ਕਈ ਮੁਸੀਬਤਾਂ ਨੇ ਰਲ ਮਿਲਕੇ, ਘੇਰ ਲਿਆ ਸੀ ਜਦ ਇੱਕ ਟੱਬਰ,
ਨਾ ਹੀ ਸੋਚਾਂ ਨੇ ਕੁਝ ਕੀਤਾ, ਨਾ ਕੰਮ ਆਇਆ ਉਨ੍ਹਾਂ ਦਾ ਸਬਰ;
ਕਿਸੇ ਸਿਆਣੇ ਆਖਿ਼ਰ ਦੱਸਿਆ, ਉਨ੍ਹਾਂ ਨੂੰ ਇਸਦਾ ਇੱਕ ਉਪਾਅ,
ਪਾਠ ਕਰਾ ਦਿਓ, ਲੰਗਰ ਸੇਵਾ, ਪੂਰਨ ਸ਼ਰਧਾ ਭਾਵ ‘ਚ ਆ;
ਫਸੇ ਹੋਇਆਂ ਨੇ, ਡਰੇ ਹੋਇਆਂ ਨੇ, ਆੜ੍ਹਤੀਏ ਤੋਂ ਲੈ ਕੇ ਕਰਜ਼,
ਮਨ ਵਿੱਚ ਸ਼ਰਧਾ ਰੱਖ ਕੇ ਕੀਤੇ, ਮਰਯਾਦਾ ਨਾਲ ਦੱਸੇ ਫ਼ਰਜ਼;
ਖ਼ੁਸ਼ੀ ਖ਼ੁਸ਼ੀ ਹੋਇਆ ਪਾਠ ਸਮਾਪਤ, ਰੱਬ ਅੱਗੇ ਹੋ ਗਈ ਅਰਦਾਸ,
ਦੁੱਖ ਛੇਤੀ ਸਭ ਨਸ਼ਟ ਹੋਣਗੇ, ਦਿਲ ਨੂੰ ਹੋ ਗਿਆ ਸੀ ਧਰਵਾਸ;
ਪਾਠੀ ਰਾਗੀ ਅਜੇ ਵੀ ਘਰ ਸਨ, ਹਿਸਾਬ ਚੜ੍ਹਾਵੇ ਦਾ ਸੀ ਕਰਦੇ,
ਘਰ ਵਾਲੇ ਹੱਥ ਵੀ ਘੁਟਦੇ ਸਨ, ਘੱਟ ਦੇਣ ਤੋਂ ਵੀ ਸਨ ਡਰਦੇ;
ਘਰ ਦੇ ਸਾਰੇ ਬੰਦੇ ਨਹੀਂ ਸਨ, ਇੱਕ ਦੂਜੇ ਨਾਲ ਪੂਰੇ ਸਹਿਮਤ,
ਕੁਝ ਆਖਣ ਬੰਦਾ ਸਭ ਕਰਦੈ, ਦੂਜੇ ਆਖਣ ਰੱਬ ਦੀ ਰਹਿਮਤ;
ਉਤਸੁਕ ਮਾਈ ਕਿਹਾ ਪਾਠੀ ਨੂੰ, “ਟੱਬਰ ਹੋਰ ਕਿੰਨਾ ਚਿਰ ਰੋਊ,
ਇਸ ਕੀਤੇ ਹੋਏ ਪਾਠ ਦਾ ਫ਼ਾਇਦਾ, ਜੇ ਹੋਊ ਤਾਂ ਕਦੋਂ ਕੁ ਹੋਊ?”
ਕਹਿੰਦਾ ਗਿਆਨੀ ਸੱਚ ਮੈਂ ਆਖਾਂ, ਝੂਠ ਏਸ ਵਿੱਚ ਰਤਾ ਨਹੀਂ,
ਸਾਨੂੰ ਤਾਂ ਫ਼ਾਇਦਾ ਹੋ ਵੀ ਗਿਆ ਹੈ, ਤੁਹਾਡੇ ਦਾ ਮੈਨੂੰ ਪਤਾ ਨਹੀਂ!
-0- |