ਜਿਹਨੂੰ ਬੇਈਮਾਨੀ ਦੇ
ਅਰਥਾਂ ਦਾ ਨਹੀਂ ਪਤਾ, ਉਹਦੇ ਈਮਾਨਦਾਰ ਹੋਣ ਦੀ ਗੱਲ ਸੱਚੀ ਨਹੀਂ ਹੋ ਸਕਦੀ। ਜਿਹੜਾ ਕਦੇ
ਬੀਮਾਰ ਨਹੀਂ ਹੋਇਆ, ਉਹਨੂੰ ਪਤਾ ਨਹੀਂ ਹੁੰਦਾ ਕਿ ਹਸਪਤਾਲ ਕਾਹਦੇ ਲਈ ਬਣੇ ਹਨ? ਪ੍ਰੇਮੀ
ਤਾਂ ਇਹ ਕਹਿੰਦੇ ਨੇ, ਰੱਬਾ ਦਿਨ ਕਾਹਨੂੰ ਬਣਾਏ, ਰਾਤਾਂ ਹੀ ਰਹਿਣ ਦੇਣੀਆਂ ਸਨ ਪਰ ਉਸ ਮਰੀਜ਼
ਦੀ ਹਾਲਤ ਦਾ ਅਹਿਸਾਸ ਕਰ ਕੇ ਵੇਖਿਓ, ਜਿਹਦੀ ਦਰਦ ਨਾਲ ਜਾਨ ਨਿਕਲਦੀ ਹੋਵੇ; ਸਿਰ ‘ਤੇ ਰਾਤ
ਹੋਵੇ ਅਤੇ ਦਵਾਈ ਦਾ ਪ੍ਰਬੰਧ ਸਵੇਰ ਨੂੰ ਹੋਣਾ ਹੋਵੇ। ਫਿਰ ਇਹ ਰੋਗੀ ਨੂੰ ਹੀ ਪਤਾ ਹੁੰਦੈ
ਕਿ ਦੁੱਖ ਵਿਚ ਵਕਤ ਦੀ ਕੋਈ ਰਫ਼ਤਾਰ ਨਹੀਂ ਹੁੰਦੀ। ਤਸੱਲੀ ਤੇ ਸੰਤੁਸ਼ਟ ਹੋਣ ਦੀਆਂ
ਸੰਭਾਵਨਾਵਾਂ ਇਸ ਯੁੱਗ ਵਿਚ ਬਣੀਆਂ ਹੀ ਨਹੀਂ। ਇਸੇ ਲਈ ਇਸ ਨੂੰ ਫਿ਼ਕਰਾਂ ਦਾ ਯੁੱਧ ਕਿਹਾ
ਜਾਣ ਲੱਗ ਪਿਐ। ਕਈ ਖੱਟਣ ਤਾਂ ਨਿਕਲੇ ਹਨ ਪਰ ਬਾਰੀਂ ਬਰਸੀ ਵੀ ਖੱਟ ਕੇ ਸੁਆਹ ਨਹੀਂ ਲਿਆਏ;
ਜੋ ਪੱਲੇ ਸੀ, ਉਹ ਵੀ ਗੁਆ ਆਏ ਤਾਂ ਫਿਰ ਸੋਚਣਾ ਤਾਂ ਜ਼ਰੂਰ ਪਵੇਗਾ ਕਿ ਵਕਤ ਕਈ ਵਾਰ ਲੋਕ
ਬੋਲੀਆਂ ਦੇ ਅਰਥ ਹੀ ਖੋਹ ਲੈਂਦਾ ਹੈ। ਜੇ ਹੁਣ ਜੋਤਸ਼ੀ ਸਿਰਫ਼ ਪੰਡਿਤ ਹੀ ਨਹੀਂ ਬਣਦੇ ਤਾਂ
ਫਿਰ ‘ਉਹ ਵੀ ਹੋ ਸਕਦਾ ਜੋ ਨਹੀਂ ਹੋ ਸਕਦਾ।’ ਰਾਹ ਤਾਂ ਚਲੋ ਹੁਣ ਸਾਰੇ ਖ਼ਤਰਿਆਂ ਵਾਲੇ ਹੀ
ਬਣ ਗਏ ਹਨ ਪਰ ਏਦਾਂ ਦੇ ਰਾਹ ਰੱਬ ਕਿਸੇ ਨੂੰ ਨਾ ਪਾਵੇ...।
ਸਾਰੀ ਰਾਤ ਖ਼ੁਸ਼ੀ ਵਿਚ ਗੀਤ-ਸੰਗੀਤ ਚੱਲਦਾ ਰਿਹਾ। ਮੁਰਗੇ ਚਰੂੰਢੇ ਜਾਂਦੇ ਰਹੇ। ਬੋਤਲਾਂ ਦੇ
ਡੱਟ ਖੁਲ੍ਹਦੇ ਰਹੇ। ਕਿਲਕਾਰੀਆਂ ਵੱਜਦੀਆਂ ਰਹੀਆਂ। ਰਿਸ਼ਤੇਦਾਰ ਬੜ੍ਹਕਾਂ ਮਾਰਦੇ ਰਹੇ ਪਰ
ਪਿੰਡ ਵਾਲੇ ਸਾਰੇ ਹੈਰਾਨ ਸਨ ਕਿ ਗੁਰਦਿਆਲ ਸਿੰਘ ਦੇ ਘਰ ਨਾ ਤਾਂ ਕੋਈ ਵਿਆਹ ਸੀ, ਨਾ ਮੁੰਡਾ
ਜੰਮਿਆ ਸੀ, ਨਾ ਲੋਹੜੀ ਸੀ ਤੇ ਨਾ ਮੰਗਣੀ ਕੁੜਮਾਈ। ਏਡੀ ਵੀ ਕਿਹੜੀ ਉਹਨੇ ਕਾਰਗਿਲ ਦੀ ਜੰਗ
ਜਿੱਤ ਲਈ ਸੀ! ਇਸ ਟੱਬਰ ਨੂੰ ਤਾਂ ਸੰਗ ਆਉਣੀ ਚਾਹੀਦੀ ਸੀ ਕਿ ਗੁਰਦਿਆਲ ਸਿੰਘ ਨੇ ਆਪਣੇ
ਹਿੱਸੇ ਦੀ ਡੂਢ ਕਿੱਲਾ ਜ਼ਮੀਨ ਵਿਚੋਂ ਵੀਹ ਲੱਖ ਦਾ ਨਿਆਈਂ ਵਾਲਾ ਕਿੱਲਾ ਵੀ ਵੇਚ ਲਿਆ ਸੀ ਪਰ
ਚਾਵਾਂ ਦਾ ਜਿਹੜਾ ਜਲੌਅ ਸਾਰੀ ਰਾਤ ਪਿੰਡ ਵਾਲੇ ਵੇਖਦੇ-ਸੁਣਦੇ ਰਹੇ, ਉਹਦੇ ਨਾਲ ਲੋਕਾਂ ਨੂੰ
ਪਹਿਲੀ ਵਾਰ ਲੱਗਾ ਸੀ ਕਿ ‘ਦਮਾ ਦਮ ਮਸਤ ਕਲੰਦਰ’ ਦੇ ਆਹ ਅਰਥ ਹੁੰਦੇ ਹਨ। ਇਹ ਸਾਰਾ ਜਸ਼ਨ
ਉਦੋਂ ਮੁੱਕਿਆ, ਜਦੋਂ ਤੜਕੇ ਕੁੱਕੜ ਨੇ ਬਾਂਗ ਦੇ ਦਿੱਤੀ ਤੇ ਗੁਰਦੁਆਰੇ ਦੇ ਸਪੀਕਰ ਥਾਣੀਂ
ਭਾਈ ਨੇ ‘ਸਤਿਨਾਮ ਵਾਹਿਗੁਰੂ’ ਕਹਿ ਦਿੱਤਾ।
ਤੇ ਪਿੰਡ ਵਾਲਿਆਂ ਨੂੰ ਦਿਨ ਚੜ੍ਹੇ ਸਾਰੀ ਹਾਲਤ ਦਾ ਗਿਆਨ ਉਦੋਂ ਹੋਇਆ ਜਦੋਂ ਪਤਾ ਲੱਗਾ ਕਿ
ਗੁਰਦਿਆਲ ਸਿੰਘ ਇਕ ਏਜੰਟ ਰਾਹੀਂ ਪੰਝੀ ਲੱਖ ਰੁਪਏ ਵਿਚ ਵੀਜ਼ਾ ਲਵਾ ਕੇ ਕੈਨੇਡਾ ਜਾਣ ਲਈ
ਦਿੱਲੀ ਨੂੰ ਦਸ ਸਾਲ ਦਾ ਪੁੱਤਰ ਅਤੇ ਅੱਠ ਵਰ੍ਹਿਆਂ ਦੀ ਧੀ ਛੱਡ ਕੇ ਰਵਾਨਾ ਹੋ ਗਿਆ ਸੀ।
ਸਾਰੀ ਰਾਤ ਪੈਂਦੇ ਗਿੱਧੇ ਦੀ ਧਮਾਲ ਦੇ ਅਰਥ ਹੁਣ ਖਾਨੇ ਪਏ ਸਨ। ਤੇ ਫੇਰ ਅਗਲੇ ਕਈ ਦਿਨ ਹੋਰ
ਵੀ ਇਸ ਘਰ ਵਿਚ ਖ਼ਾਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਗੁਰਦਿਆਲ ਦੇ ਕੈਨੇਡਾ
ਪਹੁੰਚਦੇ ਸਾਰ ਹੀ ਉਹਦੀ ਪਤਨੀ ਨੇ ਮੋਤੀ ਚੂਰ ਦੇ ਲੱਡੂ ਗਲੀ-ਗੁਆਂਢ ਵਿਚ ਵੰਡੇ।
ਟਾਵੇਂ-ਟੱਲੇ ਨੇੜਲੇ ਰਿਸ਼ਤੇਦਾਰ ਇਕ ਦਿਨ ਹੋਰ ਗਲਾਸੀਆਂ ਖੜਕਾਉਂਦੇ ਰਹੇ। ਪਿੰਡੋਂ ਬਾਹਰਲੇ
ਸ਼ਹੀਦਾਂ ਵਾਲੇ ਗੁਰਦੁਆਰੇ ਵਿਚ ਅੰਖਡ ਪਾਠ ਦੇ ਆਰੰਭ ਹੋਏ। ਵਾਹਿਗੁਰੂ ਦਾ ਸ਼ੁਕਰਾਨਾ ਹੋਇਆ
ਕਿਉਂਕਿ ਇਕ ਸਾਧਾਰਨ ਪਰਿਵਾਰ ਦੀ ਡਾਲਰਾਂ ਨਾਲ ਸਾਂਝ ਪੱਕੀ ਹੋ ਗਈ ਸੀ। ਇਸੇ ਕਰਕੇ ਗੁਰਦਿਆਲ
ਦੀ ਪਤਨੀ ਹੁਣ ਆਪਣੇ ਆਪ ਨੂੰ ਬਾਕੀ ਔਰਤਾਂ ਨਾਲੋਂ ਕੁਝ ਵੱਖਰੀ ਜਿਹੀ ਮਹਿਸੂਸ ਕਰਦੀ ਸੀ। ਉਹ
ਹੁਣ ਇਕ ਕੈਨੇਡੀਅਨ ਦੀ ਪਤਨੀ ਬਣ ਚੁੱਕੀ ਸੀ ਤੇ ਖੌਰੇ ਕਿਹੜੇ ਵੇਲੇ ਜਹਾਜ਼ ‘ਵਾਜ਼ਾਂ ਮਾਰਨ
ਲੱਗ ਪਵੇ ਕਿ ‘ਨਸੀਬ ਕੁਰੇ! ਲੈ ਕੇ ਨਾਲ ਦੋਵੇਂ ਜੁਆਕ ਆ ਜਾ। ਤੈਨੂੰ ਵੀ ਨਿਆਗਰਾ ਫ਼ਾਲ ਵਾਲੇ
ਮੁਲਕ ਵਿਚ ਬਦਲਦੇ ਨਸੀਬਾਂ ਦੀ ਰੌਣਕ ਵਿਖਾਈਏ। ਤੇ ਚਾਵਾਂ ਦੇ ਪਹਾੜ ਹੇਠ ਇਸ ਗੱਲ ਦਾ ਚੇਤਾ
ਤਾਂ ਭੁੱਲ ਹੀ ਗਿਆ ਸੀ ਕਿ ਸ਼ਾਇਦ ਸੁਫ਼ਨਿਆਂ ਦੀ ਇਸ ਰੰਗੀਨ ਜੁਆਰੀ ਖੇਡ ਵਿਚ ਪਾਂਡਵ ਫਿਰ
ਦਰੋਪਤੀ ਨੂੰ ਹਾਰਨਗੇ।
ਸਮਾਂ ਚਾਲੇ ਪਾ ਗਿਆ। ਕੱਚੇ ਪੈਰੀਂ ਆਇਆ ਗੁਰਦਿਆਲ ਪੱਕੇ ਪੈਰੀਂ ਹੋਣ ਲਈ ਸੰਘਰਸ਼ ਕਰਨ ਲੱਗ
ਪਿਆ। ਵਕੀਲਾਂ ਨਾਲ ਮੱਥੇ ਜੁੜ ਗਏ। ਮਿਹਨਤ-ਮੁਸ਼ੱਕਤ ਲਈ ਹੱਡ ਦਾਅ ‘ਤੇ ਲਾ ਦਿੱਤੇ।
ਬਾਰਾਂ-ਪੰਦਰਾਂ ਘੰਟੇ ਕੰਮ ਕਰਦਾ। ਡਾਲਰਾਂ ਨੂੰ ਰੁਪੱਈਆਂ ਦੀ ਗੁਣਾ-ਤਕਸੀਮ ਕਰਦਾ ਪਰਿਵਾਰ
ਵੱਲ ਕਦੇ-ਕਦੇ ਛੱਟਾ ਦੇ ਦਿੰਦਾ। ਪਿੰਡ ਵਾਲੇ ਇਸੇ ਕਰਕੇ ਉਹਦੀ ਪ੍ਰਸ਼ੰਸਾ ਕਰਦੇ ਸਨ ਕਿ ਚਲੋ
ਵੇਚ ਕੇ ਤਾਂ ਨਿਆਈ ਵਾਲਾ ਇਕ ਕਿੱਲਾ ਗਿਆ ਸੀ ਪਰ ਨਹਿਰ ਕਿਨਾਰੇ ਦੋ ਲੈ ਲਏ। ਉਹਦਾ ਵੱਡਾ
ਪੁੱਤ ਰਘਵੀਰ ਕਾਲਜ ਪੜ੍ਹਨ ਲੱਗ ਪਿਆ। ਫਿਰ ਧੀ ਜੋਤੀ ਵੀ ਪਿੰਡੋਂ ਸ਼ਹਿਰ ਪੜ੍ਹਨ ਜਾਣ ਲੱਗ
ਪਈ। ਲੱਗਣ ਲੱਗ ਪਿਆ ਕਿ ਬਰਕਤਾਂ ਹੁਣ ਇਸ ਘਰ ‘ਤੇ ਮਿਹਰਬਾਨ ਹੋ ਗਈਆਂ ਹਨ।
ਵਿਚਾਰੇ ਗੁਰਦਿਆਲ ਦੇ ਮਾੜੇ ਮੁਕੱਦਰਾਂ ਵਿਚ ਬਰਬਾਦੀ ਦਾ ਪਹਿਲਾ ਜਿਹੜਾ ਕਿੱਲ ਠੋਕਿਆ ਗਿਆ,
ਉਹ ਸੀ ਕਿ ਪੁੱਤ ਰਘਵੀਰ ਨੇ ਕੁਸੰਗਤ ‘ਚ ਪੈ ਕੇ ਨਸ਼ਿਆਂ ਦੀ ਢੇਰੀ ਵਿਚ ਸਿਰ ਫਸਾ ਲਿਆ। ਪਿਉ
ਦੇ ਡਾਲਰਾਂ ਨੂੰ ਅਫ਼ਰੀਕਾ ਦੇ ਜੰਗਲਾਂ ਵਾਂਗ ਅੱਗ ਝੁਲਸਣ ਲੱਗੀ। ਨਸੀਬਾਂ ਨੂੰ ਜੰਗ ਲੱਗਦੀ
ਵੇਖ ਕੇ ਵਿਚਾਰੀ ਨਸੀਬ ਕੌਰ ਨੇ ਇਕੱਲੇ ਸਰਬਣ ਪੁੱਤ ਨੂੰ ਬਥੇਰਾ ਬੁੱਕਲ ਵਿਚ ਲੈ ਕੇ ਸਮਝਾਇਆ
ਪਰ “ਬੁੜੀਏ! ਅੱਗ ਲਾ ਕੇ ਫੂਕ ਦਊਂ ਸਾਰਾ ਟੱਬਰ। ਪੈਸੇ ਕੱਢ... ਤੈਨੂੰ ਸੁਣਦਾ ਨ੍ਹੀਂ, ਮੈਂ
ਕਹਿਨਾ ਕੀ ਆਂ?” ਆਦਿ ਡਾਇਲਾਗ ਨਸੀਬ ਕੌਰ ਦੇ ਨਸੀਬਾਂ ਵਿਚ ਆਮ ਗੱਲ ਬਣ ਗਏ। ਤੇ ਫਿਰ ਚੰਦ
ਤੇ ਸੂਰਜ ਨੂੰ ਜਿਵੇਂ ‘ਕੱਠਿਆਂ ਗ੍ਰਹਿਣ ਲੱਗ ਗਿਆ ਹੋਵੇ। ਰਘਵੀਰ ਨੇ ਰਿਸ਼ਤੇਦਾਰੀ ਵਿਚੋਂ,
ਲਗਦੀ ਤਾਂ ਊਂ ਭੈਣ ਈ ਸੀ ਪਰ ਉਹਦੇ ਨਾਲ ਪਿਆਰ ਦੀ ਗੰਢ ਦੇ ਲਈ। ਸਿਆਣੇ ਬੰਦਿਆਂ ਨੇ ਬੜੀਆਂ
ਮੱਤਾਂ ਦਿੱਤੀਆਂ ਕਿ ਇਹਦਾ ਦਿਮਾਗ਼ ਟਿਕਾਣੇ ਆ ਜੇ, ਪਰ ਉਹ ਬੁਰੇ ਦੀ ਕੰਧ ਟੱਪ ਹੀ ਗਿਆ।
ਆਰ-ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਹ ਕੁੜੀ ਨੂੰ ਭਜਾ ਕੇ ਲੈ ਗਿਆ।
ਪਰਚਾ ਦਰਜ ਹੋਇਆ। ਨਸੀਬ ਕੌਰ ਦੇ ਵਿਹੜੇ ਵਿਚ ਘੋੜਿਆਂ ਦੇ ਪੌੜਾਂ ਵਾਂਗ ਪੁਲਿਸ ਦੇ ਬੂਟਾਂ
ਦੀ ਦਗੜ-ਦਗੜ ਹੋਈ ਅਤੇ ਪੂਰੇ ਦੋ ਮਹੀਨਿਆਂ ਪਿੱਛੋਂ ਇਹ ਪ੍ਰੇਮੀ ਜੋੜਾ ਉੱਤਰਾਂਚਲ ਦੇ ਇਕ
ਸ਼ਹਿਰ ਦੇ ਹੋਟਲ ਵਿਚੋਂ ਫੜਿਆ ਗਿਆ। ਗੁਰਦਿਆਲ ਸਿੰਘ ਬਥੇਰਾ ਦੰਦ ਪੀਹਵੇ ਕਿ ਪਿੰਡ ਜਾਵਾਂ ਤੇ
ਇਸ ਛੋਕਰੇ ਦੀ ਗਿੱਚੀ ਭੰਨ ਦਿਆਂ ਪਰ ਵਾਘੇ ਦਾ ਬਾਰਡਰ ਬਿਨਾਂ ਕਾਗ਼ਜ਼ਾਂ ਤਾਂ ਲੰਘਿਆ ਨਹੀਂ ਸੀ
ਜਾ ਸਕਦਾ! ਉਹ ਢਿੱਡ ਵਿਚ ਮੁੱਕੀਆਂ ਦੇ ਕੇ ਬੈਠ ਜਾਇਆ ਕਰੇ। ਕੁੜੀ ਦੇ ਘਰਦਿਆਂ ਨੇ
ਡਰਾ-ਧਮਕਾ ਕੇ ਕੁੜੀ ਤੋਂ ਰਘਵੀਰ ਵਿਰੁਧ ਬਿਆਨ ਦਿਵਾ ਹੀ ਦਿੱਤੇ ਅਤੇ ਉਸ ਨੂੰ ਪੁਲਿਸ ਨੇ
ਚੁੱਕ ਲਿਆ। ਉਧਰ ਲੁੱਡੀਆਂ ਪਾਉਣ ਵਾਲੇ ਗੁਰਦਿਆਲ ਦੀ ਕੈਨੇਡਾ ਵਿਚ ਬੇਵਸੀ ਹੋ ਗਈ। ਜ਼ਮਾਨਤ
ਹੋਈ। ਰਘਵੀਰ ਘਰੇ ਆ ਗਿਆ। ਤੇ ਫਿਰ ਜਿਸ ਦਿਨ ਘਰੋਂ ਨਿਕਲਿਆ ਤਾਂ ਵਾਪਸ ਨਾ ਆਇਆ। ਘਰੇ ਜੇ
ਕੁਝ ਵਾਪਸ ਗਿਆ ਤਾਂ ਉਹ ਸੀ ਰਘਵੀਰ ਦੇ ਕਤਲ ਅਤੇ ਮੌਤ ਦਾ ਪੈਗ਼ਾਮ! ਉਸੇ ਘਰ ਦੇ ਵਿਹੜੇ ਵਿਚ
ਅੱਥਰੂਆਂ ਦਾ ਵਹਿਣ ਤੇ ਪਿੱਟ-ਸਿਆਪੇ ਦਾ ਸ਼ੋਰ-ਸ਼ਰਾਬਾ ਸੀ ਜਿਥੇ ਕਦੇ ਗੁਰਦਿਆਲ ਦੇ ਕੈਨੇਡਾ
ਜਾਣ ਵੇਲੇ ਦਾਰੂ ਦੇ ਦਰਿਆ ਵਗੇ ਸਨ ਅਤੇ ਭੰਗੜੇ ਪਏ ਸਨ। ਘੜੀ ਦੀਆਂ ਸੂਈਆਂ ਪੁੱਠੀਆਂ ਘੁੰਮ
ਗਈਆਂ। ਉਹੀ ਪੁਲਿਸ ਫਿਰ ਕੁੜੀ ਅਤੇ ਕੁੜੀ ਦੇ ਪਰਿਵਾਰ ਦੁਆਲੇ ‘ਪਰਿਕਰਮਾ’ ਕਰਨ ਲੱਗ ਪਈ।
ਨਸੀਬੋ ਨੇ ਗੁਰਦਿਆਲ ਨੂੰ ਬੜਾ ਕਿਹਾ, “ਐਸੀ ਖਾਣ ਨੂੰ ਵੀ ਸੁੱਟ ਖੂਹ ‘ਚ, ਭੁੱਖੇ ਸੌ
ਲਾਂ’ਗੇ। ਛੱਡ ਦੇ ਇਸ ਪਰਿਵਾਰ ਖਾਣੀ ਕੈਨੇਡਾ ਨੂੰ! ਸਾਂਭ ਲੈ ਆ ਕੇ ਜੇ ਬਾਕੀ ਬਚਦਾ ਕੁਝ
ਸਾਂਭ ਹੁੰਦੈ!” ਪਰ ਗੁਰਦਿਆਲ ਜੰਗ ਦੇ ਫ਼ੈਸਲਾਕੁਨ ਦੌਰ ਵਿਚ ਸੀ। ਉਹ ਹੌਂਸਲਾ ਦਿੰਦਾ, “ਨਸੀਬ
ਕੁਰੇ, ਮੈਂ ਜਾਣਦਾਂ ਕਿ ਇਕ ਦੁਆਪਰ ਕੰਸ ਨੇ ਲੁੱਟ ਲਿਐ ਪਰ ਛੇ-ਸੱਤ ਮਹੀਨੇ ਦਾ ਸਬਰ ਕਰ।
ਮੈਂ ਪੱਕਾ ਹੋ ਗਿਆਂ ਤੇ ਕਾਗ਼ਜ਼ ਮਿਲਣ ਹੀ ਵਾਲੇ ਨੇ।” ਪਰ ਉਹ ਵਿਚਾਰੀ ਓਦਰਦੀ ਚਲੇ ਗਈ। ਗ਼ਮ
ਨੇ ਕਾਲਜਾ ਅੰਦਰੋ-ਅੰਦਰੀ ਚਰੂੰਢ ਲਿਆ। ਸੱਧਰਾਂ ਤੇ ਸ਼ੌਕ ਦਿਵਾਲੀਏ ਹੋ ਗਏ। ਨਸੀਬ ਕੌਰ
ਸ਼ੁਦਾਈਆਂ ਵਰਗੀ ਹੋ ਗਈ। ਅਚਾਨਕ ਇਸ ਘਰ ਦੀ ਧਰਤੀ ਉਦੋਂ ਫਿਰ ਕੰਬੀ ਜਦੋਂ ਨਸੀਬੋ ਸਿਰ ‘ਤੇ
ਪਾਥੀਆਂ ਦਾ ਟੋਕਰਾ ਲੈ ਕੇ ਅੰਦਰ ਵੜੀ ਤਾਂ ਉਸ ਨੇ ਆਪਣੀ ਧੀ ਜੋਤੀ ਨਾਲ ਪਿੰਡ ਦੇ ਹੀ ਇਕ
ਮੁੰਡੇ ਨੂੰ ਗ਼ਲਤ ਹਰਕਤਾਂ ਕਰਦਿਆਂ ਵੇਖ ਲਿਆ।
ਉਹ ਟੁੱਟ ਗਈ ਕਿ ਮੂਲ ਤਾਂ ਗਿਆ ਹੀ ਸੀ, ਹੁਣ ਵਿਆਜ ਵੀ ਚੱਲਿਐ। ਪਾਥੀਆਂ ਦਾ ਟੋਕਰਾ ਵਿਹੜੇ
ਵਿਚ ਖਿਲਾਰ ਦਿੱਤਾ ਅਤੇ ਧੀ ਨੂੰ ਗੁੱਤੋਂ ਖਿੱਚ ਕੇ ਅੰਦਰ ਲੈ ਗਈ। ਚਪੇੜਾਂ ਨਾਲ ਮੂੰਹ
ਭੰਨਦਿਆਂ ਉਹ ਚੀਕੀ, “ਇਹ ਕਨਸਲਾਂ ਮੇਰੇ ਘਰ ਹੀ ਜੰਮਣੀਆਂ ਸਨ। ਓ ਮੇਰਿਆ ਰੱਬਾ, ਮੇਰੀ ਕੁੱਖ
ਬਰਬਾਦ ਹੋ ਗਈ। ਥੋਡੇ ਲਈ ਸਤਾਰਾਂ ਸਾਲ ਹੋ ਗਏ ਨੇ, ਉਸ ਕਰਮਾਂ ਦੇ ਮਾਰੇ ਨੂੰ ਧੱਕੇ
ਖਾਦਿਆਂ। ਬੇਲੱਜਿਓ, ਥੋਨੂੂੰ ਲੱਜ ਨਾ ਰਹੀ!!”
ਤੇ ਫਿਰ ਸਾਰੀ ਰਾਤ ਮਾਂ-ਧੀ ਦਰਮਿਆਨ ਤੋਪਾਂ ਚੱਲਦੀਆਂ ਰਹੀਆਂ। ਘਰ ਵਿਚ ਸਮਝਾਉਣ ਵਾਲਾ ਬਚਿਆ
ਹੀ ਕੋਈ ਨਹੀਂ ਸੀ।
ਸਵੇਰੇ ਗੋਹਾ-ਕੂੜਾ ਕਰਦੀਆਂ ਔਰਤਾਂ ਨੇ ਜਦੋਂ ਵੇਖਿਆ ਕਿ ਤੜਕੇ ਪੰਜ ਵਜੇ ਸ਼ਮਸ਼ਾਨਘਾਟ ਵਿਚ
ਸਿਵਾ ਕੀਹਦਾ ਬਲਦੈ? ਚਲੋ ਜੇ ਕੋਈ ਰਾਤੀਂ ਮਰ ਵੀ ਗਿਆ ਸੀ ਤਾਂ ਦਿਨ ਤਾਂ ਚੜ੍ਹ ਲੈਣ ਦਿੰਦੇ
ਪਰ ਦਿਨ ਚੜ੍ਹਦਿਆਂ ਘੁਸਰ-ਮੁਸਰ ਹੋਣ ਲੱਗ ਪਈ ਕਿ ਨਸੀਬੋ ਵੀ ਰਾਤੀਂ ਚੜ੍ਹਾਈ ਕਰ ਗਈ। ਤੇ
ਜਿਸ ਢੰਗ ਨਾਲ ਉਸ ਨੇ ਚੜ੍ਹਾਈ ਕੀਤੀ, ਉਹ ਖ਼ਤਰਨਾਕ ਬਹੁਤ ਸੀ। ਉਸ ਰਾਤ ਮਾਂ-ਧੀ ਉਲਝੀਆਂ
ਰਹੀਆਂ। ਫਿਰ ਧੀ ਦੀ ਅੱਖ ਲੱਗ ਗਈ ਪਰ ਰਾਤ ਹਾਲੇ ਵੀ ਬਾਕੀ ਸੀ। ਨਸੀਬੋ ਨੇ ਜ਼ਿੰਦਗੀ ਤੋਂ
ਖਹਿੜਾ ਛੁਡਾਉਣ ਦਾ ਮਨ ਬਣਾ ਲਿਆ। ਪੰਜ ਲੀਟਰ ਮਿੱਟੀ ਦੇ ਤੇਲ ਦੀ ਪੀਪੀ ਇਸ਼ਨਾਨ ਕਰਨ ਵਾਂਗ
ਸਿਰ ਤੋਂ ਪਿੰਡੇ ‘ਤੇ ਡੋਲ੍ਹ ਲਈ। ਫਿਰ ਤੀਲੀ ਬਲਦੇ ਸਾਰ ਹੀ ਅੱਗ ਨਹੀਂ, ਭਾਂਬੜ ਮਚ ਗਿਆ।
ਇਕਹਿਰੇ ਸਰੀਰ ਤੋਂ ਅੱਗ ਦਾ ਸੇਕ ਝੱਲਿਆ ਨਾ ਜਾਵੇ। ਵਿਲਕਦੀ ਭੱਜ ਕੇ ਚੁਬਾਰੇ ਦੀਆਂ ਪੌੜੀਆਂ
ਤਾਂ ਚੜ੍ਹ ਗਈ ਪਰ ਪੌੜੀਆਂ ਥਾਣੀਂ ਹੇਠਾਂ ਕਿਸ਼ਤਾਂ ਵਿਚ ਪਰਤੀ। ਬਾਹਾਂ-ਲੱਤਾਂ ਰਾਵਣ ਦੇ
ਸੜਦੇ ਪੁਤਲਿਆਂ ਵਾਂਗ ਅੱਗ ਅਲੱਗ-ਅਲੱਗ ਹੋ ਕੇ ਖਿੱਲਰ ਕੇ ਡਿੱਗੀਆਂ। ਸ਼ਾਇਦ ਭਲੇ ਗੁਆਂਢੀਆਂ
ਨੇ ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਚਣ ਲਈ ਪਹਿਲੇ-ਪਹਿਰ ਨਸੀਬੋ ਦੀਆਂ ਬਾਕੀ ਬਚਦੀਆਂ ਹੱਡੀਆਂ
ਨੂੰ ਸ਼ਮਸ਼ਾਨਘਾਟ ਵਿਚ ਦੁਬਾਰਾ ਅੱਗ ਦਿਖਾ ਦਿੱਤੀ।
ਇਸ ਤੋਂ ਪਿੱਛੋਂ ਛੇ ਕੁ ਮਹੀਨਿਆਂ ਬਾਅਦ ਗੁਰਦਿਆਲ ਕੈਨੇਡਾ ਪੱਕਾ ਤਾਂ ਹੋ ਗਿਆ ਪਰ ਊਂ ਫੱਕਾ
ਨਹੀਂ ਸੀ ਰਿਹਾ। ਉਹਦੀ ਹਾਲਤ ਅਜਿਹੀ ਸੀ ਜਿਵੇਂ ਭਾਰਤ ਨੇ ਕਸ਼ਮੀਰ ਥਾਲੀ ਵਿਚ ਰੱਖ ਕੇ
ਪਾਕਿਸਤਾਨ ਨੂੰ ਦੇ ਦਿੱਤਾ ਹੋਵੇ। ਇਹ ਅਖੌਤ ਉਹਨੂੰ ਫਿਰ ਸਮਝ ਆਈ ਕਿ ਉਜੜੇ ਬਾਗ਼ਾਂ ਦੇ
ਗਾਲ੍ਹੜ ਪਟਵਾਰੀ ਬਣਦੇ ਕਿਵੇਂ ਹਨ।
ਖ਼ਾਨਦਾਨ ‘ਚ ਸਿਰਫ਼ ਧੀ ਬਚੀ ਸੀ ਜੋਤੀ। ਗੁਰਦਿਆਲ ਨੂੰ ਲੱਗਦਾ ਕਿ ਹੁਣ ਪੁੱਤ ਅਤੇ ਧੀ ਤਾਂ
ਜੋਤੀ ਹੀ ਹੈ, ਮੇਰੀ ਵਿਰਾਸਤ ਵੀ ਇਹੋ ਹੈ ਪਰ ਉਹ ਇਸ ਖ਼ਬਰ ਤੋਂ ਅਣਜਾਣ ਸੀ ਕਿ ਉਹਦੀ ਬਰਬਾਦੀ
ਦਾ ਬਚਦਾ ਇਹੋ ਆਖ਼ਰੀ ਪ੍ਰਮਾਣੂ ਬੰਬ ਹੈ। ਜਿਸ ਦਿਨ 18 ਸਾਲਾਂ ਬਾਅਦ ਉਹ ਦਿੱਲੀ ਹਵਾਈ ਅੱਡੇ
‘ਤੇ ਉਤਰਿਆ ਤਾਂ ਦੋ ਅਟੈਚੀ ਚੁੱਕੀ ਉਹ ਸੋਚਦਾ ਸੀ ਕਿ ਮੈਂ ਅਟੈਚੀ ਨਹੀਂ ਲੈ ਕੇ ਆਇਆ ਸਗੋਂ
ਅਟੈਚੀ, ਇਕ ਬੰਦੇ ਦੀ ਲੋਥ ਲੈ ਕੇ ਆਏ ਹਨ।
ਘਰ ਪਹੁੰਚਦਿਆਂ ਹੀ ਉਹ ਧੀ ਦੇ ਗਲ ਲੱਗ ਕੇ ਰੱਜ ਕੇ ਰੋਇਆ। ਭੁੱਬਾਂ ਵੀ ਮਾਰੀਆਂ। ਡਾਲਰਾਂ
ਨੂੰ ਤਾਅਨੇ ਵੀ ਮਾਰੇ ਪਰ ਜਦੋਂ ਧੀ ਦੇ ਮੂੰਹ ਵੱਲ ਵੇਖਿਆ ਤਾਂ ਉਹਦੀਆਂ ਸੁੱਕੀਆਂ ਅੱਖਾਂ
ਵੇਖ ਕੇ ਲੱਗਾ ਕਿ ਇਹਦੇ ‘ਤੇ ਘਰ ਵਿਚ ਹੋਈ ਪਾਣੀਪਤ ਦੀ ਦੂਜੀ ਲੜਾਈ ਦਾ ਕੋਈ ਅਸਰ ਨਹੀਂ?
ਫਿਰ ਸੋਚਿਆ ਨਿਮਾਣੀ ਧੀ ਦੇ ਅੱਥਰੂ ਹੀ ਰੋ-ਰੋ ਸੁੱਕ ਗਏ ਹੋਣੇ ਆਂ।
ਮਹੀਨੇ ਕੁ ਬਾਅਦ ਜਦੋਂ ਦਰਦ ਦਾ ਵਹਿਣ ਕੁਝ ਘਟਿਆ ਤਾਂ ਜੋਤੀ ਦੇ ਹੱਥ ਪੀਲੇ ਕਰਨ ਦੀ ਗੱਲ
ਹੋਣ ਲੱਗੀ ਪਰ ਉਹ ਹਰ ਵਾਰ ਆਖਦੀ, “ਪਾਪਾ ਨਹੀਂ...ਜਦੋਂ ਤੁਸੀਂ ਅਗਲੀ ਵਾਰ ਆਵੋਂਗੇ, ਫਿਰ
ਸਹੀ।” ਗੱਲਾਂ-ਗੱਲਾਂ ਵਿਚ ਖਿਲਾਰ ਪੈਣਾ ਸ਼ੁਰੂ ਹੋ ਗਿਆ। ਪਿੰਡ ਵਿਚੋਂ ਹੀ ਧੂੰਆਂ ਨਿਕਲਣ
ਲੱਗ ਗਿਆ ਕਿ ਜੋਤੀ ਪਿੰਡ ਦੇ ਹੀ ਇਕ ਮੁੰਡੇ ਨਾਲ ਠੀਕ ਨਹੀਂ ਹੈ। ਗੁਰਦਿਆਲ ਦੇ ਮਨ ਵਿਚ
ਉਹਦੇ ਵਿਆਹ ਦੀ ਸੋਚ ਘੋੜੇ ਵਾਂਗ ਦੌੜਨ ਲੱਗ ਪਈ।
ਘਰ ਵਿਚ ਦੋ-ਚਾਰ ਰਿਸ਼ਤੇਦਾਰਾਂ ਦਾ ਅਕਸਰ ਆਉਣ-ਜਾਣ ਬਣਿਆ ਰਹਿੰਦਾ। ਸਬੱਬੀਂ ਇਕ ਦਿਨ ਜੋਤੀ
‘ਕੱਲੀ ਘਰ ਸੀ ਤੇ ਇਕ ਉਹ ਬਦਕਿਸਮਤ ਬਾਪ! ਜੋਤੀ ਨੂੰ ਮਿੱਤਰ-ਪਿਆਰੇ ਨੂੰ ਮਿਲਣ ਦਾ ਸਬੱਬ
ਨਹੀਂ ਸੀ ਮਿਲ ਰਿਹਾ। ਉਹ ਇਸ ਦਿਨ ਨੂੰ ਭਾਗਾਂ ਵਾਲਾ ਸਮਝਣ ਲੱਗੀ। ਫ਼ੋਨ ਉਤੇ ਉਹਨੇ ਦਿਨ
ਖੜ੍ਹੇ ਹੀ ਤੈਅ ਕਰ ਲਿਆ ਸੀ ਕਿ ਅੱਧੀ ਰਾਤ ਪਿੱਛੋਂ ਘਰ ਦੀ ਪਿਛਲੀ ਕੰਧ ਨਾਲ ਛੋਟੀ ਪੌੜੀ
ਲੱਗੀ ਹੋਵੇਗੀ।
ਆਥਣੇ ਗੁਰਦਿਆਲ ਦਾ ਪੁਰਾਣਾ ਪੇਂਡੂ ਮਿੱਤਰ ਜੋ ਥਾਣੇਦਾਰ ਲੱਗਾ ਹੋਇਆ ਸੀ, ਆ ਗਿਆ। ਪੈਗ-ਸ਼ੈਗ
ਦਾ ਦੌਰ ਚੱਲ ਪਿਆ। ਬਾਪ ਦੀ ਮੁਰਗੇ ਵਾਲੀ ਕੌਲੀ ਵਿਚ ਨਸ਼ੇ ਦੀਆਂ ਗੋਲੀਆਂ ਘੋਲ ਦਿੱਤੀਆਂ।
ਹਾਲੇ ਜੋਤੀ ਖਾਣਾ ਪਰੋਸ ਕੇ ਪਰਤੀ ਹੀ ਸੀ ਕਿ ਪੀਣ ਦਾ ਸ਼ੌਕੀਨ ਗੁਆਂਢੀ ਚੌਕੀਦਾਰ ਆ ਵੜਿਆ।
ਗੁਰਦਿਆਲ ਨੇ ਉਹਨੂੰ ਉਪਰੋਂ-ਥਲੀ ਦੋ-ਤਿੰਨ ਪੈਗ ਪਿਆ ਕੇ ਕਿਹਾ, “ਲੈ ਤਾਇਆ, ਮੁਰਗਾ ਵੀ ਛਕ।
ਮੈਂ ਹੋਰ ਮੰਗਵਾ ਲਵਾਂਗਾ।” ਚੌਕੀਦਾਰ ਖਿਸਕ ਗਿਆ ਤੇ ਥਾਣੇਦਾਰ ਵੀ ਟੱਲੀ ਜਿਹਾ ਹੋ ਕੇ ਤੁਰਨ
ਲੱਗਿਆ ਕਹਿਣ ਲੱਗਾ, “ਗੁਰਦਿਆਲ ਰਿਵਾਲਵਰ ਕਿੱਲੀ ਨਾਲ ਹੀ ਟੰਗਿਆ ਰਹਿ ਗਿਆ ਅੰਦਰ। ਚੱਲ, ਲੈ
ਲਵਾਂਗਾ। ਖ਼ਿਆਲ ਰੱਖੀਂ ਤੇ ਗੋਲੀਆਂ ਭਰੀਆਂ ਪਈਆਂ।”
ਜੋਤੀ ਇਸ ਗੱਲ ਤੋਂ ਅਣਜਾਣ ਸੀ ਕਿ ਉਹਦੀ ਚਾਲ ਸਫ਼ਲ ਨਹੀਂ ਹੋਈ। ਨੀਂਦ ਤਾਂ ਸਾਰੀ ਰਾਤ
ਚੌਕੀਦਾਰ ਨੂੰ ਆਉਣੀ ਸੀ ਪਰ ਉਹ ਸੋਚਦੀ ਸੀ ਬਾਪੂ ਤਾਂ ਦੁਪਹਿਰ ਬਾਰਾਂ ਵਜੇ ਤੱਕ ਨਹੀਂ
ਉਠੇਗਾ। ਤੇ ਪਿਆਰ ਪਛਵਾੜੇ ਵਾਲੀ ਕੰਧ ਤੋਂ ਅੰਦਰ ਦਾਖ਼ਲ ਹੋ ਗਿਆ। ਅੱਧ ਕੱਚੇ ਸੁੱਤੇ
ਗੁਰਦਿਆਲ ਨੂੰ ਲੱਗਾ ਕਿ ਪਿਛਲੇ ਕਮਰੇ ਵਿਚੋਂ ਇਤਰਾਜ਼ਯੋਗ ਆਵਾਜ਼ ਆ ਰਹੀ ਹੈ। ਪਹਿਲਾਂ ਉਸ ਨੇ
ਜੋ ਕੰਨੀਂ ਸੁਣਿਆ ਸੀ, ਬਾਰੀ ਥਾਣੀਂ ਜਗਦੀ ਬੱਤੀ ਰਾਹੀਂ ਉਹ ਅੱਖੀਂ ਵੇਖ ਲਿਆ।
ਰਿਵਾਲਵਰ ਕਿੱਲੀ ਤੋਂ ਲਾਹਿਆ। ਗ਼ੁੱਸੇ ਵਿਚ ਆਏ ਸਾਨ੍ਹ ਵਰਗੇ ਜ਼ੋਰ ਨੇ ਦਰਵਾਜ਼ਾ ਸਣੇ ਚੁਗਾਠਾਂ
ਦੇ ਪੁੱਟ ਸੁੱਟਿਆ। ਤਿੰਨ ਧੀ ਦੀ ਹਿੱਕ ਵਿਚੋਂ ਤੇ ਤਿੰਨ ਉਹਦੇ...ਦੀ ਖੋਪਰੀ ਵਿਚੋਂ ਲੰਘਾ
ਕੇ ਸ਼ਾਂਤ ਚਿੱਤ ਹੋ ਕੇ ਲੇਟਿਆ ਰਿਹਾ ਜਿਵੇਂ ਸਾਰੇ ਦੁੱਖਾਂ ਦਾ ਅੰਤ ਹੋ ਗਿਆ ਹੋਵੇ।
ਸਵੇਰੇ ਪੁਲਿਸ ਪ੍ਰੇਮੀ ਜੋੜੇ ਦੀ ਹਾਲਤ ਵੇਖ ਕੇ ਸਮਝ ਤਾਂ ਗਈ ਸੀ ਕਿ ਸਾਰਾ ਕੁਝ ਕਿਉਂ ਹੋਇਆ
ਪਰ ਫਿਰ ਵੀ ਥਾਣੇਦਾਰ ਨੇ ਗੁਰਦਿਆਲ ਨੂੰ ਸਵਾਲ ਕੀਤਾ ਕਿ, “ਤੈਂ ਇਹ ਕੀ ਕੀਤਾ?”
“ਮੈਂ ਕੁਝ ਨ੍ਹੀਂ ਕੀਤਾ। ਸਿਰਫ਼ ਜੇਲ੍ਹ ਦਾ ਥਾਂ ਬਦਲਿਆ। ਪਹਿਲਾਂ ਅਠਾਰਾਂ ਸਾਲ ਕੱਟ ਕੇ
ਆਇਆਂ ਅਤੇ ਹੁਣ ਦੋ ਸਾਲ ਵਧ ਜਾਣੀ ਕਿ ਵੀਹ ਸਾਲ ਹੋ’ਜੂ।”
ਤੇ ਪੁਲਿਸ ਦੀ ਜਿਪਸੀ ਵਿਚ ਬੈਠਦਿਆਂ ਗੁਰਦਿਆਲ ਦੇ ਚਿਹਰੇ ‘ਤੇ ਰੌਣਕ ਲੱਗਦੀ ਸੀ ਜਿਵੇਂ ਉਹ
ਸਾਰੇ ਸੰਕਟਾਂ ਤੋਂ ਮੁਕਤ ਹੋ ਗਿਆ ਹੋਵੇ।
ਅੰਤਿਕਾ:
ਪਤੀ: ਮੈਨੂੰ ਅਮਰੀਕਾ ਆਏ ਨੂੰ ਹੋ ਗਏ ਅਠਾਰਾਂ ਸਾਲ ਕੁੜੇ
ਮੈਂ ਹੁਣ ਤਕ ਪੱਕਾ ਹੋਣ ਲਈ ਬੁਣਦਾ ਰਿਹਾ ਇੰਦਰ ਜਾਲ ਕੁੜੇ
ਹੁਣ ਆਉਂਦੇ ਸਾਰ ਛੁਡਾ ਲੈਣੀ ਜਿਹੜੀ ਗਹਿਣੇ ਪਈ ਜ਼ਮੀਨ ਕੁੜੇ
ਮੈਂ ਤੇਰੇ ਸਾਰੇ ਸ਼ੌਕ ਪੁਗਾ ਦਊਂਗਾ, ਮੈਨੂੰ ਮਿਲ ਗਿਆ ਕਾਰਡ ਗਰੀਨ ਕੁੜੇ।
ਪਤਨੀ: ਕੀ ਕਰਨਾ ਕਾਰਡ ਗਰੀਨਾਂ ਨੂੰ ਜਦ ਵਕਤ ਸੋਹਣਿਆਂ ਬੀਤ ਗਿਆ
ਤੇਰੀਆਂ ਰਾਹਾਂ ਨੂੰ ਤੱਕਦਾ ਤੇਰਾ ਬਾਪੂ ਅੱਖੀਆਂ ਮੀਟ ਗਿਆ
ਜਿੰਦ ਵਿੰਨ੍ਹ ਸੁੱਟੀ ਏ ਜ਼ਖ਼ਮਾਂ ਨੇ ਹੁਣ ਹੋਰ ਨ੍ਹੀਂ ਹੁੰਦਾ ਜੀਅ ਮਾਹੀਆ
ਇਕ ਦੁੱਖ ਵਿਛੋੜੇ ਵਾਲਾ ਦੂਜੀ ਕੋਠੇ ਜਿੱਡੀ ਧੀ ਮਾਹੀਆ।
(ਜਰਨੈਲ ਚੱਕ ਹਾਜ਼ੀਪੁਰ)
-0-
|