Welcome to Seerat.ca
Welcome to Seerat.ca

ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ / ਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰ

 

- ਅਮਰਜੀਤ ਚੰਦਨ

ਇੱਕ ਰੰਗ-ਸਹਿਕਦਾ ਦਿਲ (1924)

 

- ਗੁਰਬਖ਼ਸ਼ ਸਿੰਘ ਪ੍ਰੀਤਲੜੀ

ਬਰਫ਼ ਨਾਲ਼ ਦੂਸਰੀ ਲੜਾਈ
(ਲਿਖੀ ਜਾ ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ)

 

- ਇਕਬਾਲ ਰਾਮੂਵਾਲੀਆ

ਬਲਬੀਰ ਸਿੰਘ ਦੇ ਵੱਡਵਡੇਰੇ ਤੇ ਬਚਪਨ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਹਰ ਦਰ ਬੰਦ

 

- ਹਰਜੀਤ ਅਟਵਾਲ

ਸੁਰਿੰਦਰ ਸਿੰਘ ਓਬਰਾਏ- ਗੁਰਚਰਨ ਸਿੰਘ ਔਲਖ- ਭੂਰਾ ਸਿੰਘ ਕਲੇਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਖੜੱਪੇ ਬਨਾਮ ਖੜੱਪੇ ਦੇ ਰਣਤੱਤੇ ਪਿੱਛੋਂ ਬਾਤ ਇੱਕ ਭਾਸ਼ਨ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਫਿ਼ਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਭਾਗਾਂਭਰੀ ਦੇ ਫੁੱਟ ਗਏ ਭਾਗ ਏਦਾਂ...

 

- ਐਸ. ਅਸ਼ੋਕ ਭੌਰਾ

ਬੇਦਾਵਾ

 

- ਚਰਨਜੀਤ ਸਿੰਘ ਪੰਨੂ

ਕੈਨੇਡਾ ਦਾ ਪੰਜਾਬੀ ਨਾਰੀ ਕਾਵਿ / ਇਤਿਹਾਸਕ ਸੰਦਰਭ, ਸਰੋਕਾਰ ਅਤੇ ਸੰਭਾਵਨਾਵਾਂ

 

- ਕੰਵਲਜੀਤ ਕੌਰ ਢਿੱਲੋਂ (ਡਾ.)

ਇਹ ਕੋਈ ਹੱਲ ਤੇ ਨਹੀਂ

 

- ਕੁਲਵਿੰਦਰ ਖਹਿਰਾ

ਕਛਹਿਰੇ ਸਿਊਣੇ

 

- ਵਰਿਆਮ ਸਿੰਘ ਸੰਧੂ

ਸਹਿਜ-ਸੁਭਾਅ ਦੀ ਸ਼ਾਇਰੀ : ਬਲ਼ਦੇ ਚਿਰਾਗ਼ ਹੋਰ

 

- ਉਂਕਾਰਪ੍ਰੀਤ

ਦੇਸ ਵਾਪਸੀ

 

- ਨਵਤੇਜ ਸਿੰਘ

ਕਿਰਾਏ ਦਾ ਵੀ ਸੀ ਆਰ

 

- ਅਵਤਾਰ ਸਿੰਘ ਰਾਮਗੜ੍ਹ ਭੁੱਲਰ

ਵਿਸ਼ੀਅਰ ਨਾਗਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਬਾਤ ਕੋਈ ਪਾ ਗਿਆ

 

- ਮਲਕੀਅਤ ਸਿੰਘ ਸੁਹਲ

ਕਿਸ ਨੂੰ ਫ਼ਾਇਦਾ!

 

- ਗੁਰਦਾਸ ਮਿਨਹਾਸ

ਦੋ ਗਜ਼ਲਾਂ

 

- ਪਰਮਿੰਦਰ ਸਿੰਘ

Discussion on the problems is the only way for civilized society / Canadian Punjabi Conference organized by Disha-Brampton June 15,2014

 

- Shamshad Elahee Shams

अकाल में दूब

 

- केदारनाथ सिंह

इतिहास सवाल करेगा कि... / (पलासी से विभाजन तक के बहाने)

 

- अनिल यादव

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਡਾ ਸੁਰਜੀਤ ਸਿੰਘ ਭੱਟੀ ਦਾ ਸਨਮਾਨ

ਚਾਰ ਗਜ਼ਲਾਂ ਤੇ ਇਕ ਗੀਤ

 

- ਗੁਰਨਾਮ ਢਿੱਲੋਂ

ਹੁੰਗਾਰੇ

 

Online Punjabi Magazine Seerat

ਫਿ਼ਰ ਉਹੋ ਮਹਿਕ
- ਹਰਨੇਕ ਸਿੰਘ ਘੜੂੰਆਂ

 

ਲਾਇਲਪੁਰ ਦੀ ਗਲੀਆਂ ਵਿੱਚ ਕਿਸੇ ਪਗੜੀ ਵਾਲੇ ਸਿੱਖ ਦੀ ਮੌਜੂਦਗੀ ਪੂਰੇ ਮੁਹੱਲੇ ਲਈ ਉਤਸੁਕਤਾ ਦਾ ਕਾਰਨ ਬਣੀ ਹੋਈ ਸੀ। ਇਸ ਤੋਂ ਵੀ ਵਧੇਰੇ ਕਿਸੇ ਮੁਸਲਮਾਨ ਔਰਤ ਦਾ ਬੜੀ ਬੇਸਬਰੀ ਨਾਲ ਦੁਬਾਰਾ ਦੁਬਾਰਾ ਗਲੇ ਲੱਗ ਕੇ ਮਿਲਣਾ, ਪੂਰੇ ਮਹੱਲੇ ਨੂੰ ਅਚੰਬੇ ਵਿੱਚ ਪਾ ਰਿਹਾ ਸੀ। ਇਹ ਔਰਤ ਸੀ ਸਾਡੇ ਪਿੰਡ ਦੀ ਕੁੜੀ ਸੀਬੋ ਅਤੇ ਮੇਰੇ ਬਚਪਨ ਦੇ ਦੋਸਤ ਜੁਮੇਂ ਦੀ ਭੈਣ।
ਜੁਮਾ ਉਮਰ ਵਿੱਚ ਮੈਥੋਂ ਵੱਡਾ ਸੀ ਪਰ ਅਸੀਂ ਹਮੇਸ਼ਾਂ ਇਕੱਠੇ ਖੇਡਿਆ ਕਰਦੇ ਅਸਾਂ। ਜੁਮੇ ਦੇ ਅੱਬਾ ਦਾ ਨਾਮ ਸੀ ਛਿੱਤਰ ਪੀਂਜਾ ਅਤੇ ਮਾਂ ਦਾ ਨਾਮ ਮੰਗਲੀ। ਇਹਨਾਂ ਨੇ ਕਈ ਪੁੱਤਰਾਂ ਨੂੰ ਜਨਮ ਦਿੱਤਾ ਜੋ ਛਿਲੇ ਵਿੱਚ ਹੀ ਪੂਰੇ ਹੋ ਗਏ, ਸਿਰਫ਼ ਇਕੱਲਾ ਬਚਿਆ ਜੁਮਾ। ਉੇਸ ਦੀਆਂ ਦੋ ਭੈਣਾਂ ਸੀਬੋ ਅਤੇ ਪੂਰੋ ਸਨ। ਸੀਬੋ ਬਟਵਾਰੇ ਵੇਲੇ ਆਪਣੇ ਸਹੁਰਿਆਂ ਨਾਲ ਪਾਕਿਸਤਾਨ ਲਾਇਲਪੁਰ ਜਾ ਵਸੀ। ਅਤੇ ਪੂਰੋ ਇੱਧਰ ਹੀ ਵਲਸੂਏ ਵਿਆਹੀ ਗਈ। ਛਿੱਤਰ ਪਿੰਡ ਵਿੱਚ ਰੂੰਈਂ ਪਿੰਜਣ ਦਾ ਕੰਮ ਕਰਦਾ ਸੀ। ਕਦੇ ਕਦੇ ਛਿੱਤਰ ਦਾ ਤਾੜਾ ਟਿਕੀ ਹੋਈ ਰਾਤ ਵਿੱਚ ਸੰਗੀਤ ਪੈਦਾ ਕਰ ਦਿੰਦਾ ਧੱਕ -ਧੱਕ ਧਾਂ-ਧਾਂ। ਰੂੰਈਂ ਦੇ ਫੰਬੇ ਇੱਧਰ-ਉੱਧਰ ਬਰਫ਼ ਬਣ ਕੇ ਉੱਡਦੇ ਰਹਿੰਦੇ।
ਜੁਮੇ ਨੂੰ ਛੋਟੀ ਉਮਰੇ ਅਲਗੋਜ਼ੇ ਵਜਾਉਣ ਦੀ ਉਸ ਦੇ ਰਿਸ਼ਤੇਦਾਰਾਂ ਨੇ ਜਾਚ ਸਿਖਾ ਦਿੱਤੀ। ਉਹ ਬਹੁਤ ਸੋਹਣਾ ਪਤੰਗ ਬਣਾਉਣਾ ਅਤੇ ਉਡਾਉਣਾ ਜਾਣਦਾ ਸੀ। ਬਰੋਟੇ ਦੇ ਪੱਤਿਆਂ ਵਿੱਚ ਸੂਲਾਂ ਪਰੋ ਕੇ ਬੈਲ ਗੱਡੀ ਬਣਾ ਲੇਂਦਾ। ਮੈਨੂੰ ਦੋਹਾਂ ਵਿੱਚੋਂ ਕੁੱਝ ਨਹੀਂ ਸੀ ਆਉਂਦਾ। ਮੈਂ ਉਸ ਨੂੰ ਲੀਡਰ ਮੰਨ ਲਿਆ ਅਤੇ ਅਸੀਂ ਪੱਕੇ ਆੜੀ ਬਣ ਗਏ। ਅਤੇ ਸਾਰਾ ਸਾਰਾ ਦਿਨ ਇਕੱਲੇ ਖੇਡਦੇ ਰਹਿੰਦੇ।
ਅਕਸਰ ਸਾਡੇ ਪਿੰਡ ਵਿਆਹਾਂ ਵਿੱਚ ਰਾਤਾਂ ਨੂੰ ਨਕਲੀਆਂ ਦੇ ਅਖਾੜੇ ਲਗਦੇ। ਅਸੀਂ ਸਾਜ੍ਹਰੇ ਰੋਟੀ-ਪਾਣੀ ਖਾ ਕੇ ਪਹਿਲੀ ਕਤਾਰ ਵਿੱਚ ਬੈਠ ਜਾਂਦੇ। ਜਦੋਂ ਸੋਹਣੇ-ਸੋਹਣੇ ਨਚਾਰ ਤੀਵੀਆਂ ਵਾਲੇ ਕੱਪੜੇ ਪਾ ਕੇ ਅਖਾੜੇ ਵਿੱਚ ਪੈਲਾਂ ਪਾਉਂਦੇ ਉਹ ਸਾਨੂੰ ਬਜ਼ੁਰਗਾਂ ਦੀਆਂ ਕਹਾਣੀਆਂ ਵਾਲੀਆਂ ਇੰਦਰ ਦੇ ਅਖਾੜੇ ਵਿਚਲੀਆਂ ਕੋਹਕਾਫ਼ ਦੀਆਂ ਪਰੀਆਂ ਲੱਗਣ ਲੱਗ ਪੈਂਦੀਆਂ। ਸਾਨੂੰ ਸੱਚ ਮੁੱਚ ਹੀ ਸਮਝ ਨਹੀਂ ਸੀ ਹੁੰਦੀ। ਇਹ ਕੁੜੀਆਂ ਨਹੀਂ ਹਨ। ਕੱਪੜਿਆਂ ਉੱਤੇ ਛਿੜਕੇ ਅਤਰ -ਫਲੇਲ ਪੂਰੇ ਵਾਤਾਵਰਣ ਨੂੰ ਸੁਗੰਧਿਤ ਕਰ ਦਿੰਦੇ। ਜਦੋਂ ਉਹ ਹੀਰ ਰਾਂਝੇ ਦਾ ਸਾਂਗ ਕਰਦੇ ਤਾਂ ਸੱਚੀਂ ਮੁੱਚੀਂ ਹੀ ਹੀਰ ਰਾਂਝਾ ਲੱਗਣ ਲੱਗ ਪੈਂਦੇ। ਮਾੜੀ ਦੇ ਮੇਲੇ ਤੇ ਜੁਮੇ ਦੇ ਰਿਸ਼ਤੇਦਾਰ ਤੂੰਬਾ ਅਤੇ ਅਲਗੋਜ਼ਾ ਲੈ ਕੇ ਅਖਾੜਾ ਲਾਉਣ ਆਉਂਦੇ। ਉਹਨਾਂ ਦੀਆਂ ਮਾਵਾ ਲੱਗੀਆਂ ਦੁੱਧ ਚਿੱਟੀਆਂ ਪੱਗਾਂ ਦੇ ਤੁਰਲੇ ਜਦੋਂ ਉਹ ਦੂਹਰੇ ਤੀਹਰੇ ਹੋ ਕੇ ਗਾਉਂਦੇ ਹਵਾ ਵਿੱਚ ਮੋਰਾਂ ਵਾਂਗ ਪੈਲਾਂ ਪਾਉਣ ਲੱਗ ਪੈਂਦੇ। ਅਸੀਂ ਚਾਈਂ ਚਾਈਂ ਉਹਨਾਂ ਦੇ ਨਾਲ ਅਖ਼ਾੜਾ ਵੇਖਣ ਜਾਂਦੇ। ਬਾਕੀ ਮੁੰਡਿਆਂ ਨਾਲੋਂ ਸਾਡੀ ਬੜੀ ਟੌਹਰ ਹੁੰਦੀ ਕਿਉਂਕਿ ਗੌਣ ਵਾਲਿਆਂ ਨਾਲ ਸਾਡੀ ਸਿੱਧੀ ਜਾਣ ਪਛਾਣ ਹੁੰਦੀ ਸੀ। ਜਦੋਂ ਮੁੱਹਲੇ ਵਿੱਚ ਜੰਜਾਂ ਆਉਂਦੀਆਂ ਅਸੀਂ ਦੇਰ ਰਾਤ ਤੀਕ ਇੱਕੋ ਮੰਜੇ ਤੇ ਲੇਟ ਕੇ ਗੀਤ ਸੁਣਦੇ। ਉਹਨਾਂ ਦਿਨਾਂ ਵਿੱਚ ਆਮ ਕਰ ਕੇ ਗੀਤ ਚਲਦੇ ਹੁੰਦੇ ਸਨ, ਮੇਰੀ ਲਗਦੀ ਕਿਸੇ ਨਾ ਦੇਖੀ, ਕਿ ਟੁੱਟਦੀ ਨੂੰ ਜੱਗ ਜਾਣਦਾ, ਮੈਨੂੰ ਰੱਬ ਦੀ ਸੌਂਹ ਤੇਰੇ ਨਾਲ ਪਿਆਰ ਹੋ ਗਿਆ, ਵੇ ਚੰਨਾ ਸੱਚੀਂ ਮੁੱਚੀਂ, ਹਵਾ ਮੇਂ ਉੜਤਾ ਜਾਏ, ਮੋਰਾ ਲਾਲ ਦੁਪੱਟਾ ਮਲਮਲ ਕਾ। ਕਈ ਵੇਰ ਅੰਮ੍ਰਿਤ ਵੇਲੇ ਡੱਫ਼ਲੀ ਲੈ ਕੇ, ਥੇੜੀ ਵਾਲੇ ਸਾਧ ਪ੍ਰਭਾਤ ਫ਼ੇਰੀ ਤੇ ਆਉਂਦੇ ਅਤੇ ਦਿਲ ਵਿੱਚ ਧੁੰਮਾਂ ਪਾਉਣ ਵਾਲੀ ਆਵਾਜ਼ ਵਿੱਚ ਗਾਉਂਦੇ, ਤੇਰਾ ਨਾਮੁ ਜਪਣ ਦਾ ਵੇਲਾ, ਬੰਦਿਆ ਤੂੰ ਨਾਮੁ ਜਪ ਲੈ। ਤੇਰੇ ਨਾਲ ਨਹੀਂ ਕਿਸੇ ਨੇ ਜਾਣਾ ਬਹਤਿਆ ਕਮਾਈਆਂ ਵਾਲਿਆ। ਪੂਰੇ ਵਾਤਾਵਰਣ ਵਿੱਚ ਸੰਗੀਤ ਚੰਦਨ ਦੀ ਧੂਫ਼ ਵਾਂਗੂੰ ਘੁਲ ਜਾਂਦਾ। ਦਿਲ ਵਿੱਚ ਅਜੀਬ ਕਿਸਮ ਦੀ ਖੋਹ ਜਿਹੀ ਪੈਣ ਲੱਗ ਪੈਂਦੀ। ਸਾਰੇ ਲੋਕ ਕੋਠਿਆਂ ਤੋਂ ਬਿਸਤਰੇ ਆਪਣੇ ਕੱਛੇ ਮਾਰ ਕੇ ਕੰਮਾਂ-ਕਾਰਾਂ ਲਈ ਨਿਕਲ ਪੈਂਦੇ। ਅਸੀਂ ਵੀ ਬਾਹਰ ਮੁਹੱਲੇ ਦੇ ਦਰਵਾਜ਼ੇ ਵੱਲ ਨਿਕਲ ਪੈਂਦੇ। ਜੁਮਾਂ ਆਪਣੀ ਮਾਂ ਲਈ ਗੋਹੇ ਦੇ ਫ਼ੋਸ ਇਕੱਠੇ ਕਰਦਾ ਜੋ ਘਰ ਵਿੱਚ ਬਾਲਣ ਦਾ ਕੰਮ ਦਿੰਦੇ। ਕਈ ਵੇਰ ਮੈਂ ਵੀ ਨਾਲ ਲੱਗ ਜਾਂਦਾ। ਭਾਵੇਂ ਘਰਦਿਆਂ ਵੱਲੋਂ ਝਿੜਕਾਂ ਹੀ ਖਾਣੀਆਂ ਪੈਂਦੀਆਂ।
ਮੈਨੂੰ ਘਰਦਿਆਂ ਨੇ ਸਕੂਲ ਪੜ੍ਹਨ ਲਾ ਦਿੱਤਾ। ਜੁਮਾਂ ਵਿਚਾਰਾ ਇਕੱਲਾ ਰਹਿ ਗਿਆ। ਛਿੱਤਰ ਨੇ ਉਸ ਦੀ ਉਦਾਸੀ ਭਾਂਪਦਿਆਂ ਇੱਕ ਬੱਕਰੀ ਲੈ ਦਿੱਤੀ ਜੋ ਉਸ ਦਾ ਵਕਤ ਗੁਜ਼ਾਰਨ ਲਈ ਅਤੇ ਘਰ ਵਿੱਚ ਦੁੱਧ ਦਾ ਕੰਮ ਸਾਰਨ ਲਈ ਇੱਕ ਠੀਕ ਯੋਜਨਾ ਸੀ। ਬੱਕਰੀ ਦੇ ਛੋਟੇ ਛੋਟੇ ਮੇਮਣੇ ਸਾਡੇ ਦੋਹਾਂ ਲਈ ਮਨਪ੍ਰਚਾਵੇ ਦਾ ਸਾਧਾਨ ਬਣ ਗਏ। ਅਸੀਂ ਜੁਮੇ ਦੇ ਵਿਹੜੇ ਵਿੱਚ ਇੱਕ ਨਿੰਮ ਲਾ ਦਿੱਤੀ ਜਿਸ ਨੂੰ ਹਰ ਰੋਜ਼ ਪਾਣੀ ਨਾਲ ਸਿੰਜਦੇ। ਮੈਂ ਅੱਧੀ ਛੁੱਟੀ ਵੇਲੇ ਸਭ ਤੋਂ ਪਹਿਲਾਂ ਨਿੰਮ ਨੂੰ ਵੇਖਣ ਜਾਂਦਾ ਕਿ ਨਿੰਮ ਕਿੰਨੀ ਵੱਡੀ ਹੋ ਗਈ ਹੋਵੇਗੀ। ਪਰ ਅਫ਼ਸੋਸ ਨਿੰਮ ਓਨੀ ਹੀ ਰਹਿੰਦੀ ਸੀ।
ਅਚਾਨਕ ਇੱਕ ਦਿਨ ਜੁਮਾਂ ਬਿਮਾਰ ਪੈ ਗਿਆ। ਮੁਹੱਲੇ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਜੁਮੇ ਨੂੰ ਕੋਈ ਓਪਰੀ ਕਸਰ ਹੋ ਗਈ ਹੈ। ਮੈਨੂੰ ਘਰ ਦਿਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਜੁਮੇ ਨੂੰ ਮਿਲਣ ਨਹੀਂ ਜਾਣਾ ਨਹੀਂ ਤੇ ਤੈਨੂੰ ਵੀ ਭੂਤ ਚਿੰਬੜ ਜਾਣਗੇ। ਕਿੰਨੇ ਦਿਨ ਮੈਂ ਜੁਮੇ ਨੂੰ ਮਿਲਣ ਨਹੀਂ ਗਿਆ। ਜਮੁੇ ਤੋਂ ਬਿਨਾਂ ਮੈਂ ਬੜ੍ਹਾ ਉਦਾਸ ਰਹਿੰਦਾ। ਇੱਕ ਦਿਨ ਦੁਪਹਿਰ ਵੇਲੇ ਜਦੋਂ ਸਾਰੇ ਘਰ ਦੇ ਸੁੱਤੇ ਪਏ ਸਨ ਮੈਂ ਦੱਬੇ ਪੈਰੀਂ ਜੁਮੇ ਨੂੰ ਮਿਲਣ ਤੁਰ ਪਿਆ। ਮੇਰੇ ਹੱਥ ਵਿੱਚ ਲੋਹੇ ਦਾ ਕੜਾ ਸੀ। ਸੁਣਿਆ ਸੀ ਕਿ ਲੋਹੇ ਦੇ ਨੇੜੇ ਭੂਤ ਨਹੀਂ ਆਉਂਦੇ, ਉਂਜ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਗਿਆ। ਇਹ ਭੂਤਾਂ ਲਈ ਦੂਸਰਾ ਉਪਾਅ ਸੀ। ਜੁਮਾਂ ਬੜਾ ਲਿੱਸਾ ਹੋਇਆ ਪਿਆ ਸੀ। ਉਸ ਨੇ ਬੜੀ ਮੱਧਮ ਆਵਾਜ਼ ਵਿੱਚ ਕਿਹਾ। ਨੇਕ ਯਾਰ ਤੂੰ ਮੈਨੂੰ ਮਿਲਣ ਨਹੀਂ ਆਇਆ। ਮੇਰੇ ਕੋਲ ਉਸਦੀ ਗੱਲ ਦਾ ਜਵਾਬ ਨਹੀਂ ਸੀ। ਮੈਂ ਉਸਦਾ ਗੁਨਹਾਗਾਰ ਸਾਂ। ਕਿੰਨੀ ਦੇਰ ਅਸੀਂ ਗੱਲਾਂ ਕਰਦੇ ਰਹੇ। ਤੁਰਨ ਲੱਗਿਆਂ ਉਸ ਨੇ ਇੱਕ ਲੱਕੜ ਦਾ ਗੱਡਾ ਮੈਨੂੰ ਦੇ ਦਿੱਤਾ ਜੋ ਉਸ ਨੇ ਆਪਣੇ ਖੇਡਣ ਲਈ ਬਣਾਇਆ ਸੀ।
ਇੱਕ ਦਿਨ ਸਵੇਰੇ ਸਵੇਰੇ ਛਿੱਤਰ ਦੇ ਘਰੋਂ ਰੋਣ ਦੀ ਆਵਾਜ਼ ਆਈ। ਦਰਵਾਜ਼ੇ ਅੱਗੇ ਤੀਵੀਆਂ ਅਤੇ ਆਦਮੀਆਂ ਦਾ ਜੰਮਘਾਟਾ ਇਕੱਠਾ ਹੋਇਆ ਸੀ। ਇੱਕ ਪਾਸੇ ਨੀਲੇ ਕੱਪੜਿਆਂ ਵਾਲਾ ਆਦਮੀ ਖੜਾ ਸੀ ਜਿਸ ਨੂੰ ਲੋਕ ਮੌਲਵੀ ਜੀ ਕਹਿ ਕੇ ਬੁਲਾ ਰਹੇ ਸਨ। ਮੈਨੂੰ ਜੁਮੇ ਦੀ ਮਾਂ ਮੰਗਲੀ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ। ਪੁੱਤ ਮੌਲਵੀ ਸਾਹਬ ਜੁਮੇ ਨੂੰ ਠੀਕ ਕਰ ਕੇ ਆਪਣੇ ਨਾਲ ਲੈ ਜਾਣਗੇ। ਮੈਂ ਪਿੰਡ ਦੇ ਦਰਵਾਜ਼ੇ ਜੁਮੇ ਦਾ ਖੇਡਣ ਵਾਲਾ ਗੱਡਾ ਲੈ ਕੇ ਬੈਠ ਗਿਆ, ਜਦੋਂ ਜੁਮਾ ਇੱਥੋਂ ਲੰਘੇਗਾ, ਤਦ ਉਸਦਾ ਗੱਡਾ ਵਾਪਸ ਕਰ ਦਿਆਂਗਾ। ਸਾਹਮਣੇ ਗਲੀ ਵਿੱਚੋਂ ਇੱਕ ਕਾਫ਼ਲਾ ਨਿਕਲਿਆ ਜਿਸ ਨੇ ਜੁਮੇ ਨੂੰ ਇੱਕ ਮੰਜੀ ਜਿਹੇ ਬਾਂਸਾਂ ਦੇ ਚੌਖਟੇ ਤੇ ਲਟਾਇਆ ਹੋਇਆ ਸੀ। ਉਸ ਨੇ ਦੁੱਧ ਚਿੱਟੀ ਚਾਦਰ ਵਲੇਟੀ ਸੀ। ਮੈਂ ਇੰਤਜ਼ਾਰ ਕਰ ਰਿਹਾ ਸਾਂ। ਜੁਮਾਂ ਮੁੰਹ ਤੋਂ ਕੱਪੜਾ ਉਤਾਰ ਕੇ ਝੱਟ ਲੋਕਾਂ ਵੱਲ ਝਾਕੇਗਾ ਤਾਂ ਝੱਟ ਉਸ ਦਾ ਗੱਡਾ ਵਾਪਸ ਕਰ ਦਿਆਂਗਾ। ਨਾ ਜੁਮੇ ਨੂੰ ਕੱਪੜੇ ਦਾ ਪੱਲਾ ਹਟਾਇਆ ਅਤੇ ਨਾ ਹੀ ਕਾਫ਼ਲਾ ਰੁਕਿਆ। ਹੌਲੀ ਹੌਲੀ ਸਭ ਲੋਕ ਅੱਖਾਂ ਤੋਂ ਓਹਲੇ ਹੋ ਗਏ। ਬੜੀ ਦੇਰ ਬਾਅਦ ਸਮਝ ਆਈ ਕਿ ਜੁਮਾਂ ਓਸ ਚੰਦੇ ਪਿੰਡ ਟੁਰ ਗਿਆ ਜਿੱਥੋਂ ਕਦੇ ਕੋਈ ਵਾਪਸ ਨਹੀਂ ਆਇਆ।
ਕੋਠੇ ਉੱਤੇ ਜਿਸ ਮੰਜੇ ਤੇ ਲੇਟ ਕੇ ਅਸੀਂ ਗੀਤ ਸੁਣਿਆ ਕਰਦੇ ਸਾਂ ਹੁਣ ਉਸ ਮੰਜੇ ਤੇ ਲੇਟ ਕੇ ਮੰਗਲੀ ਬੁੜੀ ਦੇ ਵੈਣ ਸੁਣਾਈ ਦਿੰਦੇ। ਵਿਚਾਰੀ ਬਦਕਿਸਮਤ ਨੂੰ ਨੀਂਦ ਘੱਟ ਹੀ ਆਉਂਦੀ ਸੀ। ਜੇ ਕਿਤੇ ਝੌਂਕਾ ਲੱਗ ਹੀ ਜਾਂਦਾ ਤਾਂ ਥੋੜ੍ਹੀ ਦੇਰ ਬਾਅਦ ਕਲੇਜਾ ਫੜ੍ਹ ਕੇ ਰੋਣਾ ਸ਼ੁਰੂ ਕਰ ਦਿੰਦੀ, ਤੂੰ ਕਿਹੜੇ ਬਾਗੀਂ ਪਰਚ ਗਿਆ ਵੇ, ਮੇਰਿਆ ਕਲੈਰੀਆ ਮੋਰਾ।
ਅੱਜ ਦੇ ਵਿਛੜੇ ਕਿਹੜੇ ਜਨਮਾਂ ਚ ਮਿਲਾਂਗੇ ਵੇ, ਮੇਰਿਆ ਰਾਜਿਆ ਪੁੱਤਰਾ। ਬੁੱਢੇ ਮਾਂ ਬਾਪ ਦੀ ਵਹਿੰਗੀ ਕਿਹਦੇ ਸਹਾਰੇ ਛੱਡ ਗਿਆ ਵੇ, ਮੇਰਿਆ ਸਰਵਣਾ ਪੁੱਤਰਾ। ਮਾਈ ਮੰਗਲੀ ਦੀਆਂ ਹੂਕਾਂ ਸੁਣ ਕੇ ਮੇਰੀ ਅੱਖ ਖੁੱਲ ਜਾਂਦੀ। ਮੇਰਾ ਦਿਲ ਭਰ ਆਉਂਦਾ ਅਤੇ ਮੈਂ ਵੀ ਸਿਸਕੀਆਂ ਲੈਣ ਲੱਗ ਪੈਂਦਾ। ਕਿੰਨੀ ਦੇਰ ਮੈਨੂੰ ਵੱਡੀ ਮਾਮੀ ਸੀਨੇ ਨਾਲ ਲਾ ਕੇ ਚੁੱਪ ਕਰਾਉਂਦੀ ਰਹਿੰਦੀ ਅਤੇ ਕਈ ਵੇਰ ਉਹ ਵੀ ਮੇਰੇ ਨਾਲ ਹੀ ਰੋਣ ਲੱਗ ਪੈਂਦੀ। ਕੁੱਝ ਦੇਰ ਬਾਅਦ ਬਜ਼ੁਰਗ ਛਿੱਤਰ ਸਦਮੇ ਦਾ ਮਾਰਿਆ ਪਾਗਲ ਹੋ ਗਿਆ। ਦੋਨਾਂ ਨੂੰ ਮਾਈ ਮੰਗਲੀ ਦੇ ਪਕੇ ਆਪਣੇ ਪਿੰਡ ਦਾਦੂ ਮਾਜਰੇ ਲੈ ਗਏ।
ਜਦੋਂ ਕਦੇ ਮਾਈ ਮੰਗਲੀ ਦੇ ਹੌਲ ਉੱਠਦਾ ਉਹ ਘੜੂੰਏਂ ਵੱਲ ਦੌੜਦੀ। ਪਹਿਲਾਂ ਆ ਕੇ ਕਿੰਨੀ ਦੇਰ ਜੁਮੇਂ ਦੇ ਹੱਥੀਂ ਲੱਗੀ ਨਿੰਮ ਪਲੋਸਦੀ ਰਹਿੰਦੀ ਅਤੇ ਫਿਰ ਛੁੱਟੀ ਹੋਣ ਦੇ ਇੰਤਜ਼ਾਰ ਵਿੱਚ ਸਕੂਲ ਦੇ ਸਾਹਮਣੇ ਬਰੋਟੇ ਹੇਠ ਬੈਠ ਕੇ ਮੇਰਾ ਇੰਤਜ਼ਾਰ ਕਰਦੀ ਰਹਿੰਦੀ। ਜਦੋਂ ਮੈਂ ਬਾਹਰ ਨਿਕਲਦਾ ਭੱਜ ਕੇ ਗਲਵਕੜੀ ਵਿੱਚ ਲੈ ਲੈਂਦੀ। ਇੰਨੇ ਜ਼ੋਰ ਨਾਲ ਘੁੱਟਦੀ ਕਿ ਮੇਰੀਆਂ ਹੱਡੀਆਂ ਦੇ ਕੜਾਕੇ ਬੋਲ ਜਾਂਦੇ। ਬੜੀਆਂ ਅਸੀਸਾਂ ਦੇਂਦੀ, ਜਿਊਂਦਾ ਰਹਿ ਪੁੱਤਰਾ, ਕਾਲਜੇ ਠੰਢ ਪੈ ਗਈ, ਕੌੜੀ ਨਿੰਮ ਜਿੰਨੀ ਤੇਰੀ ਉਮਰ ਹੋਵੇ। ਮਾਈ ਦੇ ਕੱਪੜਿਆਂ ਵਿੱਚੋਂ ਬੜੀ ਅਜੀਬ ਜਿਹੀ ਮਹਿਕ ਆਉਂਦੀ, ਜੋ ਕਦੇ ਪਹਿਲੀ ਬਾਰਸ਼ ਦੀਆਂ ਪਹਿਲੀਆਂ ਕਣੀਆਂ ਪੈਣ ਤੇ ਧਰਤੀ ਵਿੱਚੋਂ ਉੱਠਦੀ ਹੈ, ਜਾਣ ਲੱਗੀ ਮਾਈ ਚੁੰਨੀ ਦੇ ਲੜ ਨਾਲ ਲਪੇਟੇ ਵਿਆਹਾਂ ਦੇ ਸੱਕਰਪਾਰੇ ਅਤੇ ਮਿੱਠੀਆਂ ਪਕੌੜੀਆਂ ਨਾਲ ਮੇਰੀ ਜੇਬ ਭਰ ਜਾਂਦੀ। ਸਮੇਂ ਦਾ ਪਹੀਆ ਤੇਜ਼ੀ ਨਾਲ ਘੁੰਮਦਾ ਗਿਆ। ਸਕੂਲੋਂ ਕਾਲਜ, ਕਾਲਜੋਂ ਰੋਜ਼ੀ-ਰੋਟੀ, ਰੋਜ਼ੀ-ਰੋਟੀ ਤੋਂ ਰਾਜਨੀਤੀ, ਮੈਂਬਰੀਆਂ, ਵਜ਼ੀਰੀਆਂ ਤੀਕ ਦਾ ਸਫ਼ਰ ਤਹਿ ਕਰਦਾ ਚਲਿਆ ਗਿਆ। ਏਸ ਅਰਸੇ ਵਿੱਚ ਵਿਚਾਰੇ ਬਜ਼ੁਰਗ ਦੋਨੋਂ ਮਰ ਮੁੱਕ ਗਏ।
ਏਸੇ ਦੌਰਾਨ ਮੇਰਾ ਪਾਕਿਸਤਾਨ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਕ ਦਿਨ ਮੈਂ ਪਿੰਡ ਗਿਆ ਸਾਂ। ਅਚਾਨਕ ਕੋਠੇ ਤੇ ਚੜ੍ਹ ਗਿਆ। ਮਹਿਦੀ ਹਸਨ ਦੇ ਬੋਲ ਜੋ ਰਸਤੇ ਵਿੱਚ ਸੁਣਦਾ ਆਇਆ ਸਾਂ ਅਜੇ ਵੀ ਮੇਰੇ ਜ਼ਿਹਨ ਵਿੱਚ ਜ਼ਰਬਾਂ ਖਾ ਰਹੇ ਸਨ। ਅਬ ਕੇ ਹਮ ਵਿਛੜੇ ਤੋ ਸ਼ਾਇਦ ਖਾਬੋਂ ਮੇਂ ਮਿਲੇਂਗੇ। ਮੈਂ ਸੋਚਾਂ ਵਿੱਚ ਡੁੱਬ ਗਿਆ। ਮੈਨੂੰ ਬਚਪਨ ਦੇ ਵਿਛੜੇ ਦੋਸਤ ਜੁਮੇ ਦੀ ਯਾਦ ਆ ਗਈ। ਸਾਹਮਣੇ ਖੜੀ ਨਿੰਮ ਇੱਕ ਭਾਰੀ ਦਰਖ਼ਤ ਬਣ ਗਈ ਸੀ। ਇਹ ਉਹ ਨਿੰਮ ਸੀ ਜੋ ਕਦੇ ਜੁਮੇ ਨੇ ਤੇ ਮੈਂ ਰਲ ਕੇ ਲਾਈ ਸੀ। ਕਿੰਨੀ ਦੇਰ ਟਿਕਟਿਕੀ ਬੰਨ੍ਹ ਕੇ ਨਿੰਮ ਵੱਲ ਵੇਖਦਾ ਰਿਹਾ। ਹੌਲੀ ਹੌਲੀ ਨਿੰਮ ਵਿੱਚੋਂ ਜੁਮਾਂ ਜ਼ਾਹਰ ਹੁੰਦਾ ਮਹਿਸੂਸ ਹੋਣ ਲੱਗ ਪਿਆ। ਖੱਬੇ ਪਾਸੇ ਜਾਣ ਵਾਲੇ ਟਾਹਣ ਦੋਨੋਂ ਬਾਹਵਾਂ ਹੇਠ ਵਾਲਾ ਹਿੱਸਾ ਜੁਮੇ ਦਾ ਧੜ। ਹੌਲੀ ਹੌਲੀ ਉਹ ਮੇਰੀਆਂ ਸੋਚਾਂ ਵਿੱਚ ਦਾਖ਼ਲ ਹੋ ਕੇ ਜਵਾਬ ਸੁਆਲ ਕਰਨ ਲੱਗ ਪਿਆ। ਜੱਟ ਦੀ ਯਾਰੀ ਤੇ ਬੜੀ ਪੱਕੀ ਹੁੰਦੀ ਏ। ਪਰ ਤੂੰ ਬੜਾ ਕੱਚਾ ਨਿਕਲਿਆ। ਤੂੰ ਤੇ ਪਾਕਿਸਤਾਨ ਜਾ ਕੇ ਮੀਆਂ ਨਵਾਜ਼ ਸ਼ਰੀਫ਼ ਤੋਂ ਲੈ ਕੇ ਕਿੰਨੇ ਗਾਇਕਾਂ ਅਤੇ ਹੋਰ ਨਾਮਵਰ ਬੰਦਿਆਂ ਨੂੰ ਮਿਲ ਸਕਦਾ ਏਂ, ਕਦੇ ਮੇਰੀ ਗਰੀਬੜੀ ਭੈਣ ਨੂੰ ਮਿਲਣ ਦੀ ਜ਼ਰੂਰਤ ਨਹੀਂ ਸਮਝੀ। ਜੁਮਾਂ ਬਿਲਕੁਲ ਸੱਚਾ ਸੀ ਅਤੇ ਮੇਰੇ ਕੋਲ ਸ਼ਰਮਿੰਦਾ ਹੋਣ ਤੋਂ ਸਿਵਾਏ ਕੋਈ ਚਾਰ ਨਹੀਂ ਸੀ। ਮੈਂ ਧਿਆਨ ਵਿੱਚ ਹੱਥ ਵਿੱਚ ਫੱਟੀ ਫੜੀ ਸਕੂਲ ਦਾ ਜੁਆਕ ਬਣ ਗਿਆ ਅਤੇ ਜੁਮੇ ਦੀ ਬੱਕਰੀ ਦੇ ਮੇਮਣਿਆਂ ਨਾਲ ਖੇਡਣ ਲੱਗ ਪਿਆ। ਮੇਰੇ ਜਿਸਮ ਵਿੱਚ ਝੁਣ-ਝੁਣੀ ਜਿਹੀ ਛਿੜੀ। ਮੈਂ ਇੱਕਦਮ ਤ੍ਰਬਕ ਗਿਆ। ਮੈਨੂੰ ਸਹਿਜ ਅਵਸਥਾ ਵਿੱਚ ਆਉਣ ਲਈ ਕਈ ਪਲ ਲੱਗੇ।
ਅਗਲੇ ਦਿਨ ਹੀ ਜੁਮੇ ਦੀ ਛੋਟੀ ਭੈਣ ਪੂਰੋ ਤੋਂ ਪਾਕਿਸਤਾਨ ਵਾਲੀ ਭੈਣ ਸੀਬੋ ਦਾ ਸਿਰਨਾਵਾਂ ਲਿਆ। ਸੀਬੋ ਲਾਇਲਪੁਰ ਸ਼ਹਿਰ ਦੀ ਹਦੂਦ ਵਿੱਚ ਵੱਸੇ ਪਿੰਡ ਸਿੱਧੂਪੁਰ ਵਿੱਚ ਰਹਿੰਦੀ ਹੈ। ਕੁੱਝ ਦਿਨਾਂ ਬਾਅਦ ਜਦੋਂ ਪਾਕਿਸਤਾਨ ਪਹੁੰਚਿਆ ਅਤੇ ਸਭ ਤੋਂ ਪਹਿਲਾਂ ਲਾਇਲਪੁਰ ਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਲਾਹੌਰ ਤੋਂ ਲਾਇਲਪੁਰ ਜਾ ਰਹੇ ਸਾਂ। ਸ਼ੇਖੂਪੁਰਾ ਟੱਪ ਕੇ ਪਤਾ ਚੱਲਿਆ ਕਿ ਅੱਗੇ ਸੜਕ ਤੇ ਜਾਮ ਲੱਗਿਆ ਹੋਇਆ ਹੈ। ਦੂਸਰਾ ਰਸਤਾ ਬਦਲ ਲਿਆ ਜੋ ਸਾਂਗਲਾ ਹਿੱਲ ਵਾਲੇ ਪਾਸਿਓਂ ਲਾਇਲਪੁਰ ਪਹੁੰਚਦਾ ਹੈ। ਪਾਕਿਸਤਾਨ ਵਿੱਚ ਪਹਿਲੀ ਵੇਰ ਏਨਾ ਹਰਾ ਭਰਾ ਇਲਾਕਾ ਦੇਖਣਾ ਨਸੀਬ ਹੋਇਆ। ਅਸੀਂ ਕੁੱਝ ਪਲ ਲਈ ਸਾਂਗਲਾ ਹਿੱਲ ਦੇ ਬਜ਼ਾਰ ਰੁਕੇ। ਲੋਕਾਂ ਨੇ ਮੈਨੂੰ ਇੱਕਦਮ ਘੇਰ ਲਿਆ। ਕੁੱਝ ਲੋਕ ਮੈਨੂੰ ਬਿਨਾਂ ਪੁੱਛਿਆਂ ਹੀ ਸੋਢੇ ਦੀਆਂ ਬੋਤਲਾਂ ਖੋਲ੍ਹ ਕੇ ਅੱਗੇ ਖੜ੍ਹੇ ਹੋ ਗਏ। ਇੱਕ ਗੱਭਰੂ ਮੁੰਡੇ ਤੋਂ ਜੋਸ਼ ਖਰੋਸ਼ ਵਿੱਚ ਮੇਰੇ ਕੱਪੜਿਆਂ ਤੇ ਸੋਢਾ ਡੁੱਲ੍ਹ ਗਿਆ, ਵਿਚਾਰਾ ਸ਼ਰਮਿੰਦਾ ਜਿਹਾ ਹੋ ਕੇ ਬੋਲਿਆ, ਸਰਦਾਰ ਜੀ, ਕੋਈ ਗੱਲ ਨਹੀਂ। ਸੁਣਿਐ ਸਰਦਾਰ ਦੇ ਤੇ ਕਈ ਵੇਰ ਕੌੜੀ ਸ਼ੈਅ ਵੀ ਕੱਪੜਿਆਂ ਤੇ ਡੁੱਲ੍ਹ ਜਾਂਦੀ ਹੈ। ਮੇਰੀ ਮੁਸਕਰਾਹਟ ਦੇਖ ਕੇ ਉਸ ਨੁੰ ਤਸੱਲੀ ਹੋਈ ਕਿ ਸਰਦਾਰ ਜੀ ਨੇ ਬੁਰਾ ਨਹੀਂ ਮਨਾਇਆ। ਸਾਂਗਲਾ ਹਿੱਲ ਕਦੇ ਕੱਚੀ ਮਿੱਟੀ ਦੀ ਪਹਾੜੀ ਹੁੰਦੀ ਸੀ ਜੋ ਜ਼ਰੂਰਤ ਮੰਦ ਲੋਕਾਂ ਨੇ ਖੁਰਚ ਖੁਰਚ ਕੇ ਇੱਕ ਛੋਟੀ ਜਿਹੀ ਟਿੱਬੀ ਬਣਾ ਦਿੱਤੀ। ਲਾਇਲਪੁਰ ਪਹੁੰਚ ਕੇ ਕੁੱਝ ਦੇਰ ਅਸੀਂ ਘੰਟਾ ਘਰ ਕੋਲ ਰੁਕੇ। ਇਸ ਨੂੰ ਅੱਠ ਬਾਜ਼ਾਰ ਛੂੰਹਦੇ ਹਨ। ਇਹਨਾਂ ਵਿੱਚ ਬੜੀ ਰੌਣਕ ਲੱਗੀ ਹੋਈ ਸੀ। ਹਰ ਬਜ਼ਾਰ ਨੱਕ ਦੀ ਸੇਧ ਵਿੱਚ ਬਣਿਆ ਹੋਇਆ ਹੈ। ਕਿਸੇ ਵੇਲੇ ਅੰਗਰੇਜ਼ਾਂ ਨੇ ਇਹ ਸ਼ਹਿਰ ਬੜੀ ਤਰਤੀਬ ਨਾਲ ਵਸਾਇਆ ਹੋਇਆ ਸੀ। ਅੱਜ ਵੀ ਇਸ ਸ਼ਹਿਰ ਨੂੰ ਸਿੱਖਾਂ ਦੇ ਵਿਛੋੜੇ ਦਾ ਅਤੇ ਸਿੱਖਾਂ ਨੂੰ ਇਸ ਸ਼ਹਿਰ ਦੇ ਵਿਛੋੜੇ ਦਾ ਉਦਰੇਵਾਂ ਲੱਗਿਆ ਹੋਇਆ ਹੈ। ਸ਼ਹਿਰ ਦੀ ਸੰਘਣੀ ਵਸੋਂ ਲੰਘ ਕੇ ਅਸੀਂ ਸਿੱਧੂਪੁਰ ਪਹੁੰਚ ਗਏ। ਦੱਸੀਆਂ ਨਿਸ਼ਾਨੀਆਂ ਮੁਤਾਬਕ ਅਸੀਂ ਸਾਦਕ ਅਲੀ ਦਾ ਘਰ ਪੁੱਛਿਆ। ਝੱਟ ਇੱਕ ਮੁੰਡਾ ਸਾਨੂੰ ਨਾਲ ਲੈ ਕੇ ਤੁਰ ਪਿਆ। ਘਰ ਅੱਗੇ ਖੜ੍ਹ ਕੇ ਉਸ ਨੇ ਆਵਾਜ਼ ਮਾਰੀ, ਚਾਚੀ ਇੰਡੀਆ ਤੋਂ ਮਹਿਮਾਨ ਆਏ ਹਨ। ਸੀਬੋ ਨੇ ਦਰਵਾਜ਼ਾ ਖੋਲ੍ਹਿਆ, ਮੈਨੂੰ ਵੇਖ ਕੇ ਇੱਕਦਮ ਹੱਕੀ-ਬੱਕੀ ਰਹਿ ਗਈ। ਕਾਫ਼ੀ ਸਮਾਂ ਮੇਰੇ ਮੂੰਹ ਵੱਲ ਦੇਖਦੀ ਰਹੀ। ਉਹਨੂੰ ਮੂੜ੍ਹਾ. ਪੀੜ੍ਹੀ ਵੀ ਦੇਣੀ ਭੁੱਲ ਗਈ। ਉਸ ਦੇ ਮੂੰਹੋਂ ਨਿਕਲਿਆ, ਬਾਈ ਤੂੰ ਫਜਲਾ ਐਂ। ਅਸਲ ਵਿੱਚ ਸਾਡੇ ਪਿੰਡ ਦੇ ਮੁਸਲਮਾਨਾਂ ਦਾ ਪਹਿਰਾਵਾ ਸਿੱਖਾਂ ਨਾਲ ਮਿਲਦਾ ਜੁਲਦਾ ਹੀ ਹੈ। ਨਹੀਂ ਬੀਬੀ! ਮੈਂ ਤਾਂ ਗਿੱਲਾਂ ਦਾ ਮੁੰਡਾ ਆਂ, ਜੁਮੇਂ ਨਾਲ ਖੇਡਦਾ ਹੁੰਦਾ ਸੀ। ਇੰਨਾ ਸੁਣ ਕੇ ਉਹ ਮੇਰੇ ਗਲ ਨੂੰ ਚੰਬੜ ਗਈ। ਉਹ-ਹੋ! ਮੈਂ ਚੰਦਰੀ ਤੇ ਪੀਹੜੀ ਦੇਣੀ ਵੀ ਭੁੱਲ ਗਈ। ਉਸ ਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ ਕਿ ਕੋਈ ਪਿੰਡ ਦਾ ਜੰਮਿਆਂ ਉਸ ਨੂੰ ਮਿਲਣ ਵੀ ਆ ਸਕਦਾ ਹੈ। ਬਾਈ ਹੋਰ ਪਿੰਡ ਦੀ ਸੁੱਖ ਸਾਂਦ ਸੁਣਾ। ਹੌਲੀ-ਹੌਲੀ ਉਸ ਨੇ ਮੁਹੱਲੇ ਦੇ ਸਾਰੇ ਘਰਾਂ ਦੀ ਸੁੱਖ ਸਾਂਦ ਪੁੱਛੀ। ਅੱਛਾ ਬਾਈ ਇਹ ਦੱਸ, ਬਾਬੇ ਜੱਗੇ ਦਾ ਮੇਲਾ ਅਜੇ ਵੀ ਓਸੇ ਤਰ੍ਹਾਂ ਹੀ ਭਰਦੈ? ਸੀਬੋ ਨੇ ਸੁਭਾਵਕ ਹੀ ਪੁੱਛਿਆ ਹਾਂ ਬੀਬੀ, ਪਹਿਲਾਂ ਨਾਲੋਂ ਵੀ ਵੱਧ। ਅੱਛਾ ਇੱਕ ਹੋਰ ਗੱਲ ਦੱਸ, ਜਿਹੜਾ ਚੜ੍ਹਦੀ ਵਾਲੇ ਪਾਸੇ ਸੌਣ ਦੇ ਮਹੀਨੇ ਤੀਆਂ ਭਰਦੀਆਂ ਹੁੰਦੀਆਂ ਸਨ, ਹੁਣ ਵੀ ਭਰਦੀਆਂ ਏਂ, ਨਹੀਂ, ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਇੱਥੇ ਵਿਆਹ ਵਿੱਚ ਕੁੜੀਆਂ ਚਿੜੀਆਂ ਨੱਚਦੀਆਂ ਏ, ਪਰ ਮੈਂ ਤਾਂ ਕਈ ਵਾਰ ਕਹਿਨੀਆਂ ਤੁਸੀਂ ਸਾਡੇ ਪਿੰਡ ਆਲੀਆਂ ਤੇਜੋ ਅਤੇ ਅੰਗਰੇਜੋ ਦਾ ਕਿਆ ਮੁਕਾਬਲਾ ਕਰਨੈ। ਇੱਕ ਵਾਰ ਬਾਈ, ਗਿੱਧੇ ਚ ਪੁਲੀਸ ਦੇ ਕੱਪੜੇ ਪਾ ਕੇ ਆਗੀਆਂ ਸਿਪਾਹੀ ਬਣ ਕੇ, ਸਾਰੇ ਗਿੱਧੇ ਆਲੀਆਂ ਨੂੰ ਲੈ ਕੇ ਲਾਲੇ ਦੀ ਦਕਾਨ ਤੇ ਪਹੁੰਚ ਗਈਆਂ। ਜਾ ਜਗਾਇਆ ਬਾਣੀਆਂ, ਉਹ ਲਾਲੇ ਤੂੰ ਗਿੱਧੇ ਵਾਲੀਆਂ ਕੁੜੀਆਂ ਛੇੜਆ ਏਂ? ਬਾਈ ਮੇਰੀ ਗੱਲ ਦਾ ਯਕੀਨ ਜਾਣੀ, ਲਾਲਾ ਥਰ-ਥਰ ਕੰਬੇ, ਦੋਨੋਂ ਹੱਥ ਜੋੜੀ ਖੜ੍ਹਾ, ਲਾਲੇ ਦਾ ਮੂਤ ਨਿਕਲਣ ਵਾਲਾ ਹੋ ਗਿਆ। ਬੜ੍ਹੇ ਦਿਨਾਂ ਬਾਅਦ ਉਹਨੂੰ ਪਤਾ ਚੱਲਿਆ ਕਿ ਉਹ ਸਾਲਿਓ ਉਹ ਤਾਂ ਅੰਗਰੇਜੋ-ਤੇਜੋ ਤੀਆਂ। ਭਾਵੇਂ ਸੀਬੋ ਨੂੰ ਪਿੰਡ ਛੱਡਿਆਂ ਅੱਧੀ ਸਦੀ ਤੋਂ ਵੱਧ ਹੋ ਗਿਆ ਸੀ ਪਰ ਉਸ ਨੇ ਪਿੰਡ ਦੀ ਬੋਲੀ ਅਜੇ ਤੀਕ ਨਹੀਂ ਸੀ ਛੱਡੀ।
ਫ਼ਿਰ ਕਿੰਨੀ ਦੇਰ ਆਪਣੇ ਘਰ ਦੀਆਂ ਗੱਲਾਂ ਕਰਦੀ ਰਹੀ। ਉਸ ਨੂੰ ਲੋਹੜੇ ਦਾ ਦੁੱਖ ਸੀ ਕਿ ਉਹਨਾਂ ਦੇ ਘਰ ਦਾ ਦੀਵਾ ਬੁਝ ਗਿਆ ਸੀ। ਇੱੰਨੇ ਨੂੰ ਅੱਧਖੜ ਉਮਰ ਦਾ ਇੱਕ ਹੋਰ ਆਦਮੀ ਆ ਗਿਆ। ਉਸ ਨੇ ਆ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ, ਮੈਂ ਝੱਟ ਸਮਝ ਗਿਆ ਕਿ ਇਹ ਵੀ ਕੋਈ ਓਧਰੋਂ ਹੀ ਆਇਆ ਲਗਦਾ ਹੈ। ਜਿਸ ਨੇ ਸਲਾਮ ਦੀ ਜਗ੍ਹਾ ਤੇ ਸਤਿ ਸ੍ਰੀ ਅਕਾਲ ਬੁਲਾਈ। ਉਹ ਆਪੇ ਹੀ ਬੋਲ ਪਿਆ, ਸਰਦਾਰ ਮੈਂ ਘੜੂੰਏਂ ਤੋਂ ਆਂ, ਸਾਡਾ ਘਰ ਮਾਸਟਰ ਜਾਤੀ ਰਾਮ ਦੀ ਗਲੀ ਚ ਹੁੰਦਾ ਤਾ, ਮੇਰਾ ਨਾਮ ਰਹਿਮਤ ਉਲਾ ਏ, ਸਰਦਾਰ ਜੀ ਜੋ ਸੁਆਦ ਮਿੱਸੇ ਰਹਿਣ ਦਾ ਏ, ਕੱਲੇ ਰਹਿਣ ਦਾ ਨੀ। ਮੇਰੇ ਬੜੇ ਬਾਈ ਚੰਨਣ ਨੇ ਐਂਵੇ ਅਗਾੜਾ ਚੱਕ ਲਿਆ, ਸਾਰੇ ਠੰਢ ਢੇਹਰ ਹੋ ਗਈ ਤੀ, ਅਜੇ ਤੀਕ ਰਹਿਮਤ ਉਲੇ ਨੇ ਘੜੂੰਆਂ ਛੱਡਣ ਦਾ ਹੇਰਵਾ ਵੱਢ -ਵੱਢ ਖਾ ਰਿਹਾ ਸੀ।
ਇਹ ਬਾਈ ਮੇਰਾ ਕੁੜਮ ਐ ਇੱਧਰ ਆ ਕੇ ਵੀ ਘੜੂੰਏਂ ਆਲਿਆਂ ਚ ਰਿਸ਼ਤੇਦਾਰੀਆਂ ਰੱਖੀਆਂ ਏਂ। ਸੀਬੋ ਨੇ ਕਹਿ ਕੇ ਪਿੰਡ ਦਾ ਮੋਹ ਜਤਾਇਆ। ਮੈਂ ਜਾਣ ਲਈ ਆਗਿਆ ਮੰਗੀ ਤੇ ਮੁਂੜ ਕੇ ਫ਼ਿਰ ਆਉਣ ਦਾ ਵਾਅਦਾ ਕੀਤਾ। ਘਰ ਦੇ ਸਾਰੇ ਜੀਅ ਮੈਨੂੰ ਕਾਰ ਤੀਕ ਛੱਡਣ ਆਏ। ਤੁਰਨ ਲੱਗਿਆਂ ਹੱਥ ਉੱਚੇ ਕਰ ਕੇ ਸੀਬੋ ਨੇ ਦੁਆ ਮੰਗੀ, ਅੱਲਾ ਮੇਰੇ ਪਿੰਡ ਘੜੂੰਏਂ ਵਿੱਚ ਸੁੱਖ ਵਰਤਾਈਂ। ਪਿੰਡ ਤੋਂ ਠੰਢੀਆਂ ਹਵਾਵਾਂ ਆਉਣ। ਫ਼ਿਰ ਮੇਰੇ ਗਲ ਨੂੰ ਚੁੰਬੜ ਗਈ। ਮੈਨੂੰ ਤੂਤ ਦੀ ਛੱਟੀ ਵਾਂਗ ਦੂਹਰਾ ਕਰ ਲਿਆ। ਮੈਂ ਹੱਥ ਜੋੜ ਕੇ ਵਿਦਾਇਗੀ ਲੈਂਦਾ ਗੱਡੀ ਵੱਲ ਤੁਰ ਪਿਆ। ਸੀਬੋ ਨੂੰ ਸਬਰ ਨਹੀਂ ਆਇਆ। ਉਹ ਫ਼ਿਰ ਮੇਰੇ ਗਲੇ ਨੂੰ ਚੁੰਬੜ ਗਈ। ਉਹ ਸਿਸਕੀਆਂ ਲੈਣ ਲੱਗ ਪਈ। ਮੇਰਾ ਵੀ ਗਲ ਭਰ ਆਇਆ। ਕਿੰਨੀ ਦੇਰ ਮੇਰੇ ਗਲ ਲੱਗ ਕੇ ਹੌਕੇ ਲੈਂਦੀ ਰਹੀ। ਮੇਰੇ ਕੋਲੋਂ ਬੋਲਿਆ ਨਹੀਂ ਸੀ ਜਾਂਦਾ। ਫ਼ਿਰ ਹੱਥ ਜੋੜ ਕੇ ਵਿਦਾਇਗੀ ਲਈ। ਕਾਰ ਤੁਰ ਪਈ। ਮੋੜ ਮੁੜਨ ਲੱਗਿਆਂ ਮੈਂ ਬਾਰੀ ਵਿੱਚੋਂ ਪਿੱਛੇ ਝਾਕਿਆ। ਸੀਬੋ ਅਜੇ ਵੀ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ। ਸੀਬੋ ਦੇ ਗਲੇ ਲੱਗਣ ਤੇ ਅੱਜ ਵੀ ਉਹੋ ਮਹਿਕ ਆਈ ਜਿਹੜੀ ਕਦੇ ਮਾਈ ਮੰਗਲੀ ਦੇ ਕੱਪੜਿਆਂ ਵਿੱਚੋਂ ਆਉਂਦੀ ਸੀ। ਜਿਵੇਂ ਪਹਿਲੇ ਮੀਂਹ ਦੀਆਂ ਕਣੀਆਂ ਧਰਤੀ ਤੇ ਵਰਸਣ ਵੇਲੇ ਧਰਤੀ ਚੋਂ ਆਉਂਦੀ ਹੈ। ਮੁਹੱਲੇ ਵਿੱਚ ਆਪਣੇ ਘਰਾਂ ਦੀਆਂ ਦੇਹਲੀਆਂ ਤੇ ਖੜ੍ਹੇ ਆਦਮੀ ਤੀਵੀਆਂ ਖ਼ਾਮੋਸ਼ ਨਜ਼ਾਰਾ ਵੇਖਦੇ ਰਹੇ।

(98156-28998)

-0-