭ ਤੋਂ ਕਾਵਿ-ਰਚਨਾ ਕੀਤੀ ਹੈ। ਉਹਨਾਂ ਵਿਚੋਂ ਕੁਝ ਕੁ ਕਵਿਤਾਵਾਂ
ਇਸ ਸੰਗ੍ਰਹਿ ਦਾ ਹਿੱਸਾ ਬਣੀਆਂ ਹਨ। ਸੁਚੇਤ ਰੂਪ ਵਿਚ ਨਹੀਂ ਸਗੋਂ ਅਚੇਤ ਰੂਪ ਵਿਚ ਇਸ
ਸੰਗ੍ਰਹਿ ਦੀ ਬਹੁਤੀ ਕਵਿਤਾ ਨਾਰੀ ਅਨੁਭਵ ਦੀ ਅਤੇ ਨਾਰੀ ਸਰੋਕਾਰਾਂ ਦੀ ਕਵਿਤਾ ਹੈ। ਇਸ
ਕਵਿਤਾ ਵਿਚ ਘਰ ਅਤੇ ਪਰਿਵਾਰ ਕੇਂਦਰੀ ਧੁਰੇ ਵਜੋਂ ਵਿਦਮਾਨ ਹੈ ਜੋ ਸਮੁੱਚੇ ਸਮਾਜਕ ਵਰਤਾਰੇ
ਦੇ ਹਾਂ-ਪੱਖੀ ਅਤੇ ਜ਼ਿਆਦਾਤਰ ਨਾ-ਪੱਖੀ ਪਾਸਾਰਾਂ ਨੂੰ ਰੂਪਮਾਨ ਕਰਦਾ ਹੈ। ਸਮਾਜਕ ਰਹਿਤਲ
ਵਿੱਚ ‘ਘਰ‘ ਦੇ ‘ਸੁਰੱਖਿਆ ਕਵਚ‘ ਵਜੋਂ ਪੇਸ਼ ਹੋਏ ਬਿੰਬ ਨੂੰ ਵੀ ਨਾਰੀ ਕਾਵਿ ਖੰਡਿਤ ਕਰਦਾ
ਹੈ। ਦਮਨ, ਹਿੰਸਾ ਅਤੇ ਵਿਦਰੋਹ ਦੀ ਅਨੁਭੂਤੀ ਸਮੁੱਚੇ ਕਾਵਿ ਵਿਚੋਂ ਭਲੀ ਭਾਂਤ ਦੇਖੀ ਜਾ
ਸਕਦੀ ਹੈ। ਨਾਰੀ ਕਾਵਿ ਵਿੱਚ ਵੇਦਨਾ ਤੋਂ ਸੰਵੇਦਨਾ ਅਤੇ ਫਿਰ ਚੇਤਨਾ ਦੇ ਦੌਰ ਵਿਚ ਪ੍ਰਵੇਸ਼
ਕਰ ਚੁੱਕੀ ਔਰਤ ਦੀ ਪਰਿਭਾਸ਼ਾ ਸਿਰਜਦੀ ਕਵਿਤਾ ਪੇਸ਼ ਹੋਈ ਹੈ। ਨਾਰੀ ਕਾਵਿ, ਅਖੌਤੀ ਇੱਜ਼ਤ
ਪਿੱਛੇ ਹੁੰਦੇ ਕਤਲ ਅਤੇ ਮਾਦਾ ਭਰੁਣ ਹੱਤਿਆ ਦੀ ਰਾਜਨੀਤੀ ਨੂੰ ਸਮਝਣ ਦੇ ਸਮਰੱਥ ਹੋਇਆ ਹੈ
ਤੇ ਉਸ ਦਾ ਵਿਰੋਧ ਕਰਦਾ ਹੈ।
ਇਸ ਕਾਵਿ ਸੰਗ੍ਰਹਿ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਪਰਵਾਸੀ ਹੋਈਆਂ ਪੰਜਾਬਣਾਂ ਦਾ
ਕਲਾਮ ਸ਼ਾਮਿਲ ਹੈ। ਇਸ ਕਵਿਤਾ ਵਿਚ ਪੰਜਾਬ ਦਾ ਪਿੰਡ ਵੀ ਸ਼ਾਮਲ ਹੈ ਅਤੇ ਕੈਨੇਡਾ ਦੀ ਵਿਕਸਿਤ
ਜ਼ਿੰਦਗੀ ਵੀ, ਜੋ ਪੰਜਾਬੀਆਂ ਨੂੰ ਨਾ ਤਾਂ ਪੰਜਾਬ ਵਿਚ ਟਿਕਣ ਦਿੰਦੀ ਹੈ ਅਤੇ ਕੈਨੇਡਾ ਨਾ ਆ
ਕੇ ਪੰਜਾਬ ਨੂੰ ਆਪਣੇ ਸੀਨਿਆਂ ਵਿਚੋਂ ਵਿਸਰਨ ਦਿੰਦੀ ਪੰਜਾਬ ਦੀਆਂ ਜੜ੍ਹਾਂ ਨਾਲ ਜੋੜੀ ਵੀ
ਰੱਖਦੀ ਹੈ। ਇਸ ਵਿਚ ਸਾਹਿਤ, ਮੀਡੀਆ ਅਤੇ ਗਾਇਕੀ ਦਾ ਵੱਡਾ ਰੋਲ ਹੈ। ਆਰਥਿਕ ਤਰੱਕੀ ਲਈ
ਕੈਨੇਡਾ ਪਹੁੰਚੇ ਪੰਜਾਬੀਆਂ ਨੇ ਰਾਜਨੀਤਕ ਅਤੇ ਕਾਰੋਬਾਰੀ ਖੇਤਰ ਵਿਚ ਬਹੁਤ ਮੱਲਾਂ ਮਾਰੀਆਂ
ਹਨ। ਪੰਜਾਬੀਆਂ ਲਈ ਸੁਪਨਮਈ ਬਿੰਬ ਬਣੇ ਦੇਸ਼ ਕੈਨੇਡਾ ਵਿਚ ਆ ਕੇ ਉਹਨਾਂ ਨੇ ਸਮਾਜਕ ਰਹਿਤਲ
ਦੀ ਉਸਾਰੀ ਕਿਸ ਤਰ੍ਹਾਂ ਦੀ ਕੀਤੀ ਹੈ, ਇਸ ਪ੍ਰਸ਼ਨ ਦਾ ਉੱਤਰ ਨਾਰੀ ਕਾਵਿ ਭਰਪੂਰ ਰੂਪ ਵਿਚ
ਪੇਸ਼ ਕਰਦਾ ਹੈ। ਨਾਰੀ ਕਾਵਿ ਪੰਜਾਬਣ ਦੀ ਆਸਾਵੀਂ ਪ੍ਰਸਥਿਤੀ ਨੂੰ ਪੇਸ਼ ਹੀ ਨਹੀਂ ਕਰਦਾ ਸਗੋਂ
ਨਾਰੀ ਕਾਵਿ ਵਿਚਲੀ ਔਰਤ ਚੀਖ-ਚੀਖ ਕੇ ਕਹਿ ਰਹੀ ਹੈ ਕਿ ਸੋਚੋ, ਮੇਰੀ ਸਥਿਤੀ ਕੀ ਹੈ ? ਨਾਰੀ
ਕਾਵਿ ਔਰਤ ਦੀ ਪਛਾਣ ਦੇ ਮਸਲੇ ਬਾਰੇ, ਇਨਸਾਨੀ ਕਦਰ ਦੇ ਤੋਰ ਤੇ ਔਰਤ ਅਤੇ ਉੱਨਤ ਪੂੰਜੀਵਾਦੀ
ਵਿਵਸਥਾ ਵਿਚ ਖੰਡਿਤ ਹੋ ਰਹੇ ਰਿਸ਼ਤਿਆਂ ਦੀ ਪੇਸ਼ਕਾਰੀ ਭਰਪੂਰ ਰੂਪ ਵਿਚ ਕਰਦਾ ਹੈ। ਔਰਤ ਤਾਂ
ਆਪਣਾ ਸੀਸ ਤਲੀ ਤੇ ਧਰਕੇ ਖੜ੍ਹੀ ਹੈ। ਖੰਭਾਂ ਵਿਚ ਪਰਵਾਜ ਭਰ ਰਹੀ ਹੈ। ਔਰਤ ਦੇ ਉਡਾਰੀ ਭਰਨ
ਦੇ ਹੌਸਲੇ ਲਈ ਸ਼ਾਬਾਸ਼ ਹੈ।
ਆਮੀਨ!
‘‘ਮੈਂ ਉਡਦੀ, ਨਾ ਉਡਦੀ, ਇਹ ਤਾਂ ਗਲ ਸੀ ਮਗਰੋਂ ਦੀ,
ਤੈਨੂੰ ਤਾਂ ਚਿੰਤਾ ਈ ਮਾਰ ਗਈ, ਮੇਰੇ ਖੰਭ ਖਿਲਾਰੇ ਦੀ।‘‘
(ਮਨਜੀਤ ਕੰਗ)
ਕੰਵਲਜੀਤ ਕੌਰ ਢਿੱਲੋਂ
(ਡਾ.)
ਐਸੋਸੀਏਟ ਪ੍ਰੌਫੈਸਰ
ਪੋਸਟ ਗਰੈਜੂਏਟ ਗੌਰਮਿੰਟ ਕਾਲਜ
ਸੈਕਟਰ-11 ਚੰਡੀਗੜ੍ਹ
-0-
|