ਅਰਸ਼ ਨੇ ਜਿਉਂ ਹੀ ਕਲਾਸ
ਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਡੈੱਬਰਾ ਪਹਿਲਾਂ ਹੀ ਅਪਣੇ ਬੱਚੇ ਨੂੰ ਗੋਦੀ ’ਚ ਲਈ
ਹੋਮਵਰਕ ਕਰਨ
ਬੈਠੀ ਹੋਈ ਸੀ।
‚ਮਿੱਸ! ਮੈਨੂੰ ਬੇਟੇ ਨੂੰ ਨਾਲ ਲਿਆਉਣਾ ਪਿਆ ਕਿਉਂਕਿ ਮੌਮ ਦੀ ਅੱਜ ਡਾਕਟਰ ਦੀ
ਅਪੁਆਇੰਟਮੈਂਟ ਸੀ, ਬੇਬੀ ਸਿੱਟ ਨਹੀਂ ਕਰ
ਸਕਦੇ। ਉਹ ਬਿਨਾਂ ਪੁੱਛੇ ਹੀ ਸਹਿਮੀ ਜਿਹੀ ਅਪਣੀ ਸਫ਼ਾਈ ਪੇਸ਼ ਕਰਨ ਲੱਗੀ ਪਰ ਅਰਸ਼ ਦੀਆਂ
ਅੱਖਾਂ ਤਾਂ ਉਸ ਬੱਚੇ ’ਤੇ ਗੱਡੀਆਂ
ਰਹਿ ਗਈਆਂ। ਛੋਟੀ ਜਿਹੀ ਜੀਨ ਦੀ ਪੈਂਟ, ਲਾਲ ਟੀ ਸ਼ਰਟ, ਛੋਟੇ ਛੋਟੇ ਬੂਟ ਤੇ ਸਿਰ ’ਤੇ
‘ਵੈਨਕੂਵਰ ਕੈਨੱਕਸ’ ਦੀ ਹੈਟ, ਪੋਪਲੀਆਂ
ਗੱਲ੍ਹਾਂ ਤੇ ਮੋਟੀਆਂ ਮੋਟੀਆਂ ਅੱਖਾਂ ਵਾਲਾ ਇਹ ਮਾਸੂਮ ਜਿਵੇਂ ਉਹਦੇ ਕਾਲਜੇ ਧੂਹ ਜਿਹੀ ਪਾ
ਗਿਆ।
ਉਹਨੂੰ ਅਪਣੇ ਹੱਥ ਪੈਰ ਸੁੰਨ ਜਿਹੇ ਹੁੰਦੇ ਮਹਿਸੂਸ ਹੋਏ। ਉੱਪਰ ਨੂੰ ਦੇਖ ਮੁਸਕਰਾਉਂਦਾ ਤੇ
ਦੋਹਾਂ ਹੱਥਾਂ ਨਾਲ ਤਾਲੀਆਂ ਮਾਰਦਾ...
‚ਮਿੱਸ ਨੂੰ ਹੈਲੋ ਕਰੋ‛ ਮਾਂ ਨੇ ਪਿਆਰ ਨਾਲ ਉਹਨੂੰ ਕਿਹਾ।
‚ਹੈਲੋ‛, ਉਹਨੇ ਸ਼ਰਮਾਉਂਦੇ ਜਿਹੇ ਨੇ ਤਿਰਛਾ ਜਿਹਾ ਅਰਸ਼ ਵੱਲ ਤੱਕਿਆ। ਫਿੱਕੀ ਜਿਹੀ
ਮੁਸਕਰਾਹਟ ਅਰਸ਼ ਦੇ ਚਿਹਰੇ ਤੇ ਆਈ
ਤੇ ਹਥੇਲੀਆਂ ਤੇ ਪਸੀਨਾ ਆਉਣ ਲੱਗਾ। ਧੜਕਣ ਵਧ ਗਈ। ਲੱਤਾਂ ਦੀ ਵਧਦੀ ਕੰਬਣੀ ਨੇ ਉਸ ਨੂੰ ਮਨ
ਹੀ ਮਨ ਇੱਕ ਤੋਂ ਦੱਸ ਤੱਕ
ਪੁੱਠਾ ਗਿਣਨ ਤੇ ਮਜਬੂਰ ਕਰ ਦਿੱਤਾ ਤਾਂ ਕਿ ਲੰਮੇ ਵਹਿਣਾਂ ’ਚ ਵਹਿ ਤੁਰੀਆਂ ਸੋਚਾਂ ਤੇ
ਕਾਬੂ ਪਾ ਸਕੇ।
ਅਮੋਲਿਕਾ ਤੋਂ ਬਾਅਦ ਉਹਨੇ ਛੋਟੇ ਬੱਚਿਆਂ ਨਾਲ ਵਾਹ ਵਾਸਤਾ ਰੱਖਣਾ ਹੀ ਬੰਦ ਕਰ ਦਿੱਤਾ ਸੀ।
ਕੀ ਪਤਾ ਸੀ ਕਿ ਕਿਹੜੇ ਵੇਲੇ
ਉਹਦੇ ਅੰਦਰਲਾ ਝੱਖੜ ਸਿਰ ਕੱਢ ਲਵੇ ਤੇ ਉਹਨੂੰ ਨਿਢਾਲ ਕਰ ਚੱਲਦਾ ਬਣੇ। ਜੇ ਕਦੀ ਕੋਈ
ਰਿਸ਼ਤੇਦਾਰ ਦਾ ਬੱਚਾ ਉਹਦੀ ਗੋਦੀ ’ਚ
ਆ ਬੈਠ ਵੀ ਜਾਂਦਾ ਤਾਂ ਉਹ ਸੁੰਨ ਹੋ ਜਾਂਦੀ ਤੇ ਦੌੜ ਕੇ ਅਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ
ਘੰਟਿਆਂ ਬੱਧੀ ਰੋਂਦੀ ਰਹਿੰਦੀ।
ਅਮੋਲਿਕਾ ਦਾ ਗ਼ਮ ਤੇ ਉਸ ਨਾਲ ਜੁੜੀ ਗੁਨਾਹਭਾਵਨਾ ਦੇ ਅਹਿਸਾਸ ਨਾਲ ਜਿਵੇਂ ਉਹਦੀ ਅੱਧੀ ਕੁ
ਹੋਸ਼ ਹਮੇਸ਼ਾਂ ਵਾਸਤੇ ਗੁਆਚ ਗਈ
ਹੋਵੇ।
‚ਆਰ ਯੂ ਆਲਰਾਈਟ, ਮਿੱਸ ਸੁਬਰਾਮਨੀਅਮ?‛
‚ਆਈ ਐਮ ਫ਼ਾਈਨ‛ ਉਹ ਜਿਵੇਂ ਸੁਪਨੇ ’ਚੋਂ ਜਾਗੀ। ਕਿੰਨੀ ਸਫ਼ਾਈ ਨਾਲ ਝੂਠ ਬੋਲ ਗਈ ਸੀ ਉਹ।
‚ਵੱਟ’ਸ ਯੂਅਰ ਨੇਮ ਸਵੀਟੀ?‛ ਬੱਚੇ ਨੂੰ ਉਹਨੇ ਫੇਰ ਬੁਲਾਇਆ।
‚ਸਾਇਮਨ ਬੀਲਜ਼‛
‚ਆਈ ਲਾਈਕ ਯੂਅਰ ਨੇਮ‛ ਆਵਾਜ਼ ਹੇਠਾਂ ਜਾ ਚੁੱਕੀ ਸੀ।
‚ਹੀ ਇਜ਼ ਅ ਸਵੀਟ ਕਿੱਡ‛ ਕਹਿ ਉਹਨੇ ਡੈੱਬਰਾ ਵੱਲ ਤੱਕਿਆ।
‚ਆਰ ਯੂ ਸ਼ੋਅਰ, ਯੂ ਆਰ ਆਲ ਰਾਈਟ ਮੈਮ?‛ ਡੈੱਬਰਾ ਦੇ ਚਿਹਰੇ ਤੇ ਸੁਆਲ ਉੱਕਰ ਆਇਆ ਸੀ।
‚ਯੈੱਸ, ਆਈ ਐਮ ਓਕੇ‛ ਉਹਨੇ ਛੇਤੀ ਨਾਲ ਡੈੱਬਰਾ ਦਾ ਧਿਆਨ ਅਪਣੇ ਵੱਲੋਂ ਹਟਾਉਣ ਲਈ ਗੱਲ
ਬਦਲਣੀ ਚਾਹੀ।
‚ਇਹ ਕੈਨੱਕਸ ਦਾ ਫ਼ੈਨ ਕੌਣ ਐ ਘਰ ’ਚ? ਮੈਨੂੰ ਸਾਇਮਨ ਦੀ ਹੈਟ ਬੜੀ ਸੋਹਣੀ ਲੱਗੀ‛।
‚ਮਾਈ ਡੈਡ... ਹੀ ਬੌਟ ਇੱਟ ਫੌਰ ਹਿਜ਼ ਗ੍ਰੈਂਡਸੱਨ‛‚ਮੈਂ ਸਾਇਮਨ ਨੂੰ ਕੁਝ ਖਿਡਾਉਣੇ ਦਿੰਦੀ
ਹਾਂ ’ਤੇ ਆਪਾਂ ਤੇਰੇ ਟੈਸਟਾਂ ਦੀ ਰਿਪੋਰਟ ਬਾਰੇ ਗੱਲ ਕਰੀਏ‛ ਅਰਸ਼ ਨੇ ਅਲਮਾਰੀ ’ਚੋਂ
ਕੁਝ ਛੋਟੀਆਂ ਕਾਰਾਂ ਤੇ ਹੋਰ ਖਿਡਾਉਣੇ ਕੱਢੇ ਤੇ ਅਪਣੀ ਫ਼ਾਈਲ ਖੋਲ੍ਹ ਡੈੱਬਰਾ ਦੇ ਸਾਹਮਣੇ
ਬੈਠ ਗਈ।
‚ਗੁੱਡ! ਮੈਥ ਵਿੱਚ ਨੰਬਰ ਬਹੁਤ ਹੀ ਵਧੀਆ ਨੇ...ਨਾਈਂਟੀ ਟੂ ਪਰਸੈਂਟ ਅਤੇ ਸਾਇੰਸ ’ਚ...
ਲੈੱਟ ਮੀ ਚੈੱਕ ਹੇਅਰ... ਹੂੰਅ...
ਫੌਰਟੀ ਪਰਸੈਂਟ ਤੇ... ਪੈਂਤੀ ਪਰਸੈਂਟ ਹੋਰ ਚਾਹੀਦੇ ਨੇ‛ ਅਰਸ਼ ਨੇ ਅਪਣੀ ਠੋਡੀ ਮਲਦਿਆਂ ਉਸ
ਵੱਲ ਤੱਕਿਆ।
‚ਆਈ ਐਮ ਫੁੱਲ ਔਫ਼ ਰੀਗਰੈੱਟ ਨਾਓ... ਮੈਨੂੰ ਨਹੀਂ ਸੀ ਛੱਡਣੀ ਚਾਹੀਦੀ ਪੜ੍ਹਾਈ...‛ ਉਹਨੇ
ਅਪਣੇ ਬੁੱਲ੍ਹ ਟੇਰੇ ਤੇ ਰੋਣਹਾਕਾ ਮੂੰਹ
ਬਣਾ ਲਿਆ।
‚ਕੀ ਗੱਲ ਹੋਈ ਸੀ ਡੈੱਬਰਾ ਅਪਣੀ ਕਿ ਕਿਉਂ ਜ਼ਰੂਰੀ ਹੈ ਹਾਈ ਸਕੂਲ ਪਾਸ ਕਰਨਾ?‛
‚ਕਿਉਂਕਿ ਮੈਂ ਕਾਲਜ ਜਾਣਾ ਚਾਹੁੰਦੀ ਹਾਂ‛
‚ਕਿਉਂ?‛
‚ਤਾਂ ਕਿ ਮੈਂ ਅਪਣੀ ਤੇ ਅਪਣੇ ਬੱਚੇ ਦੀ ਜਿ਼ੰਦਗੀ ਬਿਹਤਰ ਬਣਾ ਸਕਾਂ। ਮੈਂ ਤੁਹਾਡੇ ਵਾਂਗ
ਟੀਚਰ ਬਣਨਾ ਚਾਹੁੰਦੀ ਹਾਂ ਮਿੱਸ
ਸੁਬਰਾਮਨੀਅਮ, ਜਿਸ ਦੀ ਪ੍ਰੇਰਨਾ ਸਦਕਾ ਮੈਂ ਦੁਬਾਰਾ ਸਿੱਧੇ ਰਸਤੇ ਤੇ ਆ ਗਈ ਹਾਂ...‛।
‚ਬਹੁਤ ਸਮਾਰਟ ਐਂ ਤੂੰ ਡੈੱਬਰਾ... ਬੱਸ ਕਿਸੇ ਨੂੰ ਅਪਣਾ ਹੌਂਸਲਾ ਤੋੜਨ ਨਾ ਦੇਈਂ। ਮੈਂ
ਅੱਜ ਤੈਨੂੰ ਡਾਇਰੀ ਦੇਣੀ ਹੈ। ਹਰ ਰੋਜ਼
ਅਪਣੀਆਂ ਸੋਚਾਂ, ਵਿਚਾਰ, ਤਜਰਬੇ ਜੋ ਵੀ ਲਿਖਣਾ ਚਾਹੇਂ, ਉਸ ਵਿੱਚ ਲਿਖੀਂ। ਲਿਖਣ ਦੀ ਆਦਤ
ਪਵੇਗੀ‛।
‚ਪਰ ਤੁਸੀਂ ਕਿਹਾ ਸੀ ਕਿ ਸਾਰਾ ਕੰਮ ਆਪਾਂ ਔਨ ਲਾਈਨ ਕਰਨੈ‛
ਸਿਰਫ਼ ਲਿਖਣ ਪੜ੍ਹਣ ਵਾਲੇ ਪ੍ਰੌਜੈਕਟ ਤੋਂ ਇਲਾਵਾ‛ ਅਰਸ਼ ਨੇ ਉਸ ਨੂੰ ਤਿੰਨ ਨਾਵਲ
ਫੜਾਉਂਦਿਆਂ ਕਿਹਾ।
‚ਮੈਨੂੰ ਇਹਨਾਂ ਤਿੰਨਾਂ ਤੇ ‘ਬੁੱਕ ਰਿਪੋਰਟ’ ਲਿਖਣੀ ਪਵੇਗੀ?‛
‚ਹਾਊ ਡੂ ਯੂ ਨੋ?‛ ਅਰਸ਼ ਮੁਸਕਰਾਈ, ‚ਤੇਰੇ ਕੋਲ ਲਗਭਗ ਤਿੰਨ ਮਹੀਨੇ ਹਨ ਪੜ੍ਹਣ ਅਤੇ ਲਿਖਣ
ਦਾ ਕੰਮ ਖ਼ਤਮ ਕਰਨ ਲਈ।
ਬਾਕੀ ਔਨਲਾਈਨ ਵੀ ਸਾਇੰਸ ਤੇ ਸੋਸ਼ਲ ਸਟੱਡੀਜ਼ ਕਰਨੇ ਨੇ ਆਪਾਂ ਹਰ ਹਫ਼ਤੇ‛।
‚ਪਰ ਮੇਰੇ ਕੋਲ ਤਾਂ ਕੰਪਿਊਟਰ ਨਹੀਂ... ਚਲੋ, ਮੈਂ ਅਪਣੀ ਸਹੇਲੀ ਨੂੰ ਪੁੱਛਾਂਗੀ ਜੇ ਮੈਨੂੰ
ਦੇ ਦੇਵੇ‛।
‚ਲਾਇਬ੍ਰੇਰੀ ਵਿੱਚ ਵੀ ਕੰਪਿਊਟਰ ਨੇ, ਉੱਥੇ ਕੀਤਾ ਜਾ ਸਕਦੈ ਕੰਮ‛
‚ਓ ਯੈੱਸ, ਗੁੱਡ ਆਈਡੀਆ‛ ਡੈੱਬਰਾ ਦੇ ਚਿਹਰੇ ਤੇ ਚਮਕ ਆ ਗਈ।
ਉਦਾਂ ਤਾਂ ਅਰਸ਼ ਕੋਲ ਵੀਹ ਦੇ ਕਰੀਬ ਵਿਦਿਆਰਥੀ ਸਨ, ਹਰ ਉਮਰ ਦੇ, ਉੱਨੀ ਤੋਂ ਪੰਜਤਾਲੀ ਤੱਕ
ਜਿਨ੍ਹਾਂ ਨੇ ਹਾਈ ਸਕੂਲ ਪਾਸ
ਨਹੀਂ ਸੀ ਕੀਤਾ। ਡੈੱਬਰਾ ਜਿਹਨੂੰ ਛੋਟੀ ਹੁੰਦੀ ਨੂੰ ਵੀ ਅਰਸ਼ ਨੇ ਪੜ੍ਹਾਇਆ। ਇੱਕ ਬਹੁਤ ਹੀ
ਜ਼ਹੀਨ ਕੁੜੀ ਜੋ ਹਰ ਪਾਸੇ ਮੱਲਾਂ ਮਾਰਦੀ
ਅੱਗੇ ਵਧ ਰਹੀ ਸੀ ਜਿਹਨੂੰ ਬਾਸਕਿਟ ਬਾਲ ’ਚ ਸਕਾਲਰਸਿ਼ੱਪ ਮਿਲਣ ਦੀ ਪੂਰੀ ਸੰਭਾਵਨਾ ਸੀ ਤੇ
ਇਸੇ ਕਰਕੇ ਯੂਨੀਵਰਸਿਟੀ ਦੀ
ਪੜ੍ਹਾਈ ਮੁਫ਼ਤ ਵਰਗੀ ਹੋ ਜਾਣੀ ਸੀ। ਪਰ ਜਿਉਂ ਹੀ ਗਿਆਰਵੀਂ ’ਚ ਪੈਰ ਧਰਿਆ ਤਾਂ ਜਿ਼ੰਦਗੀ
ਨੇ ਹੋਰ ਹੀ ਮੋੜ ਕੱਟ ਲਿਆ।
ਸਾਇਮਨ ਦੀ ਦੁਨੀਆਂ ’ਚ ਆਮਦ ਹੋਈ।
‚ਮੈਂ ਤੁਹਾਡੇ ਨਾਲ ਚੱਲਾਂ? ਤੁਹਾਨੂੰ ਘਰ ਤੱਕ ਛੱਡ ਕੇ ਆਵਾਂ, ਮਿੱਸ ਸੁਬਰਾਮਨੀਅਮ?‛ ਬਾਹਰ
ਹਨੇਰਾ ਹੋਇਆ ਦੇਖ ਡੈੱਬਰਾ ਨੇ ਸੁਲ੍ਹਾ
ਮਾਰੀ।
‚ਨਹੀਂ, ਨਹੀਂ... ਮੈਂ ਠੀਕ ਹਾਂ... ਆਹ ਤਾਂ ਪਿਐ ਮੇਰਾ ਘਰ‛ ਉਸ ਨੇ ਅਪਣੀਆਂ ਕਿਤਾਬਾਂ
ਕਾਪੀਆਂ ਬੈਗ ’ਚ ਪਾਉਂਦਿਆਂ ਕਿਹਾ।‘ਘਰ’ ਉਹ ਰਸਤੇ ’ਚ ਸੋਚਦੀ ਚਲੀ ਆ ਰਹੀ ਸੀ... ਉਹ ਘਰ
ਜਿਹੜਾ ਮਿਆਮੀ ਬੀਚ ਤੇ ਕਿਲ੍ਹੇ ਵਾਂਗ ਖੜਾ ਹੈ, ਉਸ ਦੇ ਹਸਬੈਂਡ
ਦਾ ਉਸ ਲਈ ਗਿਫ਼ਟ, ਜਿਸ ਵਿੱਚ ਦਮ ਘੁਟਦਾ ਹੈ ਉਸ ਦਾ ਜਾਂ ਫਿਰ ਇਹ ਸੱਰੀ ’ਚ ਇੱਕ ਬੈੱਡਰੂਮ
ਦਾ ਫਲੈਟ ਜੋ ਉਸ ਦੇ ਮਾਂ ਬਾਪ
ਦੇ ਛੋਟੇ ਜਿਹੇ ‘ਸੂਕੀ’ਜ਼ ਕਿਚਨ’ ਦੀ ਤੀਜੀ ਮੰਜਿ਼ਲ ਤੇ ਹੈ... ਕਿਹੜਾ ਹੈ ਮੇਰਾ ਘਰ? ਇਹ
ਸੁਆਲ ਅਕਸਰ ਉਸ ਦੇ ਸਾਹਮਣੇ ਆ
ਖੜਾ ਹੁੰਦਾ। ਆਲੇ ਦੁਆਲੇ ਰਹਿੰਦੇ ਲੋਕ ਬਾਹਰ ਪੋਰਚ ਤੇ ਬੈਠੇ ਸ਼ਾਮ ਦਾ ਆਨੰਦ ਮਾਣ ਰਹੇ ਸਨ।
ਜਿ਼ਆਦਾਤਰ ਪੰਜਾਬੀ, ਚੀਨੇ ਜਾਂ
ਕੁਝ ਅਫ਼ਰੀਕਨਾਂ ਦੇ ਘਰ ਹੀ ਸਨ ਇਸ ਇਲਾਕੇ ’ਚ। ਇੱਥੇ ਹੀ ਜੰਮੀ ਪਲੀ ਅਰਸ਼ ਨੇ ਵਿਆਹ ਤੋਂ
ਬਾਅਦ ਵੀ ਮਿਆਮੀ ਤੋਂ ਸਾਲ ’ਚ
ਦੋ ਵਾਰ ਆਉਣ ’ਚ ਕਦੇ ਨਾਗ਼ਾ ਨਹੀਂ ਸੀ ਪਾਇਆ। ਪਰ ਹੁਣ ਇਥੇ ਆ ਕੇ ਰਹਿਣਾ, ਅਪਣੀ ਟੀਚਰ ਦੀ
ਜੌਬ ਛੱਡ ਬਾਲਿਗ਼ਾਂ ਨੂੰ
ਹਾਈ ਸਕੂਲ ਪਾਸ ਕਰਾਉਣ ਲਈ ਪੜ੍ਹਾਉਣਾ...ਕਿਹੋ ਜਿਹਾ ਸਫ਼ਰ ਸੀ ਇਹ ਜਿਸ ਤੇ ਹੋਣੀ ਉਸ ਨੂੰ
ਲੈ ਤੁਰੀ ਸੀ।
‘ਨੋ ਬਾਊਂਡਰੀਜ਼ ਪ੍ਰੋਗ੍ਰਾਮ’ ਤਹਿਤ ਇੱਕ ਚਰਚ ਦੇ ਪਾਦਰੀ ਨੇ ਇਲਾਕੇ ਦੇ ਬਿਜ਼ਨਸ ਅਦਾਰਿਆਂ
ਤੋਂ ਪੈਸਾ ਇਕੱਠਾ ਕਰ ਹਾਈ ਸਕੂਲ
ਵਿੱਚ ਵਿਚਾਲੇ ਛੱਡ ਚੁੱਕੇ ਲੋਕਾਂ ਲਈ ਇਹ ਪ੍ਰੋਗ੍ਰਾਮ ਚਾਲੂ ਕੀਤਾ। ਪਾਦਰੀ ‘ਜੌਨਾਥਨ’ ਅਰਸ਼
ਦੀ ‘ਸੂਕੀ’ਜ਼ ਕਿਚਨ’ ਹਰੇਕ ਹਫ਼ਤੇ
‘ਚਿਕਨ ਕੱਰੀ ਐਂਡ ਰਾਈਸ’ ਲੰਚ ਲਈ ਜ਼ਰੂਰ ਆਉਂਦਾ ਤੇ ਇਹੀ ਸਬੱਬ ਸੀ ਕਿ ਉਸ ਨੂੰ ਜੌਬ ਮਿਲ
ਗਈ ਸੀ। ਬਾਕੀ ਸਮਾਂ ਉਹ
ਅਪਣੇ ਮਾਂ ਬਾਪ ਨਾਲ ਰੈਸਟੋਰੈਂਟ ’ਚ ਹੱਥ ਵਟਾਉਂਦੀ।
ਕਿੰਨੀ ਠਹਿਰ ਗਈ ਸੀ ਉਸ ਦੀ ਜਿ਼ੰਦਗੀ ਜਦੋਂ ਸਭ ਕੁਝ ਪਿੱਛੇ ਛੱਡ ਸੱਰੀ ਰਹਿਣ ਲਈ ਆ ਗਈ ਸੀ
ਅੱਠ ਨੌਂ ਮਹੀਨੇ ਤੋਂ...
‘ਬੱਚਿਆਂ ਨਾਲ ਕੰਮ ਕਰਨਾ ਤਾਂ ਜਾਂਦਾ ਰਿਹਾ... ਨਹੀਂ ਕਰ ਸਕਾਂਗੀ। ਡਾਕਟਰ ਨੇ ਵੀ ਮਨ੍ਹਾਂ
ਕੀਤੈ ਪਰ ਮੈਂ ਤਾਂ ਪੜ੍ਹਾਉਣ ਤੋਂ ਬਿਨਾਂ
ਕਦੇ ਕੁਝ ਸੋਚਿਆ ਹੀ ਨਹੀਂ ਹੋਰ ਕੁਝ ਕਰਨ ਦਾ...’
ਇਹ ਜੌਬ ਵੀ ਬੱਸ ਹਫ਼ਤੇ ’ਚ ਦੋ ਦਿਨ ਹੀ ਸੀ ਪਰ ਧੁਰ ਅੰਦਰ ਬੈਠਾ ਟੀਚਰ ਤਾਂ ਇਸੇ ’ਚ ਵੀ
ਸੰਤੁਸ਼ਟ ਸੀ। ਪਰ ਜੇ ਇਹ ਵੀ ਜਾਂਦਾ
ਰਿਹਾ?
ਸਾਰਾ ਦਿਨ ਇਹ ਖਿ਼ਆਲ ਤਿੱਖੀ ਬਰਛੀ ਵਾਂਗ ਉਸ ਦੇ ਸੀਨੇ ਨੂੰ ਵੱਢਦਾ ਟੁੱਕਦਾ। ਸਹੇਲੀਆਂ ਨਾਲ
ਮਿਲਣਾ, ਮੂਵੀ ਜਾਣਾ ਜਾਂ ਲੰਚ
ਕਰਨਾ ਸਭ ਕੁਝ ਭੁੱਲ ਗਿਆ ਸੀ ਉਸ ਨੂੰ। ਕਿੰਨੀਆਂ ਹੀ ਦੁੱਖ ਦਰਦ ਦੀਆਂ ਲਕੀਰਾਂ ਉਸ ਦੇ ਮੱਥੇ
ਤੇ ਉੇੱਭਰ ਆਈਆਂ ਸਨ। ਬੱਚੀ
ਕਦੀ ਤਾਂ ਉਹਨੂੰ ਆਸ ਪਾਸ ਹੀ ਨੱਚਦੀ ਟੱਪਦੀ ਜਾਪਦੀ ਤੇ ਕਦੇ ਐਨੀ ਕੁ ਦੂਰ ਕਿ ਉਹਦੇ ਚਿਹਰੇ
ਦਾ ਧੁੰਦਲਾ ਜਿਹਾ ਹੀ ਅਕਸ
ਉਹਦੇ ਜਿ਼ਹਨ ’ਚ ਉੱਭਰਦਾ। ਨੀਂਦ ਨਾ ਆਉਣਾ, ਭੁੱਖ ਨਾ ਲੱਗਣਾ ਤੇ ਜ਼ਰਾ ਜ਼ਰਾ ਗੱਲ ਤੇ ਰੋਣ
ਨੂੰ ਦਿਲ ਕਰਨਾ, ਡਾਕਟਰ ਨੇ ਉਹਦੀ
ਇਸ ਹਾਲਤ ਨੂੰ ‘ਡਿਪਰੈਸ਼ਨ’ ਦਾ ਨਾਂ ਦਿੱਤਾ ਸੀ।
ਕਦੀ ਉਸ ਨੂੰ ਮੌਮ ਦਾ ਚਿਹਰਾ ਦੇਖ ਉਸ ਤੇ ਤਰਸ ਆਉਂਦਾ ਜਿਹੜੀ ਉਸ ਨੂੰ ਪੰਜ ਸਾਲ ਦੇ ਬੱਚੇ
ਵਾਂਗ ਪੁਚ ਪੁਚ ਕਰਦੀ। ਡੈਡ ਵੀ
ਸ਼ਾਮੀਂ ਉੱਪਰ ਆ ਕੇ ਉਸ ਕੋਲ ਬੈਠਦੇ, ਹਾਲ ਚਾਲ ਪੁੱਛਦੇ, ਹਸਾਉਣ ਦੀ ਕੋਸਿ਼ਸ਼ ਕਰਦੇ। ਚੇਤਨ
ਦੇ ਪਤਾ ਨਹੀਂ ਕਿੰਨੇ ਕੁ ਫ਼ੋਨ ਉਸ
ਦੀ ਬਲੈਕਬੈਰੀ ਤੇ ਆਏ ਜਿਹਨਾਂ ’ਚੋਂ ਉਸ ਨੇ ਇੱਕ ਨਾ ਚੁੱਕਿਆ।
ਅਪਣੇ ਖਿ਼ਆਲਾਂ ਦੀਆਂ ਗਲੀਆਂ ’ਚ ਗੁਆਚੀ ਨੇ ਘਰ ਪਹੁੰਚ ਰੈਸਟੋਰੈਂਟ ਤੋਂ ਇੱਕ ਪਲੇਟ ਖਾਣੇ
ਦੀ ਭਰੀ ਤੇ ਪੌੜੀਆਂ ਚੜ੍ਹ ਅਪਣੇ
ਫਲੈਟ ’ਚ ਪਹੁੰਚ ਗਈ। ਅਗਲੇ ਦਿਨ ਲਈ ਅਪਣੇ ਲੈਕਚਰ ਤਿਆਰ ਕਰ ਤੇ ਬਿਨਾਂ ਕੁਝ ਖਾਧੇ ਬੈੱਡ ਤੇ
ਡਿੱਗੀ। ਹਨੇਰੇ ’ਚ ਚੇਤਨ ਦਾ
ਚਿਹਰਾ ਤੇ ਉਸ ਦੀ ਅਵਾਜ਼ ਇਓਂ ਸੁਣਾਈ ਦੇਣ ਲੱਗੀ ਜਿਵੇਂ ਉਹ ਕਮਰੇ ’ਚ ਹੀ ਹੋਵੇ। ਉਹਦੀ
ਅਵਾਜ਼ ’ਚ ਹੀ ਉਸ ਦੀ ਮਾਮਾ ਦੀ
ਅਵਾਜ਼ ਤੇ ਦੋਹਾਂ ਦੀਆਂ ਅਵਾਜ਼ਾਂ ਹੋਰ ਤਿੱਖੀਆਂ ਹੁੰਦੀਆਂ ਗਈਆਂ... ਉਹ ਤ੍ਰਭਕ ਕੇ ਉੱਠੀ,
ਪਾਣੀ ਦਾ ਘੁੱਟ ਪੀ ਫੇਰ ਕਰਵਟਾਂ
ਬਦਲਣ ਲੱਗੀ ਤੇ ਜਾਗੋ ਮੀਟੀ ’ਚ ਆਖ਼ਰ ਅੱਧੀ ਕੁ ਰਾਤ ਨੂੰ ਉਸ ਦੀ ਅੱਖ ਲੱਗੀ।
ਅਗਲੇ ਦਿਨ ਰੈਸਟੋਰੈਟ ’ਚ ਉਹ ਟੇਬਲਾਂ ਦੇ ਵਿੱਚ ਵਿਚਾਲੇ ਅਪਣੇ ਹੱਥਾਂ’ਤੇ ਪਲੇਟਾਂ ਟਿਕਾਈ
ਸਰਵਿਸ ਕਰਦੀ ਫਿਰਦੀ ਸੀ।
‚ਓਵਰ ਇਜ਼ੀ ਐਗ ਵਿੱਦ ਪਟੇਟੋ, ਸਕ੍ਰੈਮਬਲਡ ਐੱਗ ਵਿੱਦ ਪੈਨਕੇਕਸ, ਐੱਗ ਐਂਡ ਸੌਸੇਜ ਫੌਰ ਯੂ‛
ਉਹਨੇ ਤਿੰਨਾਂ ਗਾਹਕਾਂ ਅੱਗੇ
ਉਹਨਾਂ ਦੀਆਂ ਪਲੇਟਾਂ ਰੱਖਦਿਆਂ ਕਿਹਾ। ਇਹ ਤਿੰਨੋਂ ਪਚਾਸੀ ਨੱਬੇ ਸਾਲ ਦੇ ਸੇਵਾਮੁਕਤ
ਬਜ਼ੁਰਗ ਸਨ ਜੋ ਹਰ ਰੋਜ਼ ਇਕੱਠੇ ਸੈਰ ਤੋਂ
ਬਾਅਦ ਅਪਣਾ ਨਾਸ਼ਤਾ ਉੱਥੇ ਕਰਕੇ ਜਾਂਦੇ।‚ਵੈੱਨ ਆਰ ਯੂ ਗੋਇੰਗ ਟੂ ਡੇਟ ਵਿੱਦ ਮੀ ਅਰਸ਼?‛
ਉਹਨਾਂ ’ਚੋਂ ਇੱਕ ਕਈ ਵਾਰ ਉਹਨੂੰ ਮਜ਼ਾਕ ’ਚ ਛੇੜਦਾ।
‚ਆਫਟਰ ਆਈ ਟਾਕ ਟੂ ਯੂਅਰ ਵਾਈਫ‛ ਉਹ ਲੱਕ ਤੇ ਦੋਨੋ ਹੱਥ ਰੱਖ ਤੇ ਆਪਣੀ ਹਾਸੀ ਨੂੰ ਰੋਕ ਕੇ
ਜੁਆਬ ਦਿੰਦੀੰ।
‚ਵਾਏ ਆਰ ਯੂ ਟੀਜਿ਼ਗ ਦ ਯੰਗ ਗਰਲ?‛ ਉਹਨਾਂ ਵਿਚੋਂ ਇੱਕ ਅਰਸ਼ ਦੀ ਹਮਾਇਤ ਕਰਦਾ ।
‚ਜਸਟ ਟੂ ਮੇਕ ਹਰ ਸਮਾਇਲ‛
ਉਹ ਛੋਟੀ ਹੁੰਦੀ ਤੋਂ ਹੀ ਇਨਾਂ ਤਿੰਨਾਂ ਨੂੰ ਤੇ ਹੋਰ ਬਹੁਤ ਸਾਰੇ ਗਾਹਕਾਂ ਨੂੰ ਜਾਣਦੀ ਸੀ।
ਬਾਰਾਂ ਸਾਲ ਦੀ ਉਮਰ ’ਚ ਉਹਨੇ ਪਹਿਲੀ
ਵਾਰ ਡਿਸ਼ਵਾਸ਼ਰ ਜੂਠੇ ਬਰਤਨਾਂ ਨਾਲ ਭਰਿਆ ਤੇ ਚਲਾਇਆ। ਇਹੀ ਉਹਦੀ ਪਹਿਲੀ ਜੌਬ ਸੀ ਤੇ
ਉਸਨੂੰ ਤਨਖ਼ਾਹ ਵੀ ਮਿਲੀ। ਇੱਕ
ਸਾਲ ਬਾਅਦ ਉਹ ਟੇਬਲਾਂ ਤੇ ਵੇਟਿੰਗ ਕਰਨ ਲੱਗੀ। ਫੇਰ ਤਾਂ ਸਕੂਲੋਂ ਆ ਕੇ ਚਾਰ ਕੁ ਘੰਟੇ
ਰੋਜ਼ ਹੀ ਕੰਮ ਕਰਦੀ ਤੇ ਅਪਣੀ ਪੌਕਿਟ
ਮਨੀ ਬਣਾਉਂਦੀ। ਯੂਨੀਵਰਸਿਟੀ ਔਫ ਮਿਆਮੀ ਤੋਂ ਵੀ, ਜਿਥੇ ਉਹ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’
ਦੀ ਬੀ ਏ ਕਰਨ ਗਈ ਸੀ
ਜਦੋਂ ਛੁਟੀਆਂ ’ਚ ਵਾਪਿਸ ਵੈਨਕੂਵਰ ਆਉਂਦੀ ਤਾਂ ‘ਸੂਕੀ ’ਚ ਕਿਚਨ’ ’ਚ ਹੀ ਕੰਮ ਕਰਦੀ।
ਯੂਨੀਵਰਸਿਟੀ ਦੇ ਆਖਰੀ ਸਾਲ ’ਚ ਕਿਵੇਂ ਅਚਾਨਕ ਇੱਕ ਦਿਨ ਚੇਤਨ ਸੁਬਰਾਮਨੀਅਮ ਨਾਲ ਮੇਲ ਹੋਇਆ
– ਉਹ ਤਾਂ ਅਪਣੀ ਕਾਰ
ਦਾ ਫਲੈਟ ਹੋਇਆ ਟਾਇਰ ਹੀ ਬਦਲਣ ’ਚ ਬੌਂਦਲੀ ਪਈ ਸੀ ਤੇ ਚੇਤਨ ਅਪਣੀ ਕਾਰ ਖੜੀ ਕਰ, ਉਸਨੂੰ
ਪਾਸੇ ਕਰ ਆਪ ਲੱਗ
ਪਿਆ ਸੀ ਨਟ ਬੋਲਟ ਖੋਲਣ।
‚ਅਰਸ਼! ਟੇਬਲ ਨੰਬਰ ਨਾਈਨ‛ ਡੈਡ ਨੇ ਉਹਨੂੰ ਫਿਸ਼ ਤੇ ਚਿਪਸ ਦੀ ਪਲੇਟ ਫੜਾ ਉਹਦਾ ਸੁਪਨਾ
ਤੋੜਿਆ । ਸਾਰੇ ਟੇਬਲ ਭਰੇ ਪਏ
ਸਨ।
ਮੋਹਨ ਸਿੰਘ ਲਿੱਟ ਤੇ ਸੁਖਜੀਤ ਛੋਟੀ ਉਮਰੇ ਹੀ ਵਿਆਹ ਤੋਂ ਬਾਅਦ ਵੈਨਕੂਵਰ ਆ ਗਏ ਸਨ। ਮੋਹਨ
ਸਿੰਘ ਨੇ ਆਰਾ ਮਿੱਲ ਤੇ
ਨੌਕਰੀ ਲੱਭ ਲਈ ਜਿੱਥੇ ਲੱਕੜ ਦੇ ਲੌਗਾਂ ਨੂੰ ਚੀਰ ਫੱਟੇ ਬਣਦੇ ਸਨ ’ਤੇ ‘ਚੱਕ ਦੇਹ ਫੱਟੇ’
ਵਾਲੀ ਗੱਲ ਵੀ ਸ਼ਾਇਦ ਉੱਥੋਂ ਹੀ ਪ੍ਰਚੱਲਿਤ
ਹੋਈ। ਪਰ ਸੁਖਜੀਤ ਦੇ ਮਨ ਵਿੱਚ ਆਪਣਾ ਬਿਜ਼ਨਸ ਕਰਨ ਦੀ ਬੜੀ ਤਾਂਘ ਸੀ। ਮਾਂ ਨੇ ਉਸ ਨੂੰ
ਵਿਆਹ ਤੋਂ ਪਹਿਲਾਂ ਘਰ ’ਚ ਇੱਕ
ਲਾਂਗਰੀ ਰੱਖ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣੇ ਸਿਖਾਏ। ਮੋਹਨ ਸਿੰਘ ਨੇ ਬਥੇਰੀ ਨਾਂਹ
ਨੁੱਕਰ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ
ਕਿ ਨੌਕਰੀ ਤੋਂ ਹਰੇਕ ਮਹੀਨੇ ਆਉਂਦਾ ਪੈਸਾ ਬੰਦ ਹੋਵੇ ਤੇ ਜੇ ਬਿਜ਼ਨਸ ਨਾ ਚੱਲਿਆ ਤਾਂ
ਦੁਬਾਰਾ ਨੌਕਰੀ ਲਈ ਭਟਕਣਾ ਪਵੇ ਤਾਂ
ਕਰਕੇ ਉਹਨੇ ਘਰ ਵਾਲੀ ਦੀ ਇੱਕ ਨਾ ਸੁਣੀ।
ਸੁਖਜੀਤ ਨੇ ਘਰੋਂ ਹੀ ਖਾਣਾ ਬਣਾ ਫੈਕਟਰੀ ਵਰਕਰਾਂ ਦੇ ਟਿਫ਼ਨ ਅਪਣੀ ਕਾਰ ’ਚ ਲੰਚ ਟਾਈਮ ਜਾ
ਛੱਡਣੇ ਸੂ਼ਰੂ ਕਰ ਦਿੱਤੇ। ਇੱਕ
ਸਾਲ ’ਚ ਹੀ ਉਹਨੇ ਮੋਹਨ ਸਿੰਘ ਨਾਲੋਂ ਦੁਗਣੀ ਬੱਚਤ ਕਰ ਦਿਖਾਈ। ਦੂਜੇ ਸਾਲ ਉਨ੍ਹਾਂ ਨੇ ਇੱਕ
ਟੁੱਟਾ ਜਿਹਾ ਘਰ ਖਰੀਦਿਆ ਜਿਸਦੇ
ਹੇਠਾਂ ਰੈਸਟੋਰੈਂਟ, ਦੂਜੀ ਮੰਜਿ਼ਲ ਤੇ ਰਿਹਾਇਸ਼ ਅਤੇ ਤੀਜੀ ਮੰਜਿ਼ਲ ਤੇ ਕਿਰਾਏ ਲਈ ਇੱਕ
ਫਲੈਟ ਬਣਿਆ ਸੀ। ਦੋ ਦਹਾਕਿਆਂ ਤੋਂ ਵੀ
ਜਿ਼ਆਦਾ ਸਮੇਂ ਦਾ ਚੱਲਦਾ ਉਹਨਾਂ ਦਾ ਬਿਜ਼ਨਸ ਅੱਜ ਵੀ ‘ਫੱਟੇ ਚੁੱਕੀ’ ਜਾ ਰਿਹਾ ਸੀ। ਜਦ
ਅਰਸ਼ ਵਾਪਿਸ ਆਈ ਤਾਂ ਉਹਨੇ
ਉਪਰਲੇ ਫਲੈਟ ਦਾ ਕਿਰਾਇਆ ਦੇਣ ਦੀ ਪੇਸ਼ਕਸ਼ ਕੀਤੀ ਕਿਉਂਕਿ ਉਹ ਬੋਝ ਨਹੀਂ ਸੀ ਬਣਨਾ
ਚਾਹੁੰਦੀ ਕਿਸੇ ਤੇ ਵੀ। ਪਰ ਉਹਦੇ
ਮੌਮ ਡੈਡ ਨੇ ਉਹਦਾ ਵਿਰੋਧ ਕੀਤਾ ਕਿ ਮੁੜ ਉਸਦੀ ਅਜਿਹੀ ਗੱਲ ਕਰਨ ਦੀ ਹਿੰਮਤ ਨਾ ਪਈ।
ਤਿੰਨ ਵਜੇ ਕੰਮ ਤੋਂ ਫ਼ਾਰਿਗ ਹੋ ਜਦੋਂ ਉਹ ਅਪਣੇ ਕਮਰੇ ਵਿੱਚ ਪੁੱਜੀ ਤਾਂ ਡੈਡ ਦਾ ਫ਼ੋਨ
ਆਇਆ।
‚ਅਰਸ਼ ਹੇਠਾਂ ਆਈਂ ਇੱਕ ਮਿੰਟ ਲਈ‛
‚ਕੀ ਗੱਲ ਡੈਡ?‛ ਉਸਨੇ ਅਪਣੀ ਘੜੀ ਤੇ ਨਿਗਾਹ ਮਾਰਦਿਆਂ ਪੁਛਿਆ।
‚ਕੋਈ ਮਿਲਣ ਆਇਐ ਤੈਨੂੰ‛
‚ਕੌਣ?‛‚ਪੁੱਤ ਐਨਾ ਟਾਈਮ ਨ੍ਹੀ ਮੇਰੇ ਕੋਲ ਸਭ ਫ਼ੋਨ ਤੇ ਦੱਸਣ ਦਾ, ਹੇਠਾਂ ਆ‛
ਜਦੋਂ ਹੇਠਾਂ ਬਾਰ ਕਾਉਂਟਰ ਤੇ ਕਿਸੇ ਨੂੰ ਬੈਠੇ ਦੇਖਿਆ ਤਾਂ ਉਹਦਾ ਦਿਲ ਧੱਕ ਕਰਕੇ ਹੇਠਾਂ
ਨੂੰ ਬੈਠਾ। ਲੱਤਾਂ ਸੁੰਨ ਜਿਹੀਆਂ ਹੋਣ
ਲੱਗੀਆਂ ਤੇ ਉਹਨੇ ਕੁਰਸੀ ਦਾ ਸਹਾਰਾ ਲੈ ਅਪਣੇ ਆਪ ਨੂੰ ਠੀਕ ਜਿਹਾ ਕੀਤਾ। ਹਾਲਾਂ ਕਿ ਉਹਦੀ
ਪਿੱਠ ਸੀ ਅਰਸ਼ ਵੱਲ ਪਰ ਉਹਦਾ
ਕੱਦ, ਡੌਲੇ ਤੇ ਚੌੜੀ ਛਾਤੀ ਤੇ ਉਪਰੋਂ ਡੀਜ਼ਾਈਨਰ ਸੂਟ ਤੋਂ ਉਹ ਕਿਵੇਂ ਨਾ ਪਛਾਣਦੀ ਕਿ ਕੌਣ
ਹੈ ਉਹ। ਉਹ ਡੈਡੀ ਦੀ ਕਿਸੇ ਗੱਲ ਨੂੰ
ਧਿਆਨ ਨਾਲ ਸੁਣ ਰਿਹਾ ਸੀ। ਜਦ ਤੱਕ ਉਹ ਕੋਲ ਪਹੁੰਚੀ ਤਾਂ ਕਾਫ਼ੀ ਸਹਿਜ ਹੋ ਚੁੱਕੀ ਸੀ।
‚ਬੇਟੇ, ਚੇਤਨ ਨੂੰ ਉੱਪਰ ਲੈ ਕੇ ਜਾਓ ਤੇ ਚਾਹ ਪਾਣੀ ਪੁੱਛੋ‛ ਕਹਿ ਉਹ ਪਤਾ ਨਹੀਂ ਕਿੱਧਰ
ਚਲੇ ਗਏ।
ਚੇਤਨ ਨੇ ਗਰਦਨ ਮੋੜ ਅਰਸ਼ ਵੱਲ ਤੱਕਿਆ, ਉਹਦਾ ਪਹਿਲਾ ਪਿਆਰ ਤੇ ਜਿਹਨੂੰ ਉਹ ਅੱਜ ਵੀ ਜਨੂੰਨ
ਦੀ ਹੱਦ ਤੱਕ ਪਿਆਰ
ਕਰਦਾ ਸੀ। ਲੰਮੀ ਪਤਲੀ, ਜੀਨਜ਼ ’ਤੇ ਫਿ਼ਰੋਜ਼ੀ ਸ਼ਰਟ ’ਚ ਉਹ ਸਾਹਮਣੇ ਖੜੀ ਅਪਣੇ ਕਾਲੇ ਘਣੇ
ਵਾਲਾਂ ਨੂੰ ਦੋਹਾਂ ਹੱਥਾਂ ਨਾਲ ਫੜ
ਜੂੜੇ ਜਿਹੇ ’ਚ ਬੰਨ੍ਹਣ ਲੱਗੀ। ਅਪਣੀ ਉਮਰ ਤੋਂ ਕਿਤੇ ਛੋਟੀ ਦਿਸਦੀ।
ਇੱਕ ਮੁਸਕਾਨ ਉਹਦੇ ਚਿਹਰੇ ਤੇ ਫਿਰ ਗਈ ਪਰ ਅਰਸ਼ ਦੇ ਚਿਹਰੇ ਦੀ ਉਦਾਸੀ ਨੇ ਉਹਨੂੰ ਬੇਚੈਨ
ਜਿਹਾ ਕਰ ਦਿੱਤਾ।
‚ਹੈਲੋ ਐਸ਼! ਹਾਉ ਆਰ ਯੂ?‛
‚ਆਈ ਐਮ ਵੈੱਲ, ਵੱਟ ਆਰ ਯੂ ਡੂਇੰਗ ਇਨ ਵੈਨਕੂਵਰ?‛
‚ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਚਾਹੁੰਦਾ ਹਾਂ‛ ਉਸ ਨੇ ਅਪਣੇ ਹੱਥ ਪੈਂਟ ਦੀਆਂ
ਜੇਬਾਂ ’ਚ ਪਾਉਂਦਿਆਂ ਕਿਹਾ,
‚ਕਿਤੇ ਬੈਠ ਆਪਾਂ ਗੱਲ ਕਰ ਸਕਦੇ ਹਾਂ?‛
‚ਕਿੰਨੀ ਦੇਰ ਲੱਗੇਗੀ?‛ ਅਰਸ਼ ਬੜੇ ਧਿਆਨ ਨਾਲ ਉਸ ਵੱਲ ਦੇਖ ਰਹੀ ਸੀ।
‚ਇਟ ਆਲ ਡਿਪੈਂਡਜ਼ ਔਨ ਯੂ‛
ਉਹਨੂੰ ਇਹ ਜੁਆਬ ਬੁਝਾਰਤਾਂ ਵਰਗੇ ਲੱਗੇ।
‚ਸੱਰੀ ਕਿੰਨੀ ਦੇਰ ਰੁਕਣੈ?‛
‚ਮੈਂ ਤਾਂ ਬਿਜ਼ਨਸ ਟਰਿੱਪ ਤੇ ਆਇਆਂ, ਪਤਾ ਨਹੀਂ ਕਿੰਨੇ ਦਿਨ ਲੱਗਣ‛।
ਬੜੀ ਸ਼ਸ਼ੋਪੰਜ ਜਿਹੇ ’ਚ ਪੈ ਗਈ ਸੀ ਉਹ, ਵਿਆਹ ਤੋਂ ਪਹਿਲਾਂ ਜਦੋਂ ਉਹਨਾਂ ਦੀ ਗੱਲ ਹੁੰਦੀ
ਕਿ ਕਿੱਥੇ ਸੈੱਟ ਹੋਇਆ ਜਾਵੇ, ਉਦੋਂ
ਤਾਂ ਉਹਨੇ ਜਿ਼ੱਦ ਫੜੀ ਰੱਖੀ ਕਿ ਮੈਂ ਤਾਂ ਫਲੋਰਿਡਾ ਹੀ ਰਹਿਣਾ ਹੈ, ਛੱਡ ਨਹੀਂ ਸਕਦਾ।
ਪਹਿਲੀ ਵਾਰ ਜਦੋਂ ਉਹ ਚੇਤਨ ਦੇ ਪਰਿਵਾਰ
ਨੂੰ ਮਿਲਣ ਫ਼ੋਰਟ ਮਾਇਰਜ਼ ਗਈ ਤਾਂ ਉਹਨੂੰ ਸਮਝ ਆਇਆ ਕਿ ਸੁਬਰਾਮਨੀਅਮ ਖ਼ਾਨਦਾਨ ਕਿੰਨਾ
ਵੱਡਾ ਹੈ। ਕਿੰਨੇ ਹੀ ਮਾਮੇ,
ਮਾਸੀਆਂ, ਤਾਈਆਂ, ਚਾਚੀਆਂ ਤੇ ਉਹਨਾਂ ਦੇ ਬੱਚੇ। ਸਾਰੇ ਹੀ ਹੋਟਲ ਇੰਡਸਟਰੀ ਦੇ ਕਿੱਤੇ ’ਚ
ਪਏ ਹੋਏ। ਇੱਕ ਚੇਤਨ ਹੀ ਸੀ ਜਿਸ ਨੇ
ਅਪਣੀ ਲਾਈਨ ਬਦਲੀ ਤੇ ਆਰਕੀਟੈਕਟ ਬਣਿਆ। ਇਸ ਵਜ੍ਹਾ ਕਰਕੇ ਉਸ ਦਾ ਦਾਦਾ ਕਿੰਨੇ ਸਾਲ ਉਸ ਨਾਲ
ਬੋਲਿਆ ਨਹੀਂ ਸੀ।
ਅਰਸ਼ ਨੂੰ ਉਹਦਾ ਵਿਆਹ ਦਾ ਤੋਹਫ਼ਾ ਬੀਚ ਤੇ ਬਣਿਆ ਛੇ ਬੈੱਡਰੂਮ ਤੇ ਛੇ ਬਾਥ ਵਾਲਾ ਘਰ ਸੀ
ਜੋ ਉਸ ਨੇ ਡੀਜ਼ਾਈਨ ਵੀ ਖ਼ੁਦ ਹੀ
ਕੀਤਾ।
‚ਵੈਨਕੂਵਰ ਕਦੋਂ ਕੁ ਤੋਂ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ?‛
‚ਜਿਹੜਾ ਇਨਸਾਨ ਘਰ ਛੱਡ ਤੁਰ ਗਿਆ ਤੇ ਮੈਨੂੰ ਅਪਣੀ ਜਿ਼ੰਦਗੀ ’ਚੋਂ ਕੱਢਣ ਨੂੰ ਫਿਰਦਾ ਹੈ,
ਉਹ ਕਿੰਨੇ ਸੁਆਲ ਕਰ ਰਿਹਾ
ਹੈ...‛ ਚੇਤਨ਼ ਦੇ ਬੁੱਲ੍ਹਾਂ ਤੇ ਕਠੋਰ ਵਿਅੰਗ ਸੀ।‚ਚੇਤਨ, ਉਸ ਹਾਦਸੇ ਦਾ ਦੋਸ਼ੀ ਤੂੰ
ਹਮੇਸ਼ਾਂ ਮੈਨੂੰ ਠਹਿਰਾਇਆ... ਮੇਰੀ ਮਾਨਸਿਕ ਹਾਲਤ ਇਸ ਤੁਹਮਤ ਨਾਲ ਹੋਰ ਵੀ ਵਿਗੜਣ
ਲੱਗੀ... ਮੈਂ ਨਹੀਂ ਰਹਿ ਸਕਦੀ ਸੀ ਉਸ ਘਰ ’ਚ‛।
‚ਮੈਂ ਕਦੀ ਤੈਨੂੰ ਜਿ਼ੰਮੇਵਾਰ ਨਹੀਂ ਠਹਿਰਾਇਆ ਉਸ ਬਦਕਿਸਮਤੀ ਲਈ‛
‚ਸਿੱਧਾ ਤਾਂ ਨਹੀਂ ਪਰ ਕਿੰਨੀ ਵਾਰ ਗੱਲਾਂ ’ਚ ਇਹੀ ਸੁਣਨ ਨੂੰ ਮਿਲਦਾ ਕਿ ਜੇ ਮੈਂ ਸੜਕ ਪਾਰ
ਕਰਨ ਵੇਲੇ ਐਮੀ ਦਾ ਹੱਥ ਘੁੱਟ ਕੇ
ਫੜਿਆ ਹੁੰਦਾ...‛
‚ਹਾਂ, ਇਹ ਸ਼ਾਇਦ ਕਿਹੈ ਮੈਂ...‛
‚ਗੋ ਬੈਕ ਚੇਤਨ... ਪਲੀਜ਼‛ ਉਸ ਨੇ ਹੱਥ ਦੇ ਇਸ਼ਾਰੇ ਨਾਲ ਜਾਣ ਦਾ ਇਸ਼ਾਰਾ ਕੀਤਾ ਤੇ ਹੰਝੂ
ਟਪਕ ਟਪਕ ਉਹਦੀਆਂ ਗੱਲ੍ਹਾਂ ਤੇ
ਡਿੱਗੇ।
‚ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ‛
‚ਪਰ ਮੇਰੀ ਕਲਾਸ ਹੈ ਸ਼ਾਮੀਂ... ਪੜ੍ਹਾਉਣ ਜਾਣੈ‛
‚ਕੱਲ੍ਹ ਆਵਾਂ?‛
ਨਾਂਹ ਕਰਦੀ ਕਰਦੀ ਉਹ ਰੁਕ ਗਈ। ਉਹ ਵੀ ਜਾਣਨਾ ਚਾਹੁੰਦੀ ਸੀ ਕਿ ਉਹ ਕੀ ਕਰਨ ਆਇਆ ਸੀ
ਆਖ਼ਰਕਰ।
‚ਓਕੇ...ਤਿੰਨ ਵਜੇ ਰੈਸਟੋਰੈਂਟ ਬੰਦ ਹੁੰਦੈ... ਉਸ ਤੋਂ ਬਾਅਦ ਮੈਂ ਇੰਤਜ਼ਾਰ ਕਰਾਂਗੀ‛
‚ਡੂ ਯੂ ਮਾਈਂਡ ਇਫ਼ ਵੀ ਗੋ ਗੌਲਫਿ਼ੰਗ?‛
ਉਹਦਾ ਦਿਲ ਤੇਜ਼ੀ ਨਾਲ ਧੜਕਿਆ। ਪਹਿਲੀ ਡੇਟ ਤੇ ਵੀ ਤਾਂ ਉਹ ਗੌਲਫ਼ ਖੇਡਣ ਹੀ ਗਏ ਸੀ।
‚ਮੈਂ ਚਾਰ ਵਜੇ ਦੀ ਟੀ ਔਫ਼ ਬੁੱਕਿੰਗ ਕਰਾਂਗਾ ਕਰੌਸ ਕ੍ਰੀਕ ਗੌਲਫ਼ ਐਂਡ ਕੰਟਰੀ ਕਲੱਬ ਦੀ‛
‚ਫ਼ਾਈਨ‛ ਕਹਿ ਉਹ ਮੁੜੀ ਤੇ ਅਪਣੇ ਕਮਰੇ ਵੱਲ ਚਲੀ ਗਈ।
ਜਾਂਦੇ ਜਾਂਦੇ ਉਹਨੇ ਡੈਡ ਨੂੰ ਦੇਖ ਲਿਆ ਸੀ ਚੇਤਨ ਦੇ ਮੋਢੇ ਤੇ ਥਾਪੀ ਦੇ ਕੇ ਕਹਿੰਦਿੰਆਂ,
‚ਅੱਜ ਮੈਂ ਅਪਣੇ ਹੱਥੀਂ ਚਿਕਨ ਟਿੱਕਾ ਤੇ
ਕੋਰਮਾ ਬਣਾਏ ਨੇ ਬੇਟਾ। ਖਾਣਾ ਆਪਾਂ ਇਕੱਠੇ ਖਾਣੈ‛।
‚ਆਈ ਐਮ ਸੌਰੀ ਡੈਡ... ਮੈਂ ਕਿਸੇ ਨੂੰ ਮਿਲਣੈ ਪਰ ਕੱਲ੍ਹ ਲੰਚ ਤੁਹਾਡੇ ਨਾਲ ਕਰਾਂਗਾ‛
ਅਰਸ਼ ਪੌੜੀਆਂ ਤੇ ਖੜੀ ਕਿੰਨੀ ਦੇਰ ਉਹਨਾਂ ਨੂੰ ਗੱਲਾਂ ਕਰਦੇ ਦੇਖਦੀ ਰਹੀ। ਡੈਡ ਲਈ ਤਾਂ
ਕੁਝ ਨਹੀਂ ਸੀ ਬਦਲਿਆ। ਉਹ ਤਾਂ ਓਨਾ
ਹੀ ਪਿਆਰ ਕਰਦੇ ਸਨ ਚੇਤਨ ਨੂੰ। ਜਦੋਂ ਵਿਆਹ ਦੀ ਗੱਲ ਚੱਲੀ ਸੀ ਤਾਂ ਦੋਸਤ, ਰਿਸ਼ਤੇਦਾਰ ਡੈਡ
ਤੇ ਮੌਮ ਨੂੰ ਟਿੱਚਰਾਂ ਕਰਦੇ ਕਿ
ਕੁੜੀ ਨੂੰ ਸਾਊਥ ਇੰਡੀਅਨ ਹੀ ਪਸੰਦ ਆਇਆ ਪਰ ਚੇਤਨ ਨੂੰ ਮਿਲਣ ਤੋਂ ਬਾਅਦ ਡੈਡ ਨੇ ਸਭ ਦੀ
ਬੋਲਤੀ ਬੰਦ ਕਰਵਾ ਦਿੱਤੀ ਸੀ।
ਉਹ ਸਾਰਿਆਂ ਨੂੰ ਬੜੇ ਮਾਣ ਨਾਲ ਦੱਸਦੇ, ‚ਹੀਰੈ, ਮੁੰਡਾ ਤਾਂ ਹੀਰਾ। ਐਹੋ ਜਿਹਾ ਅਸੀਂ ਜੇ
ਲੱਭਣ ਜਾਂਦੇ ਤਾਂ ਸਾਨੂੰ ਨਾ ਮਿਲਦਾ। ਕੁੜੀ
ਖੁਸ਼ ਐ ਬੱਸ, ’ਤੇ ਅਸੀਂ ਖੁਸ਼ ਆਂ‛।
ਉਹਨਾਂ ਨੇ ਹੁਣ ਵੀ ਕਦੀ ਅਪਣੀ ਬੇਟੀ ਨੂੰ ਕੁਰੇਦਣ ਦੀ ਕੋਸਿ਼ਸ਼ ਵੀ ਨਹੀਂ ਕੀਤੀ। ਦੁਖ ਵੀ
ਯਾਦ ਨਹੀਂ ਕਰਾਇਆ। ਉਹਨਾਂ ਨੂੰ ਬੱਸ
ਭਰੋਸਾ ਸੀ ਕਿ ਸਭ ਕੁਝ ਸਮੇਂ ਦੇ ਨਾਲ ਆਪੇ ਠੀਕ ਹੋ ਜਾਵੇਗਾ।‚ਸੀ ਯੂ ਟੁਮੌਰੋ‛ ਚੇਤਨ ਨੇ
ਗਰਦਨ ਘੁਮਾ ਪੌੜੀਆਂ ’ਚ ਖੜੀ ਐਸ਼ ਨੂੰ ਮਿਲਟਰੀ ਸਟਾਈਲ ਸੱਜਾ ਹੱਥ ਮੱਥੇ ਨੂੰ ਲਾ ਸਲੂਟ
ਕੀਤਾ ਤੇ
ਚਲਾ ਗਿਆ।
ਪਹਿਲੀ ਮੰਜਿ਼ਲ ਤੇ ਹੀ ਮੌਮ ਨੇ ਉਸ ਨੂੰ ਰੋਕਿਆ।
‚ਚੇਤਨ ਆ ਰਿਹੈ ਉੱਪਰ?‛
‚ਨਹੀਂ, ਉਹਨੇ ਕਿਤੇ ਜਾਣਾ ਸੀ‛ ਉਹਦਾ ਦਿਲ ਤਾਂ ਵਿਲਕਿਆ ਪਰ ਉਹਨੇ ਪਤਾ ਨਹੀਂ ਸੀ ਲੱਗਣ
ਦਿੱਤਾ। ਚੇਤਨ, ਜਿਹੜਾ ਰੋਜ਼
ਉਸਦੇ ਸੁਪਨਿਆਂ ’ਚ ਆਉਂਦਾ, ਜਿਹਦੇ ਨਾਲ ਜੀਣ ਮਰਨ ਦੇ ਵਾਅਦੇ ਕੀਤੇ ਤੇ ਜਦੋਂ ਇੱਕ ਦੂਜੇ ਦੇ
ਸਹਾਰੇ ਦੀ ਸ਼ਾਇਦ ਸਭ ਤੋਂ ਵੱਧ
ਲੋੜ ਸੀ ਤਾਂ ਇੱਕ ਦੂਜੇ ਨਾਲ ਜੀਣਾ ਦੁਸ਼ਵਾਰ ਹੋ ਗਿਆ...
‚ਇਹ ਕਿਵੇਂ ਹੋ ਸਕਦੈ ਕਿ ਜੁਆਈ ਘਰੋਂ ਭੁੱਖਾ ਈ ਤੁਰ ਗਿਆ... ਮੈਨੂੰ ਤਾਂ ਤੇਰੇ ਡੈਡ ਦੀ
ਸਮਝ ਤੇ ਵੀ ਹੈਰਾਨੀ ਹੁੰਦੀ ਐ‛ ਸੁਖਜੀਤ
ਨੇ ਬਾਹਾਂ ਮੋੜ ਅਪਣੀ ਭਾਰੀ ਛਾਤੀ ਤੇ ਕੀਤੀਆਂ ਤੇ ਅਪਣੀਆਂ ਐਨਕਾਂ ਦੇ ਸ਼ੀਸਿ਼ਆਂ ਤੋਂ ਧੀ
ਵੱਲ ਤੱਕਦੀ ਰਹੀ। ਮਾਂ ਦਾ ਗੋਲ ਮਟੋਲ
ਸਰੀਰ, ਦਰਮਿਆਨਾ ਕੱਦ ਤੇ ਗੋਰਾ ਰੰਗ ਹੋਰ ਵੀ ਸੂਹਾ ਹੋ ਗਿਆ।
‚ਕਿੰਨਾ ਮਾੜਾ ਹੋ ਗਿਐ ਵਿਚਾਰਾ, ਕਿਹੜਾ ਕੋਈ ਹੈ ਟਾਈਮ ਸਿਰ ਰੋਟੀ ਟੁੱਕ ਦੇਣ ਵਾਲਾ। ਕੰਮ
ਤੇ ਰਹਿੰਦਾ ਹੋਣੈ ਦਿਨ ਰਾਤ‛
‚ਮੌਮ‛ ਉਹ ਲਾਡ ’ਚ ਥੋੜ੍ਹਾ ਖਿਝੀ।
‚ਕੋਈ ਕੁੜੀ ਤੈਨੂੰ ਮਿਲਣ ਆਈ ਐ, ਬੇਟੇ‛ ਹੇਠੋਂ ਡੈਡ ਦੀ ਆਵਾਜ਼ ਸੀ।
‚ਕੌਣ?‛
‚ਮੈਨੂੰ ਤਾਂ ਨਾਂ ਵੀ ਨ੍ਹੀ ਸਮਝ ਆ ਰਿਹੈ ਕੀ ਦੱਸਦੀ ਐ, ਰੋਈ ਜਾਂਦੀ ਹੈ... ਪਤਾ ਨ੍ਹੀ...
ਡਿੱਪ ਹੀ ਸੁਣਿਐ ਮੈਨੂੰ ਤਾਂ...‛
‚ਡੈੱਬਰਾ ਹੋਣੀ ਐ‛ ਉਹ ਫਟਾਫਟ ਪੌੜੀਆਂ ਉੱਤਰੀ।
‚ਕੀ ਹੋਇਆ ਡੈੱਬਰਾ?‛
‚ਮੈਂ ਅਪਣੀ ਸਹੇਲੀ ਦਾ ਕੰਪਿਊਟਰ ਨ੍ਹੀ ਵਰਤ ਸਕਦੀ। ਉਹਦੀ ਮੌਮ ਨੇ ਖੋਹ ਲਿਐ ਉਹਦੇ ਕੋਲੋਂ
ਕਿਉਂਕਿ ਉਹ ਦਿਨ ਰਾਤ
ਔਨਲਾਈਨ ਗੱਲਾਂ ਕਰਦੀ ਰਹਿੰਦੀ ਸੀ। ਮੇਰਾ ਹੋਮਵਰਕ ਜੇ ਨਾ ਹੋਇਆ ਤਾਂ ਮੈਂ ਫਿਰ ਰਹਿ ਜਾਣੈ
ਇਸ ਸਾਲ‛ ਉਹ ਹੰਝੂ ਕੇਰਦੀ ਗੱਲ
ਕਰਦੀ ਰਹੀ।
‚ਮੈਂ ਤੈਨੂੰ ਲਾਇਬ੍ਰੇਰੀ ਕਿਹਾ ਸੀ ਜਾਣ ਨੂੰ‛
‚ਉਥੇ ਤਾਂ ਸਾਰੇ ਸੀਨੀਅਰ ਲੋਕ ਬੈਠੇ ਨੇ ਕੰਪਿਊਟਰਾਂ ਤੇ, ਲਾਇਬ੍ਰੇਰੀਅਨ ਕਹਿੰਦੀ, ਛੇ ਘੰਟੇ
ਬਾਅਦ ਵਾਰੀ ਆਊ‛
‚ਡੈੱਬਰਾ! ਰੋਣਾ ਬੰਦ ਕਰ ਪਲੀਜ਼, ਮੈਨੂੰ ਸੋਚਣ ਦੇ ਕਿ ਮੈਂ ਕੀ ਕਰ ਸਕਦੀ ਹਾਂ‛
‚ਸੌਰੀ ਮੈਮ‛ ਉਹਨੇ ਨੱਕ ਤੋਂ ਸਾਹ ਉੱਪਰ ਨੂੰ ਖਿੱਚਿਆ।
ਇੱਕ ਵਾਰ ਤਾਂ ਉਹਨੂੰ ਖਿਆਲ ਆਇਆ ਕਿ ਅਪਣਾ ਲੈਪਟੌਪ ਹੀ ਉਹਨੂੰ ਦੇ ਦੇਵੇ ਪਰ ਉਹਦਾ ਸਾਰਾ
ਕੁਝ ਉਹਦੇ ’ਚ ਲੋਡ ਕੀਤਾ
ਹੋਇਆ ਸੀ, ਪੜ੍ਹਾਏਗੀ ਕਿਵੇਂ? ਦੂਜੇ ਪਲ ਬਲੈਕਬੈਰੀ ਨੂੰ ਸਕਰੋਲ ਕਰ ਉਸ ਨੇ ਅਪਣੇ ਭਰਾ ਮਨੂ
ਦੇ ਨੰਬਰ ਤੇ ਕਲਿੱਕ ਕੀਤਾ।
‚ਹੈਲੋ ਸਿੱਸ... ਮਾਈ ਫੇਵਰਿਟ ਸਿੱਸ‛ ਮਨੂ ਮਜ਼ਾਕ ਦੇ ਮੂਡ ਵਿੱਚ ਸੀ।‚ਆਈ ਐਮ ਯੂਅਰ ਓਨਲੀ
ਸਿੱਸ ਐਂਡ ਨੀਡ ਅ ਫੇਵਰ‛
‚ਵੱਟ ਕੈਨ ਆਈ ਡੂ ਫੌਰ ਯੂ?‛
‚ਮਨੂ, ਤੂੰ ਇੱਕ ਵਾਰ ਮੈਨੂੰ ਕਿਹਾ ਸੀ ਕਿ ਤੇਰਾ ਬੈਂਕ ਪੁਰਾਣੇ ਲੈਪਟੌਪ ਦਾਨ ਕਰ ਦਿੰਦਾ
ਹੈ। ਮੈਂ ਜਿਹੜੇ ਲੋਕਾਂ ਨੂੰ ਅੱਜਕਲ੍ਹ ਪੜ੍ਹਾਉਂਦੀ
ਹਾਂ, ਉਹਨਾਂ ’ਚੋਂ ਕਈਆਂ ਕੋਲ ਲੈਪਟੌਪ ਨਹੀਂ ਤੇ ਉਹ ਹੋਮ ਵਰਕ ਨ੍ਹੀ ਕਰ ਸਕਦੇ। ਮੈਨੂੰ ਤਾਂ
ਅੱਜ ਅਹਿਸਾਸ ਹੋਇਐ ਕਿ ਅਸੀਂ
ਕਿੰਨੀ ਅਸਾਨੀ ਨਾਲ ਮਿੱਥ ਲੈਂਦੇ ਹਾਂ ਕਿ ਇਹ ਤਾਂ ਛੋਟੀ ਜਿਹੀ ਚੀਜ਼ ਹੈ, ਸਭ ਕੋਲ ਹੋਵੇਗੀ
ਜਿਵੇਂ ਕਿ ਪੈੱਨ ਖਰੀਦਣਾ ਹੋਵੇ ਪਰ ਨਹੀਂ
ਐਨਾ ਸੌਖਾ ਨ੍ਹੀ ਕਿ ਹਰੇਕ ਦੇ ਬੱਜਟ ’ਚ ਹੋਵੇ‛।
‚ਮੇਰਾ ਵੱਸ ਚੱਲਦਾ ਤਾਂ ਮੈਂ ਜ਼ਰੂਰ ਤੈਨੂੰ ਦੇ ਦਿੰਦਾ ਪਰ ਬੈਂਕ ਦੀ ਪਾਲਿਸੀ ਹੈ ਕਿ ਕਿਸੇ
ਐਨ ਜੀ ਓ ਜਾਂ ਨੌਨ ਪ੍ਰੌਫਿਟ ਕੰਪਨੀ ਨੂੰ ਹੀ
ਦੇਣੇ ਹਨ। ਤੇਰੇ ਕੋਲ ਦੂਜਾ ਹੱਲ ਇਹ ਹੈ ਕਿ ਤੂੰ ਅਪਣੇ ਵਿਦਿਆਰਥੀਆਂ ਦੀ ਕੰਪਨੀ ਬਣਾ ਕੇ
ਰਜਿਸਟਰ ਕਰਵਾ ਲੈ ਜਾਂ ਫੇਰ ਪਾਦਰੀ
ਜੌਨਾਥਨ ਦੀ ਕੰਪਨੀ ਦੇ ਰਾਹੀਂ ਅਰਜ਼ੀ ਦੇ ਕੇ ਦੇਖ, ਤੇਰਾ ਹੋਰ ਵੀ ਸਮਾਂ ਬਚ ਸਕਦਾ ਹੈ‛।
ਅਰਸ਼ ਦੇ ਸਾਰੇ ਸਰੀਰ ’ਚ ਜਿਵੇਂ ਭਾਂਬੜ ਵਾਂਗ ਖੁਸ਼ੀ ਦੀ ਲਹਿਰ ਦੌੜ ਗਈ ਹੋਵੇ।
‚ਲਵ ਯੂ ਬਰੋ‛
‚ਲਵ ਯੂ ਟੂ... ਤੇ ਥੈਂਕਸਗਿਵਿੰਗ ਤੇ ਅਸੀਂ ਸਾਰੇ ਜਾ ਰਹੇ ਸੱਰੀ। ਕੋਈ ਹੋਰ ਪ੍ਰੋਗ੍ਰਾਮ ਨਾ
ਬਣਾਈਂ। ਬੱਚੇ ਕਹਿੰਦੇ ਭੂਆ ਨੂੰ ਮਿੱਸ
ਕਰਦੇ ਆਂ ਤੇ ਤੇਰੀ ਭਾਬੀ ਨੇ ਸ਼ੌਪਿੰਗ ਕਰਨੀ ਐ ਤੇਰੇ ਨਾਲ...‛
‚ਓ ਕੇ‛ ਉਹ ਹਲਕਾ ਜਿਹਾ ਮੁਸਕਰਾਈ।
ਮਨੂ ਦੇ ਬੱਚੇ ਕਾਇਆ ਤੇ ਸਾਵਨ ਜਿਨ੍ਹਾਂ ਦੇ ਉਹ ਤੇ ਚੇਤਨ ਗੌਡ ਮਦਰ ਤੇ ਗੌਡ ਫਾਦਰ ਬਣੇ
ਸਨ... ਜਿਹੜੇ ਉਹਨਾਂ ਦੇ ਵਿਆਹ ਤੋਂ
ਅੱਠ ਸਾਲ ਬਾਅਦ ਆਈ.ਵੀ. ਐੱਫ਼ ਨਾਲ ਹੋਏ ਸਨ...
‚ਡੈੱਬਰਾ! ਕੁਝ ਖਾਧਾ ਪੀਤਾ ਤੂੰ ਅੱਜ?‛
‚ਨੋ ਮੈਮ‛
‚ਮੌਮ, ਡੈਬਰਾ ਤੇ ਇਹਦੇ ਬੇਟੇ ਲਈ ਕਿਚਨ ’ਚੋਂ ਕੁਝ ਪੈਕ ਕਰ ਦਿਓ ਪਲੀਜ਼‛
ਮੌਮ ਨੇ ਲੰਚ ਪੈਕ ਫੜਾਉਂਦਿਆਂ ਉਹਨੂੰ ਰੈਸਟੋਰੈਂਟ ਤੇ ਕੰਮ ਕਰਨ ਦੀ ਆਫ਼ਰ ਵੀ ਦਿੱਤੀ ਕਿ ਜੇ
ਉਹਨੂੰ ਕੰਮ ਦੀ ਤਲਾਸ਼ ਹੈ ਤਾਂ
ਉਹਨਾਂ ਦੇ ਦਰਵਾਜ਼ੇ ਖੁਲ੍ਹੇ ਹਨ।
ਅਗਲੇ ਦਿਨ ਸਰਵਿੰਗ ਦਾ ਕੰਮ ਨਿਪਟਾ ਪੂਰੀ ਤਿਆਰ ਹੋਈ ਅਰਸ਼ ਬੱਸ ਸੈਂਡਲ ਹੀ ਪਾ ਰਹੀ ਸੀ ਕਿ
ਫ਼ੋਨ ਵੱਜਿਆ।
‚ਚੇਤਨ, ਮੈਂ ਇੱਕ ਮਿੰਟ ’ਚ ਹੇਠਾਂ ਆਈ‛
‚ਟੇਕ ਯੂਅਰ ਟਾਈਮ‛
‚ਔਫ਼‛ ਦੱਬ ਉਸ ਫ਼ੋਨ ਪਰ੍ਹੇ ਰੱਖਿਆ ਤੇ ਦੂਜਾ ਪੈਰ ਸੈਂਡਲ ’ਚ ਪਾਇਆ। ਡਰੈੱਸ ਪੈਂਟਸ ਤੇ
ਕਾਲੀ ਗੌਲਫ਼ ਸ਼ਰਟ ਤੇ ਸਿਰ ਤੇ ਹੈਟ
ਲਈ ਹੋਈ ਉਹ ਨਿਊਜ਼ੀਲੈਂਡ ਗੌਲਫ਼ਰ ‘ਲਿਡੀਆ ਕੋ’ ਵਰਗੀ ਲੱਗਦੀ ਸੀ।
ਤੇਜ਼ ਕਦਮੀ ਉਸ ਹੇਠਾਂ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਉਹ ਇੱਕ ਪਲ ਲਈ ਤ੍ਰਭਕ ਜਿਹਾ ਗਈ ਜਦ
ਚੇਤਨ ਤਾਂ ਬਾਹਰ ਜਿਵੇਂ
ਦਰਵਾਜ਼ਾ ਖੋਲ੍ਹਣ ਲਈ ਹੀ ਖੜਾ ਸੀ। ਵੈਸੇ ਵੀ ਉਹਦਾ ਕਪੜੇ ਪਹਿਨਣ ਦਾ ਸ਼ੌਕ, ਨੇਵੀ ਬਿਜ਼ਨਸ
ਸੂਟ, ਅਸਮਾਨੀ ਰੰਗ ਦੀ ਸ਼ਰਟ ਤੇ
ਟਾਈ ਅਪਣੇ ਆਪ ’ਚ ਵੱਖਰਾ ਹੀ ਸੀ। ਉਹਦੇ ਨੈਣ ਨਕਸ਼ ਤੇ ਘੁੰਗਰਾਲੇ ਵਾਲ ਉਹਦੀ ਦਿੱਖ ਨੂੰ
ਚਾਰ ਚੰਨ ਲਾ ਰਹੇ ਸਨ।ਚੇਤਨ ਵੀ ਪਤਾ ਨਹੀਂ ਕਿਹੜੀਆਂ ਯਾਦਾਂ ’ਚ ਵਹਿ ਤੁਰਿਆ ਸੀ, ਕਿਵੇਂ ਉਹ
ਅਪਣੇ ਮਿਆਮੀ ਬੀਚ ਵਾਲੇ ਘਰ ’ਚ ਪਾਰਟੀਆਂ ਕਰਦੇ
ਤੇ ਪਿੱਛੇ ਡੌਕ ਤੇ ਖੜੀ ਬੋਟ ਹਾਊਸ ’ਚ ਉਹ ਸਮੁੰਦਰ ਦੇ ਕਿਸੇ ਵੀ ਕਿਨਾਰੇ ਜਾ ਰਹਿ ਆਉਂਦੇ।
ਵਾਟਰ ਸਰਫਿੰਗ ਤਾਂ ਉਹ ਹਫ਼ਤੇ ’ਚ
ਦੋ ਵਾਰ ਜਾਂਦੇ।
‚ਯੂ ਲੁੱਕ ਸਟੱਨਿੰਗ‛ ਉਸ ਕਾਰ ਕੋਲ ਪਹੁੰਚ ਅਰਸ਼ ਲਈ ਤਾਕੀ ਖੋਲ੍ਹੀ ਤੇ ਬਿਠਾ ਕੇ ਬੰਦ
ਕੀਤੀ।
ਥੋੜ੍ਹੀ ਦੇਰ ਕਾਰ ’ਚ ਚੁੱਪ ਪੱਸਰੀ ਰਹੀ। ਕੱਲ੍ਹ ਹੋਈ ਮੁਲਾਕਾਤ ’ਚ ਥੋੜ੍ਹਾ ਜਿਹਾ ਤਨਾਅ
ਸੀ। ਉਹ ਨਹੀਂ ਸੀ ਚਾਹੁੰਦਾ ਕਿ ਅੱਜ ਕੋਈ
ਅਜਿਹੀ ਗੱਲ ਹੋਵੇ।
‚ਵੁੱਡ ਯੂ ਲਾਈਕ ਟੂ ਹੀਅਰ ਸਮ ਮਿਊਜਿ਼ਕ?‛
‚ਦੈਟ ਵੁੱਡ ਬੀ ਨਾਈਸ‛ ਅਪਣਾ ਸਿਰ ਘੁਮਾ ਉਸ ਨੇ ਅਪਣੇ ਪਤੀ ਨੂੰ ਇੱਕ ਵਾਰ ਫੇਰ ਨਿਹਾਰਿਆ।
‚ਫਲੋਰਿਡਾ ਵਾਪਸ ਕਦੋਂ ਜਾਣੈ ਤੁਸੀਂ?‛
‚ਪਤਾ ਨਹੀਂ‛ ਉਹਦੇ ਹੱਥਾਂ ਨੇ ਸਟੀਅਰਿੰਗ ਵੀਲ੍ਹ ਹੋਰ ਵੀ ਜਕੜ ਕੇ ਫੜਿਆ।
‚ਸੱਰੀ ’ਚ ਕਿੱਥੇ ਰਹਿ ਰਹੇ ਓ?‛
‚ਹੋਟਲ ਸ਼ੈਰੇਟਨ ’ਚ ਸੁਈਟ ਲਿਆ ਹੋਇਐ‛
ਉਹ ਸਾਹਮਣੇ ਦੇਖਦੀ ਸੋਚ ਰਹੀ ਸੀ ਕਿ ਸੁਆਲ ਤਾਂ ਉਹ ਕਰੀ ਜਾ ਰਹੀ ਹੈ ਪਰ ਕੋਈ ਢੁਕਵਾਂ ਜੁਆਬ
ਨਹੀਂ ਮਿਲ ਰਿਹਾ। ਛੇ ਹਜ਼ਾਰ
ਮੀਲ ਦਾ ਸਫ਼ਰ ਕਰ ਕੇ ਇਹ ਮੇਰੇ ਨਾਲ ਕੋਈ ਗੱਲ ਕਰਨ ਆਇਐ ਪਰ ਗੱਲ ਕੋਈ ਕਰ ਨਹੀਂ ਰਿਹਾ।
ਗੌਲਫ਼ ਕੋਰਸ ਤੇ ਪਹੁੰਚੇ।
ਪਹਿਲੇ ਹੋਲ ’ਚ ਚਾਰ ਹਿੱਟਾਂ ’ਚ ਹੀ ਬਾਲ ਪਾਉਣ ਤੇ ਅਰਸ਼ ਨੇ ‘ਬਰਡੀ’ ਕਰ ਦਿੱਤੀ। ਪਰ ਚੇਤਨ
ਤੋਂ ਤਾਂ ਅੱਠ ਹਿੱਟਾਂ ’ਚ ਵੀ ਮਸੀਂ
ਪਈ ਤੇ ਉਹ ‘ਸਨੋਮੈਨ’ ਹੀ ਕਰ ਸਕਿਆ। ਐਨੀ ਮਾੜੀ ਗੇਮ ਤਾਂ ਕਦੇ ਨਹੀਂ ਸੀ ਉਹਦੀ ਪਰ ਮਨ ਹੀ
ਉੱਖੜਿਆ ਹੋਇਆ ਸੀ।
ਸ਼ਾਇਦ ਉਹ ਅਰਸ਼ ਨੂੰ ਜਿੱਤਦੀ ਦੇਖਣਾ ਚਾਹੁੰਦਾ ਸੀ। ਇਉਂ ਹੀ ਜਿੱਤਦੇ ਹਾਰਦੇ ਉਹਨਾਂ ਢਾਈ
ਘੰਟੇ ’ਚ ਗੌਲਫ਼ ਕੋਰਸ ਤੇ ਨੌਂ ਹੋਲ
ਖੇਡੇ ਤੇ ਉਥੋਂ ਸਿੱਧਾ ਡਿਨਰ ਤੇ ਚਲੇ ਗਏ।
‚ਡੂ ਯੂ ਵਾਂਟ ਮੀ ਟੂ ਔਰਡਰ ਫੌਰ ਯੂ?‛
‚ਨੋ, ਆਇ’ਲ ਔਰਡਰ ਮਾਈਸੈਲਫ਼‛ ਕਹਿ ਅਰਸ਼ ਨੇ ਇੱਕ ਸਰਸਰੀ ਨਜ਼ਰ ਉਹਦੇ ਚਿਹਰੇ ਤੇ ਮਾਰੀ।
ਉਹਦਾ ਰੰਗ ਉੱਡਿਆ
ਹੋਇਆ ਸੀ। ਪਹਿਲਾਂ ਤਾਂ ਉਹ ਹਮੇਸ਼ਾਂ ਚਾਹੁੰਦੀ ਸੀ ਕਿ ਉਹੀ ਔਰਡਰ ਕਰੇ।
‚ਕੈਨ ਵੀ ਸ਼ੇਅਰ ਐਪੇਟਾਈਜ਼ਰ? ਮੈਰੀਨੇਟਡ ਔਲਿਵਜ਼ ਤੇ ਗੋਟ ਚੀਜ਼...‛
ਉਹਦਾ ਹਾਸਾ ਨਿਕਲ ਗਿਆ। ਇਹ ਉਹਦੀ ਮਨ ਭਾਉਂਦੀ ਡਿਸ਼ ਸੀ।
‚...ਤੇ ਬੌਟਲ ਔਫ਼ ਰੈੱਡ ਵਾਈਨ ਫੌਰ ਬੋਥ ਔਫ਼ ਅਸ‛ ਚੇਤਨ ਨੇ ਅੱਖ ਜਿਹੀ ਮਾਰ ਗੱਲ ਮੁਕਾਈ।
ਅਪਣੇ ਕੋਟ ਦੀ ਜੇਬ ’ਚੋਂ
ਲਿਫ਼ਾਫ਼ਾ ਕੱਢ ਮੂਹਰੇ ਧਰਦਿਆਂ ਉਸ ਕਿਹਾ, ‚ਮੈਂ ਮਿਆਮੀ ਵਾਲਾ ਘਰ ਵੇਚਣਾ ਚਾਹੁੰਦਾ ਹਾਂ ਪਰ
ਤੇਰੇ ਸਾਈਨ ਹੋਣੇ ਤਾਂ ਜ਼ਰੂਰੀ ਨੇ
ਨਾ...‛
‚ਯੂ ਵਾਂਟ ਟੂ ਸੈੱਲ ਦ ਹਾਊਸ?‛ ਉਹਨੂੰ ਧੱਕਾ ਜਿਹਾ ਲੱਗਾ।
ਜੁਆਬ ’ਚ ਚੇਤਨ ਨੇ ਸਿਰਫ਼ ਸਿਰ ਹਿਲਾਇਆ। ‚ਪਰ ਕਿਉਂ?‛ ਜਿਵੇਂ ਉਹਦੀਆਂ ਅੱਖਾਂ ਅੱਗੇ ਹਨੇਰਾ
ਜਿਹਾ ਆ ਗਿਆ। ਉਹ ਘਰ ਜਿਹੜਾ ਕਿੰਨੇ ਚਾਅ ਮਲਾਰਾਂ ਨਾਲ ਉਹਦੇ ਵਾਸਤੇ
ਬਣਿਆ ਤੇ ਕਿੰਨੀਆਂ ਖੁਸ਼ੀਆਂ ਖੇੜੇ ਤੇ ਰੰਗ ਭਾਗ ਲੱਗੇ ਉਸ ਘਰ ਨੂੰ... ਤੇ ਫਿਰ ਅਚਾਨਕ ਇੱਕ
ਦਿਨ... ਮਣਾਂ ਮੂੰਹੀਂ ਭਾਰ ਥੱਲੇ ਦੱਬ
ਗਈ ਜਿਵੇਂ ਓਹ।
‚ਤੇਰਾ ਕੋਈ ਇਰਾਦਾ ਹੈ ਉੱਥੇ ਰਹਿਣ ਦਾ? ਕਿਉਂਕਿ ਕੋਈ ਮਜਬੂਰੀ ਤਾਂ ਹੈ ਨਹੀਂ ਕਿ ਵੇਚਣਾ ਹੀ
ਹੈ‛
‚ਨਹੀਂ...‛
‚ਮੈਨੂੰ ਪਤਾ ਸੀ ਕਿ ਇਹੀ ਜੁਆਬ ਹੋਵੇਗਾ। ਮੇਰੇ ਮਾਮੇ ਦੀ ਬੇਟੀ ਆਰੁਸ਼ੀ ਤੇ ਉਸ ਦੇ ਬੁਆਏ
ਫਰੈਂਡ ਸੂਰਜ ਨੇ ਹੀ ਖਰੀਦਣਾ ਹੈ।
ਉਹਨਾਂ ਨੂੰ ਪਸੰਦ ਹੈ‛।
‚ਤੁਸੀਂ ਕਿੱਥੇ ਰਹਿਣੈ ਫੇਰ?‛
‚ਮੈਂ ਹਾਲੇ ਸੋਚਿਆ ਨਹੀਂ‛
ਅਰਸ਼ ਨੇ ਇੱਕ ਲੰਮਾ ਹੌਕਾ ਲਿਆ। ਚਲੋ, ਜੇ ਕੋਈ ਘਰ ਦਾ ਬੰਦਾ ਹੀ ਖਰੀਦਦਾ ਹੈ ਤਾਂ ਹਰਜ ਵੀ
ਕੀ ਹੈ। ਸੂਰਜ ਦਾ ਇਹ ਹੁਣ
ਤੋਹਫ਼ਾ ਹੋਵੇਗਾ ਅਪਣੀ ਆਰੁਸ਼ੀ ਲਈ...‛
‚ਪ੍ਰਮਾਤਮਾ ਕਰੇ ਕਿ ਆਰੁਸ਼ੀ ਵੀ ਉਸ ਘਰ ’ਚ ਓਨੀਆਂ ਹੀ ਖੁਸ਼ੀਆਂ ਮਾਣੇ ਜਿੰਨੀਆਂ ਸਾਨੂੰ
ਮਿਲੀਆਂ‛ ਉਸ ਨੇ ਦਿਲੋਂ ਉਹਨਾਂ ਲਈ
ਦੁਆ ਕਰਦਿਆਂ ਦੋ ਮਿੰਟ ’ਚ ਪੇਪਰਾਂ ਤੇ ਦਸਤਖ਼ਤ ਕਰ ਦਿੱਤੇ।
‚ਜੇ ਤੂੰ ਐਨੀ ਖੁਸ਼ ਸੀ ਅਰਸ਼ ਉਸ ਘਰ ’ਚ ਤਾਂ ਛੱਡ ਕੇ ਕਿਉਂ ਆਈ, ਪੁੱਛ ਸਕਦਾ ਹਾਂ ਮੈਂ?‛
‚ਨਹੀਂ ਰਹਿ ਸਕਦੀ ਸੀ ਮੈਂ... ਦਿਨ ਰਾਤ ਜਦੋਂ ਸੁਣਨ ਨੂੰ ਮਿਲਦਾ ਸੀ ਕਿ ਅਮੋਲਿਕਾ ਦੇ
ਵਿਛੋੜੇ ਲਈ ਮੈਂ ਜਿ਼ੰਮੇਵਾਰ ਹਾਂ। ਤੂੰ ਹਮੇਸ਼ਾਂ
ਮੈਨੂੰ ਜੌਬ ਛੱਡ ਘਰ ਬੈਠਣ ਲਈ ਹੀ ਕਹਿੰਦਾ ਰਿਹਾ, ਅਮੋਲਿਕਾ ਦੇ ਜਨਮ ਤੋਂ ਪਹਿਲਾਂ ਵੀ। ਤੂੰ
ਹਮੇਸ਼ਾਂ ਅਪਣੀ ਮਾਮਾ ਨੂੰ ਘਰ ਹੀ
ਦੇਖਿਆ ਤੇ ਓਹੀ ਤੂੰ ਮੈਨੂੰ ਬਣਾਉਣਾ ਚਾਹੁੰਦਾ ਸੀ। ਮੈਂ ਟੀਚਰ ਬਣ ਕੇ ਅਪਣਾ ਇਸ ਧਰਤੀ ਤੇ
ਆਉਣ ਦਾ ਮਨੋਰਥ ਪੂਰਾ ਕਰ ਰਹੀ
ਸੀ। ਮੈਂ ਨਹੀਂ ਛੱਡ ਸਕਦੀ ਉਹ ਕੰਮ ਜੋ ਪ੍ਰਮਾਤਮਾ ਨੇ ਮੈਨੂੰ ਸੌਂਪਿਆ ਹੈ‛ ਉਹਦੇ ਅੰਦਰ
ਦੱਬੀ ਅੱਗ ਸੁਲਗ ਉੱਠੀ।
‚ਪਰ ਇਹ ਮਸਲਾ ਤਾਂ ਆਪਾਂ ਘਰ ’ਚ ਰਹਿ ਕੇ ਵੀ ਸੁਲਝਾ ਸਕਦੇ ਸੀ‛ ਮਨਾਂ ਅੰਦਰ ਉੱਸਰ ਆਈਆਂ
ਕੰਧਾਂ ਉਸ ਨੂੰ ਬੇਚੈਨ ਕਰ
ਰਹੀਆਂ ਸਨ।
‚ਜਦੋਂ ਤੁਹਾਡੀ ਮਾਮਾ ਨੇ ਇੱਕ ਦਿਨ ਤੁਹਾਨੂੰ ਕਿਹਾ ਕਿ ਘਰ ’ਚ ਇੱਕ ਬੱਚਾ ਸੀ, ਉਹਨੂੰ
ਸੰਭਾਲ ਨਹੀਂ ਸਕੀ ਤੇ ਸਕੂਲ ’ਚ ਚਾਲੀਆਂ
ਨੂੰ ਸੰਭਾਲਦੀ ਕਿਵੇਂ ਹੈ ਤਾਂ ਤੁਸੀਂ ਜੁਆਬ ਕਿਉਂ ਨਾ ਦਿੱਤਾ?‛
‚ਮੈਂ ਕਿਸੇ ਨਾਲ ਤਕਰਾਰਾਂ ਕਰਨ ਜੋਗਾ ਕਿੱਥੇ ਸੀ ਅਰਸ਼? ਅਪਣੀ ਬੱਚੀ ਨੂੰ ਅਪਣੇ ਹੱਥੀਂ ਦਬਾ
ਕੇ ਆਉਣ ਤੋਂ ਬਾਅਦ ਮੈਨੂੰ ਅਪਣੇ
ਆਪ ਤੋਂ ਹੀ ਭੈਅ ਜਿਹਾ ਆਉਂਦਾ, ਅਪਣਾ ਆਪ ਹੀ ਇੱਕ ਰਾਖ ਦੀ ਢੇਰੀ ਜਿਹੀ ਲੱਗਦਾ। ਕਿੰਨੀ ਦੇਰ
ਤਾਂ ਅਪਣੇ ਮਨ ਨੂੰ ਮੱਲੋਜ਼ੋਰੀ
ਮਨਾਉਂਦਾ ਰਿਹਾ ਕਿ ਨਹੀਂ ਅਜਿਹਾ ਕੁਝ ਨਹੀਂ ਹੋਇਆ, ਅਮੋਲਿਕਾ ਤਾਂ ਮਨੂ ਦੇ ਬੱਚਿਆਂ ਕੋਲ ਗਈ
ਹੋਈ ਹੈ ਜਾਂ ਸੱਰੀ ਵਾਲੇ ਮੌਮ
ਡੈਡ ਕੋਲ ਗਈ ਹੋਈ ਹੈ, ਦੋ ਕੁ ਮਹੀਨੇ ਤੱਕ ਆ ਜਾਵੇਗੀ। ਹਾਂ, ਉਹਨਾਂ ਪਲਾਂ ’ਚ ਮੇਰੇ ਮਨ ’ਚ
ਇਹ ਗੱਲ ਵੀ ਆਈ ਕਿ ਕਾਸ਼ ਤੂੰ
ਉਹਦਾ ਹੱਥ ਘੁੱਟ ਕੇ ਫੜਿਆ ਹੁੰਦਾ ਤਾਂ ਕਿਉਂ ਉਹ ਭੱਜ ਕੇ ਸੜਕ ਪਾਰ ਕਰਦੀ ਤੇ ਕਾਰ ਦੀ ਫੇਟ
ਨਾਲ ਔਹ ਜਾਂਦੀ...‛ ਬੋਲਦਾ
ਬੋਲਦਾ ਉਹ ਚੁੱਪ ਹੋ ਗਿਆ।
‚ਮੈਂ ਉਹਦਾ ਹੱਥ ਫੜੀ ਖੜੀ ਨੇ ਇੱਕ ਸਕਿੰਟ ਲਈ ਵੀ ਅਣਗਹਿਲੀ ਨਹੀਂ ਸੀ ਕੀਤੀ। ਮੇਰੇ ਨਾਲ
ਤਾਂ ਉਹੀ ਹੋਈ ਜਿਵੇਂ ਅਕਸਰ
ਮਾਵਾਂ ਨੂੰ ਟੀ ਵੀ ਤੇ ਦੇਖਿਆ ਜਾਂ ਨਾਵਲਾਂ ’ਚ ਪੜ੍ਹਿਆ ਕਿ ਮੈਂ ਬੱਸ ਪਿੱਠ ਮੋੜੀ ਕਿ ਬੱਚੇ
ਨੇ ਤੇਲ ਆਲੀ ਕੜਾਹੀ ਤੇ ਹੱਥ ਮਾਰ ਅਪਣੇ ਉੱਤੇ ਉਲਟਾ ਲਈ... ਜਾਂ ਮੈਂ ਇੱਕ ਮਿੰਟ ਲਈ
ਸਵਿੰਮਿੰਗ ਪੂਲ ਦਾ ਦਰਵਾਜ਼ਾ ਬੰਦ ਕਰਨਾ ਭੁੱਲੀ ਤੇ ਬੱਚਾ ਪਤਾ ਨਹੀਂ ਕਦੋਂ ਬਾਹਰ
ਨਿਕਲ ਕੇ ਡੁੱਬ ਗਿਆ... ਤੇ ਮੈਥੋਂ... ਹੱਥ... ਛੁਟ ਗਿਆ...‛ ਉਸ ਦੀਆਂ ਭੁੱਬਾਂ ਨਿਕਲ
ਗਈਆਂ।
ਉਹ ਤਾਂ ਭੁੱਲ ਹੀ ਗਈ ਸੀ ਕਿ ਉਹ ਕਿੱਥੇ ਬੈਠੀ ਹੈ।
‚ਚੇਤਨ, ਕੋਈ ਹੋਰ ਗੱਲ ਕਰੀਏ... ਸ਼ਾਇਦ ਇਹ ਗੱਲਾਂ ਕਰਨ ਤਾਂ ਨਹੀਂ ਆਏ ਆਪਾਂ ਐਥੇ‛ ਉਹ ਆਪ
ਹੀ ਕੁਝ ਸਹਿਜ ਹੁੰਦੀ
ਬੋਲੀ।
‚ਨਹੀਂ, ਇਹ ਵੀ ਜ਼ਰੂਰੀ ਹੈ... ਕਿਉਂਕਿ ਆਪਾਂ ਕਦੇ ਆਪਸ ’ਚ ਦੁੱਖ ਸਾਂਝਾ ਹੀ ਨਹੀਂ ਕਰ
ਸਕੇ... ਆਈ ਐਮ ਸੋ ਸੌਰੀ ਟੂ ਹਰਟ
ਯੂ, ਮਾਈ ਲਵ‛ ਉਹਨੇ ਅਪਣੇ ਹੱਥਾਂ ਨੂੰ ਉਸ ਦੇ ਚਿਹਰੇ ਦੁਆਲੇ ਘੁੱਟਦਿਆਂ ਕਿਹਾ।
‚ਹੋਰ ਕੀ ਚੱਲ ਰਿਹੈ ਅੱਜਕਲ੍ਹ?‛
‚ਬੱਸ, ਚਰਚ ਦੁਆਰਾ ਚਲਾਏ ਗਏ ਇੱਕ ਪ੍ਰੋਗ੍ਰਾਮ ਤਹਿਤ ਹਾਈ ਸਕੂਲ ਡਰੌਪਆਊਟਸ ਨੂੰ ਹਾਈ ਸਕੂਲ
ਪਾਸ ਕਰਾਉਣ ਦਾ ਕੰਮ ਹੈ
ਮੇਰੇ ਕੋਲ। ਸ਼ਾਮੀਂ ਜ਼ਰੂਰ ਜਾਣਾ ਹੁੰਦੈ ਹਫ਼ਤੇ ’ਚ ਦੋ ਦਿਨ ਤੇ ਬਾਕੀ ‘ਸੂਕੀ’ਜ਼ ਕਿਚਨ’
’ਚ ਹੈਲਪ...‛ ਉਹਦਾ ਭੋਲਾਪਨ ਦੇਖਣ
ਲਾਇਕ ਸੀ।
‚ਪਰ ਉੱਥੇ ਵੀ ਹੁਣ ਪ੍ਰੌਬਲਮ ਖੜੀ ਹੋ ਗਈ ਹੈ, ਮੇਰੀ ਇੱਕ ਸਟੂਡੈਂਟ ਨੇ ਤਾਂ ਮੈਨੂੰ ਸਾਫ਼
ਦੱਸ ਦਿੱਤਾ ਕਿ ਉਹਦੇ ਕੋਲ ਲੈਪਟੌਪ ਨਹੀਂ
ਤੇ ਉਹ ਹੋਮਵਰਕ ਨਹੀਂ ਕਰ ਸਕਦੀ ਪਰ ਮੈਂ ਹੁਣ ਸੋਚਦੀ ਹਾਂ ਕਿ ਹੋਰ ਪਤਾ ਨਹੀਂ ਕਿੰਨੇ ਕੁ
ਹੋਣਗੇ ਜਿਹੜੇ ਸ਼ਰਮਾਉਂਦੇ ਹੋਣ ਕਰਕੇ
ਦੱਸਦੇ ਨਹੀਂ ਤੇ ਨਾ ਹੀ ਉਹਨਾਂ ਤੋਂ ਕੋਈ ਪ੍ਰੌਜੈਕਟ ਹੋਣਾ ਹੈ... ਕਿੰਨੇ ਸਾਲਾਂ ਬਾਅਦ
ਉਹਨਾਂ ਨੇ ਇੱਕ ਹੋਰ ਹੰਭਲਾ ਮਾਰ ਅਪਣਾ
ਇਰਾਦਾ ਪੱਕਾ ਕੀਤੈ ਕਿ ਪੜ੍ਹਾਈ ਜਾਰੀ ਰੱਖੀ ਜਾਵੇ ਤੇ ਜਿ਼ੰਦਗੀ ਵਿੱਚ ਕੁਝ ਬਣਿਆ ਜਾਵੇ ਤੇ
ਮੈਂ ਨਹੀਂ ਚਾਹੁੰਦੀ ਕਿ ਇੱਕ ਲੈਪਟੌਪ ਦਾ
ਨਾ ਹੋਣਾ ਉਹਨਾਂ ਦੇ ਰਾਹ ’ਚ ਰੋੜਾ ਬਣੇ‛।
‚ਮੈਨੂੰ ਦੱਸ ਕਿੰਨੇ ਚਾਹੀਦੇ ਨੇ ਲੈਪਟੌਪ... ਮੈਂ ਤਾਂ ਕੰਪਨੀ ਦੇ ਖਾਤੇ ’ਚੋਂ ‘ਡੋਨੇਸ਼ਨ’
ਦਿਖਾ ਟੈਕਸ ਦੀ ਰਾਹਤ ਲੈ ਹੀ ਲੈਣੀ ਹੈ‛
‚ਨਹੀਂ, ਇਹ ਤਾਂ ਮੈਂ ਵੀ ਕਰ ਸਕਦੀ ਹਾਂ... ਟੈਕਸ ਰਿਟਰਨ ਤਾਂ ਮੈਂ ਵੀ ਭਰਦੀ ਹਾਂ‛
‚ਜਾਂ ਫਿਰ ਮੈਂ ਅਪਣੇ ਪਰਿਵਾਰ ਨਾਲ ਗੱਲ ਕਰ ਲਵਾਂ ਕਿ ਜਿਹੜੇ ਲੈਪਟੌਪ ਹੋਟਲਾਂ ’ਚ ਕੁਝ
ਪੁਰਾਣੇ ਹੋ ਗਏ ਨੇ, ਉਨ੍ਹਾਂ ਨੂੰ ਦਾਨ ਕਰ
ਦਿੱਤਾ ਜਾਵੇ‛
‚ਨਹੀਂ, ਇਹ ਵੀ ਨਹੀਂ... ਮੈਂ ਤਾਂ ਇਹ ਨੌਨ ਪ੍ਰੌਫਿਟ ਔਰਗੇਨਾਈਜ਼ੇਸ਼ਨ ਸਟੇਟ ਲੈਵਲ ਤੇ
ਸਥਾਪਿਤ ਕਰਨਾ ਚਾਹੁੰਦੀ ਹਾਂ ਤਾਂ ਕਿ ਸੱਰੀ
ਤਾਂ ਕੀ ਸਾਰੇ ਬੀ ਸੀ ’ਚ ਕੋਈ ਵੀ ਲੋੜਵੰਦ ਹਾਈ ਸਕੂਲ ਡਰੌਪਆਊਟ ਇਸ ਤੋਂ ਵਾਂਝਾ ਨਾ ਰਹੇ...
ਡੂ ਯੂੀ ਥਿੰਕ ਆਈ ਕੈਨ ਡੂ
ਇਟ?‛
‚ਫੌਰ ਸ਼ੋਅਰ... ਪਾਦਰੀ ਜੌਨਾਥਨ ਨੂੰ ਅਪਣੇ ਨਾਲ ਲੈ ਕੇ ਚੱਲੀਂ‛
‚ਅਸੀਂ ਪਹਿਲਾਂ ਇੱਕ ਫ਼ੰਡ ਰੇਜ਼ਰ ‘ਸੰਡੇ ਬਰੰਚ’ ਕਰਾਂਗੇ। ਉਸ ਤੋਂ ਜਿੰਨੇ ਪੈਸੇ ਇਕੱਠੇ ਹੋ
ਸਕੇ, ਓਨੇ ਦਾ ਹੀ ਤੁਹਾਨੂੰ ਸਾਡੀ ਐਨ ਜੀ
ਓ ਨੂੰ ਚੈੱਕ ਕੱਟਣਾ ਪਵੇਗਾ‛
‚ਹੈਵ ਮਾਈ ਵਰਡ ਔਨ ਦੈਟ‛ ਕਹਿ ਚੇਤਨ ਨੇ ਉਸ ਦਾ ਹੱਥ ਫੜਿਆ।
ਵੇਟਰ ਕੈਬਰਨੇ ਵਾਈਨ ਦੀ ਬੋਤਲ ਤੇ ਦੋ ਗੌਬਲੈੱਟ ਲੈ ਕੇ ਆ ਗਿਆ। ‚ਐਕਸੇਲੈਂਟ‛ ਅਰਸ਼ ਨੇ ਇੱਕ
ਘੁੱਟ ਅਪਣੇ ਮੂੰਹ ’ਚ ਘੁਮਾ
ਗਲੇ ਤੋਂ ਹੇਠਾਂ ਕਰਦਿਆਂ ਕਿਹਾ।
ਚੇਤਨ ਨੇ ਅਪਣਾ ਗਿਲਾਸ ਉੱਪਰ ਚੁੱਕਦਿਆਂ ਤੇ ਦੂਜੇ ਨਾਲ ਹੌਲੀ ਜਿਹੀ ਟਕਰਾਉਂਦਿਆਂ ਟੋਸਟ
ਕੀਤਾ ‚ਟੂ ਲਵ ਐਂਡ ਹੈਪੀਨੈੱਸ...‛‚ਤੁਸੀਂ ਕਹਿੰਦੇ ਓ ਕਿ ਬਿਜ਼ਨਸ ਟਰਿੱਪ ਤੇ ਹੋ
ਅੱਜਕਲ੍ਹ... ਕਿਹੜੀ ਕੰਪਨੀ ਨਾਲ ਚੱਲ ਰਿਹੈ ਕੰਮ ਐਥੇ?‛ ਅਰਸ਼ ਨੇ ਅਪਣੀ ਕੂਹਣੀ
ਟੇਬਲ ਤੇ ਰੱਖ ਤੇ ਠੋਡੀ ਅਪਣੀ ਹਥੇਲੀ ਤੇ ਟਿਕਾਉਂਦਿਆਂ ਪੁੱਛਿਆ।
‚ਮੇਰੇ ਇੱਕ ਦੋਸਤ ਨੇ ਸ਼ੌਪਿੰਗ ਮਾਲ ਤੇ ਫਾਈਵ ਸਟਾਰ ਹੋਟਲ ਦਾ ਪ੍ਰੌਜੈਕਟ ਸ਼ੁਰੂ ਕੀਤੈ‛
‚ਉਹ ਜਿਹੜੀ ਜ਼ਮੀਨ ਖਾਲੀ ਪਈ ਐ ਫਰੇਜ਼ਰ ਰਿਵਰ ਦੇ ਨੇੜੇ ਤੇ ਸਾਈਨਬੋਰਡ ਲੱਗਾ ਹੋਇਐ ‘ਬਿਲਡ
ਟੂ ਸੂਟ’?‛
‚ਰਾਈਟ‛ ਉਹ ਮਿੰਨ੍ਹਾ ਜਿਹਾ ਮੁਸਕਰਾਇਆ।
‚ਇਹ ਪ੍ਰੌਜੈਕਟ ਮੇਰੇ ਲਈ ਬਹੁਤ ਅਹਿਮ ਹੈ, ਜੇ ਇਹ ਸਫ਼ਲ ਹੋ ਗਿਆ ਤਾਂ... ਪਤਾ ਨਹੀਂ ਕਿੰਨੇ
ਕੁ ਸ਼ਹਿਰ ਨੇ ਨੌਰਥ ਅਮੇਰਿਕਾ ’ਚ
ਜਿੱਥੇ ਇਸ ਨੂੰ ਮੌਡਲਾਂ ਦੀ ਤਰ੍ਹਾਂ ਪੇਸ਼ ਕਰਕੇ ਦੁਹਰਾਇਆ ਜਾ ਸਕਦਾ ਹੈ‛
‚ਯੂ ਵਿੱਲ ਵਿੱਨ ਚੇਤਨ... ਕਿਉਂਕਿ ਹਾਰਨਾ ਤਾਂ ਤੈਨੂੰ ਆਉਂਦਾ ਹੀ ਨਹੀਂ...‛
‚ਮੈਨੂੰ ਕਿ ਤੈਨੂੰ?‛ ਚੇਤਨ ਨੇ ਉਹਦਾ ਹੱਥ ਘੁੱਟਦੇ ਹੋਏ ਪੁੱਛਿਆ।
ਡਿਨਰ ਵੀ ਖਤਮ ਹੋ ਚੁੱਕਾ ਸੀ ਤੇ ਕੌਫ਼ੀ ਤੋਂ ਬਾਅਦ ਘਰ ਤੱਕ ਪਹੁੰਚਦਿਆਂ ਚੇਤਨ ਦੇ ਪਰਿਵਾਰ
’ਚ ਕਿਹਦੇ ਬੱਚਾ ਹੋਇਆ, ਕਿਹਦੀ
ਮੰਗਣੀ ਹੋਈ ਤੇ ਕਿਹਦੀ ਟੁੱਟੀ, ਇਹ ਸਭ ਗੱਲਾਂ ਕਰਦੇ ਆਏ। ‘ਸੂਕੀ’ਜ਼ ਕਿਚਨ’ ਦੇ ਬਾਹਰ ਕਾਰ
ਪਾਰਕ ਕਰ ਚੇਤਨ ਨੇ ਪੁੱਛਿਆ,
‚ਕੈਨ ਵੀ ਗੋ ਆਉਟ ਅਗੇਨ ਸਮਟਾਈਮਜ਼?‛
‚ਕਾਲ ਮੀ‛ ਉਹ ਮੁਸਕਰਾਉਂਦੀ ਹੋਈ ਬਾਹਰ ਨਿਕਲੀ ਤੇ ਦਰਵਾਜ਼ੇ ਤੇ ਲੱਗਿਆ ਤਾਲਾ ਖੋਲ੍ਹ ਅੰਦਰ
ਚਲੀ ਗਈ।
ਸਵੇਰੇ ਨੀਂਦ ਖੁੱਲ੍ਹੀ ਤਾਂ ਹਾਲੇ ਉਹ ਬੈੱਡ ’ਚ ਪਈ ਸੀ ਤੇ ਰਾਤ ਦੀ ਫਿ਼ਲਮ ਉਸ ਦੇ ਜਿ਼ਹਨ
’ਚ ਚੱਲ ਰਹੀ ਸੀ। ਫ਼ੋਨ ਵੱਜਿਆ।
‚ਮਾਈ ਨੇਮ ਇਜ਼ ਸਟੇਸੀ ਆਰਮਸਟ੍ਰੌਂਗ ਐਂਡ ਆਈ ਵੁੱਡ ਲਾਈਕ ਟੂ ਟਾਕ ਟੂ ਅਰਸ਼ ਸੁਬਰਾਮਨੀਅਮ‛
‚ਸਪੀਕਿੰਗ‛
‚ਓਹ, ਹਾਏ... ਮੈਨੂੰ ਚੇਤਨ ਦੀ ਈਮੇਲ ਆਈ ਹੈ ਕਿ ਤੁਸੀਂ ਕੋਈ ਨੌਨ ਪ੍ਰੌਫਿਟ
ਔਰਗੇਨਾਈਜ਼ੇਸ਼ਨ ਸ਼ੁਰੂ ਕਰਨਾ ਚਾਹੁੰਦੇ ਹੋ। ਐਮ
ਆਈ ਰਾਈਟ?‛
‚ਯੈੱਸ‛
‚ਵੈੱਲ, ਮੈਂ ਤੁਹਾਨੂੰ ਫਾਰਮ ਭੇਜ ਰਹੀ ਹਾਂ, ਜਿਨ੍ਹਾਂ ਨੂੰ ਭਰ ਕੇ ਮੈਨੂੰ ਵਾਪਸ ਭੇਜੋ ਤਾਂ
ਕਿ ਪ੍ਰੌਸੈੱਸ ਸ਼ੁਰੂ ਕਰ ਸਕੀਏ‛
ਸਟੇਸੀ ਨਾਲ ਫ਼ੋਨ ਬੰਦ ਕਰਨ ਤੋਂ ਬਾਅਦ ਉਹਨੇ ਦੂਜਾ ਫ਼ੋਨ ਫਾਦਰ ਜੌਨਾਥਨ ਨੂੰ ਕੀਤਾ। ਸਾਰੇ
ਬੋਰਡ ਮੈਂਬਰਾਂ ਦੀ ਲਿਸਟ ਬਣਾਈ।
ਆਪਣੇ ਰੈਸਟੋਰੈਂਟ ’ਚ ਮੀਟਿੰਗ ਕਰਨ ਦਾ ਪ੍ਰਸਤਾਵ ਵੀ ਉਹਨੇ ਰੱਖਿਆ। ਫ਼ੋਨ ਦੀ ਬੈਟਰੀ ਚਾਰਜ
ਕਰਨ ਲਈ ਲਗਾ ਉਹ ਛੇਤੀ
ਤਿਆਰ ਹੋ ਰੈਸਟੋਰੈਂਟ ’ਚ ਕੰਮ ਕਰਨ ਲਈ ਹੇਠਾਂ ਆਈ।
ਚੇਤਨ ਤਾਂ ਪਹਿਲਾਂ ਹੀ ਬੈਠਾ ਨਾਸ਼ਤਾ ਕਰ ਰਿਹਾ ਸੀ। ਉਹਨੂੰ ਦੇਖ ਕੇ ਉਹਦਾ ਦਿਲ ਫੇਰ ਤੇਜ਼ੀ
ਨਾਲ ਧੜਕਿਆ। ਇਹ ਹਮੇਸ਼ਾਂ ਹੀ
ਕਿਉਂ ਹੁੰਦਾ ਸੀ... ਉਹਨੂੰ ਸਮਝ ਨਹੀਂ ਸੀ ਆਉਂਦੀ।
ਆਪਣਾ ਕੰਮ ਵਾਲਾ ਐਪਰਨ ਪਾ ਜਿਉਂ ਹੀ ਉਹਨੇ ਕੌਫ਼ੀ ਵਾਲੀ ਕੇਤਲੀ ਚੁੱਕੀ ਤਾਂ ਚੇਤਨ ਦੀ
ਆਵਾਜ਼ ਆਈ, ‚ਮਿੱਸ ਅਰਸ਼, ਕੈਨ
ਆਈ ਹੈਵ ਸਮ ਮੋਰ ਕੌਫ਼ੀ ਪਲੀਜ਼...‛
ਉਹਦਾ ਹਾਸਾ ਨਿਕਲ ਗਿਆ।‚ਵੁੱਡ ਯੂ ਲਾਈਕ ਸਮ ਕੌਰਨ ਬ੍ਰੈੱਡ, ਮਿਸਟਰ ਸੁਬਰਾਮਨੀਅਮ?‛ ਉਹਨੇ
ਕੌਫ਼ੀ ਦਾ ਮੱਗ ਭਰਦਿਆਂ ਮਜ਼ਾਕ ਨਾਲ ਪੁੱਛਿਆ।
‚ਓਨਲੀ ਇਫ਼ ਇੱਟਸ ਹੋਮ ਮੇਡ ਬਾਈ ਯੂ... ਐਂਡ ਯੂ ਸਿਟ ਡਾਊਨ ਵਿਦ ਮੀ ਟੂ ਸ਼ੇਅਰ‛
ਜਿਵੇਂ ਹੀ ਉਹ ਕੁਰਸੀ ਨੂੰ ਧੱਕ ਸਾਹਮਣੇ ਬੈਠੀ ਤਾਂ ਚੇਤਨ ਨੇ ਅਪਣੇ ਬੈਗ ਵਿੱਚੋਂ ਪੰਦਰਾਂ
ਵੀਹ ਕਾਪੀਆਂ ਨੌਨ ਪ੍ਰੌਫਿਟ ਬਿਜ਼ਨਸ ਦੀਆਂ
ਪ੍ਰੌਜੈਕਸ਼ਨਾਂ ਦੀਆਂ ਕੱਢ ਉਹਦੇ ਸਾਹਮਣੇ ਰੱਖੀਆਂ ਜਿਹੜੀਆਂ ਉਹਨੇ ਸਾਰੀ ਰਾਤ ਅਪਣੇ ਰੂਮ ’ਚ
ਬੈਠ ਤਿਆਰ ਕੀਤੀਆਂ ਸੀ। ਅਰਸ਼
ਨੇ ਉਸ ਨੂੰ ਗੌਹ ਨਾਲ ਤੱਕਿਆ ‘ਕਿੰਨਾ ਪਿਆਰ ਕਰਦਾ ਸੀ ਉਹ... ਕਿੱਥੇ ਮਿਲੇਗਾ ਇਹੋ ਜਿਹਾ
ਇਨਸਾਨ ਕਿਸੇ ਨੂੰ? ਫੇਰ ਇੱਕ
ਚਾਂਸ... ਇੱਕ ਚਾਂਸ ਤਾਂ ਲੈਣਾ ਬਣਦਾ ਹੀ ਹੈ...’
ਪੂਰੇ ਹੌਂਸਲੇ ਨਾਲ ਭਰੀ ਬੋਰਡ ਮੈਂਬਰਾਂ ਦੇ ਸਾਹਮਣੇ ਬੈਠੀ ਅਰਸ਼ ਨੇ ਅਪਣੇ ਇੱਕ ਹੱਥ ਨੂੰ
ਦੂਜੇ ਨਾਲ ਫੜਿਆ ਹੋਇਆ ਸੀ ਤੇ ਉਹਨੇ
ਇੱਕ ਨਜ਼ਰ ਸਭ ਤੇ ਮਾਰ ਅਪਣੀ ਗੱਲ ਤੋਰੀ, ‚ਅੱਜ ਸਾਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ
ਲੋੜ ਹੈ ਤਾਂ ਜੋ ਜਿਹੜੇ ਬਾਲਿਗ਼ ਕਿਸੇ
ਵੀ ਕਾਰਨ ਕਰਕੇ ਪੜ੍ਹਾਈ ਦੇ ਮੁਢਲੇ ਪੱਧਰ ਨੂੰ ਹੀ ਪਾਰ ਨਹੀਂ ਕਰ ਸਕੇ, ਉਹਨਾਂ ਦੀ ਦੂਜੀ
ਕੋਸਿ਼ਸ਼ ’ਚ ਕੋਈ ਰੁਕਾਵਟ ਨਾ ਆਵੇ...
ਉਹਨਾਂ ਕੋਲ ਅੱਜਕਲ੍ਹ ਦੀ ਟੈਕਨਾਲੋਜੀ ਦੇ ਹਿਸਾਬ ਨਾਲ ਘੱਟੋ ਘੱਟ ਲੈਪਟੌਪ ਜ਼ਰੂਰ ਹੋਣ ਤਾਂ
ਕਿ ਉਹ ਹੋਰ ਵੀ ਬਹੁਤ ਕੁਝ ਕਰ
ਸਕਣ, ਕੰਮ ਲੱਭ ਸਕਣ, ਸਮੇਂ ਦੇ ਹਾਣੀ ਬਣ ਸਕਣ। ਅਸੀਂ ਉਨ੍ਹਾਂ ਲਈ ਲੈਪਟੌਪ ਦੀ ਵਿਵਸਥਾ ਕਰਨ
ਜਾ ਰਹੇ ਹਾਂ‛।
‚ਜੇ ਕੋਈ ਖਰਾਬੀ ਆ ਜਾਵੇ ਕੰਪਿਊਟਰਾਂ ’ਚ ਤਾਂ ਠੀਕ ਕੌਣ ਕਰੇਗਾ?‛ ਪਾਦਰੀ ਜੌਨਾਥਨ ਬੋਲਿਆ।
‚ਔਨਕਾਲ ਟੈਕਨੀਸ਼ੀਅਨ ਦਾ ਵੀ ਜਿ਼ਕਰ ਹੈ। ਅਪਣੀ ਸ਼ੀਟ ਦੇਖੋ‛
‚ਉਹਦੀ ਤਨਖ਼ਾਹ ਕਿੰਨੀ ਹੋਵੇਗੀ?‛
‚ਬਾਹਰ ਜੋ ਰੇਟ ਚੱਲ ਰਿਹਾ ਹੈ, ਉਸ ਤੋਂ ਅੱਧੀ ਕਿਉਂਕਿ ਸਾਡੇ ਇੱਕ ਵੇਟਰ ਕੰਮ ਕਰਦਾ ਹੈ, ਉਸ
ਦੇ ਭਾਈ ਟੈਕਨੀਸ਼ੀਅਨ ਨਾਲ
ਮੇਰੀ ਗੱਲ ਹੋ ਚੁੱਕੀ ਹੈ‛।
‚ਆਹ ਜਿਹੜਾ ‘ਇੰਸਟਰੱਕਟਰ’ ਦਾ ਜਿ਼ਕਰ ਹੈ, ਇਹ ਕੀ ਕਰੇਗਾ?‛ ਟਰੂਡੀ ਦਾ ਸੁਆਲ ਸੀ।
ਅਰਸ਼ ਨੇ ਫੇਰ ਇੱਕ ਤੋਂ ਪੰਜ ਤੱਕ ਅਪਣੇ ਅੰਦਰੋ ਅੰਦਰੀਂ ਗਿਣਿਆ। ਉਹਦਾ ਦਿਲ ਕਰੇ ਟਰੂਡੀ ਦੇ
ਸਿਰ ਤੇ ਟੰਗੀ ਐਨਕ ਨੂੰ ਖਿੱਚ ਕੇ
ਅੱਖਾਂ ਤੇ ਧਰ ਦੇਵੇ ਤੇ ਕਹੇ ਕਿ ਪਹਿਲਾਂ ਧਿਆਨ ਨਾਲ ਪੇਪਰ ਪੜ੍ਹ ਪਰ ਉਹਨੇ ਇੱਕ ਲੰਮਾ ਸਾਹ
ਲੈ ਕੇ ਜੁਆਬ ਦਿੱਤਾ।
‚ਸਿਖਾਉਣ ਲਈ... ਕੰਪਿਊਟਰ ਕਿਵੇਂ ਚਲਾਉਣਾ ਹੈ‛
‚ਤੇ ਜੇ ਇਸ ਤਨਖ਼ਾਹ ਤੇ ਨਾ ਮੰਨਿਆ ਫੇਰ?’ ਇਹ ਫੇਰ ਟਰੂਡੀ ਹੀ ਸੀ।
‚ਤਾਂ ਫੇਰ ਜਿ਼ਆਦਾ ਦੇ ਦੇਵਾਂਗੇ‛ਅਰਸ਼ ਨੇ ਉਹਨੂੰ ਚੁੱਪ ਕਰਾਇਆ।
ਪਾਦਰੀ ਜੌਨਾਥਨ ਨੇ ਇੱਕ ਹੱਥ ਖੜਾ ਕਰ ਸਾਰਿਆਂ ਨੂੰ ਸੰਬੋਧਨ ਕੀਤਾ, ‘ਆਲ ਰਾਈਟ, ਅਰਸ਼ ਨੇ
ਆਪਣਾ ਸਾਰਾ ਪਲੈਨ ਜਿਹੜੀਆਂ
ਤੁਹਾਨੂੰ ਕਾਪੀਆਂ ਵੰਡੀਆਂ ਨੇ, ਉਹਨਾਂ ’ਚ ਵਿਸਥਾਰ ਨਾਲ ਬਿਆਨ ਕੀਤਾ ਹੈ। ਐਵੇਂ ਬਹੁਤੇ
ਸੁਆਲ ਨਹੀਂ ਹੁਣ ਆਪਾਂ ਨੂੰ ਕਰਨੇ
ਚਾਹੀਦੇ। ਜੇ ਅਰਸ਼ ਫ਼ੰਡ ਰੇਜ਼ਰ ਕਰਨ ਦੀ ਜਿ਼ੰਮੇਵਾਰੀ ਲੈਂਦੀ ਹੈ ਤਾਂ ਮੇਰੀ ਵੋਟ ਇਹਦੇ
ਨਾਲ ਹੈ।
ਇੱਕ ਹੋਰ ਮੈਂਬਰ ਨੇ ਕਿਹਾ, ‚ਮੇਰੀ ਵੀ‛
ਹੌਲੀ ਹੌਲੀ ਸਾਰੇ ਹੱਥ ਸਮੱਰਥਨ ’ਚ ਖੜੇ ਹੋ ਗਏ।
ਟਰੂਡੀ ਨੇ ਸਭ ਤੋਂ ਬਾਅਦ ਹੱਥ ਉੱਪਰ ਕੀਤਾ।‚ਗੁੱਡ ਆਫਟਰਨੂਨ ਐਵਰੀਵੱਨ! ਇਟ ਇਜ਼ ਅ ਗ੍ਰੇਟ
ਡੇਅ ਫੌਰ ਅਵਰ ਕਮਿਊਨਿਟੀ... ਮੋ ਐਂਡ ਸੂਕੀ ’ਜ਼ ਡਾਟਰ ਕੇਮ ਬੈਕ ਟੂ
ਅਵਰ ਸਿਟੀ ਵਿਦ ਦ ਪਰਪੱਜ਼ ਦੈਟ ਗੌਡ ਪੁੱਟ ਇਨ ਹਰ ਹਾਰਟ...‛ ਪਾਦਰੀ ਜੌਨਾਥਨ ਲੈਪਟੌਪ ਵੰਡਣ
ਦੇ ਸਮਾਗਮ ਦੀ ਪ੍ਰਧਾਨਗੀ
ਕਰ ਰਿਹਾ ਸੀ।
‚ਸਾਡੀ ਪਹਿਲੀ ਸਟੂਡੈਂਟ ਜੋ ਕਿ ਇਸ ਪ੍ਰੋਗ੍ਰਾਮ ਦੀ ਪ੍ਰੇਰਣਾ ਬਣੀ, ਉਹ ਹੈ ਡੈੱਬਰਾ...
ਡੈੱਬਰਾ, ਪਲੀਜ਼ ਕਮ ਟੂ ਦ ਪੋਡੀਅਮ...‛
ਪੰਡਾਲ ’ਚ ਤਾੜੀਆਂ ਗੂੰਜੀਆਂ।
‚ਮਿੱਸ ਸੁਬਰਾਮਨੀਅਮ, ਆਈ ਹੈਵ ਨੋ ਐਕਸਿਊਜ਼ ਨਾਓ ਫ਼ੌਰ ਨੌਟ ਡੂਇੰਗ ਮਾਈ ਹੋਮਵਰਕ‛
ਕਹਿੰਦਿਆਂ ਉਹਦਾ ਗੱਚ ਭਰ
ਆਇਆ ਤੇ ਉਹਨੇ ਹੱਥ ਮੂੰਹ ਤੇ ਰੱਖ ਲਿਆ। ਥੋੜ੍ਹਾ ਸੰਭਲ ਕੇ ਫੇਰ ਸ਼ੁਰੂ ਹੋਈ, ‚ਮੈਂ ਮੈਮ ਦੀ
ਤਰ੍ਹਾਂ ਟੀਚਰ ਬਣਾਂਗੀ, ਸੱਰੀ ’ਚ ਹੀ
ਰਹਾਂਗੀ, ਏਥੇ ਹੀ ਛੋਟੇ ਬੱਚਿਆਂ ਨੂੰ ਪੜ੍ਹਾਵਾਂਗੀ, ਉਹਨਾਂ ਨੂੰ ਕਿਤਾਬਾਂ ਦੀ ਦੁਨੀਆਂ ਨਾਲ
ਜੋੜਾਂਗੀ, ਹਰ ਰੋਜ਼ ਲਿਖਣ ਲਈ ਪ੍ਰੇਰਾਂਗੀ...
ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਮ ਨੇ ਮੇਰੀ ਜਿ਼ੰਦਗੀ ਪਲਟ ਕੇ ਰੱਖ ਦਿੱਤੀ ਹੈ...‛
ਪੰਡਾਲ ’ਚ ਵੀ ਸਿਸਕੀਆਂ ਦੀਆਂ ਅਵਾਜ਼ਾਂ ਆ ਰਹੀਆਂ ਸਨ।
‚ਲੇਡੀਜ਼ ਐਂਡ ਜੈਂਟਲਮੈੱਨ! ਅਰਸ਼ ਦੇ ਹਸਬੈਂਡ ਚੇਤਨ ਸੁਬਰਾਮਨੀਅਮ ਨੇ ਮੈਨੂੰ ਖਾਲੀ ਚੈੱਕ
ਸਾਈਨ ਕਰ ਕੇ ਦਿੱਤਾ ਸੀ ਕਿ ਜਿੰਨਾ
ਪੈਸਾ ਇਕੱਠਾ ਹੋਵੇ, ਓਨੇ ਦਾ ਹੀ ਚੈੱਕ ਉਹਦੇ ਵੱਲੋਂ ਭਰ ਲਿਆ ਜਾਵੇ‛ ਜੋਨਾਥਨ ਬੋਲਦਾ ਹੋਇਆ
ਰੁਕਿਆ, ‚ਸਾਡੇ ਕੋਲ ਚੌਂਤੀ ਸੌ
ਇਕੱਠਾ ਹੋਇਆ ਹੈ...‛ ਤਾਲੀਆਂ ਦੀ ਆਵਾਜ਼ ਫੇਰ ਆਈ, ‚ਪਰ ਮੈਨੂੰ ਬੜੇ ਅਫ਼ਸੋਸ ਨਾਲ ਕਹਿਣਾ
ਪੈ ਰਿਹਾ ਹੈ ਕਿ ਉਹਨਾਂ ਨੇ
ਵਿਚਾਰ ਬਦਲ ਲਿਆ ਹੈ‛
ਲੋਕਾਂ ’ਚ ਘੁਸਰ ਫੁਸਰ ਜਿਹੀ ਹੋਣ ਲੱਗੀ।
‚ਪੂਰੀ ਗੱਲ ਤਾਂ ਸੁਣੋ... ਧਿਆਨ ਦਿਓ, ਉਹਨਾਂ ਨੇ ਸਾਡੇ ਇਕੱਠੇ ਕੀਤੇ ਪੈਸੇ ਤੋਂ ਦੱਸ
ਗੁਣਾਂ ਜਿ਼ਆਦਾ ਦੇਣ ਦਾ ਫੈਸਲਾ ਕੀਤਾ ਹੈ‛
ਲੋਕ ਹੈਰਾਨ ਜਿਹੇ ਹੁੰਦੇ ਹੱਸਣ ਲੱਗੇ ਤੇ ਤਾੜੀਆਂ ਦੀ ਗੂੰਜ ਕਿੰਨੀ ਦੇਰ ਤੱਕ ਬਰਕਰਾਰ
ਰਹੀ...
ਸਾਰੇ ਬੋਰਡ ਮੈਂਬਰ ਚੇਤਨ ਨਾਲ ਫੋਟੋਆਂ ਖਿਚਾਉਣ ਲੱਗੇ। ਹਾਲ ’ਚ ਬੈਠੇ ਕਈ ਉਹਦੇ ਨਾਲ ਹੱਥ
ਮਿਲਾਉਣ ਲਈ ਆ ਰਹੇ ਸਨ।
ਅਰਸ਼ ਉਸ ਕੋਲ ਬੈਠ ਉਸ ਦੀ ਬਾਂਹ ਨੂੰ ਅਪਣੀ ਬਾਂਹ ਦੁਆਲੇ ਵਲਦਿਆਂ ਬੋਲੀ, ‚ਮੈਂ ਤੁਹਾਡੀ
ਮਦਦ ਤੋਂ ਬਿਨਾਂ ਸ਼ਾਇਦ ਇਹ ਨਹੀਂ
ਸੀ ਕਰ ਸਕਦੀ‛
‚ਲੈਟ’ਸ ਸੈਲੀਬਰੇਟ ਇਟ...!‛ ਚੇਤਨ ਨੇ ਜੇਬ ’ਚੋਂ ਬਲੈਕਬੈਰੀ ਕੱਢਦਿਆਂ ਕਿਹਾ।
‚ਓ ਕੇ‛
‚ਮੈਂ ਪ੍ਰਾਈਵੇਟ ਜੈੱਟ ਬੁੱਕ ਕਰਨ ਜਾ ਰਿਹਾ ਹਾਂ ਟੂ ਲਾਸ ਵੇਗਸ ਫੌਰ ਏ ਵੀਕ!‛ ਉਸ ਦਾ ਦਿਲ
ਉਡੂੰ ਉਡੂੰ ਕਰ ਰਿਹਾ ਸੀ।
‚ਫੋਰਟ ਮਾਇਰਜ਼ ਕਦੋਂ ਜਾਣੈ ਆਪਾਂ ਕਿ ਏਥੇ ਹੀ ਰਹਿਣੈ?‛
‚ਜਿੱਥੇ ਵੀ ਤੂੰ ਖੁਸ਼ ਹੋਵੇਂ ਮੈਂ ਉਥੇ ਹੀ ਰਹਾਂਗਾ... ਨਾਲੇ ਤੇਰਾ ‘ਨੋ ਬਾਊਂਡਰੀਜ਼ ਤੇ
ਲੈਪਟੌਪ ਪ੍ਰੋਗ੍ਰਾਮ’ ਵੀ ਤਾਂ ਕਾਮਯਾਬ ਕਰਨਾ ਹੈ
ਆਪਾਂ...‛
ਅਰਸ਼ ਨੂੰ ਲੱਗਾ ਜਿਵੇਂ ਉਹ ਕੋਈ ਖ਼ੂਬਸੂਰਤ ਖ਼ਾਬ ਦੇਖ ਰਹੀ ਹੋਵੇ।
-0-
|