ਈਮੇਲ:-
himmatpura@mail.com
ਭਾਰਤੀ ਲੋਕ ਲੰਮੇ ਸਮੇਂ ਤੋਂ ਅੰਧਵਿਸ਼ਵਾਸ਼ਾਂ ਦੇ ਜਾਲ ਵਿੱਚ ਫਸੇ ਹੋਏ ਸੱਚਾਈ ਤੋਂ ਓਹਲੇ
ਵਾਲੀ ਜਿ਼ੰਦਗੀ ਜਿਉਂਦੇ ਆ ਰਹੇ ਹਨ। ਜਿਉਂ ਜਿਉਂ ਵਿਗਿਆਨ ਨੇ ਤਰੱਕੀ ਕੀਤੀ ਹੈ, ਉਸੇ ਤਰੱਕੀ
ਨੂੰ ਅੰਧਵਿਸ਼ਵਾਸ਼ ਫੈਲਾ ਕੇ ਲੋਕਾਂ ਦੇ ਸਿਰਾਂ ਤੋਂ ਪਲਣ ਵਾਲੇ ਮੁੱਠੀ ਭਰ ਲੋਕਾਂ ਨੇ
ਬਾਖੂਬੀ ਵਰਤਿਆ ਹੈ। ਉਦਾਹਰਣ ਵਜੋਂ ਜੇ ਟੈਲੀਵਿਜਨ ਵਿਗਿਆਨ ਦੀ ਕਾਢ ਹੈ ਤਾਂ ਕੈਮਰੇ ਅੱਗੇ
ਬੈਠਕੇ ਲੋਕਾਂ ਦੇ ਭਵਿੱਖ ਦੱਸਣ ਵਾਲੇ ਵੀ ਉਸੇ ਵਿਗਿਆਨ ਦਾ ਸਹਾਰਾ ਲੈ ਕੇ ਤੋਰੀ ਫੁਲਕਾ ਚਲਾ
ਰਹੇ ਹਨ। ਅੱਜ ਜਦੋਂ ਕੰਪਿਊਟਰ ਦਾ ਯੁਗ ਹੈ ਤਾਂ ਵੀ ਅੰਧਵਿਸ਼ਵਾਸ਼ ਫੈਲਾਉਣ ਲਈ ਵਿਗਿਆਨ ਦਾ
ਸਹਾਰਾ ਜੋਰਾਂ ਸ਼ੋਰਾਂ ਨਾਲ ਲਿਆ ਜਾ ਰਿਹਾ ਹੈ। ਉਦਾਹਰਣ ਦੇ ਤੌਰ 'ਤੇ ਪਿਛਲੇ ਕੁਝ ਕੁ ਸਮੇਂ
ਤੋਂ ਸੋਸ਼ਲ ਵੈੱਬਸਾਈਟਾਂ 'ਤੇ ਇੱਕ ਅਖ਼ਬਾਰੀ ਖ਼ਬਰ ਊਰੀ ਵਾਂਗ ਘੁੰਮੀ ਪਈ ਹੈ ਜਿਸ ਰਾਹੀਂ
ਇਹ ਜਚਾਇਆ ਗਿਆ ਸੀ ਕਿ ਅਮਰੀਕਾ ਸਥਿਤ "ਕੌਮੀ ਮਿਜਾਈਲ ਅਤੇ ਸਪੇਸ ਪ੍ਰਸ਼ਾਸ਼ਨ" (ਜਿਸਨੂੰ
"ਨਾਸਾ" ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਦੇ ਵਿਗਿਆਨੀ ਧਾਰਮਿਕ ਗ੍ਰੰਥਾਂ ਤੋਂ ਸੇਧ ਲੈ ਰਹੇ
ਹਨ। ਮੁਹਾਲੀ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਦੀ ਉਕਤ ਖ਼ਬਰ ਰਾਹੀਂ ਦਿਖਾਇਆ ਗਿਆ ਹੈ ਕਿ
ਦੁਨੀਆ ਦਾ ਸਭ ਤੋਂ ‘ਆਧੁਨਿਕ’ ਸਿੱਖ ਧਰਮ ਨਾਸਾ ਦੇ ਵਿਗਿਆਨੀਆਂ ਦਾ ਪ੍ਰੇਰਨਾ ਸ੍ਰੋਤ ਬਣ
ਗਿਆ ਹੈ। ਉਸ ਖ਼ਬਰ ਰਾਹੀਂ ਦਰਸਾਇਆ ਗਿਆ ਹੈ ਕਿ "ਜਿਹੜਾ ਕੁਝ ਵਿਗਿਆਨੀ ਅੱਜ ਖੋਜ ਰਹੇ ਹਨ
ਉਹ ਸਭ ਕੁਝ ਧਰਮਿਕ ਗ੍ਰੰਥਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਸੂਤਰਾਂ ਦਾ ਕਹਿਣਾ ਹੈ ਕਿ
ਜਿਹੜੇ ਸਵਾਲਾਂ ਦਾ ਜਵਾਬ ਹਾਸਲ ਕਰਨ ਲਈ ਨਾਸਾ ਵਿਗਿਆਨੀਆਂ ਨੇ ਕਰੋੜਾਂ ਡਾਲਰ ਖਰਚ ਕਰ
ਦਿੱਤੇ, ਉਹਨਾਂ ਦੇ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ ਗਏ।" ਜਦ ਇਹਨਾਂ ਸਤਰਾਂ
ਦੇ ਲੇਖਕ ਵੱਲੋਂ ਉਕਤ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ 'ਸਿੱਖ ਯੂਨਾਈਟਡ" ਨਾਂ
ਦੇ ਇੱਕ ਨਿੱਜੀ ਬਲੌਗ ਦਾ ਲਿੰਕ ਭੇਜਿਆ ਜਿਸ ਵਿੱਚੋਂ ਉਕਤ ਖ਼ਬਰ ਘੜ੍ਹੀ ਗਈ ਸੀ। ਜਦ ਉਸ
ਬਲੌਗ ਨੂੰ ਘੋਖਿਆ ਤਾਂ ਉਸ ਬਲੌਗ ਦੇ ਸੰਚਾਲਕ ਨਾਲ ਸੰਪਰਕ ਕਰਨ ਦਾ ਵੀ ਕੋਈ ਲਿੰਕ ਨਹੀਂ ਹੈ
ਤਾਂ ਜੋ ਉਸ ਨਾਲ ਵਾਰਤਾ ਕੀਤੀ ਜਾ ਸਕੇ। ਇਸ ਬਲੌਗ ਰਾਹੀਂ 22 ਮਈ 2011 ਨੂੰ ਪ੍ਰਕਾਸਿ਼ਤ
ਕੀਤੀ ‘ਖੁਸ਼ਖ਼ਬਰੀ’ ਵਿੱਚ ਨਾਸਾ ਦੇ ਨਾਲ ਨਾਲ ਅਮਰੀਕਾ ਦੀ 'ਲਾਇਬਰੇਰੀ ਆਫ ਕਾਂਗਰਸ' ਬਾਰੇ
ਵੀ ਇਹੀ ਤੱਥ ਪ੍ਰਕਾਸਿ਼ਤ ਕੀਤੇ ਹਨ ਕਿ ਇਸ ਲਾਇਬਰੇਰੀ ਦੀ 7ਵੀਂ ਮੰਜਿ਼ਲ ‘ਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧਿਆਤਮਕ ਤੌਰ
‘ਤੇ ਪ੍ਰਮੁੱਖਤਾ ਨਾਲ ਉੱਚ ਸਥਾਨ ‘ਮੁਹੱਈਆ’ ਕੀਤਾ ਹੈ। ਕਹਿਣ ਦਾ ਮਤਲਬ ਕਿ ਸਿਰਫ ਇਸੇ ਕਰਕੇ
ਸਭ ਤੋਂ ਆਖਰੀ ਮੰਜਿ਼ਲ ‘ਤੇ ਪ੍ਰਕਾਸ਼ ਕੀਤਾ ਹੈ ਤਾਂ ਕਿ ਕੋਈ ਛੱਤ ਉੱਪਰ ਜੁੱਤੀਆਂ ਲੈ ਕੇ
ਨਾ ਚੜ੍ਹ ਜਾਵੇ। ਇਸ ਬਲੌਗ ਰਾਹੀਂ ਇਹ ਵੀ ਵੱਡੇ ਅੱਖਰਾਂ ‘ਚ ਕਰਕੇ ਲਿਖਿਆ ਗਿਆ ਹੈ ਕਿ
'ਲਾਇਬਰੇਰੀ ਆਫ ਕਾਂਗਰਸ' ਵਾਲਿਆਂ ਨੇ ਉਸ ਵਿਸ਼ੇਸ਼ ਕਮਰੇ ਦੇ ਬਾਹਰ “ਲੌਰਡ ਆਫ ਦਾ ਵਰਲਡ”
ਜਾਣੀਕਿ ‘ਸਾਰੇ ਸੰਸਾਰ ਦਾ ਗੁਰੂ” ਲਿਖ ਕੇ ਮਾਣ ਦਿੱਤਾ ਹੈ। ਨਾਲ ਹੀ ਭਾਈ ਵੀਰ ਸਿੰਘ ਜੀ
ਅਤੇ ਭਾਈ ਰਣਧੀਰ ਸਿੰਘ ਜੀ ਦੀਆਂ ਰਚਨਾਵਾਂ ਹੋਣ ਬਾਰੇ ਵੀ ਲਿਖਿਆ ਗਿਆ ਹੈ।
ਬੇਸ਼ੱਕ ਇਸ ਬਲੌਗ ਰਾਹੀਂ ‘ਨਾਸਾ’ ਅਤੇ 'ਲਾਇਬਰੇਰੀ ਆਫ ਕਾਂਗਰਸ' ਵੱਲੋਂ ਦਿੱਤੇ ਜਾ ਰਹੇ
ਵੱਖਰੇ ਵੱਖਰੇ ਸਤਿਕਾਰ ਦਾ ਜਿ਼ਕਰ ਕੀਤਾ ਹੈ ਪਰ ਇਹ ਖ਼ਬਰ ਅੰਗਰੇਜ਼ੀ ਦੀ ਇਬਾਰਤ ਤੋਂ
ਪੰਜਾਬੀ ਵਿੱਚ ‘ਉਲੱਥਾ’ ਹੋਣ ਵੇਲੇ ਸਾਰਾ ਸਤਿਕਾਰ ਸਿਰਫ ਨਾਸਾ ਸਿਰ ਹੀ ਮੜ੍ਹ ਗਈ। ਉਕਤ ਖਬਰ
ਤੋਂ ਬਾਦ ਸਿੱਖ ਪੰਥ ਦੀ ਅੱਖਾਂ ਮੀਚ ਕੇ ਜੈ-ਜੈਕਾਰ ਕਰਨ ਵਾਲੇ ਫੇਸਬੁੱਕੀਏ ਅਤੇ ‘ਵਟਸਐਪੀਏ’
ਚੇਲਿਆਂ ਨੇ ਇਸ ਮਹਾਨ ਪ੍ਰਾਪਤੀ ਤੋਂ ਅਣਜਾਣ ਬੈਠੇ ਮਨਮੁਖਾਂ ਨੂੰ ਦੱਸਣ ਲਈ ਪ੍ਰਚਾਰ ਦੀ
ਹਨੇਰੀ ਲਿਆ ਦਿੱਤੀ। ਕੋਈ ਟਾਵਾਂ ਪੰਜਾਬੀ ਫੇਸਬੁੱਕ ਵਰਤੋਂਕਾਰ ਹੀ ਬਚਿਆ ਹੋਵੇਗਾ ਜਿਸ ਕੋਲ
ਇਹ ਸੁਨੇਹਾ ਜਾਂ ਖਬਰ ਦੀ ਕਾਂਤਰ ਨਾ ਪਹੁੰਚੀ ਹੋਵੇ। ਪਰ ਇਸ ਖਬਰ ਦੀ ਜਾਂ ਇਸ ਅਫਵਾਹ ਦੀ
ਤਹਿ ਤੱਕ ਜਾਣ ਤੋਂ ਬਿਨਾਂ “ਆਪੇ ਹੀ ਮੱਥਾ ਟੇਕਦੀ ਆਂ, ਆਪੇ ਹੀ ਬੁੱਢ ਸੁਹਾਗਣ” ਦੀ ਅਸੀਸ
ਲੈਣ ਵਾਂਗ ਕਿਸੇ ਸਿੱਖ ਚਿੰਤਕ ਜਾਂ ਸਿੱਖ ਬੁੱਧੀਜੀਵੀ ਨੇ ਕਸ਼ਟ ਨਹੀਂ ਕੀਤਾ ਕਿ ਵਾਕਿਆ ਹੀ
ਇਹ ਗੱਲ ਅਸਲੀਅਤ ਹੈ ਜਾਂ ਫਿਰ ਇਹ ਪ੍ਰਚਾਰ ਵੀ ਕਿਸੇ ਸਾਜਿਸ਼ ਤਹਿਤ ਕੀਤਾ ਗਿਆ ਸੀ? ਜੇ ਅੱਜ
ਇਸ ਖ਼ਬਰ ਨੂੰ ‘ਅਫਵਾਹ’ ਕਹਿ ਦੇਈਏ ਤਾਂ ਕੀ ਸਾਡੇ ਸਿੱਖ ‘ਵਿਦਵਾਨ’ ਵੀ ਬਰਾਬਰ ਦੇ ਭਾਗੀਦਾਰ
ਨਹੀਂ ਹਨ ਜੋ ਇਸ ਅਫਵਾਹ ਨੂੰ 3 ਸਾਲ ਤੋਂ ਸੱਚ ਦੇ ਵਰਕ ਵਿੱਚ ਲਪੇਟੀ ਨੂੰ ਦੇਖ ਕੇ ਅੱਖਾਂ
ਮੁੰਦੀ ਬੈਠੇ ਹਨ? ਜੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ
ਸਾਹਿਬਾਨਾਂ ਵੱਲੋਂ ‘ਗੰਭੀਰ ਨੋਟਿਸ’ ਲਿਆ ਜਾ ਸਕਦਾ ਹੈ ਤਾਂ ਕੀ ਇਸ ਖ਼ਬਰ ਦੀ ਸੱਚਾਈ ਬਾਰੇ
ਲੋਕਾਂ ਨੂੰ ਜਾਗਰੂਕ ਕਰਨ ਲਈ ਜੱਥੇਦਾਰ ਸਾਹਿਬਾਨਾਂ ਨੇ ਕੋਈ ਉਪਰਾਲਾ ਕੀਤਾ? ਜਵਾਬ ਨਾਂਹ
ਵਿੱਚ ਹੋਵੇਗਾ। ਆਪ ਸਭ ਦੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਕੁਝ ਸਮਾਂ ਪਹਿਲਾਂ ਧਾਰਮਿਕ
ਮਾਮਲਿਆਂ ਵਿੱਚ ‘ਲੱਤਾਂ ਫਸਾਉਣ’ ਦੇ ਨਾਂਅ ‘ਤੇ ਜੱਥੇਦਾਰ ਸਾਹਿਬ ਨੇ ਆਸਟਰੇਲੀਆ ਵਸਦੇ ਸਾਬੀ
ਫਤਿਹਪੁਰੀ ਨਾਂ ਦੇ ਇੱਕ ਨੌਜਵਾਨ ਨੂੰ ਤਾੜਨਾ ਦਿੱਤੀ ਸੀ ਕਿ ‘ਪੰਗੇ ਨਾ ਲਵੇ’। ਅੱਜ ਇਸ
ਝੂਠੀ ਅਫਵਾਹ ਦਾ ਪਰਦਾਫਾਸ਼ ਕਰਨ ਲਈ ਵੀ ਉਹੀ ਨੌਜਵਾਨ ਸਾਹਮਣੇ ਆਇਆ ਹੈ ਜਿਸਨੇ ਨਾਸਾ ਦੇ
ਪ੍ਰਬੰਧਕਾਂ ਨੂੰ ਈਮੇਲ ਕਰਕੇ ਇਸ ਸੰਬੰਧੀ ਸਪੱਸ਼ਟੀਕਰਨ ਮੰਗਿਆ ਸੀ। ਇਸ ਉਪਰੰਤ ਇਹਨਾਂ
ਸਤਰਾਂ ਦੇ ਲੇਖਕ ਨੇ ਵੀ ਨਾਸਾ ਅਤੇ 'ਲਾਇਬਰੇਰੀ ਆਫ ਕਾਂਗਰਸ' ਨੂੰ (asian@loc.gov) ਈਮੇਲ
ਕਰਕੇ ਸੱਚਾਈ ਜਾਨਣੀ ਚਾਹੀ ਤਾਂ ਤੱਥ ਫੈਲਾਈ ਗਈ ‘ਖਬਰ’ ਦੇ ਬਿਲਕੁਲ ਉਲਟ ਨਿੱਕਲੇ। ਲੇਖਕ ਦੇ
ਪ੍ਰਸ਼ਨ ਨੰਬਰ 9729780 ਨੂੰ ਮਿਲੇ ਜਵਾਬਾਂ ਵਿੱਚ 'ਲਾਇਬਰੇਰੀ ਆਫ ਕਾਂਗਰਸ' ਨੇ ਵੀ ਅਜਿਹੀ
‘ਖੁਸ਼ਖਬਰ’ ਨੂੰ ਮੂਲੋਂ ਰੱਦ ਕੀਤਾ ਹੈ ਉੱਥੇ ਇੱਕ ਵੱਖਰੀ ਈਮੇਲ ਰਾਹੀਂ ਨਾਸਾ ਵੱਲੋਂ ਵੀ
ਅਜਿਹਾ ਹੀ ਉੱਤਰ ਮਿਲਿਆ। ਦੱਸਣਯੋਗ ਹੈ ਕਿ ਨਾਸਾ ਵੱਲੋਂ ਜਵਾਬੀ ਈਮੇਲ ਸਿਰਫ ਦੂਸਰੇ ਦਿਨ ਹੀ
ਜਵਾਬ ਆ ਗਿਆ ਸੀ ਪਰ 'ਲਾਇਬਰੇਰੀ ਆਫ ਕਾਂਗਰਸ' ਵੱਲੋਂ ਈਮੇਲ ਦਾ ਜਵਾਬ ਦੇਣ ਲਈ ਇੱਕ ਹਫਤੇ
ਦਾ ਸਮਾਂ ਲਿਆ ਗਿਆ। ਪੂਰੀ ਪੁਣਛਾਣ ਤੋਂ ਬਾਦ ਉਹਨਾਂ ਨੇ ਨਾ ਸਿਰਫ ‘ਫੈਲਾਈ ਗਈ’ ਖਬਰ ਨੂੰ
ਮੂਲੋਂ ਨਕਾਰਿਆ ਸਗੋਂ ਉਹਨਾਂ ਨੇ ਇਸ ਗੁੰਰਾਹਕੁੰਨ ਜਾਣਕਾਰੀ ਨੂੰ ਗੂਗਲ ਵੱਲੋਂ ਪ੍ਰੋਸੇ ਜਾਣ
‘ਤੇ ਵੀ ਹੈਰਾਨੀ ਪ੍ਰਗਟਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਕਥਿਤ ਤੌਰ
‘ਤੇ ਦੱਸੇ ਜਾਂਦੇ ਕਮਰੇ ਦੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਨੇ ਸਮੁੱਚੀ ਇਮਾਰਤ ਦਾ ਨਕਸ਼ਾ
ਅਤੇ ਹਰ ਕਮਰੇ ਦੇ ਮੂਹਰੇ ਲਿਖੀ ਗਈ ਇਬਾਰਤ ਦੀਆਂ ਤਸਵੀਰਾਂ ਵੀ ਨੱਥੀ ਕਰ ਕੇ ਭੇਜੀਆਂ ਹਨ।
ਜਿਹਨਾਂ ਨੂੰ ਘੋਖ ਕੇ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ “ਲੌਰਡ ਆਫ ਦ ਵਰਲਡ” ਵਾਲੀ ਪਲੇਟ
ਦੀ ਫੋਟੋ ਇਹਨਾਂ ਤਸਵੀਰਾਂ ‘ਚੋਂ ਗੈਰਹਾਜਰ ਹੈ। ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ
ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਹੋਰ ਮੁਲਕਾਂ ਦੀਆਂ ਜਨਤਕ ਲਾਇਬਰੇਰੀਆਂ ਵਿੱਚ ਪਾਠਕਾਂ ਦੀ
ਮੰਗ ਅਨੁਸਾਰ ਕਿਤਾਬਾਂ ਖਰੀਦ ਕੇ ਜਾਂ ‘ਇੰਟਰ-ਲਾਇਬਰੇਰੀ ਲੋਨ’ ਤਹਿਤ ਉਧਾਰੀਆਂ ਲੈ ਕੇ
ਰੱਖੀਆਂ ਜਾ ਸਕਦੀਆਂ ਹਨ ਤਾਂ ਕਿਸੇ ਵੀ ਕਿਤਾਬ ਦੇ ਸਾਡੀ ਲਾਇਬਰੇਰੀ ਵਿੱਚ ਹੋਣਾ ਕੋਈ ਜਿਆਦਾ
ਹੈਰਾਨੀਜਨਕ ਗੱਲ ਨਹੀਂ ਹੈ। 'ਲਾਇਬਰੇਰੀ ਆਫ ਕਾਂਗਰਸ' ਵੱਲੋਂ ਭਾਈ ਵੀਰ ਸਿੰਘ ਅਤੇ ਭਾਈ
ਰਣਧੀਰ ਸਿੰਘ ਨਾਲ ਸੰਬੰਧਤ ਪੁਸਤਕਾਂ ਦੇ ਹੋਣ ਬਾਰੇ ਪੁੱਛੇ ਸਵਾਲ ‘ਚ ਦੋਵੇਂ ਲੇਖਕਾਂ ਦੀਆਂ
6-6 ਪੁਸਤਕਾਂ ਦਾ ਹਵਾਲਾ ਦਿੱਤਾ ਹੈ ਜੋ “ਦ ਥੋਮਸ ਜੈਫਰਸਨ ਬਿਲਡਿੰਗ’ ਦੇ ਏਸ਼ੀਅਨ ਰੀਡਿੰਗ
ਰੂਮ ‘ਚ ਉਪਲੱਬਧ ਹਨ।
ਹੁਣ ਤੱਕ 1020 ਸ਼ਬਦ ਲਿਖ ਦੇਣ ਦਾ ਮਤਲਬ ਕਿਸੇ ਦੀਆਂ ਭਾਵਨਾਵਾਂ ਨੂੰ ‘ਨਾਗਵਲ’ ਮਾਰ ਕੇ
ਉਹਨਾਂ ਦਾ ਸਾਹ ਘੁੱਟਣਾ ਨਹੀਂ ਹੈ ਬਲਕਿ ਸਿਰਫ ਬੇਨਤੀ ਮਾਤਰ ਹੈ ਕਿ ਕਦੇ ਵੀ ਅਜਿਹੇ ਪ੍ਰਚਾਰ
ਦਾ ਹਿੱਸਾ ਨਾ ਬਣੋ ਜੋ ਕੱਲ੍ਹ ਨੂੰ ਸਾਡੇ ਹੀ ਮਜਾਕ ਦਾ ਕਾਰਨ ਬਣੇ। ਇੱਕ ਪਾਸੇ ਸਿੱਖੀ
ਪਹਿਰਾਵੇ ਦੇ ਜਾਂ ਸਰਦਾਰਾਂ ਦੇ ਗੱਲ ਗੱਲ ‘ਤੇ ਫਿਲਮਾਂ, ਚੁਟਕਲਿਆਂ ਰਾਹੀਂ ਮਜਾਕ ਉਡਾਏ ਜਾਣ
‘ਤੇ ਰੋਸ ਪ੍ਰਗਟਾਇਆ ਜਾਂਦਾ ਹੈ ਪਰ ਦੂਜੇ ਪਾਸੇ ਖੁਦ ਅਸੀਂ ਹੀ ਅਜਿਹੇ ਚੁਟਕਲਿਆਂ ਲਈ
‘ਜਨਮਭੂਮੀ’ ਤਿਆਰ ਕਰ ਰਹੇ ਹਾਂ। ਜੇਕਰ ਨਾਸਾ ਦੇ ਵਿਗਿਆਨੀਆਂ ਨੂੰ ਪ੍ਰਚਾਰੀ ਜਾ ਰਹੀ ਇਸ
ਖਬਰ ਦਾ ਪਤਾ ਲੱਗੇ ਤਾਂ ਕੀ ਉਹ ਇੱਕ ਦੂਜੇ ਨੂੰ ਮਜਾਕ ਕਰਨ ਵੇਲੇ ਸਿੱਖੀ ਦਾ ਮਜਾਕ ਨਹੀਂ
ਉਡਾਉਣਗੇ? ਉਹ ਵੀ ਵੀ ਟੁਚਕਰ ਮਾਰਕੇ ਇੱਕ ਦੂਜੇ ਨੂੰ ਪੁੱਛਣਗੇ ਹੀ ਕਿ “ਕਿਉਂ ਰੌਲ ਲਾਉਣ
ਚੱਲਿਐ?” ਵਗੈਰਾ ਵਗੈਰਾ। ਸੋਚਣਾ ਉਹਨਾਂ ਨੇ ਨਹੀਂ ਸਗੋਂ ਅਸੀਂ ਹੈ ਕਿ ਮਜਾਕ ਦੇ ਪਾਤਰ ਬਣਨਾ
ਹੈ ਜਾਂ ਸਤਿਕਾਰ ਦੇ? ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕਰੀਏ ਤਾਂ
ਨਾਸਾ ਜਾਂ 'ਲਾਇਬਰੇਰੀ ਆਫ ਕਾਂਗਰਸ' ਵਾਲਿਆਂ ਨੂੰ ਕੀ ਚੱਟੀ ਲਈ ਹੈ ਕਿ ਉਹ ਸਤਿਕਾਰ ਕਰਨਗੇ
ਜਦੋਂਕਿ ਸਿੱਖੀ ਦੇ ਨਾਂ ‘ਤੇ ਦਸਤਾਰਾਂ ਲਹਿਣੀਆਂ, ਸਿਰ ਪਾਟਣ, ਗੁਰੂਘਰਾਂ ‘ਤੇ ਕਬਜੇ ਕਰਨ
ਦੀਆਂ ਖਬਰਾਂ ਉਹਨਾਂ ਤੱਕ ਅਖਬਾਰਾਂ ਰਾਹੀਂ ਪਹੁੰਚਦੀਆਂ ਹਨ। ਸੋ ਪਿਆਰਿਓ, ਹੋਰਾਂ ਤੋਂ
ਸਤਿਕਾਰ ਹੋਣ ਦੀ ਆਸ ਨੂੰ ਛੱਡ ਕੇ ਪਹਿਲਾਂ ਖੁਦ ਤਾਂ ਸਤਿਕਾਰ ਕਰਨਾ ਸਿੱਖੋ। ਖੁਦ ਤਾਂ ਝੂਠ
ਤੋਂ ਖਹਿੜਾ ਛੁਡਵਾਓ। ਖੁਦ ਤਾਂ ਸਭ ਜਾਤਾਂ ਦੇ ਲੋਕਾਂ ਨੂੰ ‘ਇੱਕ’ ਅੱਖ ਨਾਲ ਦੇਖਣਾ ਸਿੱਖੋ।
ਖੁਦ ਤਾਂ ਸੱਚ ਨੂੰ ਹਜ਼ਮ ਕਰਨ ਅਤੇ ਬੋਲਣ ਦੀ ਹਿੰਮਤ ਕਰਨੀ ਸਿੱਖੋ। ਜੇਕਰ ਸੱਚ ਸੁਣਨ ਜਾਂ
ਕਹਿਣ ਦਾ ਜਿਗਰਾ ਸਾਡੇ ਅੰਦਰ ਨਹੀਂ ਤਾਂ ਇਹ ਝਾਕ ਨਾ ਰੱਖੋ ਕਿ ਕੋਈ ਤੁਹਾਡੇ ਪੱਖ ਦੀ ਗੱਲ
ਕਰੇਗਾ। ਤੁਸੀਂ ਨੀਂਦ ‘ਚ ਪਏ ਸੁਪਨਾ ਦੇਖਦੇ ਹੋਏ ਆਪਣੇ ਆਪ ਨੂੰ ਪਲ ਦੋ ਪਲ ਲਈ ਜਰੂਰ
‘ਸਹਿਨਸ਼ਾਹ’ ਮਹਿਸੂਸ ਕਰ ਸਕਦੇ ਹੋ ਪਰ ਨੀਂਦ ਟੁੱਟਣ ‘ਤੇ ਤਾਂ ਉਸੇ ਥਾਂ ਹੀ ਪਏ ਹੋਵੋਗੇ।
-0-
|