ਸਭ ਦਿਲ ਬਹਿਲਾ ਰਹੇ ਨੇੰ ,
ਵਕਤ ਲੰਘਾ ਰਹੇ ਨੇ ,
ਅੰਦਰ ਹੈ ਸਭ ਦਾ ਖਾਲੀ ,
ਡੁਬਦੇ ਹੀ ਜਾ ਰਹੇ ਨੇ ।
ਖੁਸ਼ੀਆਂ ਢੂੰਡ ਰਹੇ ਨੇ ,
ਖੁਦ ਨੂੰ ਹੀ ਚੂੰਡ ਰਹੇ ਨੇ ,...
ਖੁਦ ਨਾਲ ਖੇਡ ਕੇ ਜੂਆ ,
ਖੁਦ ਨੂੰ ਹਰਾ ਰਹੇ ਨੇ ।
ਪੜਦਾ ਕਿਉਂ ਕਰ ਰਹੇ ਨੇ ,
ਚਾਨਣ ਤੋਂ ਡਰ ਰਹੇ ਨੇ ,
ਇੱਕੋ ਜਹੇ ਨੇ ਚਿਹਰੇ ,
ਮੂੰਹ ਕਿਉਂ ਛੁਪਾ ਰਹੇ ਨੇ |
ਸਭ ਦੌੜੇ ਹੀ ਜਾ ਰਹੇ ਨੇ ,
ਕਿਸ ਨੂੰ ਹਰਾ ਰਹੇ ਨੇ ,
ਹਾਰੇ ਨੇ ਲਗਦੇ ਸਾਰੇ ,
ਜਿੱਤ ਕਿਹੜੀ ਮਨਾ ਰਹੇ ਨੇ ।
ਇਕ ਦੂਸਰੇ ਦੀ ਜਿੰਦਗੀ
ਖੂਬ ਪੜ ਰਹੇ ਨੇ ,
ਰਿਸ਼ਤੇ ਨੀਲਾਮ ਕਰਕੇ ,
ਦੁਰਗਤ ਬਣਾਂ ਰਹੇ ਨੇ ।
ਜੀਆਂ ਨੂੰ ਪਿੱਛੇ ਛਡ ਕੇ
ਚੰਨ ਫੜਣ ਜਾ ਰਹੇ ਨੇ ,
ਜਦ ਮਰ ਗਏ ਉਹ ਰੁਲਕੇ ,
ਮਾਤਮ ਮਨਾ ਰਹੇ ਨੇ ।
ਮੁਕਤੀ
ਕਿੰਨੇ ਹੋਰ ਤੂੰ ਜੋੜਕੇ ਅੱਖਰ
ਕਿੰਨੀਆਂ ਹੋਰ ਲਿਖ ਕੇ ਸਤਰਾਂ
ਸੋਗ -ਰੋਗ ਦੀ ਕਰਕੇ ਰਚਨਾ
ਖੁਦ ਨੂੰ ਖੁਦ ਸੁਣਾਵੇਂ ਗਾ |
ਸਾਹ ਵੀ ਕੌੜੇ ਮੋਹਰੇ ਵਰਗੇ ...
ਤੈਨੂੰ ਹੀ ਸਭ ਲੈਣੇ ਪੈਣੇ
ਹੋਲੀ ਹੋਲੀ ਸਭ ਨਿਗ੍ਲੇਂ ਗਾ
ਪੂਰਾ ਜ਼ਹਿਰ ਤੂੰ ਖਾਵੇਂ ਗਾ ।
ਸੱਤ ਸਮੁੰਦਰਾਂ ਵਿੱਚ ਤੂੰ ਬਹਿਕੇ
ਲਭ ਰਿਹਾਂ ਏਂ ਮਿੱਠਾ ਪਾਣੀ
ਖਾਰਾਂ ਤੇਰੇ ਤੰਨ ਮੰਨ ਰਚੀਆਂ
ਖਾਰਾਂ ਵਿੱਚ ਘੁਲ ਜਾਵੇਂ ਗਾ ।
ਪਵਨ ਉਡੀਕੇ ਆਪਣਾ ਹਿੱਸਾ
ਮਿੱਟੀ ਆਪਣਾ ਲੇਖਾ ਮੰਗੇ
ਪਾਣੀ ਵੀ ਕੁਝ ਮੰਗਾਦਾ ਦਿੱਸੇ
ਕਿਸ ਨੂੰ ਕਿੰਝ ਸਮਝਾਵੇਂ ਗਾ |
ਹਿੱਸੇਦਾਰੀ ਸਭ ਦੀ ਬਣਦੀ
ਬੈਠੇ ਤੇਰਾ ਬੂਹਾ ਮਲਕੇ
ਖਾਲੀ ਹਥ ਨੇ ਆਏ ਪਰੌਣੇ
ਕਿੰਨਾ ਸਿਦਕ ਦਿਖਾਵੇਂ ਗਾ ।
ਉਮਰ ਦਾ ਸਰਮਾਇਆ ਤੇਰਾ
ਤੇਰੇ ਤੱਕ ਹੀ ਤੂੰ ਸੰਭਾਲੇ
ਕੋਈ ਨਾਂ ਹੋਵੇ ਇਸਦਾ ਵਾਰਿਸ
ਕਿਸ ਦੇ ਨਾਂ ਲਿਖ ਜਾਵੇਂ ਗਾ ।
ਮੈਲੇ ਕਪੜੇ ਲਾਹ ਦੇ ਸਾਰੇ
ਸੂਰਜ ਵਰਗਾ ਬਾਣਾ ਪਾਲੈ
ਜਨੰਮ ਮਰਣ ਦਾ ਬੰਧਨ ਭੁੱਲ ਜਾ
ਮੁਕਤ ਹੋ ਰੁਸ਼ਨਾਵੇਂ ਗਾ ।
-0- |