(‘ਸੀਰਤ’ ਜਦੋਂ ਪ੍ਰਿੰਟ ਰੂਪ
ਵਿਚ ਛਪਦਾ ਸੀ ਤਾਂ ਇਸਦਾ ਸੰਪਾਦਕੀ ਲਿਖਿਆ ਜਾਂਦਾ ਸੀ। ਪਰ ਜਦੋਂ ਦਾ ਕੇਵਲ ਔਨ-ਲਾਈਨ
ਹੀ ਛਪਣ ਲੱਗਾ, ਸੰਪਾਦਕੀ ਲਿਖਣ ਦੀ ਖ਼ੇਚਲ ਨਹੀਂ ਕੀਤੀ ਗਈ। ਉਂਜ ਇਸ ਵਿਚ ਛਪਦੀਆਂ
ਲਿਖਤਾਂ ਤੇ ਲੇਖਕਾਂ ਤੋਂ ਇਸਦੇ ਨਜ਼ਰੀਏ ਬਾਰੇ ਕੋਈ ਭੁਲੇਖਾ ਨਹੀਂ। ਪਰ ਪਿਛਲੇ ਦਿਨੀਂ
ਬਰਤਾਨੀਆਂ ਵਿਚ ਵੱਸਦੇ ਸਾਡੇ ਮਿੱਤਰ ਗੁਰਨਾਮ ਢਿਲੋਂ ਨੇ ਕਿਹਾ ਕਿ ਪਰਚੇ ਦਾ ਸੰਪਾਦਕੀ
ਜ਼ਰੂਰ ਹੋਣਾ ਚਾਹੀਦਾ ਹੈ, ਜਿਸ ਰਾਹੀਂ ਸਾਹਿਤਕ/ਸਮਾਜਿਕ-ਸਭਿਆਚਾਰਕ ਤੇ ਕਲਾਤਮਕ
ਮੁੱਦਿਆਂ ਬਾਰੇ ਲਗਾਤਾਰ ਸੰਵਾਦ ਵੀ ਚਲਾਇਆ ਜਾਣਾ ਚਾਹੀਦਾ ਹੈ। ਅਸੀਂ ਉਹਨਾਂ ਨੂੰ ਹੀ
ਇਸ ਵਾਰ ਇਹ ਜਿ਼ੰਮੇਵਾਰੀ ਨਿਭਾਉਣ ਲਈ ਕਿਹਾ। ਉਹਨਾਂ ਨੇ ਆਪਣੇ ਅਨੁਭਵ ਵਿਚੋਂ ਸੰਬੰਧਤ
ਮੁੱਦੇ ‘ਤੇ ਆਪਣੇ ਵਿਚਾਰ ਪ੍ਰਗਟਾਏ ਹਨ। ਜਿਵੇਂ ਉਹਨਾਂ ਆਪ ਹੀ ਕਿਹਾ ਹੈ ਕਿ ਇਸ ਲਿਖਤ
ਦਾ ਮੰਤਵ ਕਿਸੇ ਵਿਸ਼ੇਸ਼ ਬੰਦੇ/ਲੇਖਕ ਜਾਂ ਅਦਾਰੇ ਦੀ ਨਿੰਦਿਆ ਕਰਨਾ ਨਹੀਂ, ਸਗੋਂ
ਵਿਸ਼ੇਸ਼ ਰੁਝਾਨ ਬਾਰੇ ਆਪਣਾ ਮੱਤ ਪੇਸ਼ ਕਰਨਾ ਹੈ। ਉਹਨਾਂ ਦੇ ਵਿਚਾਰਾਂ ਨਾਲ ਕਿਸੇ ਦੀ
ਸਹਿਮਤੀ ਹੋ ਸਕਦੀ ਹੈ ਤੇ ਕਿਸੇ ਦੀ ਅਸਹਿਮਤੀ। ਸਾਡਾ ਮਕਸਦ ਇਸ ਰਾਹੀਂ ਸੁਹਿਰਦ-ਭਾਵੀ
ਸੰਵਾਦ ਸ਼ੁਰੂ ਕਰਨਾ ਹੈ। ਇਸ ਜਾਂ ਕਿਸੇ ਵੀ ਹੋਰ ਜਵੰਲੰਤ ਮੁੱਦੇ ਬਾਰੇ
ਪਾਠਕਾਂ/ਲੇਖਕਾਂ ਦੀ ਰਾਇ ਦਾ ਸਵਾਗਤ ਹੈ।-ਸੰਪਾਦਕ)
ਪੰਜਾਬੀ ਸਾਹਿਤ ਦੇ ਅਜੋਕੇ ਦੌਰ
ਵਿੱਚ ਆਪੋਧਾਪੀ ਅਤੇ ਭਟਕਣਮਈ ਰੁਚੀਆਂ ਦਾ ਬੋਲਬਾਲਾ ਹੈ।ਸਥਾਪਦੀ ਦੀ ਲੂਹਣ ਲੱਗੀ ਹੋਈ
ਹੈ। ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਕਈ ਤਥਾਕਥਿੱਤ ਖੱਬੇ ਪੰਥੀ ਲੇਖਕ ਵੀ ਗੁੱਝੀਆਂ
ਅਤੇ ਦੋਪਾਸੀਆਂ ਮਾਰਾਂ ਮਾਰਨ ਨੂੰ ਤਤਪਰ ਰਹਿੰਦੇ ਹਨ । ਇੱਕ ਦੂਜੇ ਦਾ ਮਾਣ/ਸਨਮਾਨ ਕਰਨ
ਦਾ ਰੁਝਾਨ ਇਤਨਾ ਵਧ ਗਿਆ ਹੈ ਕਿ ਗਿਣਤੀ ਕਰਨੀ ਔਖੀ ਹੋ ਗਈ ਹੈ।ਪੱਲਿਓਂ ਮਾਇਆ ਖਰਚ ਕੇ
ਪ੍ਰਕਾਸ਼ਤ ਪੁਸਤਕ ਦੀ ਮਹਾਨਤਾ ਨੂੰ ਸਥਾਪਤ ਕਰਨ/ਕਰਵਾਉਣ ਲਈ ਆਪ ਹੀ ਸਮਾਗਮ ਰਚਾਏ, ਪਰਚੇ
ਲਿਖਵਾਏ ਅਤੇ ਪੜ੍ਹਵਾਏ ਜਾਂਦੇ ਹਨ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕਈ ਪਰਵਾਸੀ ਲੇਖਕ
ਆਪਣੇ ਚਹੇਤੇ ਪਰਚਾਕਾਰ ਨੂੰ ਵਾਪਸੀ ਹਵਾਈ ਟਿਕਟ ਦੇ ਨਾਲ ਦਿਲ ਖੋਹਲ ਕੇ ਸੇਵਾ ਫ਼ਲ ਵੀ
ਦਿੰਦੇ ਹਨ ।
ਇੰਗਲੈਂਡ ਵਿੱਚ ਤਾਂ ਇੱਕ ਇੱਕ ਬੰਦੇ ਨੇ ਦੋ ਕੁ ਵਿਉਪਾਰੀ ਲੇਖਕਾਂ ਨੂੰ ਵੱਸ ਵਿੱਚ ਕਰ
ਕੇ ਆਪਣੇ ਆਪਣੇ ਅਦਾਰੇ ਵੀ ਕਾਇਮ ਕਰ ਰੱਖੇ ਹਨ ਅਤੇ ਉਹਨਾਂ ਵਿੱਚੋਂ ਇੱਕ ਦੇ ਰਸਾਲੇ
ਵਿੱਚ ਕੋਈ ਵੀ ਲੇਖਕ ਤਹਿ ਕੀਤੀ ਰਾਸ਼ੀ ਦੇ ਕੇ ਆਪਣੇ ਬਾਰੇ ਪੂਰਕ ਪੱਤਰ ਛਾਇਆ ਕਰਵਾ
ਸਕਦਾ ਹੈ।ਏਥੇ ਅਸਾਡਾ ਮੰਤਵ ਕਿਸੇੋ ਮਿੱਤਰ ਦੀ ਨਿੰਦਿਆ ਕਰਨਾ ਨਹੀਂ ਅਤੇ ਨਾ ਹੀ ਉਸ
ਦੀਆਂ ਸਾਹਿਤਕ ਪਰਾਪਤੀਆਂ ਨੂੰ ਛੁਟਆਉਣਾ ਹੈ , ਕੇਵਲ ਅਤੇ ਕੇਵਲ ਉਦਾਹਰਣ ਪ੍ਰਸਤੁਤ
ਕਰਨਾ ਹੀ ਹੈ । ਵਾਰਸ਼ਿਕ ਸਮਾਗਮ ਸਮੇਂ ਪੰਜਾਬ ਅਥਵਾ ਭਾਰਤ ਦੇ ਵਿਸ਼ਵ-ਵਿਦਆਲਿਆਂ ਦੇ
ਮਹਾਂਰਥੀਆਂ ਪਾਸੋਂ ਆਪਣੇ ਅਤੇ ਆਪਣੇ ਵਿਸ਼ੇਸ਼ ਮਿੱਤਰਾਂ ਦੀਆਂ ਪੁਸਤਕਾਂ ਬਾਰੇ ਪਰਚੇ
ਲਿਖਵਾ ਕੇ ਪੜ੍ਹਵਾਏ ਜਾਂਦੇ ਹਨ। ਇਹ ਪਰਚੇ ਬੜੇ ਬਣਾਵਟੀ,ਬਾਜਾਰੀ ਅਤੇ ਚਾਲੂ ਕਿਸਮ ਦੇ
ਹੁੰਦੇ ਹਨ।ਜਟਿਲ ਸ਼ਬਦਾਂ ਦਾ ਜਾਲ ਵਿਸ਼ਾ ਕੇ ਪੱਥਰ ਨੂੰ ਪਹਾੜ ਅਤੇ ਬੂੰਦ ਨੂੰ ਸਮੁੰਦਰ
ਦਰਸਾਇਆ ਹੁੰਦਾ ਹੈ। ਇਹ ਮਹਾਂਰਥੀ ਆਪਣੇ ਚਹੇਤੇ ਪਰਵਾਸੀ ਲੇਖਕਾਂ ਦੀਆਂ ਪੁਸਤਕਾਂ
ਵਿਸ਼ਵ-ਵਿਦਆਲਿਆਂ ਦੇ ਕੋਰਸਾਂ ਵਿੱਚ ਲਗਵਾਉਣ ਅਤੇ ਉਹਨਾਂ ਉੱਤੇ ਐਮ ਫਿੱਲ / ਸ਼ੋਧ
ਪ੍ਰਬੰਧ ਲਿਖਵਾਉਣ ਦਾ ਕਾਰਜ ਵੀ ਕਰਦੇ ਹਨ।ਇਸ ਵਰਤਾਰੇ ਦੀ ਵਿਡੰਬਨਾ ਇਹ ਹੈ ਕਿ ਕੋਰਸਾਂ
ਵਿੱਚ ਕਵਿਤਾ ਦੇ ਨਾਮ ਹੇਠ ਨਿਰੋਲ ਅਕਵਿਤਾ ਜਾਂ ਕਾਵ-ਮਈ ਵਾਰਤਕ ਪੜ੍ਹਾਈ ਜਾ ਰਹੀ ਹੈ।
ਇਸ ਵਿਹਾਰ ਨੂੰ ਬੌਧਿਕ ਭਰਿਸ਼ਟਾਚਾਰ ਹੀ ਕਿਹਾ ਜਾ ਸਕਦਾ ਹੈ ਜੋ ਪੰਜਾਬੀ ਭਾਸ਼ਾ ਅਤੇ
ਸਾਹਿਤ ਦੇ ਪਰਚਾਰ,ਪਰਸਾਰ ਅਤੇ ਵਿਕਾਸ ਦੇ ਨਾਮ ਹੇਠ ਹੋ ਰਿਹਾ ਹੈ।
ਇਹਨਾਂ ਆਪੇ ਰਚਾਏ ਸਾਹਿਤ ਸਮਾਗਮਾਂ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸੰਚਾਲਨ ਦੌਰਾਨ ਹੀ
ਦੁੱਖ ਭੰਜਨੀ ”ਲਾਲ ਪਰੀ ” ਦਾ ਖੁੱਲ੍ਹਾ ਲੰਗਰ ਲਾਇਆ ਜਾਂਦਾ ਹੈ। ਲੋੜ ਤੋਂ ਵੱਧ ਸੇਵਨ
ਉਪਰੰਤ ਕਈਆਂ ਲੇਖਕਾਂ ਦਾ ਤਕੀਆ ਕਲਾਮ ਇਤਨਾ ਅਸ਼ਲੀਲ ਹੋ ਜਾਂਦਾ ਹੈ ਕਿ ਉਹਨਾਂ ਦੇ ਨੇੜੇ
ਬੈਠਣਾ ਔਖਾ ਹੋ ਜਾਂਦਾ ਹੈ। ਅਖਬਾਰਾਂ ਵਿੱਚ ਪ੍ਰਕਾਸ਼ਨ ਹਿੱਤ ਖਬਰਾਂ ਅਗਾਊਂ ਹੀ ਤਿਆਰ
ਹੁੰਦੀਆਂ ਹਨ ਅਤੇ ਮੌਕੇ ਮੁਤਾਬਿਕ ਨਾਵਾਂ ਦਾ ਵਾਧਾ/ਘਾਟਾ ਕਰ ਲਿਆ ਜਾਂਦਾ ਹੈ।
ਦੋਸਤੋ ! ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਰਚਾਰ,ਪਰਸਾਰ ਅਤੇ ਵਿਕਾਸ ਲਈ ਸਾਹਿਤਕ
ਸਰਗਰਮੀਆਂ / ਸਮਾਗਮ ਭਾਰਤ ਅਤੇ ਭਾਰਤ ਤੋਂ ਬਾਹਰ ਵੱਧ ਤੋਂ ਵੱਧ ਹੋਂਣੇ ਚਾਹੀਦੇ
ਹਨ।ਅਜਿਹੀਆਂ ਸਰਗਰਮੀਆਂ ਨਾਲ ਕਿਸੇ ਦਾ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ।ਪਰੰਤੂ ਇਹਨਾਂ
ਦੀ ਦਸ਼ਾ ਅਤੇ ਦਿਸ਼ਾ ਸਵਾਰਥੀ ਅਤੇ ਨਿੱਜ-ਮੁੱਖੀ ਹੋਂਣ ਦੀ ਥਾਂ ਸੰਸਾਰ/ ਸਮਾਜ-ਮੁੱਖੀ
ਹੋਣੀ ਚਾਹੀਦੀ ਹੈ।ਪ੍ਰਬੰਧਕਾਂ ਨੂੰ ਆਪਣੀ ਬਣਾਵਟੀ ਮਹਾਨਤਾ ਸਥਾਪਤ ਕਰਨ ਦੀ ਬਜਾਏ
ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦਰਪੇਸ਼ ਮਸਲਿਆਂ ਸਮੇਤ ਤਤਕਾਲੀ ਸਾਹਿਤ ਸਿਰਜਣਾ ਦੀ
ਸਾਪੇਖਤਾ ਦਾ ਪੁਨਰ ਮੁਲਅੰਕਣ ਕਰਕੇ ਨਵੀਆਂ ਦਿਸ਼ਾਵਾਂ,ਨਵੇਂ ਆਕਾਸ਼ ਅਤੇ ਨਵੀਆਂ
ਸੰਭਾਵਨਾਵਾਂ ਦੀ ਤਾਲਾਸ਼ ਕਰਨੀ ਚਾਹੀਦੀ ਹੈ।ਇਸ ਨਾਲ ਪ੍ਰਬੰਧਕਾਂ ਦੀ ਸ਼ੋਭਾ ਵੀ ਹੋਵੇ ਗੀ
ਅਤੇ ਉਹਨਾਂ ਦੀਆਂ ਕਲਮਾਂ ਵਿੱਚ ਸ਼ਕਤੀ ਵੀ ਆਵੇ ਗੀ। ਨਿੱਜ ਨਾਲ ਚਿੰਬੜ ਕੇ ਅਤੇ ਨਿੱਜ
ਤੱਕ ਸੁੰਗੜ ਕੇ ਨਾ ਤਾਂ ਆਪਣਾ ਹੀ ਕੁੱਝ ਸਵਾਰਿਆ ਜਾ ਸਕਦਾ ਹੈ ਅਤੇ ਨਾ ਹੀ ਪੰਜਾਬੀ
ਭਾਸ਼ਾ ਅਤੇ ਸਾਹਿਤ ਦਾ ਭਵਿਖ ਰੋਸ਼ਨ ਕੀਤਾ ਜਾ ਸਕਦਾ ਹੈ। ਹਾਂ ਕੁੱਝ ਸਮਾਂ ਕਿਸੇ
ਗ਼ਲਤਫਿਹਮੀ ਵਿੱਚ ਜੀਵਿਆ ਜਾ ਸਕਦਾ ਹੈ।
ਅਜੋਕੇ ਦੌਰ ਵਿੱਚ ਪੁਰਸਕਾਰਾਂ ਦੇ ਲੈਣ ਦੇਣ ਦੀ ਹਾਲਤ ਵੀ ਬਹੁਤ ਨਿੱਘਰ ਚੁੱਕੀ ਹੈ। ਇਸ
ਤਰਾਂ ਲਗਦਾ ਹੈ ਜਿਵੇਂ ਤਜਾਰਤ ਹੋ ਰਹੀ ਹੋਵੇ । ਕਈ ਵੱਡੇ ਵੱਡੇ ਲੇਖਕ ਛੋਟੇ ਛੋਟੇ
ਪੁਰਸਕਾਰਾਂ ਲਈ ਵੀ ਜੁਗਾੜ ਜੋੜਦੇ ਹਨ ਜੋ ਸ਼ੋਭਾ ਨਹੀਂ ਦਿੰਦਾ ।ਸਾਹਿਤ ਸਭਾਵਾਂ ਜਾਂ
ਨਿਜੀ ਅਦਾਰਿਆਂ ਦੀ ਗੱਲ ਤਾਂ ਛੱਡੋ,ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਲੋਂ ਸਥਾਪਤ
ਪੁਰਸਕਾਰਾਂ ਦਾ ਬਹੁਤ ਵਾਰ ਐਲਾਨ ਹੋਂਣ ਤੋਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿਸ ਲੇਖਕ
ਦੀ ਝੋਲੀ ਵਿੱਚ ਪੈਣਾ ਹੈ ਕਿਉਂ ਕਿ ਕਮੇਟੀ ਦੇ ਸਦੱਸਾਂ ਦੀ ਸੰਰਚਨਾ ਦੀ ਗੁਟਬੰਦੀ ਤੋਂ
ਹੀ ਜ਼ਾਹਰ ਹੋ ਜਾਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਸੱਤਾ ਦੇ ਵਿਰੁੱਧ ਲਿਖਣ ਅਤੇ
ਸੰਗਰਾਮੀ ਵਜੋਂ ਪ੍ਰਸਿੱਧੀ ਪ੍ਰਾਪਤ ਲੇਖਕ ਭ੍ਰਿਸ਼ਟ ਅਤੇ ਪਿਛਾਂਹ ਖਿੱਚੂ ਸਰਕਾਰਾਂ
ਪਾਸੋਂ ਪੁਰਸਕਾਰ ਪ੍ਰਾਪਤੀ ਲਈ ਸੱਭ ਤੋਂ ਮੂਹਰਲੀ ਕਿਤਾਰ ਵਿੱਚ ਜਾ ਬਿਰਾਜਦੇ ਹਨ ਭਾਵੇਂ
ਉਹ ਆਰਥਿਕ ਪੱਖੋਂ ਕਿੰਨੇ ਵੀ ਸੌਖੇ ਹੋਂਣ ।ਕਈ ਪੁਰਸਕਾਰ ਤਾਂ ਇਤਨੀ ਸ਼ੋਭਾ ਖੱਟ ਚੁੱਕੇ
ਹਨ ਕਿ ਉਹਨਾਂ ਨੂੰ ਠੁਕਰਾਉਣ ਵਿੱਚ ਵਧੇਰੇ ਇਜ਼ਤ ਹੈ । ਨਿਗੁਣੀਆਂ ਪ੍ਰਾਪਤੀਆਂ ਲਈ ਕਿਉਂ
ਆਪਣੀਆਂ ਜ਼ਮੀਰਾਂ ਨੂੰ ਵੇਚਿਆ ਜਾ ਰਿਹਾ ਹੈ ? ਕੀ ਲੇਖਕਾਂ ਨੂੰ ਆਪਣੇ ਆਪ ਅਤੇ ਆਪਣੀਆਂ
ਕਲਮਾਂ ਉੱਤੇ ਵਿਸ਼ਵਾਸ ਨਹੀਂ ਰਿਹਾ ਕਿ ਨਿੱਕੇ ਨਿੱਕੇ ਠੁੰਮਣਿਆਂ ਦੀ ਲੋੜ ਮਹਿਸੂਸ ਕੀਤੀ
ਜਾ ਰਹੀ ਹੈ।
ਉਪਰੋਕਤ ਵਿਹਾਰ / ਵਰਤਾਰਾ ਕਿਸੇ ਖ਼ਾਲੀ ਸਪੇਸ ੱਿਵੱਚ ਨਹੀਂ ਘਟਦਾ ।”ਸੀਰਤ” ਦੇ ਆਗਾਮੀ
ਅੰਕਾਂ ਵਿੱਚ ਇਸ ਨੂੰ ਡੂੰਘਾਈ ਨਾਲ ਸਮਝਣ ਅਤੇ ਸੇਧਣ ਦਾ ਯਥਾਸ਼ਕਤ ਪ੍ਰਯਤਨ ਕੀਤਾ
ਜਾਵੇਗਾ ।ਅਸੀਂ ਬੇਨਤੀ ਕਰਦੇ ਹਾਂ ਕਿ ”ਸੀਰਤ” ਦੇ ਸੁਹਿਰਦ ਪਾਠਕ ਅਤੇ ਲੇਖਕ ਵੀ ਇਸ
ਵਿਚਾਰ / ਵਿਮਰਸ਼ ਵਿੱਚ ਆਪਣਾ ਯੋਗਦਾਨ ਪਾਉਣ । |