‘ਲੋਹੇ ਦੇ ਹੱਥ’ ਦੀਆਂ
ਕਹਾਣੀਆਂ ਆਕਾਰ ਵਿੱਚ ਛੋਟੀਆਂ ਸਨ। ਨਿੱਕੀ ਜਿਹੀ ਕਿਤਾਬ ਤੇ ਨਿੱਕੀਆਂ ਨਿੱਕੀਆਂ ਕਹਾਣੀਆਂ।
ਇਹ ਪੱਛਮ ਤੋਂ ਆਏ ‘ਆਧੁਨਿਕ ਨਿੱਕੀ ਹੁਨਰੀ ਕਹਾਣੀ’ ਦੇ ਸਥਾਪਤ ਵਿਧਾਨ ਅਨੁਸਾਰ ਲਿਖੀਆਂ
ਗਈਆਂ ਸਨ। ਇਹਨਾਂ ਵਿੱਚ ਸੰਜਮ ਨਾਲ ਗੱਲ ਕਰਦਿਆਂ ਕਹਾਣੀ ਦੀ ਤੇਜ਼ ਗਤੀ ਦਾ ਖ਼ਿਆਲ ਰੱਖਿਆ ਗਿਆ
ਸੀ ਤੇ ਕਹਾਣੀ ਦੇ ਵਿਸਫੋਟਕ ਅੰਤ ਤੱਕ ਪਹੁੰਚਣ ਦੀ ਕਾਹਲ ਪ੍ਰਤੱਖ ਸੀ। ਦਾਅਵਾ ਨਹੀਂ ਕਰਦਾ
ਕਿ ਮੈਨੂੰ ਸੁਚੇਤ ਤੌਰ ‘ਤੇ ‘ਨਿੱਕੀ ਕਹਾਣੀ’ ਦੀ ਪਰਿਭਾਸ਼ਾ ਜਾਂ ਨਿਯਮਾਵਲੀ ਦਾ ਗਿਆਨ ਸੀ।
ਹਿੰਦੀ-ਪੰਜਾਬੀ ਤੇ ਹੋਰਨਾਂ ਭਾਸ਼ਾਵਾਂ ਦੀਆਂ ਕਹਾਣੀਆਂ ਪੜ੍ਹਦਿਆਂ ‘ਨਿੱਕੀ ਕਹਾਣੀ’ ਦਾ
ਚੌਖ਼ਟਾ ਸਹਿਜੇ ਹੀ ਮੇਰੇ ਅਵਚੇਤਨ ਵਿੱਚ ‘ਫਿੱਟ’ ਹੋ ਗਿਆ ਸੀ। ਮੈਂ ਜਦੋਂ ਵੀ ਕਹਾਣੀ ਲਿਖਦਾ,
ਮੇਰੇ ਅੰਦਰ ਪਿਆ ਕਹਾਣੀ ਦਾ ‘ਸੱਚਾ’ ਉਸਨੂੰ ਆਪਣੀ ‘ਸ਼ਕਲ’ ਅਨੁਸਾਰ ਕੱਟ-ਛਾਂਗ ਕੇ ਢਾਲ
ਲੈਂਦਾ।
ਸਾਹਿਤ ਨੂੰ ਸਿਆਸਤ ਦਾ ਸਹਾਇਕ ਹਥਿਆਰ ਸਮਝ ਕੇ ‘ਸਾਹਿਤ ਰਾਹੀਂ ਸਿਆਸਤ ਦਾ ਪਰਚਾਰ’ ਕਰਨ
ਵਾਲੇ ਮੇਰੇ ਮੁਢਲੇ ਵਿਚਾਰਾਂ ਵਿੱਚ ਪਰਿਵਰਤਨ ਆ ਗਿਆ ਸੀ। ਕਹਾਣੀ ਨੂੰ ‘ਸਿਆਸਤ ਦਾ
ਸਾਹਿਤਕ-ਸੰਦ’ ਸਮਝਣ ਦੀ ਥਾਂ ਜੀਵਨ ਦੇ ਵਿਭਿੰਨ ਰੰਗਾਂ ਨੂੰ ਵੱਖ ਵੱਖ ਕੋਨਾਂ ਤੋਂ ਵੇਖਣ ਤੇ
ਫੜ੍ਹਨ ਵਾਲੀ ‘ਕਲਾਤਮਕ ਵਿਧਾ’ ਵਜੋਂ ਪਰਵਾਨ ਕਰ ਲੈਣ ਨਾਲ ਮੇਰੇ ਕਹਾਣੀ ਕਹਿਣ/ਲਿਖਣ ਦੇ
ਅੰਦਾਜ਼ ਵਿੱਚ ਸਹਿਵਨ ਹੀ ਤਬਦੀਲੀ ਵਾਪਰਨ ਲੱਗੀ। ‘ਅੰਗ-ਸੰਗ’ ਦੀਆਂ ਕਹਾਣੀਆਂ ਵਿੱਚ ਇਹ
ਤਬਦੀਲੀ ਪਰਤੱਖ ਨਜ਼ਰ ਆਉਣ ਲੱਗੀ।
ਇਸ ਤਬਦੀਲੀ ਦਾ ਅਹਿਸਾਸ ਪਹਿਲੀ ਵਾਰ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਹੋਏ ਇੱਕ
ਕਹਾਣੀ-ਦਰਬਾਰ ਸਮੇਂ ਹੋਇਆ, ਜਿਸ ਵਿੱਚ ਮੈਂ ਆਪਣੀ ਕਹਾਣੀ ‘ਕਿੱਥੇ ਗਏ’ ਪੜ੍ਹੀ ਸੀ।
ਕਹਾਣੀਆਂ ਦੇ ਪਾਠ ਉਪਰੰਤ ਜਦੋਂ ਸਮੁੱਚੀਆਂ ਕਹਾਣੀਆਂ ਬਾਰੇ ਚਰਚਾ ਹੋ ਰਹੀ ਸੀ ਤਾਂ ਇੱਕ
ਕਹਾਣੀਕਾਰ ਨੇ ਮੇਰੀ ਕਹਾਣੀ ਬਾਰੇ ਗੱਲ ਕਰਦਿਆਂ ਆਖਿਆ, “ਭਾਵੇਂ ਇਸ ਕਹਾਣੀ ਵਿੱਚ ਪੇਸ਼ ਕੀਤੇ
ਜਾਣ ਵਾਲੇ ਵਿਸ਼ੇ ਦੇ ਨਿਭਾਅ ਤੇ ਪ੍ਰਭਾਵ ਬਾਰੇ ਤਾਂ ਕੋਈ ਇਤਰਾਜ਼ ਨਹੀਂ ਪਰ ਅਸੀਂ ਇਸਨੂੰ
‘ਨਿੱਕੀ ਕਹਾਣੀ’ ਕਿਸੇ ਵੀ ਸੂਰਤ ਵਿੱਚ ਨਹੀਂ ਆਖ ਸਕਦੇ ਕਿਉਂਕਿ ਇਸ ਕਹਾਣੀ ਨੂੰ ਪੜ੍ਹਦਿਆਂ
ਲੇਖਕ ਨੂੰ ਪੂਰੇ ਪੰਜਤਾਲੀ ਮਿੰਟ ਲੱਗੇ ਹਨ।”
‘ਕਹਾਣੀ ਇੱਕ ਹੀ ਬੈਠਕ ਵਿੱਚ ਪੜ੍ਹੀ ਜਾਣ ਵਾਲੀ ਰਚਨਾ ਹੈ’, ‘ਕਹਾਣੀ ਇੱਕ ਸਟੇਸ਼ਨ ਤੋਂ ਦੂਜੇ
ਸਟੇਸ਼ਨ ਤੱਕ ਦਾ ਸਫ਼ਰ ਹੈ’, ‘ਕਹਾਣੀ ਸਰਪਟ ਘੋੜ-ਦੌੜ ਹੈ’ ਆਦਿ ਉੱਕਤੀਆਂ ਤੋਂ ਇਲਾਵਾ ‘ਨਿੱਕੀ
ਕਹਾਣੀ ਦੇ ਨਿਸਚਿਤ ਸਮੇਂ ਵਿੱਚ ਪੜ੍ਹੇ ਜਾਣ’ ਜਿਹੀਆਂ ਪਰਿਭਾਸ਼ਾਵਾਂ ਬਾਰੇ ਵੀ
ਪੜ੍ਹਦਾ-ਸੁਣਦਾ ਤਾਂ ਆਇਆ ਸਾਂ ਪਰ ਕਦੀ ਗੰਭੀਰਤਾ ਨਾਲ ਇਹਨਾਂ ਨਿਯਮਾਂ ਅਨੁਸਾਰ ਕਹਾਣੀ ਲਿਖਣ
ਦੀ ਕੋਸ਼ਿਸ਼ ਨਹੀਂ ਸੀ ਕੀਤੀ। ਜੇ ਵੱਡੀ ਗਿਣਤੀ ਵਿੱਚ ਨਿੱਕੀਆਂ ਕਹਾਣੀਆਂ ਪੜ੍ਹੀਆਂ ਹੋਣ ਕਰਕੇ
‘ਨਿੱਕੀ ਕਹਾਣੀ’ ਦਾ ਵਿਧੀ-ਵਿਧਾਨ ਮੇਰੀ ਚੇਤਨਾ ਦਾ ਅੰਗ ਬਣਿਆਂ ਹੋਇਆ ਸੀ ਤਾਂ ਟਾਲਸਟਾਇ,
ਗੋਰਕੀ ਆਦਿ ਦੀਆਂ ਲੰਮੀਆਂ ਕਹਾਣੀਆਂ ਤੋਂ ਇਲਾਵਾ ਪੰਜਾਬੀ ਵਿੱਚ ਨਾਨਕ ਸਿੰਘ ਦੀ ‘ਛੇਕੜਲੀ
ਰਿਸ਼ਮ’ ਅਤੇ ਸੰਤ ਸਿੰਘ ਸੇਖੋਂ ਦੀਆਂ, ‘ਕੁਰਬਾਨੀ ਦਾ ਬੱਕਰਾ’ ਤੇ ‘ਜੱਗ ਤੇ ਜਿਊਣਾ ਕੂੜ
ਉਨ੍ਹਾਂ ਦਾ’ ਜਿਹੀਆਂ ਕੁੱਝ ਕੁ ਵੱਡ ਆਕਾਰੀ ਕਹਾਣੀਆਂ ਵੀ ਮੇਰੇ ਚੇਤੇ ਵਿੱਚ ਲਿਸ਼ਕਦੀਆਂ
ਰਹੀਆਂ ਸਨ। ਉਹ ਕਹਾਣੀਆਂ ਸ਼ਾਇਦ ਅਚੇਤ ਹੀ ਮੈਨੂੰ ਕਹਾਣੀ ਦੀ ਨਿਸਚਿਤ ਕੀਤੀ ‘ਲਛਮਣ-ਰੇਖਾ’
ਨੂੰ ਉਲੰਘਣ ਦੀ ਪ੍ਰੇਰਨਾ ਦਿੰਦੀਆਂ ਰਹੀਆਂ ਹੋਣ! ਪਰ ਫੇਰ ਵੀ ਕਹਾਣੀਕਾਰ ਦੀ ੳਪ੍ਰੋਕਤ
ਟਿੱਪਣੀ ਸੁਣ ਕੇ ਸੋਚਿਆ, ‘ਕੀ ਕਹਾਣੀ ਮੇਰੇ ਹੱਥੋਂ ਤਾਂ ਨਹੀਂ ਨਿਕਲਦੀ ਜਾ ਰਹੀ?’ ਇਹ ਵੀ
ਖ਼ਿਆਲ ਆਇਆ ਕਿ ਜੇ ਕਹਾਣੀ ਵਿੱਚ ਹੋਰ ਕੋਈ ‘ਨੁਕਸ’ ਨਹੀਂ ਤਾਂ ਕੀ ‘ਪੰਜਤਾਲੀ ਮਿੰਟ ਵਿੱਚ
ਪੜ੍ਹੇ ਜਾਣ’ ਕਰ ਕੇ ਹੀ ਇਸਨੂੰ ਰੱਦ ਕੀਤਾ ਜਾ ਸਕਦਾ ਹੈ! ਪਰ ਨਹੀਂ, ਹੋਰ ਕਿਸੇ ਬੁਲਾਰੇ ਨੇ
ਤਾਂ ਇਸਨੂੰ ‘ਰੱਦ’ ਨਹੀਂ ਸੀ ਕੀਤਾ ਸਗੋਂ ਇਹਨਾਂ ਕਹਾਣੀਆਂ ਬਾਰੇ ਪਰਚਾ ਪੜ੍ਹਨ ਵਾਲੇ ਆਲੋਚਕ
ਟੀ ਆਰ ਵਿਨੋਦ ਨੇ ਤਾਂ ਇਸਨੂੰ ਪੜ੍ਹੀਆਂ ਗਈਆਂ ਸਾਰੀਆਂ ਕਹਾਣੀ ਨਾਲੋਂ ਬਿਹਤਰ ਕਹਾਣੀ ਆਖਿਆ
ਤੇ ਇਕਲਵੰਜੇ ਵਿੱਚ ਮੈਨੂੰ ਸ਼ਾਬਾਸ਼ ਦਿੰਦੇ ਬੋਲਾਂ ਨਾਲ ਹੁਲਾਰਿਆ, “ਤੂੰ ਜਿਸਤਰ੍ਹਾਂ ਦੀਆਂ
ਕਹਾਣੀਆਂ ਲਿਖ ਰਿਹਾ ਏਂ, ਸਾਨੂੰ ਤੇਰੇ ਤੋਂ ਭਵਿੱਖ ਵਿੱਚ ਬੜੀਆਂ ਵੱਡੀਆਂ ਆਸਾਂ ਨੇ।”
ਮੈਂ ਕਹਾਣੀਕਾਰ ਦੀ ਨੁਕਤਾਚੀਨੀ ਨੂੰ ਓਥੇ ਛੱਡ ਆਇਆ ਤੇ ਵਿਨੋਦ ਦੀ ਪਰਸੰਸਾ ਆਪਣੇ ਨਾਲ ਲੈ
ਆਇਆ।
ਅਗਲੇ ਸਾਲ ਮੋਗੇ ਵਿਖੇ ਹੋਏ ਕਹਾਣੀ-ਦਰਬਾਰ ਵਿੱਚ ਮੈਂ ਆਪਣੀ ਕਹਾਣੀ ‘ਸੁਨਹਿਰੀ ਕਿਣਕਾ’
ਪੜ੍ਹੀ। ਇਹ ਕਹਾਣੀ ਆਕਾਰ ਵਿੱਚ ‘ਕਿੱਥੇ ਗਏ!’ ਨਾਲੋਂ ਵੀ ਲੰਮੀ ਸੀ। ਕਹਾਣੀਆਂ ਦੇ ਪਾਠ ਤੋਂ
ਬਾਅਦ ਜਦੋਂ ਕਹਾਣੀਆਂ ਬਾਰੇ ਗੱਲ ਚੱਲ ਰਹੀ ਸੀ ਤਾਂ ਪ੍ਰਸਿੱਧ ਵਿਅੰਗ-ਲੇਖਕ ਕਨ੍ਹੱਈਆ ਲਾਲ
ਕਪੂਰ ਨੇ ਮੇਰੀ ਕਹਾਣੀ ਬਾਰੇ ਆਪਣੇ ਮਜ਼ਾਹੀਆ ਅੰਦਾਜ਼ ਵਿੱਚ ਕੁੱਝ ਇਸਤਰ੍ਹਾਂ ਟਿੱਪਣੀ ਕੀਤੀ:
“ਇਕ ਵਾਰ ਕਿਸੇ ਅਜਨਬੀ ਨੂੰ ਰਾਹ ਵਿੱਚ ਰਾਤ ਪੈ ਗਈ ਤਾਂ ਉਸਨੇ ਰਾਤ ਠਹਿਰਣ ਲਈ ਕਿਸੇ ਦੇ ਘਰ
ਦਾ ਦਰਵਾਜ਼ਾ ਜਾ ਖੜਕਾਇਆ। ਘਰ ਦੇ ਮਾਲਕ ਨੇ ਬੂਹਾ ਖੋਲ੍ਹਿਆ ਤੇ ਆਉਣ ਵਾਲੇ ਮਹਿਮਾਨ ਦੀ ਇੱਛਾ
ਦਾ ਸਤਿਕਾਰ ਕਰ ਕੇ, ਉਸਨੂੰ ਰਾਤ ਠਹਿਰਾਉਣ ਲਈ ਰਜ਼ਾਮੰਦੀ ਜ਼ਾਹਿਰ ਕਰਦਿਆਂ, ਰੋਟੀ-ਪਾਣੀ
ਖਵਾਉਣ ਪਿੱਛੋਂ, ਆਪਣੀ ਸਮੱਸਿਆ ਸਾਂਝੀ ਕੀਤੀ, “ਸਾਡੇ ਕੋਲ ਮੰਜਿਆਂ ਦੀ ਘਾਟ ਹੈ। ਜੇ ਤੁਸੀਂ
ਮੰਜੇ ‘ਤੇ ਹੀ ਸੌਣਾ ਹੋਵੇ ਤਾਂ ਤੁਹਾਨੂੰ ਸਾਡੀ ਬੱਚੀ ‘ਨਿੱਕੀ’ ਨਾਲ ਇੱਕੋ ਬੈੱਡ ‘ਤੇ
ਐਡਜਸਟ ਕਰਨਾ ਪਵੇਗਾ। ਪਰ ਜੇ ਇਕੱਲੇ ਸੌਣ ਦੀ ਇੱਛਾ ਰੱਖਦੇ ਹੋ ਤਾਂ ਅਸੀਂ ਤੁਹਾਨੂੰ ਫ਼ਰਸ਼
‘ਤੇ ਬਿਸਤਰਾ ਲਾ ਦਿੰਦੇ ਹਾਂ। ਚੋਣ ਤੁਹਾਡੀ ਆਪਣੀ ਹੈ।” ਮਹਿਮਾਨ ਨੇ ਸੋਚਿਆ ਕਿ ਐਵੇਂ ਰਾਤ
‘ਨਿੱਕੀ ਨਿਆਣੀ’ ਲੱਤਾਂ ਮਾਰ ਕੇ ਨੀਂਦ ਡਿਸਟਰਬ ਕਰੇਗੀ, ਫ਼ਰਸ਼ ‘ਤੇ ਬਿਸਤਰਾ ਲਵਾ ਕੇ ਸੌਣਾ
ਹੀ ਠੀਕ ਰਹੇਗਾ। ਉਹਦੀ ਇੱਛਾ ਅਨੁਸਾਰ ਉਸਦਾ ਬਿਸਤਰਾ ਫ਼ਰਸ਼ ‘ਤੇ ਲਵਾ ਦਿੱਤਾ ਗਿਆ। ਰਾਤ ਕੱਟ
ਕੇ ਜਦੋਂ ਮਹਿਮਾਨ ਸਵੇਰੇ ਆਪਣੀ ਮੰਜ਼ਿਲ ‘ਤੇ ਜਾਣ ਲਈ ਤਿਆਰ ਹੋਇਆ ਤਾਂ ਘਰ ਦੇ ਮਾਲਕ ਨੇ
ਆਵਾਜ਼ ਦਿੱਤੀ, “ਬੇਟਾ ਨਿੱਕੀ! ਅੰਕਲ ਲਈ ਛੇਤੀ ਛੇਤੀ ਚਾਹ ਦਾ ਪਿਆਲਾ ਬਣਾ ਕੇ ਲਿਆਓ।” ਜਦੋਂ
‘ਨਿੱਕੀ’ ਚਾਹ ਲੈ ਕੇ ਆਈ ਤਾਂ ਮਹਿਮਾਨ ਵੇਖ ਕੇ ਹੈਰਾਨ ਰਹਿ ਗਿਆ। ‘ਨਿੱਕੀ’ ਤਾਂ ਸੁਡੌਲ
ਜਿਸਮ ਵਾਲੀ, ਲੰਮੀ-ਝੰਮੀ ਭਰ-ਜੋਬਨ ਮੁਟਿਆਰ ਸੀ। ਮਹਿਮਾਨ ਨੇ ਆਪਣੇ ਆਪ ਨੂੰ ਕਿਹਾ, “ਜੇ ਇਹ
‘ਨਿੱਕੀ’ ਹੈ ਤਾਂ ਫਿਰ ‘ਵੱਡੀ’ ਕੌਣ ਹੋਵੇਗੀ!” ਦੂਜੇ ਪਲ ਉਹਦਾ ਮਨ ਪਛਤਾਵੇ ਨਾਲ ਭਰ ਗਿਆ,
ਉਸਨੇ ਰਾਤੀਂ ‘ਨਿੱਕੀ’ ਨਾਲ ਇੱਕੋ ਬਿਸਤਰੇ ‘ਤੇ ਸੌਣ ਤੋਂ ਇਨਕਾਰ ਕਿਉਂ ਕੀਤਾ ਸੀ!”
ਇਹ ਵਾਰਤਾ ਸੁਣਾ ਕੇ ਕਪੂਰ ਨੇ ਕਿਹਾ, “ਵਰਿਆਮ ਸਿੰਘ ਸੰਧੂ ਹੁਰਾਂ ਦੀ ਕਹਾਣੀ ਸੁਣ ਕੇ
ਪਹਿਲਾਂ ਤਾਂ ਮੈਨੂੰ ਲੱਗਾ ਕਿ ਜੇ ਇਹ ਕਹਾਣੀ ‘ਨਿੱਕੀ’ ਹੈ ਤਾਂ ‘ਵੱਡੀ’ ਕਿਹੜੀ ਹੋਵੇਗੀ!
ਪਰ ਜੇ ਮੈਂ ਇਸ ‘ਨਿੱਕੀ’ ਕਹਾਣੀ ਨੂੰ ਸੁਣਿਆਂ ਨਾ ਹੁੰਦਾ ਤਾਂ ਮੈਨੂੰ ਉਸ ਮਹਿਮਾਨ ਵਾਂਗ ਹੀ
ਪਛਤਾਵਾ ਹੋਣਾ ਸੀ ਜਿਹੜਾ ਰਾਤੀਂ ‘ਨਿੱਕੀ’ ਨਾਲ ਸੌਣ ਦਾ ਮੌਕਾ ਗਵਾ ਬੈਠਾ ਸੀ! ਅਸਲ ਵਿੱਚ
ਇਹ ਕਹਾਣੀ ‘ਨਿੱਕੀ’ ਨਾ ਹੋ ਕੇ ‘ਲੰਮੀ-ਨਿੱਕੀ ਕਹਾਣੀ’ ਹੈ। ਅੰਗਰੇਜ਼ੀ ਵਿੱਚ ਇਸਨੂੰ
‘ਲੌਂਗ-ਸ਼ੌਰਟ-ਸਟੋਰੀ’ ਕਹਿੰਦੇ ਹਨ। ਦੂਜੀਆਂ ਜ਼ਬਾਨਾਂ ਵਿੱਚ ਬੜੀ ਅੱਛੀ ‘ਲੌਂਗ-ਸ਼ੌਰਟ-ਸਟੋਰੀ’
ਲਿਖੀ ਜਾ ਰਹੀ ਹੈ। ਪੰਜਾਬੀ ਵਿੱਚ ਅਜਿਹੀ ਅੱਛੀ ਕਹਾਣੀ ਲਿਖ ਕੇ ਸੰਧੂ ਹੁਰਾਂ
‘ਲੰਮੀ-ਨਿੱਕੀ-ਕਹਾਣੀ’ ਦੀ ਸ਼ੁਰੂਆਤ ਕਰ ਦਿੱਤੀ ਹੈ।”
ਕਹਾਣੀ ਦੇ ‘ਨਿੱਕੇ’ ‘ਵੱਡੇ’ ਆਕਾਰ ਦਾ ਹੁਣ ਕੋਈ ਮਸਲਾ ਨਹੀਂ ਸੀ ਰਹਿ ਗਿਆ। ਕਹਾਣੀਕਾਰ
ਵਜੋਂ ਮੇਰਾ ਪਹਿਲਾ ਫ਼ਰਜ਼ ਕਹਾਣੀ ਵਿਚਲੀ ਵਸਤੂ ਨੂੰ ਤਰਕ-ਸੰਗਤ ਤੇ ਪ੍ਰਭਾਵਸ਼ਾਲੀ ਢੰਗ ਨਾਲ
ਪੇਸ਼ ਕਰਨਾ ਸੀ। ਜੇ ਇਸ ਵਸਤੂ ਦੀ ਛਾਲ ਹੀ ਲੰਮੀ ਸੀ ਤਾਂ ਮੈਂ ਇਸਨੂੰ ‘ਨਿੱਕੀ ਕਹਾਣੀ’ ਦੀ
ਨਿਯਮਾਵਲੀ ਦੇ ‘ਗੋਡੇ ਹੋਏ ਨਿੱਕੇ ਜਿਹੇ ਅਖਾੜੇ ਵਿੱਚ ਡਿੱਗ ਪੈਣ ਜਾਂ ਸਿਮਟ ਜਾਣ ਲਈ’
ਕਿਵੇਂ ਮਜਬੂਰ ਕਰ ਸਕਦਾ ਸਾਂ! ਰਚਨਾ-ਵਸਤੂ ਆਪਣੀ ਲੋੜ ਅਨੁਸਾਰ ਆਪੇ ਹੀ ਆਪਣੇ ਅਖ਼ਾੜੇ ਨੂੰ
ਗੋਡਕੇ ਲੰਮਾਂ-ਚੌੜਾ ਕਰਨ ਲੱਗੀ। ਕਹਾਣੀਆਂ ਦੇ ਆਕਾਰ ਦੀ ਲੰਬਾਈ ਦਾ ਸੰਬੰਧ ਨਵਾਂ ਤੇ ਵੱਖਰਾ
ਦਿਸਣ ਦੇ ਕਿਸੇ ਚਾਅ ਨਾਲ ਸੰਬੰਧ ਨਹੀਂ ਸੀ ਰੱਖਦਾ, ਨਾ ਹੀ ਇਹ ਕਿਸੇ ਸੁਚੇਤ ਕੋਸ਼ਿਸ਼ ਦਾ
ਸਿੱਟਾ ਸੀ, ਇਸਦਾ ਸੰਬੰਧ ਵਸਤੂ ਦੀਆਂ ਲੁਕੀਆਂ ਸੰਭਾਵਨਾਵਾਂ ਨੂੰ ਪੂਰਨ ਤੌਰ ‘ਤੇ ਪ੍ਰਗਟਾਉਣ
ਦੇ ‘ਸੁਭਾਵਿਕ-ਯਤਨ’ ਨਾਲ ਜੁੜਦਾ ਸੀ।
ਇਸ ‘ਯਤਨ’ ਦੀ ਲੋੜ ਇਸ ਕਰਕੇ ਪਈ ਕਿਉਂਕਿ ਇਹਨਾਂ ਕਹਾਣੀਆਂ ਵਿੱਚ ਪੇਸ਼ ਕੀਤੇ ਜਾਣ ਵਾਲੇ
ਅਨੁਭਵ ਦਾ ਕੁੱਝ ਹਿੱਸਾ ਤਾਂ ਮੇਰੀ ‘ਹੱਡ-ਬੀਤੀ’ ਨਾਲ ਸੰਬੰਧਤ ਸੀ ਤੇ ਜਿਹੜਾ ਹਿੱਸਾ
‘ਜੱਗ-ਬੀਤੀ’ ਨਾਲ ਸੰਬੰਧਤ ਸੀ, ਉਹ ਜੱਗ ਵੀ ਮੇਰੇ ਐਨ ਆਲੇ-ਦੁਆਲੇ ਵੱਸਿਆ ਹੋਇਆ ਤੇ ਮੇਰੇ
ਤਨ-ਮਨ ਨਾਲ ਖਹਿ ਕੇ ਲੰਘਣ ਵਾਲਾ ਸੀ। ਮੈਨੂੰ ਉਸ ਅਨੁਭਵ ਦੀ ਭਰਪੂਰ ਤੇ ਸਮੱਗਰ ਜਾਣਕਾਰੀ
ਸੀ। ਇਸ ਅਨੁਭਵ-ਖੇਤਰ ਦੇ ਆਪਸ ਵਿੱਚ ਜੁੜਵੇਂ ਅਨੇਕਾਂ ਪਰਤਾਂ ਤੇ ਪਾਸਾਰ ਸਨ। ਮੇਰੀ
ਵਿਸਤਰਿਤ ਜਾਣਕਾਰੀ ਕਿਸੇ ਵੀ ਅਨੁਭਵ-ਖੰਡ ਨੂੰ ਉਸ ਨਾਲ ਜੁੜਵੇਂ ਵਿਸ਼ਾਲ ਅਨੁਭਵ-ਖ਼ੇਤਰ ਦੀ
ਸਮੂਹਿਕਤਾ ਨਾਲ ਜੋੜ ਕੇ ਹੀ ਸਮੁੱਚੀ ਹਕੀਕਤ ਨੂੰ ਪਛਾਨਣ ਲਈ ਪ੍ਰੇਰਿਤ ਕਰਨ ਲੱਗੀ। ਅਜਿਹੀ
ਸੂਰਤ ਵਿੱਚ ਜਦੋਂ ਕਹਾਣੀ ਲਿਖਣ ਬੈਠਦਾ ਤਾਂ ਪੇਸ਼ ਕੀਤੇ ਜਾਣ ਵਾਲੇ ਅਨੁਭਵ ਦੇ ਪ੍ਰੇਰਕਾਂ ਦੇ
ਪਿਛਲੇ ਸਿਰਿਆਂ ਦੀ ਤਲਾਸ਼ ਕਰਦਾ ਕਰਦਾ ਮੈਂ ਸਹਿਵਨ ਹੀ ਸਤਹ ‘ਤੇ ਦਿਸਦੇ ਬਿਰਤਾਂਤ ਦੀ
ਡੁੰਘਾਈ ਵਿੱਚ ਅੱਗੇ ਤੋਂ ਅੱਗੇ ਉਤਰਨ ਲੱਗਾ; ਬਿਲਕੁਲ ਉਂਜ ਹੀ ਜਿਵੇਂ ਕੋਈ ਤਲਿਸਮੀ ਗੁਫ਼ਾ
ਦੇ ਅੰਦਰ ਦਾਖ਼ਲ ਹੋ ਕੇ ਉਸ ਵਿਚਲੀ ਲਿਸ਼ਕ ਦਾ ਖਿੱਚਿਆ, ਉਸਦੇ ਰਹੱਸ ਨੂੰ ਜਾਨਣ ਲਈ ਅੱਗੇ ਤੋਂ
ਅੱਗੇ ਤੁਰਿਆ ਜਾਵੇ! ਮੈਂ ਕਦੀ ਅੱਗੇ ਵੇਖਦਾ, ਕਦੀ ਪਿੱਛੇ; ਕਦੀ ਉਪਰ ਤੇ ਕਦੀ ਹੇਠਾਂ।
ਨਿੱਕੀ ਕਹਾਣੀ ਦਾ ਸਰਲ-ਰੇਖਾਵੀ ਬਿਰਤਾਂਤ ਮੈਨੂੰ ਕਲਾਵੇ ਵਿੱਚ ਬੰਨ੍ਹ ਕੇ ਨਹੀਂ ਸੀ ਰੱਖ
ਸਕਦਾ। ਕਹਾਣੀ ਵਿੱਚ ਪੇਸ਼ ਕੀਤਾ ਜਾਣ ਵਾਲਾ ਜ਼ਿੰਦਗੀ ਦਾ ਕੋਈ ਮਸਲਾ ਵੀ ਸਰਲ-ਰੇਖਾ ਵਾਂਗ
ਸਿੱਧਾ ਨਹੀਂ ਸੀ। ਨਾ ਹੀ ਕੋਈ ਪਾਤਰ ਏਨਾ ਸਿੱਧਾ-ਸਾਦਾ ਸੀ ਤੇ ਨਾ ਹੀ ਕੋਈ ਘਟਨਾ ਜਾਂ
ਸਥਿਤੀ ਏਨੀ ਇਕਹਿਰੀ ਤੇ ਸਿੱਧ-ਪੱਧਰੀ ਸੀ। ਜ਼ਿੰਦਗੀ, ਪਾਤਰ, ਘਟਨਾਵਾਂ ਜਾਂ ਸਥਿਤੀਆਂ ਤਾਂ
ਗੁੰਝਲਦਾਰ ਗੋਰਖ਼-ਧੰਦਾ ਸਨ। ਇਹਨਾਂ ਜਟਿਲ ਗੁੰਝਲਾਂ ਨੂੰ ਖੋਲ੍ਹਣ ਲਈ ਇਹਨਾਂ ਨਾਲ
ਉਲਝਣਾ-ਪਲਚਣਾ ਪੈਣਾ ਸੀ ਤੇ ਸਾਦਾ ਬਿਰਤਾਂਤ ਦੀ ਥਾਂ ਜਟਿਲ ਬਿਰਤਾਂਤ ਸਿਰਜਣਾ ਪੈਣਾ ਸੀ।
ਇਸਤਰ੍ਹਾਂ ਮੇਰੀ ਕਹਾਣੀ ਦਾ ਆਕਾਰ ਸਹਿਵਨ ਹੀ ਲੰਮਾ ਹੁੰਦਾ ਗਿਆ। ਪਰ ਕਹਾਣੀ ਲਿਖਦੇ ਸਮੇਂ
ਇਹ ਅਹਿਸਾਸ ਜ਼ਰੂਰ ਮੇਰੇ ਨਾਲ ਨਾਲ ਤੁਰਦਾ ਸੀ ਕਿ ਮੈਂ ‘ਕਹਾਣੀ ਹੀ ਲਿਖ ਰਿਹਾ ਹਾਂ!’ ਇਸੇ
ਲਈ ਜਦੋਂ ਮੈਂ ਕਹਾਣੀ ਦੇ ਕੇਂਦਰੀ ਸੂਤਰ ਨਾਲ ਜੁੜੇ ਕਿਸੇ ਪ੍ਰੇਰਕ ਵਰਤਾਰੇ ਦੇ ਪਿਛੋਕੜ
ਵਿੱਚ ਝਾਤ ਮਾਰਨ ਲਈ ਆਪਣੇ ਪਾਠਕ ਨੂੰ ਉਂਗਲ ਫੜਾ ਕੇ ਨਾਲ ਲੈ ਜਾਂਦਾ ਤਾਂ ਉਸਦਾ ਛੇਤੀ ਤੋਂ
ਛੇਤੀ ਗੇੜਾ ਕਢਵਾ ਕੇ ਵਾਪਸ ਕੇਂਦਰੀ ਸੂਤਰ ਦੀ ਸੜਕ ‘ਤੇ ਲਿਆ ਚੜ੍ਹਾਉਂਦਾ। ਮੈਂ ਨਹੀਂ ਸਾਂ
ਚਾਹੁੰਦਾ ਕਿ ਉਹ ਮੁਖ-ਬਿਰਤਾਂਤ ਦੀ ਕੇਂਦਰੀ ਤੰਦ ਨਾਲੋਂ ਟੁੱਟ ਕੇ ਇਸ ਨਵੀਂ ਤੇ ਛੋਟੀ
ਘੁੰਮਣ-ਘੇਰੀ ਵਿੱਚ ਫਸਿਆ ਰਹਿ ਜਾਵੇ। ਬਿਰਤਾਂਤ ਵਿੱਚ ਕਿਸੇ ਕਿਸਮ ਦੀ ਝੋਲ ਜਾਂ ਢਿੱਲ
ਮੈਨੂੰ ਪਰਵਾਨ ਨਹੀਂ ਸੀ। ਇਸਦੇ ਤਣਾਓ ਤੇ ਵਹਾਓ ਦੇ ਵੇਗ ਰਾਹੀਂ ਮੈਂ ਬਿਰਤਾਂਤ ਦੀ ਕੱਸ
ਬਣਾਈ ਰੱਖਣ ਦੇ ਯਤਨ ਵਿੱਚ ਰਹਿੰਦਾ। ਇਸੇ ਲਈ ਮੇਰੀਆਂ ਵੱਡ-ਆਕਾਰੀ ਕਹਾਣੀਆਂ ਵਿੱਚ ਸਿਰਜਿਤ
ਉਪ-ਬਿਰਤਾਂਤ ਨਿੱਕੀ ਕਹਾਣੀ ਵਾਲੀ ਤੇਜ਼ ਗਤੀ ਨਾਲ ਆਪਣੀ ਗੋਲਾਈ ਪੂਰੀ ਕਰਕੇ ਮੁੱਖ-ਬਿਰਤਾਂਤ
ਨਾਲ ਆ ਜੁੜਦੇ ਹਨ। ਕਹਾਣੀ ਵਿਚਲੇ ਉਪ-ਬਿਰਤਾਂਤ ਦਾ ਨਿੱਕੀ ਕਹਾਣੀ ਵਾਂਗ ਹੀ ਆਦਿ, ਮੱਧ,
ਸਿਖ਼ਰ ‘ਤੇ ਅੰਤ ਹੁੰਦਾ ਸੀ। ਇਹ ਬੜੇ ਸਹਿਜ ਨਾਲ ਮੂਲ ਬਿਰਤਾਂਤ ਵਿਚੋਂ ਨਿਕਲਦਾ ਸੀ, ਜਿਵੇਂ
ਕਿਸੇ ਨਹਿਰ ਵਿਚੋਂ ਸੂਆ ਨਿਕਲਦਾ ਹੋਵੇ। ਪਰ ਇਹ ‘ਸੂਆ’ ਆਪਣੇ ਆਲੇ ਦੁਆਲੇ ਫੈਲੀ ਜੀਵਨ-ਧਰਤੀ
ਵਿੱਚ ਆਪਣਾ ਪਾਣੀ ਗਵਾਉਣ ਤੇ ਜਜ਼ਬ ਕਰ ਦੇਣ ਦੀ ਥਾਂ ਸਗੋਂ ਓਥੋਂ ਹੋਰ ਪਾਣੀ ਚੂਸ ਕੇ ਆਪਣੇ
ਨਾਲ ਲੈ ਮੁੜਦਾ; ਅੱਗੋਂ ਕਿਸੇ ਹੋਰ ਥਾਂ ‘ਤੇ ਪਹੁੰਚ ਕੇ ਪਹਿਲਾਂ ਤੋਂ ਵਧੇਰੇ ਉਛਾਲ ਅਤੇ
ਗਤੀ ਨਾਲ ਮੂਲ ਬਿਰਤਾਂਤ ਨਾਲ ਆ ਜੁੜਦਾ ਅਤੇ ਮ਼ੂਲ ਬਿਰਤਾਂਤ ਦੇ ਵਹਾਓ ਨੂੰ ਭਰਿਆ-ਪੂਰਾ ਤੇ
ਹੋਰ ਤੇਜ਼ ਕਰ ਦਿੰਦਾ।
ਇਹਨਾਂ ਉਪ-ਬਿਰਤਾਂਤਾਂ ਵਿਚੋਂ ਪ੍ਰਾਪਤ ਅਨੁਭਵ ਕੇਂਦਰੀ-ਭਾਵ ਦੀ ਹਕੀਕਤ ਦੇ ਰੰਗ ਨੂੰ ਹੋਰ
ਗੂੜ੍ਹਾ ਕਰਦੇ ਜਾਂਦੇ। ਛੋਟੇ ਛੋਟੇ ਉਪ-ਬਿਰਤਾਂਤਾਂ ਦੇ ਸਿਖ਼ਰਾਂ ਵਿਚੋਂ ਵਿਸਫ਼ੋਟਤ ਹੁੰਦੀ
ਅਰਥਾਂ ਦੀ ਲਿਸ਼ਕ ਕੇਂਦਰੀ ਬਿਰਤਾਂਤ ਦੀ ਸਿਖ਼ਰਲੀ ਲਿਸ਼ਕ ਨਾਲ ਜੁੜ ਕੇ ‘ਪ੍ਰਭਾਵਾਂ ਦੀ
ਸਮੂਹਿਕਤਾ’ ਵਾਲੀ ‘ਸਮੱਗਰ ਰੌਸ਼ਨੀ’ ਵਿੱਚ ਖਿੜ ਉੱਠਦੀ। ਇਸ ਨਾਲ ਕਹਾਣੀ ਵਿੱਚ ਬਹੁ-ਰੰਗੇ
ਅਰਥਾਂ ਦਾ ਉਦਘਾਟਨ ਹੁੰਦਾ। ਜ਼ਿੰਦਗੀ ਦੇ ਅਰਥਾਂ ਦੇ ਇਹ ਵਿਭਿੰਨ ਰੰਗ ਆਪਸ ਵਿੱਚ
ਘੁਲਦੇ-ਮਿਲਦੇ ਵੀ ਦਿਸਦੇ ਤੇ ਕਈ ਵਾਰ ਵਿਰੋਧਾਭਾਸਕ ਤੇ ਵਿਡੰਬਨਾਤਮਕ ਰੂਪ ਵਿੱਚ ਆਪਸ ਵਿੱਚ
ਟਕਰਾਉਂਦੇ ਵੀ ਨਜ਼ਰ ਆਉਂਦੇ। ਲੇਖਕ ਦੀ ਉਂਗਲ ਫੜ੍ਹ ਕੇ ਤੁਰਨ ਗਿੱਝੇ ਆਮ ਪਾਠਕ ਨੂੰ ਕਦੀ ਕਦੀ
ਉਹਨਾਂ ਦੀ ਸਿੱਧ-ਪੁੱਠ ਸਮਝ ਨਾ ਆਉਂਦੀ। ਉਹ ਲੇਖਕ ਨੂੰ ਕਦੀ ਬਹੁਤਾ ਬੋਲਣ ਵਾਲੇ ਪਾਤਰ ਦੇ
ਬੋਲਾਂ ਵਿਚੋਂ ਲੱਭਦੇ, ਕਦੇ ਕਹਾਣੀ ਦੇ ਮੰਚ ‘ਤੇ ਰਹਿਣ ਵਾਲੇ ਪਾਤਰਾਂ ਦੇ ਵਿਚਰਨ ਸਮੇਂ ਦੇ
‘ਘੱਟ-ਵੱਧ’ ਹੋਣ ਤੋਂ ਲੇਖਕ ਦੀ ਦ੍ਰਿਸ਼ਟੀ ਦਾ ਅਨੁਮਾਨ ਲਾਉਣ ਲੱਗਦੇ। ਪਰ ਮੈਂ ਤਾਂ ਕਹਾਣੀ
ਵਿੱਚ ਵਕਤਾ ਵਜੋਂ ਬੋਲਣਾ ਬੰਦ ਕਰ ਦਿੱਤਾ ਸੀ ਤੇ ਸਥਿਤੀ ਨੂੰ ਖ਼ੁਦ ਬੋਲਣ ਦਾ ਮੌਕਾ ਦੇ ਰਿਹਾ
ਸਾਂ। ਸਾਧਾਰਨ ਪਾਠਕ ਓਪਰੀ ਸਤਹ ਤੋਂ ਕਹਾਣੀ ਦੇ ਅਰਥ ਤਲਾਸ਼ਦਾ ਰਹਿੰਦਾ ਜਦ ਕਿ ਠੀਕ ਅਰਥਾਂ
ਦੀ ਤਲਾਸ਼ ਲਈ ਉਸਨੂੰ ਕਹਾਣੀ ਦੇ ਡੂੰਘ ਵਿੱਚ ਚੁੱਭੀ ਮਾਰਨੀ ਪੈਣੀ ਸੀ। ਇਸੇ ਕਰਕੇ ਕਈ ਵਾਰ
ਮੇਰੀਆਂ ਕਹਾਣੀਆਂ ਦੇ ਅਰਥਾਂ ਬਾਰੇ ਸਾਧਾਰਨ ਤੇ ਪਰਬੁੱਧ ਪਾਠਕਾਂ ਵਿੱਚ ਸੰਵਾਦ ਚੱਲਦਾ
ਰਿਹਾ।
‘ਅੰਗ-ਸੰਗ’ ਕਹਾਣੀ-ਸੰਗ੍ਰਹਿ ਵਿਚਲੀਆਂ ‘ਕਿੱਥੇ ਗਏ!’ ਤੇ ‘ਸੁਨਹਿਰੀ ਕਿਣਕਾ’ ਵਰਗੀਆਂ
ਕਹਾਣੀਆਂ ਨਾਲ ‘ਨਿੱਕੀ ਕਹਾਣੀ’ ਦੇ ਪਰੰਪਰਾਗਤ ਮਾਡਲ ਨੂੰ ਤੋੜਨ ਦਾ ਜਿਹੜਾ ਕਾਰਜ ਮੇਰੇ
ਕੋਲੋਂ ਸਹਿਵਨ ਹੀ ਹੋ ਗਿਆ ਸੀ ਅਤੇ ‘ਭੱਜੀਆਂ ਬਾਹੀਂ’ ਤੇ ‘ਚੌਥੀ ਕੂਟ’ ਦੀਆਂ ਕਹਾਣੀਆਂ ਨਾਲ
ਇਹ ਆਪਣੇ ਸਿਖ਼ਰ ‘ਤੇ ਪਹੁੰਚ ਗਿਆ। ਇਹ ਕਿਹਾ ਜਾਣ ਲੱਗਾ ਕਿ ਮੈਂ ਕੇਵਲ ਹੁਨਰੀ ਨਿੱਕੀ ਕਹਾਣੀ
ਦੇ ਪਰੰਪਰਾਗਤ ਮਾਡਲ ਨੂੰ ਤੋੜਿਆ ਹੀ ਨਹੀਂ ਸਗੋਂ ਉਸਦੀ ਥਾਂ ‘ਪੰਜਾਬੀ ਕਹਾਣੀ ਦਾ ਇੱਕ ਨਵਾਂ
ਮਾਡਲ’ ਵੀ ਸਥਾਪਤ ਕਰ ਦਿੱਤਾ ਹੈ। ਜਟਿਲ-ਬਿਰਤਾਂਤ ਵਾਲੀ ਲੰਮੀ ਕਹਾਣੀ ਦੇ ਮਾਡਲ-ਸਿਰਜਕ
ਵਜੋਂ ਆਲੋਚਕਾਂ-ਪਾਠਕਾਂ ਨੇ ਮੇਰਾ ਚਰਚਾ ਛੇੜ ਕੇ ‘ਲੰਮੀ ਕਹਾਣੀ’ ਨੂੰ ਮੇਰੇ ਨਾਂ ਨਾਲ ਹੀ
ਮਨਸੂਬ ਕਰ ਦਿੱਤਾ।
ਇਸ ਮਾਡਲ ਦੇ ਸਥਾਪਤ ਹੋਣ ਨਾਲ ਨਿੱਕੀ ਕਹਾਣੀ ਦੇ ਨੇਮ-ਪਾਲਣ ਵਾਲਾ ਅਕਾਦਮਿਕ ਬੰਧੇਜ ਟੁੱਟ
ਗਿਆ ਤੇ ਹੋਰ ਵੀ ਕਈ ਕਹਾਣੀਕਾਰ ‘ਨੇਮਾਂ’ ਦੇ ਸਥਾਪਤ ਬੰਧਨ ਵਿਚੋਂ ਬਾਹਰ ਨਿਕਲ ਕੇ ਕਹਾਣੀਆਂ
ਲਿਖਣ ਲੱਗੇ। ਹੌਲੀ ਹੌਲੀ ਇਹ ਭਰਮ ਜਿਹਾ ਵੀ ਬਣਨ ਲੱਗਾ ਕਿ ਸਥਾਪਤ ਹੋਣ ਲਈ ਸ਼ਾਇਦ ਲੰਮੀ
ਕਹਾਣੀ ਲਿਖਣਾ ਜ਼ਰੂਰੀ ਹੈ। ਜਦ ਕਿ ਇਹ ਗੱਲ ਠੀਕ ਨਹੀਂ ਸੀ। ਸਥਾਪਤ ਹੋਣ ਲਈ ‘ਲੰਮੀ ਕਹਾਣੀ’
ਜਾਂ ‘ਨਿੱਕੀ ਕਹਾਣੀ’ ਨਹੀਂ ਸਗੋਂ ‘ਚੰਗੀ ਕਹਾਣੀ’ ਲਿਖਣ ਦੀ ਲੋੜ ਸੀ। ਮੈਂ ਕਦੀ ਵੀ ‘ਲੰਮੀ
ਕਹਾਣੀ’ ਲਿਖਣ ਦੀ ਕੋਸ਼ਿਸ ਨਹੀਂ ਸੀ ਕੀਤੀ। ਮੈਂ ਤਾਂ ਸਿਰਫ਼ ‘ਕਹਾਣੀ’ ਲਿਖਦਾ ਸਾਂ। ਉਹ
ਕਿੰਨੇ ਸਫ਼ਿਆਂ ਦੀ ਹੋਵੇਗੀ, ਇਹ ਵੇਖਣਾ ਜਾਂ ਸੋਚਣਾ ਮੇਰੀ ਪਹਿਲ ਹੀ ਨਹੀਂ ਸੀ। ਇਸਦੇ ਸਬੂਤ
ਵਜੋਂ ਮੈਂ ਲੰਮੀਆਂ ਕਹਾਣੀਆਂ ਵਾਲੇ ਸੰਗ੍ਰਹਿ ‘ਭੱਜੀਆਂ ਬਾਹੀਂ’ ਵਿੱਚ ਇੱਕ ਸਫ਼ੇ ਦੀ ਕਹਾਣੀ
‘ਕਾਹਲ’ ਵੀ ਲਿਖੀ ਹੈ ਤੇ ‘ਚੌਥੀ ਕੂਟ’ ਵਿੱਚ ਨਿੱਕੀ ਕਹਾਣੀ ਦੇ ਮਾਡਲ ਦੀ ਅਨੁਸਾਰੀ
‘ਛੁੱਟੀ’ ਵਰਗੀ ਕਹਾਣੀ ਦੀ ਰਚਨਾ ਵੀ ਕੀਤੀ ਹੈ।
ਮੈਂ ਤਾਂ ਆਪਣੀ ਗੱਲ ਕਹਿਣੀ ਸੀ। ਜਿੱਥੇ ਤੇ ਜਦੋਂ ਵੀ ਉਹ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ
ਤਰਕ-ਸੰਗਤ ਅੰਜਾਮ ਤੱਕ ਪਹੁੰਚ ਜਾਂਦੀ ਤਾਂ ਕਹਾਣੀ ਖ਼ਤਮ ਹੋ ਜਾਂਦੀ ਸੀ। ਕਹਾਣੀ ‘ਚ ਨਾ ਤਾਂ
ਇੱਕ ਸਤਰ ਵੱਧ ਹੋਣੀ ਚਾਹੀਦੀ ਹੈ ਅਤੇ ਨਾ ਇੱਕ ਘੱਟ। ਜੇ ਇਹ ਪੰਜ ਸਫ਼ਿਆਂ ਵਿੱਚ ਮੁੱਕਣ ਵਾਲੀ
ਹੋਵੇ ਤਾਂ ਓਥੇ ਮੁਕਾ ਦੇਣੀ ਚਾਹੀਦੀ ਹੈ। ਉਸ ਵਿੱਚ ਵਾਧੂ ਦੋ ਸਤਰਾਂ ਜੋੜਨ ਨਾਲ ਵੀ ਉਸਦਾ
ਕਲਾਤਮਕ ਸੰਤੁਲਨ ਡੋਲ ਸਕਦਾ ਹੈ। ਤੇ ਜੇ ਕਹਾਣੀ ਆਪਣੀ ਸਹਿਜ ਚਾਲ ਨਾਲ ਤੁਰਦੀ ਤੁਰਦੀ ਪੰਜਾਹ
ਸਫ਼ਿਆਂ ਤੱਕ ਵੀ ਚਲੀ ਜਾਂਦੀ ਹੈ ਤਾਂ ਇਸਨੂੰ ਕਾਹਲ ਨਾਲ ਮੁਕਾਉਣ ਦੀ ਲੋੜ ਨਹੀਂ। ਇਸ ਵਿਚੋਂ
ਪੰਜ ਸਤਰਾਂ ਵੀ ਕੱਟਣ ਨਾਲ ਕਹਾਣੀ ਦਾ ਪ੍ਰਭਾਵ ਕਮਜ਼ੋਰ ਰਹਿ ਜਾਣ ਦੀ ਸੰਭਾਵਨਾ ਹੋ ਸਕਦੀ ਹੈ।
ਅਸਲ ਵਿੱਚ ਕਹਾਣੀ ਦਾ ਆਕਾਰ ਕਿਸੇ ਪੂਰਵ-ਮਿੱਥਿਤ ਯੋਜਨਾ ਅਧੀਨ ਨਹੀਂ ਕਲਪਿਆ ਜਾ ਸਕਦਾ।
ਅੱਜ ਦਾ ਕਹਾਣੀਕਾਰ ਆਕਾਰ ਵਿੱਚ ਭਾਵੇਂ ਲੰਮੀ ਜਾਂ ਛੋਟੀ ਕਹਾਣੀ ਲਿਖ ਰਿਹਾ ਹੋਵੇ, ਉਹਦੇ ਲਈ
ਕਹਾਣੀ ‘ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦਾ ਸਫ਼ਰ’ ਹੈ, ‘ਕਹਾਣੀ ਇੱਕੋ ਬੈਠਕ ਵਿੱਚ ਪੜ੍ਹੀ
ਜਾਣ ਵਾਲੀ ਰਚਨਾ ਹੈ’, ‘ਕਹਾਣੀ ਸਰਪਟ ਘੋੜ-ਦੌੜ ਹੈ’ ਜਾਂ ‘ਕਹਾਣੀ ਦਸ ਕੁ ਹਜ਼ਾਰ ਸ਼ਬਦਾਂ
ਵਿੱਚ ਲਿਖੀ ਗਈ ਰਚਨਾ ਹੈ’ ਜਿੱਹੇ ਕਥਨ ਕੋਈ ਰੁਕਾਵਟ ਨਹੀਂ ਬਣਦੇ। ਮੈਂ ਤੇ ਮੇਰੇ ਹੋਰ
ਸਮਕਾਲੀਆਂ ਨੇ ਨਿਸਚੈ ਹੀ ਪੰਜਾਬੀ ਕਹਾਣੀ ਦੇ ਕੱਸੇ ਹੋਏ ਅਕਾਦਮਿਕ ਬੰਧੇਜ ਨੂੰ ਢਿੱਲਿਆਂ
ਅਤੇ ਮੋਕਲਾ ਕੀਤਾ ਹੈ। ਆਲੋਚਕਾਂ ਦੇ ਕਹਿਣ ਅਨੁਸਾਰ ਇਸ ਵਿੱਚ ਮੇਰਾ ਹਿੱਸਾ ਵੱਧ ਵੀ ਹੋ
ਸਕਦਾ ਹੈ।
ਭਾਵੇਂ ਲੰਮੀ ਕਹਾਣੀ ਨੂੰ ਮੇਰੇ ਨਾਂ ਨਾਲ ਹੀ ਜੋੜਿਆ ਜਾਂਦਾ ਹੈ ਤਾਂ ਵੀ ਮੈਂ ਆਪਣੇ ਸਿਰ ਇਸ
ਪਹਿਲ-ਕਦਮੀ ਦਾ ਸਿਹਰਾ ਬੰਨ੍ਹਣ ਦਾ ਲਾਲਚ ਨਹੀਂ ਕਰਦਾ। ਜਿਵੇਂ ਮੈਂ ਉੱਤੇ ਸੰਕੇਤ ਕਰ ਆਇਆ
ਹਾਂ ਲੰਮੀ ਕਹਾਣੀ ਦੀ ਪਿਰਤ ਮੈਂ ਨਹੀਂ ਪਾਈ, ਸਗੋਂ ਸੰਤ ਸਿੰਘ ਸੇਖੋਂ ਨੇ ‘ਕੁਰਬਾਨੀ ਦਾ
ਬੱਕਰਾ’ ਅਤੇ ‘ਜੱਗ’ ਤੇ ਜਿਊਣਾ ਕੂੜ ਉਹਨਾਂ ਦਾ’ ਦੋ ਲੰਮੀਆਂ ਕਹਾਣੀਆਂ ਲਿਖ ਕੇ ਪੰਜਾਬੀ
ਵਿੱਚ ਲੰਮੀ ਕਹਾਣੀ ਲਿਖੇ ਜਾਣ ਦੀ ਨੀਂਹ ਰੱਖੀ। ਇਸ ਤੋਂ ਪਹਿਲਾਂ ਵੀ ਨਾਨਕ ਸਿੰਘ ਨੇ ਆਕਾਰ
ਵਿੱਚ ਕੁੱਝ ਲੰਮੀਆਂ ਕਹਾਣੀਆਂ ਲਿਖੀਆਂ ਸਨ, ਪਰ ਉਹਨਾਂ ਦਾ ਆਕਾਰ ਅਤੇ ਨਿਭਾ ‘ਨਾਵਲੀ’
ਵਧੇਰੇ ਸੀ। ਉਹ ਸੁਗਠਿਤ ਅਤੇ ਸੰਕੇਤਕ ਨਹੀਂ ਸਨ। ਉਹ ਲੰਮੇ ਰੁਖ਼ ਸਨ, ਡੂੰਘੇ ਰੁਖ਼ ਨਹੀਂ। ਉਹ
ਯਥਾਰਥ ਦਾ ਸਰਲੀਕ੍ਰਿਤ ਰੂਪ ਪੇਸ਼ ਕਰਦੀਆਂ ਸਨ। ਯਥਾਰਥ ਦੀ ਜਟਿਲਤਾ ਅਤੇ ਇਸਦੀਆਂ ਵਿਭਿੰਨ
ਪਰਤਾਂ ‘ਤੇ ਗੁੰਝਲਾਂ ਉਹਨਾਂ ‘ਚੋਂ ਗ਼ੈਰ-ਹਾਜ਼ਰ ਸਨ। ਪਰ ਸੇਖੋਂ ਦੀਆਂ ਕਹਾਣੀਆਂ ਵਿੱਚ ਲੰਮੀ
ਕਹਾਣੀ ਵਾਲੀਆਂ ਵਿਸ਼ੇਸ਼ਤਾਵਾਂ ਸਨ।
ਉਚੇਚੇ ਤੌਰ ‘ਤੇ ਲੰਮੀਆਂ ਕਹਾਣੀਆਂ ਲਿਖੇ ਜਾਂ ਲਿਖਵਾਏ ਜਾਣ ਦੇ ਯਤਨ ਵੀ ਹੋਏ। ਮੇਰੇ ਤੋਂ
ਪਹਿਲਾਂ ਵੀ ਅਤੇ ਮੇਰੇ ਤੋਂ ਪਿੱਛੋਂ ਵੀ। ਪਹਿਲਾਂ ‘ਸੰਕੇਤ’ ਦਾ ‘ਲੰਮੀ-ਕਹਾਣੀ-ਅੰਕ’ ਅਤੇ
ਪਿੱਛੋਂ ‘ਸਮਦਰਸ਼ੀ’ ਅਤੇ ‘ਕਹਾਣੀ-ਪੰਜਾਬ’ ਦੇ ਉਚੇਚੇ ਤਿਆਰ ਕਰਵਾਏ ਗਏ ‘ਲੰਮੀ ਕਹਾਣੀ ਅੰਕ’
ਪ੍ਰਕਾਸ਼ਿਤ ਹੋਏ। ਕਿਸੇ ਉਚੇਚੇ ਯਤਨ ਨਾਲ ਲੰਮੀ ਕਹਾਣੀ ਲਿਖਣ-ਲਿਖਵਾਉਣ ਵਾਲੀ ਧਾਰਨਾ ਨਿਰਾ
ਸਿੱਧੜਪੁਣਾ ਹੈ। ਅਜਿਹੇ ਯਤਨ ਪਿੱਛੇ ‘ਪਹਿਲ’ ਲੰਮੇ ਆਕਾਰ ਨੂੰ ਮਿਲ ਜਾਂਦੀ ਹੈ ਜਦ ਕਿ ਕੋਈ
ਵੀ ਰਚਨਾ-ਵਸਤੂ ਆਪਣਾ ਆਕਾਰ ਅਤੇ ਜੁਗਤਾਂ ਆਪਣੇ ਨਾਲ ਲੈ ਕੇ ਆਉਂਦੀ ਹੈ। ਜੇ ਰਚਨਾ-ਵਸਤੂ ਦੀ
ਲੋੜ ਨਹੀਂ ਤਾਂ ਮਿੱਥ ਕੇ ਲੰਮੇ ਆਕਾਰ ਦੀ ਰਚਨਾ ਕਰਨ ਵਿੱਚ ‘ਲੰਬਾਈ’ ਤਾਂ ਰਹਿ ਜਾਏਗੀ,
ਡੂੰਘਾਈ ਗ਼ਾਇਬ ਹੋਵੇਗੀ। ਅਜਿਹੀਆਂ ਲੰਮੀਆਂ ਕਹਾਣੀਆਂ ਵਸਤੂ ਦੀ ਲੋੜ ਵਿੱਚੋਂ ਨਹੀਂ, ਫ਼ੈਸ਼ਨ
ਵਜੋਂ ਲਿਖੀਆਂ ਗਈਆਂ ਹੋਣ ਕਰਕੇ ਪਾਠਕ ਅਪ੍ਰਵਾਨ ਕਰ ਦਿੰਦੇ ਹਨ। ਉਂਜ ਵੀ ਜ਼ਿੰਦਗੀ ਦੇ ਡੂੰਘ
ਵਿੱਚ ਉੱਤਰਨਾ, ਮਸਲੇ ਦੀਆਂ ਵਿਭਿੰਨ ਪਰਤਾਂ ਨੂੰ ਸਮਝਣਾ ਅਤੇ ਉਹਨਾਂ ਦੇ ਜਟਿਲ ਤਾਣੇ-ਬਾਣੇ
ਨੂੰ ਇੱਕ ਕਲਾਤਮਕ ਸੰਗਠਨ ਵਿੱਚ ਇਸ ਤਰ੍ਹਾਂ ਬੰਨ੍ਹ ਕੇ ਪੇਸ਼ ਕਰਨਾ ਕਿ ਪਾਠਕ ਕਹਾਣੀ ਨਾਲ
ਖਿੱਚਿਆ ਤੁਰਿਆ ਵੀ ਜਾਵੇ ਅਤੇ ਜ਼ਿੰਦਗੀ ਦੇ ਵਿਭਿੰਨ ਰੰਗ, ਰਸ ਅਤੇ ਅਰਥ ਉਸਦੇ ਅੱਗੇ ਰੌਸ਼ਨ
ਹੁੰਦੇ ਜਾਣ, ਇਹ ਸਾਰਾ ਕੁੱਝ ਕਰ ਸਕਣਾ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ ਹੈ। ਇਸ ਲਈ ਡੂੰਘੀ
ਚੁੱਭੀ ਮਾਰਨ ਦਾ ਦਮ ਚਾਹੀਦਾ ਹੈ। ਇਹ ਦਮ ਹਾਰੀ ਸਾਰੀ ਕੋਲ ਨਹੀਂ ਹੁੰਦਾ। ਬਿਨਾਂ ਦਮ ਤੋਂ
ਚੁੱਭੀ ਲਾਉਣ ਵਾਲਾ ਗੋਤੇ ਖਾਏਗਾ ਹੀ। ਫ਼ੈਸ਼ਨ ਵਜੋਂ ਲਿਖੀ ਜਾਣ ਵਾਲੀ ਲੰਮੀ ਕਹਾਣੀ ਨਾਲ ਵੀ
ਅਜਿਹਾ ਕੁੱਝ ਹੋਵੇਗਾ ਹੀ!
(ਬਾਕੀ ਅਗਲੇ ਅੰਕ ਵਿਚ)
-0-
|