Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ

 

- ਗੁਰਨਾਮ ਢਿੱਲੋਂ

ਨੋ ਬਾਊਂਡਰੀਜ਼

 

- ਗੁਰਮੀਤ ਪਨਾਗ

ਬਲਬੀਰ ਸਿੰਘ ਦਾ ਠਾਣੇਦਾਰ ਬਣਨਾ

 

- ਪ੍ਰਿੰ. ਸਰਵਣ ਸਿੰਘ

ਲਾਹੌਰ ਅਤੇ ਉਸਦੇ ਆਲੇ ਦੁਆਲੇ ਦੀ ਇੱਕ ਭਾਵਕ ਯਾਤਰਾ

 

- ਚਮਨ ਲਾਲ

ਜਨਮ-ਦਿਨ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ‘ਦ ਟਾਈਮਜ’

 

- ਹਰਜੀਤ ਅਟਵਾਲ

ਲਖਬੀਰ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ

 

- ਸੰਤੋਖ ਸਿੰਘ ਧੀਰ

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ

 

- ਹਰਨੇਕ ਸਿੰਘ ਘੜੂੰਆਂ

ਗੁਰੂ ਨਾਨਕ ਗੁਰਦੁਆਰਾ ਦੁਬਈ: ਜਿਥੇ ਮੈਂ ਰਾਤ ਨਾ ਰਹਿ ਸਕਿਆ

 

- ਗਿਆਨੀ ਸੰਤੋਖ ਸਿੰਘ

ਅਸੀਂ ਕੌਣ ਹਾਂ?

 

- ਗੁਲਸ਼ਨ ਦਿਆਲ

ਆਪਣਾ ਹਿੱਸਾ-1

 

- ਵਰਿਆਮ ਸਿੰਘ ਸੰਧੂ

ਸ਼੍ਰੀਮਤੀ ਭੁਪਿੰਦਰ ਪਾਤਰ ਨਾਲ ਕੁਝ ਗੱਲਾਂ

 

- ਅਦਾਰਾ ਸੀਰਤ

ਕੀ ਨਾਸਾ ਦੇ ਵਿਗਿਆਨੀ ਸਚਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 'ਸੇਧ' ਲੈ ਰਹੇ ਹਨ?

 

- ਮਨਦੀਪ ਖੁਰਮੀ ਹਿੰਮਤਪੁਰਾ

ਦਸ ਛੋਟੀਆਂ ਕਵਿਤਾਵਾਂ, ਇਕ ਗਜ਼ਲ ਅਤੇ ਇੱਕ ਗੀਤ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੰਤੋਖ ਸਿੰਘ ਸੰਤੋਖ

ਪੰਦਰਾਂ ਅਗਸਤ

 

- ਗੁਰਮੇਲ ਬੀਰੋਕੇ

ਖੱਤ ਤਾਂ ਬਸ ਖੱਤ ਹੁੰਦੇ ਨੇ

 

- ਗੁਰਪ੍ਰੀਤ ਸਿੰਘ ਤੰਗੋਰੀ

ਅਸੀਂ ਸਾਰੇ

 

- ਦਿਲਜੋਧ ਸਿੰਘ

ਸਰਮਦ ਤੇ ਤਬਰੇਜ ਦਾ

 

- ਹਰਜਿੰਦਰ ਸਿੰਘ ਗੁਲਪੁਰ

ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ

 

- ਜੋਗਿੰਦਰ ਸਿੰਘ ਨਿਰਾਲਾ

Honoring the Martyrs 157 Years later- cremation of 282 martyrs on 1st August 2014

 

- Chaman Lal

GEHAL SINGH: A MARTYR OF THE SUPREME CAUSE

 

- Amarjit Chandan

A whiteman's country: an exercise in Canadian Orejudice

 

- Ted Ferguson

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਕਵਿਤਾ

 

- ਗੁਰਮੀਤ ਸਿੰਘ ਚੀਮਾ

ਕਰਤਾਰ ਸਿੰਘ ਅਠਾਰਵੀਂ ਵਾਰ ਵਿਸ਼ਵ ਵੈਟਰਨ ਚੈਂਪੀਅਨ

 

- ਪਿੰ੍. ਸਰਵਣ ਸਿੰਘ

ਛਾਤੀ ‘ਤੇ ਬੈਠਾ ਸ਼ੇਰ

 

- ਵਰਿਆਮ ਸਿੰਘ ਸੰਧੂ

ਦੋ ਗ਼ਜ਼ਲਾਂ

 

- ਮੁਸ਼ਤਾਕ ( ਯੂ. ਕੇ)

 
Online Punjabi Magazine Seerat

ਜਨਮ-ਦਿਨ
(ਲਿਖੀ ਜਾ ਰਹੀ ਸਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ)
- ਇਕਬਾਲ ਰਾਮੂਵਾਲੀਆ (905 792 7357)

 

ਪਹਿਲੇ ਦਿਨ ਦੀ ਕੁੱਲ ਕਮਾਈ ਛੁਰਾਧਾਰੀ ਦੀ ਮੁੱਠੀ 'ਚ: ਮੇਰੇ ਹੱਥਾਂ 'ਚ ਕੰਬਣੀ ਤੇ ਫੇਫੜਿਆਂ ਵਿੱਚ ਡਰੇ ਹੋਏ ਸਾਹ! 'ਕੀ ਕੀਤਾ ਜਾਵੇ?' ਮੈਂ ਆਪਣੇ ਅੰਦਰ ਨੂੰ ਪੁੱਛਣ ਲੱਗਾ।
'ਨਿੱਕਲ਼ ਏਥੋਂ ਛੇਤੀ ਛੇਤੀ!' ਮੇਰਾ ਅੰਦਰ ਕੰਬਿਆ। 'ਛੁਰਾਧਾਰੀ ਕਿਤੇ ਮੁੜ ਕੇ ਨਾ ਆ ਜੇ ਚਾਰ ਗੁੰਡਿਆਂ ਨੂੰ ਨਾਲ਼ ਲੈ ਕੇ!'
ਆਪਣਾ ਪੈਰ ਮੈਂ ਟੈਕਸੀ ਦੇ ਬਰੇਕ-ਪੈਡਲ ਤੋਂ ਉਠਾਅ ਕੇ ਰੇਸ-ਪੈਡਲ ਉੱਪਰ ਟਿਕਾਇਆ ਤਾਂ ਟੈਕਸੀ ਚੀਕ ਉੱਠੀ: ਤੋਬਾ, ਤੋਬਾ, ਤੋਬਾ! 'ਰੈੱਡ ਲੈਂਟਰਨ' ਦੇ ਸਾਹਮਣੇ ਨਾ ਲੈਜੀਂ ਮੈਨੂੰ ਮੋੜ ਕੇ!
ਪਰ ਜੇਬ ਵਿਚਲਾ ਖ਼ਿਲਾਅ ਝੱਟ ਬੋਲ ਉੱਠਿਆ: ਘਰ ਤਾਂ ਚਲਾ ਜਾਵੇਂਗਾ ਖ਼ਾਲੀ ਜੇਬ ਲੈ ਕੇ, ਸੱਜਣਾ, ਪਰ ਟੈਕਸੀ-ਮਾਲਕ ਨੂੰ ਅੱਜ ਰਾਤ ਦਾ ਕਿਰਾਇਆ ਕਿੱਥੋਂ ਦੇਵੇਂਗਾ?
ਟੈਕਸੀ ਹੁਣ ਮੈਨੂੰ ਸਾਡੇ ਅਪਾਰਟਮੈਂਟ ਵੱਲ ਨੂੰ ਖਿੱਚਣ ਲੱਗੀ ਤੇ ਜੇਬ ਮਾਰਟਿਨਗਰੋਵ ਐਂਡ ਐਲਬੀਅਨ ਰੋਡ ਦੇ ਚੁਰਸਤੇ ਵੱਲ ਨੂੰ ਜਿੱਥੋਂ 'ਰੈੱਡ ਲੈਂਟਰਨ' ਐਵੇਂ ਦਸ ਕੁ ਸਕਿੰਟ ਦੀ ਦੂਰੀ 'ਤੇ ਸੀ! ਚੁਰਸਤੇ ਉੱਪਰਲਾ ਗੈਸ-ਸਟੇਸ਼ਨ ਮੇਰੇ ਮੱਥੇ ਅੰਦਰ ਬੋਲਿਆ: ਆਜਾ ਮੇਰੇ ਕੋਲ਼; ਏਥੇ ਖਲੋਅ ਕੇ ਟੈਕਸੀ ਨਾਲ਼ ਗੋਸ਼ਟੀ ਕਰ!
ਗੈਸ ਸਟੇਸ਼ਨ ਕੋਲ਼ ਪਹੁੰਚਿਆ ਤਾਂ ਉੱਥੋਂ ਮੇਰੀ ਨਜ਼ਰ 'ਰੈੱਡ ਲੈਂਟਰਨ' ਦੇ ਸਾਈਨਬੋਰਡ ਵੱਲ ਗਿੜ ਗਈ। ਟੈਕਸੀ ਇੱਕ ਦਮ ਧੁੜਧੁੜੀਆਂ ਲੈਣ ਲੱਗੀ, ਤੇ ਉਹ ਐਲਬੀਅਨ ਮਾਲ ਦੀ ਪਾਰਕਿੰਗ ਦੀ ਵਿਸ਼ਾਲ ਸੁੰਨਸਾਨਤਾ ਵੱਲ ਦੌੜਨ ਲੱਗੀ।
ਕਿੱਥੋਂ ਮਿਲਣਗੀਆਂ ਸਵਾਰੀਆਂ ਸਾਰੀ ਰਾਤ? ਪਾਰਕਿੰਗ ਦੀ ਸੁੰਨਸਾਨਤਾ ਪੁੱਛਣ ਲੱਗੀ।
ਮੇਰੇ ਮੱਥੇ 'ਚ ਸਟੋਰਾਂ ਦੇ ਆਕਾਰ ਸੁੰਗੜਣ ਲੱਗੇ। ਸਵਾਰੀਆਂ ਜਾਂ ਤਾਂ ਘਰਾਂ 'ਚ ਬੈਠੀਆਂ ਸਨ, ਜਾਂ ਅਪਾਰਟਮੈਂਟਾਂ 'ਚ: ਓਥੋਂ ਟੈਲੀਫ਼ੋਨਾਂ ਦੇ ਡਾਇਲਾਂ ਉੱਪਰ ਟੈਕਸੀ ਕੰਪਨੀ ਦੇ ਨੰਬਰ ਘੁੰਮਾਅ ਰਹੀਆਂ ਸਵਾਰੀਆਂ ਦੀਆਂ ਅਵਾਜ਼ਾਂ, ਮੇਰੇ ਤੀਕਰ ਸਿਰਫ਼ ਡਿਸਪੈਚ ਦੇ ਰੇਡੀਓ ਰਾਹੀਂ ਹੀ ਪਹੁੰਚਣੀਆਂ ਸਨ, ਪਰ ਡਿਸਪੈਚ-ਰੇਡੀਓ ਤੋਂ ਲਗਾਤਾਰ ਬੱਸ 'ਕਚਰ-ਕਚਰ', 'ਕੁਲ਼ਚ-ਕੁਲ਼ਚ', 'ਐਨੀ-ਬਡੱਲਜ਼' {ਯਾਨੀ ਐਨੀ ਬਾਡੀ ਅਲਜ਼}, 'ਰੌਜਰਜ਼', ਤੇ 'ਕਾਅ ਫ਼ਾਅ...' 'ਕਾਅ ਫ਼ਾਅ...' ਸੁਣਾਈ ਦੇ ਰਿਹਾ ਸੀ: ਡਿਸਪੈਚਰ ਜਿਹੜੇ ਚੁਰਸਤਿਆਂ ਦੇ ਨਾਮ ਪੁਕਾਰ ਰਿਹਾ ਸੀ, ਮੇਰੇ ਕੰਨ ਉਨ੍ਹਾਂ ਤੋਂ ਨਵਾਕਿਫ਼ ਹੋਣ ਕਰਕੇ, ਮੇਰੇ ਕੰਨਾਂ 'ਚ ਸਭ ਕੁਝ ਗੁੱਥਮਗੁੱਥਾ ਹੋਈ ਜਾ ਰਿਹਾ ਸੀ! ਮੈਨੂੰ ਜਾਪਣ ਲੱਗਾ ਮੇਰੀ ਇੰਡੀਆ ਵਾਲ਼ੀ ਡਿਗਰੀ ਆਟਾ ਛਾਣਨ ਵਾਲ਼ੀ ਛਾਣਨੀ ਬਣ ਗਈ ਸੀ।
ਮੇਰੀ ਨਜ਼ਰ, ਪਾਰਕਿੰਗ ਲਾਟ ਦੀ ਸੁੰਨਸਾਨਤਾ 'ਤੋਂ, ਪਲਾਜ਼ੇ ਵੱਲ ਫੈਲੀ: ਸ਼ਰਾਬ-ਸਟੋਰ ਦੇ ਸ਼ਟਰ ਹੇਠਾਂ ਡਿੱਗੇ ਹੋਏ; ਬੀਅਰ ਸਟੋਰ ਦਾ ਸਾਈਨਬੋਰਡ ਬੁਝਿਆ ਹੋਇਆ। ਖੰਭਿਆਂ ਤੋਂ ਹੇਠਾਂ ਵੱਲ ਨਜ਼ਰਾਂ ਸੇਧ ਕੇ, ਹਨੇਰੇ ਨੂੰ ਹੂੰਝ ਰਹੀਆਂ ਬੱਤੀਆਂ! ਬੱਤੀਆਂ ਹੇਠ, ਸੁੰਨਸਾਨਤਾ ਓੜ ਕੇ ਸੁੱਤੀ ਹੋਈ, ਐਲਬੀਅਨ ਮਾਲ ਦੀ ਪਾਰਕਿੰਗ-ਲਾਟ! ਸਵਾਰੀਆਂ ਸਿਰਫ਼ 'ਰੈੱਡ ਲੈਂਟਰਨ' ਵਰਗੇ ਟੈਵਰਨਾਂ ਤੋਂ ਹੀ ਮਿਲ ਸਕਣੀਆਂ ਸਨ! ਪਰ 'ਰੈੱਡ ਲੈਂਟਰਨ' ਦਾ ਨਾਮ ਮੱਥੇ 'ਚ ਉਗਦਿਆਂ ਹੀ ਮੇਰੇ ਜ਼ਿਹਨ ਵਿੱਚ ਛੁਰੇ ਤੇ ਮੁੱਕੇ ਘੁੰਮਣ ਲੱਗੇ। ਸਿਰ ਨੂੰ ਵਾਰ ਵਾਰ ਸੱਜੇ-ਖੱਬੇ ਫੇਰਦਿਆਂ, ਮੈਂ ਆਪਣੀ ਕਾਰ ਦਾ ਮੱਥਾ ਆਪਣੀ ਅਪਾਰਟਮੈਂਟ ਇਮਾਰਤ ਵੱਲ ਨੂੰ ਮੋੜ ਲਿਆ।
ਅਪਾਰਟਮੈਂਟ ਦੇ ਅੰਦਰ ਵੜਦਿਆਂ ਹੀ, ਚਾਬੀਆਂ ਨੂੰ ਕਾਫ਼ੀ-ਟੇਬਲ ਉੱਪਰ ਸੁੱਟ ਕੇ ਮੈਂ ਆਪਣੀ ਪ੍ਰੇਸ਼ਾਨੀ ਨੂੰ ਸੋਫ਼ੇ ਉਤੇ ਬਿਠਾਲ਼ ਲਿਆ।
-ਕੀ ਹੋ ਗਿਆ ਅੱਜ? ਸਾਗਰ ਦੇ ਮੱਥੇ ਵਿਚਕਾਰ ਇਕੱਠਾ-ਹੋਇਆ ਸੰਸਾ ਪੁੱਛਣ ਲੱਗਾ। -ਉੱਖੜੇ ਜ੍ਹਏ ਲਗਦੇ ਓਂ!
ਛਾਤੀ 'ਚ ਉੱਤਰ-ਗਏ ਡੂੰਘੇ ਹਾਉਕੇ ਨੂੰ, ਆਪਣੇ ਨੱਕ ਦੇ ਸਾਹਮਣੇ ਇਕੱਠੀ ਹੋ ਗਈ ਉਦਾਸ ਹਵਾ 'ਚ ਸਹਿਜੇ ਸਹਿਜੇ ਰਲ਼ਾਉਂਦਿਆਂ, ਮੈਂ ਆਪਣਾ ਸਿਰ ਖੱਬੇ-ਸੱਜੇ ਝਟਕਿਆ।
-ਬੁਖ਼ਾਰ ਤਾਂ ਨੀ ਹੋ ਗਿਆ?
ਹੁਣ ਮੈਂ ਆਪਣੇ ਚਿਹਰੇ ਉੱਪਰਲੀ ਬੇਚੈਨੀ ਸਾਗਰ ਦੀਆਂ ਅੱਖਾਂ ਵੱਲ ਸੇਧ ਦਿੱਤੀ।
-ਮੈਂ ਟੈਕਸੀ ਨੀ ਚਲਾਉਣੀ ਅੱਜ ਤੋਂ ਬਾਅਦ!
-ਕਿਉਂ? ਕੀ ਗੱਲ ਹੋ ਗੀ?
ਮੈਂ ਗੁਲੂਬੰਦ ਨੂੰ ਧੌਣ ਉਦਾਲ਼ਿਓਂ ਉਧੇੜਿਆ, ਤੇ ਆਪਣੀ ਗਿੱਚੀ ਦੇ ਨੰਗੇਜ ਨੂੰ ਸੁਖਸਾਗਰ ਦੇ ਸਾਹਮਣੇ ਕਰ ਦਿੱਤਾ।
-ਹੈਂਅਅ? ਸੁਖਸਾਗਰ ਦੀਆਂ ਅੱਖਾਂ 'ਚ ਉੱਮੜਿਆ ਖ਼ਿਲਾਅ ਫੁੱਲਣ ਲੱਗਾ। -ਇਹ ਕੀ ਹੋ ਗਿਆ? ਸਾਗਰ ਨੇ ਡੂੰਘਾ ਹਾਉਕਾ ਭਰਿਆ।
'ਹਾਏ, ਹਾਏ' ਕਰਦੀ ਹੋਈ ਉਹ ਕਿਚਨ-ਕੈਬਨੈੱਟ ਵਿੱਚ ਫਰੋਲ਼ਾ-ਫਰਾਲ਼ੀ ਕਰਨ ਲੱਗੀ: ਡੀਟੋਲ ਦੀ ਸ਼ੀਸ਼ੀ ਤਾਂ ਐਸਪਰੀਨ ਤੇ ਟੈਲਾਨਲ ਦੀਆਂ ਸ਼ੀਸ਼ਿਆਂ ਦੇ ਪਿਛਲੇ ਪਾਸੇ ਖਲੋਤੀ ਸੀ, ਪ੍ਰੰਤੂ ਪੱਟੀ ਨੂੰ ਲੱਭਣ ਲਈ ਉਸਨੂੰ ਬਾਕੀ ਖਾਨਿਆਂ ਨੂੰ ਬੇਅਰਾਮ ਕਰਨਾ ਪਿਆ।
****
ਅਗਲੀ ਸਵੇਰ ਤੜਕਸਾਰ ਟੈਕਸੀਆਂ ਨੂੰ ਫ਼ਲਸਤੀਨੀ ਮਾਲਕ ਦੀ ਪਾਰਕਿੰਗ ਲਾਟ ਦੇ ਹਵਾਲੇ ਕਰ ਕੇ ਵਾਪਿਸ ਆਉਂਦਿਆਂ, ਅਸੀਂ ਲਛਮਣ ਦੇ ਅਪਾਰਟਮੈਂਟ ਦਾ ਬੂਹਾ ਜਾ ਠੰਗੋਰਿਆ।
ਚਾਹ ਦੀ ਪਿਆਲੀ ਨੂੰ ਪਲ਼ੋਸਦਾ ਹੋਇਆ ਲਛਮਣ ਬੋਲਿਆ: ਐਨਾ ਸ਼ੁਕਰ ਕਰ, ਪ੍ਰੋਫ਼ੈਸਰਾ, ਬਈ ਛੁਰਾ ਤੇਰੀ ਧੌਣ ਦੇ ਆਰ-ਪਾਰ ਨੀ ਕਰਤਾ ਉਹਨੇ...
-ਏਹੀ ਗੱਲ ਤਾਂ ਮੈਂ ਏਹਨੂੰ ਸਮਝਾਈ ਜਾਨਾਂ ਸਵੇਰ ਤੋਂ! ਰਛਪਾਲ ਭੁੜਕਿਆ।
-ਐਵੇਂ ਡਰੀ ਜਾਨੈਂ, ਪ੍ਰੋਫ਼ੈਸਰਾ, ਲਛਮਣ ਆਪਣੇ ਬੁੱਲ੍ਹਾਂ ਨੂੰ ਖਿਲਾਰਨ-ਸੰਗੋੜਨ ਲੱਗਾ। -ਇਹੋ ਜ੍ਹੀਆਂ ਵਾਰਦਾਤਾਂ ਨੇ ਕਿਹੜਾ ਨਿੱਤ ਵਾਪਰਨਾ ਹੁੰਦੈ!
ਮੇਰਾ ਸਿਰ 'ਮੈਂ ਨਾ ਮਾਨੂੰ' ਦੀ ਮੁਦਰਾ 'ਚ ਹਿੱਲੀ ਗਿਆ।
-ਚੱਲ ਇਹਨੂੰ ਤਾਂ ਮਨਾ ਲਾਂ'ਗੇ ਬਾਅਦ `ਚ, ਰਛਪਾਲ ਦੀਆਂ ਅੱਖਾਂ ਮੇਰੇ ਵੱਲ ਨੂੰ ਲਿਸ਼ਕੀਆਂ। -ਪਰ ਸਾਡੇ ਤਾਂ, ਯਾਰ, ਡਿਸਪੈਚਰ ਦੀ ਇੱਕ ਗੱਲ ਵੀ ਪੱਲੇ ਨੀ ਪੈਂਦੀ... ਇਉਂ ਲਗਦੈ ਬਈ ਕਿਚਰ ਕਿਚਰ ਈ ਹੋਈ ਜਾਂਦੀ ਐ ਰੇਡੀਓ `ਚ!
-ਪਹਿਲਾਂ ਪਹਿਲਾਂ ਤਾਂ ਮੇਰੇ ਵੀ ਕੱਖ ਪੱਲੇ ਨੀ ਸੀ ਪੈਂਦਾ, ਲਛਮਣ ਚਾਹ ਦੀ ਪਿਆਲੀ ਨੂੰ ਠੁੰਗਣ ਲੱਗਾ। -ਉਹ ਚੁਰਸਤਿਆਂ ਦੇ ਨਾਮ ਪੁਕਾਰਦਾ ਹੁੰਦੈ ਬਈ ਐਸ ਐਸ ਚੁਰਸਤੇ ਦੇ ਨੇੜੇ ਟੈਕਸੀਆ ਚਾਹੀਦੀਆਂ।
-ਉਹ ਤਾਂ ਪਤੈ ਸਾਨੂੰ ਵੀ!
-ਪਰ ਮੈਂ ਤਾਂ ਪਹਿਲੇ ਦਸ-ਬਾਰਾਂ ਦਿਨ ਐਲਬੀਅਨ ਮਾਲ 'ਚੋਂ ਗਰੋਸਰੀ ਢੋਣ `ਤੇ ਈ ਲਾਏ... ਹੌਲ਼ੀ ਹੌਲ਼ੀ ਨੇੜੇ-ਨੇੜੇ ਦੀਆਂ ਸਾਰੀਆਂ ਸਟਰੀਟਾਂ ਯਾਦ ਹੋ ਗੀਆਂ ਤੇ ਆਲ਼ੇ ਦੁਆਲ਼ੇ ਦੀਆਂ ਅਪਾਰਟਮੈਂਟ ਬਿਲਡਿੰਗਾਂ ਵੀ; ਹੁਣ ਤਾਂ ਆਡਰ ਮਿਲਣ ਸਾਰ ਠੱਚ ਕਰ ਕੇ ਗੱਡੀ ਨੂੰ ਸਵਾਰੀ ਦੇ ਦਰਵਾਜ਼ੇ ਮੂਹਰੇ ਜਾ ਖਲ੍ਹਾਰਦਾਂ!
-ਪਰ ਐਨੀਆਂ ਸੜਕਾਂ ਕਿਵੇਂ ਯਾਦ ਹੋਣਗੀਆਂ?
-ਉਏ, ਯਾਰ, ਤੁਸੀਂ ਐਨੀਆਂ ਜਮਾਤਾਂ ਪੜ੍ਹਗੇ ਕਾਲਜਾਂ 'ਚ; ਜੇ ਮੈਂਅਅ ਅੱਠ ਪੜ੍ਹਿਆ ਸਿੱਖ ਸਕਦਾਂ ਤਾਂ ਥੋਡੇ ਲਈ ਕੀ ਔਖੀਐਂ?
-ਇੱਕ ਮਿਹਰਬਾਨੀ ਕਰ, ਲਛਮਣਾ, ਰਛਪਾਲ ਨੇ ਚਾਹ ਦੀ ਆਖ਼ਰੀ ਘੁੱਟ ਨੂੰ ਸੰਘੋਂ ਹੇਠਾਂ ਨਿਘਾਰ ਕੇ ਪਿਆਲੀ ਨੂੰ ਕਾਫ਼ੀ-ਟੇਬਲ ਉੱਪਰ ਟਿਕਾਅ ਦਿੱਤਾ। -ਟਾਇਮ ਕੱਢ ਥੋੜਾ ਜਿਅ੍ਹਾ!
-ਕਾਹਦੇ ਲਈ?
-ਸਾਨੂੰ ਐਸ ਇਲਾਕੇ ਦੀਆਂ ਮੋਟੀਆਂ ਮੋਟੀਆਂ ਸਟਰੀਟਾਂ ਉੱਪਰ ਦੀ ਲੰਘਾਅ ਕਿਸੇ ਦਿਨ...
-ਕਿਸੇ ਦਿਨ ਕੀ? ਲਛਮਣ ਦੇ ਭਰਵੱਟਿਆਂ ਵਿਚਕਾਰ ਮੁਸਕ੍ਰਾਹਟ ਫਰਕਣ ਲੱਗੀ। -ਹੁਣੇ ਈ ਚਲਦੇ ਦੇ ਆਂ ਇੱਕ ਇੱਕ ਪਰੌਠਾ ਅੰਦਰ ਸੁੱਟ ਕੇ! ਨਾਲ਼ੇ ਗੱਡੀ ਵੀ ਦੁਆ ਦੂੰ ਥੋਨੂੰ ਮੇਰੇ ਵਾਲ਼ੀ ਕੰਪਨੀ 'ਚ ਈ!
****
ਉਸੇ ਦਿਨ ਸ਼ਾਮ ਨੂੰ, ਆਪਣੀ ਕਾਰ ਨੂੰ ਅਸੀਂ ਲਛਮਣ ਵੱਲੋਂ ਸਵੇਰ ਵੇਲ਼ੇ ਦਿਖਾਈਆਂ ਦਸ-ਪੰਦਰਾਂ ਅਪਾਰਟਮੈਂਟ ਬਿਲਡਿੰਗਾਂ ਅਤੇ ਵੀਹ ਕੁ ਸਟਰੀਟਾਂ ਦੇ ਸਾਹਮਣਿਓਂ ਕਈ ਵਾਰੀ ਲੰਘਾਅ ਲਿਆਏ। ‘ਪੈਨੋਰੈਮਾ ਕੋਰਟ’ ਉੱਪਰਲੀ ਅਪਾਰਟਮੈਂਟ-ਇਮਾਰਤ, ‘ਜੇਮਜ਼ ਟਾਊਨ ਕਰੈਸੈਂਟ’ ਵਾਲ਼ੇ ਜੜੁੱਤ-ਘਰਾਂ ਦਾ ਭੁੱਲ-ਭੁਲੱਈਆ ਕੰਪਲੈਕਸ, ‘ਟੈਂਡਰਿਜ ਕਰੈਸੈਂਟ’ ਉੱਪਰਲੇ ਸਰਕਾਰੀ ਫ਼ਲੈਟਾਂ ਦੀ ਗਰੀਬੀ ਮੂਹਰਿਓਂ ਲੰਘਦੀਆਂ ਬਲ਼ਦ-ਮੂਤਣੀ ਵਰਗੀਆਂ ਗਲ਼ੀਆਂ!
-ਤੂੰ ਨੀ ਬੋਲਦਾ, ਪ੍ਰੋਫ਼ੈਸਰਾ? ਰਛਪਾਲ ਮੇਰੀ ਲੰਮੀ ਬੇਧਿਆਨੀ ਨੂੰ ਭਾਂਪਦਿਆਂ ਪੁੱਛਣ ਲੱਗਾ। ਮੇਰਾ ਉਸਨੂੰ ਇਹ ਦੱਸਣ ਦਾ ਹੌਸਲਾ ਨਾ ਪਿਆ ਕਿ ਇਹਨਾਂ ਗਲ਼ੀਆਂ 'ਚ ਚੱਲਦਿਆਂ ਪਹਿਲੀ ਰਾਤ ਵਾਲ਼ੇ ਛੁਰਾਧਾਰੀ ਦੇ ਭੁਚੱਕੇ ਵੀ ਮੇਰੇ ਨਾਲ਼ ਨਾਲ਼ ਤੁਰੇ ਜਾ ਰਹੇ ਸਨ। ਇੱਕ-ਦੂਜੇ ਦੀਆਂ ਵੱਖੀਆਂ ਨਾਲ਼ ਚਿੰਬੜੇ, ‘ਮਾਊਂਟ ਆਲਿਵ ਸਟਰੀਟ’ ਦੇ ਟਾਊਨ-ਹਾਊਸਾਂ ਦੀਆਂ ਭੀੜੀਆਂ ਲੇਨਾਂ, ‘ਗਾਰਫ਼ੈਲਾ ਰੋਡ’ ਵਾਲ਼ੀਆਂ ਤਿੰਨ-ਚਾਰ ਬਿਲਡਿੰਗਾਂ ਦਾ ਝੁਰਮਟ, ਤੇ ‘ਸਟੀਵਨਸਨ ਰੋਡ’ ਉੱਪਰਲੀਆਂ ਹਾਈਰਾਈਜ਼ਾਂ: ਰਛਪਾਲ ਇਨ੍ਹਾਂ ਸਾਰਿਆਂ ਨੂੰ ਆਪਣੇ ਦਿਮਾਗ਼ ਵਿੱਚ ਉਲ਼ੀਕੀ ਗਿਆ।

ਅਗਲੀ ਸ਼ਾਮ ਲਛਮਣ ਦਾ ਫ਼ੋਨ ਆ ਗਿਆ: ਲਓ ਵੀ ਮੱਲੋ ਗੱਡੀ ਦੁਆਤੀ ਥੋਨੂੰ ਮੇਰੇ ਆਲ਼ੀ ਕੰਪਨੀ 'ਚ ਹੀ!
-ਗੱਡੀ ਦੁਆਉਣ ਲਈ ਤੇਰਾ ਧੰਨਵਾਦ, ਲਛਮਣ ਸਿਅ੍ਹਾਂ, ਪਰ ਐਧਰ ਪ੍ਰੋਫ਼ੈਸਰ ਲੱਤ ਨੀ ਲਾਉਂਦਾ!
-???
-ਹਾਅ ਤਾਂ ਮੈਨੂੰ ਵੀ ਪਤੈ ਬਈ ਹੋਣਾ ਤਾਂ ਕੁੱਛ ਨੀ, ਪਰ ਡਰੀ ਜਾਂਦੈ ਐਵੇਂ ਈ; ਕਹਿੰਦਾ ਕੋਈ ਛੁਰਾ ਮਾਰ ਕੇ ਨਾ ਮਾਰ ਦੇਵੇ।
-???
-ਫਾਰਮੂਲਾ ਤਾਂ ਠੀਕ ਐ ਤੇਰਾ ਜੇ ਪ੍ਰੋਫ਼ੈਸਰ ਮੰਨਜੇ ਤਾਂ!

ਲਛਮਣ ਵੱਲੋਂ ਸੁਝਾਵਤ ਫ਼ਾਰਮੂਲਾ: ਅਖੇ ਇੱਕ ਮਹੀਨਾ ਇਕਬਾਲ ਦਿਨੇਂ ਚਲਾਊ ਗੱਡੀ; ਤੜਕਿਓਂ ਚਾਰ ਵਜੇ ਤੋਂ ਸ਼ਾਮੀ ਚਾਰ ਵਜੇ ਤਾਈਂ, ਤੇ ਰਾਤ ਨੂੰ ਰਛਪਾਲ! ਤੇ ਫ਼ਿਰ ਮਹੀਨੇ ਬਾਅਦ ਇੱਕ ਹਫ਼ਤਾ ਦਿਨੇ ਇਕਬਾਲ ਤੇ ਅਗਲੇ ਹਫ਼ਤੇ ਦਿਨੇ ਰਛਪਾਲ!
ਪਰ ਮੈਂ ਅੱਖਾਂ ਮੀਚ ਕੇ ਸਿਰ ਨੂੰ ਸੱਜੇ-ਖੱਬੇ ਗੇੜੀ ਗਿਆ।
-ਕੀ ਕਰੇਂਗਾ ਫ਼ਿਰ?
-ਫ਼ੈਕਟਰੀ ਲੱਭ ਲੂੰ ਕੋਈ ਸੌਖੇ ਜੇਹੇ ਕੰਮ ਆਲ਼ੀ!
-ਓਏ ਫ਼ੈਕਟਰੀ ਨਾਲ਼ੋਂ ਸੌ ਗੁਣਾ ਚੰਗਾ ਰਹੇਂਗਾ ਟੈਕਸੀ 'ਤੇ, ਸੌ ਗੁਣਾ! ਰਛਪਾਲ ਮੇਰੇ ਮੋਢੇ ਨੂੰ ਹਲੂਣਾ ਦੇਣ ਲੱਗਾ। -ਇੱਕ ਮਹੀਨਾ ਦਿਨ ਦੀ ਸ਼ਿਫ਼ਟ ਲਾ ਕੇ ਤਾਂ ਦੇਖ! ਛੁਰੇ ਵਾਲ਼ੀਆਂ ਵਾਰਦਾਤਾਂ ਦਿਨੇ ਨੀਂ ਹੁੰਦੀਆਂ!
***
ਇੱਕ ਦਿਨ ਰਾਤੀਂ ਨੌਂ ਕੁ ਵਜੇ ਫ਼ੋਨ ‘ਚੁਕੋੱ-ਮੈਨੂੰ; ਚੁੱਕੋ ਮੈਨੂੰ’ ਕਰਨ ਲੱਗਾ। ਮੇਰੀ 'ਹੈਲੋ' ਦੇ ਜਵਾਬ 'ਚ ਅੱਗਿਓਂ ਸੁਆਲ ਹੋਇਆ, 'ਬਾਈ ਇਕਬਾਲ ਐਂ ਕਿ ਰਛਪਾਲ?'
ਕਾਲਰ ਦੀ ਆਵਾਜ਼ ਦਾ ਮੁਹਾਂਦਰਾ ਕਿਸੇ ਖ਼ਾਸ ਵਾਕਿਫ਼ ਆਵਾਜ਼ ਨਾਲ਼ ਮਿਲ਼ਦਾ ਜਾਪਿਆ। ਕੌਣ ਹੋ ਸਕਦੈ?
-ਇਕਬਾਲ ਈ ਬੋਲਦਾਂ, ਬਾਈ ਜੀ!
-ਓ ਵਾਹ ਬਈ ਵਾਹ! ਕਾਲਰ ਦੀ ਆਵਾਜ਼ ਵਿਚਲੇ ਚਾਅ ਦੀ ਛੱਲ ਫ਼ੋਨ ਦੇ ਰੀਸੀਵਰ ਨੂੰ ਗਿੱਲਾ ਕਰਨ ਲੱਗੀ। -ਲੈ ਸੁਣ ਫ਼ਿਰ! ਕਾਲਰ ਰਤਾ ਕੁ ਰੁਕ ਕੇ ਗਲ਼ਾ ਸਾਫ਼ ਕਰਨ ਲਈ ਖੰਘਿਆ, ਤੇ 'ਹੂੰਅਅਅਅ' ਕਰਨ ਤੋਂ ਬਾਅਦ ਗੁਣਗੁਣਾਉਣ ਲੱਗਾ:
ਨਾ ਮੌਤੋਂ ਬਿਲਕੁਲ ਡਰਦੇ ਆਂ,
ਨਾ ਈਨ ਕਿਸੇ ਦੀ ਭਰਦੇ ਆਂ!
ਅਸੀਂ ਬੇਟੇ ਕਲਗੀਧਰ ਦੇ ਆਂ,
ਜੀਹਦਾ ਜੱਗ ਵਿੱਚ ਤੇਜ ਨਿਆਰਾ ਹੈ,
ਸਾਨੂੰ ਸਿਰ ਨਾਲ਼ੋਂ ਸਿਦਕ ਪਿਆਰਾ ਹੈ!
ਕਾਲਰ ਦੇ ਮੂੰਹੋਂ ਕਿਰ ਰਹੀ ਕਵੀਸ਼ਰੀ ਮੈਨੂੰ ਮੇਰੀ ਤੇਰਾਂ ਕੁ ਸਾਲ ਉਮਰ 'ਚ ਲੈ ਗਈ: ਨਾ ਮੁੱਛ ਨਾ ਦਾੜ੍ਹੀ; ਗਲ਼ ਗੋਡਿਆਂ ਤੀਕ ਲੰਮਾਂ ਝੱਗਾ, ਤੇ ਤੇੜ ਝੋਲ਼ੀਦਾਰ ਸੁੱਥੂ, ਤੇ ਹੱਥ 'ਚ ‘ਤੁਣ-ਤੁਣ; ਤੁਣ-ਤੁਣ’! ਸਾਹਮਣੇ ਸਟੈਂਡ ਉੱਪਰ ਬੀੜਿਆ ਮਾਈਕਰੋਫ਼ੋਨ ਤੇ ਮਾਈਕਰੋਫ਼ੋਨ ਦੀ ਪਿੱਠ ਵੱਲ ਝਾਕ ਰਹੀ ਸੰਗਤ! ਮੈਂ ਕਿਸੇ ਗੁਰਦਵਾਰੇ ਦੀ ਧਾਰਮਿਕ ਸਟੇਜ ਉੱਪਰ ਖਲੋਤਾ ਸਾਂ; ਮੇਰੇ ਸੱਜੇ-ਖੱਬੇ ਖਲੋਤੇ ਰਛਪਾਲ ਅਤੇ ਬਲਵੰਤ ਦੇ ਹੱਥਾਂ 'ਚ ਢੱਡਾਂ 'ਢੁੰਮ ਢੁੰਮ' ਕਰਨ ਲੱਗੀਆਂ! ਤਕਰੀਬਨ ਹਰ ਘਰ ਦੀਆਂ ਕੱਚੀਆਂ ਕੰਧਾਂ ਉੱਪਰ ਟੁੰਗੇ ਕਲੰਡਰ ਮੇਰੇ ਮੱਥੇ 'ਚ ਹਿੱਲਣ ਲੱਗੇ ਤੇ ਉਹਨਾਂ ਉੱਪਰਲੀ ਉਹ ਤਸਵੀਰ ਵੀ ਮੇਰੇ ਜ਼ਿਹਨ ਵਿੱਚ ਘੁੰਮਣ ਲੱਗੀ, ਜਿਸ ਵਿੱਚ ਕੰਧਾਂ 'ਚ ਚਿਣੇ ਜਾ ਰਹੇ, ਦਸਵੇਂ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ, ਸੱਜੇ ਹੱਥਾਂ ਨੂੰ ਮੁੱਕੇ ਬਣਾਅ ਕੇ ਆਪਣੇ ਸਿਰਾਂ ਤੋਂ ਉੱਪਰ ਵੱਲ ਨੂੰ ਤਾਣੀ ਖਲੋਤੇ ਹੁੰਦੇ ਸਨ! ਖ਼ੂਨਖ਼ਾਰ ਜੱਲਾਦਾਂ ਦੀਆਂ ਤਿਊੜੀਆਂ ਤੇ ਅੱਖਾਂ ਦਾ ਸੇਕ ਮਾਸੂਮ ਬੱਚਿਆਂ ਦੇ ਚਿਹਰਿਆਂ ਉੱਪਰ ਸੇਧਿਆ ਹੋਇਆ! ਤੇ ਅਸੀਂ ਗਾਉਣ ਲੱਗੇ: ਨਾ ਮੌਤੋਂ ਬਿਲਕੁਲ ਡਰਦੇ ਹਾਂ, ਨੀ ਈਨ ਕਿਸੇ ਦੀ ਭਰਦੇ ਹਾਂ; ਅਸੀਂ ਬੇਟੇ ਕਲਗੀਧਰ ਦੇ ਹਾਂ...
-ਕ... ਕ...ਕੌਣ ਸਾਹਿਬ ਓਂ ਜੀ ਤੇ ਕ... ਕ... ਕਿੱਥੋਂ ਬੋਲ ਰਹੇ ਓਂ? ਮੇਰੇ ਦਿਮਾਗ ਅੰਦਰਲਾ ਭੰਬਲ਼ਭੂਸਾ ਮੇਰੀ ਜ਼ੁਬਾਨ ਤੇ ਥਿੜਕਣ ਲੱਗਾ। -ਇਹ ਬ... ਬਾਪੂ ਪਾਰਸ ਦੀ ਕਵੀਸ਼ਰੀ, ਕੈਨੇਡਾ ਦੀ ਠੰਢ 'ਚ ਕਿੱਧਰੋਂ ਉੱਗ ਆਈ, ਵੀਰ ਜੀ? ਕੋਈ ਬਹੁਤਾ ਈ ਨਜ਼ਦੀਕੀ ਲਗਦੈਂ, ਬਾਈ!
-ਓ ਬਾਈ, ਮੈਂ ਸੁਰਿੰਦਰ ਧੰਜਲ ਆਂ, ਵੈਨਕੂਵਰ ਤੋਂ, ਸੁਰਿੰਦਰ ਧੰਜਲ! ਆਇਆ ਯਾਦ ਕੁਝ?
ਸੁਰਿੰਦਰ ਧੰਜਲ? ਮੇਰੇ ਸੰਘ ਵਿੱਚਲੇ ਲਫ਼ਜ਼ਾਂ ਦੇ ਨਾਲ਼ ਹੀ ਮੇਰੇ ਭਰਵੱਟੇ ਵੀ ਘੁੱਟੇ ਗਏ: ਬੁਲ੍ਹਾਂ ਦੀ ਕੰਬਣੀ ਨੂੰ ਸੰਭਾਲ਼ਦਾ ਹੋਇਆ ਮੈਂ ਬੋਲਿਆ: ਓ ਸੱਚ-ਮੁੱਚ ਤੂੰ ਸੁਰਿੰਦਰ ਧੰਜਲ ਈ ਐਂ? ਉਏ ਹੁਣ ਤੱਕ ਕਿੱਥੇ ਲੁਕਿਆ ਰਿਹਾ ਤੂੰ, ਬਦਮਾਸ਼?
ਫ਼ਿਰ ਮੇਰੀ ਤੇ ਉਸਦੀ ਉਦਾਸੀ ਇੱਕ-ਦੂਜੀ ਨਾਲ਼ ਦੁਖ-ਸੁੱਖ ਸਾਂਝੇ ਕਰਨ ਲੱਗੀਆਂ। ਉਹ ਆਪਣੇ 'ਵਤਨੋਂ ਦੂਰ' ਦਾ ਮੁਹਾਂਦਰਾ ਦਿਖਾਉਣ ਲੱਗਾ: ਕਹਿੰਦਾ ਇਸ ਰਿਸਾਲੇ ਨੂੰ ਮੈਂ ਹਰ ਮਹੀਨੇ ਆਪਣੇ ਹੱਥ ਨਾਲ਼ ਲਿਖ ਕੇ ਛਾਪਦਾਂ।
-ਪਰ ਹੱਥ ਨਾਲ਼ ਲਿਖ ਕੇ ਕਿਉਂ?
-ਓ ਬਾਈ ਏਥੇ ਲੋਹੇ ਦੇ ਅੱਖਰ ਜੋੜ ਕੇ ਛਾਪਾਖਾਨੇ 'ਚ ਛਾਪਣ ਵਾਲ਼ਾ ਜੁਗਾੜ ਖ਼ਤਮ ਹੋ ਗਿਐ; ਕੰਪੋਜ਼ਿੰਗ ਏਥੇ ਹੁਣ ਕੰਪਿਊਟਰ ਉੱਪਰ ਹੁੰਦੀ ਐ, ਪਰ ਪੰਜਾਬੀ ਨੀ ਟਾਈਪ ਦਾ ਵਸੀਲਾ ਅਜੇ ਹੈ ਨੀ ਕੰਪਿਊਟਰ 'ਤੇ!
ਪਿਛਲੇ ਅੱਠ ਨੌਂ ਮਹੀਨਿਆਂ ਤੋਂ ਮੇਰੇ ਨਾਲ਼ ਖਹਿਬੜੀਆਂ ਤੇ ਹੱਥੋਪਾਈ ਹੋਈਆਂ ਫੈਕਟਰੀਆਂ, ਦਰਬਾਨੀਆਂ, ਤੇ ਆਰਿਆਂ ਦਾ ਕਿੱਸਾ ਮੈਂ ਧੰਜਲ ਦੇ ਸਾਹਮਣੇ ਵਿਛਾਅ ਦਿੱਤਾ।
-ਹੁਣ ਤਿੰਨ ਕੁ ਮਹੀਨਿਆਂ ਤੋਂ ਟੈਕਸੀ ਵਾਹੁਨਾਂ! ਬਾਰਾਂ ਬਾਰਾਂ ਘੰਟੇ ਟਰਾਂਟੋ ਦੀਆਂ ਸੜਕਾਂ ਉੱਪਰ ਕੀੜੇ ਵਾਂਗ ਭਾਉਂਦਾਂ; ਸਟੀਆਰਿੰਗ, ਸੁਰਿੰਦਰ ਸਿਆਂ, ਮੇਰੇ ਹੱਥਾਂ 'ਚ ਈ ਨਹੀਂ ਸਗੋਂ ਗਿੱਚੀ 'ਚ ਵੀ ਪੁੜਿਆ ਹੁੰਦੈ: ਪਤਾ ਨੀ ਲਗਦਾ ਪਈ ਮੈਂ ਟੈਕਸੀ ਨੂੰ ਚਲਾਉਨਾਂ ਕਿ ਟੈਕਸੀ ਮੈਨੂੰ!
-ਪਰ ਡੋਲੀਂ ਨਾ, ਇਕਬਾਲ, ਧੰਜਲ ਦੀ ਆਵਾਜ਼ 'ਚ ਬਜ਼ੁਰਗੀ ਘੁਲਣ ਲੱਗੀ। -ਨਵਾਂ ਮੁਲਕ ਐ: ਬੜਾ ਕੁਝ ਕਰਨਾ ਪੈਣੈਂ ਪੈਰ ਜੰਮਾਉਣ ਲਈ। ਮੈਂ ਮਾਈਨਾਂ 'ਚ ਕੰਮ ਕੀਤੈ! ਮਿਹਨਤ ਕਰਨ 'ਚ ਕੋਈ ਮਿਹਣਾ ਨੀ, ਬਾਈ! ਮਿਹਣਾ ਚੋਰੀਆਂ ਠੱਗੀਆਂ 'ਚ ਹੁੰਦੈ।

ਧੰਜਲ ਦੇ ਫ਼ੋਨ ਤੋਂ ਬਾਅਦ ਕੈਨੇਡਾ ਮੈਨੂੰ ਰਤਾ ਕੁ ਆਪਣਾ-ਆਪਣਾ ਲੱਗਣ ਲੱਗਾ: ਉਹਦੇ ਫ਼ੋਨ ਹਰ ਹਫ਼ਤੇ ਆਉਂਦੇ। ਉਹ ਮੇਰੀ 'ਹੈਲੋ' ਦੇ ਉੱਤਰ 'ਚ 'ਕਿਵੇਂ ਐਂ ਬਾਈ?' ਆਖਦਾ, ਤਾਂ ਸ਼ੇਕਸਪੀਅਰ ਦੇ ਡਰਾਮਿਆਂ ਨਾਲ਼ ਅਤੇ ਡੀ. ਐਚ. ਲਾਰੰਸ ਦੇ ਨਾਵਲਾਂ ਨਾਲ਼ ਭਰਿਆ ਥੈਲਾ ਚੁੱਕੀ, 1968-69-70 ਵਾਲ਼ਾ ਗੌਰਮਿੰਟ ਕਾਲਜ (ਲੁਧਿਆਣਾ) ਮੇਰੇ ਜ਼ਿਹਨ ਵਿੱਚ ਗਠੜੀ ਖੋਲ੍ਹ ਲੈਂਦਾ! ਗਠੜੀ ਵਿੱਚੋਂ ਧੰਜਲ ਨਿੱਕਲ਼ ਆਉਂਦਾ—ਲੁਧਿਆਣੇ ਦੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿੱਚ ਅਲੈਕਰਟੀਕਲ ਇੰਜਨੀਅਰਿੰਗ ਦੀ ਡਿਗਰੀ ਦੀਆਂ ਤਾਰਾਂ ਮਰੋੜਦਾ ਹੋਇਆ, ਤੇ ਇੰਟਰ-ਕਾਲਜ ਕਵਿਤਾ-ਮੁਕਾਬਲਿਆਂ ਦੀਆਂ ਸਟੇਜਾਂ ਉੱਤੇ ਮੇਰੇ ਨਾਲ਼ ਕਵਿਤੋ-ਕਵਿਤੀ ਹੁੰਦਾ ਹੋਇਆ। ਕਈ ਵਾਰ ਕਿਸੇ ਢਾਬੇ 'ਚ ਮੇਰੇ ਸਾਹਮਣੇ ਬੈਠ ਕੇ ਚਾਹ ਦੀਆਂ ਪਿਆਲੀਆਂ ਨਾਲ਼ ਮੱਠੀਆਂ ਵੀ ਚੱਬ ਰਿਹਾ ਹੁੰਦਾ। ਢਿਲ਼ਕੀ ਜਿਹੀ ਪੱਗ ਤੇ ਡਿਗੂੰ-ਡਿਗੂੰ ਕਰਦੇ ਸਰੀਰ ਉੱਪਰ ਸਾਦੀ ਜਿਹੀ ਕਮੀਜ਼! ਹੱਥ 'ਚ ਉਸਦੀ ਨਵੀਂ-ਨਵੀਂ ਛਪੀ ਕਾਵਿ-ਕਿਤਾਬ 'ਸੂਰਜਾਂ ਦੇ ਹਮਸਫ਼ਰ' ਅਤੇ ਮੋਢੇ ਉੱਤੋਂ ਲਟਕਦਾ ਝੋਲ਼ਾ ਜਿਸ 'ਚ ਸੇਕਦਾਰ ਰਿਸਾਲੇ ਹੁੰਦੇ ਤੇ ਸੂਹੇ ਲਿਬਾਸ ਵਾਲ਼ੀਆਂ ਜਿਲਦਾਂ 'ਚ ਹਥਿਆਰਬੰਦ ਕਹਾਣੀਆਂ ਤੇ ਨਾਵਲ! ਕਵਿਤਾ-ਮੁਕਾਬਲਿਆਂ 'ਚ ਉਸਦੀਆਂ ਨਜ਼ਮਾਂ ਬੰਦੂਕ ਦੇ ਮੈਗਜ਼ੀਨਾਂ ਵਿੱਚ ਕਾਰਤੂਸ ਭਰਦੀਆਂ, ਤੇ ਬੰਦੂਕ ਦੀ ਨਾਲ਼ੀ 'ਚੋਂ 'ਠੂਹ ਠੂਹ' ਲਲਕਾਰੇ ਮਾਰਦਾ ਇਨਕਲਾਬ ਮੁੱਕੇ ਲਹਿਰਾਉਣ ਲਗਦਾ। ਗੱਠੜੀ ਵਾਂਗ ਖੁਲ੍ਹੇ ਲੁਧਿਆਣੇ 'ਚੋਂ ਜੁਝਾਰਵਾਦੀ ਰਿਸਾਲੇ ਕਿਰਨ ਲਗਦੇ ਜਿਨ੍ਹਾਂ 'ਚ ਕਈ ਵਾਰੀ ਮੇਰੀਆਂ ਤੇ ਧੰਜਲ ਦੀਆਂ ਕਵਿਤਾਵਾਂ ਇੱਕੋ ਸਫ਼ੇ ਉੱਪਰ ਇੱਕ-ਦੂਜੇ ਦੇ ਮੋਢੀਂ ਲੱਗੀਆਂ ਹੁੰਦੀਆਂ।

ਹੁਣ ਸ਼ਾਮੀ ਚਾਰ ਵਜੇ ਟੈਕਸੀ ਦੀਆਂ ਮੁਹਾਰਾਂ ਰਛਪਾਲ ਨੂੰ ਫੜਾਅ ਕੇ ਮੈਂ ਅਪਾਰਟਮੈਂਟ ਵਿੱਚ ਕਿਤਾਬਾਂ-ਰਸਾਲਿਆਂ ਨਾਲ਼ ਗੋਸ਼ਟੀ ਰਚਾਅ ਲੈਂਦਾ। ਵਿਸ੍ਹਕੀ ਦੀਆਂ ਬੋਤਲਾਂ ਸਾਗਰ ਤੋਂ ਅੱਖ ਬਚਾਅ ਕੇ ਮੈਨੂੰ ਸੈਨਤਾਂ ਮਾਰਦੀਆਂ ਪਰ ਕਿਚਨ 'ਚ ਤੜਕੀ ਜਾ ਰਹੀ ਦਾਲ਼ 'ਚ ਤੇ ਪਿਆਜ਼ ਦੀਆਂ ਫਾੜੀਆਂ ਉੱਪਰ ਨੁੱਚੜ ਰਿਹਾ ਨਿੰਬੂ ਮੈਨੂੰ ਖ਼ਬਰਦਾਰ ਕਰਨ ਲੱਗ ਜਾਂਦਾ।
ਤੜਕੇ ਸਾਢੇ ਤਿੰਨ ਵਜੇ ਅਲਾਰਮ ਦੀ 'ਚਿਰਰਰਰ' ਨੀਂਦਰ ਵਿੱਚ ਡਾਂਗ ਦੀ ਹੁੱਝ ਵਾਂਗ ਵਜਦੀ ਤੇ ਮੱਥੇ ਅੰਦਰ ਵਾਪਰ ਰਿਹਾ ਖੱਟਾ-ਕੁਸੈਲ਼ਾ ਸੁਪਨਾ ਕੀਚਰਾਂ ਕੀਚਰਾਂ ਹੋ ਜਾਂਦਾ। ਚਾਹ ਦੀ ਪਿਆਲੀ 'ਚੋਂ ਨਿੱਘ ਸੁੜ੍ਹਾਕ ਕੇ ਮੈਂ ਸਾਡੀ ਅਪਾਰਟਮੈਂਟ ਬਿਲਡਿੰਗ ਦੀ ਬੇਸਮੈਂਟ ਵਿਚਲੀ ਪਾਰਕਿੰਗ ਦੀ ਵਿਸ਼ਾਲਤਾ 'ਚ ਸੁੱਤੀਆਂ ਅਣਗਿਣਤ ਕਾਰਾਂ ਕੋਲ਼ ਦੀ ਗੁਜ਼ਰਦਾ, ਤਾਂ ਪੈਟਰੋਲ ਦੀ ਠਰੀ ਹੋਈ ਗੰਧ ਮੇਰੇ ਫੇਫੜਿਆਂ 'ਚ ਸੁੱਤੀ ਖਾਂਸੀ ਨੂੰ ਛੇੜਨ ਲਗਦੀ।
ਪਾਰਕਿੰਗ ਦਾ ਗਰਾਜ ਸਹਿਜੇ-ਸਹਿਜੇ ਆਪਣਾ ਘੁੰਡ ਉਠਾਲ਼ਦਾ ਤੇ ਬਾਹਰ ਮੇਰੀ ਟੈਕਸੀ ਨੂੰ ਉਡੀਕਦੇ ਸਨੋਈ-ਫਰਾਟੇ ਖਚਰੀਆਂ ਹਾਸੀਆਂ ਹੱਸ ਰਹੇ ਹੁੰਦੇ। ਸੁੰਨ ਹੋਇਆ ਇੰਜਨ ਤਪਸ਼ ਫੜਨ ਲਗਦਾ ਤੇ ਗੱਡੀ ਦੀਆਂ ਸੀਟਾਂ ਉੱਪਰ ਕਾਬਜ਼ ਠਾਰੀ, ਮੈਦਾਨ ਛੱਡਣ ਲਗਦੀ। ਸਨੋਅ-ਹਟਾਉਣੇ ਟਰੈਕਟਰਾਂ ਦੇ ਮੂੰਹਾਂ ਉੱਤੇ ਤਿਰਛੇ-ਰੁਖ਼ ਬੰਨ੍ਹੇ ਕਰਾਹੇ, ਸੜਕਾਂ ਉੱਪਰ ਕੱਲਰ ਵਾਂਗਣ ਵਿਛੀ ਸਨੋਅ ਨੂੰ ਹੂੰਝ ਹੂੰਝ ਕੇ, ਸਾਈਡਵਾਕਾਂ (ਫੁੱਟਪਾਥਾਂ) ਉੱਪਰ ਅਮੁੱਕ ਕੰਧਾਂ ਉਸਾਰ ਰਹੇ ਹੁੰਦੇ; ਇਨ੍ਹਾਂ ਕੰਧਾਂ ਦਾ ਕੱਦ ਹਰ ਸਨੋਈ-ਝੱਖੜ ਤੋਂ ਬਾਅਦ ਦੋ ਢਾਈ ਇੰਚ ਉੱਚਾ ਹੋਇਆ ਹੁੰਦਾ। ਹਰ ਦੂਜੇ-ਚੌਥੇ ਦਿਨ, ਭੂਸਰਿਆ ਹੋਇਆ ਠੱਕਾ ਬਿਰਛਾਂ ਦੀਆਂ ਗੰਜੀਆਂ ਟਾਹਣੀਆਂ ਨੂੰ ਝੰਜੋੜ ਝੰਜੋੜ ਕੇ, ਉਨ੍ਹਾਂ ਦੀ ਚਮੜੀ ਉਧੇੜ ਰਿਹਾ ਹੁੰਦਾ, ਤੇ ਸਨੋਅ ਨਾਲ਼ ਲੱਦੀਆਂ ਫਰਾਟੇਦਾਰ ਹਵਾਵਾਂ, ਬੱਸਾਂ ਉਡੀਕਦੇ ਮੁਸਾਫ਼ਰਾਂ ਦੇ ਸਿਰਾਂ ਉਦਾਲਿਓਂ ਭਾਰੀਆਂ ਜੈਕਟਾਂ ਦੇ ਹੁੱਡਾਂ ਨੂੰ, ਖੁੱਗ ਰਹੀਆਂ ਹੁੰਦੀਆਂ।
ਰੈਕਸਡੇਲ ਇਲਾਕੇ ਦੀਆਂ ਸਾਰੀਆਂ ਸੜਕਾਂ ਹੁਣ ਮੇਰੇ ਦਿਮਾਗ਼ ਵਿੱਚ ਕਵਿਤਾਵਾਂ ਵਾਂਗ ਵਿਛ ਗਈਆਂ ਸਨ। ਡਿਸਪੈਚਰ ਦੀ ਕਿਚਰ-ਕਿਚਰ ਹੁਣ 'ਐਲਬੀਅਨ ਅਨ ਇਸਲਿੰਗਟਨ, ਸਟੀਅਲਜ਼ ਅਨ ਟਵੰਟੀ ਸੈਵਨ, ਕਿਪਲਿੰਗ ਅਨ ਰੈਕਸਡੇਲ, ਕਿਪਲਿੰਗ ਅਨ ਡਿਕਸਨ, ਜੇਨ ਅਨ ਫ਼ਿੰਚ' ਬਣ ਗਈ ਸੀ। ਸ਼ਾਮ ਦੇ ਚਾਰ ਵਜੇ ਤੀਕ ਮੇਰੀ ਟੈਕਸੀ ਘਰਾਂ ਤੇ ਅਪਾਰਟਮੈਂਟਾਂ ਦੇ ਦਰਵਾਜ਼ਿਆਂ ਨੂੰ 'ਹਾਏ-ਹੈਲੋ' ਕਰਦੀ। ਸਵਾਰੀਆਂ ਦੀ ਕਾਹਲ਼ ਦਰਵਾਜ਼ੇ ਵੱਲ ਨੂੰ ਝਪਟਦੀ: ਕਿਸੇ ਦੇ ਚਿਹਰੇ ਉੱਪਰ ਮੁਸਕਾਣ ਹੁੰਦੀ ਤੇ ਕਿਸੇ ਦਾ ਚਿਹਰਾ ਸੁੱਕੀ ਹਰੜ ਵਾਂਙਣ ਤਿਊੜੀਦਾਰ! ਮੇਰੀ ਤਲ਼ੀ ਉੱਪਰ ਡਾਲਰਾਂ ਦੀਆਂ ਪੈੜਾਂ ਹੋਈ ਜਾਂਦੀਆਂ।
ਅਨੇਕਾਂ ਰੰਗਾਂ-ਨਸਲਾਂ ਤੇ ਕਿਰਦਾਰਾਂ ਵਾਲ਼ੇ ਚਿਹਰੇ ਮੇਰੀ ਟੈਕਸੀ ਦੀਆਂ ਸਵਾਰੀਆਂ ਬਣਦੇ: ਵਿਰਲਾ ਵਿਰਲਾ ਗੱਡੀ ਦੇ ਦਰਵਾਜ਼ਿਓਂ ਬਾਹਰ ਹੋ ਕੇ ਕਿਰਾਇਆ ਅਦਾ ਕਰਨ ਦੇ ਬਹਾਨੇ ਘੋੜੇ ਵਾਂਙਣ ਦੌੜ ਕੇ ਅਪਾਰਟਮੈਂਟ ਬਿਲਡਿੰਗ ਦੀ ਲਾਬੀ 'ਚ ਲੋਪ ਹੋ ਜਾਂਦਾ। ਕਦੇ ਕੋਈ ਲਿੱਬੜਿਆ ਜਿਹਾ ਗੋਰਾ ਜਾਂ ਕਾਲ਼ਾ ਮੂਹਰਲੀ ਸੀਟ 'ਤੇ ਬੈਠ ਆਪਣੇ ਡੇਲਿਆਂ ਨੂੰ ਤਿਰਛੇ ਕਰ ਕੇ ਮੇਰੇ ਵੱਲ ਦੇਖਦਾ, ਤੇ ਜੇਬ 'ਚੋਂ ਨੈਪਕਿਨ ਕੱਢ ਕੇ ਆਪਣੇ ਨੱਕ ਉੱਪਰ ਤਾਣ ਲੈਂਦਾ। ਤੇ ਕਦੇ ਕੋਈ ਵੀਹ ਡਾਲਰ ਕਿਰਾਇਆ ਅਦਾ ਕਰਨ ਦੇ ਨਾਲ਼ ਹੀ ਪੰਜ ਡਾਲਰ ਦਾ ਵਾਧੂ ਨੋਟ ਮੇਰੀਆਂ ਉਂਗਲ਼ਾਂ 'ਚ ਟੁੰਗ ਦਿੰਦਾ।
1977 ਦੇ ਅਪਰੈਲ ਦੇ ਵਿਚਕਾਰਲੇ ਜਿਹੇ ਦਿਨੀਂ ਸਰਦ-ਰੁੱਤ ਦੇ ਕਹਿਰ 'ਚ ਮੋਰੀਆਂ ਹੋਣ ਲੱਗੀਆਂ। ਸਾਈਡਵਾਕਾਂ (ਫੁੱਟਪਾਥਾਂ) ਉਦਾਲ਼ੇ ਲੱਗੇ ਸਨੋਅ ਦੇ ਢੇਰਾਂ 'ਚੋਂ ਪਾਣੀ ਸਿੰਮਣ ਲੱਗਾ। ਦਿਨਾਂ 'ਚ ਹੀ ਦਰਖ਼ਤਾਂ ਦੀਆਂ ਗੰਜੀਆਂ ਟਾਹਣੀਆਂ ਵਿੱਚੋਂ ਹਰੇ ਹਰੇ ‘ਹਾਇਕੂ’ ਫੁੱਟਣ ਲੱਗੇ। ਮੈਂ ਆਪਣਾ ਗੁਲੂਬੰਦ ਅਤੇ ਦਸਤਾਨੇਂ ਪਲਾਸਟਿਕ ਦੇ ਲਿਫ਼ਾਫ਼ੇ ਨੂੰ ਸੌਂਪ ਕੇ, ਕਲਾਜ਼ਟ ਦੇ ਸ਼ੈਲਫ਼ ਉੱਤੇ ਟਿਕਾਅ ਦਿੱਤੇ। ਸੁਖਸਾਗਰ ਨੇ ਮੇਰੀ ਵਿੰਟਰ-ਜੈਕਟ ਨੂੰ ਲਾਂਡਰੀ-ਮਸ਼ੀਨ 'ਚ ਸੁੱਟ ਕੇ ਪਾਵਰ-ਬਟਨ ਉੱਤੇ ਉਂਗਲ਼ ਰੱਖ ਦਿੱਤੀ, ਅਤੇ ਬਿਜਲਈ ਪ੍ਰੈੱਸ, ਡਰੈੱਸਰ ਦੇ ਦਰਾਜ਼ 'ਚੋਂ ਬਾਹਰ ਨਿੱਕਲ਼ੀਆਂ, ਅੱਧੀਆਂ ਬਾਹਾਂ ਵਾਲ਼ੀਆਂ ਕਮੀਜ਼ਾਂ/ਟੀ-ਸ਼ਰਟਾਂ ਦੇ ਵਲ਼ ਕੱਢਣ ਲੱਗੀ।
ਇੱਕ ਦਿਨ ਸਾਢੇ ਕੁ ਚਾਰ ਵਜੇ ਮੈਂ ਫ਼ਲੈਟ ਅੰਦਰ ਦਾਖ਼ਲ ਹੋਇਆ: ਸੋਫ਼ੇ ਉੱਪਰ ਬੈਠੀ ਸੁਖਸਾਗਰ ਚਿੱਠੀਆਂ ਦੀ ਢੇਰੀ ਨੂੰ ਤਰਤੀਬ 'ਚ ਕਰ ਰਹੀ ਸੀ: ਵਧਾਈਆਂ! ਉਹ ਇੱਕ ਵਰਕੇ ਨੂੰ ਮੇਰੇ ਵੱਲ ਹਿਲਾਉਂਦਿਆਂ ਬੋਲੀ!
-ਵਧਾਈਆਂ? ਚਾਬੀਆਂ ਨੂੰ ਕਿਚਨ 'ਚ ਲੱਗੇ ਕੀਅ-ਹੋਲਡਰ ਉੱਪਰ ਲਟਕਾਅ ਕੇ ਮੈਂ ਸੋਫ਼ੇ ਉੱਪਰ ਬੈਠੀ ਸਾਗਰ ਦੇ ਚਿਹਰੇ ਉੱਪਰ ਛਲਕ-ਰਹੀ ਮੁਸਕ੍ਰਾਹਟ ਨੂੰ ਫਰੋਲਣ ਲੱਗਾ। -ਕਾਹਦੀਆਂ ਵਧਾਈਆਂ ਹੋ ਗੀਆਂ?
-ਆਹ ਪੜ੍ਹ ਲੋ ਚਿੱਠੀ! ਸਾਗਰ ਨੇ ਚਿੱਟਾ ਲਿਫ਼ਾਫ਼ਾ ਮੇਰੇ ਵੱਲ ਵਧਾਅ ਦਿੱਤਾ।
ਚਿੱਠੀ ਦੇ ਉੱਪਰਲੇ ਪਾਸੇ ਮੋਟੇ ਅੱਖਰਾਂ ਵਿੱਚ ਛਪੇ ਲਫ਼ਜ਼ਾਂ ਉੱਤੇ ਨਜ਼ਰ ਡਿਗਦਿਆਂ ਹੀ ਮੇਰੀਆਂ ਅੱਖਾਂ 'ਚ ਜੁਗਨੂਆਂ ਦੀ ਟਿਮਕਣ ਖਿੜਨ ਲੱਗੀ।
-ਮੈਨੂੰ ਤਾਂ ਡਰ ਈ ਲੱਗੀ ਜਾਂਦਾ ਸੀ ਜਦੋਂ ਦਾ ਅਪਲਾਈ ਕੀਤਾ ਸੀ, ਮੈਂ ਸਾਗਰ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ਼ ਛੁਹਾਇਆ। -ਹੁਣ ਲੱਗਜੂ ਮੇਰਾ ਜੀਅ ਕੈਨੇਡਾ 'ਚ!
ਉਸੇ ਸ਼ਾਮ ਸੁਰਿੰਦਰ ਧੰਜਲ ਦਾ ਫ਼ੋਨ ਨੰਬਰ ਲੱਭਣ ਲਈ ਮੈਂ ਆਪਣੀ ਫ਼ੋਨ ਬੁੱਕ ਨੂੰ ਫਰੋਲਣ ਲੱਗਾ।
-ਖ਼ੁਸ਼ੀ ਸਾਂਝੀ ਕਰਨੀ ਐਂ ਤੇਰੇ ਨਾਲ਼ ਇੱਕ ਧੰਜਲ!
-ਵਧਾਈਆ ਪਹਿਲਾਂ ਈ ਦੇ ਦਿਆਂ?
-ਅਡਮਿਸ਼ਨ ਮਿਲ਼ ਗਿਆ ਮੈਨੂੰ ਅੰਗਰੇਜ਼ੀ ਦੀ ਐਮ. ਏ. `ਚ!
-ਓ ਵਧਾਈਆਂ! ਧੰਜਲ ਦਾ ਚਾਅ ਛਲਕਿਆ। -ਕਿਹੜੀ ਯੂਨੀਵਰਸਿਟੀ 'ਚ?
-ਸਾਥੋਂ ਸੌ ਕੁ ਕਿਲੋਮੀਟਰ ਦੀ ਦੂਰੀ 'ਤੇ ਐ ਵਾਟਰਲੂ!
-ਮੈਂ ਤਾਂ ਪਾਉਣ ਲੱਗਾਂ ਸਕਾਚ ਦਾ ਪੈੱਗ ਤੇਰੇ ਅਡਮਿਸ਼ਨ ਦੀ ਖ਼ੁਸ਼ੀ 'ਚ, ਸੁਰਿੰਦਰ ਨੇ ਖੰਘੂਰਾ ਮਾਰਿਆ। -ਨਾਲ਼ੇ ਐਧਰੋਂ ਵੀ ਸੁਣ ਲਾ ਖ਼ੁਸ਼ਖ਼ਬਰੀ...
-ਅੱਛਾਅਅ?
ਮੈਨੂੰ ਯੂਨੀਵਰਸਿਟੀ ਆਫ਼ ਵਿੰਨਜ਼ਰ ਨੇ ਐਕਸੈਪਟ ਕਰ ਲਿਐ ਅਲੈਕਰੀਕਲ ਦੀ ਮਾਸਟਰਜ਼ ਲਈ!
-ਬੱਲੇ ਓਏ ਤੇਰੇ! ਮੈਂ ਆਪਣੀ ਧੌਣ ਨੂੰ ਉੱਪਰ ਵੱਲ ਨੂੰ ਖਿੱਚਿਆ। -ਵਿਨਜ਼ਰ ਤਾਂ ਵਾਟਰਲੂ ਤੋਂ ਸਵਾ ਕੁ ਘੰਟਾ ਅੱਗੇ ਐ ਹਾਈਵੇਅ ਫ਼ੋਰ ਓ ਵਨ `ਤੇ!
-ਇਕਬਾਲ, ਤੂੰ ਵੀ ਭਰ ਲਾ ਹੁਣ ਕਰੜਾ ਜਿਹਾ ਪੈੱਗ ਰੈੱਡ ਲੇਬਲ ਦਾ!
-ਨਹੀਂ, ਧੰਜਲ; ਦਾਰੂ ਦਾ ਨਾਮ ਨਾ ਪਾ ਮੇਰੇ ਕੰਨਾਂ 'ਚ!
-ਕੀ ਮਤਲਬ ਬਈ?
-ਮੈਂ ਤਾਂ ਅੱਜ ਕੱਲ ਪਾਣੀ ਦੇ ਪੈੱਗ ਨੂੰ ਹੀ ਨੀਅਟ ਸਮਝ ਕੇ ਪੀਨਾਂ!
-ਉਏ ਤੂੰ ਕਿੱਥੋਂ ਬਿਆਸ ਵਾਲ਼ੇ ਬਾਬੇ ਤੋਂ ਨਾਮ ਲੈ ਆਇਆ?
-ਮੈਨੂੰ ਤਾਂ ਅਸਲ ਵਿੱਚ, ਯਾਰ, ਬੰਦ ਕਰਾਈ ਵੀ ਐ ਡਾਕਟਰ ਨੇ!
-ਉਏ ਇਹ ਵੀ ਕੋਈ ਬੰਦ ਕਰਨ ਵਾਲ਼ੀ ਚੀਜ਼ ਐ?
-ਮੈਂ ਬੀਮਾਰ ਹੋ ਗਿਆ ਸੀ?
-ਬੀਮਾਰੀ ਤਾਂ ਤੇਰੇ ਨੇੜੇ-ਤੇੜੇ ਨੀ ਫੜਕ ਸਕਦੀ!
-ਓ ਮੈਨੂੰ, ਯਾਰ, ਸਾਰੀ ਦਿਹਾੜੀ ਇਉਂ ਲੱਗੀ ਜਾਂਦਾ ਸੀ ਜਿਵੇਂ ਕੋਈ ਤਰਲ ਜਿਹੀ ਚੀਜ਼ ਤੁਪਕਾ ਤੁਪਕਾ ਮੇਰੇ ਕਾਲ਼ਜੇ 'ਚੋਂ ਮੇਰੇ ਢਿੱਡ ਵਿੱਚ ਚੋਅ ਰਹੀ ਹੋਵੇ... ਡਾਕਟਰ ਕਹਿੰਦਾ ਤੁਰੰਤ ਡ੍ਰਿੰਕ ਬੰਦ ਕਰਦੇ।
-ਕਿਤੇ ਸੁਧਾਰ ਕਾਲਜ ਵਾਲ਼ੇ ਚੁਬਾਰੇ 'ਚ ਖਾਲੀ ਕੀਤੀਆਂ ਰੰਮ ਦੀਆਂ ਬੋਤਲਾਂ ਤਾਂ ਨੀ ਚੋਣ ਲੱਗ ਪੀਆਂ?
-ਡਾਕਟਰ ਇਹਨੂੰ ਡਪਰੈਸ਼ਨ ਕਹਿੰਦੈ... ਅਖੇ ਡਪਰੈਸ਼ਨ ਨਾਲ਼ ਜਿਸਮ 'ਚ ਇੱਕ ਤੇਜ਼ਾਬੀ ਰਸ ਸਿੰਮਣ ਲੱਗ ਪਿਐ।
***
1977 ਦਾ ਅਗਸਤ ਮਹੀਨਾ ਅੱਧਾ ਕੁ ਖੁਰ ਗਿਆ ਸੀ! ਮੈਂ ਟੈਕਸੀ ਤੋਂ ਦੋ ਦਿਨ ਦੀ ਛੁੱਟੀ ਕੀਤੀ ਹੋਈ ਸੀ; ਕਰਨੀ ਹੀ ਪੈਣੀ ਸੀ: ਸਾਗਰ ਨੇ ਕਿਚਨ ਵਿੱਚ ਰੌਣਕਾਂ ਖਿਲਾਰੀਆਂ ਹੋਈਆਂ ਸਨ। ਹਰੀਆਂ ਮਿਰਚਾਂ ਨੂੰ ਪਿਆਜ਼, ਅਧਰਕ ਤੇ ਲੱਸਣ ਦੀ ਢਾਣੀ 'ਚ ਰਲ਼ਾ ਕੇ ਬਲੈਂਡਰ 'ਚ ਉਤਾਰਿਆ ਜਾ ਚੁੱਕਾ ਸੀ। ਹਲ਼ਦੀ ਤੇ ਗਰਮ ਮਸਾਲਾ, ਲੂਣਦਾਨੀ ਦੇ ਖਾਨਿਆਂ 'ਚ ਬੇਸਬਰ ਹੋ ਰਹੇ ਸਨ। ਫ਼ਰਿੱਜ ਦੇ ਇੱਕ ਖਾਨੇ 'ਚ ਲੇਟੀਆਂ ਬੀਅਰ ਦੀਆਂ ਬੋਤਲਾਂ ਚੁੱਪ-ਚਾਪ ਠੰਢੀਆਂ ਹੋ ਰਹੀਆਂ ਸਨ। ਬਿਜਲਈ ਸਟੋਵ ਦੀ ਸਵਿੱਚ ਨੇ ਸੱਜੇ ਪਾਸੇ ਨੂੰ ਗੇੜਾ ਲਿਆ, ਤੇ ਪੰਦਰਾਂ ਕੁ ਮਿੰਟਾਂ 'ਚ ਹੀ ਮਸਾਲੇ ਦੀ ਮਿੱਠੀ ਮਿੱਠੀ ਕੁੜੱਤਣ ਸਾਰੇ ਅਪਾਰਟਮੈਂਟ 'ਚ ਸਾਹ ਲੈਣ ਲੱਗੀ। ਸਾਗਰ ਨੇ, ਫ਼ਰਿੱਜ ਵਿੱਚ ਬੋਟੀਆਂ ਬਣ ਕੇ ਸੁੱਤੀ, ਕੁੜ-ਕੁੜ ਨੂੰ ਹਲੂਣਿਆਂ ਤੇ ਪਤੀਲੇ 'ਚ ਉਤਾਰ ਦਿੱਤਾ।
ਮੈਂ ਵਾਰ ਵਾਰ ਬਾਲਕੋਨੀ 'ਚ ਜਾ ਕੇ, ਹੇਠਾਂ ਵਿਜ਼ਿਟਰ ਪਾਰਕਿੰਗ ਵੱਲ ਨਿਗਾਹ ਮਾਰਦਾ ਤੇ ਸਿਰ ਨੂੰ ਖੱਬੇ-ਸੱਜੇ ਘੁੰਮਾਉਂਦਿਆਂ ਵਾਪਿਸ ਲਿਵਿੰਗਰੂਮ ਵਿੱਚ ਆ ਕੇ ਆਪਣੀ ਨਿਰਾਸ਼ਤਾ ਨੂੰ ਸੋਫ਼ੇ ਉੱਤੇ ਢੇਰੀ ਕਰ ਦਿੰਦਾ। ਚਾਰ ਕੁ ਦਿਨ ਪਹਿਲਾਂ ਫ਼ੋਨ ਆ ਗਿਆ ਸੀ: ਲੈ ਬਈ, ਇਕਬਾਲ, ਮੈਂ ਤੇ ਮੇਰਾ ਮਿੱਤਰ ਸਰਵਨ ਬੋਅਲ ਕਾਰ ਰਾਹੀਂ ਵੈਨਕੂਵਰ ਤੋਂ ਟਰਾਂਟੋ ਵੱਲ ਚਾਲੇ ਪਾਵਾਂਗੇ ਕੱਲ੍ਹ ਨੂੰ: ਚੁਤਾਲ਼ੀ ਸੌ ਕਿਲੋ ਮੀਟਰ ਐ: ਚਾਰ ਦਿਨਾਂ 'ਚ ਪਹੁੰਚਾਗੇ ਰੁਕਦੇ ਰੁਕਦੇ।
ਟਰਾਂਟੋ ਮੇਰੇ ਕੋਲ਼ ਉਨ੍ਹਾਂ ਨੇ ਅੱਜ ਦੁਪਹਿਰੋਂ ਬਾਅਦ ਪਹੁੰਚਣਾ ਸੀ। ਪਰ ਸਿਖ਼ਰ ਦੁਪਹਿਰਾ ਤਾਂ ਕਦੋਂ ਦਾ ਬਜ਼ੁਰਗੀ 'ਚ ਬਦਲ ਚੁੱਕਾ ਸੀ।
-ਐਨੇ ਲੇਟ ਕਿਓਂ ਹੋਗੇ ਮੇਰੇ ਮਹਿਮਾਨ? ਸਾਢੇ ਅੱਠ ਕੁ ਵਜੇ, ਮੈਂ, ਅਕਾਸ਼ ਦੇ ਵਿਹੜੇ 'ਚੋਂ ਆਪਣੀ ਗੁਫ਼ਾ ਵੱਲ ਵਧ ਰਹੇ ਸੂਰਜ ਨੂੰ, ਪੁੱਛਿਆ।
ਦਸਾਂ ਕੁ ਮਿੰਟਾਂ ਬਾਅਦ, ਹੇਠੋਂ ਲਾਬੀ ਵਿੱਚੋਂ ਕਿਸੇ ਵੱਲੋਂ ਦੱਬੀ ਸਵਿੱਚ ਨੇ, ਸਾਡੇ ਫ਼ਲੈਟ ਦੀ ਕੰਧ ਨਾਲ਼ ਚਿੰਬੜੇ ਬਜ਼ਰ ਦੀ 'ਚੀਂਅੰਅੰਅੰ' ਕਰਾ ਦਿੱਤੀ।
ਮੈਂ ਦਰਵਾਜ਼ਾ ਖੋਲ੍ਹ ਕੇ ਐਲੀਵੇਟਰਾ ਵੱਲ ਨੂੰ ਵੱਗ ਤੁਰਿਆ: ਐਲੀਵੇਟਰ ਨੇ ਗਲਵੱਕੜੀ ਭਰਨ ਵਾਂਗ ਬਾਹਾਂ ਖੋਲ੍ਹੀਆਂ ਜਿਨ੍ਹਾਂ ਵਿੱਚੋਂ ਧੰਜਲ ਤੇ ਸਰਵਨ ਪਰਗਟ ਹੋ ਗਏ।
-ਉਏ ਧੰਜਲ? ਮੈਂ ਆਪਣੇ ਬੁੱਲ੍ਹਾਂ ਨੂੰ ਕੰਨਾਂ ਤੀਕਰ ਖਿੱਚ ਲਿਆ। -ਓਏ ਕੈਨੇਡਾ 'ਚ ਰਹਿ ਕੇ ਵੀ ਨਾ ਹਾੜ ਸੁੱਕਾ, ਨਾ ਸਾਉਣ ਹਰਾ?
-ਤੇ ਤੂੰ ਕਿਹੜਾ ਦਾਰਾ ਸਿਓਂ ਨਾਲ਼ ਆੜੀ ਪਾਈ ਹੋਈ ਐ, ਹੀ ਹੀ ਹੀ ਹੀ! ਧੰਜਲ ਨੇ ਹੈਂਡਬੈਗ ਨੂੰ ਫਰਸ਼ 'ਤੇ ਟਿਕਾਅ ਕੇ ਬਾਹਾਂ ਨੂੰ ਬੁੱਕਲ਼ ਵਿੱਚ ਬਦਲ ਲਿਆ।
-ਬੱਸ ਦੋ ਫ਼ਰਕ ਐ ਇੰਡੀਆ ਨਾਲ਼ੋਂ, ਮੈਂ ਉਸਦੇ ਸਿਰ ਵੱਲ ਇਸ਼ਾਰਾ ਕਰਦਿਆਂ ਬੋਲਿਆ। -ਇੱਕ ਤਾਂ ਉਹ ਢਿਲ਼ਕੀ ਜ੍ਹਈ ਪਗੜੀ ਗ਼ਾਇਬ ਐ, ਤੇ ਦੂਸਰਾ ਸਿਰ ਦੇ ਵਾਲ਼ਾਂ ਨੂੰ ਕੁੰਡਲ਼ੀਏ ਛੰਦਾਂ ਵਾਂਗ ਲੱਛੇਦਾਰ ਕਰੀ ਫਿਰਦੈਂ।
ਫ਼ਲੈਟ ਦੇ ਦਰਵਾਜ਼ਿਓਂ ਅੰਦਰ ਹੁੰਦਿਆਂ ਆਪਣੇ ਸਿਰ ਨੂੰ ਪਿੱਛੇ ਵੱਲ ਨੂੰ ਖਿੱਚ ਕੇ ਉਹ ਸਾਗਰ ਵੱਲ ਦੇਖ ਕੇ ਮੁਸਕ੍ਰਾਇਆ: ਸਾਗਰ ਦੀਦੀ?
-ਬਿਲਕੁਲ! ਸਾਗਰ ਦੀ ਮੁਸਕਰਾਹਟ ਬੋਲੀ।
-ਥੋਨੂੰ ਯਾਦ ਨੀ ਹੋਣਾ ਮੈਂ ਥੋਨੂੰ ਲੁਧਿਆਣੇ ਦੇ ਬੱਸ ਸਟੈਂਡ 'ਤੇ ਮਿਲਿਆ ਸੀ 1971 'ਚ!
-ਬਿਲਕੁਲ ਯਾਦ ਐ, ਵੀਰ ਜੀ!
***
-ਚਾਹ ਦਾ ਟਾਇਮ ਨੀ ਹੁਣ, ਧੰਜਲ, ਮੈਂ ਐਲਾਨ ਕਰ ਦਿੱਤਾ। -ਅੱਜ ਜਸ਼ਨ ਚੱਲਣੈ!
-ਜਸ਼ਨ?
ਕਿਚਨ 'ਚ ਪਹਿਲਾ ਗੇੜਾ ਦੇ ਕੇ ਸੋਫ਼ੇ ਵੱਲੀਂ ਆਉਂਦਿਆਂ ਮੈਂ ਦੋ ਬੋਤਲਾਂ ਕਾਫ਼ੀਟੇਬਲ ਉੱਤੇ ਗੱਡ ਦਿੱਤੀਆਂ।
-ਛਾਅ ਗਿਐਂ ਬਈ ਅੱਜ ਤਾਂ! ਧੰਜਲ ਦੀਆਂ ਅੱਖਾਂ ਵਿਚਲਾ ਚਾਅ ਬੋਲਿਆ।
ਕਿਚਨ ਵਿੱਚ ਅਗਲਾ ਫੇਰਾ ਪਾ ਕੇ ਜਦੋਂ ਮੈਂ ਵਾਪਿਸ ਮੁੜਿਆ ਤਾਂ ਮੇਰੇ ਹੱਥਾਂ 'ਚ ਡੇਢ ਬਾਈ ਡੇਢ ਦੀ ਸੁਨਹਿਰੀ ਟਰੇਅ, ਤੇ ਟਰੇਅ 'ਚ ਆਈਸ-ਕਿਊਬਾਂ ਨਾਲ਼ ਭਰਿਆ ਚੀਨੀ ਦਾ ਕੌਲਾ, ਕਲੱਬ ਸੋਡੇ ਦੀ ਬੋਤਲ ਤੇ ਕੱਚ ਦੇ ਤਿੰਨ ਗਲਾਸ! ਟਰੇਅ ਨੂੰ ਦੋਹਾਂ ਬੋਤਲਾਂ ਦੇ ਚਰਨਾਂ ਕੋਲ਼ ਟਿਕਾਅ ਕੇ ਮੈਂ ਸਰਵਨ ਤੇ ਧੰਜਲ ਦੇ ਸਾਹਮਣੇ ਇੱਕ ਕੁਰਸੀ ਉੱਪਰ ਬੈਠ ਗਿਆ।
-ਦੱਸ ਬਈ ਧੰਜਲ, 'ਕਨੇਡੀਅਨ ਕਲੱਬ' ਖੋਲ੍ਹਾਂ ਕਿ 'ਸਕਾੱਚ'?
-ਪਹਿਲਾਂ ਇਹ ਦੱਸ ਬਈ ਆਹ ਤੀਜਾ ਗਲਾਸ ਕੀਹਦੇ ਲਈ ਐ? ਰਛਪਾਲ ਤਾਂ ਦਿਸਦਾ ਨੀ ਕਿਤੇ!
-ਉਹ ਤਾਂ ਕੰਮ `ਤੇ ਐ!
ਮੇਰੇ ਬੁੱਲ੍ਹ ਟੂਟੀ ਜਿਹੀ ਬਣ ਕੇ ਜੁੜਨ ਖਿੰਡਰਨ ਲੱਗੇ।
-ਰਛਪਾਲ ਜੇ ਕੰਮ `ਤੇ ਐ ਤਾਂ ਫ਼ਿਰ ਆਹ ਗਲਾਸ ਕੀਹਦੇ ਲਈ?
-ਏਹ ਗਲਾਸ ਐ ਤੇਰੇ ਸਾਹਮਣੇ ਬੈਠੇ ਇਕਬਾਲ ਲਈ!
-ਨਾਲ਼ੇ ਤੂੰ ਕਹਿੰਦਾ ਸੀ ਬਈ ਡਾਕਟਰ ਨੇ ਬੰਦ ਕਰਾਈ ਵੀ ਐ!
-ਬੰਦ ਤਾਂ ਕਰਾਈ ਵੀ ਐ, ਪਰ ਅੱਜ ਮੈਂ ਪੀਊਂਗਾ!
- ਮੈਨੂੰ ਪਤੈ, ਤੈਨੂੰ ਚਾਅ ਐ ਸਾਡੀ ਆਮਦ ਦਾ, ਧੰਜਲ ਧੀਮੀ ਸੁਰ 'ਚ ਬੋਲਿਆ। -ਪਰ ਡਾਕਟਰ ਦੀ ਹਦਾਇਤ 'ਤੇ ਅਮਲ ਕਰੀਦੈ!
-ਅੱਜ ਜਸ਼ਨ ਦੋ ਮਨਾਉਣੇ ਐਂ, ਧੰਜਲ!
-ਇੱਕ ਤਾਂ ਔਬਵੀਅਸ ਐ; ਪਰ ਦੂਜਾ ਕਿਹੜਾ ਬਈ?
-ਦੂਜਾ ਐ ਜਨਮ ਦਿਨ ਦਾ ਜਸ਼ਨ!
-ਤੇਰਾ ਕਿ ਸਾਗਰ ਦੀਦੀ ਦਾ? ਧੰਜਲ ਆਪਣੇ ਵਾਲ਼ਾਂ ਨੂੰ ਪਲੋਸਣ ਲੱਗਾ।
-ਨਾ ਮੇਰਾ ਤੇ ਨਾ ਸਾਗਰ ਦਾ...
ਸਰਵਨ ਤੇ ਧੰਜਲ ਦੇ ਚਿਹਰਿਆਂ ਉੱਤੇ 'ਇਹ ਕੀ?' ਫੈਲਣ ਲੱਗਾ।
-ਹੁਣੇ ਦਸਦਾਂ ਪਈ ਕੀਹਦਾ ਜਨਮ ਦਿਨ ਮਨਾਉਣੈ ਅੱਜ!
ਸੁਖਸਾਗਰ ਦੀ ਲਿਪਸਟਿਕ ਪਾਸਿਆਂ ਵੱਲ ਨੂੰ ਖਿੱਚੀ ਜਾਣ ਲੱਗੀ।
ਮੇਰੀਆਂ ਅੱਖਾਂ 'ਚ ਤੇ ਬੁੱਲ੍ਹਾਂ ਉੱਪਰ ਸਰੂਰ ਖਿੜਨ ਲੱਗਾ।
ਸਰਵਨ ਬੋਅਲ ਦੇ ਪੰਜੇ ਉਹਦੀਆਂ ਬਗ਼ਲਾਂ ਹੇਠ ਚਲੇ ਗਏ ਤੇ ਆਪਣੇ ਮੋਢਿਆਂ ਨੂੰ ਕੰਨਾਂ ਵੱਲ ਨੂੰ ਉਭਾਰ ਕੇ ਉਹ ਇੱਕ-ਟੱਕ ਮੇਰੇ ਵੱਲ ਦੇਖਣ ਲੱਗਾ।
ਮੈਂ ਸਕਾੱਚ ਦਾ ਡੱਟ ਖੱਬੇ ਪਾਸੇ ਨੂੰ ਮਰੋੜਿਆ ਤੇ ਤਿੰਨ ਗਲਾਸਾਂ 'ਚ ਖ਼ੁਮਾਰੀ ਭਰਨ ਲੱਗੀ। ਅਗਲੇ ਪਲ ਖਾਰੇ ਸੋਡੇ ਦੀ ਬੋਤਲ 'ਚ ਬੁਲਬੁਲੇ ਉੱਠਣ ਲੱਗੇ।
-ਦੂਸਰਾ ਚਾਅ ਮਸਾਂ ਮਸਾਂ ਸਾਡੇ ਘਰ 'ਚ ਆਇਐ, ਸੁਰਿੰਦਰ, ਮੇਰੀਆਂ ਅੱਖਾਂ ਤਰ ਹੋਣ ਲੱਗੀਆਂ। -ਪੈੱਗ ਚੁੱਕਣ ਤੋਂ ਪਹਿਲਾਂ ਚਿਹਰੇ ਘੁਮਾਓ ਮੇਰੇ ਵੱਲੀਂ!
ਸਾਗਰ ਦਾ ਮੱਥਾ ਜਗਣ-ਬੁਝਣ ਲੱਗਾ।
-ਈਟੋਬੀਕੋਅ ਹਸਪਤਾਲ 'ਚ ਇਕ ਗਾਈਨਾਕੋਲੋਜਿਸਟ ਐ ਗੋਆ ਤੋਂ, ਡਾਕਟਰ ਲੋਪੇਜ਼! ਉਹ ਪਿਛਲੇ ਸਾਲ, ਸਵਾ ਸਾਲ ਦੌਰਾਨ ਸੁਖਸਾਗਰ ਦਾ ਡਾਕਟਰ ਘੱਟ ਤੇ ਸਾਡਾ ਮਿੱਤਰ ਜ਼ਿਆਦਾ ਬਣ ਗਿਐ! ਕੱਲ ਉਹਨੇ ਬੁਲਾਇਆ ਸੀ ਸਕੈਨਿੰਗ ਲਈ!
ਮੇਰੀਆਂ ਅੱਖਾਂ ਸੁੱਖਸਾਗਰ ਵੱਲੀਂ ਮੁੜੀਆਂ। -ਤੂੰ ਪੂਰੀ ਕਰੇਂਗੀ ਕਹਾਣੀ ਕਿ ਮੈਂ ਈ ਦੱਸੀ ਚੱਲਾਂ?
ਸੁਖਸਾਗਰ ਨੇ ਅੱਖਾਂ ਮੀਟ ਕੇ ਮੱਥੇ ਦੀ ਚਮੜੀ ਨੂੰ ਉਪਰ ਵੱਲ ਨੂੰ ਖਿਚ ਲਿਆ।
-ਚਲੋ ਮੈਂ ਈ ਦੱਸ ਦਿੰਨਾਂ... ਡਾਕਟਰ ਕਹਿੰਦਾ ਜਸ਼ਨ ਮਨਾਓ: ਦੋ ਖੁਸ਼ੀਆਂ ਆਉਣ ਵਾਲ਼ੀਐਂ ਤੁਹਾਡੇ ਘਰ! ਮੈਂ ਪੁੱਛਿਆ ਦੋ ਫ਼ਰਾਕਾਂ ਆਉਣੀਐਂ ਕਿ ਦੋ ਤੜਾਗੀਆਂ? ਡਾਕਟਰ ਲੋਪੇਜ਼ ਕਹਿੰਦਾ ਮੈਂ ਡਿਸਕਲੋਜ਼ ਤਾਂ ਨੀ ਕਰ ਸਕਦਾ ਕਾਨੂੰਨੀ ਤੌਰ 'ਤੇ ਪਰ ਮੈਂ ਦੋਸਤੀ 'ਚ ਦੱਸ ਰਿਹਾਂ ਪਈ ਦੋ ਧੀਆਂ ਦੇ ਮਾਪੇ ਬਣ ਜਾਣੈ ਤੁਸੀਂ ਫ਼ਰਵਰੀ 'ਚ!
-ਵਾਹ ਬਈ ਵਾਹ, ਧੰਜਲ ਨੇ ਆਪਣਾ ਹੱਥ ਗਲਾਸ ਵੱਲ ਵਧਾਇਆ।
-ਤੁਹਾਨੂੰ ਪਤੈ ਬਈ ਇਹ ਖੁਸ਼ੀ ਸਾਡੇ ਘਰ ਸਾਡੇ ਵਿਆਹ ਤੋਂ ਛੇ ਸਾਲ ਬਾਅਦ ਆ ਰਹੀ ਐ!
-ਚੀਅਰਜ਼ ਐਂਡ ਗੁੱਡ ਵਿਸ਼ਜ਼ ਅਣਜੰਮੀਆਂ ਧੀਆਂ ਦੇ ਜਨਮ ਦਿਨ ਉੱਤੇ!
ਅਗਲੇ ਪਲੀਂ ਮੇਰੀਆਂ ਤੇ ਸਰਵਨ ਬੋਅਲ ਦੀਆਂ ਅੱਖਾਂ ਵੀ ਗਲਾਸਾਂ ਵੱਲ ਸੇਧੀਆਂ ਗਈਆਂ।
-ਇਹ ਬੱਚੇ ਸਾਗਰ ਦੀ ਗੋਦੀ 'ਚ ਫ਼ਰਵਰੀ 'ਚ ਖੇਡਣਗੇ! ਮੈਂ ਆਪਣੀਆਂ ਅੱਖਾਂ 'ਚ ਉੱਛਲ਼ ਰਹੇ ਚਾਅ ਨੂੰ ਸਾਗਰ ਵੱਲ ਨੂੰ ਘੁਮਾਇਆ।
-ਬਹੁਤ ਅੱਛੇ! ਬਹੁਤ ਅੱਛੇ! ਧੰਜਲ ਦੀ ਧੌਣ ਡੇਢ ਗਿੱਠ ਉੱਚੀ ਹੋ ਗਈ। -ਵਧਾਈਆਂ ਸਾਗਰ ਦੀਦੀ, ਵਧਾਈਆਂ!
ਗਲਾਸ 'ਚੋਂ ਇੱਕ ਘੁੱਟ ਆਪਣੇ ਸੰਘ ਤੋਂ ਹੇਠਾਂ ਉਤਾਰ ਕੇ ਧੰਜਲ ਸੋਫ਼ੇ ਤੋਂ ਉੱਛਲਿਆ। -ਅਣਜੰਮੀਆਂ ਧੀਆਂ ਦਾ ਜਨਮ ਦਿਨ!
-ਅਣਜੰਮੀਆਂ ਨਜ਼ਮਾਂ ਦਾ ਜਨਮ ਦਿਨ! ਮੈਂ ਆਪਣੇ ਗਲਾਸ ਨੂੰ ਆਪਣੇ ਸਿਰ ਤੋਂ ਵੀ ਉੱਚਾ ਕਰ ਲਿਆ।
ਮੈਨੂੰ ਇੰਜ ਜਾਪਣ ਲੱਗਾ ਜਿਵੇਂ ਸਾਡੇ ਬੈੱਡਰੂਮ ਵਿੱਚੋਂ 'ਕਿਆਂ ਕਿਆਂ' ਦੀ ਆਵਾਜ਼ ਆ ਰਹੀ ਹੋਵੇ!
(ਸਵੈਜੀਵਨੀ, 'ਬਰਫ਼ ਵਿੱਚ ਉਗਦਿਆਂ' ਵਿੱਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346