ਮੇਰਾ ਪੰਜਾਬੀ ਨੌਜਵਾਨ ਡੁੱਬ ਰਿਹਾ ਹੈ-ਨਸਿ਼ਆਂ ਵਿੱਚ ਤੇ ਲਹੂ ਵਿੱਚ---ਮਰ
ਰਿਹਾ ਹੈ---ਜੇਲ੍ਹਾਂ ਵਿੱਚ ਤੇ ਸੜਕਾਂ ‘ਤੇ। ਮਰ ਰਹੇ ਨੇ ਮਾਪੇ---ਤਿਲ
ਤਿਲ ਕਰਕੇ---ਜਿਨ੍ਹਾਂ ਨੇ ਅਰਦਾਸਾਂ ਕਰ ਕਰਕੇ ਅਤੇ ਰਾਤਾਂ ਜਾਗ ਜਾਗ ਕੇ
ਪਾਲੇ ਸਨ ਪੁੱਤ---ਕਿ ਉਨ੍ਹਾਂ ਦਾ ਨਾਂ ਚਮਕਾਉਣਗੇ ਉਹ ਕਦੀ! ਪੰਜਾਬ ਅੰਦਰ
ਵੱਸਦੇ ਮਾਪੇ ਤਰਸਦੇ ਨੇ ਕਿ ਉਨ੍ਹਾਂ ਦੇ ਜਵਾਨ ਹੋ ਰਹੇ ਪੁੱਤ ਪਰਦੇਸੀਂ
ਉੱਡ ਜਾਣ ਕਿਧਰੇ ਤਾਂ ਕਿ ਬਚ ਜਾਣ ਉਹ ਪੰਜਾਬ ਅੰਦਰ ਵਗਦੇ ਨਸਿ਼ਆਂ ਦੇ
ਛੇਵੇਂ ਦਰਿਆ ਵਿੱਚ ਰੁੜ੍ਹਣੋਂ---ਤੇ ਪਰਦੇਸੀਂ ਵੱਸਦੇ ਪੰਜਾਬੀ ਸੋਚਦੇ ਨੇ
“ਕੀ ਖੱਟਿਆ ਪਰਦੇਸ ਆ ਕੇ ਜਿੱਥੇ ਆਪਣੀ ਔਲਾਦ ਵੀ ਰੋੜ੍ਹ ਲੈਣ ਲੱਗੇ
ਹਾਂ?”---ਕਿਆ ਵਿਡੰਬਣਾ ਹੈ ਕਿ ਪੰਜਾਬ ਬਾਹਰ ਨੂੰ ਭੱਜਣਾ ਚਾਹ ਰਿਹਾ ਹੈ
ਅਤੇ ਬਾਹਰਲਾ ਪੰਜਾਬੀ ਵਤਨ ਮੁੜਨ ਦੀ ਸੋਚ ਰਿਹਾ ਹੈ---ਇੱਕ ਦਰਿਆ ਤੋਂ ਬਚ
ਕੇ ਦੁਸਰੇ ਵਿੱਚ ਡੁੱਬਣ ਲਈ---ਜਿਨ੍ਹਾਂ ਦੀਆਂ ਮਾਵਾਂ ਨੇ ਆਪਣੇ ਪੁੱਤਾਂ
ਨੂੰ ਬੁਰਸ਼ਾਗਰਦੀ ਹੱਥੋਂ ਵਗਦੇ ਲਹੂ ਦੇ ਇਸ “ਛੇਵੇਂ ਦਰਿਆ” ‘ਚ ਰੁੜ੍ਹਣੋਂ
ਬਚਾਇਆ ਸੀ, ਅੱਜ ਉਹੀ ਪੁੱਤ ਲਹੂ ਦੀ ਥਾਂ ਨਸਿ਼ਆਂ ਦੇ ਵਹਿਣ ਨਾਲ਼ ਛੂਕਣ
ਲੱਗ ਪਏ ਇਸ ਛੇਵੇਂ ਦਰਿਆ ਵਿੱਚ ਆਪਣੇ ਪੁੱਤਾਂ ਨੂੰ ਰੁੜ੍ਹਣੋਂ ਬਚਾਉਣ ਲਈ
ਯਤਨਸ਼ੀਲ ਨੇ। ਇਹ ਛੇਵਾਂ ਦਰਿਆ ਜੋ ਮੇਰੇ “ਪੰਜ-ਆਬਾਂ” ਦਾ ਸਾਥੀ ਨਹੀਂ
---ਇਹ ਦਰਿਆ ਵੀ ਨਹੀਂ, ਸਗੋਂ ਇੱਕ ਅਜਿਹੀ ਵਹਿਸ਼ੀ ਸੁਨਾਮੀ ਹੈ ਜੋ ਸਾਡਾ
ਸਭ ਕੁਝ ਰੋੜ੍ਹ ਕੇ ਲਈ ਜਾ ਰਹੀ ਹੈ ਤੇ ਅਸੀਂ ਬੇਵਸੀ ਦੀ ਮੁਦਰਾ ਵਿੱਚ
ਵੇਖੀ ਜਾ ਰਹੇ ਹਾਂ।
ਇਸ ਸਾਰੀ ਬੇਵਸੀ ਵਿੱਚ ਇੱਕ ਕਿਰਨ ਦਿੱਸ ਰਹੀ ਹੈ ਲੋਕਾਂ ਨੂੰ ਜੋ ਉਨ੍ਹਾਂ
ਦੇ ਪੁੱਤਾਂ, ਅਤੇ ਹੁਣ ਤੇ ਧੀਆਂ ਨੂੰ ਵੀ, ਨਸਿ਼ਆਂ ਵਿੱਚ ਗਰਕਣੋਂ ਬਚਾ
ਸਕਦੀ ਹੈ: ਕਾਨੂੰਨ-ਸਖ਼ਤ ਕਾਨੂੰਨ। ਪਰ ਕੀ ਕਾਨੂੰਨ ਜਵਾਨੀ ਨੂੰ ਨਸਿ਼ਆਂ
ਵਿੱਚ ਰੁੜ੍ਹਣੋਂ ਬਚਾਉਂਦਾ ਹੈ? ਕੀ ਕਾਨੂੰਨ ਨਸਿ਼ਆਂ ਦਾ ਧੰਦਾ ਕਰਕੇ
ਦਿਨਾਂ ਵਿੱਚ ਅਮੀਰ ਹੋਣ ਦੇ ਚਾਹਵਾਨਾਂ ਨੂੰ ਸਿੱਧੇ ਰਸਤੇ ਪਾਉਂਦਾ ਹੈ? ਇਹ
ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬਾਂ ਨੂੰ ਲੱਭਣ ਦੀ ਲੋੜ ਹੀ ਨਹੀਂ ਸਗੋਂ
ਮਜਬੂਰੀ ਵੀ ਹੈ ਕਿਉਂਕਿ ਇਨ੍ਹਾਂ ਦੇ ਜਵਾਬਾਂ ਵਿੱਚ ਹੀ ਸਾਡੀ ਬਰਬਾਦੀ ਦੇ
ਹੱਲ ਦੇ ਸਬੱਬ ਛੁਪੇ ਪਏ ਨੇ। ਮੇਰਾ ਵਿਚਾਰ ਹੈ ਕਿ ਕਾਨੂੰਨ ਦਾ ਫਿ਼ਕਰ
ਸਾਡੀ ਰੁੜ੍ਹ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਨਹੀਂ ਬਲਕਿ ਇਸ “ਵਗਦੀ
ਗੰਗਾ” ਵਿੱਚ ਆਪਣੇ ਆਪ ਨੂੰ ਮਾਲਾ ਮਾਲ ਕਰਨਾ ਹੈ। ਮੌਜੂਦਾ ਕਾਨੂੰਨ ਕਿਸੇ
ਅਪਰਾਧੀ ਨੂੰ ਸਜ਼ਾ ਦੇ ਕੇ ਰਾਹੇ ਪਾਉਣ ਦੀ ਕੋਸਿ਼ਸ਼ ਨਹੀਂ ਕਰਦਾ ਸਗੋਂ ਉਸ
ਨੂੰ ਅਪਰਾਧੀ ਜਗਤ ਦੀਆਂ ਜੁਗਤਾਂ ਵਿੱਚ ਪਰਪੱਕ ਕਰਦਾ ਹੈ ਅਤੇ ਸਾਡੇ ਹੋਰ
ਵੀ ਭਿਆਨਕ ਭਵਿੱਖ ਲਈ ਇੱਕ ਹੋਰ ਸਰਗਣਾ ਪੈਦਾ ਕਰਕੇ ਜੇਲ੍ਹੋਂ ਬਾਹਰ ਕੱਢਦਾ
ਹੈ। ਸਾਡੇ ਇਸ ਦੁਖਾਂਤ ਦਾ ਹੱਲ ਹੋਰ ਨਵੇਂ ਕਾਨੂੰਨ ਜਾਂ ਕਾਨੂੰਨਾਂ ਵਿੱਚ
ਸਖ਼ਤਾਈ ਨਹੀਂ ਸਗੋਂ ਸਾਡੇ ਇਸ “ਸੁਧਾਰਵਾਦੀ” ਢਾਂਚੇ ਨੂੰ ਲਾਗੂ ਕਰਨ ਵਿੱਚ
ਸੁਧਾਰ ਲਿਆਉਣ ਦੀ ਲੋੜ ਹੈ ਤਾਂ ਕਿ ਜੇਲ੍ਹ ਗਿਆ ਅਪਰਾਧੀ ਓਥੋਂ ਵੱਡਾ
ਗੁੰਡਾ ਬਣਕੇ ਨਹੀਂ ਸਗੋਂ ਸਹੀ ਰਾਹ ‘ਤੇ ਚੱਲਣ ਦਾ ਗੁਰ ਸਿੱਖ ਕੇ ਨਿਕਲੇ।
ਦੂਸਰੀ ਲੋੜ ਸਾਨੂੰ ਇਹ ਜਾਨਣ ਦੀ ਹੈ ਕਿ ਆਖਰ ਸਾਡਾ ਨੌਜਵਾਨ ਇਸ ਰਾਹ ਵੱਲ
ਪ੍ਰੇਰਤ ਕਿਉਂ ਹੋ ਰਿਹਾ ਹੈ? ਇਸ ਲਈ ਸਾਨੂੰ ਆਪਣੇ ਸਮਾਜੀ ਅਤੇ ਸੱਭਿਆਚਾਰਕ
ਵਿਰਸੇ ਨੂੰ ਪੜਚੋਲਣ ਦੀ ਲੋੜ ਹੈ।
ਗੱਲ ਪੰਜਾਬ ਤੋਂ ਸ਼ੁਰੂ ਕਰਦੇ ਹਾਂ---ਜਿੱਥੇ ਸਾਡੀਆਂ ਜੜ੍ਹਾਂ
ਨੇ---ਜਿੱਥੇ ਸਾਡੀ ਬਰਬਾਦੀ ਦੇ ਕਾਰਨਾਂ ਦੀਆਂ ਜੜ੍ਹਾਂ ਨੇ। ਪੰਜਾਬ ਵਿੱਚ
ਇੱਕ ਨਾਂ ਬਹੁਤ ਚਰਚਿਤ ਹੈ ਅੱਜਕਲ੍ਹ: ਭੋਲਾ। ‘ਭੋਲਾ’ ਨਾਂ ਸ਼ਾਇਦ
‘ਭੋਲ਼ਾ” ਦਾ ਹੀ ਵਿਗੜਿਆ ਹੋਇਆ ਰੂਪ ਹੈ ਪਰ ਹੁਣ ਤੇ ਇਵੇ ਲੱਗਣ ਲੱਗ ਪਿਆ
ਹੈ ਕਿ ਕੋਈ ਵੀ ਮਾਪਾ ਆਪਣੇ ਪੁੱਤ ਦਾ ਇਹ ਨਾਂ ਰੱਖਣ ਤੋਂ ਪਹਿਲਾਂ ਸੋਚੇਗਾ
ਜ਼ਰੂਰ। ਭੋਲਾ ਇੱਕ ਅਜਿਹੀ ਮਿਸਾਲ ਹੈ ਜੋ ਬਹੁਤ ਸਾਰੇ ਭਰਮਾਂ ਨੂੰ ਇੱਕੋ
ਹੀ ਸਮੇਂ ਭਸਮ ਕਰ ਜਾਂਦੀ ਹੈ। ਅਕਸਰ ਲੋਕ ਸੋਚਦੇ ਹਨ ਕਿ ਜੇ ਬੱਚਾ ਖੇਡਾਂ
ਵਿੱਚ ਪਾ ਦਿੱਤਾ ਜਾਵੇ ਤਾਂ ਉਹ ਨਸਿ਼ਆਂ ਤੋਂ ਬਚ ਸਕਦਾ ਹੈ; ਭੋਲਾ ਨਾਮਵਰ
ਚੈਂਪੀਅਨ ਰਿਹਾ ਹੈ ਤੇ ਬਹੁਤ ਸਾਰੇ ਇਨਾਮ ਜਿੱਤ ਚੁੱਕਾ ਹੈ। ਲੋਕ ਸੋਚਦੇ
ਨੇ ਕਿ ਪੁਲੀਸ ਸਮਗਲਰਾਂ ਨੂੰ ਨੱਥ ਪਾ ਸਕਦੀ ਹੈ; ਭੋਲਾ ਡੀ.ਐੱਸ.ਪੀ. ਦੀ
ਪੋਸਟ ‘ਤੇ ਰਿਹਾ ਹੈ। ਲੋਕ ਸੋਚਦੇ ਨੇ ਕਿ ਸਖ਼ਤ ਸਜ਼ਾਵਾਂ ਅਪਰਾਧਾਂ ਨੂੰ
ਨੱਥ ਪਾ ਸਕਦੀਆਂ ਨੇ; ਭੋਲਾ ਸਜ਼ਾ ਦੀ ਹੀ ਪੈਦਾਇਸ਼ ਹੈ। 25 ਕਿੱਲੋਂ
ਨਸ਼ੀਲੇ ਪਦਾਰਥਾ ਨਾਲ਼ ਫੜੇ ਜਾਣ ਤੋਂ ਬਾਅਦ ਜਦੋਂ ਭੋਲੇ ਨੂੰ ਬੰਬਈ ਦੀ
ਜੇਲ੍ਹ ਵਿੱਚ ਤਿੰਨ ਸਾਲ ਦੀ ਸਜ਼ਾ ਹੋਈ ਤਾਂ ਓਥੇ ਉਸਦਾ ਵਾਸਤਾ ਦਾਊਦ ਦੇ
ਨੇੜਲੇ ਸਾਥੀ ਅਬੂ ਸਲੇਮ ਨਾਲ਼ ਪਿਆ ਅਤੇ ਨਾਲ਼ ਹੀ ਉਹ ਬੰਬਈ ਵਿੱਚ ਹੋਏ
ਬੰਬ ਧਮਾਕਿਆਂ ਦੇ ਦੋਸ਼ੀਆਂ ਵਿੱਚੋਂ ਇੱਕ ਮੁਸਤਫ਼ਾ ਦੋਸਾ ਦੇ ਸੰਪਰਕ ਵਿੱਚ
ਵੀ ਆਇਆ। ਭੋਲੇ ਦਾ ਪੁਲੀਸ ਕੋਲ਼ ਮੰਨਣਾ ਹੈ ਕਿ ਇਨ੍ਹਾਂ ਕੋਲ਼ੋਂ ਦਾਊਦ
ਦੀਆਂ “ਸਿਫ਼ਤਾਂ” ਸੁਣ ਕੇ ਉਹ ਏਨਾ ਪ੍ਰਭਾਵਤ ਹੋਇਆ ਕਿ ਉਸ ਨੇ ਖੁਦ ਪੰਜਾਬ
ਦਾ ਦਾਊਦ ਬਣਨ ਦਾ ਫੈਸਲਾ ਕਰ ਲਿਆ। ਤੇ ਨਤੀਜਾ ਕੀ ਨਿਕਲਿਆ? ਭੋਲੇ ਦੀ
ਗ੍ਰਿਫ਼ਤਾਰੀ ਨੇ ਨਾ ਸਿਰਫ ਪੰਜਾਬ ਸਰਕਾਰ ਦੇ ਥੰਮ੍ਹ ਹੀ ਹਿਲਾ ਕੇ ਰੱਖ
ਦਿੱਤੇ ਹਨ ਸਗੋਂ ਬਾਹਰਲੇ ਦੇਸ਼ਾਂ ਤੱਕ ਵੀ ਕਈ “ਵਪਾਰੀਆਂ” ਨੂੰ ਅਤੇ
ਕਬੱਡੀ ਫੈਡਰੇਸ਼ਨਾਂ ਦੇ ਕਾਰਕੁਨਾਂ ਨੂੰ ਭਾਜੜਾਂ ਪਾ ਦਿੱਤੀਆਂ ਹਨ।
ਹੁਣ ਗੱਲ ਕੈਨੇਡਾ ਦੀ ਕਰਦੇ ਹਾਂ। ਕੈਨੇਡਾ ਵਿੱਚ ਭਾਵੇਂ ਅਪਰਾਧੀ ਜਗਤ ਦੀ
ਸ਼ੁਰੂਆਤ ਇਟਾਲੀਅਨ ਮਾਫ਼ੀਆ ਦੀ ਬਦੌਲਤ ਬਹੁਤ ਦੇਰ ਪਹਿਲਾਂ ਹੋ ਚੁੱਕੀ ਸੀ
ਪਰ ਇਸ ਸਮੇਂ ਸਾਡੇ ਪੰਜਾਬੀ ਵੀ ਕਿਸੇ ਦੀ ਧੀ-ਭੈਣ ਤੋਂ ਘੱਟ ਨਹੀਂ। ਭਾਵੇਂ
ਅਜੇ ਟਰਾਂਟੋ ਦੀਆਂ ਗਲ਼ੀਆਂ ਸਾਡੇ ਨੋਜਵਾਨਾਂ ਦੇ ਲਹੂ ਨਾਲ਼ ਓਨੀਆਂ
ਲੱਥਪੱਥ ਨਹੀਂ ਹੋਣ ਲੱਗੀਆਂ ਜਿੰਨੀਆਂ ਵੈਨਕੂਵਰ ਵਿੱਚ ਹੋ ਰਹੀਆਂ ਹਨ ਪਰ
ਇਸ ਦਾ ਮਤਲਬ ਇਹ ਨਹੀਂ ਕਿ ਏਥੇ “ਸਭ ਖੈਰ” ਹੈ। ਏਥੇ ਵੀ ਅਜਿਹੇ ਮਾਹੌਲ
ਨਾਲ਼ ਸਖ਼ਤੀ ਵਰਤਣ ਲਈ ਬਣੇ ਕਾਨੂੰਨਾਂ ਦੀ ਘਾਟ ਨਹੀਂ ਸਗੋਂ ਆਏ ਦਿਨ ਨਵੇਂ
ਕਾਨੂੰਨ ਬਣਾਏ ਜਾ ਰਹੇ ਹਨ। ਹਾਲ ਹੀ ਵਿੱਚ ਸਾਡੇ ਪੰਜਾਬੀ ਮੈਂਬਰ
ਪਾਰਲੀਮੈਂਟ ਵੱਲੋਂ 2012 ਵਿੱਚ ਪੇਸ਼ ਕੀਤੇ ਗਏ ਬਿੱਲ ਨੂੰ ਕਾਨੂੰਨੀ
ਪਰਮਾਣਤਾ ਮਿਲ਼ੀ ਹੈ ਜਿਸ ਅਧੀਨ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ
ਬੱਚਿਆਂ ਨੂੰ ਆਪਣੇ ਨਸ਼ੀਲੇ ਗਿਰੋਹ ਵਿੱਚ ਸ਼ਾਮਿਲ ਕਰਨ ਵਾਲ਼ੇ ਦੋਸ਼ੀਆਂ
ਨੂੰ ਘੱਟੋ-ਘੱਟ ਛੇ ਮਹੀਨੇ ਦੀ ਜੇਲ੍ਹ ਹੋਇਆ ਕਰੇਗੀ। ਬਹੁਤ ਸਾਰੇ ਲੋਕ
ਖੁਸ਼ ਨੇ ਕਿ ਸ਼ਾਇਦ ਹੁਣ ਸਾਡੇ ਬੱਚਿਆਂ ਦਾ ਭਵਿੱਖ ਕੁਝ ਸੁਰੱਖਿਅਤ ਹੋ
ਜਾਵੇਗਾ ਅਤੇ ਸ਼ਾਇਦ ਉਹ ਨਸਿ਼ਆਂ ਵਿੱਚ ਪੈਣੋਂ ਬਚ ਜਾਣ। ਏਥੋਂ ਤੱਕ ਕਿ
ਅਮਰੀਕਾ ਤੋਂ ਆ ਰਹੇ ਇੱਕ ਟੀਵੀ ਪ੍ਰੋਗਰਾਮ ਵਿੱਚ ਇਸ ਵਿਸ਼ੇ ‘ਤੇ ਹੋ ਰਹੀ
ਗੱਲ ਦੌਰਾਨ ਜਦੋਂ ਮੈਂ ਆਪਣੇ ਵਿਚਾਰ ਦੇਣ ਲਈ ਸਿਰਫ ਏਨਾ ਹੀ ਕਿਹਾ ਸਿਰਫ
ਕਾਨੂੰਨ ਹੀ ਸਾਡੇ ਮਸਲੇ ਦਾ ਹੱਲ ਨਹੀਂ ਤਾਂ ਹੋਸਟ ਨੇ ਤੁਰੰਤ ਮੇਰੀ ਲਾਈਨ
ਕੱਟ ਕੇ ਪੂਰਾ ਦੋ ਮਿੰਟ ਦਾ ਭਾਸ਼ਨ ਦਿੱਤਾ ਕਿ ਸਮਝ ਨਹੀਂ ਆਉਂਦੀ ਕਿ ਮੇਰੇ
ਵਰਗੇ ਲੋਕ ਅਜਿਹੇ ਮਹਾਨ ਕਾਨੂੰਨ ਦੀ ਵਿਰੋਧਤਾ ਕਿਉਂ ਕਰਦੇ ਹਨ? ਇਸ ਤੋਂ
ਸਪਸ਼ਟ ਹੁੰਦਾ ਹੈ ਕਿ ਆਪਣੇ ਧਾਰਮਿਕ ਅਕੀਦਿਆਂ ਵਾਂਗ ਹੀ ਕੁਝ ਲੋਕ ਕਾਨੂੰਨ
ਵਿੱਚ ਵੀ ਅੰਨ੍ਹੀ ਸ਼ਰਧਾ ਰੱਖਦੇ ਹਨ ਅਤੇ ਇਹ ਸੁਣਨ ਲਈ ਬਿਲਕੁਲ ਤਿਆਰ
ਨਹੀਂ ਕਿ ਕਾਨੂੰਨ ਸਾਡੀ ਮੁਸ਼ਕਲ ਦਾ ਮੁਕੰਮਲ ਹੱਲ ਨਹੀਂ। ਮੇਰੇ ਇਸ ਵਿਚਾਰ
ਦੇ ਮੂਲ ਰੂਪ ਵਿੱਚ ਦੋ ਪੱਖ ਹਨ: ਇੱਕ ਹੈ ਸਾਡਾ ਜੇਲ੍ਹ ਪ੍ਰਬੰਧ ਅਤੇ
ਦੂਸਰਾ ਸਾਡਾ ਸੱਭਿਆਚਾਰਕ ਅਤੇ ਆਰਥਿਕ ਪਿਛੋਕੜ। ਇਨ੍ਹਾਂ ਦੋਹਾਂ ਹੀ ਪੱਖਾਂ
ਨੂੰ ਜੜ੍ਹਾਂ ਤੱਕ ਘੋਖੇ ਬਿਨਾਂ ਇਹ ਆਸ ਕਰ ਲੈਣਾ ਕਿ ਕੋਈ ਕਾਨੂੰਨ ਸਾਡਾ
ਜਾਂ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦਾ ਹੈ, ਇੱਕ ਮਾਰੂ
ਗ਼ਲਤ-ਫ਼ਹਿਮੀ ਹੀ ਸਾਬਤ ਹੋਵੇਗੀ।
ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਆਏ ਦਿਨ ਅਪਰਾਧ ਵਧਦੇ ਜਾ ਰਹੇ ਹਨ।
ਵੈਨਕੂਵਰ ਤੋਂ ਬਾਅਦ ਹੁਣ ਬਰੈਂਪਟਨ ਸ਼ਹਿਰ ਇਸ ਕੰਮ ਵਿੱਚ ਏਨਾ ਬਦਨਾਮ
ਹੋਣਾ ਸ਼ੁਰੂ ਹੋ ਗਿਆ ਹੈ ਕਿ ਹਰ ਕਾਨੂੰਨੀ ਅਦਾਰਾ ਇਸ ‘ਤੇ ਅੱਖ ਰੱਖਣ ਲੱਗ
ਪਿਆ ਹੈ। ਸਾਡੇ ਟਰੱਕ ਚਲਾਉਣ ਵਾਲ਼ੇ ਦੋਸਤ ਦੱਸਦੇ ਨੇ ਕਿ ਜਦੋਂ ਅਮਰੀਕੀ
ਬਾਰਡਰ ‘ਤੇ ਪਤਾ ਲੱਗਦਾ ਹੈ ਕਿ ਡਰਾਈਵਰ ਬਰੈਂਪਟਨ ਤੋਂ ਹੈ ਤਾਂ ਕਸਟਮ
ਵਾਲ਼ੇ ਬਿਨ੍ਹਾਂ ਕੁਝ ਹੋਰ ਕਹੇ ਟਰੱਕ ਨੂੰ ਤਲਾਸ਼ੀ ਲਈ ਬਾਹਰ ਕੱਢ ਲੈਂਦੇ
ਹਨ। ਕੈਨੇਡਾ ਵਿੱਚ ਕਾਨੂੰਨਾਂ ਦੀ ਸਖ਼ਤਾਈ ਦੀ ਕੋਈ ਕਮੀ ਨਹੀਂ: 30 ਗ੍ਰਾਮ
ਤੱਕ ਭੰਗ ਫੜੇ ਜਾਣ ‘ਤੇ 6 ਮਹੀਨੇ ਦੀ ਸਜ਼ਾ ਅਤੇ 1,000 ਡਾਲਰ ਜ਼ੁਰਮਾਨਾ,
ਵੇਚਣ ਦੇ ਇਰਾਦੇ ਨਾਲ਼ ਏਨੀ ਭੰਗ ਰੱਖਣ ‘ਤੇ ਇੱਕ ਸਾਲ ਕੈਦ ਅਤੇ 2,000
ਡਾਲਰ ਜ਼ੁਰਮਾਨਾ, ਸਕੂਲਾਂ ਜਾਂ ਬੱਚਿਆਂ ਦੇ ਸੈਂਟਰਾਂ ਲਾਗੇ ਇਹੀ ਭੰਗ
ਵੇਚਣ ‘ਤੇ ਦੋ ਸਾਲ ਦੀ ਕੈਦ, ਭੰਗ ਉਗਾਉਣ ਜਾਂ ਹਸ਼ੀਸ਼/ਕੋਕੇਨ ਬਣਾਉਣ ਦੇ
ਦੋਸ਼ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਦੇ ਕਾਨੂੰਨ ਬਣੇ ਹੋਏ ਨੇ। ਪਰ ਕੀ ਇਹ
ਕਾਨੂੰਨ ਕਮਿਊਨਿਟੀਆਂ ਨੂੰ ਸੁਰੱਖਿਅਤ ਬਣਾਉਣ ਲਈ ਬਣ ਰਹੇ ਨੇ ਜਾਂ ਸਿਰਫ
ਇਨ੍ਹਾ ਅਪਰਾਧੀਆਂ ਦੀ ਕਮਾਈ ‘ਚੋਂ ਅਸਿੱਧੇ ਰੂਪ ਵਿੱਚ “ਦਸਵੰਧ” ਲੈਣ ਲਈ?
ਏਸ ਬੁਝਾਰਤ ਨੂੰ ਸਮਝਣ ਲਈ ਸਾਨੂੰ ਕੈਨੇਡਾ ਦੇ ਕਾਨੂੰਨੀ ਰਿਕਾਰਡ ਫਰੋਲਣੇ
ਪੈਣਗੇ।
ਸਰਕਾਰੀ ਅੰਕੜਿਆਂ ਮੁਤਾਬਿਕ ਅਮਰੀਕਾ ਵਿੱਚ ਇੱਕ ਲੱਖ ਅਬਾਦੀ ਵਿੱਚੋਂ 738
ਲੋਕ ਅਮਰੀਕੀ ਜੇਲ੍ਹਾਂ ਵਿੱਚ ਕੈਦ ਹਨ ਜਦਕਿ ਕੈਨੇਡਾ ਵਿੱਚ ਇਹ ਅਨੁਪਾਤ
ਇੱਕ ਲੱਖ ਪਿੱਛੇ 110 ਕੈਦੀ ਹੈ। ਸਰਕਾਰੀ ਸਰਵੇਖਣ ਹੀ ਦੱਸਦੇ ਹਨ ਕਿ 1972
ਵਿੱਚ ਕਾਨੂੰਨੀ ਸਖਤਾਈ
ਕਰਕੇ ਕੈਦੀ ਅਬਾਦੀ ਵਿੱਚ 500% ਵਾਧਾ ਕਰਨ ਦੇ
ਬਾਵਜੂਦ ਅਮਰੀਕਾ ਵਿੱਚ ਅਪਰਾਧ ਦਰ ਵਿੱਚ ਕਮੀ ਨਹੀਂ ਆਈ ਅਤੇ ਕੈਲੇਫੋਰਨੀਆ
ਅਤੇ ਨਿਸ਼ੀਗਨ ਵਰਗੀਆਂ ਸਟੇਟਾਂ ਨੇ ਇਸ ਗੱਲ ਨੂੰ ਮੰਨ ਕੇ ਕਾਨੂੰਨਾਂ ਵਿੱਚ
ਨਰਮਾਈ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਵਿੱਚ ਭਾਵੇਂ ਅਪਰਾਧ ਦਰਾਂ
ਵਿੱਚ ਕਮੀ ਆਈ ਹੈ ਪਰ ਕਾਨੂੰਨਦਾਨਾਂ ਦਾ ਮੰਨਣਾ ਹੈ ਕਿ ਇਹ ਕਮੀ ਕਾਨੂੰਨੀ
ਸਖ਼ਤਾਈ ਲਾਗੂ ਹੋਣ ਤੋਂ ਪਹਿਲਾਂ ਆਈ ਸੀ ਨਾ ਕਿ ਬਾਅਦ ਵਿੱਚ। ਕੈਨੇਡਾ ਦੇ
ਅੰਕੜੇ ਦੱਸਦੇ ਹਨ ਕਿ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ 40% ਕੈਦੀ
ਦੋ ਸਾਲ ਦੇ ਅੰਦਰ ਅੰਦਰ ਦੁਬਾਰਾ ਅਪਰਾਧ ਕਰਕੇ ਜੇਲ੍ਹ ਚਲੇ ਜਾਂਦੇ ਹਨ
ਜਦਕਿ ਨੌਜਵਾਨਾਂ ਵਿੱਚ ਇਹ ਦਰ ਹੋਰ ਵੀ ਵਧੇਰੀ ਹੈ। ਫੈਡਰਲ ਸਰਕਾਰ ਵੱਲੋਂ
ਨਿਯੁਕਤ ਕੀਤੇ ਗਏ ਕੁਰੈਕਸ਼ਨਲ ਇਨਵੈਸਟੀਗੇਟਰ ਹੌਵਰਡ ਸੇਪਰਜ਼ ਦਾ ਕਹਿਣਾ
ਹੈ ਕਿ ਕਾਨੂੰਨ ਵਿੱਚ ਸਖ਼ਤਾਈ ਕੀਤਿਆਂ ਜੇਲ੍ਹਾਂ ਵਿੱਚ ਭੀੜ ਤਾਂ ਵਧ ਸਕਦੀ
ਹੈ ਪਰ ਇਸ ਨਾਲ਼ ਅਪਰਾਧੀ ਦਰ ਜਾਂ ਜਨਤਾ ਦੀ ਸੁਰੱਖਿਅਤਾ ਵਿੱਚ ਕੋਈ ਫ਼ਰਕ
ਨਹੀਂ ਪੈਂਦਾ। ਟਰਾਂਟੋ ਦੇ ਪੁਲੀਸ ਚੀਫ਼ ਬਿੱਲ ਬਲੇਅਰ ਦਾ ਕਹਿਣਾ ਹੈ ਕਿ
“ਅਪਰਾਧ ਕਰਨ ਤੋਂ ਪਹਿਲਾਂ ਅਪਰਾਧੀ ਬੈਠ ਕੇ ਇਹ ਹਿਸਾਬ ਨਹੀਂ ਲਾਉਂਦਾ ਕਿ
ਉਸ ਨੂੰ ਸਜ਼ਾ ਕਿੰਨੀ ਲੰਮੀ ਹੋਵੇਗੀ।”
ਕਿਉਂ ਇੱਕ ਵਾਰ ਜੇਲ੍ਹ ਜਾਣ ਤੋਂ ਬਾਅਦ ਲੋਕ ਵਾਰ ਵਾਰ ਅਪਰਾਧ ਕਰਦੇ ਨੇ?
ਇਸ ਦੇ ਦੋ ਕਾਰਨ ਨੇ: ਕਾਨੂੰਨ ਦਾ ਜਾਲ਼ ਤੇ ਜੇਲ੍ਹਾਂ ਦਾ ਵਾਤਾਵਰਣ।
ਬਹੁ-ਗਿਣਤੀ ਲੋਕ ਇਸ ਹੱਕ ਵਿੱਚ ਨੇ ਕਿ ਸਜ਼ਾਵਾਂ ਵਧਾਈਆਂ ਜਾਣ ਤਾਂ ਕਿ
ਅਪਰਾਧ ਘਟ ਸਕਣ ਪਰ ਰਿਕਾਰਡ ਦੱਸਦੇ ਹਨ ਕਿ ਜਿੱਥੇ 40% ਤੋਂ ਵੱਧ ਵਡੇਰੀ
ਉਮਰ ਦੇ ਅਪਰਾਧੀ ਵਾਰ ਵਾਰ ਜੇਲ੍ਹ ਜਾਂਦੇ ਨੇ ਓਥੇ 86 ਤੋਂ 100% ਤੱਕ
ਨੌਜਵਾਨ ਇੱਕ ਵਾਰ ਕਾਨੂੰਨੀ ਜਾਲ਼ ਵਿੱਚ ਫਸਣ ਤੋਂ ਬਾਅਦ ਦੋ ਸਾਲ ਦੇ ਅੰਦਰ
ਅੰਦਰ ਦੁਬਾਰਾ ਜੇਲ੍ਹ ਜਾਂਦੇ ਨੇ। ਇਹ ਨੌਜਵਾਨ ਸਾਰੇ ਅਪਰਾਧੀਪਨ ਕਰਕੇ ਹੀ
ਦੁਬਾਰਾ ਜੇਲ੍ਹ ਨਹੀਂ ਜਾਂਦੇ ਸਗੋਂ ਜਿ਼ਆਦਾ ਗਿਣਤੀ ਕਾਨੂੰਨੀ ਸਖ਼ਤਾਈ
ਦੀਆਂ ਧਾਰਾਵਾਂ ਕਰਕੇ ਹੀ ਦੁਬਾਰਾ ਜੇਲ੍ਹ ਜਾਂਦੀ ਹੈ। ਇਨ੍ਹਾਂ ਧਾਰਾਵਾਂ
ਅਧੀਨ ਵਧੇਰੇ ਕਰਕੇ ਨੌਜਵਾਨ ਆਪਣੀ ਕਰਫਿ਼ਊ ਦੀ ਸ਼ਰਤ ਤੋੜਨ ਕਰਕੇ ਹੀ
ਦੁਬਾਰਾ ਜੇਲ੍ਹ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਉਹ ਕੋਈ
ਗੈਰ-ਕਾਨੂੰਨੀ ਕੰਮ ਹੀ ਨਹੀਂ ਕਰ ਰਹੇ ਤਾਂ ਬਾਹਰ ਜਾਣ ਨਾਲ਼ ਕੀ ਫ਼ਰਕ
ਪੈਂਦਾ ਹੈ ਪਰ ਫੜੇ ਜਾਂਦੇ ਹਨ। ਇਸ ਤਰ੍ਹਾ ਵਾਰ ਵਾਰ ਜੇਲ੍ਹ ਜਾਣ ਨਾਲ਼
ਉਨ੍ਹਾਂ ਦਾ ਡਰ ਘਟਣ ਲੱਗਦਾ ਹੈ ਤੇ ਉਹ ਅਪਰਾਧੀ ਜਗਤ ਵੱਲ ਵਧਦੇ ਜਾਂਦੇ
ਹਨ। ਵੱਡਿਆਂ ਦੇ ਦੁਬਾਰਾ ਜੇਲ੍ਹ ਜਾਣ ਦਾ ਇੱਕ ਵੱਡਾ ਕਾਰਨ ਜੇਲ੍ਹ ਅੰਦਰਲਾ
ਮਾਹੌਲ ਹੈ। ਅੰਕੜੇ ਦੱਸਦੇ ਹਨ ਕਿ 2008 ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ
ਮਾਊਨਟੇਨ ਇੰਸਟੀਟਿਊਸ਼ਨ ਅਤੇ ੰਅਟਸਤੁ ਿਇੰਸਟੀਟਿਊਸ਼ਨ ਨੂੰ ਉਸ ਸਮੇਂ
ਲੌਕ-ਡਾਊਨ ਕਰਨਾ ਪਿਆ ਸੀ ਜਦੋਂ ਇਨ੍ਹਾਂ ਵਿੱਚ ਦੋ ਗੈਂਗਾਂ ਦੀਆਂ ਇਸ ਗੱਲ
‘ਤੇ ਝੜਪਾਂ ਹੋ ਗਈਆਂ ਸਨ ਕਿ ਜੇਲ੍ਹ ਅੰਦਰ ਡਰੱਗ ਦੇ ਵਪਾਰ ਨੂੰ ਕਿਸ ਨੇ
ਕੰਟਰੋਲ ਕਰਨਾ ਹੈ। ਭਾਵ ਜਿਸ ਤਰ੍ਹਾਂ ਸ਼ਹਿਰਾਂ ਦੇ ਹਿੱਸਿਆਂ ਵਿੱਚ ਆਪਣਾ
ਕਬਜ਼ਾ ਜਮਾਉਣ ਲਈ ਗੈਂਗ ਆਪਸ ਵਿੱਚ ਲੜਦੇ ਹਨ ਉਸੇ ਹੀ ਤਰ੍ਹਾਂ ਜੇਲ੍ਹ ਦੀ
ਚਾਰ-ਦੀਵਾਰੀ ਅੰਦਰ, ਕਾਨੂੰਨੀ ਪਹਿਰੇ ਹੇਠ, ਡਰੱਗ ਦੇ ਵਪਾਰ ਦੇ ਕੰਟਰੋਲ
ਨੂੰ ਲੈ ਕੇ ਦੋ ਗੈਂਗਾਂ ਵਿਚਕਾਰ ਝਗੜਾ ਹੋ ਰਿਹਾ ਹੈ। ਇਸੇ ਹੀ ਤਰ੍ਹਾਂ
ਐਬਟਸਫੋਰਡ ਦੇ ਕੈਂਟ ਇੰਸਟੀਟਿਊਸ਼ਨ ਵਿੱਚ ਸਤੰਬਰ 2007 ਤੋਂ ਲੈ ਕੇ ਜਨਵਰੀ
2008 ਤੱਕ 7 ਕੈਦੀਆਂ ਦੇ ਕਤਲ ਹੁੰਦੇ ਹਨ। ਭਾਵ ਜਿਹੜਾ ਕਾਨੂੰਨ ਲੋਕਾਂ ਦੀ
ਜਾਨ ਤੇ ਮਾਲ ਦੀ ਰਾਖੀ ਲਈ ਜੇਲ੍ਹਾਂ ਬਣਾ ਰਿਹਾ ਹੈ ਓੁਹੀ ਕਾਨੂੰਨ ਉਨ੍ਹਾਂ
ਹੀ ਜੇਲ੍ਹਾਂ ਅੰਦਰ ਆਪਣੀ ਨਿਗਰਾਨੀ ਹੇਠਲੇ ਲੋਕਾਂ ਦੀ ਜਾਨ ਬਚਾ ਸਕਣ ਤੋਂ
ਅਸਮਰੱਥ ਹੈ। ਤਸਵੀਰ ਬਿਲਕੁਲ ਸਪਸ਼ਟ ਹੈ: ਜੇਲ੍ਹਾਂ ਅੰਦਰ ਸੰਵਿਧਾਨ ਦਾ
ਨਹੀਂ, ਸਰਕਾਰਾਂ ਦਾ ਨਹੀਂ, ਪੁਲੀਸ ਦਾ ਨਹੀਂ, ਅਪਰਾਧੀਆਂ ਦਾ ਕੰਟਰੋਲ ਹੈ।
ਜੇਲ੍ਹ ਅਧਿਕਾਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਖੁਦ ਆਪਣੀ ਜਾਨ ਦਾ ਖ਼ਤਰਾ
ਰਹਿੰਦਾ ਹੈ ਜਦੋਂ ਉਹ ਕੈਦੀਆਂ ਨੂੰ ਇੱਕ ਤੋਂ ਦੁਸਰੀ ਥਾਂ ਲਿਜਾਣ ਦੀ
ਕੋਸਿ਼ਸ਼ ਕਰਦੇ ਹਨ। ਇਹ ਉਹ ਜੇਲ੍ਹਾਂ ਨੇ ਜਿੱਥੇ ਦੋ ਸਾਲ ਤੋਂ ਵੱਧ ਸਜ਼ਾ
ਪਾਉਣ ਵਾਲ਼ਾ ਅਪਰਾਧੀ ਭੇਜਿਆ ਜਾਂਦਾ ਹੈ। ਏਥੇ ਉਨ੍ਹਾਂ ਨੂੰ ਅਪਰਾਧੀ ਜਗਤ
ਤੋਂ ਤੌਬਾ ਕਰਨ ਦੀ ਸਿਖਲਾਈ ਨਹੀਂ ਦਿੱਤੀ ਜਾਂਦੀ ਸਗੋਂ ਹਾਰਡ ਕੋਰ
ਅਪਰਾਧੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ “ਮਰਦਾਂ
ਵਾਲ਼ੇ” ਅਪਰਾਧ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਉਹ ਪਰਪੱਕ ਅਪਰਾਧੀ
ਬਣ ਕੇ ਬਾਹਰ ਆਉਂਦੇ ਨੇ। ਇਹੋ ਇਕਬਾਲ ਹੀ ਕੈਨੇਡਾ ਦੀਆਂ ਏਜੈਂਸੀਆਂ ਕਰ
ਰਹੀਆਂ ਹਨ ਅਤੇ ਇਹੋ ਇਕਬਾਲ ਹੀ ਬੰਬਈ ਦੀ ਜੇਲ੍ਹ ‘ਚੋਂ ਸਿਖਲਾਈ ਲੈ ਕੇ
ਦੁਨੀਆਂ ਭਰ ‘ਚ ਮਸ਼ਹੂਰ ਹੋਇਆ ਭੋਲਾ ਕਰ ਰਿਹਾ ਹੈ। ਫਿਰ ਦੱਸੋ ਜੇਲ੍ਹਾਂ
ਜਾਂ ਸਖ਼ਤ ਸਜ਼ਾਵਾਂ ਕੀ ਸੁਧਾਰ ਲਿਆ ਰਹੀਆਂ ਨੇ ਸਾਡੀ ਜਾਂ ਸਾਡੇ ਬੱਚਿਆਂ
ਦੀ ਸੁਰੱਖਿਆ ਵਿੱਚ? ਹਾਂ ਇਹ ਜ਼ਰੂਰ ਹੈ ਕਿ ਇਹ ਸਮੇਂ ਦੀ ਸਰਕਾਰ ਨੂੰ
ਸੱਚਿਆਂ ਹੋਣ ਦਾ ਤੇ ਲੋਕਾਂ ਦੀ ਅੱਖੀਂ ਘੱਟਾ ਪਾਉਣ ਦਾ ਮੌਕਾ ਜ਼ਰੂਰ
ਦਿੰਦੀਆਂ ਨੇ ਕਿ ਵੇਖੋ ਭਾਈ ਅਸੀਂ ਤੇ ਪੂਰੀ ਸਖਤਾਈ ਵਰਤ ਰਹੇ ਹਾਂ। ਭੋਲ਼ੇ
ਲੋਕਾਂ ਨੂੰ ਸੁਰੱਖਿਆ ਤਾਂ ਕੀ ਮਿਲਣੀ ਹੈ ਉਲਟਾ ਕਰੋੜਾਂ ਡਾਲਰਾਂ ਦਾ ਟੈਕਸ
ਜ਼ਰੂਰ ਭਰਨਾ ਪੈ ਜਾਂਦਾ ਇਨ੍ਹਾਂ ਕੈਦੀਆਂ ਲਈ ਮਹਿਲਾਂ ਵਰਗੀਆਂ ਜੇਲ੍ਹਾਂ
ਉਸਾਰਨ ਲਈ, ਅਦਾਲਤਾਂ, ਪੁਲੀਸ ਸਟੇਸ਼ਨਾਂ, ਅਤੇ ਵਕਾਲਤੀ ਹਲਕਿਆਂ ਵਿੱਚ
ਭਰਤੀ ਵਧਾਉਣ ਲਈ।
ਆਉ ਹੁਣ ਜ਼ਰਾ ਸੱਭਿਆਚਾਰਕ ਅਤੇ ਆਰਥਿਕ ਪੱਖ ਵੀ ਵਿਚਾਰ ਲਈਏ। ਕੈਨੇਡਾ
ਵਿੱਚ ਡਰੱਗ ਦੇ ਧੰਦੇ ਨੂੰ ਲੈ ਕੇ ਪਹਿਲਾਂ ਇਟਾਲੀਅਨਾਂ ਅਤੇ ਸਪੈਨਿਸ਼ਾਂ,
ਫਿਰ ਅਫਰੀਕਨਾਂ, ਅਤੇ ਹੁਣ ਪੰਜਾਬੀਆਂ ਦਾ ਬੋਲਬਾਲਾ ਹੈ। ਸਾਡੇ ਪੰਜਾਬੀਆਂ
ਬਾਰੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਜੰਗਲ਼
ਵਿੱਚ ਮੰਗਲ਼ ਬਣਾ ਲੈਂਦੇ ਹਾਂ। ਇਹ ਗੱਲ ਮਾਣ ਵਾਲ਼ੀ ਵੀ ਹੈ ਕਿ ਅਸੀਂ
ਮਿਹਨਤੀ ਹਾਂ ਤੇ ਆਪਣੀ ਮਿਹਨਤ ਸਦਕਾ ਤਰੱਕੀਆਂ ਵੱਲ ਵਧਦੇ ਹਾਂ। ਪਰ ਇਹੋ
ਗੱਲ ਫਿ਼ਕਰ ਵਾਲ਼ੀ ਵੀ ਹੈ ਕਿ ਅਸੀਂ ਜਗੀਰੂ ਅਤੇ ਪਦਾਰਥਵਾਦੀ ਵੀ ਹਾਂ ਤੇ
ਆਪਣੀ ਸ਼ਾਨ-ਓ-ਸ਼ੌਕਤ ਅਤੇ ਸਰਦਾਰੀ ਦੇ ਝੰਡੇ ਗੱਡਣ ਲਈ ਕਿਸੇ ਹੱਦ ਤੱਕ ਵੀ
ਜਾ ਸਕਦੇ ਹਾਂ। ਸਾਡਾ ਪੰਜਾਬੀਆਂ ਦਾ ਨਸਿ਼ਆਂ ਦੇ ਧੰਦੇ ਵਿੱਚ ਪੈਣ ਦਾ ਇੱਕ
ਵੱਡਾ ਕਾਰਨ ਸਾਡੀ ਇਹ ਜਗੀਰੂ ਅਤੇ ਪਦਾਰਥਵਾਦੀ ਸੋਚ ਵੀ ਹੈ। ਅਸੀਂ ਮਹਿਲਾਂ
‘ਚ ਰਹਿਣਾ ਚਾਹੁੰਦੇ ਹਾਂ, ਅਸੀਂ ਦੂਸਰਿਆਂ ‘ਤੇ ਆਪਣੀ ਸਰਦਾਰੀ ਦੀ ਧੌਂਸ
ਜਮਾਉਣੀ ਚਾਹੁੰਦੇ ਹਾਂ ਤੇ ਅਸੀਂ ਬਿਨਾਂ ਮਿਹਨਤ ਕੀਤਿਆਂ ਹੀ ਦਿਨਾਂ ਵਿੱਚ
ਅਮੀਰ ਹੋਣਾ ਚਾਹੁੰਦੇ ਹਾਂ। ਅਸੀਂ ਬਾਬੇ ਨਾਨਕ ਦੇ ਦਸਾਂ ਨਹੁੰਆਂ ਦੀ ਕਿਰਤ
ਦੇ ਫਲਸਫ਼ੇ ਨੂੰ ਕੀ ਸਮਝਣਾ ਸੀ ਅਸੀਂ ਬਾਬੇ ਨਾਨਕ ਦੇ ਨਾਂ ‘ਤੇ ਬਣਾਏ ਜਾਣ
ਵਾਲ਼ੇ ਗੁਰਦਵਾਰਿਆਂ ਨੂੰ ਵੀ ਮਹਿਲਾਂ ਤੋਂ ਅੱਗੇ ਲੰਘਾਉਣ ਦੀ ਕੋਸਿ਼ਸ਼
ਵਿੱਚ ਲੱਗ ਗਏ ਹਾਂ, ਇਹ ਭੁੱਲ ਕੇ ਕਿ ਸ਼ਰਧਾ ਵੱਸ ਵੀ ਅਤੇ “ਗੁਰੂ ਘਰੋਂ
ਖੁਸ਼ੀਆਂ ਪ੍ਰਾਪਤ ਕਰਨ” ਦੇ ਲਾਲਚ ਵੱਸ ਵੀ ਕਿੰਨੇ ਲੋਕ ਆਪਣੀਆਂ ਲੋੜਾਂ
ਨੂੰ ਭੁਲਕੇ ਅਤੇ ਆਪਣੇ ਬੱਚਿਆਂ ਦੇ ਮੂੰਹਾਂ ‘ਚੋਂ ਬੁਰਕੀਆਂ ਖੋਹ ਕੇ
ਇਨ੍ਹਾਂ “ਮਹਿਲ-ਨੁਮਾ” ਗੁਰਦਵਾਰਿਆਂ ਦੀ ਉਸਾਰੀ ਵਿੱਚ ਹਿੱਸਾ ਪਾ ਰਹੇ ਹਨ।
ਸਾਨੂੰ ਮਾਇਆ ਦੇ ਮੋਹ ਤੋਂ ਮੁਕਤ ਹੋਣ ਦਾ ਸੰਦੇਸ਼ਾ ਦੇਣ ਵਾਲ਼ੇ ਇਨ੍ਹਾਂ
ਧਾਰਮਿਕ ਅਸਥਾਨਾਂ ਦੇ ਪ੍ਰਬੰਧਕ ਅਸਿੱਧੇ ਰੂਪ ਵਿੱਚ ਸਾਨੂੰ ਪਦਾਰਥਵਾਦੀ
ਸੋਚ ਵੱਲ ਧੱਕਦੇ ਹੀ ਹਨ, ਮੋੜਦੇ ਨਹੀਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇ
ਅਸੀਂ ਬਾਬੇ ਦੇ ਮਹਿਲ ਬਣਾਉਣ ਲਈ ਵੱਢੀ (ਮੁਆਫ਼ ਕਰਨਾ ਅਸੀਂ ਸੇਵਾਂ ਭਾਵਨਾ
ਨਾਲ਼ ਨਹੀਂ ਸਗੋਂ ਵੱਢੀ ਦੇ ਰੂਪ ਵਿੱਚ ਹੀ ਚੜ੍ਹਾਵਾ ਚਾੜ੍ਹਦੇ ਹਾਂ)
ਦਿੱਤੀ ਹੈ ਤਾਂ ਫਿਰ ਅਸੀਂ ਕੋਠੜੀਆਂ ਵਿੱਚ ਕਿਉਂ ਰਹੀਏ? ਖੈਰ! ਮੁੱਦਾ ਏਥੇ
ਗੁਰਦਵਾਰਿਆਂ ਦਾ ਨਹੀਂ ਸਗੋਂ ਸਾਡੇ ਸੱਭਿਆਚਾਰਕ ਢਾਂਚੇ ਦਾ ਵਿਚਾਰਿਆ ਜਾ
ਰਿਹਾ ਹੈ ਜਿਸ ਵਿੱਚ ਗੁਰਦਵਾਰੇ ਇੱਕ ਇਕਾਈ ਹੀ ਹਨ। ਭਾਵੇਂ ਅਸੀਂ ਆਪਣੇ ਆਪ
ਨੂੰ ਮਿਹਨਤੀ ਮੰਨਦੇ ਹਾਂ ਪਰ ਹਕੀਕਤ ਇਹ ਹੈ ਕਿ ਅਸੀਂ ਮਿਹਨਤ ਤੋਂ ਬਹੁਤ
ਡਰਦੇ ਹਾਂ। ਕੈਨੇਡਾ ਵਰਗੇ ਦੇਸ਼ ਵਿੱਚ ਆ ਕੇ ਇਸ ਨੂੰ ਗਾਲ਼ਾਂ ਕੱਢਣ ਦਾ
ਵੱਡਾ ਕਾਰਨ ਇਹੋ ਹੀ ਹੈ ਕਿ ਏਥੇ ਆ ਕੇ ਅਸੀਂ ਆਪਣੇ ਆਪ ਨੂੰ “ਭਈਏ” ਬਣ ਗਏ
ਵੇਖ ਕੇ ਸ਼ਰਮ ਮਹਿਸੂਸ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਜੋ ਦਸਾਂ
ਨਹੁੰਆਂ ਦੀ ਕਮਾਈ ਕਰਦਾ ਹੈ ਉਹ “ਭਈਆ” ਹੈ “ਸਰਦਾਰ” ਨਹੀਂ। ਅਸੀਂ ਤੇ
ਸਰਦਾਰ ਹਾਂ ਤੇ ਸਰਦਾਰਾਂ ਦਾ ਕੰਮ ਸਿਰਫ ਸਰਦਾਰੀ ਕਰਨਾ ਹੁੰਦਾ ਹੈ, ਮਿਹਨਤ
ਕਰਨਾ ਨਹੀਂ। ਏਥੇ ਸਰਦਾਰੀ ਅਸੀਂ ਕਰ ਨਹੀਂ ਸਕਦੇ ਕਿਉਂਕਿ ਜ਼ਮੀਨਾਂ ਅਤੇ
ਵਿਹਲੜਾਂ ਨੂੰ ਅੰਨ ਦੇਈ ਰੱਖਣ ਵਾਲ਼ਾ ਸੱਭਿਆਚਾਰ ਅਸੀਂ ਪਿੱਛੇ ਛੱਡ ਆਏ
ਹਾਂ। ਇਸ ਹਾਲ ਵਿੱਚ ਜਦੋਂ ਅਸੀਂ ਮਿਹਨਤ ਤੋਂ ਭੱਜਦੇ ਹਾਂ ਤਾਂ ਸਭ ਤੋਂ
ਤੇਜ਼ੀ ਨਾਲ਼ ਅਮੀਰ ਹੋਣ ਦਾ ਸਭ ਤੋਂ ਸੌਖਾ ਤਰੀਕਾ ਕੇਵਲ ਤੇ ਕੇਵਲ ਨਸਿ਼ਆਂ
ਦੇ ਧੰਦੇ ਵਿੱਚ ਹੀ ਨਜ਼ਰ ਆਉਂਦਾ ਹੈ। ਸਾਡੀ ਬਰਬਾਦੀ ਦਾ ਸਭ ਤੋਂ ਵੱਡਾ
ਕਾਰਨ ਸਾਡੀ ਇਹ ਫੋਕੀ ਸਰਦਾਰੀ ਹੀ ਬਣਦਾ ਜਾ ਰਿਹਾ ਹੈ। ਜੱਟ ਹੋਣਾ ਸਾਡੇ
ਲਈ ਹੋਰ ਵੀ ਵੱਡਾ ਸਰਾਪ ਬਣ ਗਿਆ ਹੈ। ਸਾਡੇ ਗੀਤਕਾਰਾਂ ਨੇ ਸਾਡੇ
ਸੱਭਿਆਚਾਰ ਨੂੰ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਵਿੱਚ ਸਭ
ਤੋਂ ਅਹਿਮ ਰੋਲ ਨਿਭਾਇਆ ਹੈ। ਟਰਾਂਟੋ ਦੇ ਇੱਕ ਸ਼ਾਨਦਾਰ ਬੈਂਕੁਇਟ ਹਾਲ
ਵਿੱਚ ਪਾਰਟੀ ਚੱਲ ਰਹੀ ਸੀ ਅਤੇ ਨੱਚਣ-ਗਾਉਣ ਸਮੇਂ ਉਹੀ ਗੀਤ ਚੱਲ ਰਹੇ ਸਨ
ਜੋ ਅਕਸਰ ਪਾਰਟੀਆਂ ਵਿੱਚ ਚਲਦੇ ਹਨ। ਕੈਨੇਡਾ ਵਿੱਚ ਜੰਮਿਆ ਮੇਰੇ ਮਾਮੇ ਦਾ
ਮੁੰਡਾ ਮੈਨੂੰ ਕਹਿਣ ਲੱਗਾ, “ਭਾਅ ਜੀ ਇੱਕ ਗੱਲ ਸਮਝ ਨਹੀਂ ਆਉਂਦੀ ਕਿ
ਸਾਰੇ ਪੰਜਾਬੀ ਮਾਪੇ ਡਰਗੱਜ਼ ਅਤੇ ਵਾਇਓਲੈਂਸ ਨੂੰ ਬੁਰਾ ਕਹਿੰਦੇ ਆ ਤੇ
ਬੱਚਿਆਂ ਬਾਰੇ ਫਿ਼ਕਰ ਕਰਦੇ ਰਹਿੰਦੇ ਆ, ਪਰ ਪੰਜਾਬੀ ਵਿੱਚ ਕੋਈ ਗੀਤ ਇਹੋ
ਜਿਹਾ ਵੀ ਹੈ ਜੋ ਸ਼ਰਾਬ, ਡਰੱਗਜ਼, ਜਾਂ ਵਾਇਓਲੈਂਸ ਨੂੰ ਪਰਮੋਟ ਨਾ ਕਰਦਾ
ਹੋਵੇ?” 30 ਸਾਲ ਦੇ ਨੌਜਵਾਨ ਵੱਲੋਂ ਖੁਸ਼ੀ ਭਰੇ ਮਾਹੌਲ ਵਿੱਚ ਕੀਤਾ ਗਿਆ
ਇਹ ਸਵਾਲ ਆਪਣੇ ਵਿੱਚ ਏਨਾ ਗ਼ਮ, ਸਹਿਮ, ਚਿੰਤਨ, ਅਤੇ ਫਿ਼ਕਰ ਸਮੋਈ ਬੈਠਾ
ਹੈ ਕਿ ਇਸ ਦੀ ਗੁੱਥੀ ਨੂੰ ਫਰੋਲਦਿਆਂ ਫਰੋਲਦਿਆਂ ਪੰਜਾਬ ਦੀ ਰੁੜ੍ਹਦੀ ਜਾ
ਰਹੀ ਜਵਾਨੀ ਦੇ ਕਾਰਨਾਂ ਦੀਆਂ ਜੜ੍ਹਾਂ ਵਿਖਾਈ ਦੇਣ ਲੱਗ ਪੈਂਦੀਆਂ ਹਨ।
ਸਾਡੇ ਗੀਤ ਸਾਨੂੰ ਇਹੋ ਹੀ ਸਿਖਾਉਂਦੇ ਨੇ ਕਿ ਜੱਟ ਦੇ ਪੁੱਤ ਦਾ ਕੰਮ ਸਿਰਫ
ਦਾਰੂ ਪੀਣਾ, ਕਤਲ ਕਰਨੇ ਤੇ ਜੇਲ੍ਹੀਂ ਜਾਣਾ ਹੀ ਹੁੰਦਾ ਹੈ। ਕੋਈ ਬਦਲਾ
ਲੈਣ ਲਈ ਰਿਵਾਲਵਰ ਰਫ਼ਲਾਂ ਚੁੱਕਣ ਦੀ ਗੱਲ ਕਰਦਾ ਹੈ, ਕੋਈ ਬਲੈਰੋ ਵਿੱਚ
ਦੇਸੀ ਗੰਨ ਰੱਖਣ ਲਈ ਕਹਿੰਦਾ ਹੈ ਅਤੇ ਕੋਈ ਕਿਸੇ ਅਬਲਾ ਦੀ ਬਾਂਹ ਫੜੀ ਜਾਣ
ਨੂੰ “ਕੋਈ ਡਾਕਾ ਤੇ ਨਹੀਂ ਮਾਰਿਆ” ਦੱਸਦਾ ਹੈ। ਇਸ ਹਾਲਤ ਵਿੱਚ ਜੇ ਸਾਡੇ
ਨੌਜਵਾਨ ਦਾਰੂ ਨਹੀਂ ਪੀਣਗੇ, ਨਸ਼ੇ ਨਹੀਂ ਕਰਨਗੇ, ਜੇਲ੍ਹੀਂ ਨਹੀਂ ਜਾਣਗੇ,
ਬਲਾਤਕਾਰ ਨਹੀਂ ਕਰਨਗੇ ਤਾਂ ਹੋਰ ਕੀ ਆਪਣੇ ਪਿਉਆਂ ਦੀ ਪੈਰਾਂ ‘ਚ ਰੁਲਦੀ
ਜਾ ਰਹੀ ਪੱਗ ਬਾਰੇ ਸੋਚਣਗੇ?
ਇਸ ਦੁਖਾਂਤ ਦਾ ਅਗਲਾ ਕਾਰਨ ਆਰਥਿਕਤਾ ਹੈ। ਇਸ ਆਰਥਿਕਤਾ ਵਿੱਚ ਐਬਸਲੂਟ
ਗਰੀਬੀ ਵੀ ਸ਼ਾਮਿਲ ਹੈ ਤੇ ਰੈਲੇਟਿਵ ਗਰੀਬੀ ਵੀ। ਰੈਲੇਟਿਵ ਗਰੀਬੀ ਉਹ ਹੈ
ਜੋ ਸਾਡੇ ਪੰਜਾਬੀਆਂ ਵਿੱਚ ਭਾਰੂ ਹੈ: ਅਸੀਂ ਗਰੀਬ ਨਹੀਂ ਹਾਂ ਪਰ ਅਸੀਂ
ਏਨੇ ਅਮੀਰ ਨਹੀਂ ਹਾਂ ਕਿ ਦੂਸਰੇ ‘ਤੇ ਧੌਂਸ ਪਾ ਸਕੀਏ। ਐਬਸਲੂਟ ਗਰੀਬੀ ਉਹ
ਹੈ ਜੋ ਕਿਸੇ ਵਿਅਕਤੀ ਨੂੰ ਪੇਟ ਭਰਨ ਲਈ ਰੋਟੀ ਦਾ ਟੁਕੜਾ ਲੱਭਣ ਲਈ
ਤੜਫਾਉਂਦੀ ਹੈ। ਉਹ ਆਪਣੇ ਬੱਚਿਆਂ ਲਈ ਮਹਿਲ ਨਹੀਂ ਭਾਲਦਾ, ਸ਼ਾਨਦਾਰ
ਹੋਟਲਾਂ ਦਾ ਖਾਣਾ ਤਾਂ ਕੀ ਤੜਕੇ ਲੱਗੀਆਂ ਸਬਜ਼ੀਆਂ ਵੀ ਨਹੀਂ ਭਾਲਦਾ, ਉਹ
ਤੇ ਸਿਰਫ ਤੇ ਸਿਰਫ ਉਸ ਨੂੰ ਤੇ ਉਸਦੇ ਬੱਚਿਆਂ ਨੂੰ ਮੌਤ ਦੇ ਮੂੰਹ ‘ਚ ਜਾਣ
ਤੋਂ ਬਚਾਈ ਰੱਖਣ ਲਈ ਅਨਾਜ਼ ਭਾਲਦਾ ਹੈ। ਐਬਸਲੂਟ ਗਰੀਬੀ ਦੇ ਸਤਾਏ ਲੋਕ ਵੀ
ਜੇਲ੍ਹ ਜਾਂਦੇ ਹਨ ਅਤੇ ਰੈਲੇਟਿਵ ਗਰੀਬੀ ਦੇ ਸਤਾਏ ਹੋਏ ਵੀ। ਫ਼ਰਕ ਸਿਰਫ
ਏਨਾ ਹੈ ਕਿ ਰੈਲੇਟਿਵ ਗਰੀਬ ਆਪਣੀ ਅਯਾਸ਼ੀ ਅਤੇ ਹਵਸ ਲਈ ਜੇਲ੍ਹ ਜਾਂਦੇ ਹਨ
ਅਤੇ ਐਬਸਲੂਟ ਗਰੀਬ ਆਪਣੀ ਜਿੰਦਾ ਰਹਿਣ ਦੀ ਕੋਸਿ਼ਸ਼ ਖਾਤਿਰ। ਕੈਨੇਡਾ ਦੇ
ਰਿਕਾਰਡ ਦੱਸਦੇ ਹਨ ਕਿ 70% ਕੈਦੀ ਅਜਿਹੇ ਹੁੰਦੇ ਹਨ ਜਿਨ੍ਹਾਂ ਕੋਲ਼
ਨੌਕਰੀ ਨਹੀਂ ਹੁੰਦੀ ਤੇ ਜੇਲ੍ਹ ਜਾਣਾ ਉਨ੍ਹਾਂ ਲਈ ਸਜ਼ਾ ਨਹੀਂ ਸਗੋਂ
ਵਰਦਾਨ ਸਾਬਤ ਹੁੰਦਾ ਹੈ ਜਿੱਥੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਤੇ ਖਾਣ ਲਈ
ਖਾਣਾ ਮਿਲਦਾ ਹੈ।
ਕੈਨੇਡੀਅਨ ਜੇਲ੍ਹ ਸਿਸਟਮ ਨੂੰ “ਰੀਵੌਲਵਿੰਗ ਡੋਰ” ਸਿਸਟਮ ਦਾ ਨਾਂ ਦਿੱਤਾ
ਗਿਆ ਹੈ ਕਿਉਂਕਿ ਇਸ ਵਿੱਚ 40% ਤੋਂ ਵੱਧ ਲੋਕ ਉਹ ਹਨ ਜੋ ਵਾਰ ਵਾਰ ਜੇਲ੍ਹ
ਜਾਂਦੇ ਹਨ। ਕਾਰਨ ਸਪਸ਼ਟ ਹਨ ਕਿ ਜੇਲ੍ਹ ਦਾ ਸਿਸਟਮ ਸਿਰਫ ਸਜ਼ਾ ਦੇਣ ਵਿੱਚ
ਯਕੀਨ ਰੱਖਦਾ ਹੈ, ਅਪਰਾਧੀ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ
ਪ੍ਰੋਗਰਾਮ ਨਹੀਂ ਉਲੀਕਦਾ। ਜੇਲ੍ਹਾਂ ਦਾ ਮਾਹੌਲ ਹਾਰਡ-ਕੋਰ ਅਪਰਾਧੀਆਂ ਲਈ
ਕੋਈ ਜੇਲ੍ਹਖਾਨਾ ਨਹੀਂ ਸਗੋਂ ਹੋਟਲ ਨੇ ਜਿੱਥੇ ਬੈਠ ਕੇ ਉਹ ਨਵੇਂ ਰਕਰੂਟ
ਭਰਤੀ ਕਰਦੇ ਨੇ ਤੇ ਆਪਣਾ ਧੰਦਾ ਪ੍ਰਫੁੱਲਤ ਕਰਦੇ ਨੇ।
ਸਾਡਾ ਸੱਭਿਆਚਾਰ ਤੇ ਸਾਡਾ ਸਰਦਾਰੀਆਂ ਦਾ ਸੁਪਨਾ ਸਾਡੇ ਲਈ ਵਰਦਾਨ ਨਹੀਂ
ਸਰਾਪ ਬਣ ਕੇ ਰਹਿ ਗਿਆ ਹੈ ਜਿਸ ਨੇ ਸਾਨੂੰ ਜਾਂ ਤਾਂ ਅਪਰਾਧੀ ਦੁਨੀਆਂ ਦਾ
ਹਿੱਸਾ ਬਣਾ ਦਿੱਤਾ ਹੈ ਅਤੇ ਜਾਂ ਫਿਰ ਇਸ ਦੇ ਸਿ਼ਕਾਰ ਬਣਾ ਦਿੱਤਾ ਹੈ।
ਜਦੋਂ ਤੱਕ ਅਸੀਂ ਆਪਣੇ ਸੱਭਿਆਚਾਰ ਨੂੰ ਗੰਧਲਾ ਕਰਕੇ ਸਾਡੇ ਬੱਚਿਆਂ ਨੂੰ
ਬਰਬਾਦੀ ਦੇ ਰਾਹ ਵੱਲ ਧੱਕਣ ਵਾਲ਼ੇ ਗੀਤਕਾਰਾਂ ਤੇ ਗਾਇਕਾਂ ਦੀਆਂ ਬੂਥੀਆਂ
ਨਹੀਂ ਭੰਨਦੇ, ਜਦੋਂ ਤੱਕ ਅਸੀਂ ਆਪਣੇ ਬੱਚਿਆਂ ਦੇ ਮਨਾਂ ਅੰਦਰੋਂ ਫੋਕੀਆਂ
ਸਰਦਾਰੀਆਂ ਤੇ ਵਿਹਲੜਪੁਣੇ ਦੇ ਭੂਤ ਨਹੀਂ ਕੱਢਦੇ ਉਦੋਂ ਤੱਕ ਅਸੀਂ ਆਪਣੇ
ਬੱਚਿਆਂ ਨੂੰ ਨਸਿ਼ਆਂ ਦੇ ਰਾਹੀਂ ਪੈਣੋਂ ਹਰਗਿਜ਼ ਨਹੀਂ ਮੋੜ ਸਕਦੇ। ਰਘਬੀਰ
ਸਿੰਘ ਸਿਰਜਣਾ ਵੱਲੋਂ ‘ਸਿਰਜਣਾ” ਦੇ ਆਉਣ ਵਾਲ਼ੇ ਅੰਕ ਲਈ ਅਸ਼ਲੀਲਤਾ ਦੇ
ਸਬੰਧ ਵਿੱਚ ਲਿਖੀ ਗਈ ਸੰਪਦਾਕੀ ਨਵਾਂ ਜ਼ਮਾਨਾ ਦੇ 29 ਜੂਨ ਵਾਲ਼ੇ
“ਐਤਵਾਰਤਾ” ਅੰਕ ਵਿੱਚ ਛਪੀ ਹੈ ਜਿਸ ਵਿੱਚ ਉਨ੍ਹਾਂ ਨੇ ਬਹੁਤ ਵਧੀਆ ਗੱਲ
ਕਹੀ ਹੈ ਕਿ ਸਾਨੂੰ ਹਰ ਗੱਲ ਕਾਨੂੰਨ ‘ਤੇ ਹੀ ਛੱਡ ਦੇਣ ਦੀ ਬਜਾਇ ਲੋਕਾਂ
ਵਿੱਚ ਚੇਤਨਾ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਚੇਤਨਾ ਬਿਨਾਂ ਕਿਸੇ ਵੀ
ਕਾਨੂੰਨ ਜਾਂ ਮਜ੍ਹਬੀ ਫ਼ਤਵੇ ਰਾਹੀਂ ਕਿਸੇ ਗ਼ਲਤ ਰੁਝਾਨ ਨੂੰ ਰੋਕਿਆ ਜਾ
ਦਬਾਇਆ ਨਹੀਂ ਜਾ ਸਕਦਾ। ਪਰ ਇਸ ਦੇ ਨਾਲ਼ ਹੀ ਜਦੋਂ ਤੱਕ ਸਾਡੀਆਂ ਸਰਕਾਰਾਂ
ਵੀ ਹਰ ਵਿਅਕਤੀ ਲਈ ਰੋਜ਼ਗਾਰ ਜਾਂ ਜੀਂਦੇ ਰਹਿਣ ਦੇ ਇੱਜ਼ਤਦਾਰ ਵਸੀਲੇ
ਪੈਦਾ ਨਹੀਂ ਕਰਦੀਆਂ ਅਤੇ ਜਦੋਂ ਤੱਕ ਜੇਲ੍ਹਾਂ ਨੂੰ ਅਪਰਾਧੀਆਂ ਦੇ ਸਿਖਲਾਈ
ਕੇਂਦਰਾਂ ਤੋਂ ਸੁਧਾਰ ਕੇਂਦਰਾਂ ਵਿੱਚ ਨਹੀਂ ਬਦਲਦੀਆਂ ਉਦੋਂ ਤੱਕ ਜਿੰਨੇ
ਮਰਜ਼ੀ ਕਾਨੂੰਨ ਸਖ਼ਤ ਕਰ ਲਏ ਜਾਣ, ਨਾ ਅਪਰਾਧਾਂ ਵਿੱਚ ਅਤੇ ਨਾ ਹੀ ਸਾਡੀ
ਤੇ ਸਾਡੇ ਬੱਚਿਆਂ ਦੀ ਸੁਰੱਖਿਆ ਵਿੱਚ ਕੋਈ ਸੁਧਾਰ ਆਉਣ ਵਾਲ਼ਾ ਹੈ।
-0- |