ਹੁਣ ਤੱਕ ਵਾਰਤਕ ਦੀਆਂ
ਮੇਰੀਆਂ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕੁਸ਼ਤੀ ਦਾ ਧਰੂ ਤਾਰਾ ਕਰਤਾਰ ਸਿੰਘ
(ਜੀਵਨੀ); ‘ਪਰਦੇਸੀ ਪੰਜਾਬ’ (ਅਮਰੀਕਾ, ਕਨੇਡਾ ਅਤੇ ਇੰਗਲੈਂਡ ਦਾ ਯਾਤਰਾ-ਪ੍ਰਸੰਗ); ‘ਵਗਦੀ
ਏ ਰਾਵੀ’ (ਪਾਕਿਸਤਾਨ ਦਾ ਯਾਤਰਾ-ਪ੍ਰਸੰਗ)
ਵਾਰਤਕ ਲੇਖਣ ਵੱਲ ਮੇਰਾ ਆਉਣਾ ਸਹਿਵਨ ਬਣੇ ਸਬੱਬ ਦਾ ਸਿੱਟਾ ਸੀ। ਮੇਰੇ ਪਿੰਡ ਦੇ ਪਹਿਲਵਾਨ
ਕਰਤਾਰ ਸਿੰਘ ਨੇ ਦੋ ਵਾਰ ਏਸ਼ੀਅਨ ਕੁਸ਼ਤੀਆਂ ਵਿਚੋਂ ਸੋਨੇ ਦਾ ਤੇ ਇੱਕ ਵਾਰ ਚਾਂਦੀ ਦਾ ਤਮਗ਼ਾ
ਜਿੱਤ ਕੇ ਆਪਣੀ ਧਾਕ ਜਮਾਈ ਹੋਈ ਸੀ। ਹੁਣ ਤੱਕ ਤਾਂ ਉਹ ਆਪਣੇ ਭਾਰ-ਵਰਗ ਵਿੱਚ ਤੇਰਾਂ ਵਾਰ
‘ਵਿਸ਼ਵ ਵੈਟਰਨ ਜੇਤੂ’ ਵੀ ਬਣ ਚੁੱਕਾ ਹੈ। ਉਹ ਭਾਰਤ ਦੇ ਕੁਸ਼ਤੀ ਨਾਲ ਜੁੜੇ ਸਾਰੇ ਖ਼ਿਤਾਬ,
‘ਭਾਰਤ ਕੁਮਾਰ’ ‘ਭਾਰਤ ਕੇਸਰੀ’, ‘ਭਾਰਤ-ਮੱਲ ਸਮਰਾਟ’ ਆਦਿ ਜਿੱਤਣ ਤੋਂ ਇਲਾਵਾ ‘ਪਦਮ ਸ਼੍ਰੀ’
ਤੇ ‘ਅਰਜਨਾ ਐਵਾਰਡ’ ਦੇ ਖ਼ਿਤਾਬ ਵੀ ਹਾਸਲ ਕਰ ਚੁੱਕਾ ਹੈ। ਉਸਦਾ ਵੱਡਾ ਭਰਾ ਗੁਰਚਰਨ ਕਈ
ਸਾਲਾਂ ਤੋਂ ਮੈਨੂੰ ਪਹਿਲਵਾਨ ਦੀ ਜੀਵਨੀ ‘ਤੇ ਪੁਸਤਕ ਲਿਖਣ ਲਈ ਕਹਿ ਰਿਹਾ ਸੀ। ਪਰ ਮੇਰਾ ਮਨ
ਨਹੀਂ ਸੀ ਮੰਨਦਾ। ਪਹਿਲਾ ਕਾਰਨ ਤਾਂ ਇਹ ਸੀ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਮੇਰਾ
ਬੁਨਿਆਦੀ ਸ਼ੌਕ ਨਹੀਂ ਸੀ। ਦੂਜਾ ਮੇਰੇ ਮਨ ਵਿੱਚ ਅਚੇਤ ਹੀ ਇਹ ਖ਼ਿਆਲ ਵੀ ਆਉਂਦਾ ਕਿ ਜਿੰਨਾ
ਸਮਾਂ ਮੈਂ ਜੀਵਨੀ ਲਿਖਣ ਲਈ ਲਾਉਣਾ ਹੈ, ਓਨੇ ਚਿਰ ਵਿੱਚ ਮੈਂ ਆਪਣੀ ਕੋਈ ਹੋਰ ਸਿਰਜਣਾਤਮਕ
ਲਿਖਤ ਕਿਉਂ ਨਾ ਲਿਖਾਂ! ਉਹਨਾਂ ਨੂੰ ਇਹ ਵੀ ਕਿਹਾ ਕਿ ਉਹ ਇਹ ਜੀਵਨੀ ਸਰਵਣ ਸਿੰਘ ਵਰਗੇ
ਕਿਸੇ ਖੇਡ-ਲੇਖਕ ਕੋਲੋਂ ਲਿਖਵਾਉਣ। ਅੱਗੋਂ ਸਰਵਣ ਸਿੰਘ ਨੇ ਕਹਿ ਦਿੱਤਾ, “ਜੇ ਵਰਿਆਮ ਸੰਧੂ
ਪਹਿਲਵਾਨ ਦੀ ਜੀਵਨੀ ਲਿਖੇ ਤਾਂ ਹੋਰ ਕੀ ਚਾਹੀਦਾ ਹੈ! ਦੋਵੇਂ ਆਪੋ-ਆਪਣੇ ਖ਼ੇਤਰ ਦੇ ਰੁਸਤਮ
ਨੇ। ਜਦੋਂ ਦੋ ਚੰਗੀਆਂ ਪ੍ਰਤਿਭਾਵਾਂ ਦਾ ਸੁਮੇਲ ਹੋਊ ਤਾਂ ਬੜੀ ਵਧੀਆ ਚੀਜ਼ ਲਿਖੀ ਜਾਊ … ''
ਮੈਂ ਭਾਈਚਾਰਕ ਸ਼ਿਸ਼ਟਾਚਾਰ ਵਿੱਚ ਫਸ ਗਿਆ ਸਾਂ। ਉਹ ਇਹ ਕੰਮ ਕਿਸੇ ਹੋਰ ਕੋਲੋਂ ਵੀ ਕਰਵਾ
ਸਕਦੇ ਸਨ। ਕਈ ਜਣੇ ਇਹ ਜੀਵਨੀ ਲਿਖਣ ਲਈ ਤਿਆਰ ਵੀ ਸਨ। ਪਰ ਉਹ ਤਾਂ ਮੇਰੇ ਕੋਲੋਂ ਹੀ
ਲਿਖਵਾਉਣਾ ਚਾਹੁੰਦੇ ਸਨ। ਮੈਂ ਉਹਨਾਂ ਦੀ ਗੱਲ ਹੱਸ ਕੇ ਟਾਲ ਛੱਡਦਾ ਤੇ ਆਖਦਾ ਜਦੋਂ ਦੋਵਾਂ
ਧਿਰਾਂ ਕੋਲ ਖੁੱਲ੍ਹਾ ਟਾਈਮ ਹੋਇਆ ਉਦੋਂ ਵੇਖਾਂਗੇ। ਦਸ ਸਾਲ ਉਹਨਾਂ ਮੇਰੇ ਤੋਂ ਆਸ ਲਾਈ
ਰੱਖੀ ‘ਤੇ ਦਸ ਸਾਲ ਮੈਂ ਵੀ ਉਹਨਾਂ ਨੂੰ ਪੱਕੀ ‘ਨਾਂਹ' ‘ ਨਾ ਕਰਕੇ ਨਿਰਾਸ਼ ਨਾ ਕੀਤਾ। ਅਸੀਂ
ਦੋਵੇਂ ਧਿਰਾਂ ਹੱਸ ਕੇ ਹੋਣ ਵਾਲੀ ਇਸ ਦੇਰੀ ਨੂੰ ਆਪਣੀ ਨਾ ਮਿਲ ਸਕਣ ਵਾਲੀ ‘ਵਿਹਲ' ਦੇ ਸਿਰ
ਮੜ੍ਹ ਛੱਡਦੇ।
ਮੈਂ ਕਰਤਾਰ ਨੂੰ ਬਚਪਨ ਤੋਂ ਜਾਣਦਾ ਹਾਂ। ਜਦੋਂ ਉਹ ਛੋਟਾ ਜਿਹਾ ਸੀ, ਸਕੂਲ ਪੜ੍ਹਨ ਜਾਂਦਾ
ਬੱਚਾ। ਉਹ ਥੋੜ੍ਹਾ ਵੱਡਾ ਹੋਇਆ ਤਾਂ ਆਸਾ ਸਿੰਘ ਸ਼ਾਹ ਦੀ ਹਵੇਲੀ ਵਿੱਚ ਅਸੀਂ ਇਕੱਠੇ ਗੋਲਾ
ਵੀ ਸੁੱਟਦੇ ਰਹੇ। ਕਰਤਾਰ ਤੋਂ ਵੱਡਾ ਗੁਰਚਰਨ ਅਤੇ ਮੈਂ ਖ਼ੇਤਾਂ ਵਿੱਚ ਸਥਿਤ ਬਾਬਾ ਭਾਈ
ਪਦਾਰਥ ਦੀ ਇਕਾਂਤ ਵਿੱਚ ਆਪਣੀ ਕਾਲਜੀ ਵਿਦਿਆ ਦੀ ਪੜ੍ਹਾਈ ਲਈ ਕਈ ਕਈ ਘੰਟੇ ਇਕੱਠੇ ਬੈਠਦੇ।
ਗੁਰਚਰਨ ਛੋਟਾ ਹੋਣ ਕਰਕੇ ਸ਼ੁਰੂ ਤੋਂ ਹੀ ਮੇਰੀ ਇੱਜ਼ਤ ਕਰਦਾ। ਪਿੱਛੋਂ ਸੁਰ ਸਿੰਘ ਦੇ ਹਾਈ
ਸਕੂਲ ਵਿੱਚ ਕਈ ਸਾਲ ਪੜ੍ਹਾਉਂਦਾ ਰਿਹਾ ਹੋਣ ਕਰਕੇ ਪਰਿਵਾਰ ਦੇ ਬਾਕੀ ਜੀਆਂ ਦਾ ਵੀ ਮੇਰੇ
ਨਾਲ ਮੇਲ–ਮਿਲਾਪ ਤੇ ਪਿਆਰ ਵਧਦਾ ਗਿਆ। ਛੋਟੇ ਬੱਚਿਆਂ ਨੂੰ ਦਾਖ਼ਲ ਕਰਾਉਣ, ਫੀਸਾਂ ਦੇਣ ਜਾਂ
ਉਹਨਾਂ ਦੀ ਪੜ੍ਹਾਈ ਦਾ ਪਤਾ-ਸੁਰ ਕਰਨ ਲਈ ਕਰਤਾਰ ਹੁਰਾਂ ਦੀ ਮਾਤਾ ਪ੍ਰੀਤਮ ਕੌਰ ਅਕਸਰ ਹੀ
ਤੇ ਪਿਤਾ ਕਰਨੈਲ ਸਿੰਘ ਕਦੀ ਕਦੀ ਮੈਨੂੰ ਮਿਲਦੇ ਰਹਿੰਦੇ। ਕਰਤਾਰ ਹੁਰਾਂ ਦਾ ਸਭ ਤੋਂ ਵੱਡਾ
ਭਰਾ ਗੁਰਦਿਆਲ ਤਾਂ ਜਿੰਨਾਂ ਚਿਰ ਪੜ੍ਹਦਾ ਰਿਹਾ, ਮੇਰਾ ਹਮ–ਜਮਾਤੀ ਹੀ ਰਿਹਾ। ਕਰਤਾਰ ਦੇ
ਭਤੀਜੇ ਰਣਧੀਰ ਧੀਰਾ, ਨਰਬੀਰ, ਗੁਰਸੇਵਕ, ਨਿਰਮਲ ਸ੍ਹਾਬਾ ਸਭ ਮੇਰੇ ਕੋਲ ਪੜ੍ਹੇ।
ਇੰਜ ਉਹਨਾਂ ਦਾ ਪਿੰਡ ਤੇ ਪਰਿਵਾਰ ਦੇ ਸੰਬੰਧਾਂ ਦਾ ਵੀ ਮੇਰੇ ‘ਤੇ ਹੰਮਾਂ ਸੀ। ਸਾਡੇ ਦੋਵੇਂ
ਪਰਿਵਾਰ ਜਲੰਧਰ ਵਿੱਚ ਵੀ ਨੇੜੇ-ਨੇੜੇ ਰਹਿੰਦੇ ਹੋਣ ਕਰਕੇ ਇੱਕ ਦੂਜੇ ਵੱਲ ਸਾਡਾ ਆਉਣ-ਜਾਣ
ਬਣਿਆਂ ਰਹਿੰਦਾ ਸੀ। ਗੁਰਚਰਨ ਜਦੋਂ ਆਉਂਦਾ ਜਾਂ ਮਿਲਦਾ ਤਾਂ ਮੋਹ ਭਰੀ ਜ਼ਿਦ ਨਾਲ ਆਖਦਾ, “ਭਾ
ਜੀ ਕੱਢੋ ਹੁਣ ਟੈਮ … । ਇਹ ਜੀਵਨੀ ਤੁਸਾਂ ਹੀ ਲਿਖਣੀ ਹੈ! ''
“ਭਲਵਾਨੋਂ। ਟੈਮ ਤੁਹਾਡੇ ਕੋਲ ਆਪ ਨਹੀਂ ਹੈਗਾ ਤੇ ਮੇਰੇ ‘ਤੇ ਐਵੇਂ ਸੁਹਾਗਾ ਫੇਰੀ ਜਾਂਦੇ ਓ
… '' ਮੈਂ ਉੱਤੋਂ ਦੀ ਵਲ਼ਿਆ।
ਪਰ ਉਹਨਾਂ ਨੂੰ ਉੱਤੋਂ ਉੱਤੋਂ ‘ਵਲ਼ਣ' ਵਾਲਾ ਮੈਂ ਆਪ ਹੀ ਇੱਕ ਦਿਨ ਵਲ਼ਿਆ ਗਿਆ। ਇੱਕ ਦਿਨ
ਮੈਂ ਤੇ ਮੇਰੀ ਪਤਨੀ ਰਜਵੰਤ ਕਰਤਾਰ ਹੁਰਾਂ ਦੇ ਘਰ ਮਿਲਣ-ਗਿਲਣ ਗਏ। ਸਾਰੇ ਪਰਿਵਾਰ ਨਾਲ
ਮਿਲੇ-ਬੈਠੇ। ਤੁਰਨ ਲੱਗੇ ਤਾਂ ਗੁਰਚਰਨ ਫਿਰ ਕਹਿਣ ਲੱਗਾ, “ਭਾ ਜੀ, ਕਿਤੇ ਕੱਢੋ ਟੈਮ … ''
ਮੈਂ ਹੱਸ ਪਿਆ।
ਕਰਤਾਰ ਵੀ ਕੋਲੋਂ ਕਹਿਣ ਲੱਗਾ, “ਜੇ ਅਗਲੇ ਦਿਨੀਂ ਵਿਹਲੇ ਹੋਵੋ ਤਾਂ ਅਸੀਂ ਤੁਹਾਡੇ ਘਰ ਆ
ਜਾਇਆ ਕਰਾਂਗੇ। ਤੁਸੀਂ ਪੁੱਛ-ਪੁਛਾ ਲੌ ਗੱਲਾਂ-ਬਾਤਾਂ। ਹੁਣ ਇਹ ਕੰਡਾ ਕੱਢ ਈ ਦਈਏ … ''
ਮੈਂ ਅਜੇ ਹੱਸ ਕੇ ਪਹਿਲਾਂ ਵਾਂਗ ਹੀ ਹਾਸੇ ਵਿੱਚ ਗੱਲ ਗਵਾਉਣ ਲੱਗਾ ਸਾਂ ਕਿ ਕੋਲੋਂ ਮੇਰੀ
ਪਤਨੀ ਰਜਵੰਤ ਕਹਿਣ ਲੱਗੀ, “ਭਾ ਜੀ! ਕੱਢਣਗੇ ਇਹ ਟੈਮ … ਟਾਈਮ ਹੁੰਦਾ ਕਿਥੇ ਆ! ਟੈਮ ਤਾਂ
ਸਦਾ ਕੱਢਣਾ ਈ ਪੈਂਦੈ … ਲਿਖਣਗੇ …. ਲਿਖਣਗੇ ਕਿਉਂ ਨਹੀਂ? ਆਪਣੇ ਭੈਣ–ਭਰਾ ਲਈ ਨਹੀਂ ਲਿਖਣਾ
ਤਾਂ ਕੀਹਦੇ ਲਈ ਲਿਖਣਾ …. ਜ਼ਰੂਰ ਲਿਖਣਗੇ।''
ਉਧਰੋਂ ਹਟ ਕੇ ਉਹ ਮੇਰੇ ਵੱਲ ਹੋਈ, “ਤੁਸੀਂ ਵੀ ਕੀ ਕਰਦੇ ਓ … ਕਰੋ ਕੰਮ ਹੁਣ। ਤੁਸੀਂ ਫ਼ਿਕਰ
ਨਾ ਕਰੋ ਭਾ ਜੀ … ਕੱਢਣਗੇ ਟੈਮ ਇਹ … ਕੱਢਣਗੇ ਕਿਉਂ ਨਹੀਂ? ''
ਹੁਣ ਮੈਂ ਕੁੱਝ ਕਹਿਣ ਜੋਗਾ ਵੀ ਨਹੀਂ ਸਾਂ! ਹਥਿਆਰ ਸੁੱਟ ਦਿੱਤੇ। ਅਸਲ ਵਿੱਚ ਰਜਵੰਤ ਦੇ ਮਨ
ਵਿੱਚ ਪਿੰਡ ਦੇ ਸ਼ਰੀਕੇ-ਭਾਈਚਾਰੇ ਵਾਲਾ ਅਹਿਸਾਸ ਵੀ ਘਰ ਕਰ ਗਿਆ ਸੀ। ਦਸ ਸਾਲ ਪਹਿਲਾਂ
ਮੈਨੂੰ ਦਿੱਤੇ, ਕਰਤਾਰ ਬਾਰੇ ਛਪੇ ਲੇਖਾਂ ਮੁਲਾਕਾਤਾਂ ਦੇ ਰਜਿਸਟਰ ਤਿੰਨ ਚਾਰ ਸਾਲ ਬਾਅਦ
ਜਦੋਂ ਮੇਰੇ ਵੱਲੋਂ ਕੁੱਝ ਵੀ ਨਾ ਕਰਨ ਪਿੱਛੋਂ ਕਿਸੇ ਬਹਾਨੇ ਨਾਲ ਗੁਰਚਰਨ ਮੇਰੇ ਕੋਲੋਂ
ਵਾਪਸ ਲੈ ਗਿਆ ਸੀ ਤਾਂ ਉਦੋਂ ਵੀ ਰਜਵੰਤ ਨੇ ਕਿਹਾ ਸੀ, “ਉਹ ਤੁਹਾਡਾ ਏਨਾ ਮਾਣ–ਤਾਣ ਕਰਦੇ
ਨੇ। … ਇੱਜ਼ਤ ਕਰਦੇ ਨੇ … ਤੁਸੀਂ ਕੁੱਝ ਵੀ ਨਾ ਲਿਖ ਕੇ ਤੇ ਤਿੰਨ ਸਾਲਾਂ ਪਿੱਛੋਂ ਰਜਿਸਟਰ
ਵਾਪਸ ਕਰਕੇ ਚੰਗਾ ਨਹੀਂ ਕੀਤਾ। ਅਕਸਰ ਆਪਣਾ ਪਿੰਡ ਦਾ ਭਾਈਚਾਰਾ ਵੀ ਤਾਂ ਹੈ … ਆਪਣੇ ਪਿੰਡ
ਨੂੰ ਤੁਸੀਂ ਏਨਾ ਪਿਆਰ ਕਰਦੇ ਓ …. . ਆਪਣੇ ਆਪ ਨੂੰ ਆਪਣੇ ਪਿੰਡ ਦੀ ਸਿਰਜਣਾ ਆਖਦੇ ਹੋ। ….
ਕਰਤਾਰ ਬਾਰੇ ਲਿਖਣਾ ਆਪਣੇ ਪਿਆਰੇ ਪਿੰਡ ਬਾਰੇ ਲਿਖਣਾ ਵੀ ਤਾਂ ਹੈ।'' ਏਨਾ ਆਖ ਕੇ ਉਸਨੇ
ਮੇਰੇ ਅੰਦਰਲੀ ਨਾਜ਼ੁਕ ਤਰਬ ਛੇੜ ਦਿੱਤੀ ਸੀ। ਮੇਰਾ ਤਾਂ ਭਲਾ ਆਪਣਾ ਪਿੰਡ ਸੀ ਪਰ ਪਿੰਡੋਂ
ਜਲੰਧਰ ਆ ਵੱਸਣ ਕਰਕੇ ਉਸ ਦੇ ਮਨ ਵਿੱਚ ਸਹੁਰਿਆਂ ਦੇ ਪਿੰਡ ਦਾ ਮੋਹ ਹੋਰ ਵੀ ਉਮਡ ਆਇਆ ਸੀ।
ਅਸਲ ਵਿੱਚ ਉਹ ‘ਢਿੱਲੋਆਂ ਦਾ ਪਿੰਡ’ ਹੋਣ ਕਰਕੇ ਸੁਰ ਸਿੰਘ ਨੂੰ ਵੀ ਪੇਕਿਆਂ ਦੇ ਪਿੰਡ ਵਾਂਗ
ਹੀ ਸਮਝਦੀ ਸੀ ਤੇ ਗੁਰਚਰਨ ਤੇ ਕਰਤਾਰ ਹੁਰਾਂ ਨੂੰ ਆਪਣੇ ‘ਢਿੱਲੋਂ ਭਰਾ’ ਆਖਦੀ ਸੀ।
ਵਾਅਦਾ ਤਾਂ ਮੈਂ ਉਥੇ ਹੀ ਕਰ ਆਇਆ ਸਾਂ ਪਰ ਰਜਵੰਤ ਦੇ ਭਾਵਕ ਤਰਕ ਨੇ ਮੈਨੂੰ ਦਿਲੋਂ–ਮਨੋਂ
ਇਸ ਕਾਰਜ ਲਈ ਤਿਆਰ ਕਰ ਦਿੱਤਾ। ਹੁਣ ਰਜਵੰਤ ਵੱਲੋਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਵੱਲੋਂ ਤਾਂ
ਮੈਂ ਮੁਕਤ ਹੋ ਗਿਆ ਸਾਂ ਪਰ ਕਰਤਾਰ ਨੂੰ ਵੱਧ ਤੋਂ ਵੱਧ ਜਾਨਣ ਤੇ ਉਹਦੇ ਬਾਰੇ ਚੰਗੀ ਕਿਤਾਬ
ਲਿਖਣ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪੈਣੀ ਸੀ। ਇਹ ਕਿਤਾਬ ‘ਕਰਤਾਰ’ ਦੀ ਹੀ ਨਹੀਂ ਸਗੋਂ
‘ਵਰਿਆਮ ਸਿੰਘ ਸੰਧੂ’ ਦੀ ਹੋਣੀ ਸੀ। ‘ਵਰਿਆਮ ਸਿੰਘ ਸੰਧੂ’ ਦੀ ਲਿਖਤ ਦੇ ਆਪਣੇ ਪੱਧਰ ਦੀ!
ਮੈਂ ਸੋਚਿਆ, ਹੁਣ ਮੈਂ ਇਹ ਕਿਤਾਬ ਫ਼ਰਜ਼ ਸਮਝ ਕੇ ਲਿਖਣੀ ਹੈ – ਕਰਤਾਰ ਹੁਰਾਂ ‘ਤੇ ‘ਅਹਿਸਾਨ'
‘ ਕਰਨ ਲਈ ਨਹੀਂ। ਇਸ ‘ਅਹਿਸਾਨ' ਦਾ ਰੰਚਕ-ਮਾਤਰ ਵੀ ਅਹਿਸਾਸ ਕਰਤਾਰ ਨੂੰ ਨਾ ਹੋਵੇ, ਇਸ ਲਈ
ਮੈਂ ਉਸਨੂੰ ਆਪਣੇ ਘਰ ਆ ਕੇ ਮੇਲ-ਮੁਲਾਕਾਤਾਂ ਕਰਨ ਤੇ ਦੱਸਣ–ਪੁੱਛਣ ਲਈ ਆਪਣੇ ਵੱਲ ਆਉਣ ਦੀ
ਥਾਂ ਉਸ ਵੱਲ ਆਪ ਜਾਣ ਦਾ ਫ਼ੈਸਲਾ ਕੀਤਾ। ਮੈਂ ਰੋਜ਼ ਸ਼ਾਮ ਨੂੰ ਼ਤਿੰਨ-ਚਾਰ ਘੰਟੇ ਕਰਤਾਰ,
ਗੁਰਚਰਨ ਤੇ ਪਰਿਵਾਰ ਦੇ ਜੀਆਂ ਕੋਲ ਬੈਠਦਾ। ਉਸਦੇ ਬਚਪਨ ਤੋਂ ਲੈ ਕੇ ਹੁਣ ਤੱਕ ਉਹਦਾ ਪੂਰਾ
ਜੀਵਨ ਛਾਨਣ–ਪੁਣਨ ਲਈ ਮੈਂ ਲਗ ਭਗ ਤਿੰਨ ਮਹੀਨੇ ਰੋਜ਼ ਹੀ ਉਹਨਾਂ ਕੋਲ ਜਾਂਦਾ ਰਿਹਾ। ਪਰਿਵਾਰ
ਦੇ ‘ਕੱਲ੍ਹੇ ‘ਕੱਲ੍ਹੇ ਜੀਅ ਤੋਂ ਲੰਮੀਆਂ ਜਾਣਕਾਰੀਆਂ ਹਾਸਲ ਕੀਤੀਆਂ। ਕੁਸ਼ਤੀ–ਖ਼ੇਤਰ ਵਿੱਚ
ਸ਼ੁਰੂ ਤੋਂ ਹੁਣ ਤੱਕ ਉਸ ਨਾਲ ਜੁੜੇ ਭਲਵਾਨਾਂ, ਕੋਚਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ।
ਦਿੱਲੀ ਦੇ ਗੁਰੂ–ਹਨੂਮਾਨ ਦੇ ਅਖ਼ਾੜੇ ਤੱਕ ਵੀ ਚੱਕਰ ਮਾਰੇ
ਮੈਂ ਭਲਵਾਨ ਤਾਂ ਨਹੀਂ ਸਾਂ ਬਣ ਸਕਦਾ ਪਰ ਇਹਨਾਂ ਦਿਨਾਂ ਵਿੱਚ ਮੈਂ ਸਾਧਨਾਂ ਭਲਵਾਨ ਵਾਂਗ
ਹੀ ਕੀਤੀ। ਕਈ ਵਾਰ ਲਗਾਤਾਰ ਚੌਦਾਂ-ਚੌਦਾਂ ਘੰਟੇ ਕੰਮ ਕੀਤਾ। ਕਾਰਨ ਸਪੱਸ਼ਟ ਸੀ, ਮੈਂ
ਚਾਹੁੰਦਾ ਸਾਂ ਕਿ ਮੇਰੀ ਲਿਖਤ ‘ਭਲਵਾਨੀ ਸਪਿਰਟ' ਵਾਲੀ ਬਣ ਸਕੇ। ਮੇਰੀ ਇਹ ਵੀ ਇੱਛਾ ਸੀ ਕਿ
ਇਸਨੂੰ ਪੜ੍ਹਨ ਵਾਲੇ ਜਾਣ ਸਕਣ ਕਿ ਇੱਕ ਸਾਧਾਰਨ ਜੱਟਾਂ ਦਾ ਮੁੰਡਾ ਆਪਣੀ ਮਿਹਨਤ ਤੇ
ਜਾਨ-ਤੋੜ ਸੰਘਰਸ਼ ਨਾਲ ਕਿਵੇਂ ਸਤਹ ਤੋਂ ਉੱਠ ਕੇ ਅਸਮਾਨੀ ਬੁਲੰਦੀਆਂ ਨੂੰ ਛੂਹ ਸਕਦਾ ਹੈ। ਇਹ
ਪੁਸਤਕ ਨਵੇਂ ਖਿਡਾਰੀਆਂ ਲਈ ਅਸੰਭਵ ਜਾਪਦੇ ਨੂੰ ਸੰਭਵ ਕਰ ਸਕਣ ਲਈ ਪ੍ਰੇਰਨਾ ਸਰੋਤ ਬਣ ਸਕੇ।
ਮੈਂ ਇਹ ਵੀ ਚਾਹੁੰਦਾ ਸਾਂ ਕਿ ਇਸ ਜੀਵਨੀ ਵਿਚੋਂ ਕਰਤਾਰ ਦਾ ਪਰਿਵਾਰ, ਉਸਦਾ ਪਿਛੋਕੜ, ਉਸਦਾ
ਚੌਗਿਰਦਾ, ਉਸਦੀ ਸਾਧਨਾ, ਉਸ ਅੰਦਰਲਾ ਭਲਵਾਨ ਅਤੇ ਇਨਸਾਨ ਸਭ ਕੁੱਝ ਨਜ਼ਰ ਆਵੇ ਤੇ ਨਾਲ ਦੇ
ਨਾਲ ਪੰਜਾਬ ਦੀ ਪੇਂਡੂ ਸੰਸਕ੍ਰਿਤੀ ਦੀ ਸਜਿੰਦ ਤਸਵੀਰ ਵੀ ਪੇਸ਼ ਹੋਵੇ।
‘ਕੁਸ਼ਤੀ ਦਾ ਧਰੂ ਤਾਰਾ-ਕਰਤਾਰ’ ਨਾਂ ਦੀ ਇਸ ਜੀਵਨੀ ਦੀ ਪਹਿਲੀ ਐਡੀਸ਼ਨ ਦੀ ਗਿਣਤੀ ਤਿੰਨ
ਹਜ਼ਾਰ ਸੀ ਤੇ ਦੂਜੀ ਐਡੀਸ਼ਨ ਦੀ ਦੋ ਹਜ਼ਾਰ। ਹਿੰਦੀ ਵਿੱਚ ਛਪੀ ਪੁਸਤਕ ਦੀ ਗਿਣਤੀ ਵੀ ਦੋ ਹਜ਼ਾਰ
ਸੀ। ਇਸ ਪੁਸਤਕ ਦੀ ਇਹ ਖ਼ੁਸ਼ਨਸੀਬੀ ਰਹੀ ਕਿ ਇਸਨੂੰ ਸੰਸਾਰ ਦੇ ਵਿਭਿੰਨ ਖਿੱਤਿਆਂ ਵਿੱਚ
ਰਹਿੰਦੇ ਪੰਜਾਬੀਆਂ ਨੇ ਬੜੇ ਚਾਅ ਅਤੇ ਉਮਾਹ ਨਾਲ ਪੜ੍ਹਿਆ। ਇਸ ਪੁਸਤਕ ਦੇ ਨਾਇਕ ਬਾਰੇ ਜਾਨਣ
ਦੀ ਤਾਂਘ ਨੇ ਪਾਠਕਾਂ ਨੂੰ ਪੁਸਤਕ ਦੇ ਪੰਨੇ ਫੋਲਣ ਲਈ ਮਜਬੂਰ ਕੀਤਾ ਤੇ ਫਿਰ ਨਾਇਕ ਦੇ ਨਾਲ
ਨਾਲ ਸ਼ਬਦਾਂ ਦੀ ਤਾਕਤ ਉਹਨਾਂ ਨੂੰ ਆਪਣੀ ਜਕੜ ਵਿੱਚ ਲੈ ਲੈਂਦੀ ਰਹੀ।
ਵੱਖ ਵੱਖ ਉਮਰ, ਵੱਖ ਵੱਖ ਕਿੱਤਿਆਂ ਅਤੇ ਵੱਖ ਵੱਖ ਸ਼ੌਕਾਂ ਵਾਲੇ ਪਾਠਕਾਂ ਨੇ ਇਸਨੂੰ ਰੀਝ
ਨਾਲ ਪੜ੍ਹਿਆ। ਦੇਸ਼–ਵਿਦੇਸ਼ ਤੋਂ ਪਾਠਕਾਂ ਦੀਆਂ ਪਰਸੰਸਾ ਵਿੱਚ ਗੜੁੱਚ ਲੰਮੀਆਂ ਚਿੱਠੀਆਂ
ਆਉਂਦੀਆਂ ਰਹੀਆਂ। ਅਮਰੀਕਾ, ਕੈਨੇਡਾ, ਇੰਗਲੈਂਡ ਤੇ ਜਰਮਨੀ ਆਦਿ ਮੁਲਕਾਂ ਤੋਂ ਅੱਧੀ ਅੱਧੀ
ਰਾਤ ਉਠ ਕੇ ਸੁਣਨ ਵਾਲੇ ਉਤਸ਼ਾਹੀ ਟੈਲੀਫ਼ੋਨ ਆਉਂਦੇ। ਗਿਣੇ–ਮਿਥੇ ਸਾਹਿਤਕ ਪਾਠਕਾਂ ਦੇ ਦਾਇਰੇ
ਤੋਂ ਪਾਰ ਜਾ ਕੇ ਇਸ ਪੁਸਤਕ ਨੇ ਮੈਨੂੰ ਇੱਕ ਨਵਾਂ ਅਤੇ ਵਿਸ਼ਾਲ ਪਾਠਕ–ਵਰਗ ਦਿੱਤਾ। ਸਿਰਫ਼
ਏਨਾ ਹੀ ਨਹੀਂ, ਮੈਂ ਜਿੱਥੇ ਵੀ ਦੇਸ਼-ਵਿਦੇਸ਼ ਵਿੱਚ ਗਿਆ, ਇਸ ਪੁਸਤਕ ਨੇ ਮੈਨੂੰ ਢੇਰ ਸਾਰਾ
ਮਾਣ–ਸਨਮਾਨ ਦਿਵਾਇਆ। ਦੇਸ਼–ਵਿਦੇਸ਼ ਵਿੱਚ ਵੱਸੇ ਪੰਜਾਬੀ ਪਿਆਰਿਆਂ ਨੇ ਅਨੇਕਾਂ ਸਨਮਾਨ–ਸਮਾਗਮ
ਆਯੋਜਿਤ ਕਰਕੇ ਮੇਰਾ ਹੌਸਲਾ ਵਧਾਇਆ। ਮੁਹੱਬਤੀ-ਗਲਵੱਕੜੀਆਂ, ਪਰਸੰਸਾ ਵਿੱਚ ਗੜੁੱਚ ਲਿਖ਼ਤੀ
ਤੇ ਜ਼ਬਾਨੀ ਬੋਲਾਂ ਦੇ ਫੁੱਲਾਂ ਤੋਂ ਇਲਾਵਾ, ਵੱਖ ਵੱਖ ਸਨਮਾਨ–ਸਮਾਗਮਾਂ ਵਿੱਚ ਇਸ ਪੁਸਤਕ ਦੇ
ਲੇਖਕ ਨੂੰ ਲਗਪਗ ਸਾਢੇ ਚਾਰ ਲੱਖ ਦੇ ਕਰੀਬ ਸਨਮਾਨ– ਰਾਸ਼ੀ ਭੇਟ ਕੀਤੀ ਗਈ; ਜਿਸਨੇ ਸਾਬਤ
ਕੀਤਾ ਕਿ ਭਾਵੇਂ ਪੰਜਾਬੀ ਪੜ੍ਹਣ ਨਾਲੋਂ ਖਾਣ–ਖ਼ਰਚਣ ਦੇ ਵਧੇਰੇ ਸ਼ੌਕੀਨ ਹਨ ਤਦ ਵੀ
ਪੜ੍ਹਣ–ਯੋਗ ਚੀਜ਼ ਉਹਨਾਂ ਨੂੰ ਮਿਲੇ ਸਹੀ, ਉਹ ਉਸਦਾ ਲੋੜੋਂ ਵੱਧ ਮੁੱਲ ਪਾਉਣ ਨੂੰ ਵੀ ਤਤਪਰ
ਰਹਿੰਦੇ ਹਨ। ਮੈਨੂੰ ਪੰਜਾਬੀ ਦੀ ਅਜਿਹੀ ਕੋਈ ਪੁਸਤਕ ਨਜ਼ਰ ਨਹੀਂ ਆਉਂਦੀ ਜਿਸਨੂੰ ਏਨਾ ਵੱਡਾ
‘ਲੋਕ–ਪੁਰਸਕਾਰ' ਮਿਲਿਆ ਹੋਵੇ!
ਕਈਆਂ ਨੂੰ ਇਹ ਭਰਮ ਵੀ ਸੀ ਕਿ ਮੈਂ ਇਹ ਜੀਵਨੀ ਸ਼ਾਇਦ ਪੈਸੇ ਲੈ ਕੇ ਉਸਤਰ੍ਹਾਂ ਹੀ ਲਿਖੀ
ਹੋਵੇ ਜਿਵੇਂ ਪਾਸ਼ ਨੇ ਮਿਲਖਾ ਸਿੰਘ ਦੀ ਜੀਵਨੀ ਲਿਖੀ ਸੀ। ਲੰਡਨ ਵਿੱਚ ਅਵਤਾਰ ਜੰਡਿਆਲਵੀ ਨੇ
ਪੁਸਤਕ ਨੂੰ ਪੜ੍ਹੇ ਤੇ ਇਸਦੇ ਲਿਖੇ ਜਾਣ ਦਾ ਪਿਛੋਕੜ ਜਾਣੇ ਬਿਨਾਂ ਹੀ ਕਿਹਾ ਸੀ, “ਤੂੰ
ਪੈਸੇ ਵਾਸਤੇ ਇਹ ਕਿਤਾਬ ਨਹੀਂ ਸੀ ਲਿਖਣੀ!”
ਉਸਨੂੰ ਕੀ ਪਤਾ ਸੀ ਕਿ ਮੈਂ ਤਾਂ ਇਹ ਜੀਵਨੀ ਆਪਣੇ ਪਿੰਡ ਦਾ ਕਰਜ਼ਾ ਲਾਹੁਣ ਲਈ ਲਿਖੀ ਸੀ,
ਜਿਸ ਪਿੰਡ ਦੀ ਮਿੱਟੀ ਵਿੱਚ ਮੈਂ ਖੇਡਿਆ ਤੇ ਪਲਿਆ ਸਾਂ, ਜਿਸਦੀਆਂ ਹਵਾਵਾਂ ਵਿੱਚ ਮੈਂ
ਡੂੰਘੇ ਸਾਹ ਭਰੇ ਸਨ ਤੇ ਜਿਸ ਪਿੰਡ ਦੇ ਇੱਕ ਹੋਰ ਪੁੱਤ ਤੇ ਮੇਰੇ ਛੋਟੇ ਭਰਾ ਕਰਤਾਰ ਨੇ
ਆਪਣੀਆਂ ਪ੍ਰਾਪਤੀਆਂ ਸਦਕਾ ਉਸ ਪਿੰਡ ਦਾ ਨਾਂ ਸਾਰੀ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ ਸੀ।
ਦੂਜੀ ਵਾਰਤਕ ਦੀ ਪੁਸਤਕ ਸੀ ਅਮਰੀਕਾ, ਕਨੇਡਾ ਤੇ ਇੰਗਲੈਂਡ ਦਾ ਯਾਤਰਾ-ਪ੍ਰਸੰਗ ‘ਪਰਦੇਸੀ
ਪੰਜਾਬ’। 1997 ਵਿੱਚ ਮਿਲਵਾਕੀ (ਅਮਰੀਕਾ) ਵਿਖੇ ਹੋਈ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਦੇ ਬਹਾਨੇ
ਮੈਨੂੰ ਇਹਨਾਂ ਮੁਲਕਾਂ ਵਿੱਚ ਦੋ ਕੁ ਮਹੀਨੇ ਜਾਣ, ਘੁੰਮਣ ਤੇ ਵੱਖ-ਵੱਖ ਲੋਕਾਂ,
ਦੋਸਤਾਂ-ਰਿਸ਼ਤੇਦਾਰਾਂ ਤੇ ਸਾਹਿਤ-ਕਰਮੀਆਂ ਨੂੰ ਮਿਲਣ ਦਾ ਮੌਕਾ ਨਸੀਬ ਹੋਇਆ। ਕਈ ਇਤਿਹਾਸਕ
ਮਹੱਤਤਾ ਵਾਲੇ ਥਾਂ ਵੇਖੇ। ਵੱਡੇ ਪੱਛਮੀ ਲੇਖਕਾਂ ਦੀਆਂ ਯਾਦਗ਼ਾਰਾਂ ਦੇ ਦੀਦਾਰ ਕੀਤੇ। ਇਹਨਾਂ
ਮੁਲਕਾਂ ਵਿੱਚ ਘੁੰਮਦਿਆਂ-ਮਿਲਦਿਆਂ ਮੈਂ ਆਪਣੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਹੀ
ਵਿਚਰਨਾ ਸੀ।
ਕਈ ਕਈ ਸਾਲਾਂ ਤੋਂ ‘ਪੱਕੇ ਹੋਣ ਲਈ ਲਟਕਦੇ ਕੇਸਾਂ ਵਾਲੇ’ ਤੇ ਪਿੱਛੇ ਵਤਨ ਵਿੱਚ ਬੈਠੇ
ਮਾਪਿਆਂ, ਬੱਚਿਆਂ ਤੇ ਤੀਵੀਆਂ ਲਈ ਤਰਸਦੇ ਤੜਪਦੇ ਬੰਦਿਆਂ ਦੇ ਦਰਦ ਵਿੱਚ ਭਿੱਜ ਕੇ ਵੇਖਿਆ।
ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਲਈ ਵਕਤੀ ਤੌਰ ‘ਤੇ ਦਾੜ੍ਹੀ-ਕੇਸ ਰੱਖ ਕੇ ਵੋਟਾਂ ਮਾਠਣ ਅਤੇ
ਅਸਫ਼ਲ ਹੋਣ ਪਿੱਛੋਂ ਸਫ਼ਾ-ਚੱਟ ਹੋ ਜਾਣ ਵਾਲੀ ‘ਸਿੱਖੀ’ ਵੀ ਵੇਖੀ ਤੇ ਸਿੱਖੀ ਦੇ ਨਾਂ ‘ਤੇ
‘ਖ਼ਾਲਿਸਤਾਨ’ ਦੇ ਚੜ੍ਹਦੇ-ਉੱਤਰਦੇ ਪਾਣੀਆਂ ਦੇ ਉਛਾਲ ਵੀ ਮਹਿਸੂਸ ਕੀਤੇ। ਪੰਜਾਬ ਵਿੱਚ
ਹੁੰਦੇ ਵਿਆਹਵਾਂ ਵਰਗੇ ਨਾਚਾਂ, ਗਾਣਿਆਂ ਤੇ ਖਾਣਿਆਂ ਦੀ ਰੰਗਤ ਮਾਣੀ। ਧੀਆਂ-ਪੁਤਰਾਂ ਵੱਲੋਂ
ਅਸਲੋਂ ਅਣਗੌਲੇ ਕਰ ਦਿੱਤੇ ਗਏ ਬਜ਼ੁਰਗਾਂ ਦੀ ਪੀੜ ਮਹਿਸੂਸ ਕੀਤੀ। ਧੀਆਂ-ਪੁਤਾਂ ਕੋਲੋਂ
ਮਾਪਿਆਂ ਦੇ ਕਲੱਕੜ ਹੋਣ ਤੇ ਪਿਛਲੀ ਸਰਦਾਰੀ ਭੁੱਲ ਕੇ ਨਵੇਂ ਮਾਹੌਲ ਵਿੱਚ ਨਾ ਘੁਲ ਸਕਣ ਕਰ
ਕੇ ਅੜਿੱਕਾ ਬਣੇ ਬਜ਼ਰਗਾਂ ਬਾਰੇ ਦਲੀਲਾਂ ਵੀ ਸੁਣੀਆਂ। ਨਵੀਂ ਪੀੜ੍ਹੀ ਦੇ ਪੱਛਮੀ ਸਮਾਜ ਵਿੱਚ
ਖ਼ਪ-ਖੁਰ ਜਾਣ ਦਾ ਭੈਅ ਵੀ ਹਰੇਕ ਦੇ ਚਿਹਰੇ ਤੇ ਬੋਲਾਂ ਵਿੱਚ ਨਜ਼ਰ ਆਇਆ। ਸਫ਼ਰ ਦੌਰਾਨ ਵੱਡੇ
ਵੱਡੇ ਕਾਰੋਬਾਰਾਂ ਵਾਲੇ ਤੇ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਸਮਰਿੱਧ ਤੇ ਸੌਖੇ ਪੰਜਾਬੀ ਵੀ
ਮਿਲੇ ਤੇ ਸੋਲਾਂ-ਸੋਲਾਂ ਘੰਟੇ ਜੀ-ਮਾਰਵਾਂ ਕੰਮ ਕਰ ਕੇ ਸਥਾਪਤ ਹੋਣ ਲਈ ਜਾਨ ਹੂਲਦੇ
ਸੰਘਰਸ਼ਸ਼ੀਲ ਕਾਮੇ ਵੀ ਮਿਲੇ। ਬਾਹਵਾਂ ਉਲਾਰ ਕੇ ਵਤਨੋਂ ਆਏ ਭੈਣ-ਭਰਾਵਾਂ ਨੂੰ ਮਿਲਣ ਦਾ
ਡੁੱਲ੍ਹ-ਡੁੱਲ੍ਹ ਪੈਂਦਾ ਚਾਅ ਵੀ ਵੇਖਿਆ ਤੇ ਦੇਸ ਵਿੱਚ ਡੂੰਘੀਆਂ ਮੁਹੱਬਤਾਂ ਦਾ ਦਾਅਵਾ ਕਰਨ
ਵਾਲੇ ਮਿਲਣੋਂ ਅੱਖਾਂ ਚੁਰਾਉਂਦੇ ਤੇ ਅਸਲੋਂ ਅਜਨਬੀ ਹੁੰਦੇ ਵੀ ਵੇਖੇ। ਬਾਹਰੋਂ ਰੱਜੇ ਪੁੱਜੇ
ਤੇ ਭਰੇ ਭਰਾਏ ਦਿਸਣ ਵਾਲੇ ਇਹਨਾਂ ਲੋਕਾਂ ਦੇ ਮਨਾਂ ਵਿੱਚ ਡੂੰਘੀਆਂ ਖਾਈਆਂ ਵੀ ਹਨ। ਉਹਨਾਂ
ਨੇ ਬਹੁਤ ਕੁੱਝ ਪ੍ਰਾਪਤ ਕੀਤਾ ਪਰ ਬਹੁਤ ਕੁੱਝ ਗੁਆ ਵੀ ਲਿਆ। ਉਹਨਾਂ ਦੇ ਮਨ ਵਿੱਚ ਆਪਣੇ
ਪਿਛੋਕੜ ਅਤੇ ਵਿਰਾਸਤ ਬਾਰੇ ਇੱਕ ‘ਵਿਲਕਣੀ’ ਵੀ ਹੈ ਤੇ ਭਰੇ-ਭਕੁੰਨੇ ਮੁਲਕਾਂ ਵਿੱਚ ਜਾ
ਵੱਸਣ ਦੀ ਸਵੈ-ਸਤੁੰਸ਼ਟੀ ਵੀ। ਇਸ ‘ਵਿਲਕਣੀ’ ਤੇ ‘ਸਵੈ-ਸੰਤੁਸ਼ਟੀ’ ਦੇ ਦੋਨਾਂ ਸਿਰਿਆਂ ਵਿੱਚ
ਹੀ ਪਰਦੇਸੀ ਪੰਜਾਬੀ ਦਾ ਮਨ ਭਟਕਦਾ ਫਿਰਦਾ ਹੈ।
ਸਫ਼ਰ ਤੋਂ ਵਾਪਸ ਪਰਤਿਆ ਤਾਂ ਇਸ ਰੰਗ-ਬਰੰਗੇ ਸੰਸਾਰ ਦੇ ਕਈ ਦ੍ਰਿਸ਼ ਮੇਰੇ ਚੇਤਿਆਂ ਵਿੱਚ
ਲਿਸ਼ਕਣ ਲੱਗੇ। ਇਹ ਲਿਸ਼ਕ ਮੈਂ ਪੰਜਾਬੀ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸਾਂ। ਇਸ ਤਾਂਘ
ਵਿਚੋਂ ਹੀ ‘ਪਰਦੇਸੀ ਪੰਜਾਬ’ ਨੇ ਜਨਮ ਲਿਆ। ਕਿਉਂਕਿ ਇਹ ਲਿਖਤ ਪਰਦੇਸਾਂ ਵਿੱਚ ਵੱਸੇ
ਪੰਜਾਬੀਆਂ ਦਾ ਬਿਰਤਾਂਤ ਹੀ ਸੀ ਅਤੇ ਪੰਜਾਬ ਉਹਨਾਂ ਦੇ ਹਰ ਵਿਹਾਰ, ਹਰ ਸੋਚ ਤੇ ਹਰ ਸਾਹ
ਵਿੱਚ ਵੱਸਿਆ ਹੋਇਆ ਹੈ, ਇਸ ਕਰਕੇ ਇਸਦਾ ਨਾਂ ਵੀ ‘ਪਰਦੇਸੀ ਪੰਜਾਬ’ ਰੱਖਿਆ ਗਿਆ।
ਇਹ ਰਚਨਾ ਹੈ ਤਾਂ ਭਾਵੇਂ ਸਫ਼ਰਨਾਮਾ ਹੀ ਪਰ ਇਹ ਰਵਾਇਤੀ ਸਫ਼ਰਨਾਮੇ ਦੀ ਪਰਿਭਾਸ਼ਾ ‘ਤੇ ਪੂਰਾ
ਨਹੀਂ ਉੱਤਰਦਾ। ਇਹ ਉਸਤੋਂ ਅਲੱਗ ਕਿਸਮ ਦੀ ਰਚਨਾ ਹੈ। ਇਹ ਲਿਖਤ ਪਹਿਲੇ ਸਫ਼ਰਨਾਮਿਆਂ ਵਾਂਗ
ਕਿਸੇ ਦੂਜੇ ਮੁਲਕ ਦੇ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਦੀ ਪਰੰਪਰਾ, ਇਤਿਹਸ, ਮਿਥਿਹਾਸ,
ਸਭਿਆਚਾਰ, ਦਰਸ਼ਨੀ ਥਾਵਾਂ ਤੇ ਇਮਾਰਤਾਂ ਦੇ ਦਰਸ਼ਨ ਕਰਾਉਣ ਲਈ ਨਹੀਂ ਲਿਖੀ ਗਈ। ਇਹੋ ਜਿਹੀ
ਜਾਣਕਾਰੀ ਤਾਂ ਅੱਜ-ਕੱਲ੍ਹ ਇੰਟਰਨੈੱਟ ਉੱਤੇ ਬੜੀ ਸੌਖਿਆ ਉੱਪਲਬਧ ਹੋ ਜਾਂਦੀ ਹੈ।
ਇਸ ਸਫ਼ਰਨਾਮੇ ਵਿੱਚ ਰਵਾਇਤੀ ਸਫ਼ਰਨਾਮੇ ਵਾਲਾ ‘ਬਹੁਤ ਕੁਝ’ ਹੋਣ ਦੇ ਬਾਵਜੂਦ ਬਹੁਤ ਕੁੱਝ
ਨਵਾਂ ਤੇ ਵੱਖਰਾ ਵੀ ਹੈ। ਅਸਲ ਵਿੱਚ ਇਹ ਰਚਨਾ ਬਾਹਰੀ ਸੰਸਾਰ ਦੇ ਠੋਸ ਤੱਥਾਤਮਕ ਵੇਰਵਿਆਂ
ਨਾਲੋਂ ਵਧੇਰੇ ਕਰ ਕੇ ਪਰਦੇਸੀ ਪੰਜਾਬੀ ਬੰਦੇ ਦੇ ਮਨ ਵਿਚਲੇ ਸੂਖ਼ਮ ਅਹਿਸਾਸਾਂ ਦੀ ਤਰਲਤਾ
ਨੂੰ ਫੜ੍ਹਨ ਦਾ ਸਾਹਿਤਕ ਯਤਨ ਹੈ। ‘ਨਵੇਂ ਤੇ ਵੱਖਰੇ’ ਵਸਤੂ ਨੁੰ ਪੇਸ਼ ਕਰਨ ਲਈ ‘ਨਵੇਂ ਤੇ
ਵੱਖਰੇ’ ਅੰਦਾਜ਼ ਦੀ ਵੀ ਲੋੜ ਸੀ। ਇਸੇ ਲੋੜ ਵਿਚੋਂ ਹੀ ਸਫ਼ਰਨਾਮੇ ਨੂੰ ਪੁਰਾਣੀ ਰਟ ਵਿਚੋਂ
ਨਿਕਲਣਾ ਪੈਣਾ ਸੀ। ਇਸ ਲਿਖਤ ਰਾਹੀਂ ਮੈਂ ਇਸ ਵਿਧਾ ਦੇ ਨੇਮਾਂ ਦੇ ਚੌਖਟੇ ਨੂੰ ਹੋਰ ਮੋਕਲਾ
ਕੀਤਾ ਹੈ। ਇਸੇ ਕਰਕੇ ਇਸ ਵਿੱਚ ਬਿਰਤਾਂਤ, ਜੀਵਨੀ, ਸਵੈ-ਜੀਵਨੀ, ਰੇਖਾ-ਚਿਤਰ, ਗਲਪ,
ਨਿਬੰਧ, ਸੰਸਮਰਣ ਤੇ ਡਾਇਰੀ ਜਿਹੀਆਂ ਵਿਧਾਵਾਂ ਘੁਲ-ਮਿਲ ਗਈਆਂ ਹਨ। ਇਸਨੂੰ ਪਰੰਪਰਿਕ
ਸਫ਼ਰਨਾਮੇ ਦੇ ਮਾਪ-ਦੰਡਾਂ ਅਨੁਸਾਰ ਜਾਂਚਿਆ-ਪਰਖ਼ਿਆ ਨਹੀਂ ਜਾ ਸਕਦਾ। ਮੈਂ ਇਸਨੂੰ
‘ਯਾਤਰਾ-ਪ੍ਰਸੰਗ’ ਦਾ ਨਾਂ ਵੀ ਇਸੇ ਕਰਕੇ ਦਿੱਤਾ ਤਾਕਿ ਪੜ੍ਹਨ ਵਾਲਾ ਇਹ ਸੋਚੇ ਕਿ ਇਸਨੁੰ
‘ਸਫ਼ਰਨਾਮਾ’ ਕਿਉਂ ਨਹੀਂ ਲਿਖਿਆ ਗਿਆ! ਏਸੇ ਕਰਕੇ ਨਹੀਂ ਲਿਖਿਆ ਗਿਆ ਕਿਉਂਕਿ ਇਹ ਸਫ਼ਰਨਾਮਾ
ਹੋ ਕੇ ਵੀ ‘ਉਹੋ’ ਜਿਹਾ ਸਫ਼ਰਨਾਮਾ ਨਹੀਂ ਜਿਸਤਰ੍ਹਾਂ ਦੇ ਸਫ਼ਰਨਾਮੇ ਦੀ ਪਰਿਭਾਸ਼ਾ ਅਸੀਂ ਮਨ
ਵਿੱਚ ਬਿਠਾਈ ਹੋਈ ਹੈ। ਅਜਿਹਾ ਕਰ ਕੇ ਮੈਂ ਮਨਾਂ ਦੀ ਯਾਤਰਾ ਦੇ ਇਸ ਬਿਰਤਾਂਤ ਨੂੰ ਨਵੀਂ
ਨਜ਼ਰ ਨਾਲ ਵੇਖਣ ਦਾ ਸੱਦਾ ਦੇ ਰਿਹਾ ਸਾਂ।
ਪਿਛਲੇ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਹੋਈਆਂ ਕਾਨਫ਼ਰੰਸਾਂ ਦੇ ਬਹਾਨੇ ਕਈ ਸਿਰਜਣਾਤਕ ਲੇਖਕਾਂ
ਨੂੰ ਬਾਹਰਲੇ ਮੁਲਕਾਂ ਵਿੱਚ ਜਾਣ ਦਾ ਮੌਕਾ ਮਿਲਿਆ ਹੈ। ਉਹਨਾਂ ਵਿਚੋਂ ਕਈਆਂ ਨੇ ਵਾਪਸੀ ‘ਤੇ
ਸਫ਼ਰਨਾਮੇ ਵੀ ਲਿਖੇ ਹਨ। ਆਮ ਤੌਰ ‘ਤੇ ਅਜਿਹੇ ਸਫ਼ਰਨਾਮਿਆਂ ਨੂੰ ਦਾ ਕਈ ਵਾਰ ਇਹ ਕਹਿ ਕੇ
ਮਜ਼ਾਕ ਉਡਾਇਆ ਜਾਂਦਾ ਹੈ ਕਿ ਇਹਨਾਂ ਵਿੱਚ ਲੇਖਕਾਂ ਨੂੰ ਰੋਟੀਆਂ ਖਵਾਉਣ ਤੇ ਸ਼ਰਾਬਾਂ ਪਿਆਉਣ
ਵਾਲਿਆਂ ਦਾ ਸ਼ੋਭਾ-ਗਾਇਨ ਹੀ ਹੁੰਦਾ ਹੈ। ਕਈ ਪਰਵਾਸੀ ਲੇਖਕ ਇਹ ਵੀ ਇਤਰਾਜ਼ ਕਰਦੇ ਹਨ ਕਿ ਉਂਜ
ਵੀ ਇੱਕ ਦੋ ਮਹੀਨਿਆਂ ਵਿੱਚ ਕੋਈ ਕਿਸੇ ਦੂਜੇ ਮੁਲਕ ਵਿੱਚ ਰਹਿੰਦੇ ਲੋਕਾਂ ਦੀ ਜ਼ਿੰਦਗੀ ਦੀਆਂ
ਡੁੰਘਾਣਾਂ ਦੀ ਥਾਹ ਕਿਵੇਂ ਪਾ ਸਕਦਾ ਹੈ! ਇਹਨਾਂ ਗੱਲਾਂ ਵਿੱਚ ਵੀ ਸਚਾਈ ਹੋ ਸਕਦੀ ਹੈ। ਪਰ
ਹੈ ਇਹ ਅੰਸ਼ਿਕ ਸੱਚ। ਵੇਖੇ-ਜਾਣੇ ਨੂੰ ਹਰੇਕ ਲੇਖਕ ਨੇ ਆਪਣੀ ਪ੍ਰਤਿਭਾ ਤੇ ਸਮਰਥਾ ਅਨੁਸਾਰ
ਹੀ ਰਚਨਾ ਵਿੱਚ ਢਾਲਣਾ ਹੁੰਦਾ ਹੈ। ਤਿੱਖੀ ਤੇ ਬਰੀਕ ਨਜ਼ਰ ਵਾਲਾ ਲੇਖਕ ਥੋੜ੍ਹੇ ਸਮੇਂ ਵਿੱਚ
ਵੀ ਜ਼ਿੰਦਗੀ ਦੇ ਕਈ ਰੰਗ ਵੇਖਣ ਦੀ ਸਮਰੱਥਾ ਰੱਖਦਾ ਹੈ। ਰੇਤ ਵਿੱਚ ਪਏ ਸੁਨਹਿਰੀ ਕਿਣਕਿਆਂ
ਨੂੰ ਵੇਖਣ ਤੇ ਪਛਾਨਣ ਲਈ ਜੌਹਰੀ ਦੀ ਨਜ਼ਰ ਲੋੜੀਂਦੀ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਰੇਤ
ਵਿੱਚ ਹਰ ਰੋਜ਼ ਲੇਟਣੀਆਂ ਲੈਣ ਵਾਲਾ ਇਸ ਨਜ਼ਰ ਤੋਂ ਵਿਹੂਣਾ ਬੰਦਾ ਉਹਨਾਂ ਸੁਨਹਿਰੀ ਕਿਣਕਿਆਂ
ਨੂੰ ਨਾ ਪਛਾਣ ਸਕੇ! ਜੇ ਅਜਿਹੀ ਜੌਹਰੀ ਨਜ਼ਰ ਵਾਲਾ ਲੇਖਕ ਤੁਹਾਡੇ ਲਈ ਕੁੱਝ ਕਿਣਕੇ ਲੱਭ ਕੇ
ਲਿਆਇਆ ਹੈ ਤਾਂ ਉਸਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਣ ਦੀ ਲੋੜ ਹੈ।
ਇਹ ਵੀ ਜ਼ਰੂਰੀ ਨਹੀਂ ਕਿ ਜਿਹੜਾ ਵਿਅਕਤੀ ਕਿਸੇ ਜੀਵਨ ਦੇ ਵਿਚਕਾਰ ਵਿਚਰ ਰਿਹਾ ਹੈ, ਉਹੋ ਹੀ
ਉਸ ਜੀਵਨ ਬਾਰੇ ਲਿਖਣ ਦਾ ਅਧਿਕਾਰ ਰੱਖਦਾ ਹੋਵੇ! ਜਿਵੇਂ ਮਜ਼ਦੂਰਾਂ, ਕਿਸਾਨਾਂ, ਕਲਰਕਾਂ,
ਔਰਤਾਂ ਜਾਂ ਦਲਿਤਾਂ ਬਾਰੇ ਜ਼ਰੂਰੀ ਨਹੀਂ ਕਿ ਮਜ਼ਦੂਰ, ਕਿਸਾਨ, ਕਲਰਕ, ਔਰਤ ਜਾਂ ਦਲਿਤ ਹੀ
ਵਧੀਆ ਲਿਖ ਸਕੇ! ਨਿਸਚੈ ਹੀ ਉਹ ਦੂਜੇ ਲੋਕਾਂ ਨਾਲੋਂ ਹੋਰ ਵੀ ਵਧੀਆ ਲਿਖ ਸਕਦੇ ਹਨ ਜੇ
ਉਹਨਾਂ ਕੋਲ ਪ੍ਰਤਿਭਾ ਹੋਵੇ ਪਰ ਜੇ ਕੋਈ ਉਹਨਾਂ ਦੇ ਦਾਇਰੇ ਤੋਂ ਬਾਹਰਲਾ ਸੰਵੇਦਨਸ਼ੀਲ ਤੇ
ਪ੍ਰਤਿਭਾਵਾਨ ਲੇਖਕ ਉਸ ਧਿਰ ਦੇ ਦਰਦ ਨੂੰ ਮਹਿਸੂਸ ਕਰ ਕੇ ਉਸ ਬਾਰੇ ਲਿਖ ਰਿਹਾ ਹੋਵੇ ਤਾਂ
ਉਹ ਸਦਾ ਹੀ ਸੁੱਟ ਪਾਉਣ ਵਾਲਾ ਨਹੀਂ ਹੋ ਸਕਦਾ! ਜਿਹੜੇ ਪਰਵਾਸੀ ਲੇਖਕ ਪਰਵਾਸੀ ਮਾਮਲਿਆਂ ਦੇ
ਵਿਸ਼ੇਸ਼ੱਗ ਬਣੇ ਫਿਰਦੇ ਹਨ ਉਹਨਾਂ ਵਿਚੋਂ ਬਹੁਤ ਥੋੜ੍ਹਿਆਂ ਨੇ ਅਜੇ ਤੱਕ ਇਹਨਾਂ ਮੁਲਕਾਂ
ਵਿੱਚ ਵੱਸਦੇ ਪੰਜਾਬੀਆਂ ਦੇ ਦਰਦ ਨੂੰ ਪ੍ਰਮਾਣਿਕ ਜ਼ਬਾਨ ਮੁਹੱਈਆ ਕੀਤੀ ਹੈ।
ਇਹ ਵੀ ਜ਼ਰੂਰੀ ਨਹੀਂ ਕਿ ਹਰੇਕ ਪਰਵਾਸੀ ‘ਦੋ ਮਹੀਨੇ’ ਬਾਹਰ ਜਾਣ ਵਾਲੇ ਲੇਖਕ ਜਿੰਨਾਂ ਆਪਣੇ
ਵਾਸ ਵਾਲੇ ਦੇਸ਼ ਵਿੱਚ ਘੁੰਮਿਆਂ ਹੋਵੇ ਤੇ ਓਨੇ ਲੋਕਾਂ ਨੂੰ ਮਿਲਿਆ ਹੋਵੇ ਜਿੰਨਿਆਂ ਨੂੰ ਉਹ
ਲੇਖਕ ਮਿਲ ਲੈਂਦਾ ਹੈ। ਪਰਦੇਸਾਂ ਵਿੱਚ ਤਾਂ ਬਹੁਤੇ ਲੋਕ ਰੱਟ ਵਿੱਚ ਪਿਆ ਜੀਵਨ ਬਤੀਤ ਕਰ
ਰਹੇ ਹਨ। ਉਹਨਾਂ ਕੋਲ ਘੁੰਮਣ ਫਿਰਨ ਤੇ ਲੋਕਾਂ ਦੇ ਮਨਾਂ ਨੂੰ ਪੜ੍ਹਨ ਦਾ ਸਮਾਂ ਹੀ ਕਿੱਥੇ
ਹੁੰਦਾ ਹੈ! ਮੈਂ ਅਜਿਹੇ ਅਨੇਕ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਕਈ ਸਾਲਾਂ ਤੋਂ ਟਰਾਂਟੋ
ਵਿੱਚ ਰਹਿ ਰਹੇ ਹਨ ਪਰ ਨਿਆਗਰਾ ਫ਼ਾਲਜ਼ ਤਾਂ ਦੂਰ ਰਿਹਾ ਉਹਨਾਂ ਨੇ ਆਪਣੇ ਸ਼ਹਿਰ ਦੇ ‘ਸੀ ਐੱਨ
ਟਾਵਰ’ ਨੂੰ ਵੀ ਅੰਦਰ ਜਾ ਕੇ ਤੇ ਉਸ ‘ਤੇ ਚੜ੍ਹ ਕੇ ਨਹੀਂ ਵੇਖਿਆ। ਚਾਰੇ ਪਾਸਿਓਂ ਸਮੁੰਦਰ
ਵਿੱਚ ਘਿਰੇ ਇੰਗਲੈਂਡ ਵਿੱਚ ਅਜਿਹੇ ਅਨੇਕਾਂ ਪੰਜਾਬੀ ਮਿਲ ਜਾਣਗੇ ਜਿਨ੍ਹਾਂ ਨੇ ਨੇੜੇ ਜਾ ਕੇ
ਸਮੁੰਦਰੀ ਛੱਲਾਂ ਦਾ ਨਜ਼ਾਰਾ ਨਹੀਂ ਵੇਖਿਆ। ਮੈਂ ਖ਼ੁਦ ਮਹਿਸੂਸ ਕਰਦਾ ਹਾਂ ਕਿ ਜਿੰਨਾਂ ਕੁ
ਮੈਂ ਪੱਛਮੀ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਜੀਵਨ ਦੇ ਵਿਭਿੰਨ ਰੰਗਾਂ ਬਾਰੇ ਉਹਨਾਂ
‘ਦੋ ਮਹੀਨਿਆਂ’ ਵਿੱਚ ਜਾਣ ਸਕਿਆ ਸਾਂ ਓਨਾਂ ਦੋ ਸਾਲ ਤੋਂ ਟਰਾਂਟੋ ਵਿੱਚ ਰਹਿੰਦਿਆਂ ਵੀ
ਨਹੀਂ ਜਾਣ ਸਕਿਆ।
ਆਪਣੇ ਪਾਕਿਸਤਾਨੀ ਯਾਤਰਾ-ਪ੍ਰਸੰਗ (ਸਫ਼ਰਨਾਮੇ) ਬਾਰੇ ਵੀ ਮੈਂ ਨਿਮਨ ਲਿਖਤ ਵਿਚਾਰ
ਪ੍ਰਗਟਾਉਂਦਿਆਂ ਇਸ ਵਿਧਾ ਦੇ ਨਵੇਂ-ਪਨ ਵੱਲ ਧਿਆਨ ਦਿਵਾਇਆ:
‘ਮੇਰੀ ਇਹ ਲਿਖਤ ਨਾਵਾਂ, ਥਾਵਾਂ, ਤੇ ਇਮਾਰਤਾਂ ਦੇ ਦਰਸ਼ਨਾਂ ਦਾ ਵੇਰਵਾ ਦੇਣ ਵਾਲੀ ਕੋਈ
ਪ੍ਰੰਪਰਿਕ ਸਫ਼ਰਨਾਮਾ ਲਿਖਤ ਨਹੀਂ। ਇਹ ਤਾਂ ਮਨਾਂ ਤੋਂ ਮਨਾਂ ਤੱਕ ਦੀ ਯਾਤਰਾ ਦਾ ਤਰਲ
ਬਿਰਤਾਂਤ ਹੈ। ਇਹ ਸਿਰਫ਼ ਸੱਤਾਂ ਦਿਨਾਂ ਦਾ ਵੇਰਵਾ ਨਹੀਂ, ਇਹਦੇ ਪਿੱਛੇ ਤਾਂ ਸੱਤਾਂ ਪੁਸ਼ਤਾਂ
ਦਾ ਦਰਦ ਬੋਲਦਾ ਪਿਆ ਹੈ। ਇਹ ਲਿਖਤ ਪੀੜ੍ਹੀਆਂ ਦੀ ਸਾਂਝ ਦੇ ਟੁੱਟਣ ਤਿੜਕਣ ਤੇ ਮੁੜ ਗਲੇ
ਲੱਗਣ ਲਈ ਅਹੁਲਦੀ, ਤੜਪਦੀ ਤਾਂਘ ਦੀ ਦਰਦ-ਦਾਸਤਾਂ ਹੈ।’
ਪਾਕਿਸਤਾਨ ਜਾਣ ਦਾ ਸਬੱਬ ਵੀ ਲਾਹੌਰ ਵਿੱਚ 2001 ਵਿੱਚ ਹੋਣ ਵਾਲੀ ‘ਆਲਮੀ ਪੰਜਾਬੀ
ਕਾਨਫ਼ਰੰਸ’ ਬਣੀ। ਪਾਕਿਸਤਾਨ ਜਾਣ ਦੀ ਮੇਰੀ ਬੜੀ ਦੇਰੀਨਾ ਖ਼ਾਹਿਸ਼ ਸੀ। ਮੇਰੇ ਵਡੇਰਿਆਂ ਦਾ
ਪਿੰਡ ਭਡਾਣਾ ਐਨ ਸਰਹੱਦ ਦੇ ਨਾਲ ਸੀ। ਮਸਾਂ ਦੋ ਫਰਲਾਂਗ ਦੂਰ। ਹੱਦ ਤੋਂ ਦਿਸਦੇ ਗੁਰੂ
ਹਰਗੋਬਿੰਦ ਸਾਹਿਬ ਦੇ ਗੁਰਦਵਾਰੇ ਦੇ ਸਫ਼ੈਦ ਗੁੰਬਦ ਦਾ ਹਵਾਲਾ ਦੇ ਕੇ ਮੇਰੇ ਮਾਂ-ਪਿਓ
ਦੱਸਦੇ, “ਆਪਣਾ ਘਰ ਗੁਰਦੁਆਰੇ ਦੇ ਐਨ ਨੇੜੇ ਪੈਂਦਾ ਸੀ।” ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ
ਸਰਹੱਦ ਤੋਂ ਤੁਰ ਕੇ ਦਸਾਂ ਮਿੰਟਾਂ ਵਿੱਚ ‘ਆਪਣੇ’ ਘਰ ਨੂੰ ਲੱਭ ਸਕਦਾ ਸਾਂ। ਹੁਣ ਇਹ ਘਰ
ਮੇਰੇ ਤੋਂ ਉਮਰ ਜਿੰਨੀ ਦੂਰ ਹੋ ਗਿਆ ਸੀ। ਉਹ ਘਰ; ਜਿਸ ਘਰ ਵਿਚੋਂ ਇੱਕ ਰਾਤ ਹਮਲਾ ਹੋ ਜਾਣ
ਦੀ ਖ਼ਬਰ ਸੁਣ ਕੇ ਸਾਰੇ ਪਿੰਡ ਦੇ ਹਿੰਦੂਆਂ ਸਿੱਖਾਂ ਵਾਂਗ ਮੇਰੇ ਘਰ ਦੇ ਵੀ ਮੈਨੂੰ ਕੁੱਛੜ
ਚੁੱਕ ਕੇ ਜਾਨ ਬਚਾਉਣ ਲਈ ਖਾਲੀ ਹੱਥੀਂ ਭੱਜ ਉੱਠੇ ਸਨ। ਰਾਤ ਦੀ ਰੋਟੀ ਦੇ ਨਾਲ ਖਾਣ ਲਈ
ਬਣਾਈ ਖੀਰ ਥਾਲੀਆਂ ਵਿੱਚ ਠੰਢੀ ਹੋਣ ਲਈ ਰੱਖੀ ਹੋਈ ਸੀ ਪਰ ਉਸ ਵਿਚੋਂ ਬੁਰਕੀ ਭਰਨੀ ਨਸੀਬ
ਨਹੀਂ ਸੀ ਹੋਈ। ਸਮਾਨ ਨਾਲ ਭਰੇ ਸੰਦੂਕ ਤੇ ਪੇਟੀਆਂ, ਮਾਲ ਨਾਲ ਭਰਿਆ ਵਿਹੜਾ ਪਿੱਛੇ ਰਹਿ
ਗਿਆ ਸੀ ਤੇ ਉਹਨਾਂ ਦੀਆਂ ਯਾਦਾਂ ਪ੍ਰਛਾਵੇਂ ਵਾਂਗ ਉਮਰ ਭਰ ਤੋਂ ਨਾਲ ਨਾਲ ਤੁਰਦੀਆਂ ਆ
ਰਹੀਆਂ ਸਨ। ਬਚਪਨ ਤੋਂ ਹੀ ਮੈਂ ਓਧਰੋਂ ਏਧਰ ਆਇਆਂ ਤੇ ਏਧਰੋਂ ਓਧਰ ਗਿਆਂ ਦੀਆਂ ਕਹਾਣੀਆਂ
ਸੁਣਦਾ ਰਿਹਾ ਸਾਂ। ਉਸ ਧਰਤੀ ਤੋਂ ਵਿਛੋੜੇ ਦਾ ਦਰਦ ਮੇਰੇ ਅਵਚੇਤਨ ਵਿੱਚ ਸਥਾਈ ਭਾਵ ਬਣ ਕੇ
ਵੱਸ ਗਿਆ ਸੀ। ਕਾਨਫ਼ਰੰਸ ‘ਤੇ ਜਾਣਾ ਤਾਂ ਮੇਰੇ ਲਈ ‘ਹੱਜ’ ਕਰਨ ਵਾਂਗ ਸੀ।
ਮੈਂ ਕਾਨਫ਼ਰੰਸ ਵਿੱਚ ਵੀ ਹਿੱਸਾ ਲਿਆ ਤੇ ਸੱਤਾਂ ਦਿਨਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ
ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸਾਈਂ ਮੀਆਂ ਮੀਰ ਦੀਆਂ ਯਾਦਗ਼ਾਰਾਂ ਅੱਗੇ ਸੀਸ ਨਿਵਾ ਕੇ ਅਕੀਦਤ
ਵੀ ਭੇਟ ਕੀਤੀ। ਨਨਕਾਣਾ ਸਾਹਿਬ ਤੇ ਡੇਹਰਾ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰ ਕੀਤੇ।
ਸ਼ੇਖ਼ੂਪੁਰਾ ਤੇ ਲਾਇਲਪੁਰ ਦੀ ਯਾਤਰਾ ਕੀਤੀ। ਪਾਕਿਸਤਾਨੀ ਪੰਜਾਬੀ ਰਹਿਤਲ ਦੇ ਕਈ ਪੱਖਾਂ ਨੂੰ
ਜਾਣਿਆਂ ਸਮਝਿਆ। ਅਨੇਕਾਂ ਪਾਕਿਸਤਾਨੀ ਭੈਣ-ਭਰਾਵਾਂ ਨੂੰ ਮਿਲਣ ਤੇ ਵਿਚਾਰ ਸਾਂਝੇ ਕਰਨ ਦਾ
ਮੌਕਾ ਮਿਲਿਆ। ਸਾਡੇ ਵਾਂਗ ਹੀ ਸਾਧਾਰਨ ਪਾਕਿਸਤਾਨੀ ਲੋਕਾਂ ਦੇ ਮਨਾਂ ਅੰਦਰ ਵੀ
ਪਿਆਰ-ਮੁਹੱਬਤ ਦਾ ਜਜ਼ਬਾ ਉਛਾਲੇ ਮਾਰ ਰਿਹਾ ਹੈ। ਉਹ ਵੀ ਆਪਣੀਆਂ ਵਿੱਛੜੀਆਂ ਧਰਤੀਆਂ, ਘਰਾਂ
ਤੇ ਯਾਰਾਂ-ਪਿਆਰਾਂ ਨੂੰ ਮਿਲਣ ਲਈ ਤੜਫ ਰਹੇ ਸਨ। ਬੇਸ਼ੱਕ ਸਮੇਂ ਦੀ ਵਿੱਥ ਦੇ ਸੇਕ ਨੇ ਉਤਲੀ
‘ਰੇਤ’ ਖ਼ੁਸ਼ਕ ਕਰ ਦਿੱਤੀ ਸੀ ਪਰ ਇਸ ‘ਰੇਤ’ ਦੇ ਹੇਠਾਂ ਅਜੇ ਵੀ ‘ਮੁਹੱਬਤ ਦੀ ਸਿੱਲ੍ਹ ਤੇ
ਨਮੀਂ’ ਮੌਜੂਦ ਸੀ। ਜੇ ਸਰਕਾਰਾਂ ਦੋਵਾਂ ਧਿਰਾਂ ਨੂੰ ਮਿਲਣ ਦਾ ਮੌਕਾ ਦਿੰਦੀਆਂ ਰਹਿਣ ਤਾਂ
ਮਿਲਣੀਆਂ ਦੀ ‘ਥਪਥਪਾਹਟ’ ਨਾਲ ‘ਰੇਤ ਹੇਠਲੀ ਸਿੱਲ੍ਹ ਡਲ੍ਹਕਦੀ ਚਾਂਦੀ ਰੰਗੀ ਕੂਲ’ ਵਿੱਚ
ਤਬਦੀਲ ਹੋ ਸਕਦੀ ਹੈ ਤੇ ਹੌਲੀ ਹੌਲੀ ਮੁਹੱਬਤ ਦੀ ਸੁੱਕ ਗਈ ਰਾਵੀ ਫਿਰ ਤੋਂ ਵਗਣੀ ਸ਼ੁਰੂ ਹੋ
ਸਕਦੀ ਹੈ।
ਇਹਨਾਂ ਭਾਵਾਂ ਨੂੰ ਜ਼ਬਾਨ ਦੇਣ ਲਈ ਹੀ ਮੈਂ ਇਹ ਯਾਤਰਾ-ਪ੍ਰਸੰਗ ਲਿਖਿਆ। ਪੁਸਤਕ ਰੂਪ ਵਿੱਚ
ਆਉਣ ਤੋਂ ਪਹਿਲਾਂ ਇਹ ‘ਪੰਜਾਬੀ ਟ੍ਰਿਬਿਊਨ’ ਦੇ ਪੰਨਿਆਂ ‘ਤੇ ਕਿਸ਼ਤਵਾਰ ਛਪਿਆ ਤਾਂ ਇਸਦਾ
ਪਾਠਕਾਂ ਵੱਲੋਂ ਅਜਿਹਾ ਹੁਲਾਰਵਾਂ ਪ੍ਰਤੀਕਰਮ ਹੋਇਆ, ਜਿਹੜਾ ਅੱਜ ਤੱਕ ਮੇਰੀ ਕਿਸੇ ਵੀ ਲਿਖਤ
ਦਾ ਨਸੀਬ ਨਹੀਂ ਸੀ ਬਣਿਆਂ। ਇਸਨੇ ਹਜ਼ਾਰਾਂ ਪੰਜਾਬੀਆਂ ਦੇ ਦਿਲਾਂ ਨੂੰ ਛੂਹ ਲਿਆ ਸੀ। ਇਸਨੂੰ
ਕਨੇਡਾ ਵਿੱਚ ਵੀ ਇੱਕ ਹਫ਼ਤਾਵਾਰੀ ਮੈਗਜ਼ੀਨ ਵੱਲੋਂ ਲਗਾਤਾਰ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ।
ਭਾਰਤ ਵਿਚੋਂ ਨਿਕਲਦੇ ਪਰਵਾਸੀ ਮਸਲਿਆਂ ਨੂੰ ਮੁਖ਼ਾਤਬ ਹੋਣ ਵਾਲੇ ਇੱਕ ਮੈਗ਼ਜ਼ੀਨ ਨੇ ਵੀ ਇਸਨੂੰ
ਕਿਸ਼ਵਾਰ ਛਾਪਿਆ। ਅੱਜ ਵੀ ਕਈ ਆਦਮੀ ਜਿਨ੍ਹਾਂ ਨੇ ਮੇਰੀ ਹੋਰ ਕੋਈ ਵੀ ਲਿਖਤ ਨਹੀਂ ਪੜ੍ਹੀ,
ਜਾਣ-ਪਛਾਣ ਕਰਵਾਏ ਜਾਣ ‘ਤੇ, ਮੈਨੂੰ ‘ਵਗਦੀ ਏ ਰਾਵੀ’ ਵਾਲੇ ਲੇਖਕ ਵਜੋਂ ਜਾਨਣ ਦੀ ਹਾਮੀ
ਭਰਦੇ ਹਨ।
ਮੇਰੀ ਇਸ ਲਿਖਤ ਨੇ ਜਿੱਥੇ ਪੱਥਰ ਹੋਏ ਮਨਾਂ ਨੂੰ ਪਿਘਲਾਉਣ ਵਿੱਚ ਹਿੱਸਾ ਪਾਇਆ ਓਥੇ
ਕਾਨਫ਼ਰੰਸ ਵਿੱਚ ਮੇਰੇ ਵੱਲੋਂ ਪੇਸ਼ ਕੀਤੇ ਵਿਚਾਰਾਂ ਨੇ ਵੀ ਬੋਲਣ ਤੇ ਸੋਚਣ ਵਾਲਿਆਂ ਨੂੰ
ਨਵੀਂ ਦਿਸ਼ਾ ਦਿੱਤੀ। ਉਸ ਕਾਨਫ਼ਰੰਸ ਵਿੱਚ ਚੜ੍ਹਦੇ ਪੰਜਾਬ ਦੇ ਬਹੁਤੇ ਬੁਲਾਰੇ ਭਾਵਕ ਉਲਾਰ
ਵਿੱਚ ਵਾਘੇ ਦੀ ਲਕੀਰ ਨੂੰ ਨਿੰਦਦੇ, ਦੇਸ਼ ਦੀ ਵੰਡ ਨੂੰ ਕੋਸਦੇ, ਹੱਦਾਂ-ਸਰਹੱਦਾਂ ਨੂੰ ਮੇਟ
ਕੇ ਇੱਕ ਹੋਣ ਲਈ ਹਾਅ ਦਾ ਨਾਅ੍ਹਰਾ ਮਾਰ ਰਹੇ ਸਨ। ਉਹਨਾਂ ਦੀ ਇਹ ਭਾਵਕਤਾ ਸਮਝ ਪੈਂਦੀ ਸੀ।
ਪਰ ਨਜ਼ਰੀਆ-ਪਾਕਿਸਤਾਨ ਦੇ ਲੋਕਾਂ ਲਈ ਤਾਂ ਨਵਾਂ ਦੇਸ਼ ਹੋਂਦ ਵਿੱਚ ਆਉਣਾ ਉਹਨਾਂ ਦੀ ਕੌਮ ਦੀ
ਬੇਮਿਸਾਲ ਪ੍ਰਾਪਤੀ ਤੇ ‘ਗੁਲਾਮੀ ਤੋਂ ਮੁਕਤ ਹੋਣ’ ਦਾ ਚਿੰਨ੍ਹ ਸੀ। ਉਹਨਾਂ ਨੂੰ ਚੜ੍ਹਦੇ
ਪੰਜਾਬ ਦੇ ਲੋਕਾਂ ਵੱਲੋਂ ਹੱਦਾਂ ਮਿਟਾਉਣ ਦਾ ਦਿੱਤਾ ਸੱਦਾ ਕਿਵੇਂ ਵੀ ਪ੍ਰਵਾਨ ਨਹੀਂ। ਉਹ
ਸਮਝਦੇ ਹਨ ਕਿ ਭਾਰਤ ਸਾਨੂੰ ਮੁੜ ਤੋਂ ਆਪਣੇ ਵਿੱਚ ਵਿਲੀਨ ਕਰ ਕੇ ਸਾਡੀ ਹੋਂਦ ਮਿਟਾਉਣੀ
ਚਾਹੁੰਦਾ ਹੈ। ਮੈਂ ਜਦੋਂ ਬੋਲਿਆ ਤਾਂ ਇਸ ਗੱਲ ‘ਤੇ ਬਹੁਤ ਭਰਵਾਂ ਜ਼ੋਰ ਦਿੱਤਾ ਕਿ ਦੋਵੇਂ
ਮੁਲਕ ਹੁਣ ਅੱਡੋ-ਅੱਡਰੀ ਆਜ਼ਾਦ ਹਸਤੀ ਹਨ। ਦੋਵਾਂ ਮੁਲਕਾਂ ਨੂੰ ਇੱਕ ਦੂਜੇ ਦੀ ਹੋਂਦ ਨੂੰ
ਤਸਲੀਮ ਕਰਕੇ ਉਹਨਾਂ ਦੀ ਆਜ਼ਾਦੀ ਤੇ ਪ੍ਰਭੂਸੱਤਾ ਦਾ ਆਦਰ ਕਰਨਾ ਬਣਦਾ ਹੈ। ਮੈਂ ਆਖਿਆ,
“ਜਦੋਂ ਚੜ੍ਹਦੇ ਪੰਜਾਬ ਦੇ ਮੇਰੇ ਮਿੱਤਰ ਹੱਦਾਂ ਮਿਟਾ ਦੇਣ ਦੀਆਂ ਭਾਵਕ ਗੱਲਾਂ ਕਰਦੇ ਹਨ
ਤਾਂ ਇਧਰਲੇ ਪੰਜਾਬ ਵਿੱਚ ਇਸਦੇ ਗ਼ਲਤ ਅਰਥ ਵੀ ਲਏ ਜਾ ਸਕਦੇ ਹਨ। ਇਸ ਨਾਲ ਸਾਡੇ ਉਹਨਾਂ
ਭਰਾਵਾਂ ਦੇ ਕਾਜ਼ ਤੇ ਲਹਿਰ ਨੂੰ ਸੱਟ ਵੱਜਦੀ ਹੈ ਜਿਹੜੇ ਲਹਿੰਦੇ ਪੰਜਾਬ ਵਿੱਚ ਬੈਠੇ ਪੰਜਾਬੀ
ਜ਼ਬਾਨ ਤੇ ਸਾਹਿਤ ਲਈ ਕੰਮ ਕਰਨ ਦੇ ਨਾਲ ਨਾਲ ਦੋਵਾਂ ਮੁਲਕਾਂ ਵਿੱਚ ਸਾਂਝ ਤੇ ਪਿਆਰ ਦੀ ਤੰਦ
ਜੋੜਨ ਲਈ ਉਪਰਾਲੇ ਕਰ ਰਹੇ ਹਨ। ਅਸੀਂ ਬੜੇ ਸਪਸ਼ਟ ਹੋ ਕੇ ਇਹ ਗੱਲ ਕਹਿੰਦੇ ਤੇ ਮੰਨਦੇ ਹਾਂ
ਕਿ ਵਾਘੇ ਤੋਂ ਏਧਰ ਤੁਸੀਂ ਸੁਖੀ ਵੱਸੋ-ਰੱਸੋ, ਖ਼ੁਸ਼ੀਆਂ ਮਾਣੋ ਤੇ ਓਧਰ ਅਸੀਂ ਤੁਹਾਡੀਆਂ
ਦੁਆਵਾਂ ਸਦਕਾ ਸੁਖੀ ਰਹੀਏ। ਵਾਘੇ ਦੀ ਲਕੀਰ ਦੇ ਰਹਿੰਦਿਆਂ ਵੀ ਅਸੀਂ ਕੰਡੇਦਾਰ ਤਾਰਾਂ ਦੇ
ਉੱਤੋਂ ਦੀ ਸਾਂਝੀ ਜ਼ਬਾਨ, ਸਾਹਿਤ ਤੇ ਸਾਂਝੀ ਰਹਿਤਲ ਦੇ ਹਵਾਲੇ ਨਾਲ ਮੁਹੱਬਤ ਦਾ ਸਤਰੰਗਾ
ਪੁਲ ਉਸਾਰ ਸਕਦੇ ਹਾਂ।”
ਮੇਰੇ ਇਹਨਾਂ ਵਿਚਾਰਾਂ ਦੀ ਸਾਰਥਿਕਤਾ ਨੂੰ ਜਾਣਦਿਆਂ ਹੋਇਆ ਸਟੇਜ ਤੋਂ ਉਤਰਨ ਸਮੇਂ ਕਾਨਫ਼ਰੰਸ
ਦੇ ਚੇਅਰਮੈਨ ਫ਼ਖ਼ਰ ਜ਼ਮਾਂ ਨੇ ਮੈਨੂੰ ਗਲਵੱਕੜੀ ਵਿੱਚ ਘੁੱਟ ਲਿਆ। ਹੋਰਨਾਂ ਨੂੰ ਵੀ ਮੇਰੀ ਇਹ
ਰਾਇ ਬਹੁਤ ਚੰਗੀ ਲੱਗੀ ਸੀ। ਇੰਜ ਕੱਟੜਪੰਥੀਆਂ ਵੱਲੋਂ ਉਹਨਾਂ ਨੂੰ ‘ਭਾਰਤ ਦੇ ਏਜੰਟ’ ਆਖੇ
ਜਾਣ ਵਾਲੇ ਮਿਹਣੇ ਦਾ ਦਾਗ਼ ਧੁਪਦਾ ਸੀ।
ਉਸਤੋਂ ਬਾਅਦ ਵੀ ਮੈਂ ਪਾਕਿਸਤਾਨ ਦਾ ਇੱਕ ਹੋਰ ਗੇੜਾ ਲਾਇਆ। ਇਸ ਵਾਰੀ ਝੰਗ-ਸਿਆਲ, ਸੁਲਤਾਨ
ਬਾਹੂ ਦੇ ਮਜ਼ਾਰ, ਮੰਡੀ ਬੂਰੇ ਵਾਲ, ਸ਼ੇਖ਼ੂਪੁਰਾ, ਨਨਕਾਣਾ ਸਾਹਿਬ, ਜੰਡਿਆਲਾ ਸ਼ੇਰ ਖਾਂ,
ਗੁਜਰਾਂਵਾਲਾ, ਪੰਜਾ ਸਾਹਿਬ ਤੇ ਲਾਹੌਰ ਆਦਿ ਥਾਵਾਂ ਦੀ ਯਾਤਰਾ ਕੀਤੀ। ਬਹੁਤ ਸਾਰੇ ਲੋਕਾਂ
ਨੂੰ ਮਿਲਿਆ। ਇਸ ਯਾਤਰਾ ਦਾ ਬਿਰਤਾਂਤ ਵੀ ਹੌਲੀ ਹੌਲੀ ਲਿਖ ਰਿਹਾਂ। ਇੱਕ ਆਰਟੀਕਲ ਅਗਸਤ
2007 ਦੀ ‘ਪ੍ਰੀਤ-ਲੜੀ’ ਵਿੱਚ ਛਪਿਆ ਹੈ; ਜਿਸਦਾ ਨਾਂ ਹੈ ‘ਵੈਰੋਕਿਆਂ ਦਾ ਪਹਿਲਾ ਆਦਮੀ’।
ਇਹ ਪਾਕਿਸਤਾਨੀ ਪੰਜਾਬ ਦੇ ਸਾਬਕਾ-ਮੰਤ੍ਰੀ, ਪ੍ਰੀਤ-ਨਗਰ ਨੇੜਲੇ ਪਿੰਡ ਵੈਰੋਕੇ ਦੇ ਵਸਨੀਕ
ਤੇ ਪ੍ਰੀਤ-ਨਗਰ ਐਕਟਿਵਿਟੀ ਸਕੂਲ ਦੇ ਪਹਿਲੇ ਮੁਸਲਮਾਨ ਵਿਦਿਆਰਥੀ ਸਰਦਾਰ ਅਹਿਮਦ ਦੀਆਂ
ਯਾਦਾਂ ਦਾ ਦਿਲ-ਛੂਹਵਾਂ ਬਿਰਤਾਂਤ ਹੈ। ਉਸਤੋਂ ਗੁਰਬਖ਼ਸ਼ ਸਿੰਘ ਦੀ ‘ਮੁਬੀਨਾ ਕਿ ਸਕੀਨਾ’
ਕਹਾਣੀ ਦਾ ਦਿਲਚਸਪ ਪਿਛੋਕੜ ਵੀ ਪਤਾ ਲੱਗਾ ਤੇ ਇਹ ਵੀ ਜਾਣਿਆਂ ਕਿ ਪਾਕਿਸਤਾਨ ਜਾਂਦੇ ਸਮੇਂ
ਉਸ ਕਹਾਣੀ ਵਿੱਚ ਜਾਨ ਬਚਾਉਣ ਲਈ ਮਾਪਿਆਂ ਨੇ ਜਿਹੜੀ ਬੱਚੀ ਨੂੰ ਲਾਵਾਰਿਸ ਛੱਡ ਦਿੱਤਾ ਸੀ,
ਉਹ ਅਸਲ ਵਿੱਚ ਕੁੜੀ ਨਹੀਂ, ਸਗੋਂ ਸਰਦਾਰ ਅਹਿਮਦ ਦੀ ਮਾਸੀ ਦਾ ਮੁੰਡਾ ਸੀ। ਉਹ ਮੁੰਡਾ ਅੱਜ
ਕੱਲ੍ਹ ਪਾਕਿਸਤਾਨ ਵਿੱਚ ਡਾਕ ਮਹਿਕਮੇ ਦਾ ਬਹੁਤ ਵੱਡਾ ਅਫ਼ਸਰ ਸੀ। ਉਸ ਬੱਚੇ ਨੂੰ ਜਾਨ ਬਚਾਉਣ
ਲਈ ਖੇਤਾਂ ਵਿੱਚ ਸੁੱਟ-ਛੱਡ ਜਾਣ ਵਾਲੇ ਸਰਦਾਰ ਅਹਿਮਦ ਦੇ ਆਪਣੇ ਹੀ ਮਾਸੀ-ਮਾਸੜ ਸਨ।
ਇਸਤੋਂ ਇਲਾਵਾ ਇੱਕ ਨਵੀਂ ਵਾਰਤਕ ਪੁਸਤਕ ਤਿਆਰੀ ਅਧੀਨ ਹੈ, ਉਸ ਵਿੱਚ ਮੇਰੀਆਂ
ਜੇਲ੍ਹ-ਯਾਤਰਾਵਾਂ ਤੇ ਹੋਰ ਸੰਕਟ ਦੇ ਪਲਾਂ ਦਾ ਬਿਰਤਾਂਤ ਪੇਸ਼ ਹੈ। ਇਹਨਾਂ ਵਿਚੋਂ ਕਈ ਹਿੱਸੇ
ਵੱਖ ਵੱਖ ਮੈਗ਼ਜ਼ੀਨਾਂ; ‘ਸਿਰਜਣਾ’, ‘ਹੁਣ’ ਤੇ ‘ਸੀਰਤ’ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
ਜੇਲ੍ਹ-ਯਾਤਰਾਵਾਂ ਦਾ ਬਿਰਤਾਂਤ ਲਿਖਣ ਦਾ ਮਕਸਦ ਆਪਣੀ ਕਿਸੇ ਕਿਸਮ ਦੀ ‘ਕੁਰਬਾਨੀ’ ਦਾ
ਵਿਖਾਲਾ ਕਰਨਾ ਨਹੀਂ। ਇਹ ਕਿਸੇ ਵੀ ਤਰ੍ਹਾਂ ਕੋਈ ‘ਕੁਰਬਾਨੀ’ ਨਹੀਂ ਸੀ, ਸਗੋਂ ਜਿਸ ਰਾਹ
‘ਤੇ ਕੁੱਝ ਕਦਮ ਤੁਰਿਆ ਸਾਂ ਉਸਦਾ ਸੁਭਾਵਕ ਪ੍ਰਤੀਫ਼ਲ ਸੀ। ਸਗੋਂ ਮੈਨੂੰ ਤਾਂ ਅਜਿਹੇ
‘ਵਿਖਾਲੇ’ ਤੋਂ ਚਿੜ੍ਹ ਜਿਹੀ ਵੀ ਸੀ। ਮੇਰੇ ਲਿਖਣ-ਕਾਲ ਦੇ ਉਹਨਾਂ ਦਿਨਾਂ ਵਿੱਚ ਕੁੱਝ ਕੁ
ਹੋਰ ਸਮਕਾਲੀ ਲੇਖਕਾਂ ਨੂੰ ਵੀ ਕੁੱਝ ਸਮਾਂ ਜੇਲ੍ਹਾਂ ਵਿੱਚ ਜਾਣਾ ਪਿਆ ਸੀ। ਜਦੋਂ ਉਹਨਾਂ ਦੀ
ਕੋਈ ਲਿਖਤ ਕਿਸੇ ਮੈਗ਼ਜ਼ੀਨ ਵਿੱਚ ਛਪਦੀ ਤਾਂ ਉਸ ਹੇਠਾਂ ‘ਜ਼ਿਲ੍ਹਾ ਜੇਲ੍ਹ-- ਵਿਚੋਂ’ ਲਿਖਿਆ
ਹੁੰਦਾ। ਬਾਹਰ ਆ ਕੇ ਉਹ ‘ਆਪਣੇ ‘ਤੇ ਹੋਏ ਪੁਲਿਸ ਤਸ਼ੱਦਦ’ ਦੀ ਡੌਂਡੀ ਪਿੱਟਦੇ। ਮੈਨੂੰ
ਲੱਗਦਾ ਜਿਵੇਂ ਲੇਖਕ-ਮਿੱਤਰ ਪਾਠਕਾਂ ਕੋਲੋਂ ਆਪਣੇ ਲਈ ਤਰਸ ਤੇ ਹਮਦਰਦੀ ਦੀ ਭਾਵਨਾ ਬਟੋਰਨਾ
ਚਾਹ ਰਹੇ ਹੋਣ ਅਤੇ ਅਜਿਹਾ ਕਰਕੇ ਆਪਣੀ ਰਚਨਾ ਦਾ ਮੁੱਲ ਵਧੇਰੇ ਪਾਉਣ ਲਈ ਅਪੀਲ ਵੀ ਕਰ ਰਹੇ
ਹੋਣ! ਮੈਨੂੰ ਅਜਿਹੇ ਤਰਸ ਤੇ ਹਮਦਰਦੀ ਦੀ ਲੋੜ ਨਹੀਂ ਸੀ। ਮੈਂ ‘ਜੇਲ੍ਹ ਵਿਚੋਂ’ ਕੁੱਝ ਲਿਖ
ਕੇ ਜਾਂ ਜੇਲ੍ਹ ਯਾਤਰਾ ਦਾ ਵਰਨਣ ਕਰਕੇ ਉਹਨਾਂ ਲੇਖਕਾਂ ਵਰਗਾ ਨਹੀਂ ਸਾਂ ਬਣਨਾ ਚਾਹੁੰਦਾ।
ਇਸੇ ਲਈ ਲਗਭਗ ਢਾਈ-ਤਿੰਨ ਦਹਾਕੇ ਮੈਂ ਇਹਨਾਂ ਯਾਦਾਂ ਦਾ ਕਿਤੇ ਜ਼ਿਕਰ ਤੱਕ ਵੀ ਨਾ ਕੀਤਾ। ਪਰ
ਮੇਰੇ ਜੀਵਨ ਦੀਆਂ ਮਹੱਤਵਪੂਰਨ ਕੜੀਆਂ ਹੋਣ ਕਰ ਕੇ ਇਹਨਾਂ ਦੇ ਜ਼ਿਕਰ ਬਿਨਾਂ ਮੇਰਾ
ਜੀਵਨ-ਬਿਰਤਾਂਤ ਅਧੂਰਾ ਰਹਿ ਜਾਣਾ ਸੀ। ਇਸ ਲਈ ਇਹਨਾਂ ਦਾ ਜ਼ਿਕਰ ਵੀ ਲਾਜ਼ਮੀ ਸੀ। ਇਹਨਾਂ
ਯਾਦਾਂ ਰਾਹੀਂ ਮੇਰਾ ਸੁਭਾ, ਵਿਹਾਰ ਤੇ ਰਿਸ਼ਤਗੀ ਹੀ ਨਜ਼ਰ-ਗੋਚਰੇ ਨਹੀਂ ਹੁੰਦੇ ਸਗੋਂ ਵੇਲੇ
ਦੀ ਸਿਆਸਤ ਅਤੇ ਉਸ ਨਾਲ ਸੰਬੰਧਤ ਵਿਭਿੰਨ ਧਿਰਾਂ ਦਾ ਵਿਵਿਧ ਕਿਸਮ ਦਾ ਚਿਤਰ ਵੀ ਮੂਰਤੀਮਾਨ
ਹੁੰਦਾ ਹੈ।
ਸੋਹਨ ਸਿੰਘ ਸੀਤਲ, ਸੁਰਿੰਦਰ ਸਿੰਘ ਨਰੂਲਾ ਤੇ ਭਗਤ ਸਿੰਘ ਬਿਲਗਾ ਦੀਆਂ ਮੇਰੇ ਵੱਲੋਂ
ਕੀਤੀਆਂ ਲੰਮੀਆਂ ਇੰਟਰਵੀਊਆਂ ਵੀ ਵੱਖ ਵੱਖ ਥਾਵਾਂ ‘ਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਰਭਜਨ
ਹਲਵਾਰਵੀ ਬਾਰੇ ਲਿਖਿਆ ਰੇਖ਼ਾ-ਚਿਤਰ ‘ਪ੍ਰਵਚਨ’ ਵਿੱਚ ਅਤੇ ਜਗਜੀਤ ਸਿੰਘ ਆਨੰਦ ਦੀਆਂ ਸਾਹਿਤਕ
ਪ੍ਰਾਪਤੀਆਂ ਨਾਲ ਸੰਬੰਧਤ ਲੇਖ ‘ਆਲੋਚਨਾ’ ਪ੍ਰਕਾਸ਼ਿਤ ਹੋ ਚੁੱਕਿਆ ਹੈ।
‘ਕੁਲਵੰਤ ਸਿੰਘ ਵਿਰਕ ਦਾ ਕਹਾਣੀ-ਸੰਸਾਰ’ ਮੇਰੀ ਪਹਿਲੀ ਆਲੋਚਨਾ ਪੁਸਤਕ ਸੀ। ਆਲੋਚਨਾ ਦੀ
ਦੂਜੀ ਪੁਸਤਕ, ‘ਨਾਵਲਕਾਰ ਸੋਹਨ ਸਿੰਘ ਸੀਤਲ-ਸਮਾਜ-ਸ਼ਾਸਤਰੀ ਪਰਿਪੇਖ’ ਛਪਣ ਵਾਲੀ ਹੈ। ਮੇਰੇ
ਦੁਆਰਾ ਸੰਪਾਦਿਤ ‘ਪੰਜਾਬੀ ਕਹਾਣੀ ਆਲੋਚਨਾ-ਰੂਪ ਤੇ ਰੁਝਾਨ’ ਵਿੱਚ ਸੰਮਿਲਤ ਪੰਜਾਬੀ ਕਹਾਣੀ
ਬਾਰੇ ਮੇਰਾ ਵਿਸ਼ੇਸ਼ ਲੇਖ ਪੰਜਾਬੀ ਕਹਾਣੀਕਾਰਾਂ ਦੀਆਂ ਤਿੰਨਾਂ ਪੀੜ੍ਹੀਆਂ ਦਾ ਲੇਖਾ-ਜੋਖਾ
ਕਰਦਾ ਹੋਇਆ ਵਸਤੂ, ਵਿਧਾ ਤੇ ਦ੍ਰਿਸ਼ਟੀ ਪੱਖੋਂ ਕਹਾਣੀ-ਵਿਧਾ ਵਿੱਚ ਆਈਆਂ ਤਬਦੀਲੀਆਂ ਨੂੰ
ਬਿਆਨ ਕਰਦਾ ਹੈ। ਇੰਜ ਹੀ ਸਾਹਿਤ ਅਕਾਦਮੀ ਵਾਸਤੇ ਮੇਰੇ ਦੁਆਰਾ ਸੰਪਾਦਿਤ ਪੁਸਤਕ ‘ਵੀਹਵੀਂ
ਸਦੀ ਦੀ ਪੰਜਾਬੀ ਵਾਰਤਕ’ ਵਿੱਚ ਮੈਂ ਪੂਰੀ ਸਦੀ ਦੀ ਵਾਰਤਕ ਦੀਆਂ ਵਿਭਿੰਨ ਵੰਨਗੀਆਂ ਅਤੇ
ਝੁਕਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਪੰਜਾਬੀ ਵਾਰਤਕ ਦੇ ਪਾਠਕਾਂ ਨੂੰ ਪਿਛਲੀ ਸਦੀ
ਦੀ ਪੰਜਾਬੀ ਵਾਰਤਕ ਦੇ ਇਤਿਹਾਸ ਅਤੇ ਪ੍ਰਵਿਰਤੀਆਂ ਨੂੰ ਜਾਨਣ/ਸਮਝਣ ਵਾਸਤੇ ਇਸ ਆਰਟੀਕਲ ਨੂੰ
ਪੜ੍ਹ ਲੈਣਾ ਸਮਾਂ ਗਵਾਉਣ ਵਾਲੀ ਗੱਲ ਨਹੀਂ ਹੋਵੇਗੀ!
ਭਾਵੇਂ ਸਾਹਿਤ-ਆਲੋਚਨਾ ਕਰਨਾ ਮੇਰੀ ਪਹਿਲ ਨਹੀਂ ਰਹੀ ਪਰ ਫਿਰ ਵੀ ਮੈਂ ਮਹਿੰਦਰ ਸਿੰਘ ਸਰਨਾ,
ਅਜਮੇਰ ਔਲਖ, ਗੁਰਬਚਨ ਸਿੰਘ ਭੁੱਲਰ, ਮੋਹਨ ਕਾਹਲੋਂ, ਪਿਆਰਾ ਸਿੰਘ ਭੋਗਲ, ਅਮੀਨ ਮਲਿਕ,
ਕੇਵਲ ਕਲੋਟੀ, ਸੁਕੀਰਤ, ਨਿੰਦਰ ਗਿੱਲ, ਜਤਿੰਦਰ ਪੰਨੂੰ, ਅਮਰਜੀਤ ਸਾਥੀ, ਜਗਦੀਸ਼ ਸਿੰਘ
ਵਰਿਆਮ, ਹਰਨੇਕ ਸਿੰਘ ਘੜੂੰਆਂ, ਬਲਦੇਵ ਗਰੇਵਾਲ, ਅਜੀਤ ਕੁਮਾਰ ਆਦਿ ਦੋ ਦਰਜਨ ਦੇ ਲਗਭਗ
ਲੇਖਕਾਂ ਦੀਆਂ ਵਿਸ਼ੇਸ਼ ਪੁਸਤਕਾਂ ਜਾਂ ਸਮੁੱਚੀਆਂ ਰਚਨਾਵਾਂ ਬਾਰੇ ਆਲੋਚਨਾਤਮਕ ਪਰਚੇ ਲਿਖੇ
ਹਨ।
ਕਦੀ ਪੰਜਾਬੀ ਸਾਹਿਤ ਵਿੱਚ ਵਾਰਤਕ ਲੇਖਕਾਂ ਦੀ ਝੰਡੀ ਹੁੰਦੀ ਸੀ। ਭਾਵੇਂ ਸਾਹਿਤ ਦੀਆਂ
ਦੂਜੀਆਂ ਵਿਧਾਵਾਂ ਦੇ ਲੇਖਕ ਵੀ ਜ਼ਿਕਰ-ਯੋਗ ਸਮਝੇ ਜਾਂਦੇ ਸਨ ਪਰ ਸਮੁੱਚੇ ਤੌਰ ‘ਤੇ ਪੰਜਾਬੀ
ਸਾਹਿਤ ਵਾਰਤਕ-ਲੇਖਕਾਂ ਦੇ ਨਾਂ ਨਾਲ ਹੀ ਜਾਣਿਆਂ ਜਾਂਦਾ ਸੀ। ਸਾਡੇ ਪਹਿਲੇ ਲੇਖਕਾਂ ਵਿੱਚੋਂ
ਤੇਜਾ ਸਿੰਘ, ਗੁਰਬਖ਼ਸ਼ ਸਿੰਘ ਆਦਿ ਆਪਣੀ ਵਾਰਤਕ ਸਦਕਾ ਹੀ ਸਿਰਮੌਰ ਲੇਖਕਾਂ ਵਜੋਂ ਸਥਾਪਿਤ
ਹੋਏ ਸਨ। ਸਾਹਿਬ ਸਿੰਘ, ਜੋਧ ਸਿੰਘ, ਕਪੂਰ ਸਿੰਘ, ਲਾਲ ਸਿੰਘ ਕਮਲਾ ਅਕਾਲੀ ਤੇ ਬਲਰਾਜ
ਸਾਹਨੀ ਆਦਿ ਦਾ ਜ਼ਿਕਰ ਵੀ ਇਸ ਪਰਸੰਗ ਵਿੱਚ ਕੀਤਾ ਜਾ ਸਕਦਾ ਹੈ। ਪਰ ਅੱਜ-ਕੱਲ੍ਹ ਕਵਿਤਾ ਜਾਂ
ਗਲਪ ਲਿਖਣ ਵਾਲੇ ਲੇਖਕਾਂ ਨੂੰ ਹੀ ਵਧੇਰੇ ਆਦਰ-ਮਾਣ ਮਿਲਦਾ ਹੈ। ਵਾਰਤਕ ਲਿਖਣ ਵਾਲੇ
‘ਪਿੱਛੇ’ ਰਹਿ ਗਏ ਹਨ। ਸਾਡੇ ਆਲੋਚਕ ਵੀ ਵਾਰਤਕ ਨੂੰ ਓਨੀ ਗੰਭੀਰਤਾ ਨਾਲ ਜ਼ਿਕਰ-ਯੋਗ ਵਿਧਾ
ਨਹੀਂ ਸਮਝਦੇ ਜਿੰਨੀ ਗੰਭੀਰਤਾ ਨਾਲ ਕਵਿਤਾ ਜਾਂ ਗਲਪ ਨੂੰ ਸਮਝਦੇ ਹਨ। ਵਾਰਤਕ ਪੁਸਤਕਾਂ ‘ਤੇ
ਨਿੱਠ ਕੇ ਚਰਚਾ ਵੀ ਨਹੀਂ ਹੁੰਦੀ। ਇਸੇ ਲਈ ਹੋਰ ਵਿਧਾ ‘ਚ ਪ੍ਰਵਾਨ ਹੋਇਆ ਕੋਈ ਲੇਖਕ ਜੇ
ਵਾਰਤਕ ਰਚਨਾ ਕਰਦਾ ਹੈ ਤਾਂ ਅਕਸਰ ਇਹ ਸਮਝ ਲਿਆ ਜਾਂਦਾ ਹੈ ਕਿ ਇਸਦਾ ‘ਦਾਣਾ-ਫੱਕਾ’ ਵਿਕ
ਗਿਆ ਹੈ। ਅੱਜ-ਕੱਲ੍ਹ ਵਾਰਤਕ-ਲੇਖਣ ਦਾ ਪਹਿਲਾਂ ਜਿਹਾ ਮਹੱਤਵ ਨਹੀਂ ਰਹਿ ਗਿਆ। ਜਿਹੜੀ ਕਦਰ
ਕਵੀ, ਕਹਾਣੀਕਾਰ, ਨਾਵਲਕਾਰ ਜਾਂ ਨਾਟਕਕਾਰ ਦੀ ਹੈ, ਉਹ ਕਦਰ ਵਾਰਤਕ ਲੇਖਕ ਦੀ ਨਹੀਂ। ਕੀ
ਨਵੇਂ ਵਾਰਤਕ ਲੇਖਕਾਂ ਵਿੱਚ ਪ੍ਰਤਿਭਾ ਦੀ ਘਾਟ ਹੈ?
ਜਦੋਂ ਵਾਰਤਕ ਲਿਖਣ ਦਾ ਯਤਨ ਕੀਤਾ ਤਾਂ ਮੇਰੇ ਪਾਠਕ-ਪ੍ਰਸੰਸਕ ਮੈਨੂੰ ਕਹਿਣ ਲੱਗੇ ਕਿ ਮੈਂ
ਵਾਰਤਕ ਵੀ ਲਿਖਣੀ ਹੈ ਤਾਂ ਜੰਮ ਜੰਮ ਲਿਖਾਂ ਪਰ ਕਹਾਣੀ ਜ਼ਰੂਰ ਲਿਖਾਂ। ਦੂਜੇ ਸ਼ਬਦਾਂ ਵਿੱਚ
ਉਹ ਮੇਰੀ ਵਾਰਤਕ ਨੂੰ ਮੇਰੀ ਕਹਾਣੀ ਨਾਲੋਂ ਦੁਜੈਲਾ ਸਥਾਨ ਦੇ ਰਹੇ ਸਨ। ਮੈਂ ਆਪਣੀ ਲਿਖਤ ਦੇ
ਕਦਰਦਾਨ ਤੇ ਪਿਆਰੇ ਮਿੱਤਰ ਕੁਲਵੰਤ ਸੰਧੂ ਨੂੰ ਪੁੱਛਿਆ ਕਿ ਕੀ ਮੈਂ ਚੰਗੀ ਵਾਰਤਕ ਨਹੀਂ ਲਿਖ
ਰਿਹਾ ਜੋ ਤੂੰ ਮੇਰੇ ਕੋਲੋਂ ਕਹਾਣੀ ਲਿਖਣ ਦੀ ਮੰਗ ਕਰੀ ਜਾ ਰਿਹੈਂ? ਉਸਨੇ ਬੜਾ ਦਿਲਚਸਪ
ਜਵਾਬ ਦਿੱਤਾ, “ਮੈਂ ਇਹ ਨਹੀਂ ਕਹਿੰਦਾ ਕਿ ਤੂੰ ਵਾਰਤਕ ਚੰਗੀ ਨਹੀਂ ਲਿਖ ਰਿਹਾ। ਤੇਰੀ
ਵਾਰਤਕ ਵੀ ਬਹੁਤ ਪ੍ਰਭਾਵਸ਼ਾਲੀ ਹੈ ਪਰ” ਤੇ ਇੱਕ ਪਲ ਰੁਕ ਕੇ ਉਸਨੇ ਤੋੜਾ ਝਾੜਿਆ, “ਕਿਸੇ
ਦਰਜ਼ੀ ਦੀ ਪ੍ਰਸਿੱਧੀ ਵਧੀਆ ਸੂਟ ਸਿਊਣ ਦੀ ਬਣੀ ਹੋਵੇ ਪਰ ਉਹ ਸੂਟ ਛੱਡ ਕੇ ਕਛਹਿਰੇ ਸਿਊਣ
ਲੱਗ ਜਾਵੇ ਤਾਂ! ਕਛਹਿਰੇ ਭਾਵੇਂ ਜਿੰਨੇ ਮਰਜ਼ੀ ਵਧੀਆ ਸੀਤੇ ਗਏ ਹੋਣ ਪਰ ‘ਕਛਹਿਰੇ’ ‘ਸੂਟ’
ਦੀ ਬਰਾਬਰੀ ਨਹੀਂ ਕਰ ਸਕਦੇ!”
ਕੀ ਸੱਚ-ਮੁੱਚ ਸਾਹਿਤ ਦੀਆਂ ਦੂਜੀਆਂ ਵਿਧਾਵਾਂ ਦੇ ਲੇਖਕ ‘ਸੂਟ ਸਿਊਣ ਵਾਲੇ’ ਹਨ ਤੇ ਵਾਰਤਕ
ਲੇਖਕ ‘ਕਛਹਿਰੇ ਸਿਊਣ ਵਾਲੇ’! ਵਾਰਤਕ ਲੇਖਕ ਦਾ ਪਹਿਲਾਂ ਵਾਲਾ ਸਨਮਾਨ ਕਦੋਂ ਤੇ ਕਿਵੇਂ
ਬਹਾਲ ਹੋਵੇਗਾ?
ਸਾਹਿਤਕ ਸਿਆਣਿਆਂ ਲਈ ਸੋਚਣ ਦੀ ਗੱਲ ਹੈ!
-0-
|