ਅਜੀਤ ‘ਹਿਰਖੀ’ ਦਾ ਇਹ
ਸਿ਼ਅਰ:
ਫੇਲੁਨ ਫੇਲੁਨ ਕਰਕੇ ‘ਹਿਰਖੀ’
ਗੱਲਾਂ ਸਹਿਜ-ਸੁਭਾਈਆਂ ਲਿਖੀਆਂ॥
ਉਸਦੇ ਹਥਲੇ ਗ਼ਜ਼ਲ ਸੰਗ੍ਰਹਿ ਦਾ ਕੁੰਜੀਵਤ ਸਿ਼ਅਰ ਹੈ। ਇਸ ਸਿ਼ਅਰ ਵਿੱਚ ਉਸਦੇ ਸਿ਼ਲਪ ਅਤੇ
ਕਾਵਿ-ਚਿੰਤਨ ਦੇ ਬੀਜ ਪਏ ਹਨ। ਇਹ ਸਿ਼ਅਰ ਉਸਦੇ ਸਿ਼ਲਪੀ ਤੋਂ ਚਿੰਤਨੀ ਆਪੇ ਤੀਕ ਪਗਡੰਡੀ
ਹੈ... ਪੁਲ ਹੈ ਅਤੇ ਪੌੜੀ ਵੀ।
‘ਹਿਰਖੀ’ ਅਪਣੇ ਖਿਆਲ ਗ਼ਜ਼ਲ ਰੂਪ ‘ਚ ਪੇਸ਼ ਕਰਦਾ ਹੈ। ਗ਼ਜ਼ਲਾਂ ਵਿੱਚ ਬਹਿਰਾਂ ਨੂੰ ਉਹ
ਬੜੀ ਸੁਯੋਗਤਾ ਨਾਲ ਵਰਤਦਾ ਹੈ। ਉਸਦੀਆਂ ਨਿੱਕੀਆਂ ਬਹਿਰਾਂ ਜਿੱਥੇ ਚੁਸਤ-ਫੁਰਤ ਹਨ:
ਚੰਨ ਤੋਂ ਗਏ ਅਗੇਰੇ ਪਰ
ਪਹੁੰਚੇ ਉਸਦੇ ਤਕ ਨਹੀਂ॥
ਓਥੇ ਉਸਦੀਆਂ ਲੰਬੀਆਂ ਬਹਿਰਾਂ ਝੋਲ ਮੁਕਤ ਅਤੇ ਖਿਆਲੀ ਉਲਝਾਅ ਤੋਂ ਬਿਨਾ ਹਨ:
ਪਹਿਲੀ ਮਿਲਣੀ ਵਰਗਾ ਹਿਰਖੀ, ਤੇਰੇ ਵਿੱਚ ਉਹ ਨਿੱਘ ਨਹੀਂ ਹੈ
ਤੇਰੇ ਚੋਂ ਜੋ ਮਨਫ਼ੀ ਹੋਇਆ, ਉਹ ਜਲਵਾ ਮੈਂ ਢੂੰਡ ਰਿਹਾ ਹਾਂ॥
ਕਾਫ਼ੀਏ ਦੀ ਪਾਬੰਦੀ ਅਤੇ ਖੁੱਲ੍ਹ ਤੋਂ ਉਹ ਪੂਰੀ ਤਰਾਂ ਸੁਚੇਤ ਹੈ। ਗ਼ਜ਼ਲਾਂ ‘ਚ ਵਰਤੇ
ਤਿੰਨ ਅੱਖਰੇ ਸ਼ਬਦਾਂ ਦੇ ਵਜਨ ਅਤੇ ਉਹਨਾਂ ਦਾ ਬਹਿਰ ‘ਚ ਨਿਭਾਅ ਉਹ ਬੜੀ ਪੁਖਤਗੀ ਨਾਲ ਕਰਦਾ
ਹੈ।
ਅਪਣੀਆਂ ਬਹੁਤੀਆਂ ਗ਼ਜ਼ਲਾਂ ‘ਚ ਉਸ ਵਲੋਂ ਵਰਤੇ ਰਦੀਫ਼ ਖਾਸ ਤੌਰ ਤੇ ਪਾਠਕ ਦਾ ਧਿਆਨ
ਖਿੱਚਦੇ ਹਨ। ਮੱਲੋ-ਮੱਲੀ, ਝੂਠਾ-ਸੱਚਾ, ਉੱਤੇ-ਥੱਲੇ, ਭਲਾ ਕਾਤ੍ਹੋਂ, ਔਖਾ-ਸੌਖਾ,
ਤਿਰਕਾਲਾਂ ਵੇਲੇ, ਅਤੇ ਦੇਖਦੇ-ਦੇਖਦੇ, ਵਰਗੇ ਰਦੀਫ਼ ਸਹਿਜੇ ਹੀ ਉਸਦੀਆਂ ਗ਼ਜ਼ਲਾਂ ਦਾ
ਪੰਜਾਬੀ ਸੁਭਾਅ ਵਾਲੇ ਪਾਠਕ ਨਾਲ ਗਹਿਰਾ ਨਾਤਾ ਗੰਢ ਲੈਂਦੇ ਹਨ:
ਜਿੱਤ ਦੀ ਆਸ ਹੈ, ਲੜਾਂਗਾ ਮੈਂ
ਬਿਨ ਲੜੇ ਹੀ ਹਰਾਂ, ਭਲਾ ਕਾਹਤੋਂ?
ਵਲ਼-ਵਲ਼ ਕੇ ਰਿਸ਼ਤਿਆਂ ਦੀ, ਵਲਗਣ ਚੁਫੇਰ ਸਾਡੇ,
ਲੈਂਦਾ ਹੈ ਜਕੜ ਸਭ ਨੂੰ,ਸੰਸਾਰ ਮੱਲੋ-ਮੱਲੀ॥
ਉਸਦੇ ਕਟਾਖ਼ਸ਼, ਵਿਅੰਗ ਅਤੇ ਜਿੰ਼ਦਾਦਿਲ ਸਿ਼ਅਰ ਪਾਠਕ ਮਨ ਨੂੰ ਖਿੱਚਣ, ਕੀਲਣ ਅਤੇ ਝੰਜੋੜਨ
ਦੀ ਸਮਰੱਥਾ ਰਖਦੇ ਹਨ:
ਕੈਸੀ ਭਟਕਣ ਹੈ ਇਹ ‘ਹਿਰਖੀ’
ਜਿਸ ਥਾਂ ਤਨ, ਉਸ ਥਾਂ ਮਨ ਕਿੱਥੇ?
ਬਦ ਨੂੰ ਜਾਲ਼ੋ ਰੀਤ ਨਿਭਾਓ ਪਰ ਲੋਕੋ!
ਕਦ ਆਵੇਗਾ ਵਕਤ ਬਦੀ ਨੂੰ ਜਾਲ਼ਣ ਦਾ?
ਜੋ ਸੁਪਨੇ ‘ਚ ਵੇਖੀ ਅਸੀਂ ਦੇਸ਼ ਅਪਣੇ
ਵਲਾਇਤ ਮਗਰ ਉਹ ਵਲਾਇਤ ਨਹੀਂ ਹੈ॥
ਉਪਰੋਂ ਦਿਸਦੇ ਬਗਲੇ ਵਰਗੇ , ਲੀਡਰ , ਮੁੱਲਾਂ , ਭਾਈ , ਸੰਤ,
ਲੋਕਾਂ ਦੇ ਸੇਵਕ ਅਖਵਾਉਂਦੇ , ਰੱਖਣ ਪਰ ਮੁਸ਼ਟੰਡੇ ਨਾਲ਼॥
ਗ਼ਜ਼ਲ ਦਾ ਸਿ਼ਲਪੀ ਰੂਪ ਗ਼ਜ਼ਲਗੋ ਵਲੋਂ ਤਿਆਰ ਕੀਤੇ ਉਸ ਕੁੱਜੇ ਵਾਂਗ ਹੈ ਜਿਸ ਵਿੱਚ ਉਸਨੇ
ਅਪਣੀ ਖਿਆਲ ਰੂਪੀ ਵਸਤ ਰੱਖਣੀ ਹੁੰਦੀ ਹੈ। ਇਸ ਸਮੁੱਚੀ ਪ੍ਰਕਿਰਿਆ ਨੂੰ ਹੀ ਸਿ਼ਅਰੀਅਤ
ਆਖੀਦਾ ਹੈ। ਜਿੱਥੇ ‘ਹਿਰਖੀ’ ਸਿ਼ਲਪ ਪੱਖੋਂ ਪੁਖਤਾ ਹੈ ਓਥੇ ਸਿ਼ਅਰੀਅਤ ਪੱਖੋਂ ਉਸ ਵਿਚ ਹੋਰ
ਪੁਖਤਗੀ ਦੀ ਸੰਭਾਵਨਾ ਮਹਿਸੂਸ ਹੁੰਦੀ ਹੈ। ਮਸਲਨ ਉਸਦੀ ਗ਼ਜ਼ਲ ਦਾ ਸਿ਼ਅਰ ਹੈ:
ਕੰਮ ਤੇ ਜਾਣਾ ਹੀ ਜਾਣਾ ਪੈਂਦੈ ਸਭ ਨੂੰ
ਭਵਾਂ ਪਏ ਸਨੋਅ ਜਾਂ ਪੈਣ ਛਰਾਟੇ ਬਾਹਰ॥
ਇਸ ਸਿ਼ਅਰ ਦੇ ਪਹਿਲੇ ਮਿਸਰੇ ਵਿੱਚ ‘ਕਿਉਂ?’ ਦਾ ਪ੍ਰਸ਼ਨ ਹੈ ਜਿਸਦਾ ਉੱਤਰ ਦੂਜੇ ਮਿਸਰੇ ਨੇ
ਦੇਣਾ ਹੈ...ਪਰ ਇਸ ਸਿ਼ਅਰ ਦਾ ਦੂਜਾ ਮਿਸਰਾ ਪਹਿਲੇ ਮਿਸਰੇ ਦਾ ਹੀ ਵਿਸਥਾਰ ਹੈ।
ਗ਼ਜ਼ਲ ਦੀ ਸਿ਼ਅਰੀਅਤ ਦਾ ਤਕਾਜ਼ਾ ਹੈ ਕਿ ਪਹਿਲਾ ਮਿਸਰਾ ਜਗਿਆਸਾ ਪੈਦਾ ਕਰੇ ਅਤੇ ਦੂਜਾ
ਮਿਸਰਾ ਉਸਦਾ ਪੂਰਕ ਬਣੇ। ਜਗਿਆਸਾ ਅਤੇ ਪੂਰਨਾ ਦਾ ਇਹ ਸਫਰ ਜਿੱਥੇ ਗ਼ਜ਼ਲ ਵਿਚਲਾ
ਸਿ਼ਲਪ-ਚਿੰਤਨ ਹੈ, ਓਥੇ ਇਸ ਵਿੱਚ ਪੇਸ਼ ਖਿਆਲ ਸ਼ਾਇਰ ਦਾ ਕਾਵਿ-ਚਿੰਤਨ । ਸਿ਼ਅਰੀਅਤ ਦੇ ਇਸ
ਮੁਕਾਮ ਨੂੰ ਪਾਉਣ ਲਈ ‘ਹਿਰਖੀ’ ਖੁਦ ਬਿਆਨ ਕਰਦਾ ਹੈ:
ਕੋਸਿ਼ਸ਼ ਬੜੀ ਹੈ ਕੀਤੀ, ਮੈਂ ਜਾਨ ਪਾਉਣ ਦੀ, ਪਰ
‘ਹਿਰਖੀ’ ਕਦੋਂ ਸਮੁੰਦਰ, ਕੁੱਜੇ ’ਚ ਬੰਦ ਹੁੰਦਾ ?
ਜਦੋਂ ‘ਹਿਰਖੀ’ ਵਰਗੇ ਗ਼ਜ਼ਲ ਸਿ਼ਲਪੀਆਂ ਦਾ ਅਪਣੇ ਘੜੇ ਕੁੱਜਿਆਂ ‘ਚ ਖਿਆਲ ਰੂਪੀ ਸਮੁੰਦਰ
ਬੰਦ ਕਰਨ ਦਾ ਨਿਸ਼ਾਨਾ ਹੋਵੇ ਤਾਂ ਮੰਜਿ਼ਲ ਉਹਨਾਂ ਤੋਂ ਬਹੁਤੀ ਦੂਰ ਨਹੀਂ ਹੁੰਦੀ।
‘ਹਿਰਖੀ’ ਦੀਆ ਹਥਲੀਆਂ ਗ਼ਜ਼ਲਾਂ ਦੇ ਕੁੰਜੀਵਤ ਸਿ਼ਅਰ ਦੇ ਦੂਜੇ ਮਿਸਰੇ: ‘ਗੱਲਾਂ
ਸਹਿਜ-ਸੁਭਾਈਆਂ ਲਿਖੀਆਂ’ਤੋਂ ਉਸਦੇ ਕਾਵਿ-ਚਿੰਤਨ ਤੀਕ ਪੁਜਣ ਲਈ ਇਸਨੂੰ ਖੋਲ੍ਹਦੇ ਹਾਂ।
ਜਦੋਂ ਅਸੀਂ ਅਪਣੇ ‘ਸਹਿਜ’ ਅਤੇ ‘ਸੁਭਾਅ’ ਨੂੰ ਜਾਣ ਲੈਂਦੇ ਹਾਂ ਤਾਂ ਸਾਡੀਆਂ ਗੱਲਾਂ,
ਦਲੀਲਾਂ ਅਤੇ ਤਰਕ ਵਿੱਚੋਂ ਸਾਡੇ ਲਈ ‘ਅ-ਸਹਿਜ’ ਅਤੇ ‘ਸੁਭਾਅ ਤੋਂ ਉਲਟ’ ਵਰਤਾਰੇ ਦੀ
ਨਿਸ਼ਾਨਦੇਹੀ ਹੋਣ ਲਗਦੀ ਹੈ। ਤਦ ਹੀ ‘ਹਿਰਖੀ’ ਸਮੇਤ ਸਮੂਹ ਅਗਾਂਹਵਧੂ ਕਲਾਕ੍ਰਿਤੀ ਅਪਣੇ
ਦੁਆਲੇ ਚੋਂ ਅਪਣੇ ਚਿੰਤਨ ਮੁਤਾਬਿਕ ‘ਅਸਹਿਜ’ ਅਤੇ ‘ਸੁਭਾਅ ਤੋਂ ਉਲਟ’ ਨੂੰ ਬਦਲ ਕੇ ਇਕ
ਨਵਾਂ ਸਮਾਜ ਬਣਾਉਣਾ ਲੋੜਦੇ ਹਨ। ਏਥੇ ਇਹ ਨੁਕਤਾ ਬੜਾ ਅਹਿਮ ਹੈ ਕਿ ਅਗਾਂਹਵਧੂ ਕਲਾਕ੍ਰਿਤੀ
ਦਾ ‘ਅਸਹਿਜ’ ਅਤੇ ‘ਸੁਭਾਅ ਤੋਂ ਉਲਟ’ ਉਸਦਾ ਨਿੱਜੀ ਨਹੀਂ ਹੁੰਦਾ।
ਕਲੀ ਦਾ ਦਿਲ ਕੋਈ ਤੋੜੇ ਤਾਂ ਟੁਟ ਜਾਂਦਾ ਹੈ ਦਿਲ ਮੇਰਾ
ਕਲੀ ਦੀ ਵਿਲਕਣੀ ਮੈਨੂੰ ਬੜਾ ਬੇਚੈਨ ਕਰਦੀ ਹੈ॥
‘ਕਲੀ ਦਾ ਦਿਲ ਨਾ ਟੁੱਟੇ’ ਤਾਂ ਸਹਿਜ। ਕਲੀ ਦਾ ਦਿਲ ਕੋਈ ਤੋੜੇ ਤਾਂ ਸਹਿਜ ਭੰਗ। ਅਸਹਿਜ
ਉਤਪੰਨ। ਦਿਲ ਦਾ ਟੁਟਣਾ। ‘ਕਲੀ ਦੀ ਵਿਲਕਣੀ’ ਸੁਣ ਕੇ ਬੇਚੈਨ ਹੋ ਜਾਣ ਦਾ ਸੁਭਾਅ।
ਕਿਸੇ ਦਾ ਦਿਲ ਨਾ ਟੁਟੇ। ਨਾ ਕਲੀ ਦਾ ਨਾ ਸ਼ਾਇਰ ਦਾ। ਕੋਈ ਕਲੀ ਨਾ ਵਿਲਕੇ। ਕਿਸੇ ਦੀ ਚੈਨ
ਭੰਗ ਨਾ ਹੋਵੇ। ਸਮਾਜ ਚੋਂ ਬੇਚੈਨੀ ਦਾ ਖਾਤਮਾ ਹੋਵੇ।
ਇਹ ਸਥਿਤੀ ਕਿਵੇਂ ਬਣੇ?
ਇਹੋ ਜਿਹਾ ਸਮਾਜ ਕਿਸ ਬਿਧ ਉਸਰੇ ਅਤੇ ਪਰਵਾਨ ਚੜ੍ਹੇ?
ਉਪਰੋਕਤ ਸਵਾਲਾਂ ਨੂੰ ਕੋਈ ਕਲਾਤਮਿਕ ਮਨ ਕਿਵੇਂ ਵਾਚਦਾ, ਘੋਖਦਾ ਹੈ ਅਤੇ ਅਪਣੀ ਕਲਾ ਰਾਹੀਂ
ਕੀ ਸੁਝਾਉਂਦਾ ਹੈ ਇਹ ਹੀ ਉਸ ਵਿਚਲੇ ਲੋਕਮੁਖੀ ਚਿੰਤਨ ਦਾ ਪੱਧਰ ਤਹਿ ਕਰਦਾ ਹੈ। ਹਿਰਖੀ,
‘ਅਸਹਿਜ’ ਅਤੇ ‘ਸੁਭਾਅ ਦੇ ਉਲਟ’ ਭੁਗਤ ਰਹੀਆਂ ਸਥਿਤੀਆਂ ਬਾਰੇ ਗੱਲਾਂ ਨੂੰ ‘ਗੱਲਾਂ
ਸਹਿਜ-ਸੁਭਾਈਆਂ’ ਵਜੋਂ ਪੇਸ਼ ਕਰਦਾ ਹੈ।
ਇਹਨਾਂ ਗੱਲਾਂ ‘ਚ ਕੋਈ ਉਚੇਚ ਨਹੀਂ। ਇਹ ਕਿਸੇ ਸੁਚੇਤ ਏਜੰਡੇ ਤਹਿਤ ਨਹੀਂ। ਤਦ ਹੀ ਇਹਨਾਂ
‘ਚ ਸਵੈ-ਵਿਰੋਧ ਹੈ, ਅਗਾਂਹ-ਮੁਖੀ ਅਤੇ ਪਿਛਾਂਹ-ਖਿਚੂ ਬਿਰਤੀਆਂ ਦੋਵੇਂ ਰੂਪਮਾਨ ਹਨ। ਮਸਲਨ
ਇਹਨਾਂ ਵਿਚ ‘ਰੱਬ’ ਦੀ ਹੋਂਦ ਦਾ ਨਿਸਚਾ, ਉਸਦੀ ਮਿਹਰ ਦੀ ਗੱਲ ਵੀ ਹੈ ਅਤੇ ਉਸਦੀ ਹੋਂਦ ਦੀ
ਸਚਾਈ ਬਾਰੇ ਪ੍ਰਸ਼ਨ ਵੀ:
ਉਸਦੀ ਕੋਈ ਹੋਂਦ ਨਹੀਂ ਸੀ ਪਹਿਲਾਂ, ਪਰ
ਮੈਂ ਉਸਨੂੰ ਚਾਹਿਆ ਤਾਂ ਉਹ ਅੰਬਰ ਹੋਇਆ॥
ਲਾਈ-ਲਗ ਹੈ ਦੁਨੀਆ , ਉਸਨੂੰ ਪੂਜ ਰਹੀ,
ਮਿੱਟੀ ਦਾ ਬੁੱਤ ਘੜਕੇ , ਦੱਸੋ ਕੀ ਕਰੀਏ ?
ਇਹ ਵੀ ਰੱਬਾ ਤੇਰੇ ਬੰਦੇ , ਇਉਂ ਹੀ ਜਨਮੇਂ, ਇਉਂ ਹੀ ਮਰਨਾ,
ਭੁੱਖਣਭਾਣੇ ਢਿੱਡ ਨੇ ਹੇਠਾਂ , ਤਨ ਢਕਣੇ ਨੂੰ ਲੀਰਾਂ ਉੱਤੇ॥
ਬਖ਼ਸ਼ਦੈ ਉਹ, ਮਗਰ ਲਿਖਾਂ ਮੈਂ,
ਮਨ ’ਚ ਆਉਂਦੇ ਵਿਚਾਰ ਸੂਖਮ ॥
ਕੀ ਇਹ ਇਹਨਾਂ ਗ਼ਜ਼ਲਾਂ ਵਿਚਲੀ ਚਿੰਤਨੀ-ਝੋਲ ਹੈ? ਉਤਲੀ ਨਜ਼ਰੇ ਵੇਖਿਆਂ ਇਹ ‘ਚਿੰਤਨੀ-ਝੋਲ’
ਜ਼ਰੂਰ ਹੈ ਪਰ ‘ਹਿਰਖੀ-ਕਾਵਿ’ ਦੀ ਉਭਰਵੀਂ ਸੁਰ ਦੇ ਰੂ-ਬ-ਰੂ ਬਿਲਕੁਲ ਨਹੀਂ। ਦਰਸ਼ਨ ਸਿੰਘ
‘ਆਵਾਰਾ’ ਦੀ ਪੁਸਤਕ ‘ਬਗਾਵਤ’ ਚੋਂ ਕਵਿਤਾ ‘ਗਰਮ ਜਿਹੀਆਂ’ ਦੀਆਂ ਸਤਰਾਂ ਇਸ ਸੰਦਰਭ ‘ਚ
ਵਾਚਦੇ ਹਾਂ:
...ਪਰ ਕਿਹਨੂੰ ਕਹਿਨਾਂ ਪਿਆਂ ਮੈ ਵੀ?
ਖੁਦਾ ਨੂੰ ਕਹਿਨਾ?
ਇਕ ਕਿਆਸੀ ਹੋਈ ਹਸਤੀ ਨੂੰ?
ਖਿ਼ਲਾਅ ਨੂੰ ਕਹਿਨਾ?
ਸਿਰ ਤਾਂ ਫਿਰਿਆ ਨਹੀਂ ਮੇਰਾ
ਨਾ ਹਵਾ ਨੂੰ ਕਹਿਨਾ।
ਮੈਂ ਤਾਂ ਪੱਜ ਪਾ ਪਾ ਕੇ
ਇਨਸਾਨ ਭਰਾ ਨੂੰ ਕਹਿਨਾ॥
ਜਦੋਂ ਲੋਕ-ਮੁਖੀ ਸ਼ਾਇਰ ‘ਆਵਾਰਾ’ ਵਾਂਗ ਅਪਣੇ ਆਲ-ਦੁਆਲੇ ਨਾਲ...ਇਨਸਾਨ ਭਰਾਵਾਂ ਨਾਲ,
ਸੰਵਾਦ ਰਚਾਉਂਦਾ ਹੈ ਤਾਂ ‘ਸਹਿਜ ਸੁਭਾਈ’ ਸੁਰ ਹੀ ਸਭ ਤੋਂ ਕਾਰਗਰ ਹੈ। ਫਿਰ ਉਹ ਹਿਰਖੀ
ਵਾਂਗ ਹੀ ਸਹਿਜ –ਅਸਹਿਜ, ਹਾਂ-ਨਾਂਹ ਪੱਖ ਦੋਵੇਂ ਨਾਲੋ ਨਾਲ ਬਿਆਨਦਾ ਹੈ ਕਿਉਂਕਿ ਉਸਦੇ
ਅੰਤ੍ਰੀਵ ‘ਚ ਅ-ਸਹਿਜ ਨੂੰ ਲੋਅ ‘ਚ ਲਿਆ ਕੇ ਸਹਿਜ ਕਰਨ ਦੀ ਧੁਨ ਕਾਰਜਸ਼ੀਲ ਹੁੰਦੀ ਹੈ।
ਜੇਕਰ ਅਸਹਿਜ ਸਥਿਤੀਆਂ ਨੂੰ ਬਦਲਣ ਲਈ ਸੰਗਰਸ਼ ਦੀ ਲੋੜ ਹੈ:
ਸੰਘਰਸ਼ ਕਰਨ ਵੇਲੇ ਜਿੱਤਣ ਦੀ ਆਸ ਰੱਖੋ
ਇਹ ਜਾਨ ਹੈ ਜਦੋਂ ਤਕ, ਜੀਵਨ ਦਾ ਘੋਲ ਰਹਿਣਾ॥
ਤਾਂ ਫਿਰ ਇਸ ਤਰਾਂ ਦੇ ਸੁਭਾਅ ਨਾਲ ਸੰਘਰਸ਼ ਕਿਵੇਂ ਹੋਵੇਗਾ? ਕਿਹੋ ਜਿਹਾ ਹੋਵੇਗਾ? ਜਿੱਤ
ਹੋਵੇਗਾ?? ‘ਕਲੀ ਦੀ ਵਿਲਕਣੀ’ ਕਿਵੇਂ ਸੁਣੇਗੀ?:
ਬੁਰਾ ਵੀ ਕਰੇਂ ਤਾਂ ਬੁਰਾ ਨਾ ਮਨਾਵਾਂ
ਮਿਰਾ ਇਸ ਤਰਾਂ ਦਾ ਸੁਭਾਅ ਹੋ ਗਿਆ ਹੈ॥
ਲੋੜਾ-ਥੋੜਾ ਖ਼ਾਤਰ ਸਹੀਏ ਚੁਪ-ਚੁਪੀਤੇ ਜ਼ੁਲਮ ਅਸੀਂ
ਵਕਤ ਨੇ ਲਾਏ ਮੂੰਹ ਤੇ ਜਿੰਦਰੇ, ਕੰਨੀ ਸਿੱਕਾ ਢਾਲ ਗਿਆ॥
ਸਵਾਲ ਹੈ: ਕੀ ਹਿਰਖੀ ਸੰਘਰਸ਼ ਕਰਨਾ ਚਾਹੁੰਦਾ ਹੈ? ਉਸਦਾ ਸੰਘਰਸ਼ ਕਿਹੋ ਜਿਹਾ ਹੈ?
ਹਿਰਖੀ ਦਹਾਕਿਆਂ ਤੋਂ ਉਸ ਧਰਤੀ ਤੇ ਵਸਿਆ ਹੋਇਆ ਹੈ ਜਿਸ ਧਰਤੀ ਤੋਂ ਉਸਦੇ ‘ਪਰਵਾਸੀ
ਪੁਰਖਿਆਂ’ ਨੇ ਗ਼ਦਰ ਦੇ ਰੂਪ ‘ਚ ਸੰਘਰਸ਼ ਕੀਤਾ ਸੀ ਅਤੇ ਕਿਹਾ ਸੀ, “ਕਦੇ ਮੰਗਿਆਂ ਮਿਲਣ
ਅਜ਼ਾਦੀਆਂ ਨਾ, ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ।” ਪਰ ਹਿਰਖੀ ਦਾ ਸਿ਼ਅਰ ਹੈ:
ਬਿਨਾ ਮੰਗਿਆਂ ਕਦ , ਅਜ਼ਾਦੀ ਮਿਲੀ ਹੈ ,
ਕਿ ਪਰਚਮ ਉਠਾਓ , ਸਵੇਰਾ ਤੁਹਾਡੈ॥
ਪਰ ਕੀ ਹਿਰਖੀ ਉਹਨਾਂ ਪੁਰਖੇ ਪਰਵਾਸੀਆਂ ਦਾ ਵਾਰਸ ਬਣਨਾ ਲੋਚਦਾ ਹੈ? ਪਰਵਾਸ ਬਾਰੇ ਉਸਦੀ ਇਕ
ਪੂਰੀ ਗ਼ਜ਼ਲ ਚੋਂ ਕੁਝ ਸਿ਼ਅਰ ਇਸ ਸਿਲਸਿਲੇ ‘ਚ ਵਾਚਣੇ ਜ਼ਰੂਰੀ ਹਨ:
ਜੇ ਨਾ ਪੂਰੇ ਹੋਣ ਤਾਂ ਹੁੰਦੈ ਪਛਤਾਵਾ,
ਆਉਂਦੀ ਹੈ ਖ਼ਲਕ਼ਤ ਖ਼ਾਬ ਸਜ਼ਾ ਕੇ ਬਾਹਰ॥
ਫਿਕਰਾਂ ਲੱਦੇ ਚਿਹਰੇ ਦਿਸਦੇ ਹਰ ਪਾਸੇ,
ਫੋਕੀ ਮੁਸਕਾਨ ਤੇ ਫੋਕੇ ਹਾਸੇ ਬਾਹਰ॥
ਸੋਹਲ ਮਲੂਕ ਜਵਾਨੀ ਰੁਲ਼ਦੀ ਦੇਖੀ ਮੈਂ,
ਹੱਥੀਂ ਅੱਟਣ ਤੇ ਪੈਰੀਂ ਛਾਲੇ ਬਾਹਰ॥
ਦੇਸ਼ ‘ਚ ਹੀ ਮਿਲ ਜਾਣ ਜੇ ਸਭ ਨੂੰ ਨੌਕਰੀਆਂ,
ਕੋਈ ਕਿਉਂ ਫੇਰ ਜਵਾਨੀ ਗਾਲ਼ੇ ਬਾਹਰ॥
ਐਥੇ ਦੇ ਹੋਏ ਨਾ ਪਿਛਲੀ ਝਾਕ ਮਿਟੀ,
ਭਾਵੇਂ ਹੈਨ ਬਿਤਾਏ ਕਈ ਦਹਾਕੇ ਬਾਹਰ॥
‘ਬਾਹਰ’ ਦੇ ਜੀਵਨ ਦਾ ਇਹ ਬਿਆਨ ਸਿਆਸੀ, ਸਮਾਜੀ ਏਜੰਡਿਆਂ ਤੋਂ ਦੂਰ ਨਿਰਛਲ, ਸੱਚਾ-ਸੁੱਚਾ
ਆਮ ਆਦਮੀ ਦਾ ‘ਸਹਿਜ-ਸੁਭਾ’ ਬਿਆਨ ਹੈ। ਪਰ ਇਹੀ ‘ਆਮ ਆਦਮੀ’ ਜਦ ‘ਹਿਰਖੀ’ ਵਾਂਗ ਸ਼ਾਇਰ ਰੂਪ
‘ਚ ਬੋਲਦਾ ਹੈ ਤਾਂ ਕਹਿੰਦਾ ਹੈ:
ਆਪ ਹੁੰਨੇ ਹਾਂ ਓਪਰੇ ਆਪਾਂ
ਥਾਂ ਕੋਈ ਓਪਰੀ ਨਹੀਂ ਹੁੰਦੀ॥
ਹਿਰਖੀ ਦੀ ਹੁਣ ਤੀਕ ਦੀ ਹਥਲੀ ਸ਼ਾਇਰੀ ਉਸਦੇ ਕਾਵਿ-ਮਨ ਨੂੰ ਲੋਕਮਨ ਤੀਕ ਲੈ ਆਈ ਹੈ। ਤਦ ਹੀ
ਇਸ ਼ਸ਼ਾਇਰੀ ‘ਚ ਲੋਕ-ਮਨ ਦੇ ਦੁਖ-ਦਰਦ, ਝੋਰੇ-ਗ਼ਮ, ਜੀਣ ਲਈ ਸਹਿਣੇ ਪੈ ਰਹੇ ‘ਅਸਹਿਜ’ ਅਤੇ
ਲੋਕ-ਸੁਭਾ ਤੋਂ ਉਲਟ ਵਰਤਾਰੇ ਮੌਜੂਦ ਹਨ। ਇਹਨਾਂ ਸਭ ਨੂੰ ਸੂਤਰਬਧ ਕਰਕੇ ਲੋਕਮਨ ਨੂੰ
‘ਸਹਿਜ-ਸੁਭਾ’ ਵਾਲੀ ਜਿੰ਼ੰਦਗੀ ਦੁਆਉਣ ਵਾਲੀ ਸ਼ਇਰੀ ਦੀ ਆਸ ਐਸੀ ਸ਼ਾਇਰੀ ਦਾ ਹੀ ਅਗਲਾ
‘ਉਜਲਾ’ ਪੜਾਅ ਹੋ ਸਕਦਾ ਹੈ:
ਉਜਾਲੇ ਕਰੋ ਜੇ ਤੁਸੀਂ ਕਰ ਸਕੋ, ਪਰ
ਕਿਸੇ ਦੇ ਲਈ ਵੀ ਹਨੇਰਾ ਨਾ ਕਰਨਾ॥
ਸਹਿਜ ਗਤੀ ਨਾਲ ਉਜਾਲੇ ਵੱਲ ਵਧ ਰਹੀ ਅਤੇ ਵਧਾ ਰਹੀ ਇਸ ਸ਼ਾਇਰੀ ਦਾ ਹਾਰਦਿਕ ਸਵਾਗਤ ਕਰਨਾ
ਬਣਦਾ ਹੈ।
-0-
|