( 1 ) ਸ਼ਬਦ ਦਰਬਾਰੀ
” ਉਹਨਾਂ ” ਨੇ
ਸ਼ਬਦ ਉਹ ਸਿਰਜੇ
ਜਿਹਨਾਂ ਵਿੱਚ
ਅਰਥ ਨਾ ਪਾਏ
ਕਲਾ ਦੀ ਸਿਖਰ ਕਹਿ ਕੇ
ਸ਼ਬਦ ਉਹ ਪਉਣਾਂ ”ਚ
ਲਹਿਰਾਏ
ਵਫ਼ਾ ਬਣ ਕੇ
ਉਹਨਾਂ ਦੀ ਕੀਰਤੀ
ਦਰਬਾਰ ਵਿੱਚ ਪਹੁੰਚੀ
ਤਾਂ ਚੁੰਮ ਚੁੰਮ ਸ਼ਬਦ ਉਹ
ਝੱਟ ਸ਼ਾਸ਼ਕਾਂ
ਵਿੱਚ ਤਾਜ ਦੇ ਲਾਏ ।
( 2 ) ਸ਼ਕਾਇਤ
..................
ਸ਼ਕਾਇਤ ਹੈ ” ਉਹਨਾਂ ” ਦੀ ਇਹ
ਅਸੀਂ
ਪਰਚਾਰ ਕਰਦੇ ਹਾਂ
ਪੀੜਤ ਤੇ ਦੁਖੀ ਕੂੰਜਾਂ ਨੂੰ
ਬੇਹੱਦ
ਪਿਆਰ ਕਰਦੇ ਹਾਂ
ਲਹੂ-ਪੀਣੇ ਚੰਗੇਜ਼ਾਂ ਨਾਲ
ਲੋਹਾ
ਲੈਣ ਦੀ ਖ਼ਾਤਰ
ਕਿਉਂ
ਮਾਲੂਕ ਸ਼ਬਦਾਂ ਨੂੰ
ਤੇਜ਼ ਤਲਵਾਰ ਕਰਦੇ ਹਾਂ ।
( 3 ) ਜ਼ਿਕਰ
...............
” ਉਹਨਾਂ ” ਦੇ ਸ਼ੁੱਭ ਕਥਨਾਂ ਵਿੱਚ
ਮੇਰਾ
ਜ਼ਿਕਰ ਹੋਇਆ ਹੈ
ਦੰਗ
ਰਹਿ ਗਿਆ ਹਾਂ ਮੈਂ
ਤੇ ਡਾਢਾ ਫ਼ਿਕਰ ਹੋਇਆ ਹੈ -
ਭਟਕ ਗਿਆ ਤੇ ਨਹੀਂ
ਮੈਂ
ਆਪਣੀ ਡਗਰ ਤੋਂ ਕਿਧਰੇ
ਮੈਂ ਹੋਣਾ ਕਿਸ ਪਾਸੇ ਹੈ
ਤੇ
ਜ਼ਿਕਰ ਕਿਧਰ ਹੋਇਆ ਹੈ ।
( 4 ) ਮੌਤ
.....................
ਬਿਨਾਂ ਹੀਲੇ
ਬਿਨਾਂ ਹਰਕਤ
ਗ਼ਮ ”ਚ ਸੁੱਕਣਾ
ਮੌਤ ਹੈ
ਬਿਨਾਂ ਮਕਸਦ
ਬਿਨਾਂ ਮੰਜ਼ਲ
ਰਾਹ ”ਚ ਰੁਕਣਾ
ਮੌਤ ਹੈ
ਰੱਬ ਵੀ ਇਹ
ਰੂਹ ਵੀ ਇਹ
ਐ ਕਲਾ ਦੇ ਆਸ਼ਕੋ !
ਸ਼ਿਅਰ ਲਿਖਣਾ
ਜ਼ਿੰਦਗੀ ਹੈ
ਸ਼ਿਅਰ ਮੁੱਕਣਾ
ਮੌਤ ਹੈ ।
( 5 ) ਨਿਸ਼ਾਨੀ
...................
ਖੂਨ
ਜੇ ਨਾ ਉਬਲੇ
ਜਵਾਨੀ ਕੀ ਹੋਈ
ਜੇ ਕੰਢੇ ਨਾ ਖੋਰੇ
ਰਵਾਨੀ ਕੀ ਹੋਈ
ਜ਼ਰੇ ਜ਼ਰੇ ਵਿੱਚ
ਜੇ ਨਾ ਜ਼ਲਜ਼ਲਾ ਵਰਤੇ
ਰੋਹ ਭਰੀ ਕ੍ਰਾਂਤੀ ਦੀ
ਨਿਸ਼ਾਨੀ ਕੀ ਹੋਈ ।
( 6 ) ਦੀਪਕ
...................
ਆਏ.......
ਗਏ........
ਜੇਹੇ ਆਏ.......ਨਾ ਆਏ
ਜੇ ਕੰਧਾਂ ਨਾ ਕੰਬੀਆਂ
ਤੇ ਦਰ ਖੜਖੜਾਏ
ਨਿਹਫਲ ਨੇ ਨਾਅਰੇ
ਤੇ ਵਾਅਦੇ ਫਰੇਬੀ
ਸਿਆਹ ਰਾਹਾਂ ਵਿੱਚ
ਜੇ ਨਾ
ਦੀਪਕ ਜਗਾਏ ।
(7 ) ਰਿਸ਼ਤੇ
................
ਬੜੇ ਮਿੱਠੇ, ਪਿਆਰੇ
ਬਣ ਗਏ
ਹਮਦਰਦ ਉਹ ਸਾਡੇ
ਕਿ ਸਾਂਝੇ ਹੋ ਗਏ
ਰਸਤੇ
ਅਤੇ ਦੁੱਖ-ਦਰਦ ਸੱਭ ਸਾਡੇ
ਇੱਕ ਦਿਨ
ਛਾ ਗਏ ਬੱਦਲ
ਅਸਾਡੇ ਸਿਰ ”ਤੇ ਸੰਕਟ ਦੇ
ਤਾਂ ਪਰਦੇ
ਰਿਸ਼ਤਿਆਂ ਦੇ
ਹੋ ਗਏ ਬੇਪਰਦ ਸੱਭ ਸਾਡੇ ।
( 7 ) ਪਰਖ
................
ਬੇਕਸਾਂ ਦੇ ਨਾਲ
ਮੇਰੇ ਪਿਆਰ ਨੂੰ
ਤੂੰ ਪਰਖ ਲੈ
ਜ਼ਾਲਮਾ ! ਅੱਜ ਆਪਣੀ
ਤਲਵਾਰ ਨੂੰ
ਤੂੰ ਪਰਖ ਲੈ
ਇੱਕ ਵੱਢੇਂ ਗਾ
ਤਾਂ
ਏਥੇ ਉਗਣੇ ਬੇਅੰਤ ਸੀਸ
ਲੋਕ-ਯੁੱਧ ਦੇ ਖੂਨ
ਇਹਦੀ ਧਾਰ ਨੂੰ
ਤੂੰ ਪਰਖ ਲੈ ।
( 8 ) ਦੁਬਿਧਾ
.................
ਮੈਨੂੰ ਪਤਾ ਹੈ
ਮੈਂ ਅਜੇ ਮਰਨਾ ਨਹੀਂ
ਬਿਜਲੀਆਂ ਦਾ ਦਿਲ
ਕਦੇ ਠਰਨਾ ਨਹੀਂ
ਕੀ ਪਤਾ
ਦੇ ਗੇੜ ਵਿੱਚ
ਜੇ ਪੈ ਗਿਉਂ
ਜ਼ਿੰਦਗੀ ਦਾ ਜਾਮ
ਫਿਰ ਭਰਨਾ ਨਹੀਂ ।
( 9 ) ਅਮਰੀਕਾ
...................
ਲੋਕ ਰਾਜ ਦੇ ਦੀਪ ਜਗਾਵੇ
ਇੰਝ
ਦੁਨੀਆਂ ਦਾ ਆਕਾ
ਜਿੱਥੇ ਵੀ
ਇਹ ਪੈਰ ਧਰੇ
ਵਰਤਾਵੇ ਖੂਨੀ ਸਾਕਾ
ਲੈ ਜਾਵੇ ਗਾ
ਰੋਹੜ ਕੇ
ਖੁਸ਼ੀਆਂ, ਖੇੜੇ, ਸਿਰਜੇ ਸੁਪਨੇ
ਐ !
ਦੁਨੀਆਂ ਦੇ ਲੋਕੋ ! !
ਜੇ ਨਾ
ਰਲ਼ ਕੇ ਲਾਇਆ ਨਾਕਾ ।
( 10 ) ਏਜੰਡਾ
..................
ਵੰਡ ਕਾਣੀ
ਜੱਗ ਉੱਤੇ ਕੋਹੜ ਹੈ
ਵੋਟ ਮੰਗਣੇ
ਇਹ ਵੀ ਓ੍ਹੜ ਪ੍ਹੋੜ ਹੈ
ਬੱਲ ਧਾਰੋ
ਪਰ ਤੋਲੋ
ਫੇਰ ਅੱਜ
ਦੋਸਤੋ !
ਤੀਜੇ ਗ਼ਦਰ ਦੀ ਲੋੜ ਹੈ ।
ਤੀਜੇ ਗ਼ਦਰ ਦੀ ਲੋੜ ਹੈ ।।
.............ਗ਼ਜ਼ਲ...............
ਸੱਚੇ ਮਾਰਗ ਚਲਣਾ ਸੱਤਾ ਦਾ ਖਾਸਾ ਨਹੀਂ ਸੀ ।
ਨਫ਼ਰਤ ਹੀ ਸੀ, ਦਿਲ ਵਿੱਚ ਦਰਦ ਦਾ ਮਾਸਾ ਨਹੀਂ ਸੀ ।
ਸੜਦੀ ਬਸਤੀ ਵੇਖ ਕੇ ਸਾਰੇ ਰਾਖੇ ਹੱਸ ਰਹੇ ਸਨ
ਉਸ ਦਿਨ ਸ਼ਹਿਰ ”ਚ ਕੋਈ ਹੋਰ ਤਮਾਸ਼ਾ ਨਹੀਂ ਸੀ !
ਕੋਮਲ ਕੰਜਕਾਂ ਦੀ ਪੱਤ ਲੁੱਟ ਲੁੱਟ ਲੇੜ੍ਹ ਗਏ ਸਨ
ਸ਼ਹਿਰ ”ਚ ਗੁੰਡਾ ਦਿਸਦਾ ਕੋਈ ਪਿਆਸਾ ਨਹੀਂ ਸੀ ।
ਸ਼ਾਮਲ ਵੱਡੇ ਨੇਤਾ ਵੀ ਸਨ ਇਸ ਸਾਜ਼ਸ਼ ਵਿੱਚ
ਦੁਖੀ ਦਿਲਾਂ ਨੂੰ ਦੇਣ ਲਈ ਕੋਈ ਦਿਲਾਸਾ ਨਹੀਂ ਸੀ ।
ਬਚਿਆ ਜੋ ਵੀ ਆਪਣੀ ਤਾਕਤ ਨਾਲ ਹੀ ਬਚਿਆ
ਬਚਣ ਲਈ ਬਚਿਆ ਕੋਈ ਦੂਜਾ ਪਾਸਾ ਨਹੀਂ ਸੀ ।
-----
ਗੀਤ
ਮਿੱਤਰਾ ! ਨਾ ਕਰ ਬੋਲ ਕਬੋਲ
ਮੈਂ ਤਾਂ ਹਾਂ ਓਹੋ ਹੀ ਬੰਦਾ
ਭਾਵੇਂ ਚੰਗਾ ਭਾਵੇਂ ਮੰਦਾ
ਪਰ ਮੈਂ ਨਹੀਂ ਆਰੀ ਦਾ ਦੰਦਾ
ਇਹ ਤੈਂਨੂੰ ਕੀ ਵਹਿਮ ਹੋ ਗਿਆ
ਮੈਂ ਮਾਰਾਂ ਤੇਰੇ ਸੰਗ ਰੋਲ਼
ਮਿੱਤਰਾ ! ਨਾ..............
ਇੱਕ ” ਕਿਤਾਬ ” ਲਈ ਮੈਂ ਤੈਥੋਂ
ਦੋ ਸੌ ਦੀ ਜੋ ਮਿਲਦੀ ਹੈਥੋਂ
ਤੂੰ ਤਾਂ ਕੁੱਝ ਲਿਆ ਨਹੀਂ ਮੈਥੋਂ !
ਮੇਰੀ ਹਰ ਇਕ ਬਾਤ ਕੁਫ਼ਰ ਹੈ
ਤੇਰਾ ਹਰ ਅੱਖਰ ਅਨਮੋਲ
ਮਿੱਤਰਾ ! ਨਾ ............
ਦੱਸ ਮੈਂ ਕੀ ਗੁਆਇਆ ਤੇਰਾ
ਕਿਉਂ ਕੀਤਾ ਤੂੰ ਛੋਟਾ ਜੇਰਾ
ਕਿਉਂ ਖਿਆਲ ਨਾ ਆਇਆ ਮੇਰਾ
ਗੈਰਾਂ ਦੀ ਗੱਲ ਮੰਨ ਲਈ ਸਾਰੀ
ਮੇਰੀ ਦਿੱਤੀ ਘੱਟੇ ਰੋਲ਼
ਮਿੱਤਰਾ ! ਨਾ ...............
ਮੇਰੇ ਦਿਲ ਵਿੱਚ ਪਿਆਰ ਬੜਾ ਹੈ
ਮਿੱਤਰਾਂ ਲਈ ਸਤਿਕਾਰ ਬੜਾ ਹੈ
ਰੱਬ ਕੀ ਕਰਨਾ ਯਾਰ ਬੜਾ ਹੈ
ਸ਼ੋਭਾ, ਉਸਤਤ ਮਿਲੇ ਯਾਰ ਨੂੰ
ਰਹਿ ”ਜੇ ਮੇਰੀ ਖਾਲੀ ਝੋਲ
ਮਿੱਤਰਾ ! ਨਾ................
ਮਿੱਤਰਾ ! ਜਾ!! ਤਰੱਕੀਆਂ ਮਾਣੇਂ
ਸਾਰੀ ਦੁਨੀਆਂ ਤੈਂਨੂੰ ਜਾਣੇ
ਮੇਰੇ ਵਰਗੇ ਕਈ ਨਿਮਾਣੇ
ਤੈਂਨੂੰ ਲੋਅ ਮੁਬਾਰਕ ਹੋਵੇ
ਮੇਰਾ ”ਨ੍ਹੇਰਾ ਮੇਰੇ ਕੋਲ
ਮਿੱਤਰਾ ! ਨਾ .............
ਮਿੱਤਰਾ ! ਨਾ...................
ਨੋਟ: ਬਿਲਕੁੱਲ ਓਹੀ ਕਿਤਾਬ ਭਾਰਤ ਫੇਰੀ ਸਮੇਂ ਮਿੱਤਰ ਦੇ ਘਰ ਜਾ ਕੇ ਵਾਪਿਸ ਕਰ ਦਿੱਤੀ ਸੀ
।ਗ.ਢ.
-0-
|