ਇਹ ਬਾਤ ਕਰੀਬ ਪਿਛਲੀ ਸਦੀ ਦੇ ਆਖਰੀ ਦਹਾਕੇ ਦੇ ਸ਼ੁਰੂ (1990) ਦੀ ਹੈ। ਬਾਜਵੇ ਦਾ ਇੱਕ
ਅਜ਼ੀਜ਼ ਵਿਦਿਆਰਥੀ ਡਾ. ਦਵਿੰਦਰਜੀਤ ਸਿੰਘ ਸੋਹਲ ਤਰੱਕੀ ਕਰਦਾ ਪੁਲਿਸ ਟਰੇਨਿੰਗ ਅਕੈਡਮ
ਫਿਲੋਰ ਵਿੱਚ ਡਾਇਰੈਕਟਰ ਸੋਸ਼ਲ ਸਾਇੰਸਿਜ਼ ਅਹੁਦੇ ‘ਤੇ ਪਹੁੰਚ ਚੁੱਕਾ ਸੀ। ਉਹ ਪੁਲਿਸ
ਟਰੇਨਿੰਗ ਦੇ ਇਨਸਟਰੱਕਟਰਾਂ ਨੂੰ ਪੜ੍ਹਾਉਣ ਵਿਧੀਆਂ ਤੇ ਤਕਨੀਕਾਂ ਬਾਰੇ ਬਾਜਵੇ ਕੋਲੋਂ ਕਈ
ਵਾਰੀ ਕਲਾਸਾਂ ਲਵਾ ਚੁੱਕਿਆ ਹੋਇਆ ਸੀ। ਇੱਕ ਵਾਰ ਉਹਨੇ ਕਿਸੇ ਖਾਸ ਮੌਕੇ ‘ਤੇ ਜਿਸ ਵਿੱਚ
ਪੁਲਿਸ ਦੇ ਸਬਇੰਸਪੈਕਟਰ ਤੋਂ ਐੱਸ ਪੀ ਰੈਂਕ ਦੇ ਅਫਸਰਾਂ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਨ
ਦਾ ਸੱਦਾ ਭੇਜ ਦਿੱਤਾ।
ਪੁਲਿਸ ਅਕੈਡਮੀ ਦੇ ਮੁੱਖ ਆਡੀਟੋਰੀਅਮ ਵਿੱਚ ਪੱਗਾਂ ਨੂੰ ਕਾਲੀਆਂ ਫੀਤੀਆਂ ਤੇ ਮੋਢਿਆਂ ‘ਤੇ
ਚਮਕਦੇ ਸਿਤਾਰਿਆਂ ਵਾਲੇ ਅਫਸਰ ਸਜੇ ਬੈਠੇ ਸਨ। ਹਾਲ ਦੇ ਪਿਛੋਕੜ ਵਿੱਚ ਪੁਲਿਸ ਫਲੈਗ ਤੇ
ਬਰਛਿਆਂ ਵਾਲੇ ਨਿਸ਼ਾਨ ਚਿੰਨ੍ਹ ਝੂਲ ਰਹੇ ਸਨ। ਸਟੇਜ ‘ਤੇ ਡਾ. ਸੋਹਲ, ਡੀ ਆਈ ਜੀ ਰਾਜਨ
ਗੁਪਤਾ (ਨਾਮ ਭੁੱਲਦਾ ਹਾਂ) ਤੇ ਬਾਜਵਾ ਕੇਵਲ ਤਿੰਨ ਬੁਲਾਰੇ ਬੈਠੇ ਸਨ। ਸਕੀਮ ਮੁਤਾਬਕ
ਪਹਿਲਾਂ ਮੈਂ ਹੀ ਬੋਲਣਾ ਸੀ। ਪਰ ਗੁਪਤਾ ਸਾਹਿਬ ਨੂੰ ਕਿਤੇ ਛੇਤੀ ਜਾਣਾ ਪੈ ਗਿਆ ਸੀ। ਉਹਨੇ
ਪਹਿਲਾਂ ਵਾਰੀ ਲਾ ਲਈ। ਦਵਿੰਦਰਜੀਤ ਨੇ ਮੇਰੇ ਕੰਨ ‘ਚ ਕਿਹਾ: ਅੱਜ ਤੁਹਾਡੇ ਮੋਹਰੇ ਖੜੱਪੇ
ਬੈਠੇ ਜੇ ... ਜ਼ਰਾ ਤਕੜੇ ਹੋਕੇ ਬੋਲਣਾ ਪੈਣਾ ...! ਇਸ ਗੱਲ ਨੇ ਬਾਜਵੇ ਦੀਆਂ ਸਭ ਅਧਿਆਪਨ
ਸ਼ਕਤੀਆਂ ਨੂੰ ਵੰਗਾਰ ਮਸਤਕ ‘ਚ ਲਿਆ ਲਾਮਬੰਦ ਕੀਤਾ। ਬਾਜਵਾ ਪੂਰੇ ਆਤਮ-ਵਿਸ਼ਵਾਸ ‘ਚ ਹੋ
ਮਾਈਕ ਮੋਹਰੇ ਜਾ ਖਲੋਤਾ।
ਦੋਸਤੋ! ਪ੍ਰਿੰਸੀਪਲ ਬਾਜਵਾ ਤੁਹਾਨੂੰ ਕੋਈ ਸਿੱਖਿਆ ਮੱਤ ਨਹੀਂ ਦੇਣ ਆਇਆ। ਤੁਹਾਨੂੰ ਇੱਕ
ਸਲਾਮ ਅਰਪਣ ਕਰਨ ਲਈ ਤੁਹਾਡੇ ਰੂਬਰੂ ਹੋਇਆ। ਤੁਸੀਂ ਹੁਣੇ ਹੁਣੇ ਕੋਈ ਦਹਾਕੇ ਕੁ ਦੇ ਅਰਸੇ
ਦੇ ਰਣਤੱਤੇ ‘ਚੋਂ ਨਿਕਲੇ ਹੋ। ਸਫਲਤਾਵਾਂ ਤੇ ਅਸਫਲਤਾਵਾਂ ਦੇ ਮਿਲਗੋਭੇ (ਖੋਬਾ) ‘ਚੋਂ
ਜੂਝਦੇ ਬਾਹਰ ਆਏ ਹੋ। ਸਮਾਜ ਵਿੱਚ ਫੈਲੇ ਗਹਿਗੱਚ ਜਨੂੰਨੀ ਜਿਹੇ ਅੰਧਕਾਰ ਵਿਰੁੱਧ ਲੜੇ ਹੋ।
ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਸੀ ਜਿੱਥੇ ਸਿਵੇ ਨਾ ਬਲ਼ੇ ਹੋਣ। ਪੰਜਾਬ ਵਿੱਚ ਸੂਰਜ
ਖਲੋਤੇ ਹੀ ਰਾਤ ਪੈ ਜਾਂਦੀ ਸੀ। 'ਅੱਜ ਕੱਲ੍ਹ ਤਾਂ ਮਿੱਤਰੋ ਸਾਡੇ ਪਿੰਡਾਂ ‘ਚ ਆਥਣੇ ਹੀ ਰਾਤ
ਪੈ ਜਾਂਦੀ ਏ' ਗੁਰਭਜਨ ਗਿੱਲ। ਕੁੱਤੇ ਸਵਾ ਦਿੱਤੇ ਗਏ ਹੋਏ ਸੀ ਜਾਂ ਠੀਕ-ਠਾਕ ਕਰ ਦੇਣ ਦੇ
ਹੁਕਮ ‘ਤੇ ਹੁਕਮ ਚੜ੍ਹੇ ਆ ਰਹੇ ਸਨ। ਪੁੱਤ ਵਾਂਗ ਪਾਲੇ ਬੰਦੇ ਨਾਲੋਂ ਜਿ਼ਆਦਾ ਵਫਾਦਾਰ ਨੂੰ
ਮਾਰਨਾ ਕਿਹੜਾ ਸੌਖਾ ਕੰਮ ਸੀ। ਬੇਜ਼ਬਾਨੇ ਨੂੰ ਮਾਰ ਦੇਣ ਦੇ ਵਿਚਾਰ ਆਉਂਦਿਆਂ ਹੀ ਆਤਮਾ ਕੰਬ
ਉੱਠਦੀ ਸੀ ਅਤੇ ਹੱਥ ਡੋਲ ਜਾਂਦੇ ਸਨ। 'ਹੁਣ ਮੈਂ ਠੀਕ ਠਾਕ ਹਾਂ' ਵਰਿਆਮ ਦੀ ਕਹਾਣੀ ਵਾਂਗ।
ਆਮ ਲੋਕਾਂ ਨੂੰ ਰਾਤ ਵੇਲੇ ਤੱਤਿਆਂ ਦੀਆਂ ਗੋਲੀਆਂ (ਜਿ਼ਆਦਤੀਆਂ) ਤੇ ਦਿਨ ਵੇਲੇ ਤੁਹਾਡੀਆਂ
ਗੋਲ਼ੀਆਂ ਦਾ ਭੈਅ ਖਾਂਦਾ। ਮਾਵਾਂ ਨੇ ਮੁੱਛਫੁੱਟ ਗਭਰੂ ਗਾਇਬ ਕਰ ਦਿੱਤੇ ਹੋਏ ਸੀ। ਕਈ
ਬਦੇਸ਼ਾਂ ਵੱਲ ਪਲਾਇਨ ਕਰ ਗਏ ਤੇ ਕਈ ਗੁਪਤਵਾਸ ਹੋ ਗਏ। ਪਿੱਛੇ ਬੁੱਢੇ ਮਾਪਿਆਂ ਨੂੰ ਤੜਫਨ
ਲਈ ਛੱਡ ਗਏ ਹੋਏ ਸੀ। ਇਸ ਵਿਰਾਟ ਭਿਆਨਕਤਾ ‘ਚੋਂ ਤੁਸੀਂ ਇੱਕ ਜਿੱਤ ਪ੍ਰਾਪਤ ਕਰਕੇ ਹਾਲੀ
ਨਿਕਲੇ ਹੀ ਹੋ। ਤੁਹਾਨੂੰ ਫਿਰ ਇੱਕ ਵਾਰੀ ਸਲਾਮ ਪੇਸ਼ ਹੈ।
ਦੋਸਤੋ! ਅਸੀਂ ਕਦੀ ਨਾ ਭੁੱਲੀਏ। ਇਸ ਸਮਾਜ ਨੇ ਤੁਹਾਨੂੰ ਇਸ ਸ਼ਾਨਮੱਤੀ ਪਦਵੀ ਤੱਕ
ਪਹੁੰਚਾਇਐ। ਤੁਸੀਂ ਇਸ ਸਮਾਜ ‘ਚੋਂ ਜਨਮੇ ਹੋ। ਇਸ ਸਮਾਜ ਨੇ ਤੁਹਾਡੀ ਵਧੀਆ ਪਾਲਣਾ ਪੋਸਨਾ
ਕੀਤੀ। ਏਸੇ ਸਮਾਜ ਵਿੱਚ ਤੁਸੀਂ ਖੇਡੇ-ਮੱਲੇ, ਪੜ੍ਹਾਈਆਂ ਕੀਤੀਆਂ, ਸਿਖਲਾਈਆਂ ਲਈਆਂ।
ਤੁਹਾਡੇ ਸੰਸਕਾਰਾਂ ਦੇ ਵਿਕਾਸ ਵਿੱਚ ਪਰਿਵਾਰਾਂ, ਧਾਰਮਿਕ ਸੰਸਥਾਵਾਂ, ਮੇਲਿਆਂ ਮਸਾਦਿਆਂ,
ਖੇਡ ਸੰਸਥਾਵਾਂ ਤੇ ਸਮੂਹਾਂ, ਸੱਥਾਂ, ਯਾਰਾਂ ਦੋਸਤਾਂ, ਸਕੂਲਾਂ, ਸਿਨਮਿਆਂ, ਲਾਇਬਰੇਰੀਆਂ
ਤੇ ਅਨੇਕ ਸਭਿਆਚਾਰਕ ਸੰਸਥਾਵਾਂ ਨੇ ਤੁਹਾਡੇ ਸਵੈ ਨੂੰ ਬਣਾਇਆ, ਸਵਾਰਿਆ ਤੇ ਸਮਾਜ ਵਿੱਚ
ਪ੍ਰਵਾਨ ਹੋਣ ਯੋਗ ਬਣਾਇਆ। ਮੁੱਢ ਕਦੀਮ ਤੋਂ ਪਿੰਡਾਂ ਦੀਆਂ ਸੱਥਾਂ, ਖੇਡ ਮੇਲੇ, ਸਭਿਆਚਾਰਕ
ਤਹਿਵਾਰ, ਵਿਸ਼ੇਸ਼ ਧਾਰਮਿਕ ਦਿਨ ਸਭ ਆਪੋ ਆਪਣਾ ਯੋਗਦਾਨ ਪਾਉਂਦੇ ਤੁਰੇ ਆਏ ਹਨ। ਅੱਜ ਵੀ ਪਾ
ਰਹੇ ਹੋ। ਅਤੇ ਭਵਿੱਖ ਵਿੱਚ ਇਹ ਕਾਰਜ ਏਦਾਂ ਹੀ ਤੁਰਿਆ ਰਹਿਣੈ। ਅੱਜ ਤੁਸੀਂ ਇਸ ਸਮਾਜ ਦੇ
ਪ੍ਰਸ਼ਾਸਨ ਦੇ ਇੱਕ ਬਹੁਤ ਅਹਿਮ ਅੰਗ ਦੇ ਧੁਰੇ ਬਣ ਕਾਰਜ ਕਰ ਰਹੇ ਹੋ। ਤੁਹਾਡਾ ਮੁੱਖ ਕਾਰਜ
ਅਮਨ ਕਨੂੰਨ ਦੀ ਰਾਖੀ ਕਰਨਾ ਹੁੰਦੈ। ਤੁਸੀਂ ਸਮਾਜ ਦੇ ਜਾਨ ਮਾਲ ਦੇ ਪਹਿਰੇਦਾਰ ਹੋ।
ਕਚਹਿਰੀਆਂ ਆਪਣੇ ਥਾਂ, ਸਕੂਲ, ਕਾਲਜ, ਯੂਨੀਵਰਸਟੀਆਂ ਤੇ ਅਕੈਡਮੀਆਂ ਆਪਣੇ ਥਾਂ ਅਤੇ ਰਾਜਸੀ
ਤੇ ਰਾਜਕੀ ਪ੍ਰਸ਼ਾਸਨ, ਆਪਣੇ ਥਾਂ ‘ਤੇ ਇੱਕ ਵੱਡੇ ਸਿਸਟਮ ਦੇ ਭਾਗ ਵੱਜੋਂ ਸਭ ਆਪੋ ਆਪਣਾ
ਕੰਮ ਕਰ ਰਹੇ ਹਨ।
ਕਦੀ ਨਾ ਭੁੱਲੀਏ ਅਸੀਂ ਸਭ 'ਅਸਧਾਰਣ ਗੁਣਾਂ ਵਾਲੇ ਦਾਨਵਾਂ ਦੇ ਮੋਢਿਆਂ ‘ਤੇ ਖੜੇ ਬੌਣੇ'
ਹਾਂ। ਜੇ ਅੱਜ ਅਸੀਂ ਉੱਚੇ ਹਾਂ, ਸ਼ਕਤੀਸ਼ਾਲੀ ਹਾਂ, ਅੱਗੇ ਹਾਂ, ਗਗਨਾਂ ‘ਚ ਉਡਾਰੀਆਂ ਭਰ
ਰਹੇ ਹਾਂ, 'ਧਰਤੀ ਹੋਰ ਪਰੇ ਹੋਰ' ਦੀ ਖੋਜ ਕਰ ਰਹੇ ਹਾਂ, ਤਾਂ ਇਹ ਇਸ ਕਰਕੇ ਹੈ ਕਿ ਅੱਜ
ਅਸੀਂ ਇੱਕ ਅਮੀਰ ਗਿਆਨ, ਵਿਗਿਆਨ ਦੇ ਵਾਰਸ ਹਾਂ। ਇਸ ਵਿਰਾਸਤ ਵਿੱਚ ਸੰਸਾਰ ਭਰ ਦੇ ਮਹਾਨ
ਵਿਗਿਆਨੀਆਂ, ਚਿੰਤਕਾਂ, ਪੈਗੰਬਰਾਂ, ਗੁਰੂਆਂ, ਪੀਰਾਂ ਫਕੀਰਾਂ ਵੱਲੋਂ ਬਖਸ਼ੀ ਅਮੀਰ ਵਿਰਾਸਤ
ਦੇ ਮੋਢੇ ‘ਤੇ ਖੜ੍ਹੇ ਹਾਂ। ਹਰ ਪੁਸ਼ਤ ਇਸ ਵਿਰਾਸਤ ਨੂੰ ਹੋਰ ਅੱਗੇ ਲਿਜਾਂਦੀ ਹੈ। ਅਮੀਰ
ਬਣਾਉਂਦੀ ਹੈ। ਤੁਹਾਡੇ ਕਾਰਨਾਮੇ, ਸਰਗਰਮੀਆਂ ਇਤਿਹਾਸ ਸਿਰਜਦੀਆਂ ਹਨ। ਆਪਣੀਆਂ ਪੈੜਾਂ ਪਾ
ਅੱਗੇ ਦੀ ਅੱਗੇ ਤੁਰੀ ਜਾਂਦੀਆਂ ਹਨ। ਤੁਹਾਡਾ ਯੋਗਦਾਨ ਇੱਕ ਵਿਸ਼ੇਸ਼ ਅਰਥ ਰੱਖਦੈ। ਤੁਹਾਡੇ
ਵਾਰਸ ਇਨ੍ਹਾਂ ਪੈੜ ਚਿੰਨ੍ਹਾਂ ‘ਤੇ ਹੀ ਤੁਰਨਗੇ। ਤੁਹਾਡੀਆਂ ਜਿ਼ੰਮੇਵਾਰੀਆਂ ਵੀ ਬੜੀਆਂ ਹਨ।
ਤੁਸੀਂ ਬਹਾਦਰ ਬਣ ਵਿਖਾਇਆ ਹੈ ਅਤੇ ਅੱਗੋਂ ਹਮੇਸ਼ਾਂ ਲਈ ਬਣੇ ਰਹਿਣਾ ਹੈ।
ਇੱਕ ਵਾਰ ਕਲਾਸ ਟੀਚਿੰਗ ਦੀ ਪ੍ਰੀਖਿਆ ਲਈ ਸਿ਼ਸ਼ ਅਧਿਆਪਕ ਤਿਆਰੀ ਕਰ ਰਿਹਾ ਸੀ। ਅਧਿਆਪਨ
ਸਮੱਗਰੀ (ਏਡਜ਼) ਦੇ ਸਬੰਧ ਵਿੱਚ ਮੇਰਾ ਇੱਕ ਸਿ਼ਸ਼ ਮੇਰੇ ਕੋਲ ਆਇਆ। ਬਣਾਇਆ ਚਾਰਟ ਵਿਖਾਕੇ
ਕਹਿੰਦਾ: ਜੀ ਵੇਖੋ ... ਭਲਾ ... ਇਹਦੇ ਨਾਲ ਕੰਮ ਸਰ ਜਾਊ ...? ਮੈਂ ਕਿਹਾ: ਸਰਨ ਨੂੰ ਕੀ
ਐ ... ਸਰ ਈ ਜਾਣੈ ... ਪਰ ਚੰਗੀ ਤਰ੍ਹਾਂ ਨਹੀਂ ਸਰਨਾ ... ! ਹੈਰਾਨ ਹੋਇਆ ਪੁੱਛਣ ਲੱਗਾ
ਕੀ ਮਾੜੈ … ਤੂੰ ਈ ਦੱਸ ... ਤੂੰ ਇਸ ਚਾਰਟ ਨਾਲ ਕੀ ਦੱਸਣਾ ਚਾਹੁਨੈ … ਜੀ ਬੱਸ ਬੱਚਿਆਂ
ਨੂੰ … ਇੱਕ ਸ਼ੇਰ ਵਿਖਾ … ਸ਼ੇਰ ਬਾਰੇ ਪ੍ਰਸਤਾਵ ਲਿਖਾਉਣੈ … ਓਏ ਭਲਿਆ ਲੋਕਾ! … ਜੇ ਸ਼ੇਰ
ਹੀ ਵਿਖਾਉਣਾ ਈ … ਤਾਂ ਸ਼ੇਰ ਦੀ ਕੋਈ ਵਧੀਆ ਫੋਟੋ ਵਿਖਾ… ਇਸ ਚਾਰਟ ਵਾਲਾ ਤੇਰਾ … ਸ਼ੇਰ
... ਤਾਂ ਬੱਕਰੀ ਜਿਹੀ ਜਾਪਦੈ ...। ਉਹਦੇ ਮੰਨ ਵਿੱਚ ਗੱਲ ਬੈਠ ਗਈ। ਅਗਲੀ ਵਾਰੀ ਇੱਕ ਕਮਾਲ
ਦਾ ਚਿੱਤਰ ਲੈਕੇ ਪੇਸ਼ ਹੋਇਆ।
ਸੋ ਦੋਸਤੋ! ਸਮਾਜ ਤੁਹਾਡੀ ਪ੍ਰਖਿਆ ਨਿਰੰਤਰ ਲੈਂਦਾ ਰਹਿੰਦੈ। ਹਰ ਮੌਕੇ, ਹਰ ਸਥਿਤੀ, ਹਰ
ਔਖੀ ਘੜੀ ਵਿੱਚ ਤੁਸੀਂ ਇਹਨਾਂ ਪ੍ਰਸਿਥਤੀਆਂ ਦੇ ਹਾਣ ਦੇ ਬਣ ਪੇਸ਼ ਹੋਣੈ ਤੇ ਹੁੰਦੇ ਵੀ ਓ।
ਸ਼ੇਰ ਸਿੱਧ ਹੋਵੋ। ਭਾੜੇ ਦੇ ਟੱਟੂ ਬਣ ਨਾ ਵਿਚਰਿਓ! ਇਸ ਸਮਾਜ ਨੇ ਤੁਹਾਡੀਆਂ ਦਸਤਾਰਾਂ ‘ਤੇ
ਕਲਗੀਆਂ ਵਰਗੇ ਚਿੰਨ੍ਹ (ਸ਼ੇਰਾਂ ਵਾਲੇ ਐਮਲੰਬ) ਅਤੇ ਮੋਢਿਆਂ ‘ਤੇ ਸ਼ੇਰਾਂ ਵਾਲੇ ਚਮਕਦੇ
ਸਿਤਾਰੇ ਸਜਾਏ ਹਨ। ਤੁਹਾਨੂੰ ਕਮਾਲ ਦੀਆਂ ਸੁਖ ਸਹੂਲਤਾਂ ਦੇ ਨਾਲ ਕਨੂੰਨੀ ਸ਼ਕਤੀਆਂ ਪ੍ਰਦਾਨ
ਕੀਤੀਆਂ ਹਨ। ਤੁਸੀਂ ਇਹਨਾਂ ਦੀ ਲਾਜ ਰੱਖਣੀ ਹੈ। ਤੁਸੀਂ ਆਪਣੇ ਪਿਤਰਾਂ ਦੇ ਰਿਣੀ ਹੋ। ਵਧੀਆ
ਕਾਰਗੁਜ਼ਾਰੀ ਨਾਲ ਤੁਸੀਂ ਇਸ ਰਿਣ ਨੂੰ ਤਾਅ ਸੇਵਾ ਕਾਲ ਦੌਰਾਨ ਉਤਾਰਦੇ ਰਹਿਣੈ। ਰਿਣ ਆਪਣੇ
ਆਪ ਉਤਰਦਾ ਜਾਣੈ ਜਦੋਂ ਤੁਸੀਂ ਸਮਾਜ ਦੇ ਹਰ ਪ੍ਰਾਣੀ ਨੂੰ ਉਹਦਾ ਬਣਦਾ ਤਣਦਾ ਸਤਿਕਾਰ ਤੇ
ਨਿਆਂ ਦੇਵੋਂਗੇ। ਕਾਨੂੰਨ ਦੀ ਪਾਲਣਾ ਕਰੋਂਗੇ। ਉਹ ਲੋਕ ਤੁਹਾਡੇ ਹਨ, ਤੁਸੀਂ ਉਹਨਾਂ ਦੇ ਹੋ,
ਅਤੇ ਉਹਨਾਂ ਲਈ ਹੋ। ਇਸ ਨਾਲ ਤੁਹਾਡੇ ਸਤਿਕਾਰ ਨੂੰ ਵੀ ਚਾਰ ਚੰਨ੍ਹ ਲੱਗੀ ਜਾਣਗੇ। ਤੁਸੀਂ,
ਅਸੀਂ, ਸਭ ਨੇ 'ਸਭ ਜੱਗ ਚੱਲਣਹਾਰ' ਤੋਂ ਚਲੇ ਜਾਣੈ। 'ਏਥੋਂ ਕਈ ਸਿਕੰਦਰ ਮਾਤਾ ਹੋ ਗੁਜ਼ਰੇ
ਤੂੰ ਰੋਨੀ ਏਂ ਕਿਹੜੇ ਕਿਹੜੇ ਨੂੰ' ਵਾਂਗ। ਤੁਸੀਂ ਧੰਨ, ਮਾਇਆ ਨਾਲ ਸਿਕੰਦਰ ਨਹੀਂ ਬਣ
ਸਕਣਾ। ਪੈਦਾ ਕੀਤੇ ਇੱਕ ਨਾਮ ਨਾਲ ਸਿਕੰਦਰ ਬਣ ਜਾਉਗੇ। ਬੰਦਾ ਮਰ ਜਾਂਦੈ, ਪਰ ਉਹਦਾ ਨਾਮ
ਸਦਾ ਜਿਉਂਦੈ।
ਇੱਕ ਪੱਖੋ ਪੁਲਿਸ ਦਾ ਕੰਮ ਸੁਰੱਖਿਆ ਫੌਜਾਂ ਦੇ ਕੰਮ ਸਾਹਮਣੇ ਕਿਤੇ ਕਠਨ ਤੇ ਔਖਾ ਲੱਗਦੈ।
ਭਾਵੇਂ ਉਹਨਾਂ ਨੂੰ ਮੀਂਹ ਵਾਂਗ ਵਰ੍ਹਦੀਆਂ ਗੋਲ਼ੀਆਂ ਤੇ ਡਿੱਗਦੇ ਬੰਬਾਂ ਹੇਠ ਵਿਚਰਨਾ
ਪੈਂਦੈ, ਪਰ ਉਹ ਉਹੋ ਜਿਹੇ ਸੰਦ ਸੰਦੂਲੀਆਂ ਨਾਲ ਵੀ ਲੈਸ ਹੁੰਦੇ ਹਨ ਅਤੇ ਇੱਕ ਐਲਾਨੀ ਜੰਗ
ਲੜਦੇ ਹਨ। ਪਰ ਉਹਨਾਂ ਦਾ ਕੰਮ ਆਪਣੀ ਥਾਂ ‘ਤੇ ਕਠਨ ਜ਼ਰੂਰ ਹੈ। ਕਠਨ ਤਾਂ ਅਧਿਆਪਕ ਦਾ ਵੀ
ਹੈ। ਉਹਦਾ ਵਾਹ ਭੋਲੇ ਨਿਰਛਲ ਬੱਚਿਆਂ ਦੇ ਵਿਕਾਸ ਨਾਲ ਪੈਂਦਾ। ਇਹ ਨਾਜ਼ਕ ਵੀ ਹੈ ਤੇ ਸੂਖ਼ਮ
ਵੀ। ਇਹ ਸੌਖਾ ਨਹੀਂ ਭਾਵੇਂ ਲੱਗਦਾ ਸੌਖੈ। ਏਸੇ ਤਰ੍ਹਾਂ ਹਰ ਮਹਿਕਮੇ ਦੇ ਕੰਮ ਆਪੋ ਆਪਣੀ
ਕਿਸਮ ਦੇ ਢੰਗ ਤਰੀਕਿਆਂ ਨਾਲ ਕਰਨੇ ਹੁੰਦੇ ਹਨ। ਸਮਾਜ ਦੀ ਸੇਵਾ ਦਾ ਹਰ ਕੰਮ ਸੌਖਾ ਵੀ ਏ ਤੇ
ਔਖਾ ਵੀ ਏ। ਜਿਨ੍ਹਾਂ ਕਰਨਾ ਈ ਕੁਝ ਨਹੀਂ, ਉਹਨਾਂ ਲਈ ਸਭ ਕੁਝ ਸੌਖਾ ਹੀ ਸੌਖੈ। ਜਿਨ੍ਹਾਂ
ਕਰਨਾ ਉਹਨਾਂ ਨੂੰ ਮਿਹਨਤ ਕਰਨੀ ਤੇ ਜੋਖ਼ਮ ਉਠਾਉਣੇ ਪੈਂਦੇ ਹਨ। ਜਿਵੇਂ ਸਤਿਗੁਰ ਦੀ ਸੇਵਾ
ਸਫਲ ਹੈ ਜੇ ਕੋਈ ਕਰੇ ਚਿੱਤ ਲਾਕੇ। ਜਿਹੜਾ ਵੀ ਮਨ, ਚਿੱਤ ਤੇ ਇਮਾਨਦਾਰੀ ਨਾਲ ਕਰਦੈ ਹੈ
ਉਹਦੇ ਲਈ ਹਰ ਕੰਮ ਅਵਸ਼ ਹੀ ਔਖਾ ਬਣ ਜਾਂਦੈ।
ਫੇਰ ਵੀ ਮੈਨੂੰ ਤੁਹਾਡਾ ਕੰਮ ਸਭ ਤੋਂ ਵੱਧ ਕਠਨ ਲੱਗਦੈ।
ਤੁਸੀਂ ਅਨਐਲਾਨੀਆਂ ਲੜਾਈਆਂ, ਜੰਗਾਂ ਵਿਰੁੱਧ ਜੂਝਦੇ ਹੋ। ਕਿਸੇ ਵੇਲੇ ਵੀ ਕੁਝ ਵਾਪਰ ਸਕਦੈ।
ਜਿ਼ੰਮੇਵਾਰੀ ਤੁਹਾਡੇ ‘ਤੇ ਆ ਪੈਂਦੀ ਹੈ।
ਹਤਿਆਰੇ ਰਾਤਾਂ ਦੇ ਰਾਹੀ ਹੁੰਦੇ ਹਨ।
ਤੁਹਾਨੂੰ ਹਰ ਵੇਲੇ, ਹਰ ਵਕਤ, ਦਿਨ ਹੋਵੇ ਜਾਂ ਰਾਤ, ਹਰ ਦਿਨ ਡਿਊਟੀ ‘ਤੇ ਹਾਜ਼ਰ ਰਹਿਣਾ
ਪੈਂਦਾ ਹੈ।
ਵੀ ਆਈ ਪੀਜ਼ ਦੀ ਸੁਰੱਖਿਆ ਤੁਹਾਡੇ ‘ਤੇ ਪਾਈ ਜਾਂਦੀ ਐ।
ਕੋਈ ਪਤਾ ਨਹੀਂ ਲੱਗਦਾ ਤੁਹਾਡੇ ਸਾਹਮਣੇ ਬੈਠਾ ਬੰਦਾ ਭਗਤ ਹੈ ਜਾਂ ਚੋਰ, ਜਾਂ ਚਾਲਬਾਜ਼।
ਤੁਹਾਡਾ ਵਾਹ ਪੈਂਦਾ ਹੈ ਧਨੀ ਚੋਰ ਬਾਜ਼ਾਰੀ ਤੇ ਅੰਡਰਵਰਲਡ ਸਮਗਲਰਾਂ ਨਾਲ ਜਿਨ੍ਹਾਂ ਦੀ
ਪਿੱਠ ‘ਤੇ ਆਮ ਤੌਰ ਤੇ ਰਾਜਕੀ ਸ਼ਕਤੀ ਹੁੰਦੀ ਐ। ਜਿਹੜੀ ਬਹੁਤੀ ਵਾਰੀ ਤੁਹਾਡੇ ਹੱਥ
ਬੰਨ੍ਹਕੇ ਲੜਨ ਲਈ ਮਜਬੂਰ ਕਰਦੀ ਹੈ।
ਤੁਹਾਡਾ ਵਾਹ ਪੈਂਦਾ ਹੰਢੇ ਵਰਤੇ ਕਠੋਰ ਅਪਰਾਧੀਆਂ, ਕਾਤਲਾਂ, ਫਿਰੋਤੀਆਂ ਵਾਲੇ ਪਾੜ੍ਹੇ ਦੇ
ਕਾਤਲਾਂ, ਡਕੈਤਾਂ ਨਾਲ।
ਤੁਹਾਨੂੰ ਸਮਾਜਿਕ, ਸਿਆਸੀ ਤੇ ਧਾਰਮਿਕ ਗਰਮ ਸਰਦ, ਠੰਡੀਆਂ ਤੱਤੀਆਂ ਲਹਿਰਾਂ, ਸੁਨਾਮੀਆਂ ਦੇ
ਰੂਬਰੂ ਹੋਣਾ ਪੈਂਦੈ।
ਹਿੰਸਾ ‘ਤੇ ਉੱਤਰੇ ਹਜੂਮਾਂ ਦੇ ਪਥਰਾਉ, ਸਾੜ ਫੂਕ ਦਾ ਸਾਹਮਣਾ ਕਰਨਾ ਪੈਂਦੈ।
ਤੁਹਾਡਾ ਰਾਜਕੀ ਜਿ਼ਆਦਤੀਆਂ ਤੇ ਬੇਇਨਸਾਫੀਆਂ ਦੇ ਸਿ਼ਕਾਰ ਹੋਏ ਸੰਗਰਸ਼ਮਈ ਸੰਗਠਨਾਂ,
ਜਥੇਬੰਦੀਆਂ ਨਾਲ ਵਾਹ ਪੈਂਦੈ।
ਬੇਰੋਜ਼ਗਾਰ, ਮਹਿੰਗਾਈ, ਵਧੇ ਕਿਰਾਏ ਤੇ ਟੈਕਸਾਂ ਵਿਰੁੱਧ ਸੜਕਾਂ ‘ਤੇ ਉੱਤਰੇ ਹਰ ਵਰਗ ਦੇ
ਜਨਤਕ ਵਿਦਰੋਹ ਦੇ ਸਨਮੁੱਖ ਹੋਣੈ ਪੈਂਦੈ। ਗਲ਼ਤੀਆਂ ਕੋਈ ਕਰਦੈ, ਭਰਨੀਆਂ ਤੁਹਾਨੂੰ ਪੈਂਦੀਆਂ
ਹਨ। ਨਾਅਹਿਲੀਆਂ ਕਿਸੇ ਦੀਆਂ ਭੁਗਤਣੀਆਂ ਤੁਹਾਨੂੰ ਪੈਂਦੀਆਂ ਹਨ। ਜੇ ਸ਼ਕਤੀ ਘੱਟ ਵਰਤੀ
ਜਾਵੇ ਤਾਂ ਵੀ ਕਸੂਰ ਤੁਹਾਡਾ। ਜੇ ਵੱਧ ਵਰਤੀ ਜਾਵੇ ਫਿਰ ਵੀ ਤੁਸੀਂ ਭੁਗਤਦੇ ਫਿਰੋ
ਕਚਹਿਰੀਆਂ ਤੇ ਅਦਾਲਤਾਂ ਵਿੱਚ।
ਪਰ ਤੁਹਾਡੀ ਪਿੱਠ ਭੂਮੀ ‘ਤੇ ਬੜੀਆਂ ਪ੍ਰੇਰਨਾ ਸਰੋਤ ਤਾਕਤਾਂ ਹਨ। ਪੰਜਾਬ ਤਾਂ ਵੱਸਦਾ ਈ
ਗੁਰਾਂ ਦੇ ਨਾਂ ‘ਤੇ। ਇੱਥੇ ਤਾਂ ਮਰਦ ਅਗਮੜੇ ਪੈਦਾ ਹੁੰਦੇ ਰਹੇ ਹਨ, ਜਿਨ੍ਹਾਂ ਨੇ ਸਰਬੰਸ
ਵਾਰ ਦਿੱਤੇ ਪਰ ਨਿਸ਼ਚੈ ਦੀ ਲੜਾਈ ਜਾਰੀ ਰੱਖੀ। ਸਾਡੇ ਗੁਰੂਆਂ ਨੇ ਜਰਵਾਣਿਆਂ ਦਾ 'ਨਾ ਕਹੂੰ
ਕੋ ਭੈਅ ਦੇਤ ਹਾਂ ਨਾ ਭੈਅ ਮਾਣਤ ਆਣ' ਅਤੇ ‘ਜਿਨ੍ਹਾਂ ਸੱਚ ਪਛਾਣਿਆ ਉਹ ਸੁਖੀਏ ਜੁਗ ਚਾਰ’
ਦਾ ਜਾਪ ਕਰਦਿਆਂ ਸ਼ਹੀਦੀਆਂ ਦਿੱਤੀਆਂ। ਤੁਸੀਂ ਆਪ ਵੀ ਤੇ ਲੋਕਾਂ ਨੂੰ ਵੀ ਉਨ੍ਹਾਂ ਦੀ
ਪ੍ਰੇਰਨਾ ਲੈਣ ਤੇ ਦੇਣ ਲਈ ਵੰਗਾਰਨਾ ਹੈ। ਉਹਨਾਂ ਦੇ ਕੀਤੇ ਕਾਰਨਾਮੇ ਸਾਡੇ ਚਾਨਣ ਮੁਨਾਰੇ
ਬਣੇ ਹੋਏ ਹਨ। ਜ਼ਰ ਜਿਹੜਾ ਸਾਨੂੰ ਕਈ ਵਾਰੀ ਗੁੰਮਰਾਹ ਕਰ ਦਿੰਦਾ ਹੈ ਬਾਰੇ ਗੁਰਬਾਣੀ ਦੀ
ਤੁਕ 'ਇਸ ਜ਼ਰ ਕਾਰਨ ਘਣੀ ਵਿਗੁੱਤੀ ਇਸ ਜ਼ਰ ਕਾਰਨ ਘਣੀ ਖੁਆਰ, ਪਾਪਾਂ ਬਾਜ ਹੋਏ ਨਾਹੀਂ,
ਮੋਇਆਂ ਸਾਥ ਨਾ ਜਾਈ, ਜਿਸ ਨੂੰ ਕਰਤਾ ਕਰੇ ਖੁਆਰ ਖਸ ਲਏ ਚੰਗਿਆਈ। 'ਫਿਟੁ ਇਵੇਗ ਜੀਵਿਆ
ਜਿਤੁ ਖਾਇ ਵਧਾਇਆ ਪੇਟੁ'। ਮੈਨੂੰ ਇਸ ਲਮਹੇ ਇਹ ਸ਼ੇਅਰ ਯਾਦ ਆ ਗਿਐ:
ਦਸਤਾਰ ਉਤਾਰੋ ਕੋਈ ਬਾਤ ਬਣੇ, ਸਿਰ ਹੁੰਦੇ ਨੇ ਦਸਤਾਰਾਂ ਹੇਠ।
ਸੱਚੀ ਰੂਹ ਹੁੰਦੀ ਏਥੇ, ਸਿਰ ਜਾਗਦੇ ਰੱਖਣੇ, ਸਿਰ ਜਿਉਂਦੇ ਰੱਖਣੇ।
ਇਹ ਕਹਿੰਦਾ ਹੈ ਸਿਰ ਕੇਵਲ ਦਸਤਾਰਾਂ ਸਜਾਉਣ ਲਈ ਨਹੀਂ ਹੁੰਦੇ। ਇਨ੍ਹਾਂ ਵਿੱਚ ਹੁੰਦੀ ਏ
ਸੱਚੀ ਰੂਹ। ਇਸ ਨੂੰ ਜਾਗਦੀ ਤੇ ਜਿਉਂਦੀ ਰੱਖਣਾ। ਚੰਗਿਆਈ ਨਾ ਗਵਾਇਓ, ਇਹਦਾ ਪੱਲਾ ਨਾ
ਛਡਿਓ, ਮੇਰੇ ਬਹਾਦਰ ਦੋਸਤੋ! ਦਸਮ ਪਿਤਾ ਦੇ ਸਵਈਏ 'ਦੇਹ ਸਿਵਾ ਬਰ ਮੋਹਿ ਇਹੈ, ਸ਼ੁਭ ਕਰਮਨ
ਤੇ ਕਬਹੂੰ ਨ ਟਰੋਂ ' ਸਿਮਰਦੇ ਰਣ ਵਿੱਚ ਉੱਤਰੋ ਤੇ ਕਾਰਜਸ਼ੀਲ ਰਹੇ। ਬੰਦਾ ਖਾਲੀ ਹੱਥ ਆਇਆ
ਤੇ ਖਾਲੀ ਹੱਥ ਤੁਰ ਜਾਂਦੈ। ਨਾਲ ਕੁਝ ਨਹੀਂ ਜਾਂਦਾ। ਪਿੱਛੇ ਤੁਹਾਡੇ ਕਮਾਏ ਨਾਮ ਨੇ ਤੁਹਾਡਾ
ਨਾਮ ਸਦੀਵੀ ਬਣਾ ਦੇਣੈ। ਇਨ੍ਹਾਂ ਯਾਦਾਂ ਨੇ ਤੁਹਾਡੇ ਪਰਿਵਾਰਾਂ ਦੀ ਸੋਭਾ ਵਧਾਉਣੀ ਹੈ।
‘ਹਾਸ਼ਮ ਉਹ ਸਦਾ ਜਿਉਂਦੇ ਕਬਰ ਜਿਨ੍ਹਾਂ ਦੀ ਜੀਵੇ ਹੂ’।
ਤੁਹਾਡਾ ਤੇ ਆਪਣੇ ਅਜ਼ੀਜ਼ ਦਵਿੰਦਰਜੀਤ ਦਾ ਬੜਾ ਧੰਨਵਾਦੀ ਹਾਂ ਜਿਨ੍ਹੇ ਤੁਹਾਡੇ ਨਾਲ ਕੁਝ
ਗੱਲਾਂ ਕਰਨ ਦਾ ਮੋਕਾ ਦਿੱਤਾ ਹੈ। ਭੁੱਲਚੁੱਕ ਲਈ ਖਿਮਾਂ ਕਰਨਾ। ਸਭ ਦਾ ਫਿਰ ਇੱਕ ਵਾਰੀ
ਧੰਨਵਾਦ।ਚਿੰਨਚਿਕੁੰਢੀਆਂ
'ਚੇਤਿਆਂ ਦੀ ਫੁਲਕਾਰੀ' 'ਚੋਂ
ਫੋਨ: 647-402-2170
-0-
|