ਕਰਜ਼ਾ ਲੈਣ ਦੀ ਕਾਹਲ ਨਾ
ਕਰੋ, ਕਰਜ਼ਾਈ ਬੰਦਿਆਂ ਦੇ ਜੁਆਨ ਰਹਿਣ ਦੀਆਂ ਆਸਾਂ ਦਾ ਬੂੁਰ ਝੜ ਜਾਂਦਾ ਹੈ। ਉਨ੍ਹਾਂ
ਬੰਦਿਆਂ ਨੇ ਹਰ ਥਾਂ ਸਿਰ ਨਹੀਂ ਝੁਕਾਇਆ ਜਿਨ੍ਹਾਂ ਨੂੰ ਪਤਾ ਸੀ ਕਿ ਸਿਰ ‘ਚ ਦਿਮਾਗ ਵੀ
ਹੁੰਦਾ ਹੈ। ਸਿਆਣੇ ਬੰਦਿਆਂ ਨੇ ਤੱਤ ਕੱਢੇ ਹੁੰਦੇ ਸਨ ਅਤੇ ਉਹ ਕੁੜੀ, ਮੁੰਡੇ ਦੀ ਤੋਰ ਦੇਖ
ਕੇ ਦੱਸ ਦਿੰਦੇ ਸਨ ਕਿ ਹਾਲਾਤ ਠੀਕ ਨੇ ਜਾਂ ਨਹੀਂ; ਪਰ ਹੁਣ ਬੰਦੇ ਬੁੱਢੇ ਤਾਂ ਹੋਈ ਜਾਂਦੇ
ਨੇ, ਤੱਤ ਨਹੀਂ ਕੱਢਦੇ ਤਾਂ ਕੀ ਕਰੀਏ? ਹੁਣ ਤਾਂ ਕਈ ਵਿਦੇਸ਼ੀ ਬੁੱਢਿਆਂ ਦੇ ਵੀ ਦੇਸ਼ ਜਾ ਕੇ
ਸਿਰ ਸੁਆਹ ਪੁਆਉਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਅੱਗੇ ਸਵੈਮਾਣ ਲਈ ਯਤਨ ਹੁੰਦੇ ਸਨ, ਹੁਣ
ਅਭਿਮਾਨ ‘ਚ ਗਰਦਨ ਆਕੜੀ ਹੀ ਬਿਜਲੀ ਦੇ ਖੰਭੇ ਵਾਂਗ ਰਹਿੰਦੀ ਹੈ ਕਿ ਪੈਰਾਂ ਵੱਲ ਵੇਖਦੇ ਹੀ
ਬਹੁਤ ਘੱਟ ਲੋਕ ਹਨ। ਜੇ ਦੁਨੀਆਂ ਦੇ ਬਹੁਤੇ ਲੋਕ ਦੁਖੀ ਹਨ ਤਾਂ ਇਸ ਕਰਕੇ ਕਿ ਇਨਸਾਫ਼ ਕੁੱਬਾ
ਹੀ ਹੁੰਦਾ ਜਾ ਰਿਹਾ ਹੈ। ਬੰਦਾ ਭਾਵੇਂ ਰੋਜ਼ ਵਧੀਆ ਸਾਬਣ ਨਾਲ ਮਲ-ਮਲ ਕੇ ਨਹਾਉਂਦਾ ਹੈ ਪਰ
ਤਿੰਨ ਵਾਰ ਦਾ ਨਹਾਉਣਾ ਹੀ ਖਾਸ ਹੁੰਦਾ ਹੈ ਜਦੋਂ ਸਾਰਿਆਂ ਨੇ ਰਲ ਕੇ ਇਹ ਕਾਜ ਕਰਨਾ ਹੁੰਦਾ
ਹੈ। ਜੰਮਣ, ਵਿਆਹ ਅਤੇ ਮਰਨ ਵਕਤ। ਦੇਸ਼ ਕੋਈ ਵੀ ਹੋਵੇ ਪਰ ਪ੍ਰੇਮਿਕਾ ਦੇ ਅਰਥ ਇਕੋ ਜਿਹੇ
ਹੁੰਦੇ ਹਨ। ਸੋਨਾ ਖਾਣ ‘ਚੋਂ ਨਿਕਲਣ ਵੇਲੇ ਸੁਨਿਹਰੀ ਨਹੀਂ ਹੁੰਦਾ। ਇਹ ਵੀ ਜ਼ਰੂਰੀ ਨਹੀਂ
ਬਾਹਰੋਂ ਲਾਲ ਦਿਸਣ ਵਾਲੇ ਅੰਬ ਅੰਦਰੋਂ ਮਿੱਠੇ ਵੀ ਹੋਣ। ਬੂੰਦ ‘ਚ ਸਮੁੰਦਰ ਹੁੰਦਾ ਹੈ, ਅਤੇ
ਕਣੀਆਂ ‘ਚ ਹੜ੍ਹ ਵੀ ਹੁੰਦੇ ਨੇ। ਕਈ ਵਾਰ ਬੰਦਾ ਮਰ ਤਾਂ ਕਦੋਂ ਦਾ ਗਿਆ ਹੁੰਦਾ ਹੈ ਪਰ
ਹਾਲਾਤ ਜਿਉਣ ਲਈ ਮਜਬੂਰ ਕਰੀ ਰਖਦੇ ਹਨ। ਜੀਹਨੇ ਨਸ਼ੇ ਵੀ ਰੱਜ ਕੇ ਕੀਤੇ ਹੋਣ, ਖ਼ੁਸ਼ਹਾਲ ਵੀ
ਹੋਵੇ, ਤੁਹਾਨੂੰ ਲਗਦਾ ਹੈ ਕਿ ਸਾਧ ਅਤੇ ਚੋਰ ‘ਕੱਠੇ ਹੋ ਸਕਦੇ ਹਨ?
ਝੜੇ ਹੋਏ ਪੱਤਿਆਂ ਵਾਲੇ ਦਰਖ਼ਤ ਵੱਲ ਕੋਈ ਵੀ ਨਹੀਂ ਦੇਖਦਾ। ਇਸੇ ਲਈ ਪਤਝੜ ਕਿਸੇ ਨੂੰ ਵੀ
ਚੰਗੀ ਨਹੀਂ ਲਗਦੀ ਕਿਉਂਕਿ ਦਰਖ਼ਤ ਦੀ ਟੌਹਰ ਵੀ ਫੁੱਲਾਂ, ਫਲਾਂ ਅਤੇ ਪੱਤਿਆਂ ਨਾਲ ਹੀ ਹੁੰਦੀ
ਹੈ। ਬੁੱਢੇ ਹੋਏ ਬੰਦਿਆਂ ਨੂੰ ਜਵਾਨੀ ਦੀ ਯਾਦ ਪ੍ਰੇਸ਼ਾਨ ਕਰਦੀ ਹੈ ਅਤੇ ਬੁੱਢਿਆਂ ਨੂੰ ਵੇਖ
ਕੇ ਜਵਾਨ ਸੋਚਦੇ ਹਨ ਕਿ ਸ਼ਾਇਦ ਇਹ ਏਦਾਂ ਦੇ ਹੀ ਧਰਤੀ ‘ਤੇ ਆਏ ਹੋਣ। ਜਵਾਨੀ ਮਸਤਾਨੀ ਇਸ
ਕਰਕੇ ਹੁੰਦੀ ਹੈ ਕਿਉਂਕਿ ਸਾਰੀਆਂ ਸ਼ੈਤਾਨੀਆਂ ਇਸੇ ਉਮਰ ਵਿਚ ਹੁੰਦੀਆਂ ਹਨ, ਪਰ ਬਹੁਤ ਘੱਟ
ਹੁੰਦਾ ਹੈ ਕਿ ਕਈਆਂ ਨੂੰ ਇਸ ਉਮਰ ਦੀ ਵੱਤੋਂ ਲੰਘ ਕੇ ਜਾਂ ਤਾਂ ਮਜਬੂਰੀ ਨਾਲ ਸ਼ੈਤਾਨੀਆਂ
ਕਰਨੀਆਂ ਪੈ ਜਾਂਦੀਆਂ ਹਨ, ਤੇ ਜਾਂ ਫਿਰ ਕਰਾਮਾਤਾਂ ਕਰਨ ਲਈ ਬੇਵੱਸ ਹੋਣਾ ਪੈ ਜਾਂਦਾ ਹੈ।
ਮੈਲੇ ਕੱਪੜਿਆਂ ‘ਚ ਖ਼ੂਬਸੁੂਰਤ ਬਦਨ ਹੋਣ, ਗੰਦਗੀ ਵਾਲੀਆਂ ਥਾਂਵਾਂ ‘ਤੇ ਸਫ਼ਾਈਪਸੰਦ ਲੋਕਾਂ
ਨੂੰ ਰਹਿਣਾ ਪੈ ਜਾਵੇ ਤਾਂ ਇਸ ਤੋਂ ਵੱਡੀਆਂ ਮਜਬੂਰੀਆਂ ਹੋਰ ਕੀ ਸਕਦੀਆਂ ਹਨ? ਜਿਹੜੇ
ਬਦਸੂਰਤ ਸਨ ਪਰ ਵਿਆਹੇ ਚੰਨ ਵਰਗੇ ਮੁਖੜਿਆਂ ਨਾਲ ਗਏ, ਫਿਰ ਉਨ੍ਹਾਂ ਵਿਚਾਰਿਆਂ ਨੇ ਸਾਰੀ
ਉਮਰ ਮਜਬੂਰੀ ‘ਚ ਚੌਕੀਦਾਰਾਂ ਹੀ ਕੀਤਾ ਪਰ ਇਹਦੇ ਬਦਲੇ ਮਿਹਨਤਾਨਾ ਟਕਾ ਨਹੀਂ ਮਿਲਿਆ।
ਇਸਤਰੀਆਂ ਹੁੰਦੀਆਂ ਤਾਂ ਬਹੁਤਾ ਕਰਕੇ ਗੀਤ ਵਰਗੀਆਂ ਹੀ ਹਨ ਪਰ ਖੌਰੇ ਕਿਉਂ ਵੈਣਾਂ ਵਰਗੀਆਂ
ਹੋ ਜਾਂਦੀਆ ਹਨ; ਜਿਵੇਂ ਆਲ੍ਹਣਿਆਂ ‘ਚੋਂ ਉਡੀਆਂ ਤਾਂ ਕੋਇਲਾਂ ਸਨ ਪਰ ਜਦ ਵਾਪਸ ਪਰਤੀਆਂ
ਤਾਂ ਕਾਵਾਂ ਵਰਗੀਆਂ ਬਣ ਗਈਆਂ!
ਨਾਂ ਤਾਂ ਉਸ ਵਿਚਾਰੀ ਦਾ ਪ੍ਰੀਤਮ ਕੌਰ ਸੀ ਪਰ ਚੰਗੇ ਦਿਨਾਂ ਦੇ ਦੌਰ ਨੇ ਉਹਦਾ ਨਾਂ ਭਾਗਾਂ
ਭਰੀ ਬਣਾ ਦਿੱਤਾ ਸੀ। ਖੰਡਰ ਜਿਹੇ ਮਕਾਨ ‘ਚੋਂ ਜਦੋਂ ਬਦਬੂ ਨਿਕਲੀ ਤਾਂ ਲੋਕਾਂ ਨੇ ਵੇਖਿਆ
ਕਿ ਭਾਗਾਂ ਭਰੀ ਇਸ ਜਹਾਨੋਂ ਕੂਚ ਕਰ ਗਈ ਹੈ। ਜਿਸ ਤਰ੍ਹਾਂ ਦੀ ਜ਼ਿੰਦਗੀ ਦਾ ਅੰਤ ਉਹਨੇ
ਵੇਖਿਆ ਸੀ, ਇੱਦਾਂ ਲਗਦਾ ਸੀ, ਸੋਨਾ ਕਿਸੇ ਨੇ ਕੋਡੀਆਂ ਦੇ ਭਾਅ ਵੀ ਨਹੀਂ ਪੁੱਛਿਆ। ਅਰਥੀ
ਨੂੰ ਮੋਢਾ ਵੀ ਕਿਸੇ ਆਪਣੇ ਨੇ ਨਹੀਂ ਸੀ ਦਿੱਤਾ। ਲੋਕ ਉਹਦੇ ਮਰਨ ‘ਤੇ ਹਉਕੇ ਤਾਂ ਭਰਦੇ ਸਨ
ਪਰ ਰੋਣਾ ਕਿਸੇ ਦਾ ਵੀ ਨਹੀਂ ਸੀ ਨਿਕਲਿਆ, ਤੇ ਭਰ ਜੋਬਨ ਵਿਚ ਲਾਟੂ ਵਾਂਗ ਜਗਣ ਵਾਲੀ ਭਾਗਾਂ
ਭਰੀ ਸ਼ਮਸ਼ਾਨਘਾਟ ਦੇ ਆਂਗਣ ਵਿਚ ਲਟ-ਲਟ ਬਲਣ ਲੱਗ ਪਈ। ਸ਼ਾਇਦ ਕਿਸੇ ਨੇ ਉਹਦੀਆਂ ਅੰਤਿਮ
ਅਰਦਾਸਾਂ ਵੀ ਨਹੀਂ ਕਰਨੀਆਂ ਸਨ, ਜਾਂ ਸ਼ਰਧਾਂਜਲੀ ਸਮਾਗਮ ਤਾਂ ਕੀ ਹੋਣਾ ਸੀ। ਇਸ ਲਈ ਲੋਕ
ਆਪਸ ਵਿਚ ਮੂੰਹਂੋ-ਤੂੰਹੀਂ ਹੀ ਉਹਦੀ ਜ਼ਿੰਦਗੀ ਦੇ ਵਰਕੇ ਪੁੱਠੇ-ਸਿੱਧੇ ਕਰਕੇ, ਤਰਸ ਵਾਲੀ
ਸ਼ਰਧਾ ਭੇਟ ਕਰਕੇ ਘਰਾਂ ਨੂੰ ਚਲੇ ਗਏ। ਫੁੱਲ ਵੀ ਵਿਚਾਰੀ ਦੇ ਸਰਪੰਚ ਨੇ ਚੁਗ ਕੇ ਉਥੇ ਹੀ
ਕਿੱਕਰ ਨਾਲ ਬਤਾਊਂ ਵਾਂਗ ਟੰਗ ਦਿੱਤੇ।
ਦਰਅਸਲ ਪੌਣੇ ਛੇ ਫੁੱਟ ਲੰਬੀ ਭਾਗਾਂ ਭਰੀ ਇਕਲੌਤੀ ਧੀ ਸੀ। ਬਾਪ ਹੱਥ ਪੀਲੇ ਕਰਨ ਤੋਂ
ਪਹਿਲਾਂ ਹੀ ਤੁਰ ਗਿਆ। ਸੁਨੱਖੀ ਇੰਨੀ ਕਿ ਜੇ ਕੋਈ ਹੀਰ ਸੀ ਵੀ ਤਾਂ ਇਸ ਤੋਂ ਸੋਹਣੀ ਨਹੀਂ
ਸੀ ਹੋ ਸਕਦੀ। ਭਗਵਾਨ ਸਿਹੁੰ ਨਾਲ ਜਦੋਂ ਵਿਆਹੀ ਤਾਂ ਮੁਕਲਾਵੇ ਵਾਲੇ ਦਿਨਾਂ ‘ਚ ਆਂਢ-ਗੁਆਂਢ
ਵਿਚ ਹੀ ਨਹੀਂ ਆਲੇ-ਦੁਆਲੇ ਦੇ ਪਿੰਡਾਂ ਵਿਚ ਚਰਚਾ ਛਿੜ ਪਈ ਸੀ ਕਿ ਭਗਵਾਨ ਸਿਹੁੰ ਦੇ ਭਾਗ
ਜਾਗ ਪਏ ਹਨ। ਵਹੁਟੀ ਮਿਲੇ ਤਾਂ ਸੁੱਖ ਨਾਲ ਇਹਦੇ ਵਰਗੀ! ਕਿਉਂਕਿ ਭਗਵਾਨ ਸਿਹੁੰ ਜੀਹਨੂੰ
ਛੋਟੇ ਨਾਂ ਨਾਲ ਭਾਨਾ ਹੀ ਕਹਿੰਦੇ ਸਨ ਪਰ ਉਹਨੂੰ ਜਾਣਦੇ ਬਹੁਤਾ ਕਰਕੇ ਇਸ ਕਰਕੇ ਸਨ ਕਿ ਉਹ
ਪੰਜਾਬ ਅਤੇ ਹਿੰਦੋਸਤਾਨ ਵਿਚ ਬਹੁਤਾ ਸਮਾਂ ਹਕੂਮਤ ਕਰਨ ਵਾਲੀ ਪਾਰਟੀ ਦਾ ਸਿਰਕੱਢ ਬੰਦਾ ਸੀ।
ਜ਼ਮੀਨ ਤਾਂ ਭਾਵੇਂ ਡੇਢ ਕੁ ਕਿੱਲਾ ਸੀ ਪਰ ਠਾਠ-ਬਾਠ ਪੂਰਾ। ਮੋਟਰਸਾਈਕਲ ‘ਤੇ ਇਹ ਜੋੜੀ ਜਦੋਂ
ਨਿਕਲਦੀ ਸੀ ਤਾਂ ਟੋਕਰਾ ਚੁੱਕੀ ਔਰਤਾਂ ਵੀ ਮੂੰਹ ਘੁਮਾ-ਘੁਮਾ ਕੇ ਵੇਖਦੀਆਂ ਸਨ, ‘ਅੱਛਾ! ਆਹ
ਏ ਭਾਗਾਂ ਭਰੀ।’ ਭਾਨੇ ਦਾ ਮਿੱਤਰ ਸੀ ਨਾਲ ਦੇ ਪਿੰਡੋਂ ਕਾਮਰੇਡ ਕਿੱਕਰ ਸਿੰਘ। ਉਹ ਪਾਰਟੀ
ਦੇ ਧਰਨਿਆਂ, ਜਲਸਿਆਂ, ਮੁਜ਼ਾਹਰਿਆਂ, ਨਾਅਰਿਆਂ ਵਿਚ ਤਾਂ ਅਲੱਗ ਅਲੱਗ ਹੁੰਦੇ ਪਰ ਆਥਣੇ
ਗਲਾਸੀ ‘ਕੱਠਿਆਂ ਦੀ ਹੀ ਖੜਕਦੀ ਸੀ। ਦੋਹਾਂ ਪਰਿਵਾਰਾਂ ਵਿਚ ਰਾਜਨੀਤਕ ਸੋਚ ਤੋਂ ਸਿਵਾ ਸਭ
ਕੁਝ ਸਾਂਝਾ ਸੀ। ਭਾਨੇ ਦੇ ਇਕੋ ਪੁੱਤ ਸੀ ਯੂਸਫ਼ ਵਰਗਾ। ਕਾਮਰੇਡ ਦੇ ਦੋ ਧੀਆਂ ਸਨ।
ਦੋਹਾਂ ਪਰਿਵਾਰਾਂ ਦੇ ਪਿਆਰ ਵਿਚ ਐਸੀ ਸੰਨ੍ਹ ਪਈ ਕਿ ਜੀਵਨ ਹੀ ਜਿਵੇਂ ਯੁੱਧ ਵਿਚ ਬਦਲ ਗਿਆ
ਹੋਵੇ। ਭਾਨੇ ਦਾ ਛੋਕਰਾ ਕਿੱਕਰ ਸਿਹੁੰ ਦੀ ਵੱਡੀ ਕੁੜੀ ਨਾਲ ਰਫੂ ਚੱਕਰ ਹੋ ਗਿਆ। ਪੁਲਿਸ ਨੇ
ਰਾਜਨੀਤਕ ਕੱਦ ਕਰਕੇ ਭਾਵੇਂ ਭਾਨੇ ਅਤੇ ਭਾਗਾਂ ਭਰੀ ਦੀ ਬਹੁਤੀ ਖਿੱਚ-ਧੂਹ ਤਾਂ ਨਹੀਂ ਕੀਤੀ
ਪਰ ਫਿਰ ਵੀ ‘ਤੋਏ ਤੋਏ’ ਕਾਫ਼ੀ ਹੋ ਗਈ ਸੀ। ਦੋਹਾਂ ਨੇ ਇਕ-ਦੂਜੇ ਵੱਲ ਪਿੱਠਾਂ ਕਰ ਲਈਆਂ।
ਭਾਨਾ ਅਤੇ ਕਿੱਕਰ ਸਿੰਘ ਇਕ-ਦੂਜੇ ਨੂੰ ਬਰੂ ਖਾਧੀ ਮੱਝ ਵਾਂਗ ਕੌੜਾ ਕੌੜਾ ਝਾਕਦੇ। ਘਟਨਾ ਇਹ
ਕੋਈ ਤੀਹ ਕੁ ਸਾਲ ਪੁਰਾਣੀ ਹੈ, ਅਤੇ ਜੇ ਯਾਦ ਸ਼ਕਤੀ ਦਾ ਰਿਵਰਸ ਗਿਅਰ ਪਾ ਕੇ ਦੇਖੋ ਤਾਂ
ਅਖ਼ਬਾਰਾਂ ਦੀਆਂ ਸੁਰਖੀਆਂ ਬਹੁਤ ਕੁਝ ਚੇਤੇ ਕਰਾ ਦੇਣਗੀਆਂ। ਹਾਲੇ ਤੀਕਰ ਪਿਆਰ ‘ਚ ਰਫ਼ੂ ਚੱਕਰ
ਹੋਈ ਇਸ ਜੋੜੀ ਦਾ ਕੋਈ ਥਹੁ-ਪਤਾ ਨਹੀਂ; ਹਾਲਾਂਕਿ ਨਾ ਹੁਣ ਭਾਨਾ ਰਿਹਾ ਹੈ ਤੇ ਨਾ ਭਾਗਾਂ
ਭਰੀ।
ਵਰ੍ਹਿਆਂ ਪਿੱਛੋਂ ਭਾਨਾ ਅਤੇ ਕਿੱਕਰ ਸਿਹੁੰ ਇਕੋ ਬੱਸ ਵਿਚ ਪਿੰਡਾਂ ਵੱਲ ਜਾ ਰਹੇ ਸਨ ਕਿ
ਪਤਾ ਨਹੀਂ ਕਿਉਂ ਦੋਹਾਂ ਦੀਆਂ ਅੱਖਾਂ ਪਿਆਰ ਦੇ ਰਸ ਵਿਚ ਰਿਸ ਪਈਆਂ। ‘ਯਾਰਾ ਜੋ ਹੋਣਾ ਸੀ
ਹੋ ਗਿਆ। ਔਲਾਦ ਮਾੜੀ ਨਿਕਲੀ ਤਾਂ ਕੀ ਕਰੀਏ। ਨਾ ਕਸੂਰ ਤੇਰਾ, ਨਾ ਮੇਰਾ। ਹੋ ਜ਼ਰਾ ਪਰ੍ਹੇ
ਨੂੰ।’ ਕਹਿ ਕੇ ਭਾਨਾ, ਕਿੱਕਰ ਸਿਹੁੰ ਦੇ ਨਾਲ ਹੀ ਸੀਟ ‘ਤੇ ਬਹਿ ਗਿਆ। ਪਹਿਲਾਂ ਪਿੰਡ ਭਾਨੇ
ਦਾ ਆਇਆ ਅਤੇ ਉਹਨੇ ਯਾਰ ਨੂੰ ਬਾਹੋਂ ਖਿੱਚ ਕੇ ਹੇਠਾਂ ਲਾਹ ਲਿਆ ਕਿ ਚੱਲ ਅੱਜ ਪੁਰਾਣੇ ਦਿਨ
ਚੇਤੇ ਕਰਦੇ ਆਂ। ਉਸੇ ਟਿੰਡਾਂ ਵਾਲੇ ਖੁੂਹ ‘ਤੇ ਜੀਹਦੇ ਸੱਜੇ ਪਾਸੇ ਇੰਜਣ ਫਿੱਟ ਸੀ ਤੇ ਉਸੇ
ਬਾਣ ਵਾਲੇ ਮੰਜੇ ਦੇ ਪੌਂਦੀਆਂ-ਸਰਹਾਣੇ ਬੈਠ ਗਏ। ਭਾਨੇ ਨੇ ਘਰ ਦੀ ਕੱਢੀ ਪਹਿਲੇ ਤੋੜ ਵਾਲੀ
ਆੜ੍ਹ ਦੇ ਥੱਲਿਓਂ ਕੱਢ ਲਈ ਅਤੇ ਫਿਰ ਪਾਵੇ ‘ਤੇ ਗੰਢਾ ਭੰਨ ਕੇ ਪੈਗ ਨਾਲ ਇਕ-ਦੂਜੇ ਨੂੰ
ਸਲਾਦ ਵਾਂਗ ਪੇਸ਼ ਕਰਦੇ।
ਗੱਲਾਂ-ਗੱਲਾਂ ਵਿਚ ਗੱਲ ਉਦੋਂ ਖਰਾਬ ਹੋ ਗਈ ਜਦੋਂ ਭਾਨੇ ਪੁੱਛਿਆ, ‘ਯਾਰ ਤੇਰਾ ਗੁੱਸਾ ਮਰ
ਨ੍ਹੀ ਸਕਦਾ?‘
‘ਮਰ ਸਕਦੈ!‘
‘ਦੱਸ ਕਿਵੇਂ?‘
‘ਤੇਰਾ ਮੁੰਡਾ ਮੇਰੀ ਧੀ ਲੈ ਗਿਆ ਸੀ?’
‘ਹਾਂ।‘
‘ਬੱਸ ਇਕ ਰਾਤ ਮੇਰੇ ਕੋਲ ਭਾਗਾਂ ਭਰੀ ਛੱਡਦੇ।‘
...ਤੇ ਦਾਰੂ ਦੇ ਨਸ਼ੇ ਦਾ ਰੰਗ ਉਦੋਂ ਲਾਲੋ-ਲਾਲ ਹੋ ਗਿਆ ਜਦੋਂ ਭਾਨੇ ਨੇ ਇੰਜਣ ਸਟਾਰਟ ਕਰਨ
ਵਾਲੀ ਹੱਥੀ ਦੋਵੇਂ ਹੱਥਾਂ ਨਾਲ ਸ਼ਰਾਬੀ ਹੋਏ ਕਿੱਕਰ ਸਿਹੁੰ ਦੇ ਸਿਰ ‘ਤੇ ਜੜ੍ਹ ਕੇ ਮੌਤ ਦਾ
ਮੋਰਚਾ ਖੋਲ੍ਹਤਾ। ਜਦੋਂ ਤੱਕ ਪਿੰਡ ਦੇ ਮਜ਼ਦੂਰ ਪਹੁੰਚੇ, ਸੂਰਜ ਦਿਨ ਖੜ੍ਹੇ ਡੁੱਬ ਗਿਆ ਸੀ।
ਫਿਰ ਕੱਖਾਂ ਦੀ ਅੱਗ ਭਾਂਬੜ ਬਣ ਗਈ।
ਆਟੇ ਨੂੰ ਪਲੇਥਣ ਇਹ ਵੀ ਲੱਗ ਗਿਆ ਸੀ ਕਿ ਪੁਲਿਸ ਨੂੰ ਗਵਾਹ ਵੀ ਉਹੀ ਮਜ਼ਦੂਰ ਮਿਲ ਗਏ ਅਤੇ
ਭਾਨੇ ਦੇ ਪੁੱਤ ਵੱਲੋਂ ਧੀ ਉਧਾਲਣ ਦੀ ਕਹਾਣੀ ਕਤਲ ਦੇ ਕਾਰਨਾਂ ਵਿਚ ਸ਼ਾਮਲ ਕਰ ਲਈ ਗਈ।
ਇੱਥੋਂ ਹੀ ਭਾਗਾਂ ਭਰੀ ਦੇ ਲੇਖਾਂ ਨੂੰ ਅੱਗ ਪੈ ਗਈ। ਪੂਰੇ ਪੰਜ ਸਾਲ ਮੁਕੱਦਮਾ ਚੱਲਿਆ ਅਤੇ
ਆਈ.ਪੀ.ਸੀ. ਦੀ ਧਾਰਾ ਤਿੰਨ ਸੌ ਦੋ ਅਧੀਨ ਭਾਵ ਪੂਰੀ ਵੀਹ ਸਾਲੀ ਜੇਲ੍ਹ ਭੁਗਤਣ ਲਈ ਸੀਖਾਂ
ਪਿੱਛੇ ਡੱਕਿਆ ਗਿਆ। ਵਕੀਲਾਂ ਨੇ ਡੇਢ ਕਿੱਲਾ ਨਿਗਲ ਲਿਆ ਸੀ ਯਾਨਿ ਜਰ ਗਈ ਅਤੇ ਬਾਕੀ ਕੁਝ
ਬਚਦਾ ਸੀ ਤਾਂ ਜ਼ੋਰੂ।...ਤੇ ਜ਼ੋਰੂ ਭਾਗਾਂ ਭਰੀ ਕੁੱਖ ‘ਤੇ ਦੁਹੱਥੜੀਆਂ ਮਾਰਦੀ ਦੁਹਾਈਆਂ
ਦਿੰਦੀ ਸੀ ਕਿ ਗੰਦੀ ਔਲਾਦ ਨਾਲੋਂ ਔਤ ਹੀ ਚੰਗੀ ਸੀ। ਮੈਂ ਤਾਂ ‘ਕੱਲੀ ਸੀ ਹੀ, ਮਾਂ ਨੇ
ਜਵਾਈ ਵੀ ‘ਕੱਲਾ ਹੀ ਲੱਭ ਲਿਆ।
ਇੰਨੇ ਦੁੱਖ ਝੱਲ ਕੇ ਇੰਨੀ ਉਮਰ ਲੰਘਾ ਕੇ ਵੀ ਜੇ ਭਾਗਾਂ ਭਰੀ ਦੇ ਪੱਲੇ ਕੁਝ ਬਚਦਾ ਸੀ ਤਾਂ
ਉਹ ਸੀ ਉਹਦਾ ਹੁਸਨ। ਮਜਬੂਰੀਆਂ ਉਹਦੇ ਮੋਢਿਆਂ ‘ਤੇ ਬੈਠ ਗਈਆਂ। ਰੋਟੀ-ਟੁੱਕ ਕਰਨ ਲਈ ਵੱਡੀ
ਹਵੇਲੀ ਵਾਲੇ ਜ਼ੈਲਦਾਰਾਂ ਦੇ ਗੋਹਾ-ਕੂੜਾ ਕਰਦੀ ਤੇ ਭਾਂਡਾ-ਟੀਂਡਾ ਵੀ ਧੋਂਦੀ।
ਇਕ ਦਿਨ ‘ਕੱਲੀ ਪਸ਼ੂਆਂ ਵਾਲੇ ਵਾੜੇ ‘ਚ ਗੋਹਾ ਚੁੱਕ ਰਹੀ ਭਾਗਾਂ ਭਰੀ ਨੂੰ ਦੇਖ ਕੇ ਜ਼ੈਲਦਾਰ
ਨੂੰ ਲੱਗਾ ਕਿ ਪਰੀਆਂ ਨਰਕਾਂ ਵਿਚ ਨਹੀਂ ਹੋਣੀਆਂ ਚਾਹੀਦੀਆਂ, ਤੇ ਬਿਜਲੀ ਕੜਕਣ ਤੋਂ ਪਹਿਲਾਂ
ਹੀ ਬੱਦਲ ਪਾਟ ਗਏ। ਹਲਕੀ ਜਿਹੀ ਹੱਥੋਪਾਈ ਪਿੱਛੋਂ ਸਭ ਸ਼ਾਂਤ ਹੋ ਗਿਆ। ਜਿਵੇਂ ਸਾਹਿਬਾਂ ਨੂੰ
ਵੀਰ ਸ਼ਮੀਰ ਹੋਰੀਂ ਹੱਥੀਂ ਮਿਰਜ਼ੇ ਕੋਲ ਦਾਨਾਬਾਦ ਛੱਡ ਗਏ ਹੋਣ।
...ਤੇ ਫਿਰ ਜ਼ੈਲਦਾਰ ਦੇ ਗੇੜੇ ਭਾਗਾਂ ਭਰੀ ਦੇ ਘਰ ਵੀ ਵੱਜਣ ਲੱਗ ਪਏ। ਕਿਸਮਤ ਹਾਰੀ ਔਰਤ
ਰੰਡੇ ਜ਼ੈਲਦਾਰ ਦੀ ਰਖੇਲ ਜਿਹੀ ਬਣ ਗਈ। ਪਿੰਡ ਵਿਚ ਘੁਸਰ-ਮੁਸਰ ਤੋਂ ਨੇਰ੍ਹੀ ਉਦੋਂ ਆਈ, ਜਦ
ਜ਼ੈਲਦਾਰ ਚੋਰੀ ਦਾ ਗੁੜ ਹੋਰਨਾਂ ਨੂੰ ਵੀ ਵੰਡਣ ਲੱਗ ਪਿਆ। ਤਾਰਾਂ ਭਾਨੇ ਤੱਕ ਵੀ ਜੁੜ ਗਈਆਂ
ਅਤੇ ਬੇਵੱਸ ਜੇਲ੍ਹ ਵਿਚ ਕਚੀਚੀਆਂ ਵੱਟਦਾ ਤੇ ਹੋਰ ਕਤਲ ਕਰਨ ਦੀਆਂ ਵਿਉਤਾਂ ਬਣਾਉਂਦਾ ਜੇਲ੍ਹ
ਵਿਚ ਕੈਦ ਕੁਝ ਪੇਸ਼ੇਵਰ ਕਾਤਲਾਂ ਦੇ ਸੰਪਰਕ ਵਿਚ ਜੁੜ ਗਿਆ। ਸ਼ਰਾਬ ਤੋਂ ਅੱਗੇ ਫਿਰ ਉਥੇ ਹੀ
ਕੁਕੀਨ ਤੇ ਹੋਰ ਨਸ਼ਿਆਂ ਵਿਚ ਗਲਤਾਨ ਹੋ ਗਿਆ।
ਭਾਗਾਂ ਭਰੀ ਨੇ ਕੰਧ ਤਾਂ ਮਜਬੂਰੀ ‘ਚ ਟੱਪੀ ਸੀ ਪਰ ਕਿਲਾ ਫਿਰ ਸ਼ਰਮ ਦਾ ਵੀ ਢਾਹ ਲਿਆ। ਉਹ
ਫਿਰ ਜਿਸਮ ਦੀ ਖੱਟੀ ਨਾਲ ਸੁਖਾਲੀ ਜ਼ਿੰਦਗੀ ਜਿਉਣ ਦੇ ਰਾਹ ਤੁਰ ਪਈ।
ਸਮੇਂ ਨੇ ਬਦਲਣਾ ਤਾਂ ਹੁੰਦਾ ਹੈ ਪਰ ਜਦੋਂ ਇਹ ਮਜਬੂਰੀਆਂ ਵੱਸ ਸਮਝੌਤਿਆਂ ਹੇਠ ਢਾਹ ਲੈਂਦਾ
ਹੈ, ਫਿਰ ਪਤਾ ਲਗਦਾ ਹੈ ਕਿ ਲੰਕਾ ਉਜੜਦੀ ਕਿਵੇਂ ਹੈ? ਜਦੋਂ ਭਾਨਾ ਜੇਲ੍ਹ ਗਿਆ, ਉਦੋਂ ਲੱਠੇ
ਵਰਗਾ ਸਰੀਰ ਲੈ ਕੇ ਗਿਆ ਸੀ ਤੇ ਜਿਸ ਦਿਨ ਰਿਹਾ ਹੋਇਆ, ਉਦੋਂ ਪਿੰਜਰ ਬਣ ਗਿਆ ਸੀ। ਪਿੰਡ
ਵੜਦਿਆਂ ਵੇਖ ਕੇ ਲੋਕ ਸੋਚਦੇ ਸਨ ਕਿ ਕਾਨ੍ਹਿਆਂ ‘ਤੇ ਗੰਦੀ ਮਲਮਲ ਤੁਰ ਕਿਵੇਂ ਰਹੀ ਹੈ?
ਜੋਸ਼, ਗੁੱਸਾ, ਅਣਖ ਭਾਨੇ ਦੀ ਜੇਲ੍ਹ ਦੀਆਂ ਕੋਠੜੀਆਂ ‘ਚ ਨਸ਼ਿਆਂ ਨੇ ਖਾ ਲਈ ਸਨ। ਹੁਣ ਤਾਂ
ਸਿਰਫ਼ ਇਹ ਸੀ ਕਿ ਇਨ੍ਹਾਂ ਨੂੰ ਚਾਲੂ ਕਿਵੇਂ ਰੱਖਣਾ ਹੈ? ਮਰਦ ਔਰਤ ਜੋਗਾ ਬਚਿਆ ਹੀ ਨਹੀਂ
ਸੀ।
ਜ਼ਮੀਰ ਦਾ ਘਾਣ ਇਸ ਹੱਦ ਤੀਕਰ ਹੋ ਗਿਆ ਕਿ ਜਿਹੜੀ ਔਰਤ ਮਰਦ ਦੇ ਲੜ ਸੁਰੱਖਿਆ ਲਈ ਲਾਈ
ਜਾਂਦੀ ਹੈ, ਉਹ ਸੁਰੱਖਿਆ ਦਾ ਪ੍ਰਧਾਨ ਮੰਤਰੀ ਵਰਗਾ ‘ਜ਼ੈਡ‘ ਘੇਰਾ ਭਾਨੇ ਨੇ ਆਉਂਦੇ ਸਾਰ
ਅਸਲੋਂ ਹੀ ਚੁੱਕ ਦਿੱਤਾ। ਹੁਣ ਇਹ ਉਸ ਦੇ ਵੱਸ ਦਾ ਰੋਗ ਵੀ ਨਹੀਂ ਸੀ।
ਘਰੇ ਆਉਣ-ਜਾਣ ਵਾਲੇ ਅਣਜਾਣ ਲੋਕਾਂ ਦੀ ਗਿਣਤੀ ਵਧਣ ਲੱਗ ਗਈ। ਭਾਨਾ ਅੱਖ ਬਚਾ ਕੇ ਆਪੇ ਹੀ
ਘਰੋਂ ਬਾਹਰ ਚਲੇ ਜਾਂਦਾ। ਨਸ਼ੇ ‘ਚ ਟੁੰਨ ਹੋਇਆ ਭਾਨਾ ਜਦੋਂ ਵਾਪਸ ਪਰਤਦਾ ਤਾਂ ਬੜੇ ਮਾਣ ਨਾਲ
ਪੁੱਛਦਾ, ‘ਬਣ ਗਈ ਦਿਹਾੜੀ?’
ਘਰ ਭਾਵੇਂ ਪਿੰਡੋਂ ਬਾਹਰ ਸੀ ਪਰ ਪਿੰਡ ਵਾਲਿਆਂ ਨੂੰ ਖ਼ਬਰਾਂ ਤਾਂ ਸਿੱਧੇ ਪ੍ਰਸਾਰਣ ਵਾਂਗ
ਮਿੰਟ-ਮਿੰਟ ‘ਤੇ ਮਿਲਦੀਆਂ ਰਹਿੰਦੀਆਂ ਸਨ। ਉਂਜ ਹੁਣ ਇਹ ਕੰਜਰਖਾਨਾ ਲੋਕਾਂ ਨੂੰ ਬੇਸ਼ਰਮੀ ਦਾ
ਅੱਡਾ ਲੱਗਣ ਲੱਗ ਪਿਆ ਸੀ।
ਬੱਸ ਫਿਰ ਭਾਨੇ ਨੇ ਕੁਝ ਸਾਲ ਹੀ ਕੱਟੇ। ਭਲੇ ਵੇਲਿਆਂ ‘ਚ ਮੰਤਰੀ ਬਣਨ ਦੇ ਸੁਪਨੇ ਵੇਖਣ
ਵਾਲਾ ਲੱਦ ਗਿਆ ਜਹਾਨੋਂ, ਜ਼ਮੀਰ ਗਹਿਣੇ ਰੱਖ ਕੇ।
ਭਾਨਾ ਤਾਂ ਚਲੇ ਗਿਆ ਪਰ ਨਾਲ ਹੀ ਬੁਝ ਗਏ ਭਾਗਾਂ ਭਰੀ ਦੇ ਹੁਸਨ ਦੇ ਦੀਵੇ। ਜੀਹਨੂੰ ਲੋਕ
ਅੱਡੀਆਂ ਚੁੱਕ-ਚੁੱਕ ਵੇਖਦੇ ਸਨ, ਉਹਦੇ ਵੱਲ ਤੱਕਣ ਤੋਂ ਨਜ਼ਰਾਂ ਵੀ ਹੱਤਕ ਮਹਿਸੂਸ ਕਰਨ ਲੱਗ
ਪਈਆਂ।
ਭਾਗਾਂ ਭਰੀ ਨਰਕ ਦੇ ਕੱਫਣ ਵਿਚ ਸਭ ਕੁਝ ਫੂੁਕ ਕੇ ਤਾਂ ਚਲੇ ਗਈ ਪਰ ਪਿੱਛੋਂ ਜਦੋਂ ਜ਼ੈਲਦਾਰ
ਸਮੇਤ ਤਿੰਨ ਜਣੇ ਉਸ ਬਿਮਾਰੀ ਨਾਲ ਮਰੇ ਜਿਸਦਾ ਫਿ਼ਕਰ ਅਫ਼ਰੀਕਾ ਤੋਂ ਪਿੱਛੋਂ ਭਾਰਤ ਨੂੰ ਪਿਆ
ਹੋਇਆ ਹੈ, ਤਾਂ ਪਤਾ ਲੱਗਾ ਕਿ ਉਹ ਨਹੀਂ ਮਰੀ, ਮੌਤ ਦੀ ਮਸ਼ੀਨ ਮਰ ਗਈ ਹੈ।
ਅਸਲ ਵਿਚ ਜਦੋਂ ਔਰਤ ਹਾਰ ਕੇ ਕੁਰਾਹੇ ਪੈ ਜਾਵੇ ਤਾਂ ਮਰਦ ਦੇ ਸਿੱਧੇ ਰਾਹ ਤੁਰਨ ਦੀਆਂ
ਸੰਭਾਵਨਾਵਾਂ ਬਚਦੀਆਂ ਹੀ ਨਹੀਂ।
ਅੰਤਿਕਾ:
ਕੱਲ੍ਹ ਜਦੋਂ ਪਰਤੇਗਾ
ਕੀ ਔੜੇਗਾ ਕਾਤਿਲ ਨੂੰ ਜਵਾਬ
ਅੱਜ ਤਾਂ ਹੂਲਾ ਉਡ ਗਿਆ ਸਾਰੇ
ਕਿ ਸੂਰਜ ਆ ਗਿਆ।
ਦਿਲ ਦਾ ਸ਼ੀਸ਼ਾ ਮੋਹ ਦੀਆਂ ਕੜੀਆਂ
ਤੇ ਪੁਲ ਵਿਸ਼ਵਾਸ ਦਾ
ਤਿੜਕਿਆ ਰਿਸ਼ਤਾ ਤੇ ਕੀ ਕੀ
ਟੁੱਟ ਕੇ ਖਿਲਰ ਗਿਆ।
(ਡਾ. ਜਗਤਾਰ)
-0-
|