Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ

 

- ਗੁਰਨਾਮ ਢਿੱਲੋਂ

ਨੋ ਬਾਊਂਡਰੀਜ਼

 

- ਗੁਰਮੀਤ ਪਨਾਗ

ਬਲਬੀਰ ਸਿੰਘ ਦਾ ਠਾਣੇਦਾਰ ਬਣਨਾ

 

- ਪ੍ਰਿੰ. ਸਰਵਣ ਸਿੰਘ

ਲਾਹੌਰ ਅਤੇ ਉਸਦੇ ਆਲੇ ਦੁਆਲੇ ਦੀ ਇੱਕ ਭਾਵਕ ਯਾਤਰਾ

 

- ਚਮਨ ਲਾਲ

ਜਨਮ-ਦਿਨ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ‘ਦ ਟਾਈਮਜ’

 

- ਹਰਜੀਤ ਅਟਵਾਲ

ਲਖਬੀਰ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ

 

- ਸੰਤੋਖ ਸਿੰਘ ਧੀਰ

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ

 

- ਹਰਨੇਕ ਸਿੰਘ ਘੜੂੰਆਂ

ਗੁਰੂ ਨਾਨਕ ਗੁਰਦੁਆਰਾ ਦੁਬਈ: ਜਿਥੇ ਮੈਂ ਰਾਤ ਨਾ ਰਹਿ ਸਕਿਆ

 

- ਗਿਆਨੀ ਸੰਤੋਖ ਸਿੰਘ

ਅਸੀਂ ਕੌਣ ਹਾਂ?

 

- ਗੁਲਸ਼ਨ ਦਿਆਲ

ਆਪਣਾ ਹਿੱਸਾ-1

 

- ਵਰਿਆਮ ਸਿੰਘ ਸੰਧੂ

ਸ਼੍ਰੀਮਤੀ ਭੁਪਿੰਦਰ ਪਾਤਰ ਨਾਲ ਕੁਝ ਗੱਲਾਂ

 

- ਅਦਾਰਾ ਸੀਰਤ

ਕੀ ਨਾਸਾ ਦੇ ਵਿਗਿਆਨੀ ਸਚਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 'ਸੇਧ' ਲੈ ਰਹੇ ਹਨ?

 

- ਮਨਦੀਪ ਖੁਰਮੀ ਹਿੰਮਤਪੁਰਾ

ਦਸ ਛੋਟੀਆਂ ਕਵਿਤਾਵਾਂ, ਇਕ ਗਜ਼ਲ ਅਤੇ ਇੱਕ ਗੀਤ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੰਤੋਖ ਸਿੰਘ ਸੰਤੋਖ

ਪੰਦਰਾਂ ਅਗਸਤ

 

- ਗੁਰਮੇਲ ਬੀਰੋਕੇ

ਖੱਤ ਤਾਂ ਬਸ ਖੱਤ ਹੁੰਦੇ ਨੇ

 

- ਗੁਰਪ੍ਰੀਤ ਸਿੰਘ ਤੰਗੋਰੀ

ਅਸੀਂ ਸਾਰੇ

 

- ਦਿਲਜੋਧ ਸਿੰਘ

ਸਰਮਦ ਤੇ ਤਬਰੇਜ ਦਾ

 

- ਹਰਜਿੰਦਰ ਸਿੰਘ ਗੁਲਪੁਰ

ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ

 

- ਜੋਗਿੰਦਰ ਸਿੰਘ ਨਿਰਾਲਾ

Honoring the Martyrs 157 Years later- cremation of 282 martyrs on 1st August 2014

 

- Chaman Lal

GEHAL SINGH: A MARTYR OF THE SUPREME CAUSE

 

- Amarjit Chandan

A whiteman's country: an exercise in Canadian Orejudice

 

- Ted Ferguson

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਕਵਿਤਾ

 

- ਗੁਰਮੀਤ ਸਿੰਘ ਚੀਮਾ

ਕਰਤਾਰ ਸਿੰਘ ਅਠਾਰਵੀਂ ਵਾਰ ਵਿਸ਼ਵ ਵੈਟਰਨ ਚੈਂਪੀਅਨ

 

- ਪਿੰ੍. ਸਰਵਣ ਸਿੰਘ

ਛਾਤੀ ‘ਤੇ ਬੈਠਾ ਸ਼ੇਰ

 

- ਵਰਿਆਮ ਸਿੰਘ ਸੰਧੂ

ਦੋ ਗ਼ਜ਼ਲਾਂ

 

- ਮੁਸ਼ਤਾਕ ( ਯੂ. ਕੇ)

 

Online Punjabi Magazine Seerat

ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼
ਬਲਬੀਰ ਸਿੰਘ ਦਾ ਠਾਣੇਦਾਰ ਬਣਨਾ
- ਪ੍ਰਿੰ. ਸਰਵਣ ਸਿੰਘ

 

ਬਲਬੀਰ ਸਿੰਘ ਬੇਸ਼ੱਕ ਬ੍ਰਿਟਿਸ਼ ਪੁਲਿਸ ਦੀ ਨੌਕਰੀ ਤੋਂ ਬਚਣਾ ਚਾਹੁੰਦਾ ਸੀ ਪਰ ਹਾਲਾਤ ਅਜਿਹੇ ਬਣੇ ਕਿ ਉਸ ਨੂੰ ਠਾਣੇਦਾਰ ਬਣਨਾ ਹੀ ਪਿਆ। ਫਿਲੌਰ ਦੇ ਪੁਲਿਸ ਟ੍ਰੇਨਿੰਗ ਸਕੂਲ ਦਾ ਕੋਰਸ ਕਰਨ ਪਿੱਛੋਂ ਉਸ ਦੀ ਪਹਿਲੀ ਪੋਸਟਿੰਗ ਪੁਲਿਸ ਲਾਈਨ ਲੁਧਿਆਣੇ ਵਿਚ ਹੋਈ। ਲੁਧਿਆਣੇ ਜਾਣ ਤੋਂ ਪਹਿਲਾਂ ਉਹ ਪੰਜਾਬ ਵੱਲੋਂ ਨੈਸ਼ਨਲ ਹਾਕੀ ਚੈਂਪੀਅਨਸਿ਼ਪ ਖੇਡਿਆ ਤੇ ਪੰਜਾਬ ਦੀ ਟੀਮ ਚੌਦਾਂ ਸਾਲ ਬਾਅਦ ਨੈਸ਼ਨਲ ਚੈਂਪੀਅਨ ਬਣੀ। ਲਾਹੌਰ ਵਿਖੇ ਟੀਮ ਦੇ ਮਾਣ ਸਨਮਾਨ ਤੋਂ ਵਿਹਲਾ ਹੁੰਦਿਆਂ ਹੀ ਉਸ ਨੇ ਟੈਕਸੀ ਫੜੀ ਤੇ ਸੱਤ ਮੀਲ ਦੂਰ ਮਾਡਲ ਟਾਊਨ ਵਿਚ ਰਹਿੰਦੀ ਆਪਣੀ ਮੰਗੇਤਰ ਸੁਸ਼ੀਲ ਨੂੰ ਮਿਲਣ ਚਲਾ ਗਿਆ।
ਸੁਸ਼ੀਲ ਉਡੀਕ ਵਿਚ ਸੀ ਕਿ ਕਦ ਬਲਬੀਰ ਸਿੰਘ ਆਵੇ ਤੇ ਉਹ ਆਪਣੇ ਪਿਆਰੇ ਦੇ ਦਰਸ਼ਨ ਕਰੇ। ਉਸ ਦੀਆਂ ਸ਼ੁਭ ਇਛਾਵਾਂ ਪੰਜਾਬ ਦੀ ਟੀਮ ਨੂੰ ਜੇਤੂ ਬਣਾ ਗਈਆਂ ਸਨ। ਜਦੋਂ ਬਲਬੀਰ ਸਿੰਘ ਨੇ ਆਪਣੀ ਮੰਗੇਤਰ ਲਈ ਲਿਆਂਦੇ ਤੋਹਫ਼ੇ ਉਸ ਨੂੰ ਦਿੱਤੇ ਤੇ ਹਾਕੀ ਦਾ ਪਹਿਲਾ ਗੋਲਡ ਮੈਡਲ ਸੁਸ਼ੀਲ ਨੂੰ ਅਰਪਣ ਕੀਤਾ ਤਾਂ ਸੁਸ਼ੀਲ ਨੇ ਸੰਗ ਨਾਲ ਸੂਹੀ ਹੁੰਦੀ ਨੇ ਮੂੰਹੋਂ ਤਾਂ ਇਨਕਾਰ ਕਰਨ ਦੀ ਬਹਾਨੇਬਾਜ਼ੀ ਕੀਤੀ ਪਰ ਦਿਲੋਂ ਸਭ ਕੁਝ ਸਵੀਕਾਰ ਕਰ ਲਿਆ। ਬਲਬੀਰ ਸਿੰਘ ਨੇ ਆਪਣੇ ਆਪ ਨੂੰ ਥਾਪੀ ਦਿੱਤੀ ਜਿਵੇਂ ਉਸ ਨੇ ਦੂਜਾ ਗੋਲਡ ਮੈਡਲ ਜਿੱਤ ਲਿਆ ਹੋਵੇ।
ਬਲਬੀਰ ਸਿੰਘ ਨੂੰ ਕਿਸੇ ਠਾਣੇ ਦਾ ਐੱਸ. ਐੱਚ. ਓ. ਲਾਉਣ ਤੋਂ ਪਹਿਲਾਂ ਠਾਣੇਦਾਰੀ ਦੀ ਪ੍ਰੈਕਟੀਕਲ ਸਿਖਲਾਈ ਲਈ ਸਦਰ ਠਾਣੇ ਦੇ ਐੱਸ. ਐੱਚ. ਓ. ਨਾਲ ਲਾਇਆ ਗਿਆ। ਉਸ ਨੂੰ ਪੁਲਿਸ ਲਾਈਨ ਦੀ ਕਲੋਨੀ ਵਿਚ ਹੀ ਫਲੈਟ ਮਿਲ ਗਿਆ। ਉਹ ਫਲੈਟ ਦੋ ਕਮਰਿਆਂ ਦਾ ਸੀ ਜਿਸ ਵਿਚ ਉਹਦੇ ਨਾਲ ਇਕ ਮੁਸਲਮਾਨ ਏ. ਐੱਸ. ਆਈ. ਵੀ ਰਹਿਣ ਲੱਗਾ ਜੋ ਫਿਲੌਰ ਉਹਦੇ ਨਾਲ ਹੀ ਸਿਖਲਾਈ ਲੈਂਦਾ ਰਿਹਾ ਸੀ। ਦੋਹਾਂ ਨੇ ਖਾਣਾ ਤਿਆਰ ਕਰਨ ਤੇ ਘਰ ਦੀ ਸਾਫ਼ ਸਫ਼ਾਈ ਲਈ ਇਕ ਪੂਰਬੀਆ ਨੌਕਰ ਰੱਖ ਲਿਆ। ਉਹ ਉਸ ਤੋਂ ਮਨਭਾਉਂਦਾ ਖਾਣਾ ਤਿਆਰ ਕਰਵਾਉਂਦੇ ਤੇ ਫਲੈਟ ਵਿਚ ਟੌਅ੍ਹਰ ਨਾਲ ਰਹਿੰਦੇ।
ਠਾਣੇਦਾਰੀ ਸੀ ਅਮਲੀ ਸਿਖਲਾਈ ਲੈਂਦਿਆਂ ਬਲਬੀਰ ਸਿੰਘ ਨੂੰ ਦਿਨੇ ਕਿਸੇ ਨਾ ਕਿਸੇ ਵਾਰਦਾਤ ‘ਤੇ ਜਾਣਾ ਪੈਂਦਾ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਨੀ ਪੈਂਦੀ। ਜੁਰਮਾਂ ਦਾ ਖੁਰਾ ਖੋਜਦਿਆਂ ਉਸ ਨੂੰ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ। ਜਿਵੇਂ ਫਿਲੌਰ ਦੇ ਕਿਲੇ ਵਿਚ ਹਾਕੀ ਖੇਡਣ ਦੀ ਪੂਰੀ ਖੁੱਲ੍ਹ ਨਹੀਂ ਸੀ ਮਿਲਦੀ ਉਵੇਂ ਲੁਧਿਆਣੇ ਵੀ ਉਸ ਨੂੰ ਹਾਕੀ ਖੇਡਣ ਲਈ ਖੁੱਲ੍ਹਾ ਸਮਾਂ ਨਹੀਂ ਸੀ ਮਿਲਦਾ। ਜਦੋਂ ਕੁਝ ਸਮਾਂ ਮਿਲਦਾ ਤਾਂ ਉਹ ਸੜਕ ਪਾਰ ਕਰ ਕੇ ਗੌਰਮਿੰਟ ਕਾਲਜ ਦੇ ਹਾਕੀ ਗਰਾਊਂਡ ਵਿਚ ਕਾਲਜੀਏਟਾਂ ਨਾਲ ਹਾਕੀ ਖੇਡਣ ਚਲਾ ਜਾਂਦਾ। ਹਾਕੀ ਦਾ ਲੁਧਿਆਣੇ ਵਾਲਾ ਗਰਾਊਂਡ ਵੀ ਗੌਰਮਿੰਟ ਕਾਲਜ ਲਾਹੌਰ ਦੇ ਹਾਕੀ ਗਰਾਊਂਡ ਵਰਗਾ ਹੀ ਹਰੇ ਕਚੂਰ ਘਾਹ ਵਾਲਾ ਸੀ ਜੋ ਇਕਸਾਰ ਤਰਾਸਿ਼ਆ ਰਹਿੰਦਾ ਸੀ। ਉਸ ਦੇ ਵੀ ਚੌਹੀਂ ਖੂੰਜੀਂ ਗੱਡੀਆਂ ਤਖ਼ਤੀਆਂ ਉਤੇ ਲਿਖਿਆ ਹੁੰਦਾ ਸੀ, ‘ਡੂ ਨਾਟ ਕਰਾਸ ਦਾ ਹਾਕੀ ਫੀਲਡ।’ ਅਰਥਾਤ ਹਾਕੀ ਦੇ ਮੈਦਾਨ ਵਿਚ ਦੀ ਨਾ ਲੰਘੋ। ਆਲੇ ਦੁਆਲੇ ਕਾਲਜ ਤੇ ਹੋਸਟਲ ਦੀਆਂ ਗੇਰੂ ਰੰਗੀਆਂ ਇਮਾਰਤਾਂ ਸਨ। ਨਾਲ ਹੀ ਕੰਟੀਨ ਸੀ ਜਿਥੇ ਖੇਡਣ ਪਿੱਛੋਂ ਰੈਫਰੈੱਸ਼ਮੈਂਟ ਲਈ ਜਾ ਸਕਦੀ ਸੀ।
ਲੁਧਿਆਣੇ ਸੈੱਟ ਹੋ ਕੇ ਉਸ ਨੇ ਆਪਣੇ ਖਿਡਾਰੀ ਦੋਸਤ ਗੁਰਚਰਨ ਸਿੰਘ ਰੰਧਾਵੇ ਨੂੰ ਸੱਦਾ ਭੇਜਿਆ ਕਿ ਉਹ ਲੁਧਿਆਣੇ ਆਵੇ ਤੇ ਉਨ੍ਹਾਂ ਦੀ ਟੌਅ੍ਹਰ ਵੇਖੇ। ਨਾਲ ਦੱਸਿਆ ਕਿ ਉਹ ਦੋ ਜਣੇ ਫਲੈਟ ਵਿਚ ਰਹਿੰਦੇ ਹਨ ਤੇ ਸੇਵਾ ਲਈ ਇਕ ਨੌਕਰ ਰੱਖਿਆ ਹੋਇਐ। ਰੰਧਾਵਾ ਖੇਤੀਬਾੜੀ ਕਾਲਜ ਲਾਇਲਪੁਰ ਦਾ ਵਿਦਿਆਰਥੀ ਸੀ ਜਿਸ ਨਾਲ ਬਲਬੀਰ ਸਿੰਘ ਪੰਜਾਬ ਯੂਨੀਵਰਸਿਟੀ ਦੀ ਟੀਮ ਵਿਚ ਖੇਡਦਾ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਟੀਮ ਨੇ ਨੈਸ਼ਨਲ ਚੈਂਪੀਅਨਸਿ਼ਪ ਜਿੱਤੀ ਸੀ। ਮੀਡੀਏ ਨੇ ਬਲਬੀਰ ਸਿੰਘ ਤੇ ਗੁਰਚਰਨ ਰੰਧਾਵੇ ਨੂੰ ਭਾਰਤੀ ਹਾਕੀ ਦਾ ਭਵਿੱਖ ਕਿਹਾ ਸੀ।
ਗੁਰਚਰਨ ਰੰਧਾਵਾ ਬੜੇ ਚਾਅ ਨਾਲ ਲਾਇਲਪੁਰੋਂ ਗੱਡੀ ਚੜ੍ਹਿਆ ਤੇ ਲੁਧਿਆਣੇ ਬਲਬੀਰ ਸਿੰਘ ਹੋਰਾਂ ਪਾਸ ਆਣ ਪੁੱਜਾ। ਉੱਦਣ ਹੀ ਉਨ੍ਹਾਂ ਨੂੰ ਪਹਿਲੀ ਤਨਖਾਹ ਮਿਲੀ ਸੀ। ਰਸਮੀ ਮੇਲ ਮਿਲਾਪ ਪਿੱਛੋਂ ਉਨ੍ਹਾਂ ਨੇ ਪੈਂਟਾਂ ਕਮੀਜ਼ਾਂ ਕਿੱਲੀਆਂ ‘ਤੇ ਟੰਗ ਕੇ ਹਾਕੀ ਖੇਡਣ ਵਾਲੀਆਂ ਵਰਦੀਆਂ ਪਾ ਲਈਆਂ। ਨੌਕਰ ਨੂੰ ਹੁਕਮ ਦੇ ਦਿੱਤਾ ਕਿ ਲਾਅਨ ਵਿਚ ਛਿੜਕਾਅ ਕਰ ਲਵੇ ਤੇ ਛੇ ਜਣਿਆਂ ਲਈ ਸਪੈਸ਼ਲ ਡਿਨਰ ਤਿਆਰ ਕਰੇ। ਤੜਕਾ ਇਹੋ ਜਿਹਾ ਲਾਵੇ ਕਿ ਸੜਕ ਤੋਂ ਹੀ ਮਹਿਕਾਂ ਆਉਣ। ਰੰਧਾਵੇ ਦੀ ਆਉਭਗਤ ਵਿਚ ਉਨ੍ਹਾਂ ਨੇ ਤਿੰਨ ਮਹਿਮਾਨ ਹੋਰ ਸੱਦ ਲਏ। ਨੌਕਰ ਨੂੰ ਦੱਸ ਦਿੱਤਾ ਕਿ ਉਹ ਹਾਕੀ ਦਾ ਮੈਚ ਖੇਡ ਕੇ ਦਿਨ ਛਿਪੇ ਪਰਤਣਗੇ। ਖਾਣ ਪੀਣ ਦਾ ਸਮਾਨ ਲਿਆਉਣ ਲਈ ਪੈਸੇ ਉਨ੍ਹਾਂ ਨੇ ਪਹਿਲਾਂ ਹੀ ਫੜਾ ਰੱਖੇ ਸਨ।
ਹਾਕੀ ਖੇਡਣ ਦੀ ਤਿਆਰੀ ਖਿੱਚ ਕੇ ਉਹ ਗੌਰਮਿੰਟ ਕਾਲਜ ਦੇ ਗਰਾਊਂਡ ਵੱਲ ਚਲੇ ਗਏ। ਰਾਹ ਵਿਚ ਰੰਧਾਵੇ ਨੂੰ ਦੱਸਦੇ ਗਏ ਕਿ ਨੌਕਰ ਬੜਾ ਸੁਆਦੀ ਖਾਣਾ ਤਿਆਰ ਕਰਦੈ। ਬੱਸ ਉਂਗਲਾਂ ਚੱਟਦੇ ਰਹਿ ਜਾਈਦੈ। ਆਪਾਂ ਲਾਅਨ ‘ਚ ਬਹਿ ਕੇ ਗੱਪ ਸ਼ੱਪ ਮਾਰਾਂਗੇ। ਇਹ ਵੀ ਦੱਸਦੇ ਗਏ ਠਾਣੇਦਾਰੀ ਦਾ ਕੰਮ ਭਾਵੇਂ ਕੁੱਤਾ ਈ ਐ ਪਰ ਟੌਅ੍ਹਰ ਪੂਰੀ ਐ। ਮੈਚ ਖੇਡ ਕੇ ਜਦ ਉਹ ਮੁੜੇ ਤਾਂ ਉਨ੍ਹਾਂ ਨੇ ਵੇਖਿਆ ਕਿ ਲਾਅਨ ਵਿਚ ਕੋਈ ਛਿੜਕਾਅ ਨਹੀਂ ਸੀ ਕੀਤਾ ਹੋਇਆ। ਬਲਬੀਰ ਸਿੰਘ ਨੇ ਗੁੱਸੇ ਵਿਚ ਨੌਕਰ ਨੂੰ ਆਵਾਜ਼ ਮਾਰੀ ਕਿ ਉਹ ਕੀ ਕਰ ਰਿਹੈ? ਪਰ ਅੱਗੋਂ ਕੋਈ ਆਵਾਜ਼ ਨਾ ਆਈ। ਸੜਕ ਤੋਂ ਤਾਂ ਕੀ ਰਸੋਈ ਵਿਚੋਂ ਵੀ ਤੜਕੇ ਬਗੈਰਾ ਦੀ ਕੋਈ ਮਹਿਕ ਨਹੀਂ ਸੀ ਆ ਰਹੀ। ਦੂਜੀ ਆਵਾਜ਼ ਦੇਣ ‘ਤੇ ਵੀ ਕੋਈ ਜਵਾਬ ਨਾ ਆਇਆ। ਸਾਰੇ ਹੈਰਾਨ ਹੋਏ ਕਿ ਕਿਧਰ ਚਲਾ ਗਿਆ ਨੌਕਰ? ਅੱਗੇ ਵਧੇ ਤਾਂ ਰਸੋਈ ‘ਚ ਭਾਂਡੇ ਮੂਧੇ ਪਏ ਸਨ। ਤਦ ਤਕ ਸੱਦੇ ਹੋਏ ਸਾਰੇ ਮਹਿਮਾਨ ਵੀ ਪੁੱਜ ਗਏ ਸਨ ਪਈ ਨਵੇਂ ਠਾਣੇਦਾਰਾਂ ਦਾ ਨੇਂਦਾ ਹੈ, ਵੇਖੀਏ ਕੀ ਖੁਆਉਂਦੇ ਹਨ?
ਦੋਹਾਂ ਠਾਣੇਦਾਰਾਂ ਨੂੰ ਪਰੇਸ਼ਾਨੀ ਹੋਈ ਕਿ ਨੌਕਰ ਖਾਣੇ ਦਾ ਸਮਾਨ ਲੈ ਕੇ ਕਿਉਂ ਨਹੀਂ ਸੀ ਬਹੁੜਿਆ? ਉਹ ਖਾਣਾ ਕਦੋਂ ਤਿਆਰ ਕਰੇਗਾ? ਜਦ ਉਹ ਅੰਦਰ ਗਏ ਤਾਂ ਸਾਰਾ ਮਾਜਨਾ ਮੂਹਰੇ ਆ ਗਿਆ। ਉੱਦਣ ਹੀ ਮਿਲੀ ਤਨਖਾਹ ਉਹ ਪੈਂਟਾਂ ਦੀਆਂ ਪਿਛਲੀਆਂ ਜੇਬਾਂ ਵਿਚ ਪਾਈ ਕਿੱਲੀਆਂ ‘ਤੇ ਟੰਗ ਗਏ ਸਨ। ਨੌਕਰ ਲਈ ਇਹ ਖੁੱਲ੍ਹਾ ਸੱਦਾ ਸੀ ਕਿ ਖਾਣਾ ਤਿਆਰ ਕਰਨ ‘ਤੇ ਲਾਅਨ ਵਿਚ ਪਾਣੀ ਛਿੜਕਣ ਦੀ ਬਜਾਏ ਬਟੂਆਂ ਉਤੇ ਹੀ ਹੱਥ ਅਜ਼ਮਾ ਲਵੇ। ਆਪਣੀ ਤਨਖਾਹ ਦੇ ਨਾਲ ਉਹ ਦੋਹਾਂ ਠਾਣੇਦਾਰਾਂ ਦੀ ਤਨਖਾਹ ਲੈ ਕੇ ਰਫੂ ਚੱਕਰ ਹੋ ਗਿਆ ਸੀ। ਘਟਨਾ ਸੀ ਤਾਂ ਸਤਾਉਣ ਵਾਲੀ ਪਰ ਬਣ ਗਈ ਹਾਸੇ ਵਾਲੀ। ਠਾਣੇਦਾਰਾਂ ਦੇ ਘਰ ਚੋਰੀ ਹੋਈ ਵੇਖ ਕੇ ਰੰਧਾਵਾ ਤਾਂ ਹੱਸਣੋ ਹੀ ਨਾ ਹਟੇ ਬਈ ਬੜੀ ਟੌਅ੍ਹਰ ਐ ਠਾਣੇਦਾਰਾਂ ਦੀ!
ਰੰਧਾਵੇ ਦੇ ਹਾਸੇ ਵਿਚ ਫਿਰ ਸਾਰੇ ਹੀ ਸ਼ਾਮਲ ਹੋ ਗਏ ਤੇ ਠਾਣੇਦਾਰਾਂ ਦੇ ਨੇਂਦੇ ‘ਤੇ ਆਏ ਸਾਰੇ ਮਹਿਮਾਨਾਂ ਦੀਆਂ ਹੱਸ ਹੱਸ ਵੱਖੀਆਂ ਟੁੱਟਣ ਲੱਗੀਆਂ। ਰਾਹ ਵਿਚ ਜਿਸ ਸੁਆਦੀ ਖਾਣੇ ਦੀਆਂ ਗੱਲਾਂ ਹੁੰਦੀਆਂ ਆਈਆਂ ਸਨ ਉਸ ਦਾ ਬਿਨਾਂ ਖਾਧਿਆਂ ਹੀ ਸੁਆਦ ਲਿਆ ਜਾਣ ਲੱਗਾ। ਹੋਰ ਸੁਆਦ ਦੀ ਗੱਲ ਇਹ ਸੀ ਕਿ ਪੁਲਿਸ ਵੱਲੋਂ ਪਬਲਿਕ ਨੂੰ ਹਦਾਇਤਾਂ ਸਨ ਕਿ ਘਰੇਲੂ ਨੌਕਰਾਂ ਦੇ ਅੱਗੇ ਪਿੱਛੇ ਦਾ ਵੇਰਵਾ ਲਿਖ ਕੇ ਰੱਖਿਆ ਜਾਵੇ ਤੇ ਠਾਣੇ ਦੇ ਰਜਿਸਟਰ ਵਿਚ ਦਰਜ ਕਰਵਾਇਆ ਜਾਵੇ। ਪਰ ਬਲਬੀਰ ਸਿੰਘ ਹੋਰਾਂ ਕੋਲ ਆਪਣੇ ਨੌਕਰ ਦਾ ਨਾ ਕੋਈ ਵੇਰਵਾ ਸੀ ਤੇ ਨਾ ਠਾਣੇ ਦੇ ਰਜਿਸਟਰ ਵਿਚ ਉਹਦਾ ਨਾਂ ਦਰਜ ਸੀ। ਜਦੋਂ ਉਹ ਆਪ ਪੁਲਿਸ ਲਾਈਨ ਵਿਚ ਹਾਜ਼ਰ ਸੀ ਤਾਂ ਠਾਣੇਦਾਰ ਅਵੇਸਲੇ ਸਨ ਕਿ ਉਹਦੇ ਅੱਗੇ ਪਿੱਛੇ ਦਾ ਵੇਰਵਾ ਲੈ ਕੇ ਕੀ ਕਰਨੈ? ਬਸ ਏਨਾ ਕੁ ਪਤਾ ਸੀ ਕਿ ਉਹ ਲਖਨਊ ਨੇੜਿਓਂ ਬਾਰਾ ਬਾਂਕੀ ਤੋਂ ਆਇਆ ਸੀ। ਬਾਰਾ ਬੰਕੀ ਵੀ ਬਲਬੀਰ ਸਿੰਘ ਨੂੰ ਇਸ ਕਰਕੇ ਯਾਦ ਸੀ ਕਿ ਬਾਰਾ ਬੰਕੀ ਦਾ ਹਾਕੀ ਕਲੱਬ ਕਿਸੇ ਟੂਰਨਾਮੈਂਟ ਵਿਚ ਖੇਡਿਆ ਸੀ।
ਪ੍ਰਸਿੱਧ ਹਾਕੀ ਖਿਡਾਰੀ ਕੇ. ਡੀ. ਸਿੰਘ ਬਾਬੂ ਬਾਰਾ ਬੰਕੀ ਦਾ ਸੀ। ਬਾਅਦ ਵਿਚ ਬਾਬੂ ਲੰਡਨ ਤੇ ਹੈਲਸਿੰਕੀ ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਵੱਲੋਂ ਹਾਕੀ ਖੇਡਿਆ ਤਾਂ ਬਲਬੀਰ ਹੋਰੀਂ ‘ਬਾਰਾ ਬੰਕੀ ਦੇ ਚੋਰ’ ਦੀਆਂ ਗੱਲਾਂ ਕਰ ਕੇ ਉਸ ਨੂੰ ਛੇੜਦੇ। ਬਾਬੂ ਸੀ ਤਾਂ ਭਾਵੇਂ ਕੰਵਰ ਪਰ ਵੱਜਣ ਲੱਗਾ ‘ਚੋਰਾਂ ਵਾਲੀ ਬਾਰਾ ਬੰਕੀ ਦਾ!’
ਬਲਬੀਰ ਸਿੰਘ ਹੋਰਾਂ ਦੀਆਂ ਜੇਬਾਂ ਭਾਵੇਂ ਖਾਲੀ ਹੋ ਚੁੱਕੀਆਂ ਸਨ ਪਰ ਸੀ ਤਾਂ ਫਿਰ ਵੀ ਠਾਣੇਦਾਰ। ਘਰ ਆਏ ਮਹਿਮਾਨਾਂ ਨੂੰ ਭੁੱਖੇ ਥੋੜ੍ਹੋ ਮੋੜਨਾ ਸੀ। ਉਹ ਸ਼ਹਿਰ ਦੇ ਇਕ ਨਾਮੀ ਹੋਟਲ ‘ਤੇ ਗਏ ਤੇ ਜਿਹੜੀ ਕਸਰ ਬਾਰਾ ਬੰਕੀ ਦੇ ਚੋਰ ਤੋਂ ਰਹਿ ਗਈ ਸੀ ਉਹ ਹੋਟਲ ਵਾਲਿਆਂ ਨੇ ਕੱਢ ਦਿੱਤੀ। ਇਉਂ ਵਿਖਾਈ ਖਿਡਾਰੀ ਤੋਂ ਠਾਣੇਦਾਰ ਬਣੇ ਬਲਬੀਰ ਸਿੰਘ ਨੇ ਆਪਣੇ ਦੋਸਤਾਂ ਨੂੰ ਠਾਣੇਦਾਰੀ ਦੀ ਟੌਅ੍ਹਰ!
ਜਿਸ ਵੱਡੇ ਠਾਣੇਦਾਰ ਨਾਲ ਬਲਬੀਰ ਸਿੰਘ ਨੂੰ ਠਾਣੇਦਾਰੀ ਕਰਨ ਦੇ ਤੌਰ ਤਰੀਕੇ ਸਿੱਖਣ ਲਈ ਲਾਇਆ ਗਿਆ ਉਹ ਭਾਰੇ ਜੁੱਸੇ ਦਾ ਮਾਲਕ ਸੀ। ਦੌਰੇ ‘ਤੇ ਗਿਆ ਉਹ ਭੋਲੇ ਭਾਲੇ ਪੇਂਡੂ ਲੋਕਾਂ ਤੋਂ ਖ਼ੂਬ ਸੇਵਾ ਕਰਾਉਂਦਾ ਸੀ। ਬਲਬੀਰ ਸਿੰਘ ਪਿੰਡਾਂ ਵਿਚ ਠਾਣੇਦਾਰਾਂ ਦੀ ਹੁੰਦੀ ਆਉਭਗਤ ਵੇਖ ਕੇ ਹੈਰਾਨ ਹੁੰਦਾ। ਪੇਂਡੂਆਂ ਨੂੰ ਪਹਿਲਾਂ ਹੀ ਇਤਲਾਹ ਮਿਲ ਜਾਂਦੀ ਕਿ ਅੱਜ ਉਨ੍ਹਾਂ ਦੇ ਪਿੰਡ ਠਾਣੇਦਾਰ ਨੇ ਆਉਣਾ ਹੈ। ਉਸ ਨੇ ਪਹਿਲੇ ਦਿਨ ਵੱਡੇ ਠਾਣੇਦਾਰ ਨਾਲ ਜਾ ਕੇ ਵੇਖਿਆ ਉਨ੍ਹਾਂ ਲਈ ਪਲੰਘ ਉਤੇ ਨਵਾਂ ਨਕੋਰ ਬਿਸਤਰਾ ਵਿਛਾਇਆ ਹੋਇਆ ਸੀ। ਵੱਡੀ ਉਮਰ ਦੇ ਬਜ਼ੁਰਗਾਂ ਸਮੇਤ ਸਾਰੇ ਪੇਂਡੂ ਉਨ੍ਹਾਂ ਦੇ ਸਵਾਗਤ ਵਿਚ ਉਠ ਖੜ੍ਹੇ ਹੋਏ ਸਨ। ਵੱਡਾ ਠਾਣੇਦਾਰ ਪਲੰਘ ਉਤੇ ਬੈਠਾ ਤਾਂ ਦੋ ਜਣਿਆਂ ਨੇ ਉਹਦੇ ਬੂਟ ਲਾਹੇ, ਜ਼ੁਰਾਬਾਂ ਉਤਾਰੀਆਂ ਤੇ ਵਰਦੀ ਦੇ ਬਟਨ ਖੋਲ੍ਹੇ। ਫਿਰ ਪਿੰਡ ਦੇ ਮੁਖੀ ਨੇ ਸਾਹਿਬ ਨੂੰ ਪੋਲੇ ਸਿਰ੍ਹਾਣੇ ‘ਤੇ ਸਿਰ ਰੱਖ ਕੇ ਆਰਾਮ ਕਰਨ ਲਈ ਬੇਨਤੀ ਕੀਤੀ। ਦੋ ਜਣੇ ਉਹਦੀਆਂ ਲੱਤਾਂ ਘੁੱਟਣ ਲੱਗੇ। ਇਕ ਜਣਾ ਪੱਖਾ ਝੱਲਣ ਲੱਗਾ। ਬਲਬੀਰ ਸਿੰਘ ਇਹ ਸਾਰਾ ਕੁਝ ਵੇਖਦਿਆਂ ਸ਼ਰਮਿੰਦਾ ਹੋਈ ਜਾਵੇ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਜਾਂ ਲੋਕਾਂ ਤੋਂ ਸੇਵਾ ਕਰਾਉਣ ਲਈ?
ਜਦੋਂ ਵੱਡਾ ਠਾਣੇਦਾਰ ਆਰਾਮ ਫਰਮਾ ਰਿਹਾ ਸੀ ਤਾਂ ਬਲਬੀਰ ਸਿੰਘ ਵਰਦੀ ਵਿਚ ਲਾਂਭੇ ਖੜ੍ਹਾ ਸੀ। ਵੱਡੇ ਠਾਣੇਦਾਰ ਨੇ ਉਸ ਵੱਲ ਵੇਖਿਆ ਤਾਂ ਕਿਹਾ ਕਿ ਉਹ ਵੀ ਆਰਾਮ ਕਰੇ ਤੇ ਉਸ ਵਾਂਗ ਸੇਵਾ ਕਰਵਾਏ। ਪਰ ਬਲਬੀਰ ਸਿੰਘ ਨੇ ਅਜਿਹੀ ਸੇਵਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਵੱਡੇ ਠਾਣੇਦਾਰ ਨੇ ਸਮਝਾਇਆ ਕਿ ਅਜਿਹਾ ਕਰਾਉਣਾ ਬ੍ਰਿਟਿਸ਼ ਪੁਲਿਸ ਦੇ ਹਿਤ ਵਿਚ ਹੈ। ਲੋਕਾਂ ਨੂੰ ਪਤਾ ਲੱਗਣਾ ਚਾਹੀਦੈ ਕਿ ਉਹ ਉਨ੍ਹਾਂ ਦੇ ਹਾਕਮ ਹਨ। ਇਸ ਤਰ੍ਹਾਂ ਰੋਅਬ ਕਾਇਮ ਰਹਿੰਦੈ। ਬਲਬੀਰ ਸਿੰਘ ਉਸ ਦੀ ਸਿਖਲਾਈ ਅਧੀਨ ਸੀ ਜਿਸ ਕਰਕੇ ਹੁਕਮ ਮੰਨਣ ਬਿਨਾਂ ਕੋਈ ਚਾਰਾ ਨਹੀਂ ਸੀ। ਪਰ ਉਹ ਕਦਾਚਿਤ ਨਹੀਂ ਸੀ ਚਾਹੁੰਦਾ ਕਿ ਸਿੱਧੇ ਸਾਦੇ ਪੇਂਡੂਆਂ ਤੋਂ ਖੁਸ਼ਾਮਦ ਤੇ ਸੇਵਾ ਕਰਵਾਈ ਜਾਵੇ। ਜਦੋਂ ਉਸ ਦੀ ਅਜਿਹੀ ਸੇਵਾ ਹੁੰਦੀ ਤਾਂ ਉਹ ਬੇਆਰਾਮੀ ਮਹਿਸੂਸ ਕਰਦਾ। ਉਹ ਸਮਝਦਾ ਸੀ ਕਿ ਜਿਹੜੇ ਲੋਕ ਹੱਕ ਸੱਚ ਦੀ ਕਿਰਤ ਕਰਦੇ, ਕਿਸੇ ਨੂੰ ਦੁੱਖ ਨਹੀਂ ਦਿੰਦੇ ਤੇ ਕਾਇਦੇ ਕਾਨੂੰਨ ਦੀ ਪਾਲਣਾ ਕਰਦੇ ਹਨ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਉਹ ਖ਼ੁਦ ਐੱਸ. ਐੱਚ. ਓ. ਬਣਿਆ ਤਾਂ ਉਸ ਨੇ ਅਜਿਹਾ ਹੀ ਕੀਤਾ ਤੇ ਲੋਕ ਸੇਵਾ ਕਰਨੀ ਆਪਣੀ ਡਿਊਟੀ ਸਮਝੀ।
ਠਾਣੇਦਾਰੀ ਦੀ ਅਮਲੀ ਸਿਖਲਾਈ ਲੈਂਦਿਆਂ ਉਸ ਨੂੰ ਇਹ ਵੀ ਪਤਾ ਲੱਗਾ ਕਿ ਆਮ ਲੋਕ ਕਾਨੂੰਨ ਦੀ ਓਨੀ ਉਲੰਘਣਾ ਨਹੀਂ ਕਰਦੇ ਜਿੰਨੀ ਪੁਲਿਸ ਦੇ ਹੀ ਕੁਝ ਕਰਮਚਾਰੀ ਜਾਂ ਅਫ਼ਸਰ ਕਰਦੇ ਹਨ। ਬ੍ਰਿਟਿਸ਼ ਰਾਜ ਵੇਲੇ ਪੁਲਿਸ ਕਿਸੇ ਨੂੰ ਵੀ ਮਾੜੀ ਮੋਟੀ ਸ਼ੱਕ ਅਥਵਾ ਬਿਨਾਂ ਕਿਸੇ ਜੁਰਮ ਦੇ ਹਿਰਾਸਤ ਵਿਚ ਲੈ ਸਕਦੀ ਸੀ। ਵੱਡੇ ਠਾਣੇਦਾਰ ਨੇ ਬਲਬੀਰ ਸਿੰਘ ਨੂੰ ਹਮੇਸ਼ਾਂ ਕਹਿੰਦੇ ਰਹਿਣਾ ਕਿ ਵੱਧ ਤੋਂ ਵੱਧ ਬੰਦੇ ਫੜ ਕੇ ਲਿਆਇਆ ਕਰ। ਪਰ ਬੰਦੇ ਤਾਂ ਉਹ ਤਦ ਹੀ ਫੜੇ ਜੇ ਫੜਨ ਵਾਲੇ ਹੋਣ। ਉਹ ਵਾਰਦਾਤ ‘ਤੇ ਜਾਂਦਾ ਤਾਂ ਜੁਰਮ ਕਰਨ ਵਾਲੇ ਭੱਜ ਗਏ ਹੁੰਦੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਵਿਚ ਸਮਾਂ ਲੱਗਦਾ। ਪਰ ਠਾਣੇਦਾਰ ਕਹਿੰਦਾ ਪਈ ਜਿਹੜਾ ਵੀ ਹੱਥ ਆਉਂਦਾ ਉਹੀ ਫੜ ਲਵੇ। ਇੰਜ ਹੀ ਫੜੋ ਫੜਾਈ ਦਾ ਕੋਟਾ ਪੂਰਾ ਹੋਵੇਗਾ!
ਇਕ ਦਿਨ ਵੱਡੇ ਠਾਣੇਦਾਰ ਨੇ ਬਲਬੀਰ ਸਿੰਘ ਨੂੰ ਚਿਤਾਵਨੀ ਦਿੱਤੀ ਪਈ ਜੇ ਕੋਟਾ ਪੂਰਾ ਨਹੀਂ ਕਰੇਂਗਾ ਤਾਂ ਮੈਂ ਤੇਰੀ ਟ੍ਰੇਨਿੰਗ ਦੀ ਰਿਪੋਰਟ ਵਿਚ ਲਿਖ ਕੇ ਉਪਰ ਭੇਜਾਂਗਾ ਜਿਸ ਨਾਲ ਤੇਰੀ ਏ. ਸੀ. ਆਰ. ਖ਼ਰਾਬ ਹੋਵੇਗੀ। ਵੱਡੇ ਠਾਣੇਦਾਰ ਦੇ ਆਖੇ ਹੁਣ ਬਲਬੀਰ ਸਿੰਘ ਨੂੰ ਵੀ ਬੰਦੇ ਫੜਨੇ ਪੈਣੇ ਸਨ ਤਾਂ ਜੋ ਸਦਰ ਠਾਣੇ ਦਾ ਕੋਟਾ ਪੂਰਾ ਹੋ ਸਕੇ। ਜਿਹੜਾ ਠਾਣੇਦਾਰ ਵੱਧ ਬੰਦੇ ਫੜਨ ਦੀ ਰਿਪੋਰਟ ਉਪਰ ਭੇਜਦਾ ਸੀ ਉਸ ਨੂੰ ਉਪਰਲੇ ਅਫਸਰ ਵੱਧ ਸ਼ਾਬਾਸ਼ ਦਿੰਦੇ ਸਨ। ਠਾਣੇ ਦੀ ਰਿਪੋਰਟ ਹਰ ਹਫ਼ਤੇ ਡਿਪਟੀ ਸੁਪਰਡੰਟ ਕੋਲ ਜਾਂਦੀ ਸੀ। ਪੁਲਿਸ ਕੋਲ ਅਧਿਕਾਰ ਸੀ ਕਿ ਉਹ ਕਿਸੇ ਨੂੰ ਵੀ ਅਵਾਰਾਗਰਦੀ ਦੀ ਧਾਰਾ ਅਧੀਨ ਹਿਰਾਸਤ ਵਿਚ ਲੈ ਸਕਦੀ ਸੀ। ਖ਼ਾਸ ਕਰ ਕੇ ਉਨ੍ਹਾਂ ਨੂੰ ਜਿਹੜੇ ਰਾਤ ਬਰਾਤੇ ਸਫ਼ਰ ਕਰਦੇ ਸਨ। ਜਾਂ ਜਿਹੜੇ ਦਿਨ ਛਿਪਦਿਆਂ ਆਪਣੇ ਟਿਕਾਣੇ ‘ਤੇ ਨਹੀਂ ਸਨ ਪੁੱਜ ਸਕਦੇ। ਧਾਰਾ 109 ਲਾ ਕੇ ਕਿਸੇ ਨੂੰ ਵੀ ਹਵਾਲਾਤ ਵਿਚ ਤੁੰਨਿਆ ਜਾ ਸਕਦਾ ਸੀ।
ਬਲਬੀਰ ਸਿੰਘ ਅਜਿਹਾ ਕਰਨਾ ਤਾਂ ਨਹੀਂ ਸੀ ਚਾਹੁੰਦਾ ਪਰ ਜਿਵੇਂ ਪੁਲਿਸ ਦੀ ਨੌਕਰੀ ਕਰਨੀ ਪੈ ਗਈ ਸੀ ਉਵੇਂ ਹੁਣ ਕੋਟਾ ਪੂਰਾ ਕਰਨ ਲਈ ਬੇਗੁਨਾਹ ਬੰਦੇ ਵੀ ਹਿਰਾਸਤ ਵਿਚ ਲੈਣੇ ਪੈਣੇ ਸਨ। ਕੁਝ ਸਮਾਂ ਤਾਂ ਉਹ ਅਜਿਹਾ ਕਰਨ ਤੋਂ ਟਲਦਾ ਰਿਹਾ ਕਿਉਂਕਿ ਉਸ ਦੇ ਪਿਤਾ ਜੀ ਦੀ ਨਸੀਹਤ ਸੀ ਕਿ ਗ਼ਰੀਬਾਂ ਦੀ ਮਦਦ ਕਰਨੀ ਹੈ ਤੇ ਇਨਸਾਫ਼ ਪਸੰਦ ਲੋਕਾਂ ਨੂੰ ਬੇਇਨਸਾਫ਼ੀ ਤੋਂ ਬਚਾਉਣਾ ਹੈ। ਉਨ੍ਹਾਂ ਦਿਨਾਂ ਵਿਚ ਦੂਜੀ ਵਿਸ਼ਵ ਜੰਗ ਦੇ ਲਿਤਾੜੇ ਲੋਕ ਮਦਦ ਦੇ ਤਲਬਗ਼ਾਰ ਸਨ। ਪਿੰਡਾਂ ਦੇ ਨੌਜੁਆਨ ਫੌਜੀ ਅੰਗਰੇਜ਼ਾਂ ਦੀ ਜੰਗ ਲੜਦੇ ਮਾਰੇ ਗਏ ਸਨ। ਉਨ੍ਹਾਂ ਦਾ ਦੁੱਖ ਦਰਦ ਵੰਡਾਉਣ ਦੀ ਲੋੜ ਸੀ ਪਰ ਪੁਲਿਸ ਦੇ ਠਾਣੇ ਕੋਟੇ ਪੂਰੇ ਕਰਨ ‘ਤੇ ਲੱਗੇ ਹੋਏ ਸਨ।
ਜਿਹੜੇ ਬੰਦੇ ਹਿਰਾਸਤ ਵਿਚ ਲਏ ਜਾਂਦੇ ਸਨ ਉਨ੍ਹਾਂ ‘ਚ ਵਧੇਰੇ ਕਰ ਕੇ ਗ਼ਰੀਬ ਲੋਕ ਹੀ ਹੁੰਦੇ ਸਨ ਜੋ ਕਾਇਦੇ ਕਾਨੂੰਨ ਦੀ ਅਦਾਲਤੀ ਲੜਾਈ ਲੜਨ ਜੋਗੇ ਨਹੀਂ ਸਨ ਹੁੰਦੇ। ਬਲਬੀਰ ਸਿੰਘ ਦੀ ਠਾਣੇਦਾਰ ਬਣਨ ਦੀ ਅਮਲੀ ਸਿਖਲਾਈ ਵਿਚ ਇਕ ਦਿਨ ਅਜਿਹਾ ਵੀ ਆ ਗਿਆ ਕਿ ਉਸ ਨੂੰ ਉਸਤਾਦ ਠਾਣੇਦਾਰ ਦੇ ਵਾਰ ਵਾਰ ਜ਼ੋਰ ਦੇਣ ਉਤੇ ਕੁਝ ਬੰਦੇ ਹਿਰਾਸਤ ਵਿਚ ਲੈਣੇ ਹੀ ਪਏ। ਉਹ ਸਿਪਾਹੀ ਲੈ ਕੇ ਰਾਤ ਨੂੰ ਗਸ਼ਤ ‘ਤੇ ਨਿਕਲਿਆ ਤੇ ਰੇਲ ਗੱਡੀ ‘ਚੋਂ ਉੱਤਰੀਆਂ ਉਨ੍ਹਾਂ ਸਵਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਜਿਹੜੀਆਂ ਲੱਕੜ ਦਾ ਪੁਲ ਲੰਘ ਰਹੀਆਂ ਸਨ। ਉਨ੍ਹਾਂ ਵਿਚ ਇਕ ਵਕੀਲ ਵੀ ਸੀ ਜਿਸ ਨੇ ਨਵੇਂ ਠਾਣੇਦਾਰ ਨੂੰ ਕਿਹਾ ਕਿ ਉਹ ਗ਼ਲਤ ਗ੍ਰਿਫਤਾਰੀਆਂ ਕਰ ਰਿਹੈ। ਕਾਇਦੇ ਕਾਨੂੰਨ ਵਿਚ ਰਹਿਣ ਵਾਲੇ ਸ਼ਹਿਰੀਆਂ ਨੂੰ ਇੰਜ ਹਿਰਾਸਤ ਵਿਚ ਲੈਣਾ ਉਸ ਨੂੰ ਮੁਸੀਬਤ ਵਿਚ ਪਾ ਸਕਦੈ। ਮੁਸੀਬਤ ਵਿਚ ਤਾਂ ਬਲਬੀਰ ਸਿੰਘ ਪਹਿਲਾਂ ਹੀ ਸੀ। ਜੇ ਉਹ ਉਨ੍ਹਾਂ ਨੂੰ ਉਥੇ ਹੀ ਛੱਡਦਾ ਸੀ ਤਾਂ ਕੋਟਾ ਕਿਥੋਂ ਪੂਰਾ ਹੋਣਾ ਸੀ?
ਬਲਬੀਰ ਸਿੰਘ ਨੇ ਰਾਹ ਜਾਂਦੀਆਂ ਸਵਾਰੀਆਂ ਨੂੰ ਘਰ ਪੁਚਾਉਣ ਦੀ ਥਾਂ ਠਾਣੇ ਦੀ ਹਵਾਲਾਤ ਵਿਚ ਜਾ ਡੱਕਿਆ। ਵਕੀਲ ਨੇ ਹਾਲ ਦੁਹਾਈ ਪਾ ਦਿੱਤੀ। ਸਵਾਰੀਆਂ ਵਿਚ ਹੋਰ ਵੀ ਕਈ ਪੜ੍ਹੇ ਲਿਖੇ ਲੋਕ ਸਨ। ਸਭ ਦੇ ਨਾਂ ਅਵਾਰਾਗਰਦਾਂ ਦੇ ਰਜਿਸਟਰ ਵਿਚ ਚਾੜ੍ਹ ਦਿੱਤੇ ਗਏ। ਅਜੇ ਕਾਗਜ਼ੀ ਕਾਰਵਾਈ ਚੱਲ ਹੀ ਰਹੀ ਸੀ ਕਿ ਅਚਾਨਕ ਜਿ਼ਲ੍ਹੇ ਦਾ ਐਸ. ਐਸ. ਪੀ. ਗੁਰਦਿਆਲ ਸਿੰਘ ਠਾਣੇ ਦੀ ਕਾਰਗੁਜ਼ਾਰੀ ਵੇਖਣ ਆ ਪੁੱਜਾ। ਉਹ ਰੁਟੀਨ ਵਿਚ ਗੇੜਾ ਮਾਰਨ ਆਇਆ ਸੀ। ਹਵਾਲਾਤ ਵਿਚ ਤਾੜੇ ਵਕੀਲ ਨੇ ਵੱਡੇ ਅਫਸਰ ਨੂੰ ਵੇਖਦਿਆਂ ਅੰਗਰੇਜ਼ੀ ਵਿਚ ਕਾਨੂੰਨ ਸਮਝਾਉਣਾ ਸ਼ੁਰੂ ਕਰ ਦਿੱਤਾ। ਨਿਹੱਕਿਆਂ ਨੂੰ ਸੀਖਾਂ ਪਿੱਛੇ ਡੱਕਿਆ ਵੇਖ ਕੇ ਐਸ. ਐਸ. ਪੀ. ਨੇ ਐਸ. ਐਚ. ਓ. ਨੂੰ ਪੁੱਛਿਆ ਕਿ ਇਹ ਕੀ ਮਾਮਲਾ ਹੈ?
ਚੰਗਾ ਹੁੰਦਾ ਜੇ ਵੱਡਾ ਠਾਣੇਦਾਰ ਸੱਚ ਦੱਸ ਦਿੰਦਾ ਕਿ ਉਸੇ ਨੇ ਹੀ ਕੋਟਾ ਪੂਰਾ ਕਰਨ ਲਈ ਬਲਬੀਰ ਸਿੰਘ ਨੂੰ ਹੁਕਮ ਦਿੱਤਾ ਸੀ ਪਰ ਉਸ ਨੇ ਇਸ ਮਾਮਲੇ ਦੀ ਸਾਰੀ ਜਿ਼ੰਮੇਵਾਰੀ ਬਲਬੀਰ ਸਿੰਘ ਉਪਰ ਸੁੱਟ ਕੇ ਆਪਣੇ ਆਪ ਨੂੰ ਬਰੀ ਕਰ ਲਿਆ। ਬਲਬੀਰ ਸਿੰਘ ਵੱਡੇ ਠਾਣੇਦਾਰ ਦੀ ਇਸ ਚਤਰਾਈ ਤੇ ਹੈਰਾਨ ਰਹਿ ਗਿਆ। ਜਦੋਂ ਐਸ. ਐਸ. ਪੀ. ਨੇ ਬਲਬੀਰ ਸਿੰਘ ਤੋਂ ਕਾਰਨ ਪੁੱਛਿਆ ਤਾਂ ਸਾਰਾ ਸੱਚ ਸਾਹਮਣੇ ਆ ਗਿਆ। ਗੁਰਦਿਆਲ ਸਿੰਘ ਜੋ ਬਾਅਦ ਵਿਚ ਪੰਜਾਬ ਪੁਲਿਸ ਦਾ ਆਈ. ਜੀ. ਬਣਿਆ, ਬਲਬੀਰ ਸਿੰਘ ਨੂੰ ਬਤੌਰ ਹਾਕੀ ਖਿਡਾਰੀ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਹਿਰਾਸਤ ਵਿਚ ਲਏ ਬੰਦੇ ਬਾਹਰ ਕਢਵਾਏ, ਪੁਲਿਸ ਵੱਲੋਂ ਹੋਈ ਵਧੀਕੀ ਲਈ ਉਨ੍ਹਾਂ ਤੋਂ ਮੁਆਫ਼ੀ ਮੰਗੀ ਤੇ ਐੱਸ. ਐੱਚ. ਓ. ਨੂੰ ਫਿਟਕਾਰ ਪਾਈ। ਇਓਂ ਲਈ ਬਲਬੀਰ ਸਿੰਘ ਨੇ ਠਾਣੇਦਾਰ ਬਣਨ ਦੀ ਅਮਲੀ ਸਿਖਲਾਈ!

ਜੇ ਗੋਲ਼ੀ ਰਤਾ ਕੁ ਨੀਵੀਂ ਹੁੰਦੀ!

1947 ਦੇ ਦਿਨ ਸਨ। ਪੰਜਾਬ ਵਿਚ ਖੂੰਨ ਦੀ ਹੋਲੀ ਖੇਡੀ ਜਾ ਰਹੀ ਸੀ। ਅਚਾਨਕ ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰ ਗਈ। ਜੇਕਰ ਰਾਈਫਲ ‘ਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਹਤੋਂ ਓਲੰਪਿਕ ਖੇਡਾਂ ਦਾ ‘ਗੋਲਡਨ ਹੈਟ ਟ੍ਰਿਕ’ ਵੱਜਦਾ। ਇਹ ਹਾਦਸਾ ਜਾਨ ਲੇਵਾ ਹੋਣਾ ਸੀ ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ ਜੋ ਲੰਮੀ ਉਮਰ ਜਿਊਣ ਲਈ ਮੌਤ ਦੇ ਹੱਥ ਆਉਣੋ ਬਚ ਗਿਆ। ਗੋਲੀ ਉਹਦੇ ਮੱਥੇ ਉਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚ ਦੀ ਨਿਕਲ ਗਈ ਸੀ। ਗੋਲੀ ਵੀ ਉਹ ਥਿਰੀ ਨਟ ਥਿਰੀ ਦੀ ਸੀ। ਜੇ ਇਕ ਦੋ ਇੰਚ ਨੀਵੀਂ ਨਿਕਲਦੀ ਤਾਂ ਖੋਪੜੀ ਖਿਲਰ ਜਾਣੀ ਸੀ!
ਘਟਨਾ ਇੰਜ ਵਾਪਰੀ। ਪੱਛਮੀ ਪੰਜਾਬ ਤੋਂ ਉੱਜੜੇ ਪੁੱਜੜੇ ਲੋਕ ਪੂਰਬੀ ਪੰਜਾਬ ਵੱਲ ਆ ਰਹੇ ਸਨ ਤੇ ਪੂਰਬੀ ਪੰਜਾਬ ਤੋਂ ਉੱਜੜੇ ਲੋਕ ਪੱਛਮੀ ਪੰਜਾਬ ਵੱਲ ਜਾ ਰਹੇ ਸਨ। ਦੋਹੀਂ ਪਾਸੀਂ ਬੇਕਸੂਰਾਂ ਦੇ ਕਤਲ ਹੋ ਰਹੇ ਸਨ। ਕੰਜ ਕੁਆਰੀਆਂ ਦੀਆਂ ਅਸਮਤਾਂ ਲੁੱਟੀਆਂ, ਔਰਤਾਂ ਉਧਾਲੀਆਂ, ਧੰਨ ਮਾਲ ਖੋਹਿਆ ਤੇ ਘਰਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਸਨ। ਬਲਬੀਰ ਸਿੰਘ ਨੂੰ ਠਾਣੇ ਵਿਚ ਸੂਚਨਾ ਮਿਲੀ ਕਿ ਲੁਧਿਆਣੇ ਤੋਂ ਕੁਝ ਮੀਲ ਦੂਰ ਮੁਸਲਮਾਨਾਂ ਦੇ ਤਿੰਨ ਪਿੰਡਾਂ ਨੂੰ ਅੱਗ ਲਾ ਦਿੱਤੀ ਗਈ ਹੈ। ਉਨ੍ਹੀਂ ਦਿਨੀਂ ਅਜਿਹੀਆਂ ਵਾਰਦਾਤਾਂ ਦੀਆਂ ਰਪੋਟਾਂ ਆਮ ਹੀ ਮਿਲਦੀਆਂ ਸਨ। ਪੁਲਿਸ ਨੂੰ ਭਾਜੜ ਪਈ ਹੀ ਰਹਿੰਦੀ ਸੀ। ਬਲਬੀਰ ਸਿੰਘ ਕੋਲ ਪੰਜਾਬ ਆਰਮਡ ਪੁਲਿਸ ਦੇ ਬਾਰਾਂ ਹਥਿਆਰਬੰਦ ਸਿਪਾਹੀ ਸਨ। ਉਸ ਨੇ ਸਿਪਾਹੀਆਂ ਨੂੰ ਵੈਨ ਵਿਚ ਬਿਠਾਇਆ ਤੇ ਮਾਰੇ ਜਾ ਰਹੇ ਮੁਸਲਮਾਨਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਪਿੰਡਾਂ ਵੱਲ ਧਾਈਆਂ ਕੀਤੀਆਂ।
ਦਿਨ ਛਿਪ ਗਿਆ ਸੀ ਤੇ ਹਨ੍ਹੇਰਾ ਪਲੋ ਪਲ ਵਧ ਰਿਹਾ ਸੀ। ਤਿੰਨ ਮੀਲ ਦੂਰੋਂ ਹੀ ਅੱਗ ਦੇ ਭਾਂਬੜ ਹਨ੍ਹੇਰੇ ਵਿਚ ਲਾਲ ਜੀਭਾਂ ਕੱਢਦੇ ਦਿਸਣ ਲੱਗ ਪਏ ਸਨ। ਓਧਰੋਂ ਆਉਂਦੀ ਹਵਾ ਵਿਚ ਸੜ ਰਹੇ ਮਨੁੱਖੀ ਮਾਸ ਦੀ ਗੰਧ ਰਲੀ ਹੋਈ ਸੀ। ਉਹ ਪਿੰਡਾਂ ਵਿਚ ਪਹੁੰਚੇ ਤਾਂ ਮਾਰ ਧਾੜ ਤੇ ਸਾੜ ਫੂਕ ਦੇ ਅਤਿ ਭਿਆਨਕ ਦ੍ਰਿਸ਼ ਨਜ਼ਰੀਂ ਪਏ। ਕੋਈ ਬੰਦਾ ਜਿਊਂਦਾ ਨਹੀਂ ਸੀ ਛੱਡਿਆ। ਪਤਾ ਲੱਗਾ ਕਿ ਔਰਤਾਂ ਜਬਰੀ ਚੁੱਕੀਆਂ ਗਈਆਂ ਸਨ ਤੇ ਮਾਲ ਮੱਤਾ ਲੁੱਟ ਲਿਆ ਗਿਆ ਸੀ। ਘਰਾਂ ਨੂੰ ਲੱਗੀਆਂ ਅੱਗਾਂ ਬੁਝਾਉਣ ਵਾਲਾ ਕੋਈ ਨਹੀਂ ਸੀ। ਚਾਰ ਚੁਫੇਰੇ ਭਾਂਬੜ ਤੇ ਧੂੰਆਂ ਹੀ ਧੂੰਆਂ ਸੀ। ਕਿੱਲਿਆਂ ਨਾਲ ਬੱਝੇ ਡੰਗਰ ਪਸ਼ੂ ਖੜ੍ਹੇ ਹੀ ਸੜ ਗਏ ਸਨ। ਗਲੀਆਂ ਵਿਚ ਲਹੂ ਸੀ ਤੇ ਵਿਛੀਆਂ ਹੋਈਆਂ ਲਾਸ਼ਾਂ ਸਨ। ਸਿਰਫ਼ ਕੁੱਤੇ ਸਨ ਜਿਹੜੇ ਜਿਊਂਦੇ ਬਚੇ ਸਨ। ਉਹ ਪਿੰਡ ਛੱਡ ਕੇ ਬਾਹਰ ਖੇਤਾਂ ਵਿਚ ਭਉਂ ਰਹੇ ਸਨ। ਉਨ੍ਹਾਂ ਦੀ ਰੋਣਹਾਕੀ ਆਵਾਜ਼ ਰਾਤ ਦੀ ਸੁੰਨਸਾਨ ਨੂੰ ਚੀਰ ਰਹੀ ਸੀ। ਪੁਲਿਸ ਪਾਰਟੀ ਇਹ ਸਾਰਾ ਕੁਝ ਵੇਖ ਕੇ ਸਕਤੇ ਵਿਚ ਸੀ। ਉਨ੍ਹਾਂ ਦੇ ਪਹੁੰਚਣ ਤਕ ਜਨੂੰਨੀ ਲੁਟੇਰੇ ਕਾਰਾ ਕਰ ਕੇ ਜਾ ਚੁੱਕੇ ਸਨ। ਉਥੇ ਕੋਈ ਬੰਦਾ ਪਰਿੰਦਾ ਨਹੀਂ ਸੀ ਜਿਸ ਨੂੰ ਪੁਲਿਸ ਗ੍ਰਿਫਤਾਰ ਕਰ ਸਕਦੀ।
ਬਲਬੀਰ ਸਿੰਘ ਦੀ ਪਾਰਟੀ ਮਾਰੇ ਗਿਆਂ ਦੇ ਦੁੱਖ ਵਿਚ ਡੁੱਬੀ ਡੂੰਘੇ ਹਨ੍ਹੇਰੇ ਪਏ ਵਾਪਸ ਪਰਤੀ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ ਜਦੋਂ ਉਨ੍ਹਾਂ ਦੀ ਲਾਰੀ ਲੁਧਿਆਣੇ ਤੋਂ ਫਿਲੌਰ ਵੱਲ ਲੌਢੂਵਾਲ ਪਹੁੰਚੀ। ਉਥੋਂ ਉਨ੍ਹਾਂ ਨੇ ਜੀ ਟੀ ਰੋਡ ਚੜ੍ਹਨਾ ਸੀ ਤੇ ਆਪਣੇ ਠਾਣੇ ਪੁੱਜਣਾ ਸੀ। ਠਾਣੇ ਤੋਂ ਚੱਲਣ ਲੱਗਿਆਂ ਜੁਆਨਾਂ ਨੇ ਆਪਣੇ ਹਥਿਆਰਾਂ ਵਿਚ ਗੋਲੀ ਸਿੱਕਾ ਭਰ ਲਿਆ ਹੋਇਆ ਸੀ। ਲੌਢੂਵਾਲ ਪੁੱਜ ਕੇ ਬਲਬੀਰ ਸਿੰਘ ਨੇ ਮਹਿਸੂਸ ਕੀਤਾ ਕਿ ਹੁਣ ਉਹ ਖ਼ਤਰੇ ਤੋਂ ਬਾਹਰ ਹਨ ਜਿਸ ਕਰਕੇ ਹਥਿਆਰਾਂ ਨੂੰ ਲੋਡ ਕਰੀ ਰੱਖਣ ਦੀ ਲੋੜ ਨਹੀਂ। ਉਸ ਨੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਹਥਿਆਰ ਅਨਲੋਡ ਕਰ ਲੈਣ। ਉਹ ਚਾਹੁੰਦਾ ਸੀ ਕਿ ਜੁਆਨ ਹੁਣ ਆਰਾਮ ਨਾਲ ਬੈਠਣ। ਹਰ ਵੇਲੇ ਦੀ ਭੱਜ ਨੱਸ ਵਿਚ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਸੀ।
ਹੁਕਮ ਮੰਨਦਿਆਂ ਸਿਪਾਹੀਆਂ ਨੇ ਆਪੋ ਆਪਣੀਆਂ ਰਾਈਫਲਾਂ ਖਾਲੀ ਕਰ ਲਈਆਂ। ਬਲਬੀਰ ਸਿੰਘ ਨੇ ਅਵੇਸਲੇ ਬੈਠੇ ਇਕ ਜੁਆਨ ਨੂੰ ਪੁੱਛ ਲਿਆ ਕਿ ਰਾਈਫਲ ਅਨਲੋਡ ਕਰ ਲਈ ਹੈ? ਉਸ ਨੇ ‘ਹਾਂ ਜੀ’ ਕਿਹਾ ਤੇ ਤਸੱਲੀ ਕਰਾਉਣ ਲਈ ਅਨਲੋਡ ਕਰਨ ਦਾ ਐਕਸ਼ਨ ਦੁਹਰਾਇਆ। ਤਦੇ ਇਕ ਗੜਗੜਾਉਂਦਾ ਫਾਇਰ ਹੋਇਆ ਤੇ ਗੋਲੀ ਬਲਬੀਰ ਸਿੰਘ ਦੇ ਮੱਥੇ ਉਪਰ ਦੀ ਵਾਲਾਂ ਨੂੰ ਛੋਂਹਦੀ ਉਸ ਦੀ ਪੱਗ ਵਿਚੋਂ ਦੀ ਨਿਕਲ ਗਈ! ਸਾਰੇ ਹੱਕੇ ਬੱਕੇ ਰਹਿ ਗਏ। ਬਲਬੀਰ ਸਿੰਘ ਕੰਗਰੋੜ ਤਕ ਕੰਬ ਗਿਆ। ਇਹ ਕੀ ਭਾਣਾ ਵਰਤਿਆ? ਗੋਲੀ ਚਲਾਉਣ ਵਾਲਾ ਜੁਆਨ ਕਰਤਾਰ ਸਿੰਘ ਬਲਬੀਰ ਸਿੰਘ ਦੇ ਪੈਰੀਂ ਡਿੱਗ ਕੇ ਮੁਆਫੀਆਂ ਮੰਗਣ ਲੱਗਾ ਕਿ ਇਹ ਉਸ ਨੇ ਜਾਣ ਬੁੱਝ ਕੇ ਨਹੀਂ ਕੀਤਾ। ਮਿੰਨਤਾਂ ਤਰਲੇ ਕਰਦਿਆਂ ਤੇ ਹੰਝੂ ਵਹਾਉਂਦਿਆਂ ਉਹ ਆਪਣੀ ਅਣਗਹਿਲੀ ਦੀ ਭੁੱਲ ਬਖਸ਼ਾਉਣ ਲੱਗਾ।
ਬਲਬੀਰ ਸਿੰਘ ਨੂੰ ਜਿਹੜੇ ਹਥਿਆਰਬੰਦ ਜੁਆਨ ਮਿਲੇ ਸਨ ਉਨ੍ਹਾਂ ਵਿਚ ਕਈ ਪੁਰਾਣੇ ਫੌਜੀ ਸਨ। ਉਹ ਦਿਨ ਰਾਤ ਡਿਊਟੀ ਦੇ ਰਹੇ ਸਨ ਜਿਸ ਕਰਕੇ ਆਰਾਮ ਕਰਨ ਦਾ ਵਕਤ ਨਹੀਂ ਸੀ ਮਿਲ ਰਿਹਾ। ਕਈਆਂ ਨੂੰ ਅਨੀਂਦਰਾ ਮਾਰ ਰਿਹਾ ਸੀ। ਉਤੋਂ ਦਿਨ ਰਾਤ ਮਰਨ ਮਾਰਨ ਦੀਆਂ ਵਾਰਦਾਤਾਂ ਵੇਖ ਰਹੇ ਸਨ। ਉਹ ਇਕ ਤਰ੍ਹਾਂ ਨੀਮ ਪਾਗ਼ਲ ਹੋਏ ਪਏ ਸਨ ਤੇ ਹੋਸ਼ ਹਵਾਸ਼ ਖੋ ਬੈਠੇ ਸਨ। ਕਰਤਾਰ ਸਿੰਘ ਵੀ ਪੂਰੀ ਹੋਸ਼ ਵਿਚ ਨਹੀਂ ਸੀ ਰਿਹਾ। ਮੈਗਜ਼ੀਨ ਤਾਂ ਉਸ ਨੇ ਬਾਹਰ ਕੱਢ ਕੇ ਖਾਲੀ ਕਰ ਲਿਆ ਸੀ ਪਰ ਇਕ ਗੋਲੀ ਅਜੇ ਵੀ ਰਾਈਫਲ ਦੀ ਨਾਲ ਵਿਚ ਰਹਿ ਗਈ ਸੀ। ਉਹੀ ਗੋਲੀ ਬਲਬੀਰ ਸਿੰਘ ਲਈ ਘਾਤਕ ਬਣ ਚੱਲੀ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਉਸ ਨੇ ਅਜੇ ਉਸ ਤੋਂ ਹੋਰ ਹਾਕੀ ਖਿਡਵਾਉਣੀ ਸੀ ਤੇ ਉਸ ਨੂੰ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਬਣਾਉਣਾ ਸੀ। ਉਂਜ ਇਹ ਭਾਣਾ ਉਥੇ ਵਰਤਿਆ ਸੀ ਜਿਥੋਂ ਪੁਲਿਸ ਟ੍ਰੇਨਿੰਗ ਸਕੂਲ ਫਿਲੌਰ ਤਿੰਨ ਮੀਲ ਤੇ ਉਹਦਾ ਜਨਮ ਪਿੰਡ ਹਰੀਪੁਰ ਖ਼ਾਲਸਾ ਪੰਜ ਮੀਲ ਦੂਰ ਸੀ। ਬਲਬੀਰ ਸਿੰਘ ਨੇ ਸਾਰੀ ਸਥਿਤੀ ਨੂੰ ਸਮਝਦਿਆਂ ਸ਼ੁਕਰ ਮਨਾਇਆ ਤੇ ਕਰਤਾਰ ਸਿੰਘ ਨੂੰ ਮੁਆਫ਼ ਕਰ ਦਿੱਤਾ। ਅੱਧੀ ਰਾਤੇ ਉਹ ਹੈੱਡ ਕੁਆਟਰ ‘ਤੇ ਪਹੁੰਚੇ।
ਠਾਣੇਦਾਰੀ ਕਰਦਿਆਂ ਬਲਬੀਰ ਸਿੰਘ ਨੇ ਅਨੇਕਾਂ ਅਣਮਨੁੱਖੀ ਜੁਰਮ ਹੋਏ ਵੇਖੇ। ਉਨ੍ਹਾਂ ਵਿਚ ਮਾਸੂਮਾਂ ਦੇ ਕਤਲ, ਬੱਚੀਆਂ ਦੇ ਬਲਾਤਕਾਰ ਅਤੇ ਅਮਨ ਅਮਾਨ ਲੋਚਦੇ ਲੋਕਾਂ ਦੀ ਮਾਰ ਧਾੜ ਦੀਆਂ ਵਾਰਦਾਤਾਂ ਸ਼ਾਮਲ ਸਨ। ਵੱਡੇ ਠਾਣੇਦਾਰ ਨਾਲ ਲੱਗ ਕੇ ਪ੍ਰੈਕਟੀਕਲ ਟ੍ਰੇਨਿੰਗ ਲੈਣ ਤੋਂ ਬਾਅਦ ਉਸ ਨੂੰ ਲੁਧਿਆਣੇ ਦੇ ਇਕ ਠਾਣੇ ਦਾ ਸੁਤੰਤਰ ਚਾਰਜ ਦੇ ਦਿੱਤਾ ਗਿਆ ਸੀ। ਜਦੋਂ ਉਹ ਫਿਲੌਰ ਦੇ ਕਿਲੇ ਵਿਚ ‘ਕੈਦ’ ਸੀ ਤੇ ਨਾਲ ਦੇ ਸਾਥੀ ਮਹੀਨੇ ਦੀਆਂ ਛੁੱਟੀਆਂ ਬਿਤਾਉਣ ਗਏ ਹੋਏ ਸਨ ਤਾਂ ਇਕ ਦਿਨ ਉਸ ਨੂੰ ਠਾਣੇ ਦਾ ਪ੍ਰੈਕਟੀਕਲ ਕੰਮ ਵਿਖਾਉਣ ਲਈ ਨੇੜਲੇ ਠਾਣੇ ਵਿਚ ਲਿਜਾਇਆ ਗਿਆ ਸੀ। ਉਹ ਠਾਣੇ ਪੁੱਜਾ ਹੀ ਸੀ ਕਿ ਕੁਝ ਵਿਅਕਤੀ ਖੂੰਨ ਵਿਚ ਲੱਥ ਪੱਥ ਇਕ ਛੋਟੀ ਜਿਹੀ ਬੱਚੀ ਨੂੰ ਲਿਆਏ ਜਿਸ ਨਾਲ ਕਿਸੇ ਫੌਜੀ ਨੇ ਬਲਾਤਕਾਰ ਕੀਤਾ ਸੀ। ਬੱਚੀ ਨੂੰ ਕਪੜਿਆਂ ਵਿਚ ਲਪੇਟਿਆ ਹੋਇਆ ਸੀ ਜਿਨ੍ਹਾਂ ‘ਚੋਂ ਲਹੂ ਸਿੰਮ ਰਿਹਾ ਸੀ। ਲਹੂ ਭਿੱਜੀ ਉਸ ਗੰਢ ਨੂੰ ਮੇਜ਼ ਉਤੇ ਰੱਖ ਦਿੱਤਾ ਗਿਆ ਸੀ। ਇਹ ਦ੍ਰਿਸ਼ ਦਿਲ ਦਹਿਲਾਅ ਦੇਣ ਵਾਲਾ ਸੀ। ਬਲਬੀਰ ਸਿੰਘ ਪਹਿਲੀ ਵਾਰ ਅਜਿਹਾ ਘਿਣਾਉਣਾ ਕਾਰਾ ਹੋਇਆ ਵੇਖ ਰਿਹਾ ਸੀ।
ਇਹ ਵਾਰਦਾਤ ਇਕ ਪਿੰਡ ਵਿਚ ਵਾਪਰੀ ਸੀ। ਉਸ ਪਿੰਡ ਦਾ ਕੋਈ ਫੌਜੀ ਫਰਲ੍ਹੋ ਉਤੇ ਭੱਜ ਆਇਆ ਸੀ। ਦੂਜੀ ਵਿਸ਼ਵ ਜੰਗ ਵਿਚ ਪਤਾ ਨਹੀਂ ਉਸ ਨੇ ਕਿੰਨੇ ਬੰਦੇ ਮਰਦੇ ਮਾਰਦੇ ਵੇਖੇ ਸਨ। ਮਰਨ ਮਾਰਨ ਦੇ ਉਸ ਮਾਹੌਲ ਨੇ ਉਸ ਵਿਚੋਂ ਇਨਸਾਨੀਅਤ ਗ਼ਾਇਬ ਕਰ ਦਿੱਤੀ ਸੀ। ਉਸ ਨੇ ਗੁਆਂਢੀਆਂ ਦੀ ਇਕ ਬੱਚੀ ਨੂੰ ਕੁੱਛੜ ਚੁੱਕਿਆ ਤੇ ਬਾਹਰ ਖੇਤਾਂ ਵਿਚ ਲੈ ਗਿਆ। ਕਿਸੇ ਨੂੰ ਵੀ ਉਸ ਦੇ ਮੰਦੇ ਇਰਾਦੇ ਦਾ ਪਤਾ ਨਹੀਂ ਸੀ। ਉਥੇ ਉਸ ਨੇ ਹੈਵਾਨਾਂ ਵਾਲਾ ਕਾਰਾ ਕਰ ਦਿੱਤਾ। ਘਰ ਦਿਆਂ ਨੇ ਬੱਚੀ ਦੀ ਤਲਾਸ਼ ਕੀਤੀ ਤਾਂ ਉਹ ਖੇਤਾਂ ਵਿਚ ਲਹੂਲੁਹਾਣ ਲੱਭੀ। ਬਾਅਦ ਵਿਚ ਫੌਜੀ ਵੀ ਫੜਿਆ ਗਿਆ। ਉਸ ਨੂੰ ਠਾਣੇ ਲਿਆ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਮੰਨ ਲਿਆ। ਬਲਬੀਰ ਸਿੰਘ ਕਿੰਨੇ ਹੀ ਦਿਨ ਸੋਚਦਾ ਰਿਹਾ ਕਿ ਬੰਦਾ ਕਿੰਨਾ ਗਿਰ ਸਕਦਾ ਹੈ। ਜੰਗ ਬੰਦੇ ਨੂੰ ਕਿਵੇਂ ਇਨਸਾਨ ਤੋਂ ਹੈਵਾਨ ਬਣਾ ਦਿੰਦੀ ਹੈ। ਜੇਕਰ ਉਸ ਫੌਜੀ ਜੁਆਨ ਨੂੰ ਸਹਿਜ ਜੀਵਨ ਮਿਲਦਾ ਤਾਂ ਉਹ ਅਜਿਹੀ ਕਰਤੂਤ ਨਾ ਕਰਦਾ। ਅਜਿਹੀ ਕਰਤੂਤ ਕੋਈ ਮਾਨਸਿਕ ਰੋਗੀ ਹੀ ਕਰ ਸਕਦਾ ਹੈ। ਠਾਣੇ ਦਾ ਇਹ ਦ੍ਰਿਸ਼ ਵੇਖ ਕੇ ਉਹ ਸਾਰੀ ਰਾਤ ਸੌਂ ਨਾ ਸਕਿਆ। ਉਸ ਦਾ ਇਨਸਾਨੀਅਤ ਤੋਂ ਵਿਸ਼ਵਾਸ ਡੋਲ ਗਿਆ।
ਜਦੋਂ ਉਹ ਲੁਧਿਆਣੇ ਦੇ ਠਾਣੇ ਵਿਚ ਤਾਇਨਾਤ ਸੀ ਤਾਂ ਹੱਲੇ ਗੁੱਲੇ ਦੇ ਦਿਨ ਸਨ। ਇਕ ਦਿਨ ਰਿਪੋਰਟ ਮਿਲੀ ਕਿ ਠਾਣੇ ਦੇ ਇਕ ਪਿੰਡ ਵਿਚ ਇਕ ਮੁਸਲਮਾਨ ਪਰਿਵਾਰ ਦਾ ਕੋਹ ਕੋਹ ਕੇ ਕਤਲ ਕਰ ਦਿੱਤਾ ਗਿਆ ਹੈ। ਉਹ ਪਿੰਡ ਲੁਧਿਆਣੇ ਤੋਂ ਅੱਠ ਮੀਲ ਦੂਰ ਸੀ। ਬਲਬੀਰ ਸਿੰਘ ਦੀ ਪਾਰਟੀ ਉਥੇ ਪਹੁੰਚੀ ਤਾਂ ਪਰਿਵਾਰ ਦੀਆਂ ਔਰਤਾਂ, ਬੱਚੇ ਬੱਚੀਆਂ ਤੇ ਮਰਦ ਸਾਰੇ ਹੀ ਕੋਹੇ ਪਏ ਸਨ। ਵਿਹੜਾ ਲਹੂਲੁਹਾਣ ਸੀ। ਆਂਢੀਆਂ ਗੁਆਂਢੀਆਂ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਬਾਹਰੋਂ ਆਏ ਜਨੂੰਨੀ ਲੁਟੇਰੇ ਮਾਰ ਧਾੜ ਕਰ ਗਏ ਹਨ। ਪਰਿਵਾਰ ਵਿਚਾਰਾ ਬੇਹੱਦ ਸ਼ਰੀਫ਼ ਸੀ। ਉਨ੍ਹਾਂ ਦੀ ਨਾ ਕਿਸੇ ਨਾਲ ਦੁਸ਼ਮਣੀ ਸੀ ਤੇ ਨਾ ਵੱਟ ਬੰਨੇ ਦਾ ਰੌਲਾ ਸੀ। ਵਿਚਾਰੇ ਬਿਨਾ ਕਸੂਰੋਂ ਮਾਰ ਦਿੱਤੇ ਗਏ ਸਨ ਤੇ ਕਾਤਲਾਂ ਨੇ ਮਿੰਨਤਾਂ ਤਰਲੇ ਨਹੀਂ ਸਨ ਸੁਣੇ। ਦੇਸ਼ ਦੀ ਆਜ਼ਾਦੀ ਨਾਲ ਹੋਈ ਵੰਡ ਲੱਖਾਂ ਪਰਿਵਾਰਾਂ ਨੂੰ ਲੈ ਬੈਠੀ ਸੀ। ਜਿਨ੍ਹਾਂ ਨੂੰ ਸੇਕ ਲੱਗਾ ਉਹੀ ਜਾਣਦੇ ਹਨ ਕਿ ਉਨ੍ਹਾਂ ਨੂੰ ‘ਆਜ਼ਾਦੀ’ ਦਾ ਕੀ ਮੁੱਲ ਤਾਰਨਾ ਪਿਆ ਸੀ?
ਇਕ ਹੋਰ ਰਿਪੋਟ ਮਿਲੀ ਕਿ ਕਿਸੇ ਕੋਠੇ ਵਿਚੋਂ ਮਨੁੱਖੀ ਲਾਸ਼ਾਂ ਦਾ ਮੁਸ਼ਕ ਆ ਰਿਹੈ ਜਿਸ ਕੋਲੋਂ ਦੀ ਲੰਘਿਆ ਨਹੀਂ ਜਾ ਰਿਹੈ। ਹਵਾ ਪਲੀਤ ਹੋ ਗਈ ਹੈ ਜਿਸ ‘ਚੋਂ ਸਾਹ ਲੈਣਾ ਔਖਾ ਹੋਇਆ ਪਿਐ। ਪਿੰਡ ਦੇ ਲੋਕ ਠਾਣੇ ਆਏ ਖੜ੍ਹੇ ਸਨ। ਬਲਬੀਰ ਸਿੰਘ ਦੋ ਸਿਪਾਹੀਆਂ ਨੂੰ ਨਾਲ ਲੈ ਕੇ ਮੌਕਾ ਵੇਖਣ ਗਿਆ। ਇਕ ਛੋਟੇ ਜਿਹੇ ਪਿੰਡ ਦੇ ਬਾਹਰਵਾਰ ਤੂੜੀ ਵਾਲਾ ਕੋਠਾ ਸੀ। ਮੁਸ਼ਕ ਉਹਦੇ ਵਿਚੋਂ ਹੀ ਆ ਰਿਹਾ ਸੀ। ਪੁਲਿਸ ਪਾਰਟੀ ਨੇ ਕੋਠੇ ਦਾ ਬੂਹਾ ਖੋਲ੍ਹਿਆ। ਅੰਦਰ ਤੂੜੀ ਦਾ ਢੇਰ ਸੀ ਪਰ ਕੋਈ ਲਾਸ਼ ਨਹੀਂ ਸੀ ਦਿਸ ਰਹੀ। ਸਿਪਾਹੀਆਂ ਨੂੰ ਕਿਹਾ ਗਿਆ ਕਿ ਤੂੜੀ ਫੋਲਣ। ਤੂੜੀ ਫੋਲੀ ਗਈ ਤਾਂ ਇਕ ਇਕ ਕਰ ਕੇ ਸੱਤ ਲਾਸ਼ਾਂ ਲੱਭੀਆਂ। ਉਸ ਕਿਸੇ ਸਿੱਖ ਪਰਿਵਾਰ ਦੇ ਛੇ ਬੱਚਿਆਂ ਤੇ ਉਨ੍ਹਾਂ ਦੀ ਮਾਂ ਦੀਆਂ ਸਨ। ਬੱਚਿਆਂ ਦੇ ਪਿਤਾ ਦੀ ਲਾਸ਼ ਨਹੀਂ ਲੱਭ ਸਕੀ। ਪਤਾ ਨਹੀਂ ਇਹ ਕਿਸ ਪਰਿਵਾਰ ਦੀਆਂ ਸਨ ਤੇ ਉਨ੍ਹਾਂ ਨੂੰ ਕਿਥੇ ਮਾਰ ਕੇ ਇਥੇ ਤੂੜੀ ਵਿਚ ਦਫਨਾ ਦਿਤਾ ਗਿਆ ਸੀ। ਇਸ ਵਾਰਦਾਤ ਨੇ ਬਲਬੀਰ ਸਿੰਘ ਦਾ ਇਨਸਾਨੀਅਤ ਵਿਚ ਰਹਿੰਦਾ ਖੂੰਹਦਾ ਵਿਸ਼ਵਾਸ ਵੀ ਹਿਲਾ ਦਿੱਤਾ।
ਉਹ ਸੋਚਣ ਲੱਗਾ ਕਿ ਇਨਸਾਨ ਚੰਗਾ ਬਣੇ ਤਾਂ ਇਕ ਦੇਵਤਾ ਵੀ ਬਣ ਸਕਦੈ ਤੇ ਮਾੜਾ ਬਣੇ ਤਾਂ ਦਾਨਵਾਂ ਤੋਂ ਭੈੜਾ ਵੀ ਹੋ ਸਕਦੈ। ਉਹ ਸੰਤ ਵੀ ਬਣ ਸਕਦੈ ਤੇ ਡਾਕੂ ਵੀ। ਉਹ ਮਖੌਟਾ ਪਹਿਨ ਕੇ ਸਾਧੂ ਸੰਤ, ਸਾਊ ਸਿਆਸਤ ਜਾਂ ਅਫ਼ਸਰ ਹੋਣ ਦਾ ਭੁਲੇਖਾ ਵੀ ਪਾ ਸਕਦੈ ਤੇ ਅੰਦਰੋ ਅੰਦਰੀ ਮਨੁੱਖਤਾ ਦਾ ਕਾਤਲ ਵੀ ਹੋ ਸਕਦੈ। 1947 ਦੀ ਵੱਢ-ਟੁੱਕ ਵਿਚ ਕਈ ਸਿਆਸਤਦਾਨਾਂ ਨੇ ਅਜਿਹਾ ਰੋਲ ਨਿਭਾਇਆ ਵੀ। ਕਈਆਂ ਨੇ ਗੈ਼ਰ ਜਿ਼ੰਮੇਵਾਰੀ ਵਾਲੀ ਸਿਆਸਤ ਕੀਤੀ। ਬਟਵਾਰਾ ਕਰਨਾ ਵੀ ਸੀ ਤਾਂ ਵਿਧੀ ਵਿਉਂਤ ਨਾਲ ਕੀਤਾ ਜਾਣਾ ਬਣਦਾ ਸੀ। ਲੱਖਾਂ ਲੋਕਾਂ ਨੂੰ ਮੌਤ ਦੀ ਭੱਠੀ ਵਿਚ ਝੋਕਣ ਲਈ ‘ਕੱਲੇ ਅੰਗਰੇਜ਼ ਹੀ ਜਿੰ਼ਮੇਵਾਰ ਨਹੀਂ ਸਨ ਸਗੋਂ ਹਿੰਦੋਸਤਾਨ ਦੇ ਸਿਆਸਤਦਾਨ ਵੀ ਜਿ਼ੰਮੇਵਾਰ ਸਨ। ਪੁਲਿਸ ਤੇ ਫੌਜ ਹੱਥਲ ਕਰ ਦਿੱਤੀ ਗਈ ਸੀ ਜਿਸ ਕਰਕੇ ਕਾਇਦੇ ਕਾਨੂੰਨ ਨਾਂ ਦੀ ਕੋਈ ਪਾਲਣਾ ਨਹੀਂ ਸੀ ਹੋ ਰਹੀ।
ਉਨ੍ਹਾਂ ਦਿਨਾਂ ਵਿਚ ਜਿਹੜੇ ਬੰਦੇ ਪੂਰਬੀ ਪੰਜਾਬ ਵਿਚ ਮੁਸਲਮਾਨਾਂ ਦੀ ਹਿਫ਼ਾਜ਼ਤ ਵਿਚ ਨਿੱਤਰੇ ਉਹ ਵੀ ਫਿਰਕੂ ਜਨੂੰਨੀਆਂ ਦੇ ਗੁੱਸੇ ਦਾ ਸਿ਼ਕਾਰ ਹੋਏ। ਜਿਹੜਾ ਸਿੱਖ ਪਰਿਵਾਰ ਮਾਰ ਕੇ ਲੁਧਿਆਣੇ ਲਾਗੇ ਤੂੜੀ ਵਾਲੇ ਕੋਠੇ ਵਿਚ ਦੱਬ ਦਿੱਤਾ ਗਿਆ ਸੀ ਕੀ ਪਤਾ ਉਨ੍ਹਾਂ ਦੇ ਘਰ ਦਾ ਮੁਖੀ ਮੁਸਲਮਾਨਾਂ ਨੂੰ ਹੀ ਬਚਾਉਂਦਾ ਹੋਵੇ! ਬਲਬੀਰ ਸਿੰਘ ਨੂੰ ਮੋਗੇ ਰਹਿੰਦੇ ਆਪਣੇ ਪਰਿਵਾਰ ਦਾ ਵੀ ਫਿਕਰ ਸੀ। ਉਸ ਦੇ ਪਿਤਾ ਜੀ ਅਸੂਲਾਂ ਵਾਲੇ ਬੰਦੇ ਸਨ ਜੋ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਸਨ ਵੇਖ ਸਕਦੇ। ਮੋਗਾ ਵੀ ਮਾਰ ਧਾੜ ਦੀ ਮਾਰ ਵਿਚ ਆਇਆ ਹੋਇਆ ਸੀ। ਬਲਬੀਰ ਸਿੰਘ ਚਾਹੁੰਦਾ ਸੀ ਕਿ ਪਿਤਾ ਜੀ ਉਹਦੇ ਪਾਸ ਆ ਜਾਣ ਤੇ ਸੁਰੱਖਿਅਤ ਰਹਿਣ ਪਰ ਉਹ ਮੋਗੇ ਹੀ ਰਹਿ ਕੇ ਫਿਰਕੂ ਮਾਰ ਧਾੜ ਰੋਕਣਾ ਚਾਹੁੰਦੇ ਸਨ।
ਧੁਰ ਅੰਦਰੋਂ ਧਰਮ ਨਿਰਪੱਖ ਤੇ ਸੁਤੰਤਰਤਾ ਸੰਗਰਾਮੀ ਹੋਣ ਕਾਰਨ ਉਹ ਬੇਕਸੂਰੇ ਮੁਸਲਮਾਨ ਭਰਾਵਾਂ ਨੂੰ ਮਾਰਨ ਦੇ ਵਿਰੁੱਧ ਸਨ। ਉਨ੍ਹਾਂ ਨੇ ਵੇਖਿਆ ਕਿ ਇਕ ਅਧਖੜ ਉਮਰ ਦੇ ਮੁਸਲਮਾਨ ਮਗਰ ਜਨੂੰਨੀ ਦੌੜ ਰਹੇ ਸਨ। ਉਹ ਜਾਨ ਬਚਾਉਂਦਾ ਅੱਗੇ ਅੱਗੇ ਭੱਜ ਰਿਹਾ ਸੀ। ਗਿਆਨੀ ਦਲੀਪ ਸਿੰਘ ਨੇ ਉਸ ਨੂੰ ਆਪਣੇ ਦੇਵ ਸਮਾਜ ਸਕੂਲ ਵਿਚ ਲੁਕੋਅ ਲਿਆ। ਭੜਕੇ ਹੋਏ ਜਨੂੰਨੀਆਂ ਦੀ ਭੀੜ ਲੱਭਦੀ ਹੋਈ ਅੱਗੇ ਚਲੀ ਗਈ। ਇੰਜ ਉਸ ਦਾ ਬਚਾਅ ਹੋ ਗਿਆ। ਗਿਆਨੀ ਦਲੀਪ ਸਿੰਘ ਨੇ ਉਸ ਨੂੰ ਸਕੂਲ ਦੇ ਸਟੋਰ ਰੂਮ ਵਿਚ ਰੱਖਿਆ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ। ਦਸ ਦਿਨ ਉਸ ਦੀ ਸਟੋਰ ਰੂਮ ਵਿਚ ਹੀ ਰੋਟੀ ਪਾਣੀ ਦੀ ਸੇਵਾ ਹੁੰਦੀ ਰਹੀ। ਸ਼ਹਿਰ ਵਿਚ ਮੁਸਲਮਾਨ ਟੋਲ ਟੋਲ ਕੇ ਮਾਰੇ ਜਾ ਰਹੇ ਸਨ ਤੇ ਕਿਸੇ ਵੇਲੇ ਵੀ ਉਸ ਉਤੇ ਬਿਜਲੀ ਕੜਕ ਸਕਦੀ ਸੀ। ਬਲਬੀਰ ਸਿੰਘ ਦੇ ਪਿਤਾ ਜੀ ਇਸ ਗੱਲੋਂ ਸੁਚੇਤ ਸਨ। ਇਕ ਦਿਨ ਉਨ੍ਹਾਂ ਨੇ ਉਸ ਭਲੇ ਪੁਰਸ਼ ਨੂੰ ਸਲਾਹ ਦਿੱਤੀ ਕਿ ਉਹ ਭੇਸ ਬਦਲਾਉਣ ਵਜੋਂ ਸਿੱਖ ਪੁਸ਼ਾਕ ਕੜਾ ਕਛਹਿਰਾ ਪਾ ਲਵੇ। ਇਸ ਤਰ੍ਹਾਂ ਉਹ ਖ਼ੁਦ ਉਸ ਨੂੰ ਮੁਸਲਮਾਨਾਂ ਦੇ ਕਾਫ਼ਲੇ ਵਿਚ ਪੁਚਾ ਆਉਣਗੇ ਜਿਸ ਨਾਲ ਉਹ ਬਚ ਕੇ ਪਾਕਿਸਤਾਨ ਜਾ ਸਕੇਗਾ।
ਉਨ੍ਹੀ ਦਿਨੀਂ ਬੰਦੇ ਦਾ ਚੰਗੇ ਭਲੇ ਬੰਦਿਆਂ ਤੋਂ ਵੀ ਵਿਸ਼ਵਾਸ ਡੋਲ ਗਿਆ ਹੋਇਆ ਸੀ। ਉਸ ਮੁਸਲਮਾਨ ਨੂੰ ਗਿਆਨੀ ਦਲੀਪ ਸਿੰਘ ਦੀ ਸੁਹਿਰਦ ਸਲਾਹ ਆਪਣੇ ਮਜ਼੍ਹਬ ਤੋਂ ਮੁਨਕਰ ਕਰਾਉਣ ਵਰਗੀ ਲੱਗੀ। ਉਸ ਨੇ ਇੰਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਦਲੀਲ ਦੀ ਕੋਈ ਗੱਲ ਨਹੀਂ ਸੀ। ਉਹ ਆਪਣੇ ਮਜ਼੍ਹਬ ਵਿਚ ਏਨਾ ਕੱਟੜ ਸੀ ਕਿ ਮੌਤ ਸਾਹਮਣੇ ਖੜ੍ਹੀ ਵੀ ਨਹੀਂ ਸੀ ਦਿਸ ਰਹੀ। ਉਸ ਨੇ ਗਿਆਨੀ ਦਲੀਪ ਸਿੰਘ ਵਰਗੇ ਪਰਉਪਕਾਰੀ ਪੁਰਸ਼ ‘ਤੇ ਇਲਜ਼ਾਮ ਲਾ ਦਿੱਤਾ ਕਿ ਤੁਸੀਂ ਮੈਨੂੰ ਬਚਾਇਆ ਹੀ ਸਿੱਖ ਬਣਾਉਣ ਲਈ ਹੈ!
ਜਿਸ ਬੰਦੇ ਨਾਲ ਜਾਣ ਪਛਾਣ ਦਾ ਕੋਈ ਰਿਸ਼ਤਾ ਨਹੀਂ ਸੀ ਤੇ ਜਿਸ ਨੂੰ ਜਾਨ ਹੂਲ ਕੇ ਗਿਆਨੀ ਦਲੀਪ ਸਿੰਘ ਬਚਾ ਰਹੇ ਸਨ, ਉਹ ਗਿਆਨੀ ਜੀ ਨੂੰ ਦੱਸੇ ਬਿਨਾਂ ਹੀ ਸਕੂਲ ‘ਚੋਂ ਨਿਕਲ ਤੁਰਿਆ। ਅਜੇ ਉਹ ਕੁਝ ਕਦਮ ਹੀ ਦੂਰ ਗਿਆ ਸੀ ਕਿ ਫਿਰਕੂ ਜਨੂੰਨੀ ਫਿਰ ਉਹਦੇ ਮਗਰ ਆਣ ਪਏ। ਉਸ ਨੂੰ ਬਚਾ ਸਕਣਾ ਹੁਣ ਗਿਆਨੀ ਜੀ ਦੇ ਵਿਤੋਂ ਬਾਹਰ ਸੀ। ਉਸ ਦੇ ਦੇਖਦਿਆਂ ਹੀ ਉਸ ਮੁਸਲਮਾਨ ਨੂੰ ਮਾਰ ਦਿੱਤਾ ਗਿਆ ਜਿਸ ਦਾ ਅਫਸੋਸ ਗਿਆਨੀ ਜੀ ਨੂੰ ਸਾਰੀ ਉਮਰ ਰਿਹਾ।
ਬਲਬੀਰ ਸਿੰਘ ਦੀ ਪੁਲਿਸ ਪਾਰਟੀ ਇਕ ਦਿਨ ਬੱਦੋਵਾਲ ਵੱਲ ਗਈ। ਲੁਧਿਆਣੇ ਤੋਂ ਸੱਤ ਕੁ ਮੀਲ ਦੂਰ ਇਕ ਹਾਦਸਾ ਵਾਪਰਿਆ ਸੀ। ਇਕ ਔਰਤ ਆਪਣੇ ਛੇ ਤੇ ਦਸ ਸਾਲ ਦੇ ਬੱਚਿਆਂ ਨੂੰ ਨਾਲ ਲਈ ਬੱਸ ਤੋਂ ਉੱਤਰੀ ਸੀ। ਬੱਚਿਆਂ ਦਾ ਬਾਪ ਲਾਇਲਪੁਰ ਦੇ ਚੱਕਾਂ ਵਿਚ ਜਨੂੰਨੀਆਂ ਹੱਥੋਂ ਮਾਰਿਆ ਗਿਆ ਸੀ। ਔਰਤ ਆਪਣੇ ਬੱਚਿਆਂ ਨੂੰ ਬਚਾਈ ਕਿਵੇਂ ਨਾ ਕਿਵੇਂ ਆਪਣੇ ਪੇਕਿਆਂ ਕੋਲ ਪਹੁੰਚ ਗਈ ਸੀ। ਉਹ ਬੱਸਾਂ ਬਦਲਦੀ ਬੱਦੋਵਾਲ ਆ ਉੱਤਰੀ ਸੀ ਜਿਥੋਂ ਦੋ ਕੁ ਮੀਲ ਦੂਰ ਉਹਦੇ ਪੇਕੇ ਸਨ। ਔਰਤ ਨੇ ਭੁੱਖ ਨਾਲ ਬੇਹਾਲ ਹੋਏ ਬੱਚਿਆਂ ਨੂੰ ਇਕ ਰੁੱਖ ਦੀ ਛਾਵੇਂ ਬਹਾ ਕੇ ਬਚਦੀ ਬੇਹੀ ਰੋਟੀ ਖੁਆਈ। ਫਿਰ ਆਪਣੇ ਸਮਾਨ ਦੀ ਗੱਠੜੀ ਬੰਨ੍ਹੀ, ਸਿਰ ‘ਤੇ ਰੱਖੀ ਤੇ ਬੱਚਿਆਂ ਨੂੰ ਉਂਗਲ ਲਾ ਕੇ ਸੜਕ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਲਾਸ਼ਾਂ ਬੇਪਛਾਣ ਹੋ ਗਈਆਂ।
ਲਾਸ਼ਾਂ ਦੇ ਸਮਾਨ ਤੇ ਉਨ੍ਹਾਂ ਦੀਆਂ ਟਿਕਟਾਂ ਤੋਂ ਪਤਾ ਲੱਗਾ ਕਿ ਉਹ ਬਦਕਿਸਮਤ ਬਾਰ ‘ਚੋਂ ਉੱਜੜ ਕੇ ਆਏ ਸਨ। ਤੀਜੇ ਦਿਨ ਉਸ ਔਰਤ ਦੇ ਮਾਪੇ ਠਾਣੇ ਆਏ ਤੇ ਦੱਸਿਆ ਕਿ ਉਨ੍ਹਾਂ ਦੀ ਅਭਾਗੀ ਧੀ ਤੇ ਬੱਚਿਆਂ ਨੇ ਉਨ੍ਹਾਂ ਕੋਲ ਹੀ ਆਉਣਾ ਸੀ। ਉਹ ਮਾਰ ਧਾੜ ‘ਚੋਂ ਤਾਂ ਬਚ ਆਏ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੋਣੀ ਪੇਕਿਆਂ ਕੋਲ ਸ਼ਹਿ ਲਾ ਕੇ ਬੈਠੀ ਸੀ!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346