(ਇਸ ਕਹਾਣੀ ਦੀ ਨਾਇਕਾ ਪ੍ਰਸਿੱਧ ਲੇਖਕ ਗੁਰਮੁਖ ਸਿੰਘ ਮੁਸਾਫ਼ਰ ਦੀ ਧੀ ਸੀ, ਜਥੇਦਾਰਾਂ
ਬਾਰੇ ਤੁਸੀਂ ਜਾਣਦੇ ਹੀ ਹੋ)
ਇਤਿਹਾਸ ਵਿਚ ਇਹੋ ਜਿਹੀਆਂ ਵੀਰਾਂਗਣਾਂ ‘ਚ ਵੀ ਹੋਈਆਂ ਹਨ ਜੋ ਘੋੜਿਆਂ ਉਤੇ ਚੜ੍ਹੀਆਂ ਤੇ
ਜੰਗ ਦੇ ਮੈਦਾਨ ਵਿੱਚ ਤਲਵਾਰਾਂ ਫੜਕੇ ਲੜੀਆਂ ਹਨ। ਪਰ ਉਹ ਇਕ ਇਹੋ ਜਿਹੀ ਸੂਰਬੀਰ ਵੀਰਾਂਗਣਾ
ਸੀ ਜੋ ਯੁੱਧ ਦੇ ਮੈਦਾਨ ਵਿੱਚ ਤਲਵਾਰਾਂ ਫੜਕੇ ਨਹੀਂ ਸੀ ਲੜੀ, ਕੇਵਲ ਆਪਣੀ ਨੈਤਿਕਤਾ ਦੇ
ਸ਼ਸਤਰ ਨਾਲ ਹੀ ਲੜੀ ਸੀ। ਲੜੀ ਕਿਸਦੇ ਨਾਲ ਸੀ? ਗ਼ੁੰਡਿਆਂ-ਮੁਸ਼ਟੰਡਿਆਂ ਦੀ
ਬਰਛਿਆਂ-ਗੰਡਾਸਿਆਂ ਵਾਲੀ ਉਸ ਬੇਮੁਹਾਰ ਭੀੜ ਨਾਲ ਜੋ ਧਰਮ ਦੇ ਜਨੂੰਨ ਵਿੱਚ ਅੰਨ੍ਹੀ ਹੋਈ ਪਈ
ਸੀ ਤੇ ਧਰਮ ਤੇ ਕੁਕਰਮ ਵਿੱਚ ਕੋਈ ਫ਼ਰਕ ਨਹੀਂ ਸੀ ਸਮਝਦੀ। ਲੋਕੀ ਵੀ ਹੈਰਾਨ ਸਨ-’ਕੌਣ ਹੈ
ਇਹ ਦੈਵ-ਕੁੜੀ? ਬੜੀ ਦਲੇਰ ਲੜਕੀ ਹੈ-ਜਿਵੇਂ ਝਾਂਸੀ ਦੀ ਰਾਣੀ ਹੋਵੇ!’ ਗ਼ੁੰਡੇ ਅਤੇ
ਮੁਸ਼ਟੰਡੇ ਆਦਿ ਵੀ ਉਹਦੀ ਇਸ ਦਲੇਰੀ ਨੂੰ ਦੇਖ, ਚੁੱਪ ਜਿਹੇ ਹੋ ਗਏ ਸਨ। ਜਿਵੇਂ ਇਹ ਕੋਈ
ਬੜੀ ਅਨੋਖੀ ਤੇ ਉੱਕਾ ਹੀ ਗ਼ੈਰ-ਕੁਦਰਤੀ ਜਿਹੀ ਘਟਨਾ ਵਾਪਰ ਗਈ ਹੋਵੇ। ਕਿਉਂਕਿ ਇਹ ਕੁਝ ਜਾਂ
ਤਾਂ ਸਾਡੀਆਂ ਫਿ਼ਲਮਾਂ ਵਿੱਚ ਹੋ ਸਕਦਾ ਸੀ, ਜਾਂ ਜਾਸੂਸੀ ਨਾਵਲਾਂ ਵਿਚ। ਜੀਵਨ ਵਿੱਚ ਇਉਂ
ਵਾਪਰ ਜਾਣਾ ਅਲੋਕਾਰ ਜਿਹੀ ਗੱਲ ਹੀ ਸੀ।
ਉਸਦਾ ਨਾਂ ਜਸਵੰਤ ਕੌਰ ਸੀ। ਵੀਹ ਕੁ ਵਰ੍ਹੇ ਦੀ ਉਮਰ ਸੀ ਉਹਦੀ। ਮੈਟਰਿਕ ਪਾਸ ਕਰਕੇ ਉਹ
ਅੱਜਕਲ੍ਹ ਕਾਲਜ ਦੀਆਂ ਜਮਾਤਾਂ ਵਿੱਚ ਪੜ੍ਹ ਰਹੀ ਸੀ। ਉਸਦਾ ਪਿਤਾ ਅਕਾਲੀ ਸੀ ਜੋ ਕਿਸੇ ਸਮੇਂ
ਅਕਾਲ ਤਖ਼ਤ ਦਾ ਜਥੇਦਾਰ ਵੀ ਰਿਹਾ ਸੀ ਤੇ ਫੇਰ ਮਗਰੋਂ ਨਹਿਰੂ-ਗਾਂਧੀ ਦੀ ਕਾਂਗਰਸ ਵਿੱਚ
ਸ਼ਾਮਿਲ ਹੋ ਕੇ ਦੇਸ਼ ਦੀ ਆਜ਼ਾਦੀ ਲਈ ਸੰਗਰਾਮ ਕਰਨ ਲੱਗ ਪਿਆ ਸੀ। ਅੱਜ ਜਿਹਾ ਅਕਾਲੀ ਨਹੀਂ
ਸੀ, ਨਾ ਹੀ ਅੱਜ ਜਿਹਾ ਕਾਂਗਰਸੀ। ਉਹ ਉਹੋ ਜਿਹਾ ਅਕਾਲੀ ਸੀ ਜਿਹੋ-ਜਿਹੇ ਅਕਾਲੀ ਉਦੋਂ,
ਅਕਾਲੀ ਲਹਿਰ ਦੇ ਦਿਨਾਂ ਵਿੱਚ, ਸਿਰਾਂ ਉਤੇ ਕੱਫ਼ਣ ਬੰਨ੍ਹਕੇ ਹੱਸ ਗੋਲੀਆਂ ਖਾਂਦੇ ਤੇ ‘ਸੀ’
ਨਹੀਂ ਸਨ ਉਚਰਦੇ। ਉਹ ਕੁਠਾਲੀ ਵਿੱਚ ਪਏ ਹੋਏ ਸੋਨੇ ਜਿਹਾ ਅਕਾਲੀ ਸੀ ਤੇ ਨਹਿਰੂ-ਗਾਂਧੀ ਦੀ
ਕਾਂਗਰਸ ਵਰਗਾ ਕੁੰਦਨ ਬਣਿਆ ਕਾਂਗਰਸੀ। ਭੁੱਖਾ ਮਰਿਆ, ਜੇਲ੍ਹਾਂ ਕੱਟੀਆਂ, ਨਾ ਉਹਨੇ ਅਕਾਲੀ
ਲਹਿਰ ਦੀ ਪੱਗ ਨੂੰ ਦਾਗ਼ ਲੱਗਣ ਦਿੱਤਾ, ਨਾ ਕਾਂਗਰਸ ਦੇ ਦੁੱਧ-ਧੋਤੇ ਤੇ ਚੰਨ-ਚਿੱਟੇ ਖੱਦਰ
ਨੂੰ। ਉਹ ਹੰਸ ਵਾਂਗ ਪਵਿੱਤਰ ਰਿਹਾ।
ਸ਼ਕਲ ਵੀ ਬਹੁਤ ਸੁਹਣੀ ਸੀ ਜਸਵੰਤ ਕੌਰ ਦੇ ਪਿਤਾ ਦੀ। ਗੋਰਾ ਰੰਗ, ਨੈਣ ਸੁੰਦਰ। ਪੋਠੋਹਾਰ
ਸੀ ਉਹਦਾ ਵਤਨ। ਪੋਠੋਹਾਰ ਦੇ ਮਰਦ-ਔਰਤਾਂ ਹੁੰਦੇ ਹੀ ਬਹੁਤ ਸੁਹਣੇ ਹਨ। ਹਵਾ-ਪਾਣੀ ਤੇ
ਫਲ-ਫਰੂਟ ਉਹਨਾਂ ਨੂੰ ਸੁਹਣੇ ਰੱਖਦੇ ਹਨ। ਬੁਢਾਪੇ ਵੇਲੇ ਜਦੋਂ ਪਿਤਾ ਦੇ ਵਾਲ ਸਫ਼ੈਦ ਹੋ ਗਏ
ਸਨ ਤਾਂ ਖੁੱਲ੍ਹੀ ਤੇ ਚਿੱਟੀ ਦਾੜ੍ਹੀ ਨਾਲ ਉਹ ਇਉਂ ਜਾਪਦਾ ਹੁੰਦਾ ਸੀ ਜਿਵੇਂ ਉਹ ਕੋਈ
ਫਰਿਸ਼ਤਾ ਹੋਵੇ। ਨਿਰਸੰਦੇਹ, ਉਹ ਸੋਭਾ ਸਿੰਘ ਦੀ ਗੁਰੂ ਨਾਨਕ ਦੀ ਉਸ ਤਸਵੀਰ ਵਰਗਾ ਸੀ
ਜਿਹੜੀ ਉਹਨੇ ਬਹੁਤ ਮਗਰੋਂ, ਲਗਭਗ ਆਪਣੇ ਅੰਤਮ ਸਮੇਂ, ਬਿਨਾਂ ਏਕ-ਓਂਕਾਰ ਆਦਿ ਜਾਂ ਮਾਲਾ
ਬਿਨਾਂ ਬਣਾਈ ਹੈ। ਆਮ ਕਲਾਕਾਰਾਂ ਵਾਂਗ, ਸੋਭਾ ਸਿੰਘ ਵੀ ਜੀਵਨ ਵਿਚੋਂ ਹੀ ਗੁਰੂ ਨਾਨਕ ਨੂੰ
ਕਲਪਦਾ ਸੀ? ਕਲਾ, ਭਾਵੇਂ ਕੋਈ ਵੀ ਹੋਵੇ, ਧਰਾਤਲ ਉਸਦਾ ਸਦਾ ਹੀ ਯਥਾਰਥਕ ਜੀਵਨ ਹੁੰਦਾ ਹੈ।
ਕਵੀ ਵੀ ਸੀ ਉਸਦਾ ਪਿਤਾ। ਅਕਾਲੀ ਲਹਿਰ ਵੇਲੇ ਵੀ ਕਵਿਤਾਵਾਂ ਲਿਖਦਾ ਹੁੰਦਾ ਸੀ ਤੇ ਦੇਸ਼ ਦੀ
ਆਜ਼ਾਦੀ ਲਈ ਸੰਗਰਾਮ ਕਰਨ ਵੇਲੇ ਵੀ। ਉਸਦੀਆਂ ਕਵਿਤਾਵਾਂ ਵਿੱਚ ਅੰਗਰੇਜ਼ੀ ਸਾਮਰਾਜ ਦੀ
ਨਿਖੇਧੀ ਕੀਤੀ ਹੁੰਦੀ ਸੀ ਤੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ ਹੋ ਕੇ ਰਹਿਣ ਦਾ ਸੁਨੇਹਾ
ਦਿੱਤਾ ਜਾਂਦਾ ਸੀ। ਉਦੋਂ ਵਿਸ਼ਾ ਹੀ ਇਹ ਸੀ। ਹਿੰਦੂ-ਮੁਸਲਮਾਨ ਵਾਲਾ ਵਿਸ਼ਾ ਤਾਂ ਸਗੋਂ
ਪੱਕਾ ਹੀ ਸੀ। ਇਹ ਹੁਣ ਵੀ ਹੈ, ਉਦੋਂ ਵੀ ਸੀ। ਇਹ ਗੁਰੂ ਨਾਨਕ ਵੇਲੇ ਵੀ ਸੀ ਤੇ ਸੰਤ ਕਬੀਰ
ਵੇਲੇ ਵੀ। ਕਬੀਰ ਸਾਹਿਬ ਰਾਮ-ਰਹੀਮ ਨੂੰ ਇਕੋ ਕਹਿੰਦੇ ਥੱਕ ਗਏ। ਗੁਰੂ ਨਾਨਕ ਨੇ ਇਸੇ ਕਾਰਨ
ਆਪਣੇ ਆਪ ਨੂੰ “ਨਾ ਮੈਂ ਹਿੰਦੂ, ਨਾ ਮੁਸਲਮਾਨ” ਕਿਹਾ ਹੈ, ਪਰ ਭਾਰਤ ਮੰਨ ਹੀ ਨਹੀਂ ਰਿਹਾ।
ਇਸ ਗੱਲੋਂ ਭਾਰਤ ਦਾ ਪਰਨਾਲਾ ਉਥੇ ਦਾ ਉਥੇ ਹੀ ਹੈ।
ਬੁਲਾਰਾ ਵੀ ਬਹੁਤ ਹੀ ਚੰਗਾ ਸੀ ਉਹ। ਉੱਚਾ, ਲੰਮਾ, ਸੁਹਣਾ ਕੱਦ। ਸਾਦ-ਮੁਰਾਦੀ ਬੋਲੀ ਵਿਚ
ਜਦੋਂ ਬੋਲਦਾ, ਹਰ, ਕਿਸੇ ਨੂੰ ਆਪਣੇ ਨਾਲ ਜੋੜ ਲੈਂਦਾ। ਬੋਲੀ ਪੋਠੋਹਾਰੀ ਨਹੀਂ, ਰਲੀ-ਮਿਲੀ,
ਲਾਹੌਰ-ਅੰਮ੍ਰਿਤਸਰ ਦੀ, ਕੇਂਦਰੀ ਹੁੰਦੀ ਸੀ। ਅਕਾਲੀ ਲਹਿਰ ਦੇ ਦਿਨਾਂ ਤੋਂ ਹੀ ਉਹ ਏਧਰ
ਰਹਿਣ ਲੱਗ ਪਿਆ ਸੀ। ਅਕਾਲੀ ਲਹਿਰ ਦਾ ਕੇਂਦਰ ਕਿਉਂਕਿ ਅੰਮ੍ਰਿਤਸਰ ਹੁੰਦਾ ਸੀ ਤੇ ਰਾਜਧਾਨੀ
ਹੋਣ ਕਾਰਨ, ਰਾਜਨੀਤਕ ਲਹਿਰ ਦਾ ਗੜ੍ਹ, ਪੰਜਾਬ ਦਾ, ਲਾਹੌਰ ਸੀ। ਸੋ, ਉਸਦੀ ਬੋਲੀ ਬੜੀ ਹੀ
ਸੁਹਣੀ ਕੇਂਦਰੀ ਪੰਜਾਬੀ ਸੀ। ਲਿਖਣ ਦੀ ਵੀ ਤੇ ਬੋਲਣ ਦੀ ਵੀ। ਕਿਤੇ-ਕਿਤੇ ਪੋਠੋਹਾਰੀ ਦੇ
ਲਫ਼ਜ਼ ਵੀ ਉਹ ਵਰਤਦਾ, ਪਰ ਉਹ ਬੜੇ ਹੀ ਸੁਹਣੇ ਲਗਦੇ ਤੇ ਕਿਤੇ-ਕਿਤੇ ਹੀ ਹੋਣ ਕਾਰਨ,
ਕੇਂਦਰੀ ਪੰਜਾਬੀ ਵਿੱਚ, ਉਹ ਹੀਰਿਆਂ ਵਾਂਗੂੰ ਦਮਕਦੇ।
ਕੇਵਲ ਪਿਤਾ ਹੀ ਨਹੀਂ ਸੀ, ਮਾਤਾ ਵੀ ਜਸਵੰਤ ਕੌਰ ਦੀ ਬੜੇ ਹੀ ਉੱਚ-ਆਚਰਣ ਦੀ ਤੇ ਬੜਾ ਹੀ
ਸਿਦਕੀ ਜੀਵ ਸੀ। ਜਿਵੇਂ ਪਤੀ ਨਿੱਤ-ਦਿਹਾੜੀ ਜੇਲ੍ਹੀਂ ਤੁਰਿਆ ਰਹਿੰਦਾ ਸੀ, ਸਿਦਕਵਾਨ ਨਾ
ਹੁੰਦੀ ਤਾਂ ਗੁਜ਼ਰ ਕਿਵੇਂ ਹੋ ਸਕਦੀ ਸੀ? ਪਰ, ਪੁੱਤਰੀ ਨੂੰ ਪ੍ਰਭਾਵਿਤ ਬਹੁਤਾ ਪਿਤਾ ਨੇ ਹੀ
ਕੀਤਾ ਸੀ। ਜਦੋਂ ਕਦੇ ਘਰ ਹੁੰਦਾ, ਪਿਤਾ, ਆਪਣੀ ਪੁੱਤਰੀ ਨੂੰ, ਗੁਰੂਆਂ ਦੇ ਹਵਾਲੇ ਦੇ-ਦੇ
ਚੰਗੀ ਸਿੱਖਿਆ ਦਿੰਦਾ ਰਹਿੰਦਾ:
“ਗੁਰੂ ਅਰਜਨ ਦੇਵ ਤੱਤੀ ਤਵੀ ਉਤੇ ਬੈਠੇ ਹਨ, ਤਵੀ ਨੂੰ ਸ਼ਾਂਤ ਕਰਨ ਲਈ। ਇਹ ਤਵੀ ਜ਼ੁਲਮ
ਅਤੇ ਜਬਰ ਨਾਲ ਤਪ ਰਹੀ ਹੈ। ਗੁਰੂ ਨੇ ਕੁਰਬਾਨੀ ਦਿੱਤੀ। ਤੱਤੀ ਤਵੀ ਸ਼ਾਂਤ ਹੋਈ। ਇਸੇ
ਤਰ੍ਹਾਂ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਹਨ। ਦੀਨਾਂ ਅਤੇ ਦੁਖੀਆਂ ਲਈ ਸਿਰ ਕਟਵਾ ਦਿੰਦੇ
ਹਨ। ਜਬਰ ਨੂੰ ਠਲ੍ਹ ਪੈ ਜਾਂਦੀ ਹੈ। ਭਾਵੇਂ ਥੋੜ੍ਹੀਂ ਬਹੁਤੀ ਹੀ।
“ਸ੍ਰੀ ਗੁਰੂ ਗੋਬਿੰਦ ਸਿੰਘ ਸਰਬੰਸ ਨੂੰ ਵਾਰ ਦਿੰਦੇ ਹਨ, ਦੇਸ਼ ਲਈ, ਕੌਮ ਲਈ,
ਕੁਚਲਿਆਂ-ਲਤਾੜਿਆਂ ਲਈ। ਤੇ ਫੇਰ ਹੁਕਮ ਕਰਦੇ ਹਨ,’ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।’ ਇਸ
ਲਈ, ਬੇਟਾ, ਮਾਨਸ ਕੀ ਜਾਤ ਸਾਨੂੰ ਇਕੋ ਸਮਝਣੀ ਚਾਹੀਦੀ ਹੈ। ਹਿੰਦੂ ਹੋਵੇ, ਮੁਸਲਮਾਨ, ਸਭ
ਨੂੰ ਇਕ ਜਾਨਣਾ ਹੈ। ਊਚ-ਨੀਚ ਵੀ ਕੋਈ ਨਹੀਂ। ਗੁਰੂ ਜੀ ਨੇ ਭਾਈ ਜੈਤੇ ਨੂੰ ਆਪਣੇ ਗਲ ਨਾਲ
ਲਾਇਆ ਹੈ । ਰੰਗ ਰੇਟੇ, ਗੁਰ ਕੇ ਬੇਟੇ। ਭਾਵੇਂ ਉਹ ਅਖਾਉਤੀ ਜਿਹੀ ਨੀਵੀਂ ਜਾਤੀ ਵਿਚੋਂ ਸੀ।
ਇਹ ਉੱਚੀਆਂ ਅਤੇ ਨੀਵੀਆਂ ਜਾਤੀਆਂ ਸਾਰੀਆਂ ਹੀ ਅਖਾਉਤੀ ਹਨ। ਸਾਡੀਆਂ ਹੀ ਬਣਾਈਆਂ ਹੋਈਆਂ।
ਨਾ ਇਹਨਾਂ ਨੂੰ ਗੁਰੂ ਨਾਨਕ ਦੇਵ ਮਾਨਤਾ ਦਿੰਦੇ ਹਨ, ਨਾ ਗੁਰੂ ਗੋਬਿੰਦ ਸਿੰਘ। ਸੋ ਅਸੀਂ,
ਬੇਟੀ ਗੁਰੂਆਂ ਦੀ ਹੀ ਸਿੱਖਿਆ ਉਤੇ ਚੱਲਣਾ ਹੈ। ਭਾਵੇਂ ਲੋਕੀ ਕੁਝ ਪਏ ਕਹਿਣ। ਉਹ ਤਾਂ
‘ਅੰਨ੍ਹੀ ਰਈਅਤ’ ਹਨ। ਮੂਰਖ! ਗੰਵਾਰ।”
“ਬਾਪੂ ਜੀ, ਸਿੱਖਾਂ ਵਿੱਚ ਵੀ ਜਾਤ-ਪਾਤ ਬਹੁਤ ਹੈ। ਕੋਈ ਜੱਟ, ਕੋਈ ਚਮਾਰ। ਕੋਈ ਪਹਿਲੇ
ਪੌੜੇ ਵਾਲਾ, ਕੋਈ ਚੌਥੇ ਪੌੜੇ ਵਾਲਾ....“
“ਬ੍ਰਾਹਮਣਵਾਦ ਦੀ ਘੁਸਪੈਠ ਹੈ ਸਿੱਖੀ ਵਿੱਚ ਇਹ ਧੀ ਰਾਣੀ। ਬੜਾ ਭੈੜਾ ਹੈ ਬ੍ਰਾਹਮਣਵਾਦ।
ਇਹਨੇ ਤਾਂ ਮਹਾਤਮਾ ਬੁੱਧ ਨੂੰ ਉਲਟ-ਪੁਲਟ ਕਰ ਦਿੱਤਾ ਹੈ। ਮਹਾਤਮਾ ਬੁੱਧ ਵੀ ਜ਼ਾਤ-ਪਾਤ ਦੀ
ਸੰਸਥਾ ਦੇ ਵਿਰੁੱਧ ਸੀ। ਪਰ ਅੱਜ ਉਹਦਾ ਵੱਖਰਾਪਣ ਕਿਸੇ ਪਾਸੇ ਰਿਹਾ ਹੀ ਨਹੀਂ। ਚਲੋ, ਭਾਵੇਂ
ਕੁਝ ਵੀ ਹੋਵੇ, ਅਸੀਂ ਆਪਣੇ ਗੁਰੂਆਂ ਦੇ ਹੀ ਹੁਕਮ ਦੀ ਪਾਲਣਾ ਕਰਨੀ ਹੈ। ਉਹਨਾਂ ਦੇ ਬੋਲ
ਸੋਨੇ ਵਿੱਚ ਮੜ੍ਹਾ ਕੇ ਰੱਖਣ ਵਾਲੇ ਹਨ।”
ਸਕੂਲੀ-ਕਾਲਜੀ ਵਿੱਦਿਆ ਵੀ ਉਹ ਭਾਵੇਂ ਪੜ੍ਹ ਹੀ ਰਹੀ ਸੀ, ਪਰ ਅਸਲੀ ਵਿੱਦਿਆ ਇਹ ਸੀ ਜੋ
ਉਸਦੇ ਮਾਤਾ-ਪਿਤਾ ਵਲੋਂ ਉਹਨੂੰ ਦਿੱਤੀ ਜਾ ਰਹੀ ਸੀ। ਇਸ, ਅਸਲੀ ਵਿੱਦਿਆ ਨੇ ਹੀ, ਬਹੁਤਾ,
ਉਹਦੇ ਚਰਿੱਤਰ ਦੇ ਨਿਰਮਾਣ ਵਿੱਚ ਹਿੱਸਾ ਪਾਇਆ ਸੀ।
ਇਸਤੋਂ ਬਿਨਾਂ ਕੁਦਰਤ ਵਲੋਂ ਬਖ਼ਸਿ਼ਆ ਉਸਦਾ ਆਪਾ ਵੀ ਸੀ ਜੋ ਉਹਨੂੰ ਉੱਚੀਆਂ ਸੋਚਾਂ ਅਤੇ
ਕਰਨੀਆਂ ਵੱਲ ਲੈ ਗਿਆ ਸੀ। ਨਹੀਂ ਤਾਂ ਉਹ ਵੀ ਲੋਕ ਹਨ ਜਿਨ੍ਹਾਂ ਨੂੰ ਚੰਗੀਆਂ ਜਾਂ ਉੱਚੀਆਂ
ਗੱਲਾਂ ਪੋਂਹਦੀਆਂ ਹੀ ਨਹੀਂ ਹਨ। ਪੱਥਰ ਉੱਤੇ ਪਾਣੀ ਪਿਆ ਅਰਥ ਹੀ ਕੀ ਰੱਖਦਾ ਹੈ? ਗੰਨੇ ਅਤੇ
ਅੱਕ ਦੇ ਸੁਭਾ ਦੀ ਮਿਸਾਲ ਹੈ। ਧਰਤੀ ਉਹੀਓ ਹੁੰਦੀ ਹੈ, ਪਰ ਗੰਨਾ ਉਸੇ ਧਰਤੀ ਤੋਂ ਮਿਠਾਸ
ਪ੍ਰਾਪਤ ਕਰਦਾ ਹੈ, ਅੱਕ ਕੁੜਿੱਤਣ। ਸੋ ਉਸਦੇ ਆਪਣੇ ਆਪੇ ਦੀ ਵੀ ਇਸ ਵਿੱਚ ਵਡਿਆਈ ਸੀ-ਉਸਦੇ
ਆਪਣੇ ਬੜੇ ਹੀ ਚੰਗੇ ਗੰਗਾ ਦੇ ਨੀਰ ਜਿਹੇ ਹਿਰਦੇ ਦੀ।
ਪਾਕਿਸਤਾਨ ਬਣਨ ਵੇਲੇ ਦੇ ਕਾਲੇ ਦਿਨਾਂ ਦੀ ਗੱਲ ਹੈ ਇਹ। ਅੰਮ੍ਰਿਤਸਰ ਸ਼ਹਿਰ ਵਿੱਚ,
ਮੁਸਲਮਾਨ ਨੌਜਵਾਨ ਕੁੜੀਆਂ ਅਤੇ ਔਰਤਾਂ ਨੂੰ, ਅਲਫ਼ ਨੰਗੀਆਂ ਕਰਕੇ, ਇਕ ਜਲੂਸ ਦੀ ਸ਼ਕਲ
ਵਿੱਚ, ਗਲੀਆਂ ਅਤੇ ਬਾਜ਼ਾਰਾਂ ਵਿਚੋਂ ਤੋਰਿਆ ਜਾ ਰਿਹਾ ਸੀ। ਦੋ ਅਕਾਲੀ ਜਥੇਦਾਰ ਇਸ ਜਲੂਸ
ਦੇ ਮੁਖੀ ਸਨ ਜੋ ਇਸ ਜਲੂਸ ਦੇ ਦੋਵੇਂ ਪਾਸੇ ਨਾਲੋ-ਨਾਲ ਚੱਲ ਰਹੇ ਸਨ ਤੇ ਦੋਹਾਂ ਦੇ ਹੀ
ਹੱਥਾਂ ਵਿੱਚ ਬਰਛੇ ਫੜੇ ਹੋਏ ਸਨ। ਇਹ ਅਕਾਲੀ ਜਥੇਦਾਰ ਕਿਸੇ ਸਮੇਂ ਜਸਵੰਤ ਕੌਰ ਦੇ ਪਿਤਾ ਦੇ
ਸਾਥੀ ਹੁੰਦੇ ਸਨ ਜਦੋਂ ਉਹ ਸਭ ਅਕਾਲੀ ਦਲ ਵਿੱਚ ਕੰਮ ਕਰਦੇ ਹੁੰਦੇ ਸਨ। ਬੰਦੇ ਕਾਫ਼ੀ ਚੰਗੇ
ਸਨ, ਪਰ ਅੱਜ ਕੁਝ ਹਵਾਵਾਂ ਹੀ ਅਜਿਹੀਆਂ ਝੁੱਲ ਪਈਆਂ ਸਨ ਕਿ ਉਹ ਚੰਗੇ ਰਹਿ ਨਾ ਸਕੇ ਤੇ
ਮਾਣਸ ਤੋਂ ਦੇਵਤੇ ਬਣਨ ਦੀ ਥਾਂ ਮਾਣਸ ਤੋਂ ਰਾਖਸ਼ ਬਣ ਗਏ। ਉਹਨਾਂ ਨੂੰ ਨਹੀਂ ਸੀ ਪਤਾ, ਉਹ
ਕਿੰਨੇ ਗ਼ਲਤ ਹੋ ਚੁੱਕੇ ਹਨ। ਉਹ ਤਾਂ ਆਪਣੇ ਆਪ ਨੂੰ ਸਗੋਂ ਬੜੇ ਹੀ ਠੀਕ ਰਸਤੇ ਉਤੇ ਤੁਰਦਾ
ਸਮਝ ਰਹੇ ਸਨ, ਅਤੇ ਇਸ ਜਲੂਸ ਦੇ ਉਹ ਇਉਂ ਨਾਲ ਜਾ ਰਹੇ ਸਨ ਜਿਵੇਂ ਉਹ ਕੋਈ ਬੜਾ ਹੀ ਚੰਗਾ
ਤੇ ਨੇਕ ਕੰਮ ਕਰ ਰਹੇ ਹੋਣ। ਉਹਨਾਂ ਦੀ ਸਮਝ ਇਹ ਸੀ ਕਿ ਜਿਹੜੇ ਜਬਰ, ਗੁਰੂਆਂ ਉੱਤੇ, ਮੁਗ਼ਲ
ਬਾਦਸ਼ਾਹਾਂ ਵਲੋਂ ਢਾਹੇ ਜਾਂਦੇ ਰਹੇ ਹਨ, ਉਹਨਾਂ ਦਾ, ਸਭ ਦਾ, ਬਦਲਾ ਉਹ ਅੱਜ ਇਉਂ ਲੈ ਰਹੇ
ਹਨ। ਅਤੇ, ਉਹ ਹੱਕ-ਬਜਾਨਬ ਹਨ।
ਇਹ ਕਹਿਣ ਦੀ ਲੋੜ ਨਹੀਂ ਕਿ ਆਪਣੇ ਨਿੱਤ ਦੇ ਜੀਵਨ ਵਿੱਚ ਇਹ ਜਥੇਦਾਰ ਪੂਰੀ-ਪੂਰੀ ਮਰਿਆਦਾ
ਪਾਲਣ ਵਾਲੇ ਸਨ। ਅਕਾਲੀ ਦਲ ਦੇ ਆਗੂਆਂ ਲਈ ਪੂਰੀ-ਪੂਰੀ ਰਹਿਤ-ਮਰਿਆਦਾ ਦਾ ਪਾਲਣ ਬੜਾ
ਜ਼ਰੂਰੀ ਹੈ। ਰੋਜ਼ ਪਾਠ ਕਰਦੇ ਤੇ ਸਿਮਰਨਾ ਵੀ ਫੇਰਦੇ। ਪਾਠਾਂ ਦੇ ਕੁਝ ਸਮੇਂ ਹਨ। ਕਦੇ
ਜਪੁਜੀ, ਕਦੇ ਰਹਿਰਾਸ, ਕਦੇ ਕੀਰਤਨ ਸੋਹਿਲਾ ਆਦਿ। ਪਰ ਇਹ ਬਿਨਾਂ ਸਮੇਂ ਦੇ ਵੀ ਪਾਠ ਕਰਦੇ
ਰਹਿੰਦੇ ਸਨ। ਵਿਹਲ ਹੈ ਤਾਂ ਇਹ ਸਮਾਂ ਅਜਾਈਂ ਕਿਉਂ ਬਿਤਾਇਆ ਜਾਵੇ? ਅਕਾਲ ਪੁਰਖ ਵਾਹਿਗੁਰੂ
ਦਾ ਨਾਮ ਹੀ ਕਿਉਂ ਨਾ ਜਪਿਆ ਜਾਵੇ,ਜਿਸਨੂੰ ਨਾਨੂੰ ਸਾਸ-ਗ੍ਰਾਸ ਚੇਤੇ ਰੱਖਣਾ ਚਾਹੀਦਾ ਹੈ?
ਸੋ ਉਹ ਬਿਨਾਂ ਸਮੇਂ ਦੇ ਵੀ ਪਾਠ ਕਰਨ ਲੱਗ ਜਾਂਦੇ ਤੇ ਆਪਣਾ ਜੀਵਨ ਸਫਲ ਕਰਦੇ। ਪੈਰੋਕਾਰਾਂ
ਉੱਤੇ ਵੀ ਇਸਦਾ ਬੜਾ ਹੀ ਚੰਗਾ ਪ੍ਰਭਾਵ ਪੈਂਦਾ। ਉਹਨਾਂ ਲਈ ਉਹ ਇਕ ਨਮੂਨੇ ਦੇ ਆਗੂ ਸਿੱਧ ਹੋ
ਜਾਂਦੇ ਸਨ।
ਦੋਵੇਂ, ਆਪਣੀ ਪਾਰਟੀ ਵਿੱਚ ਧੜੱਲੇਦਾਰ ਆਗੂ ਸਨ। ਇਕ ਦਾ ਨਾਂ ਉਸਦੇ ਪਿੰਡ ਦੇ ਨਾਂ ਨਾਲ ਲਿਆ
ਜਾਂਦਾ ਸੀ, ਦੂਜੇ ਦਾ ਇਲਾਕੇ ਨਾਲ। ਇਲਾਕੇ ਦਾ ਨਾਂ ਮਾਝਾ ਸੀ। ਦੋਹਾਂ ਦੇ ਪਿੰਡ ਅੰਮ੍ਰਿਤਸਰ
ਦੇ ਲਾਗੇ-ਚਾਗੇ ਹੀ ਪੈਂਦੇ ਸਨ।
ਦੋਵੇਂ, ਆਪਣੀ ਪਾਰਟੀ ਵਿੱਚ ਚੰਗੇ ਰੁਤਬੇ ਵਾਲੇ ਵੀ ਸਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ
ਦੇ ਅਹੁਦੇ ਤੱਕ ਵੀ ਕਰੇ ਨਾ ਕਦੇ ਪਹੁੰਚੇ ਸਨ। ਨਹੀਂ ਤਾਂ ਦੋਵੇਂ ਇਸ ਅਹੁਦੇ ਤਕ ਪਹੁੰਚ ਸਕਣ
ਦੇ ਯੋਗ ਸਨ।
ਅੱਗੇ ਜਾ ਕੇ ਇਹ ਦੋਵੇਂ ਆਗੂ ਵੀ ਕਾਂਗਰਸ ਵਿੱਚ ਮਿਲ ਗਏ ਸਨ। ਇੱਕ, ਜਿਸਦੇ ਨਾਂ ਨਾਲ ਇਲਾਕੇ
ਦਾ ਨਾਂ ਲਗਦਾ ਸੀ, ਕਾਂਗਰਸ ਸਰਕਾਰ ਵੇਲੇ, ਕੁਝ ਕੁ ਸਮਾਂ, ਪੰਜਾਬ ਦੇ ਮੰਤਰੀ-ਮੰਡਲ ਵਿੱਚ
ਵੀ ਰਿਹਾ ਸੀ। ਪੁਰਾਣਾ ਦਸਵੀਂ ਪਾਸ ਸੀ। ਪੁਰਾਣੀ ਦਸਵੀਂ ਅੱਜਕਲ੍ਹ ਦੀਆਂ ਵੀਹਾਂ ਵਰਗੀ
ਹੁੰਦੀ ਸੀ। ਸਗੋਂ ਚਾਲੀਆਂ ਵਰਗੀ ਹੀ।
ਜਲੂਸ ਵਿੱਚ ਚੱਲ ਰਹੀਆਂ ਕੁੜੀਆਂ ਅਤੇ ਔਰਤਾਂ ਨੂੰ ਧਰਤੀ ਵਿਹਲ ਨਹੀਂ ਦਿੰਦੀ ਸੀ। ਉਹਨਾਂ ਦੇ
ਨੰਗੇ ਜਿਸਮਾਂ ਵੱਲ ਮਰਦ-ਭੀੜ ਦੀਆਂ ਲਾਲਚੀ ਅੱਖਾਂ ਇਕ ਟੱਕ ਤੱਕ ਰਹੀਆਂ ਸਨ ਤੇ ਉਸ ਪਾਸਿਓਂ
ਇਕ ਛਿਨ ਵੀ ਹਟਣਾ ਨਹੀਂ ਸਨ ਚਾਹੁੰਦੀਆਂ। ਨੌਜਵਾਨ ਕੁੜੀਆਂ ਅਤੇ ਔਰਤਾਂ ਦੇ ਨੰਗੇ ਅਤੇ
ਗੋਰੇ-ਗੋਰੇ ਨਸੂੜੀਆਂ ਜਿਸਮ ਉਹਨਾਂ ਅੱਖਾਂ ਨੂੰ ਦੇਖ-ਦੇਖਕੇ ਰੱਜ ਨਹੀਂ ਆ ਰਿਹਾ ਸੀ। ਉਹ
ਦੇਖਦੇ ਤੇ ਚਾਂਭਲਦੇ ਤੇ “ਹਾਏ-ਹਾਏ” ਵੀ ਆਖਦੇ। ਕੁੜੀਆਂ ਆਪਣੇ ਹੱਥਾਂ ਨਾਲ ਕਦੇ ਸ਼ਰਮਾਂ
ਢੱਕਦੀਆਂ ਤੇ ਕਦੇ ਛਾਤੀਆਂ ਢੱਕਦੀਆਂ। ਪਰ ਬਰਛਿਆਂ ਦੀਆਂ ਨੋਕਾਂ ਨਾਲ ਉਹਨਾਂ ਦੇ ਹੱਥ ਹਟਾਏ
ਜਾਂਦੇ, “ਹਾਂ, ਹੁਣ ਸ਼ਰਮ ਆਉਂਦੀ ਐ। ਪਾਕਿਸਤਾਨ ਮੰਗਿਆ ਸੀ, ਦੇਖੋ ਹੁਣ ਥੋੜਾ ਜਿਹਾ ਸੁਆਦ
ਪਾਕਿਸਤਾਨ ਦਾ!”
ਜਥੇਦਾਰ, ਭੀੜ ਨੂੰ, ਜਲੂਸ ਨਾਲ ਚੱਲਣ ਦੀ ਤੇ ਰੱਜ-ਰੱਜ ਕੇ ਦੇਖਣ ਦੀ ਹੀ ਆਗਿਆ ਦੇ ਰਹੇ ਸਨ,
ਜਾਂ ਮਜ਼ਾਕ ਕਰਨ ਦੀ ਵੀ, ਪਰ ਛੇੜ-ਛਾੜ ਕਰਨ ਦੀ ਜਾਂ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ
ਨਹੀਂ ਸਨ ਦੇ ਰਹੇ। ਇਉਂ ਤਾਂ ਭਗਦੜ ਮਚ ਜਾਂਦੀ। ਭੀੜ ਟੁੱਟ ਪੈਂਦੀ ਤੇ ਬੋਟੀ-ਬੋਟੀ ਨੋਚ
ਲੈਂਦੀ। ਹਾਂ, ਦੇਖਣਾ ਠੀਕ ਸੀ। ਲੋਕਾਂ ਦੇ ਦੇਖਣ ਲਈ ਹੀ ਤਾਂ, ਤੇ ਉਹਨਾਂ ਨੂੰ ਸ਼ਰਮਾਉਣ
ਲਈ, ਉਹਨਾਂ ਨੂੰ ਨੰਗੀਆਂ ਕਰਕੇ ਜਲੂਸ ਕਢਿਆ ਗਿਆ ਸੀ।
ਚਾਰ ਮਹਾਨ ਗੁਰੂਆਂ ਦੀ ਇਹ ਵਰੋਸਾਈ ਧਰਤੀ ਸੀ ਤੇ ਚਾਰਾਂ ਦੀ ਹੀ ਚਰਨ-ਛੁਹ ਇਸ ਧਰਤੀ ਨੂੰ
ਪ੍ਰਾਪਤ ਸੀ। ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਹਰਿਗੋਬਿੰਦ ਤੇ
ਸ੍ਰੀ ਗੁਰੂ ਤੇਗ਼ ਬਹਾਦਰ। ਪਰ, ਇਸ ਗੁਰੂ ਦੀ ਨਗਰੀ ਵਿੱਚ....
ਏਥੇ, ਅੰਮ੍ਰਿਤਸਰ ਵਿੱਚ, ਜਲ੍ਹਿਆਂਵਾਲਾ ਬਾਗ਼ ਵੀ ਸੀ ਜਿਥੇ ਹਿੰਦੂ ਤੇ ਮੁਸਲਮਾਨ ਦਾ ਸਾਂਝਾ
ਖ਼ੂਨ ਡੁਲ੍ਹਿਆ ਸੀ। ਜਲ੍ਹਿਆਂਵਾਲਾ ਬਾਗ਼ ਦਾ ਹੀਰੋ ਡਾ. ਸਤਯਪਾਲ ਵੀ ਸੀ ਤੇ ਸੈਫ਼-ਉ-ਦੀਨ
ਕਿਚਲੂ ਵੀ। ਜਲ੍ਹਿਆਂਵਾਲਾ ਬਾਗ਼ ਦਾ ਲਹੂ ਅਜੇ ਸੁੱਕਿਆ ਨਹੀਂ ਸੀ।
ਮੁਸਲਮਾਨ ਕੁੜੀਆਂ ਅਤੇ ਔਰਤਾਂ ਦੇ ਇਸ ਜਲੂਸ ਦਾ ਸਾਰੇ ਸ਼ਹਿਰ ਨੂੰ ਪਤਾ ਸੀ। ਬਹੁਤ ਲੋਕ
ਇਹਨੂੰ ਬਹੁਤ ਮਾੜਾ ਵੀ ਕਹਿ ਰਹੇ ਸਨ, ਪਰ ਉਹ ਸਾਰੇ ਬੇਵਸ ਸਨ। ਭੂਤਰੇ ਹੋਏ ਲੋਕਾਂ ਅੱਗੇ
ਕੋਈ ਵੀ ਬੋਲਦਾ ਨਹੀਂ ਸੀ। ਪੁਲਿਸ- ਫ਼ੌਜ ਵੀ ਇਹਨਾਂ ਲੋਕਾਂ ਨੂੰ ਕੁਝ ਨਹੀਂ ਸੀ ਆਖਦੀ। ਉਹ
ਵੀ ਸਗੋਂ ਇਹਨਾਂ ਲੋਕਾਂ ਦੇ ਨਾਲ ਹੀ ਮਿਲੀ ਹੋਈ ਸੀ ਤੇ ਇਹਨਾਂ ਨੂੰ ਠੀਕ ਸਮਝਦੀ। ਉਧਰ,
ਪਾਕਿਸਤਾਨ ਵਿੱਚ ਵੀ, ਇਹੋ ਕੁਝ ਹੋ ਰਿਹਾ ਸੀ। ਦੋਵੇਂ ਪਾਸੇ ਇਕੋ ਤਰ੍ਹਾਂ ਦੀ ਖੇਡ ਖੇਡੀ ਜਾ
ਰਹੀ ਸੀ।
ਜਸਵੰਤ ਕੌਰ ਇਸ ਸਮੇਂ ਘਰ ਵਿੱਚ ਬੈਠੀ ਹੋਈ ਸੀ। ਉਹਨੂੰ ਪਤਾ ਲੱਗਾ ਤਾਂ ਉਹਨੂੰ ਬਹੁਤ ਦੁੱਖ
ਹੋਇਆ। ਇਸ ਸਮੇਂ ਜਲੂਸ ਹਾਲ ਬਾਜ਼ਾਰ ਵਿੱਚ ਆ ਗਿਆ ਸੀ। ਉਹ ਸ਼ੀਹਣੀ ਵਾਂਗੂੰ ਉੱਠੀ ਤੇ
ਲਪਕਦੀ, ਛਲਾਂਗਾਂ ਮਾਰਦੀ, ਹਾਲ ਬਾਜ਼ਾਰ ਵੱਲ ਚੱਲ ਪਈ,ਜਿਵੇਂ ਕਦੇ ਮਾਈ ਭਾਗੋ ਗੁੱਸਾ ਖਾ ਕੇ
ਉੱਠੀ ਤੇ ਸ਼ੀਹਣੀ ਵਾਂਗੂੰ ਗਰਜਦੀ ਮੈਦਾਨ ਵੱਲ ਚੱਲ ਪਈ ਸੀ ਤੇ ਕਾਇਰਾਂ ਅਤੇ ਬੁਜ਼ਦਿਲਾਂ
ਨੂੰ ਲਾਅਣਤਾਂ ਪਾ ਰਹੀ ਸੀ। ਲਗਭਗ ਉਸੇ ਤਰ੍ਹਾਂ ਹੀ ਜਸਵੰਤ ਕੌਰ ਆਈ ਸੀ ਜੋ ਅੱਜ ਦੀ ਮਾਈ
ਭਾਗੋ ਵੀ ਸੀ ਤੇ ਅੱਜ ਵੀ ਰਾਣੀ ਝਾਂਸੀ ਵੀ। ਜਸਵੰਤ ਕੌਰ ਦਾ ਚਲਨ ਉਹਨਾਂ ਤੋਂ ਕਿਵੇਂ ਵੀ
ਘੱਟ ਨਹੀਂ ਸੀ।
ਜਸਵੰਤ ਕੌਰ ਅਲਫ਼ ਨੰਗੀਆਂ ਕੁੜੀਆਂ ਅਤੇ ਔਰਤਾਂ ਦੇ ਜਲੂਸ ਦੇ ਅੱਗੇ ਜਾ ਖਲੋਈ ਤੇ ਮੱਥੇ
ਵਿੱਚ ਵੱਟ ਪਾ ਕੇ ਦੋਵੇਂ ਜਥੇਦਾਰਾਂ ਨੂੰ ਬੋਲੀ:
“ਚਾਚਾ ਜੀ! ਗੱਲ ਸੁਣੋ!! ਯਾ ਤਾਂ ਇਹਨਾਂ ਸਾਰੀਆਂ ਨੂੰ ਕੱਪੜੇ ਪਹਿਨਾ ਦਿਓ, ਨਹੀਂ ਤਾਂ ਮੈਂ
ਆਪ ਆਪਣੇ ਕੱਪੜੇ ਉਤਾਰਾਂਗੀ ਤੇ ਇਹਨਾਂ ਵਾਂਗ ਹੀ, ਨੰਗੀ ਹੋਕੇ, ਇਹਨਾਂ ਦੇ ਨਾਲ ਚੱਲਾਂਗੀ।
ਤੁਸੀਂ ਮੇਰਾ ਨੰਗ ਦੇਖਣਾ। ਆਪਣੀ ਧੀ ਦਾ ਨੰਗ ਦੇਖਣਾ।”
ਜਥੇਦਾਰਾਂ ਨੂੰ ਇਸ ਗੱਲ ਦਾ ਖ਼ਾਬ-ਖਿ਼ਆਲ ਵੀ ਨਹੀਂ ਸੀ ਕਿ ਕੋਈ ਉਹਨਾਂ ਨੂੰ ਇਉਂ ਆ ਕੇ ਰੋਕ
ਜਾਂ ਟੋਕ ਵੀ ਸਕਦਾ ਸੀ। ਉਹ ਥੋੜਾ ਜਿਹਾ ਹੈਰਾਨ ਹੋਏ। ਕੋਈ ਹੋਰ ਹੁੰਦਾ, ਭਾਵੇਂ ਉਹ ਕੋਈ ਵੀ
ਕਿਉਂ ਨਾ ਹੁੰਦਾ, ਉਹਨਾਂ ਅੱਗੇ ਇਉਂ ਖਲੋਕੇ ਬਿਸਕ ਵੀ ਨਹੀਂ ਸਕਦਾ ਸੀ। ਮੁਲਕ ਵਿੱਚ ਨਹਿਰੂ
ਵੀ ਸੀ, ਗਾਂਧੀ ਵੀ, ਜਿਨੱਾਹ ਵੀ। ਲਾਰਡ ਮਾੳਂੂਟ ਬੈਟਨ ਵੀ ਅਜੇ ਦਿੱਲੀ ਵਿੱਚ ਹੀ ਬੈਠਾ ਸੀ।
ਫ਼ਸਾਦੀਆਂ ਨੂੰ ਕੋਈ ਵੀ ਪਰ ਰੋਕ ਨਹੀਂ ਸਕਦਾ ਸੀ। ਅਮਨ-ਕਾਨੂੰਨ ਸਾਰਾ ਹੀ ਫ਼ਸਾਦੀਆਂ ਨੇ ਆਪ
ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ। ਪਰ ਇਸ ਕੁੜੀ ਜਸਵੰਤ ਕੌਰ ਦੀ ਗੱਲ ਹੀ ਕੁਝ ਹੋਰ ਸੀ। ਇਹ
ਉਹਨਾਂ ਦੀ ਭਤੀਜੀ ਸੀ,ਉਹਨਾਂ ਦੇ ਸਾਥੀ ਤੇ ਮਿੱਤਰ ਦੀ ਧੀ, ਜੋ ਉਹਨਾਂ ਦੀ ਵੀ ਧੀ ਹੀ ਸੀ।
ਪਰ ਉਹ ਫੇਰ ਵੀ ਅੱਗੋਂ ਬੋਲੇ:
“ਕਾਕੀ, ਤੂੰ ਪਰ੍ਹੇ ਰਹਿ। ਤੇਰਾ ਨਹੀਂ ਕੋਈ ਕੰਮ ਏਥੇ। ਤੂੰ ਏਥੇ ਆਈ ਹੀ ਕਿਉਂ? ਚੱਲ
ਪਰ੍ਹੇ, ਤੂੰ ਘਰ ਨੂੰ ਜਾਹ।”
“ਚਾਚਾ ਜੀ, ਤੁਸੀਂ ਰੋਜ਼ ਗੁਰੂ ਦੀ ਬਾਣੀ ਪੜ੍ਹਦੇ ਹੋ। ਗੁਰੂ ਸਾਹਿਬ ਤਾਂ ਕਹਿੰਦੇ ਹਨ, ਨਾ
ਕੋਈ ਹਿੰਦੂ, ਨਾ ਮੁਸਲਮਾਨ?”
“ਕੁੜੀਏ! ਤੂੰ ਗੱਲ ਸੁਣ! ਪਤਾ ਹੈ ਪਾਕਿਸਤਾਨ ਵਿਚ ਕੀ ਕੁਝ ਹੋ ਰਿਹਾ ਹੈ? ਉਧਰ ਸਾਡੀਆਂ
ਹਿੰਦੂਆਂ ਅਤੇ ਸਿੱਖਾਂ ਦੀਆਂ ਕੁੜੀਆਂ ਦੇ, ਸਾਥੋਂ ਪਹਿਲਾਂ ਦੇ, ਨੰਗੀਆਂ ਦੇ ਜਲੂਸ ਕੱਢੇ ਜਾ
ਰਹੇ ਹਨ,ਰਾਵਲਪਿੰਡੀ, ਜਿਹਲਮ, ਮੁਲਤਾਨ ਤੇ ਲਾਹੌਰ ਵਿਚ। ਅਸੀਂ ਜਵਾਬ ਦੇ ਰਹੇ ਹਾਂ ਕਿ ਜੇ
ਇਕੱਤੀ ਪਾਓਗੇ ਤਾਂ ਅਸੀਂ ਇਕਵੰਜਾ ਪਾਵਾਂਗੇ। ਅਸੀਂ ਚੂੜੀਆਂ ਪਹਿਨ ਲਈਏ?”
“ਚਾਚਾ ਜੀ, ਉਹ ਨੀਚ ਹਨ। ਪਰ ਉਨ੍ਹਾਂ ਨੂੰ ਨੰਗੀਆਂ ਇਨ੍ਹਾਂ ਬੇਗੁਨਾਹਾਂ ਨੇ ਤਾਂ ਨਹੀਂ
ਕੀਤਾ? ਇਨ੍ਹਾਂ ਦਾ ਕਸੂਰ ਕੀ? ਉਹਨਾਂ ਨਾਲ ਲੜੋ, ਮੈਂ ਤੁਹਾਡੇ ਨਾਲ ਹੋ ਕੇ ਉਹਨਾਂ ਨਾਲ ਲੜਨ
ਜਾਵਾਂਗੀ।”
ਬਾਜ਼ਾਰ ਵਿਚ ਭੀੜ ਦਾ ਜਮਘੱਟਾ ਜਿਹਾ ਹੋ ਗਿਆ ਸੀ। ਗਲੀਆਂ, ਚੁਬਾਰਿਆਂ, ਦੁਕਾਨਾਂ ਦਿਆਂ
ਥੜ੍ਹਿਆਂ ਉਤੋਂ ਵੀ ਲੋਕੀ ਦੇਖਣ ਲੱਗ ਪਏ ਸਨ। ਸ਼ੁਰੂ ਤੋਂ ਹੀ, ਨਾਲੋ-ਨਾਲ, ਤੁਰੀ ਆਉਂਦੀ
ਚਾਂਭਲੀ ਤੇ ਲਾਚੜੀ ਹੋਈ ਭੀੜ, ਪਿੱਛੇ ਖੜੀ, ਉੜ-ਉੜ ਕੇ ਏਧਰ ਵੱਲ ਤੱਕ ਰਹੀ ਸੀ। ਇਸ ਸਮੇਂ
ਉਹ ਔਰਤਾਂ ਨੂੰ ਨੰਗੇ ਅਤੇ ਅਸ਼ਲੀਲ ਫਿ਼ਕਰੇ ਬੋਲਣੋ ਰੁਕੀ ਹੋਈ ਸੀ।
ਧਰਤੀ ਵਿੱਚ ਲਹਿ ਜਾਣ ਵਰਗੀ ਅੰਤਾਂ ਦੀ ਬੇਪਤੀ ਨਾਲ ਡੌਰ-ਭੌਰ ਹੋਈਆਂ ਤੇ ਨੰਗੀਆਂ ਖੜੀਆਂ
ਮੁਸਲਮਾਨ ਕੁੜੀਆਂ ਅਤੇ ਔਰਤਾਂ ਨੂੰ ਥੋੜੀ ਜਿਹੀ ਤਸੱਲੀ ਹੋਈ। ਬੜੀ ਬਹਾਦੁਰ ਕੁੜੀ ਸੀ ਜੋ
ਜਾਬਰਾਂ, ਦਰਿੰਦਿਆਂ ਦੇ ਸਾਹਮਣੇ ਡਟੀ ਖੜੀ ਸੀ। ਜਾਪਦਾ ਸੀ ਜਿਵੇਂ ਅੱਲਾ, ਇਸ ਕੁੜੀ ਦੇ ਰੂਪ
ਵਿੱਚ, ਆਪ ਹੀ ਬਹੁੜ ਪਿਆ ਸੀ। ਕਈਆਂ ਦੀਆਂ ਅੱਖਾਂ ਵਿੱਚ, ਹਮਦਰਦੀ ਦੇ ਉਛਾਲੇ ਨਾਲ, ਪਾਣੀ
ਵੀ ਭਰ ਆਇਆ ਸੀ।
ਜਸਵੰਤ ਕੌਰ ਫੇਰ ਬੋਲੀ:
“ਚਾਚਾ ਜੀ, ਪਹਿਨਾਓ ਕੱਪੜੇ! ਨਹੀਂ ਤਾਂ ਮੈਂ ਆਪਣੇ ਉਤਾਰਨ ਲੱਗ ਜਾਵਾਂਗੀ।”
ਜਥੇਦਾਰ ਚੁੱਪ ਸਨ।
“ਚਾਚਾ ਜੀ, ਮੈਂ ਫੇਰ ਕਹਿਨੀਆਂ.....“
ਜਥੇਦਾਰ ਅਜੇ ਵੀ ਖ਼ਾਮੋਸ਼ ਹੋਏ ਖੜੇ ਸਨ।
“ਚੰਗਾ ਚਾਚਾ ਜੀ, ਠੀਕ ਹੈ...“
ਅਤੇ, ਉਹਨੇ ਚਾਕਾਂ ਵੱਲ ਨੂੰ ਆਪਣੀ ਕਮੀਜ਼ ਨੂੰ ਉਤਾਰਨ ਲਈ ਹੱਥ ਪਾਏ।
“ਬੀਬੀ! ਬੀਬੀ!! ਇਕ ਮਿੰਟ ,ਇੰਕ ਮਿੰਟ....“
ਜਥੇਦਾਰ ਉੱਚੀ ਬੋਲੇ। ਕਿਉਂਕਿ ਜੇ ਜਸਵੰਤ ਕੌਰ ਕੱਪੜੇ ਉਤਾਰ ਦਿੰਦੀ, ਇਹਨਾਂ ਜਥੇਦਾਰਾਂ ਦਾ
ਉਥੇ ਕੁਝ ਵੀ ਨਹੀਂ ਰਹਿਣਾ ਸੀ। ਉਹਨਾਂ ਨੂੰ ਇਹ ਪਤਾ ਸੀ, ਜਸਵੰਤ ਕੌਰ ਕੱਪੜੇ ਉਤਾਰਨ ਲਈ ਹੀ
ਆਈ ਸੀ, ਫੋਕੀਆਂ ਗੱਲਾਂ ਕਰਨ ਲਈ ਨਹੀਂ।
ਜਥੇਦਾਰਾਂ ਨੂੰ ਆਪਣੀ ਗੱਲ ਤੋਂ ਪਿੱਛੇ ਹਟਣਾ ਪੈ ਗਿਆ ‘ਤੇ ਔਰਤਾਂ ਨੂੰ ਕੱਪੜੇ ਪਹਿਨਣ ਦੀ
ਆਗਿਆ ਦੇ ਦਿੱਤੀ ਗਈ। “ਪੁਆ ਦਿਓ ਕੱਪੜੇ।” ਉਹ ਢਿੱਲਾ ਜਿਹਾ ਬੋਲੇ ‘ਤੇ ਇੱਕ ਪਾਸੇ ਨੂੰ ਚਲੇ
ਗਏ।
ਜਸਵੰਤ ਕੌਰ ਇਕ ਜਲਾਲ ਵਿੱਚ ਸੂਹੀ ਹੋਈ ਖੜੀ ਸੀ।
-0-
|