Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ

 

- ਗੁਰਨਾਮ ਢਿੱਲੋਂ

ਨੋ ਬਾਊਂਡਰੀਜ਼

 

- ਗੁਰਮੀਤ ਪਨਾਗ

ਬਲਬੀਰ ਸਿੰਘ ਦਾ ਠਾਣੇਦਾਰ ਬਣਨਾ

 

- ਪ੍ਰਿੰ. ਸਰਵਣ ਸਿੰਘ

ਲਾਹੌਰ ਅਤੇ ਉਸਦੇ ਆਲੇ ਦੁਆਲੇ ਦੀ ਇੱਕ ਭਾਵਕ ਯਾਤਰਾ

 

- ਚਮਨ ਲਾਲ

ਜਨਮ-ਦਿਨ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ‘ਦ ਟਾਈਮਜ’

 

- ਹਰਜੀਤ ਅਟਵਾਲ

ਲਖਬੀਰ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ

 

- ਸੰਤੋਖ ਸਿੰਘ ਧੀਰ

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ

 

- ਹਰਨੇਕ ਸਿੰਘ ਘੜੂੰਆਂ

ਗੁਰੂ ਨਾਨਕ ਗੁਰਦੁਆਰਾ ਦੁਬਈ: ਜਿਥੇ ਮੈਂ ਰਾਤ ਨਾ ਰਹਿ ਸਕਿਆ

 

- ਗਿਆਨੀ ਸੰਤੋਖ ਸਿੰਘ

ਅਸੀਂ ਕੌਣ ਹਾਂ?

 

- ਗੁਲਸ਼ਨ ਦਿਆਲ

ਆਪਣਾ ਹਿੱਸਾ-1

 

- ਵਰਿਆਮ ਸਿੰਘ ਸੰਧੂ

ਸ਼੍ਰੀਮਤੀ ਭੁਪਿੰਦਰ ਪਾਤਰ ਨਾਲ ਕੁਝ ਗੱਲਾਂ

 

- ਅਦਾਰਾ ਸੀਰਤ

ਕੀ ਨਾਸਾ ਦੇ ਵਿਗਿਆਨੀ ਸਚਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 'ਸੇਧ' ਲੈ ਰਹੇ ਹਨ?

 

- ਮਨਦੀਪ ਖੁਰਮੀ ਹਿੰਮਤਪੁਰਾ

ਦਸ ਛੋਟੀਆਂ ਕਵਿਤਾਵਾਂ, ਇਕ ਗਜ਼ਲ ਅਤੇ ਇੱਕ ਗੀਤ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੰਤੋਖ ਸਿੰਘ ਸੰਤੋਖ

ਪੰਦਰਾਂ ਅਗਸਤ

 

- ਗੁਰਮੇਲ ਬੀਰੋਕੇ

ਖੱਤ ਤਾਂ ਬਸ ਖੱਤ ਹੁੰਦੇ ਨੇ

 

- ਗੁਰਪ੍ਰੀਤ ਸਿੰਘ ਤੰਗੋਰੀ

ਅਸੀਂ ਸਾਰੇ

 

- ਦਿਲਜੋਧ ਸਿੰਘ

ਸਰਮਦ ਤੇ ਤਬਰੇਜ ਦਾ

 

- ਹਰਜਿੰਦਰ ਸਿੰਘ ਗੁਲਪੁਰ

ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ

 

- ਜੋਗਿੰਦਰ ਸਿੰਘ ਨਿਰਾਲਾ

Honoring the Martyrs 157 Years later- cremation of 282 martyrs on 1st August 2014

 

- Chaman Lal

GEHAL SINGH: A MARTYR OF THE SUPREME CAUSE

 

- Amarjit Chandan

A whiteman's country: an exercise in Canadian Orejudice

 

- Ted Ferguson

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਕਵਿਤਾ

 

- ਗੁਰਮੀਤ ਸਿੰਘ ਚੀਮਾ

ਕਰਤਾਰ ਸਿੰਘ ਅਠਾਰਵੀਂ ਵਾਰ ਵਿਸ਼ਵ ਵੈਟਰਨ ਚੈਂਪੀਅਨ

 

- ਪਿੰ੍. ਸਰਵਣ ਸਿੰਘ

ਛਾਤੀ ‘ਤੇ ਬੈਠਾ ਸ਼ੇਰ

 

- ਵਰਿਆਮ ਸਿੰਘ ਸੰਧੂ

ਦੋ ਗ਼ਜ਼ਲਾਂ

 

- ਮੁਸ਼ਤਾਕ ( ਯੂ. ਕੇ)

 

Online Punjabi Magazine Seerat


ਛਾਤੀ ‘ਤੇ ਬੈਠਾ ਸ਼ੇਰ

- ਵਰਿਆਮ ਸਿੰਘ ਸੰਧੂ
 

 

(ਪਹਿਲਵਾਨ ਕਰਤਾਰ ਸਿੰਘ ਨੇ ਕੁਸ਼ਤੀ ਦੀ ਖੇਡ ਵਿਚ ਲੰਮਾ ਸਮਾਂ ਧਾਕ ਬਿਠਾ ਛੱਡੀ। ਉਸਨੇ ਅਨੇਕਾਂ ਕੁਸ਼ਤੀ ਮੁਕਾਬਲੇ ਜਿੱਤੇ। ਉਹ ਦੋ ਵਾਰ ਏਸ਼ੀਅਨ ਜੇਤੂ ਬਣਿਆਂ। ਇਕ ਸਮੇਂ ਉਹ ਭਾਰਤ ਦਾ ਸਭ ਤੋਂ ਤਕੜਾ ਪਹਿਲਵਾਨ ਸੀ। ਉਮਰ ਦੇ ਵੱਡੀ ਹੋ ਜਾਣ ਦੇ ਬਾਵਜੂਦ ਉਹਨੇ ਕੁਸ਼ਤੀ ਦਾ ਸਾਥ ਨਹੀਂ ਛੱਡਿਆ। ਉਹ ਪਿਛਲੇ ਦੋ ਦਹਾਕਿਆਂ ਤੋਂ ਵਿਸ਼ਵ ਵੈਟਰਨ ਕੁਸ਼ਤੀ ਮੁਕਾਬਲਿਆਂ ਵਿਚ ਭਾਗ ਲੈ ਰਿਹਾ ਹੈ ਤੇ ਲਗਾਤਾਰ ਸੁਨਹਿਰੀ ਜਿੱਤਾਂ ਜਿੱਤਦਾ ਆ ਰਿਹਾ ਹੈ। ਏਸੇ ਹਫ਼ਤੇ ਸਰਬੀਆ ਵਿਚ ਬੈਲਗਰੇਡ ਦੇ ਸਥਾਨ ‘ਤੇ ਹੋਏ ਵਿਸ਼ਵ ਕੁਸ਼ਤੀ ਮੁਕਾਬਲਿਆਂ ਉਹਨੇ ਅਠ੍ਹਾਰਵੀਂ ਵਾਰ ਗੋਲਡ ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਉਹਦੀ ਲਿਖੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ ਵਿਚੋਂ ਉਹਦੇ ਕੁਸ਼ਤੀ-ਜੀਵਨ ਦੇ ਪਹਿਲੇ ਸਮੇਂ ਦੀ ਇਕ ਕੁਸ਼ਤੀ ਦਾ ਦਿਲਚਸਪ ਬਿਰਤਾਂਤ ਪੇਸ਼ ਹੈ)

ਚਾਰ ਸਾਲਾਂ ਬਾਅਦ ਹੁੰਦੀਆਂ ਏਸ਼ੀਅਨ ਖੇਡਾਂ ਵਿਚ ਤਾਂ ਸਾਰੀਆਂ ਖੇਡਾਂ ਸ਼ਾਮਲ ਹੁੰਦੀਆਂ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਸਲਾਹ ਨਾਲ ਏਸ਼ੀਆ ਦੇ ਕੁਸ਼ਤੀ ਅਦਾਰੇ ਨੇ ਚਾਹਿਆ ਕਿ ਇਹਨਾਂ ਖੇਡਾਂ ਤੋਂ ਬਿਨਾਂ ਕੇਵਲ ਕੁਸ਼ਤੀ ਦੇ ਪ੍ਰੋਤਸਾਹਨ ਲਈ ਨਿਰੋਲ ਕੁਸ਼ਤੀ ਦੀ ਚੈਂਪੀਅਨਸ਼ਿੱਪ ਕਰਵਾਈ ਜਾਣੀ ਚਾਹੀਦੀ ਹੈ। ਫ਼ੈਸਲਾ ਸਿਰੇ ਚੜ੍ਹ ਗਿਆ। ਸਭ ਤੋਂ ਪਹਿਲੀ ਚੈਂਪੀਅਨਸ਼ਿੱਪ ਭਾਰਤ ਵਿੱਚ ਕਰਾਉਣ ਦਾ ਹੀ ਨਿਰਣਾ ਲਿਆ ਗਿਆ। ਭਾਰਤ ਵਿਚੋਂ ਵੀ ਇਸਦਾ ਗੁਣਾ ਪੰਜਾਬ 'ਤੇ ਪੈ ਗਿਆ। ਇੰਝ ਏਸ਼ੀਅਨ ਗੇਮਜ਼ 1978 ਤੋਂ ਇਕ ਸਾਲ ਪਿੱਛੋਂ 1979 ਵਿਚ ਪੰਜਾਬ ਦੇ ਸ਼ਹਿਰ ਜਲੰਧਰ ਵਿਚ ਪਹਿਲੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਰਵਾਉਣ ਦੇ ਫ਼ੈਸਲੇ ਦੀ ਖ਼ਬਰ ਸੁਣ ਕੇ ਕੁਸ਼ਤੀ ਪ੍ਰੇਮੀਆਂ ਦੇ ਮਨਾਂ ਵਿਚ ਚਾਅ ਤੇ ਖ਼ੁਸ਼ੀ ਕਰਵਟਾਂ ਲੈਣ ਲੱਗੇ।
ਇਸ ਚੈਂਪੀਅਨਸ਼ਿੱਪ ਵਿਚ ਏਸ਼ੀਆ ਦੇ ਸਿਰੇ ਦੇ ਭਲਵਾਨ ਆਪਣੀ ਯੁੱਧ ਕਲਾ ਦੇ ਜੌਹਰ ਵਿਖਾਉਣ ਲਈ ਆ ਰਹੇ ਸਨ। ਉਧਰ ਪਟਿਆਲੇ ਦੇ ਕੈਂਪ ਵਿੱਚ ਭਾਰਤ ਦੇ ਭਲਵਾਨਾਂ ਵਿਚੋਂ ਹਰ ਵਰਗ ਦੇ ਭਲਵਾਨ ਦੀ ਚੋਣ ਕਰਨ ਲਈ ਟਰਾਇਲ ਹੋਣ ਲੱਗੇ। 90 ਕਿਲੋ ਵਜ਼ਨ ਵਿਚ ਐਤਕੀ ਕਰਤਾਰ ਦਾ ਮੁਕਾਬਲਾ ਬੁੱਧ ਸਿੰਘ ਨਾਲ ਸੀ। ਕਿਰਲਗੜ੍ਹ ਦੀ ਛਿੰਝ ਵਿਚ ਕਰਤਾਰ ਨਾਲ ਸਾਵਾਂ ਘੁਲ ਕੇ ਉਹ ਹੌਂਸਲੇ ਵਿਚ ਸੀ। ਉਧਰ ਕਰਤਾਰ ਨੂੰ ਇਹ ਮਾਣ ਸੀ ਕਿ ਉਥੇ ਜ਼ਖ਼ਮੀ ਹੋਣ ਕਰਕੇ ਵੀ ਉਹ ਬੁੱਧ ਸਿੰਘ ਨਾਲ ਬਰਾਬਰੀ 'ਤੇ ਘੁਲ ਗਿਆ ਹੈ, ਦੂਜਾ ਉਸ ਨੂੰ ਇਹ ਵੀ ਮਾਣ ਸੀ ਕਿ ਗੱਦੇ ਦੀ ਕੁਸ਼ਤੀ 'ਤੇ ਉਸਦਾ ਵਧੇਰੇ ਅਨੁਭਵ ਹੋਣ ਕਰਕੇ ਬੁੱਧ ਸਿੰਘ ਉਸ ਅੱਗੇ ਟਿਕਣ ਨਹੀਂ ਲੱਗਾ। ਪਹਿਲੇ ਛੇ ਮਿੰਟ ਉਹ ਪੂਰੇ ਜ਼ੋਰ ਨਾਲ ਬੁੱਧ ਸਿੰਘ ਨੂੰ ਪਿਆ। ਪਰ ਉਹ ਅੱਗੋਂ ਬਚਾ ਕਰ ਜਾਂਦਾ ਰਿਹਾ। ਅਖ਼ੀਰ ਤੇ ਗੁੱਸੇ ਵਿਚ ਆ ਕੇ ਕਰਤਾਰ ਨੇ ਤਹੱਮਲ ਗਵਾ ਲਿਆ ਅਤੇ ਆਖ਼ਰੀ ਪਲਾਂ ਵਿਚ ਉਸਨੂੰ ਲੱਗ ਕੇ ਦੋ ਪੁਆਇੰਟ ਦੇ ਬੈਠਾ।
ਅਧਿਕਾਰੀਆਂ ਨੂੰ ਨਿਰਾਸ਼ਾ ਹੋਈ। ਉਹ ਇਹ ਚਾਹੁੰਦੇ ਸਨ ਕਿ ਕਰਤਾਰ ਜਿਹਾ ਜ਼ੋਰਦਾਰ ਤੇ ਤਜਰਬੇਕਾਰ ਭਲਵਾਨ ਇਸ ਚੈਂਪੀਅਨਸ਼ਿੱਪ ਵਿਚ ਭਾਗ ਲੈਣੋਂ ਵਾਂਝਿਆ ਨਹੀਂ ਰਹਿਣਾ ਚਾਹੀਦਾ। 90 ਕਿਲੋ ਵਿਚ ਤਾਂ ਬੁੱਧ ਸਿੰਘ ਚੁਣ ਲਿਆ ਗਿਆ। ਹੁਣ ਅਧਿਕਾਰੀਆਂ ਨੇ ਕਿਹਾ ਕਿ ਜੇ ਉਹ ਚਾਹੇ ਤਾਂ ਉਤਲੇ ਵਰਗ ਵਿਚ ਟਰਾਇਲ ਦੇ ਸਕਦਾ ਹੈ। ਕਰਤਾਰ ਤਿਆਰ–ਬਰ–ਤਿਆਰ ਸੀ। ਸਤਪਾਲ ਤਾਂ 100 ਕਿਲੋ ਤੋਂ ਉਪਰ ਹੈਵੀ ਵੇਟ ਵਿਚ ਚਲਾ ਗਿਆ ਸੀ। 100 ਕਿਲੋ ਵਿਚ ਈਸ਼ਵਰ ਨਾਲ ਕਰਤਾਰ ਦਾ ਪੰਜਾ ਪੈ ਗਿਆ ਤੇ ਉਹ 100 ਕਿਲੋ ਵਜ਼ਨ ਵਿਚ ਚੁਣ ਲਿਆ ਗਿਆ।
ਕੁਸ਼ਤੀਆਂ ਦਾ ਨਿਸ਼ਚਿਤ ਦਿਨ ਆ ਪਹੁੰਚਾ। ਕੁਸ਼ਤੀ ਨਾਲ ਪਿਆਰ ਕਰਨ ਵਾਲੀਆਂ ਹਸਤੀਆਂ ਦੂਰੋਂ ਦੂਰੋਂ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਪਹੁੰਚ ਗਈਆਂ। ਦਾਰਾ ਸਿੰਘ, ਗੁਰੂ ਹਨੂੰਮਾਨ ਜਿਹੇ ਨਾਮੀ ਲੋਕਾਂ ਦੇ ਉਤਾਰੇ ਵੀ ਹੋ ਗਏ। 100 ਕਿਲੋ ਵਜ਼ਨ ਵਿਚ ਏਸ਼ੀਆ ਦੇ ਤਿੰਨ ਮਹਾਂਬਲੀ ਭਲਵਾਨ ਭਾਗ ਲੈ ਰਹੇ ਸਨ। ਪਹਿਲਾ ਤਾਂ ਕਰਤਾਰ ਸੀ ਜੋ ਭਾਰ ਪੱਖੋਂ ਤਾਂ ਉਹਨਾਂ ਦੋਹਾਂ ਨਾਲੋਂ ਹੌਲਾ ਸੀ ਕਿਉਂਕਿ ਉਹ ਆਪਣੇ ਤੋਂ ਵੱਡੇ ਵਜ਼ਨ ਵਿਚ ਕੁਸ਼ਤੀ ਲੜ ਰਿਹਾ ਸੀ। ਦੂਜਾ ਪਹਿਲਵਾਨ ਈਰਾਨ ਦਾ ਸੁਲੇਮਾਨੀ ਸੀ ਅਤੇ ਉਹ ਜੂਨੀਅਰ ਵਿਚ ਸੰਸਾਰ ਦਾ ਜੇਤੂ ਰਹਿ ਚੁੱਕਾ ਸੀ। ਤੀਸਰਾ ਜਪਾਨੀ ਭਲਵਾਨ ਉਹ ਸੀ ਜਿਸ ਪਿਛਲੇ ਸਾਲ ਏਸ਼ੀਅਨ ਗੇਮਜ਼ ਵਿਚ ਸਤਪਾਲ ਨੂੰ ਹਰਾਇਆ ਸੀ ਅਤੇ ਹੁਣ ਉਹ ਆਪਣਾ ਵਜ਼ਨ ਘਟਾ ਕੇ 100 ਕਿਲੋ ਵਿਚ ਲੜ ਰਿਹਾ ਸੀ। ਉਂਜ ਦੋਵੇਂ ਭਲਵਾਨ ਅਜਿਹੇ ਸਨ ਜਿਵੇਂ ਸਟੀਲ ਦੇ ਥੰਮ੍ਹ ਹੋਣ, ਜਿਨ੍ਹਾਂ ਦੇ ਪਿੰਡੇ ‘ਚ ਉਂਗਲ ਨਹੀਂ ਸੀ ਖੁੱਭਦੀ।
ਕਰਤਾਰ ਦੀ ਪਹਿਲੀ ਕੁਸ਼ਤੀ ਜਪਾਨੀ ਭਲਵਾਨ ਨਾਲ ਹੋਈ। ਦੋਵੇਂ ਏਸ਼ੀਅਨ ਗੋਲਡ ਮੈਡਲ ਜੇਤੂ। ਕਰਤਾਰ ਨੇ ਗੱਦੇ 'ਤੇ ਆਉਂਦਿਆਂ ਹੀ ਬਿਜਲੀ ਵਰਗੀ ਫੁਰਤੀ ਨਾਲ ਜਪਾਨੀ ਉਪਰ ਹਮਲੇ ਸ਼ੁਰੂ ਕਰ ਦਿੱਤੇ। ਜਪਾਨੀ ਕਰਤਾਰ ਦੀ ਤੇਜ਼ੀ ਵੇਖ ਕੇ ਦਹਿਲ ਗਿਆ ਅਤੇ ਅੱਗੇ ਵਧ ਕੇ ਹਮਲਾ ਕਰਨ ਦੀ ਥਾਂ ਪਿੱਛੇ ਰਹਿ ਕੇ ਬਚਾਅ ਕਰਨ ਲੱਗਾ। ਉਸ ਨੂੰ ਸੁਸਤ ਹੁੰਦਿਆਂ ਅਤੇ ਹੱਥ ਨਾ ਹਿਲਾਉਂਦਿਆਂ ਵੇਖ ਕਾਸ਼ਨ ਮਿਲਣ ਲੱਗੇ। ਕਰਤਾਰ ਦਾ ਵਾਰ ਵਾਰ ਹਮਲਾ ਤੇ ਉਸ ਦਾ ਵਾਰ ਵਾਰ ਪਿੱਛੇ ਹਟਣਾ ਜਾਰੀ ਸੀ। ਇਕ ਤੋਂ ਬਾਦ ਇਕ ਪੂਰੇ ਤਿੰਨ ਕਾਸ਼ਨ ਜਪਾਨੀ ਨੂੰ ਮਿਲੇ। ਕੁਸ਼ਤੀ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਇਕ ਕਾਸ਼ਨ ਉਸ ਨੂੰ ਹੋਰ ਮਿਲਣ ਵਾਲਾ ਸੀ, ਜੋ ਪਤਾ ਨਹੀਂ ਕਿਸ ਕਾਰਨ ਨਹੀਂ ਦਿੱਤਾ ਗਿਆ। ਅਗਰ ਉਹ ਕਾਸ਼ਨ ਮਿਲ ਜਾਂਦਾ ਤਾਂ ਉਹ ਖੜਾ–ਖੜੋਤਾ ਹੀ ਕੁਸ਼ਤੀ ਹਾਰ ਗਿਆ ਸੀ। ਕੁਝ ਲੋਕਾਂ ਦਾ ਇਹ ਵੀ ਖ਼ਿਆਲ ਹੈ ਕਿ ਜਪਾਨੀ ਕੁਸ਼ਤੀ ਅਧਿਕਾਰੀ ‘ਜੁੰਮੇ' ਦੀ ਹੋਂਦ ਦਾ ਖ਼ਿਆਲ ਕਰਕੇ ਇਹ ਕਾਸ਼ਨ ਰੋਕ ਲਿਆ ਗਿਆ।
ਪਰ ਫਿਰ ਵੀ ਹੁਣ ਜੇ ਉਹ ਜਪਾਨੀ ਸੁਸਤ ਰਹਿੰਦਾ ਤਾਂ ਕਾਸ਼ਨ ਮਿਲਣ ਦਾ ਖ਼ਤਰਾ ਸੀ। ਹੁਣ ਤਾਂ ਉਸ ਨੂੰ ਮਾਰੀਦਿਆਂ ਵੀ ਲੜਨਾ ਹੀ ਪੈਣਾ ਸੀ। ਆਪਣੀ ਗਤੀ ਦਾ ਪ੍ਰਗਟਾਵਾ ਕਰਨ ਲਈ ਉਹ ਇਕ ਦਮ ਕਰਤਾਰ ਦੇ ਪੱਟਾਂ ਵੱਲ ਹੱਥ ਪਾਉਣ ਲਈ ਅਹੁਲਿਆ। ਉਹਦੇ ਆਪਣੇ ਪੱਟਾਂ ਵੱਲ ਝੁਕੇ ਜਿਸਮ ਨੂੰ ਉਤੋਂ ਦੱਬਣ ਲਈ ਕਰਤਾਰ ਨੇ ਉਹਦੇ ਉਪਰ ਉØੱਲਰ ਕੇ ਉਸ ਨੂੰ ਕਾਬੂ ਕਰਨਾ ਚਾਹਿਆ ਤਾਂ ਜਪਾਨੀ ਨੇ ਪੱਟਾਂ ਵਲੋਂ ਹਟ ਕੇ ਉਪਰੋਂ ਬਚਣ ਲਈ ਪੂਰੇ ਜ਼ੋਰ ਨਾਲ ਆਪਣਾ ਸਿਰ ਸਿੱਧਾ ਖੜਾ ਕਰਨ ਲਈ ਉਤਾਂਹ ਨੂੰ ਚੁੱØਕਿਆ ਤਾਂ ਉਹਦਾ ਝੋਟੇ ਦੇ ਸਿਰ ਵਰਗਾ ਸਖ਼ਤ ਅਸਪਾਤੀ ਸਿਰ ਉਸ ਉਪਰ ਝੁਕੇ ਹੋਏ ਕਰਤਾਰ ਦੇ ਮੂੰਹ ਨਾਲ ਵੱਜਾ। ਉਹਦੇ ਸਿਰ ਅਤੇ ਕਰਤਾਰ ਦੇ ਜਬਾੜਿਆਂ ਦੇ ਆਪਸ ਵਿਚ ਟਕਰਾਉਣ ਦੀ ਆਵਾਜ਼ ਸਟੇਡੀਅਮ ਵਿਚ ਇੰਜ ਗੂੰਜੀ ਜਿਵੇਂ ਪੱਥਰ ਉØੱਤੇ ਪੱਥਰ ਵੱਜਾ ਹੋਵੇ।
ਉਹਦੇ ਸਿਰ ਦੀ ਮਾਰੂ ਸੱਟ ਨੇ ਕਰਤਾਰ ਦੇ ਦੰਦਾਂ ਦੇ ਦੋਵੇਂ ਹੀ ਪੀਹੜ ਅੰਦਰ ਨੂੰ ਧਸਾ ਦਿੱਤੇ। ਜਿਵੇਂ ਖੜੀ–ਖੜੋਤੀ ਕੰਧ ਡਿੱਗਣ ਲਈ ਉØੱਲਰ ਪਈ ਹੋਵੇ। ਦੰਦ ਅੰਦਰਵਾਰ ਨੂੰ ਹਿੱਲ ਕੇ ਟੇਢੇ ਹੋ ਗਏ ਅਤੇ ਧੁਰ ਜੜ੍ਹਾਂ ਤੱਕ ਝੰਜੋੜੇ ਅਤੇ ਪੁੱਟੇ ਗਏ। ਮੂੰਹ ਵਿਚੋਂ ਖ਼ੂਨ ਦੀਆਂ ਬੋਟੀਆਂ ਡਿੱਗਣ ਲੱਗੀਆਂ। ਗੱਦੇ ਉØੱਤੇ ਖ਼ੂਨ ਦੇ ਛਿੱਟੇ ਮੀਂਹ ਦੀ ਬਾਰੀਕ ਵਾਛੜ ਵਾਂਗ ਕਿਰਨ ਲੱਗੇ। ਪਰ ਕਰਤਾਰ ਨੇ ਨਾ ਹੀ ਕੋਈ ਹਾਲ–ਪਾਹਰਿਆ ਕੀਤੀ, ਨਾ ਹੀ ਚੀਕ–ਚਿਹਾੜਾ ਪਾਇਆ ਤੇ ਨਾ ਹੀ ਕੁਸ਼ਤੀ ਰੋਕਣ ਲਈ ਕਿਹਾ।
ਵੇਖਣ ਵਾਲਿਆਂ ਨੂੰ ਕੀ ਪਤਾ ਸੀ ਕਿ ਸੱਟ ਕਿੰਨੀ ਕੁ ਹੈ? ਆਖ਼ਰਕਾਰ ਜਦੋਂ ਲਹੂ ਬੰਦ ਹੀ ਨਾ ਹੋਇਆ ਤਾਂ ਕੁਸ਼ਤੀ ਰੋਕ ਲਈ ਗਈ। ਡਾਕਟਰ ਭੱਜਾ ਆਇਆ, ਕੋਚ ਤੇ ਹਮਦਰਦ ਦੌੜੇ ਆਏ। ਦੰਦਾਂ ਦੇ ਪੀਹੜ ਬੁਰੀ ਤਰ੍ਹਾਂ ਉØੱਖੜ ਗਏ ਸਨ, ਲਹੂ ਦੀਆਂ ਘਰਾਲਾਂ ਵਗੀ ਜਾ ਰਹੀਆਂ ਸਨ। ਸਾਥੀਆਂ, ਅਧਿਕਾਰੀਆਂ ਤੇ ਡਾਕਟਰ ਨੇ ਸਲਾਹ ਦਿੱਤੀ ਕਿ ਇਸ ਹਾਲਤ ਵਿਚ ਡਹਿਣਾ ਹੁਣ ਖ਼ਤਰੇ ਤੋਂ ਖ਼ਾਲੀ ਨਹੀਂ। ਏਨੇ ਚਿਰ ਵਿਚ ਕਰਤਾਰ ਦਾ ਮੂੰਹ ਸੁੱਜ ਚੁੱਕਾ ਸੀ ਅਤੇ ਸ਼ਕਲ ਪਛਾਣੀ ਨਹੀਂ ਸੀ ਜਾਂਦੀ। ਪਰ ਕਰਤਾਰ ਇੰਜ ਹਾਰ ਮੰਨਣ ਵਾਲਾ ਨਹੀਂ ਸੀ। ਉਸ ਨੇ ਕੁਸ਼ਤੀ ਲੜਨੀ ਜਾਰੀ ਰੱਖੀ। ਹੱਟ ਹੱਟ ਕੇ ਵਾਰ ਕਰਦਾ ਰਿਹਾ, ਪਰ ਅੰਤਿਮ ਛਿਣਾਂ ਤੱਕ ਪਹੁੰਚਦਿਆਂ ਉਹ ਜ਼ਖ਼ਮੀ ਤੇ ਪੀੜੋ–ਪੀੜ ਹੋਣ ਕਰਕੇ ਇੱਕ ਅੰਕ 'ਤੇ ਕੁਸ਼ਤੀ ਹਾਰ ਗਿਆ।
ਕਰਤਾਰ ਨੂੰ ਇਹ ਕੁਸ਼ਤੀ ਹਾਰ ਜਾਣ ਦਾ ਬੜਾ ਹਿਰਖ ਸੀ ਪਰ ਬਾਕੀ ਸਭ ਨੂੰ ਉਸਦੀ ਹਾਲਤ ਵੇਖ ਕੇ ਉਸਦਾ ਇਲਾਜ ਕਰਾਉਣ ਦਾ ਫ਼ਿਕਰ ਪਿਆ ਹੋਇਆ ਸੀ। ਉØੱਖੜੇ ਹੋਏ ਦੰਦਾਂ, ਵਗਦੇ ਲਹੂ ਤੇ ਸੁੱਜੇ ਹੋਏ ਮੂੰਹ ਨੂੰ ਵੇਖ ਕੇ ਕੁਝ ਆਪਣੇ ਤਾਂ ਨਾਰਾਜ਼ ਹੀ ਹੋ ਗਏ ਕਿ ਕੁਸ਼ਤੀ ਵਿਚੋਂ ਹੀ ਕਿਉਂ ਨਾ ਛੱਡੀ? ਕਰਤਾਰ ਹੁਣ ਕੁਝ ਬੋਲ ਸਕਣ ਤੋਂ ਅਸਮਰਥ ਸੀ। ਪਰ ਉਹਦੀਆਂ ਅੱਖਾਂ ਇਹ ਰਾਇ ਦੇਣ ਵਾਲੇ ਨੂੰ ਇੰਜ ਦੇਖ ਰਹੀਆਂ ਸਨ ਜਿਵੇਂ ਕਹਿ ਰਹੀਆਂ ਹੋਣ, ‘‘ਰਣ ਵਿਚੋਂ ਭੱਜਣਾਂ ਗੀਦੀਆਂ ਦਾ ਕੰਮ ਹੈ, ਸੂਰਮਿਆਂ ਦਾ ਨਹੀਂ।''
ਉਹਨੇ ਮੂੰਹ ਖੋਲ੍ਹਣਾ ਚਾਹਿਆ ਆਪਣੇ ਵਡੇਰਿਆਂ ਦਾ ਕਥਨ ਬੋਲਣ ਲਈ ਪਰ ਨਾ ਜੀਭ ਅਤੇ ਨਾ ਜਬਾੜਿਆਂ ਨੇ ਉਹਦਾ ਕਿਹਾ ਮੰਨਿਆਂ। ਉਸ ਦੇ ਮਨ ਵਿਚ ਉØੱਠੀ ਆਵਾਜ਼ ਉਹਦੇ ਆਪਣੇ ਹੀ ਗੁੰਬਦ 'ਚ ਗੂੰਜ ਪਈ।
‘‘ਪੁਰਜ਼ਾ ਪੁਰਜ਼ਾ ਕੱਟ ਮਰੇ... ਕਬਹੂੰ ਨਾ ਛੋਡਹਿ ਖੇਤ...''
ਕਰਤਾਰ ਹੁਰਾਂ ਦਾ ਉਤਾਰਾ ਰਾਜ ਮਹਿਲ ਹੋਟਲ ਜਲੰਧਰ ਵਿਚ ਸੀ। ਪਰ ਉਧਰ ਜਾਣ ਦੀ ਥਾਂ ਉਹ ਉਸ ਨੂੰ ਹਸਪਤਾਲ ਨੂੰ ਲੈ ਤੁਰੇ। ਸਰਵਣ, ਅਮਰ ਸਿੰਘ, ਨਾਜ਼ਰ ਸਿੰਘ ਤੇ ਕੁਝ ਹੋਰ ਦੋਸਤ–ਮਿੱਤਰ ਨਾਲ ਤੁਰ ਪਏ।
ਲੇਡੀ ਡਾਕਟਰ ਹੈਰਾਨ ਰਹਿ ਗਈ ਇਹ ਸੁਣ ਕੇ ਕਿ ਇਸ ਹਾਲਤ ਵਿਚ ਵੀ ਕਰਤਾਰ ਕੁਸ਼ਤੀ ਲੜਦਾ ਰਿਹਾ ਸੀ। ਉਹਦੇ ਅਗਲੇ ਕੁਝ ਦੰਦ ਤਾਂ ਬਿਲਕੁਲ ਹੀ ਜਵਾਬ ਦੇ ਗਏ ਸਨ ਪਰ ਲੇਡੀ ਡਾਕਟਰ ਨੇ ਬੜੀ ਹਿੰਮਤ ਨਾਲ ਬੜਾ ਸਮਾਂ ਲਾ ਕੇ ਕਰਤਾਰ ਦਾ ਇਕੱਲਾ ਇਕੱਲਾ ਦੰਦ ਸਿੱਧਾ ਕੀਤਾ ਅਤੇ ਉਨ੍ਹਾਂ ਨੂੰ ਤਾਰਾਂ ਪਾ ਕੇ ਬੰਨ੍ਹ ਦਿੱਤਾ। ਦੰਦਾਂ ਦੀ ਵਿਆਕੁਲ ਕਰਨ ਵਾਲੀ ਪੀੜ ਪੈਰਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਤਿੱਖੀ ਅੱਗ ਵਿਚ ਭਖ਼ਦੀ, ਜ਼ਹਿਰ ਵਿਚ ਭਿੱਜੀ ਛੁਰੀ ਵਾਂਗ ਫਿਰ ਰਹੀ ਸੀ। ਮੂੰਹ ਵਿਚੋਂ ਬੋਲ ਨਹੀਂ ਸੀ ਨਿਕਲਦਾ ਪਿਆ। ਹੋਰ ਕੁਝ ਤਾਂ ਖਾਣ–ਪੀਣ ਦਾ ਸੁਆਲ ਹੀ ਨਹੀਂ ਸੀ ਰਹਿ ਗਿਆ। ਰਾਤ ਨੂੰ ਥੋੜ੍ਹਾ ਜਿਹਾ ਮੱਖਣ ਮੰਗਵਾਇਆ ਗਿਆ। ਨਾਜ਼ਰ ਪਹਿਲਵਾਨ ਹੌਲੇ ਜਿਹੇ ਉਸ ਦਾ ਮੂੰਹ ਖੁਲ੍ਹਵਾਉਂਦਾ ਅਤੇ ਚਿਮਚਾ ਲੰਘਣ ਜਿੰਨਾ ਰਾਹ ਬਣਨ ਪਿੱਛੋਂ ਕਰਤਾਰ ਦੇ ਗਲੇ਼ ਵਿਚ ਮੱਖਣ ਦਾ ਚਮਚਾ ਉਲੱਦ ਦਿੰਦਾ। ਇੰਜ ਕੁਝ ਚਮਚੇ ਮੱਖਣ ਦੇ ਹੀ ਉਹ ਅੰਦਰ ਨੂੰ ਤਰਾਵਟ ਦੇਣ ਲਈ ਨਿਗਲ ਸਕਿਆ। ਸਾਰੀ ਰਾਤ ਪੀੜ ਨਾਲ ਉਸਨੂੰ ਨੀਂਦ ਨਹੀਂ ਆਈ। ਡਾਕਟਰ ਨੇ ਬਿਸਤਰੇ ਤੋਂ ਨਾ ਉØੱਠਣ ਦੀ ਸਖ਼ਤ ਹਦਾਇਤ ਦਿੱਤੀ ਹੋਈ ਸੀ। ਕਰਤਾਰ ਸੋਚ ਰਿਹਾ ਸੀ, ‘‘ ਇਹ ਕੇਹੀ ਬਦਕਿਸਮਤੀ ਹੈ, ਆਪਣੇ ਘਰ ਵਿਚ ਆਪਣੇ ਲੋਕਾਂ ਸਾਹਮਣੇ ਕੁਝ ਕਰਕੇ ਵਿਖਾਉਣ ਦਾ ਮੌਕਾ ਮਿਲਿਆ ਤਾਂ ਰੱਬ ਨੇ ਇਹ ਸੱਟ ਮਾਰ ਦਿੱਤੀ। ਫੇਰ ਇਹ ਮੌਕਾ ਖ਼ਬਰੇ ਜ਼ਿੰਦਗੀ ਵਿਚ ਕਦੀ ਵੀ ਨਾ ਮਿਲੇ...''
ਉਸ ਨੇ ਪੋਲੇ ਪੋਲੇ ਹੱਥਾਂ ਨਾਲ ਆਪਣਾ ਚਿਹਰਾ ਸਹਿਲਾਇਆ। ਉØੱਖੜੇ ਹੋਏ ਦੰਦਾਂ ਨੂੰ ਜੀਭ ਨਾਲ ਪੋਲਾ ਪੋਲਾ ਛੋਹਿਆ। ਪੀੜ ਦੀ ਇਕ ਲਹਿਰ ਜਿਸਮ ਵਿਚ ਫੈਲ ਗਈ। ਇਹਨਾਂ ਕੁਸ਼ਤੀਆਂ ਵਿਚ ਤਿੰਨ ਭਲਵਾਨ ਹੀ ਤਾਂ ਸਨ– ਜੇ ਉਹ ਅਗਲੇ ਦਿਨ ਈਰਾਨੀ ਭਲਵਾਨ ਨਾਲ ਘੁਲਣ ਲਈ ਵਜ਼ਨ ਕਰਵਾ ਲਵੇ ਤਾਂ ਉਸ ਨੂੰ ਤਾਂਬੇ ਦਾ ਤਮਗਾ ਮਿਲ ਸਕਦਾ ਸੀ। ਪਰ ਉਸ ਨੂੰ ਵਜ਼ਨ ਕਿਸ ਨੇ ਕਰਵਾਉਣ ਦੇਣਾ ਸੀ। ਉਹ ਤਾਂ ਬਿਸਤਰੇ ਤੋਂ ਨਹੀਂ ਸੀ ਉØੱਠ ਸਕਦਾ। ਉØੱਠਣਾ ਉਸਨੂੰ ਮਨ੍ਹਾ ਸੀ।
ਉਸ ਨੇ ਆਪਣੇ ਕੋਚ ਭਗਵਤ ਸਾਹਿਬ ਨੂੰ ਇਸ਼ਾਰੇ ਨਾਲ ਬੁਲਵਾਇਆ ਤੇ ਮੂੰਹ ਵਿਚੋਂ ਹੌਲੀ ਜਿਹੀ ਬੁੜਬੁੜ ਕੀਤੀ। ਨਾਜ਼ਰ ਸਿੰਘ ਨੇ ਸਮਝਾਇਆ, ‘‘ਭਗਵਤ ਸਾਹਿਬ ਇਹ ਕਹਿੰਦੈ ਮੇਰਾ ਵਜ਼ਨ ਹੀ ਕਰਵਾ ਦਿਓ ਤਾਂ ਕਿ ਮੈਂ ਕਾਂਸੀ ਦੇ ਤਮਗ਼ੇ ਦਾ ਹੱਕਦਾਰ ਬਣ ਸਕਾਂ''
ਭਗਵਤ ਸਾਹਿਬ ਨੇ ਕਰਤਾਰ ਦੀਆਂ ਅੱਖਾਂ ਵੱਲ ਵੇਖਿਆ। ਉਥੇ ਦ੍ਰਿੜ੍ਹਤਾ ਭਰੀ ਲਿਸ਼ਕ ਵੇਖ ਕੇ ਉਨ੍ਹਾਂ ਦਾ ਚਿਹਰਾ ਮੁਸਕਾਨ ਨਾਲ ਭਰ ਗਿਆ।
‘‘ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਕਿਵੇਂ ਮੁਮਕਿਨ ਹੋ ਸਕਦਾ ਹੈ'' ਚਾਹੁੰਦੇ ਹੋਏ ਵੀ ਭਗਵਤ ਸਾਹਿਬ ਕੋਈ ਖ਼ਤਰਾ ਮੁੱਲ ਨਹੀਂ ਸਨ ਲੈਣਾ ਚਾਹੁੰਦੇ।
ਕਰਤਾਰ ਦਾ ਚਿਹਰਾ ਇਕ ਦਮ ਬੁਝ ਗਿਆ। ਉਹਦੀ ਨਿਰਾਸ਼ਾ ਨੂੰ ਭਾਂਪ ਕੇ ਸਾਥੀਆਂ ਦੀ ਸਲਾਹ ਨਾਲ ਭਗਵਤ ਸਾਹਿਬ ਨੇ ਡਾਕਟਰਾਂ ਤੋਂ ਸਵੇਰੇ ਸਿਰਫ਼ ਵਜ਼ਨ ਕਰਵਾਉਣ ਲਈ ਛੁੱਟੀ ਲੈਣੀ ਚਾਹੀ। ਡਾਕਟਰ ਨੇ ਸਾਫ਼ ਇਨਕਾਰ ਕਰ ਦਿੱਤਾ। ਉਸਨੂੰ ਵਾਰ ਵਾਰ ਕਰਤਾਰ ਦੀਆਂ ਭਾਵਨਾਵਾਂ ਦਾ ਖ਼ਿਆਲ ਕਰਨ ਲਈ ਪ੍ਰੇਰਿਤ ਕਰਨਾ ਚਾਹਿਆ। ਪਰ ਡਾਕਟਰ ਨੇ ਇਕ ਹੀ ਨੰਨਾ ਫੜੀ ਰੱØਖਿਆ। ਆਖ਼ਰ ਰਾਤ ਦੇ ਇੱਕ ਵਜੇ ਡਾਕਟਰ ਨੂੰ ਮਨਾਇਆ ਜਾ ਸਕਿਆ ਕਿ ਕਰਤਾਰ ਨੂੰ ਬੜੀ ਸਾਵਧਾਨੀ ਨਾਲ ਸਟੇਡੀਅਮ ਵਿਚ ਲਿਜਾਇਆ ਜਾਵੇਗਾ ਅਤੇ ਸਿਰਫ਼ ਵਜ਼ਨ ਕਰਵਾ ਕੇ ਵਾਪਸ ਲੈ ਆਂਦਾ ਜਾਵੇਗਾ।
ਆਗਿਆ ਮਿਲ ਜਾਣ 'ਤੇ ਕਰਤਾਰ ਨੇ ਸੁੱਖ ਦਾ ਸਾਹ ਲਿਆ ਪਰ ਅਜੇ ਵੀ ਉਹਦਾ ਮਨ ਪੀੜ–ਪੀੜ ਸੀ। ਸੂਲਾਂ ਤੇ ਸੂਈਆਂ ਨਾਲ ਵਿੰਨ੍ਹਿਆ ਪਿਆ। ਜਿਸਮ ਦੀ ਪੀੜ ਤੋਂ ਮਨ ਦੀ ਪੀੜ ਹੋਰ ਵੀ ਡੂੰਘੀ ਹੋ ਗਈ ਸੀ।
‘‘ਮੈਂ ਸ਼ਾਇਦ ਦੰਦ ਬੋੜਾ ਬਾਬਾ ਹੀ ਬਣ ਜਾਵਾਂ।'' ਪਲ ਭਰ ਉਸਦਾ ਧਿਆਨ ਇਸ ਪਾਸੇ ਗਿਆ ਪਰ ਅਗਲੇ ਛਿਣ ਹੀ ਉਹ ਫਿਰ ਭੀੜ ਭਰੇ ਸਟੇਡੀਅਮ ਵਿਚ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਵਿਚ ਆਪਣੇ ਆਪ ਨੂੰ ਘੁਲ ਰਿਹਾ ਵੇਖਦਾ, ਜਿੱਤ ਕੇ ਖ਼ੁਸ਼ੀ ਵਿਚ ਉØੱਛਲਦਾ, ਮੰਚ ਉØੱਤੇ ਖਲੋਤਾ ਸੋਨੇ ਦਾ ਮੈਡਲ ਗਲ ਵਿਚ ਪੁਆ ਰਿਹਾ, ਉਹ ਮੁਹੱਬਤੀ ਲੋਕਾਂ ਦੀਆਂ ਤਾੜੀਆਂ ਦਾ ਜੁਆਬ ਮਿੱਠੀ ਮੁਸਕਰਾਹਟ ਨਾਲ ਹੱਥ ਹਿਲਾ ਕੇ ਦੇ ਰਿਹਾ ਹੁੰਦਾ।
ਜਦੋਂ ਉਹ ਆਪਣੇ ਹੀ ਜੇਤੂ ਚਿਹਰੇ ਨੂੰ ਪਛਾਨਣ ਦੀ ਕੋਸ਼ਿਸ਼ ਕਰਦਾ ਤਾਂ ਉਥੇ ਕੋਈ ਹੋਰ ਹੀ ਚਿਹਰਾ ਨਜ਼ਰ ਆਉਣ ਲੱਗ ਪੈਂਦਾ। ਉਹ ਹੈਰਾਨ ਸੀ ਹੁਣੇ ਹੀ ਘੁਲ ਕੇ ਜਿੱਤਣ ਵਾਲਾ ਉਹਦਾ ਆਪਣਾ ਆਪ ਕਿੱਥੇ ਸੀ ! ਇਹ ਤਾਂ ਕੋਈ ਹੋਰ ਸੀ; ਜਿਸ ਨੂੰ ਵੇਖ ਕੇ ਲੋਕ ਤਾੜੀਆਂ ਮਾਰ ਰਹੇ ਸਨ, ਛਾਤੀ ਨਾਲ ਘੁੱਟ ਰਹੇ ਸਨ, ਉਹ ਆਪ ਤਾਂ ਭੀੜ ਦੇ ਪਿਛਲੇ ਪਾਸੇ ਇੱਕਲਵੰਞੇ ਆਪਣਾ ਮੂੰਹ ਛੁਪਾਈ ਲੁਕਿਆ ਖਲੋਤਾ ਸੀ। ਲੰਮੇ ਪਏ ਪਏ ਕਰਤਾਰ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਉਹਨੇ ਆਪਣੇ ਆਪ ਨੂੰ ਢਾਰਸ ਦੇਣ ਦਾ ਯਤਨ ਕੀਤਾ। ‘‘ਚੱਲ, ਵਜ਼ਨ ਕਰਾਉਣ ਦੀ ਆਗਿਆ ਮਿਲ ਗਈ। ਕਾਂਸੀ ਦਾ ਤਮਗ਼ਾ ਤਾਂ ਖਰਾ ਹੈ।''
‘ਪਰ ਕੀ ਮੈਂ ਉਸ ਈਰਾਨੀ ਭਲਵਾਨ ਨਾਲ ਕੁਸ਼ਤੀ ਨਹੀਂ ਲੜ ਸਕਾਂਗਾ ?'
ਉਸ ਨੇ ਆਪਣੇ ਆਪ ਨੂੰ ਸੁਆਲ ਕੀਤਾ ਤੇ ਕੋਈ ਸੰਤੋਸ਼ਜਨਕ ਜੁਆਬ ਨਾ ਪਾ ਕੇ ਗੁੰਮ ਸੁੰਮ ਹੋ ਗਿਆ।
ਅਗਲਾ ਦਿਨ ਚੜ੍ਹਿਆ, ਡੂੰਘੀ ਉਦਾਸੀ ਦੇ ਆਲਮ ਵਿਚ ਭਿੱਜਾ ਉਹ ਵਜ਼ਨ ਕਰਾਉਣ ਲਈ ਸਟੇਡੀਅਮ ਜਾਣ ਲਈ ਤਿਆਰ ਹੋਣ ਲੱਗਾ। ਇਹ ਸ਼ਾਇਦ ਹੁਣ ਤੱਕ ਦੀ, ਕੁਸ਼ਤੀ ਦੇ ਇਤਿਹਾਸ ਵਿਚ, ਉਸ ਨੂੰ ਸਭ ਤੋਂ ਸੋਗੀ ਸਵੇਰ ਲੱਗੀ, ਜਿਸ ਵਿਚ ਘਰੋਂ ਆਈਆਂ ਬਰਕਤਾਂ ਵਾਪਸ ਮੁੜ ਜਾਣ ਦਾ ਗਮ ਉਹਦੇ ਮਨ ਨੂੰ ਸੱਲ੍ਹ ਗਿਆ।
ਸਟੇਡੀਅਮ ਵਿਚ ਉਹਦੇ ਪ੍ਰਸੰਸਕਾਂ ਦੀ ਭੀੜ ਉਹਦੇ ਆਲੇ–ਦੁਆਲੇ ਇਕੱਠੀ ਹੋ ਗਈ। ਸੁੱਖ–ਸਾਂਦ ਪੁੱਛਣ ਲੱਗੇ। ਅਫ਼ਸੋਸ ਕਰਨ ਲੱਗੇ ਕਿ ਉਹ ਕਰਤਾਰ ਦੀ ਕੁਸ਼ਤੀ ਨਹੀਂ ਵੇਖ ਸਕਣ ਲੱਗੇ। ਉਹਦੇ ਦੋਵੇਂ ਗੁਰੂ ਹਨੂੰਮਾਨ ਅਤੇ ਦਾਰਾ ਸਿੰਘ ਉਹਦੇ ਨਾਲ ਹਮਦਰਦੀ ਭਿੱਜੀਆਂ ਗੱਲਾਂ ਕਰਕੇ ਉਸਨੂੰ ਹੌਂਸਲਾ ਰੱਖਣ ਲਈ ਕਹਿ ਰਹੇ ਸਨ। ਚੈਂਪੀਅਨਸ਼ਿੱਪਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਸਰੀਰ ਠੀਕ ਰਹਿਣਾ ਚਾਹੀਦਾ ਹੈ। ਬੰਦਾ ਜਿਉਂਦਾ ਵਸਦਾ ਰਹੇ, ਰਾਜ਼ੀ ਬਾਜ਼ੀ ਰਹੇ !
ਪਰ ਕਰਤਾਰ ਨੂੰ ਇਹ ਹਮਦਰਦੀ ਵੀ ਪੀੜੀ ਜਾ ਰਹੀ ਸੀ। ਆਪਣੇ ਇਨ੍ਹਾਂ ਮਿੱਤਰ ਪਿਆਰਿਆਂ ਤੇ ਪ੍ਰਸੰਸਕਾਂ ਸਾਮਹਣੇ ਉਹ ਅਪਾਹਜ ਹੋ ਕੇ ਪਾਸੇ ਬੈਠਾ ਰਹੇਗਾ ਤੇ ਹੋਰ ਲੋਕ ਗਲਾਂ ਵਿਚ ਸੋਨੇ ਚਾਂਦੀ ਦੇ ਤਮਗ਼ੇ ਲਟਕਾ ਕੇ ਤੁਰ ਜਾਣਗੇ। ‘‘ਹਾਇ ਓਇ ਰੱਬਾ ! ਇਹ ਕੀ ਗੱਲ ਹੋ ਗਈ ?''
‘ਕੀ ਭਲਾ ਮੈਂ ਇਸ ਹਾਲਤ ਵਿਚ ਵੀ ਕੁਸ਼ਤੀ ਨਹੀਂ ਲੜ ਸਕਦਾ!' ਇਕ ਪਲ ਲਈ ਇਹ ਖ਼ਿਆਲ ਜਿਵੇਂ ਬਿਜਲੀ ਵਾਂਗ ਉਹਦੇ ਮਨ 'ਚ ਲਿਸ਼ਕਿਆ। ਨਾਜ਼ਰ ਸਿੰਘ ਨੇ ਉਹਦੀਆਂ ਅੱਖਾਂ ਦੀ ਉਦਾਸ ਲਿਸ਼ਕ ਵਿਚੋਂ ਜਿਵੇਂ ਇਹ ਸੁਆਲ ਪੜ੍ਹ ਲਿਆ ਸੀ। ਉਹ ਕਰਤਾਰ ਨੂੰ ਬਾਹੋਂ ਫੜ ਕੇ ਸਟੇਡੀਅਮ ਦੇ ਪਿਛਲੇ ਪਾਸੇ ਪਈਆਂ ਕੁਰਸੀਆਂ ਵੱਲ ਇਕਲਵਾਂਝੇ ਲੈ ਗਿਆ। ਨਾਜ਼ਰ ਸਿੰਘ ਵੀ ਆਪਣੇ ਵੱਲ ਲੋਕਾਂ ਦੀਆਂ ਨਜ਼ਰਾਂ ਮੁੜਦੀਆਂ ਵੇਖ ਕੇ ਅੰਦਰੇ–ਅੰਦਰ ਸ਼ਰਮ ਮਹਿਸੂਸ ਕਰ ਰਿਹਾ ਸੀ।
ਇਕ ਕੁਰਸੀ 'ਤੇ ਬੈਠ ਕੇ ਨਾਜ਼ਰ ਸਿੰਘ ਨੇ ਕਰਤਾਰ ਨੂੰ ਸਾਹਮਣੇ ਬਿਠਾ ਕੇ ਆਪਣੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਸੁਣਨ ਲਈ ਆਖਿਆ। ਕਰਤਾਰ ਚੇਤੰਨ ਹੋ ਕੇ ਨਾਜ਼ਰ ਸਿੰਘ ਦੇ ਮੂੰਹ ਵੱਲ ਵੇਖਣ ਲੱਗਾ।
‘‘ਤੂੰ ਜ਼ਿਲ੍ਹੇ ਕਿਹੜੇ ‘ਚ ਜੰਮਿਐਂ ? ਅੰਮ੍ਰਿਤਸਰ 'ਚ ਨਾ ?'' ਨਾਜ਼ਰ ਨੇ ਆਪੇ ਹੀ ਸੁਆਲ ਕਰਕੇ ਆਪ ਹੀ ਜੁਆਬ ਦੇ ਦਿੱਤਾ। ਕਰਤਾਰ ਬੋਲ ਨਹੀਂ ਸੀ ਸਕਦਾ, ਉਸ ਨੇ ਸਿਰਫ਼ ਸਿਰ ਹਿਲਾ ਕੇ ਹਾਮੀ ਭਰੀ।
‘‘ਤੂੰ ਸਿੱਖ ਕੌਮ 'ਚ ਜੰਮਿਐਂ ਨਾ ?'' ‘ਹਾਂ' ਵਿਚ ਕਰਤਾਰ ਦਾ ਸਿਰ ਹਿੱਲ ਰਿਹਾ ਸੀ।
‘‘ਤੇਰਾ ਪਿੰਡ ਸੁਰ ਸਿੰਘ ਹੀ ਹੈ ਨਾ?''
ਕਰਤਾਰ ਮੁਸਕਰਾ ਰਿਹਾ ਸੀ। ਉਹ ਨਾਜ਼ਰ ਸਿੰਘ ਦੀਆਂ ਗੱਲਾਂ ਦੇ ਅਰਥਾਂ ਦੀ ਤਹਿ ਤੱਕ ਉਤਰਨ ਦਾ ਯਤਨ ਕਰਨ ਲੱਗਾ।
‘‘ਤੇਰੇ ਪਿੰਡ ਦਾ ਬਿਧੀ ਚੰਦ ਬਲਦੇ ਭੱਠ ਵਿਚ ਬਹਿ ਗਿਆ ਸੀ ਨਾ? ਬਾਬਾ ਮਹਾਂ ਸਿੰਘ ਤੀਰਾਂ ਤਲਵਾਰਾਂ ਨਾਲ ਵਿੰਨ੍ਹਿਆ ਖ਼ਿਦਰਾਣੇ ਦੀ ਢਾਬ ਕੰਢੇ ਦਸ਼ਮੇਸ਼ ਪਿਤਾ ਦੀ ਝੋਲੀ ਵਿਚ ਜਾ ਪਿਆ ਸੀ ਨਾ ?''
ਨਾਜ਼ਰ ਸਿੰਘ ਬੋਲੀ ਜਾ ਰਿਹਾ ਸੀ। ਕਰਤਾਰ ਸੁਣੀ ਜਾ ਰਿਹਾ ਸੀ। ਹਰੇਕ ਬੋਲ ਜਿਵੇਂ ਉਹਦੇ ਜੰਮੇ ਹੋਏ ਖ਼ੂਨ ਨੂੰ ਖੋਰੀ ਜਾ ਰਿਹਾ ਸੀ। ‘‘ਕਰਤਾਰ, ਤੁਹਾਡੇ ਪਿੰਡ ਤੋਂ ਪਰ੍ਹੇ ਤੁਹਾਡੀਆਂ ਪੈਲੀਆਂ ਤੋਂ ਥੋੜ੍ਹੀ ਦੂਰ ਹੀ ਪੂਹਲਿਆਂ ਵਾਲੇ ਭਾਈ ਤਾਰੂ ਸਿੰਘ ਦਾ ਗੁਰਦੁਆਰਾ ਹੈ, ਉਹਦੇ ਸਿਰ ਤੋਂ ਖੋਪਰ ਲਾਹ ਦਿੱਤਾ ਸੀ ਨਾ ਸੂਬੇ ਨੇ ! ਪਰ ਲੱਥੀ ਖੋਪਰੀ ਤੋਂ ਪਿੱਛੋਂ ਵੀ ਸਿੰਘ ਓਨਾ ਚਿਰ ਜਿਉਂਦਾ ਰਿਹਾ ਤੇ ਮੌਤ ਨਾਲ ਲੜਦਾ ਰਿਹਾ, ਜਿੰਨਾ ਚਿਰ ਆਪਣੇ ਛਿੱਤਰ ਅੱਗੇ ਲਾ ਕੇ ਸੂਬੇ ਨੂੰ ਨਾਲ ਨਹੀਂ ਲੈ ਗਿਆ।''
ਕਰਤਾਰ ਕੁਰਸੀ ਤੋਂ ਉØੱਠ ਕੇ ਖਲੋ ਗਿਆ ਪਰ ਨਾਜ਼ਰ ਸਿੰਘ ਹਟਿਆ ਨਹੀਂ। ਉਹ ਸਿੱਖ ਇਤਿਹਾਸ ਦੇ ਹਵਾਲੇ ਉਸ ਦੇ ਆਲੇ ਦੁਆਲਿਉਂ ਹੀ ਚੁਣ ਚੁਣ ਕੇ ਦੇਈ ਜਾ ਰਿਹਾ ਸੀ।
‘‘ਪੂਹਲਿਆਂ ਦੇ ਨਾਲ ਲਗਦਾ, ਖਾਲੜੇ ਵਾਲੀ ਸੜਕ 'ਤੇ ਪੈਂਦਾ, ਪਹੂਵਿੰਡ ਪਿੰਡ ਪਤਾ ਈ ਕਿਸ ਸੂਰਮੇ ਦਾ? ...''
ਐਤਕੀਂ ਨਾਜ਼ਰ ਨੇ ਆਪ ਜੁਆਬ ਨਹੀਂ ਦਿੱਤਾ, ਉਹਨੇ ਕਰਤਾਰ ਦੇ ਸਾਹਮਣੇ ਖੜ੍ਹੇ ਹੋ ਕੇ ਉਹਦੀਆਂ ਅੱਖਾਂ ਵਿਚ ਅੱਖਾਂ ਪਾਕੇ ਕੀਲ ਲੈਣ ਵਾਲੀ ਨਜ਼ਰ ਨਾਲ ਵੇਖਿਆ ਤਾਂ ਕਰਤਾਰ ਦਾ ਚਿਹਰਾ ਅੰਦਰਲੇ ਸੇਕ ਨਾਲ ਜਿਵੇਂ ਭਖ ਕੇ ਲਾਲ ਸੂਹਾ ਹੋ ਗਿਆ।
‘‘ਕੀਹਦਾ ਪਿੰਡ ਐ ਪਹੂੰਵਿੰਡ ? ਮੈਂ ਤੈਨੂੰ ਪੁੱਛਦਾਂ ?'' ਨਾਜ਼ਰ ਨੇ ਦ੍ਰਿੜ੍ਹ ਆਵਾਜ਼ ਵਿਚ ਦੁਬਾਰਾ ਪੁੱØਛਿਆ।
‘‘ਬ..ਬ... ਬ....ਬਾ... ਦੀਪ ਸਿੰਘ ਦਾ...'' ਸੁੱਜੇ ਹੋਏ ਮੂੰਹ ਵਿਚੋਂ ਕਰਤਾਰ ਦੇ ਬੁੜਬੁੜਾਉਂਦੇ ਬੋਲ ਨਿਕਲੇ।
‘‘ਓਇ ਜੇ ਤੇਰੇ ਵੱਡੇ ਵਡੇਰੇ ਵੱਢੇ ਹੋਏ ਸਿਰ ਨਾਲ ਲੜ ਸਕਦੇ ਨੇ ਤਾਂ ਤੂੰ ਸਿਰਫ਼ ਟੁੱਟੇ ਹੋਏ ਦੰਦਾਂ ਕਰਕੇ ਨਹੀਂ ਲੜ ਸਕਦਾ ! ਕਾਹਦਾ ਸਿੰਘ ਐਂ ਤੂੰ .... ਕਲ੍ਹ ਤੂੰ ਏਸ਼ੀਆ 'ਚੋਂ ਫ਼ਸਟ ਆਇਐਂ ਤੇ ਅੱਜ ਤੂੰ ਕੁਛ ਵੀ ਨਾ ਆਵੇਂ, ਤੇਰੇ ਪੱਲੇ ਹੀ ਕੀ ਰਹਿੰਦੈ... ਜੇ ਅੱਜ ਤੂੰ ਚਾਂਦੀ ਦਾ ਤਮਗ਼ਾ ਹੀ ਲੈ ਜਾਵੇਂ, ਚਲੋ ਸੋਨੇ ਦਾ ਤਾਂ ਗਿਆ ਤਾਂ ਇਹ ਕੋਈ ਘੱਟ ਗੱਲ ਤਾਂ ਨਹੀਂ, ਲੋਕੀਂ ਤਾਂ ਸਟੇਟ 'ਚੋਂ ਚਾਂਦੀ ਦਾ ਤਮਗ਼ਾ ਲੈਣ ਲਈ ਦੰਦੀਆਂ ਵਿਲਕਦੇ ਫਿਰਦੇ ਨੇ...। ਹੁਣ ਜੇ ਤੂੰ ਨਹੀਂ ਲੜਦਾ ਤਾਂ ਤੈਨੂੰ ਬਦਨਾਮੀ ਐ... ਸਾਨੂੰ ਬਦਨਾਮੀ ਐ... ਪੂਰੀ ਸਿੱਖ ਕੌਮ ਨੂੰ ਬਦਨਾਮੀ ਐ....''
ਅਜੇ ਨਾਜ਼ਰ ਸਿੰਘ ਦਾ ਲੈਕਚਰ ਖ਼ਤਮ ਨਹੀਂ ਸੀ ਹੋਇਆ ਕਿ ਕਰਤਾਰ ਜੋਸ਼ ਵਿਚ ਬੁੜ੍ਹਕਣ ਲੱਗ ਪਿਆ। ਉਸ ਨੂੰ ‘ਵਾਰਮ ਅੱਪ' ਹੁੰਦਾ ਵੇਖ ਕੇ ਨਾਜ਼ਰ ਸਿੰਘ ਨੂੰ ਚਾਅ ਚੜ੍ਹ ਗਿਆ। ਉਸ ਨੇ ਜਾ ਕੇ ਗੱਲ ਕੀਤੀ ਕਿ ਕਰਤਾਰ ਕੁਸ਼ਤੀ ਲੜੇਗਾ।
‘‘ਨਹੀਂ ਇਹ ਬਹੁਤ ਖ਼ਤਰੇ ਵਾਲੀ ਗੱਲ ਐ... ਇਹ ਰਿਸਕ ਨਹੀਂ ਲੈਣਾ।'' ਭਗਵਤ ਸਾਹਿਬ ਨੇ ਰਾਇ ਦਿੱਤੀ।
‘‘ਇਹਦੇ ਦੰਦਾਂ ਨੂੰ ਰਤਾ ਵੀ ਸੱਟ ਲੱਗ ਗਈ ਤਾਂ ਜਾਹ ਜਾਂਦੀਏ ਹੋ ਜੂਗੀ'' ਕਿਸੇ ਹੋਰ ਨੇ ਕਿਹਾ।
ਟੁੱਟਵੇਂ ਬੋਲਾਂ ਤੇ ਇਸ਼ਾਰੇ ਨਾਲ ਕਰਤਾਰ ਨੇ ਸਮਝਾਇਆ ਕਿ ਦੰਦ ਟੁੱਟ ਜਾਣਗੇ ਤਾਂ ਮੂੰਹ 'ਚੋਂ ਦੰਦਾਂ ਦਾ ਪੀਹੜ ਕੱਢ ਕੇ ਬਾਹਰ ਸੁੱਟ ਦਿਆਂਗਾ ਪਰ ਮੈਂ ਲੜਾਂਗਾ ਜ਼ਰੂਰ।
ਡਾਕਟਰਾਂ ਨਾਲ ਸਲਾਹ ਕੀਤੀ ਗਈ। ਉਹਨਾਂ ਫਿਰ ਮਨ੍ਹਾ ਕਰ ਦਿੱਤਾ। ਹੁਣ ਕਰਤਾਰ ਸਿਰਫ਼ ਆਪਣੇ ਰਿਸਕ 'ਤੇ ਲੜ ਸਕਦਾ ਸੀ ਤੇ ਇਹ ਰਿਸਕ ਲੈਣ ਲਈ ਉਹ ਹੁਣ ਹਰ ਹਾਲਤ ਵਿਚ ਤਿਆਰ ਸੀ। ਕਰਤਾਰ ਦੀ ਇਹ ਹਿੰਮਤ ਵੇਖ ਕੇ ਪੂਰਾ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉØੱਠਿਆ।
ਓਧਰ ਈਰਾਨੀ ਪਹਿਲਵਾਨ ਸੁਲੇਮਾਨੀ ਅਖ਼ਾੜੇ ਵਿਚ ਪਹੁੰਚ ਚੁੱਕਾ ਸੀ ਅਤੇ ਉਹਨੂੰ ਵਾਕ ਓਵਰ ਮਿਲ ਜਾਣ ਦੀਆਂ ਆਖ਼ਰੀ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਐਨੇ ਚਿਰ ਵਿਚ ਹੀ ਕਰਤਾਰ ਤਾੜੀਆਂ ਦੀ ਗੂੰਜ ਵਿਚ ਉØੱਛਲਦਾ ਕੁੱਦਦਾ ਗੱਦੇ ਉØੱਪਰ ਪਹੁੰਚ ਗਿਆ। ਉਹਦੇ ਕੰਨਾਂ ਵਿਚ ਪਿੱਛੋਂ ਆਉਂਦੀਆਂ ਨਾਜ਼ਰ ਸਿੰਘ ਦੀਆਂ ਆਵਾਜ਼ਾਂ ਉਹਦੇ ਜਿਸਮ ਦੇ ਲੂੰ–ਕੰਡੇ ਖੜ੍ਹੇ ਕਰ ਰਹੀਆਂ ਸਨ:
‘‘ਮੈਂ ਸੁਣਿਐ ਕਰਤਾਰ ਸਿਆਂ ! ਜੇ ਕੋਈ ਜ਼ਖ਼ਮੀ ਸ਼ੇਰ ਜੰਗਲ ਵਿਚ ਵੜ ਜਾਵੇ ਤਾਂ ਫਿਰ ਕਿਸੇ ਜੰਗਲ ਦੇ ਜੀਅ ਨੂੰ ਉਹ ਜਿਉਂਦਿਆਂ ਨਹੀਂ ਰਹਿਣ ਦਿੰਦਾ, ਉਹ ਚੱਬ ਜਾਂਦੈ ਸਭ ਨੂੰ, ਉਹਦੇ ਹੁੰਦਿਆਂ ਜੂਹ ਵਿਚ ਹੋਰ ਕੋਈ ਜਨੌਰ ਨਹੀਂ ਟਿਕਦਾ ਫਿਰ ! ਤੇ ਤੂੰ ਹੁਣ ਜ਼ਖ਼ਮੀ ਸ਼ੇਰ ਐਂ, ਸ਼ੇਰ ਵੀ ਸਿੱਖ ਕੌਮ ਦਾ, ਜ਼ਖ਼ਮੀ ਸ਼ੇਰ ਤਾਂ ਹੋਰ ਵੀ ਖ਼ੂੰਖ਼ਾਰ ਹੋ ਜਾਂਦੈ, ਤੇ ਤੂੰ ਹੁਣ ਇਹਨੂੰ ਕਿੱਥੇ ਛੱਡਣ ਲੱਗੈਂ...''
ਅਸਲ ਵਿਚ ਈਰਾਨੀ ਪਹਿਲਵਾਨ ਜਪਾਨੀ ਪਹਿਲਵਾਨ ਨਾਲੋਂ ਵੀ ਦੋ ਰੱਤੀਆਂ ਉØੱਤੇ ਸੀ। ਦੂਜੇ ਪਾਸੇ ਜਿੰਨੇ ਵੀ ਈਰਾਨੀ ਪਹਿਲਵਾਨ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਆਏ ਸਨ, ਸਾਰੇ ਹੀ ਜਿੱਤ ਗਏ ਸਨ ਤੇ ਕਰਤਾਰ ਦੇ ਜ਼ਖ਼ਮੀ ਹੋਣ ਕਰਕੇ ਇਸ ਈਰਾਨੀ ਦੀ ਜਿੱਤ ਤਾਂ ਨਿਸ਼ਚਿਤ ਹੀ ਸਮਝ ਲਈ ਗਈ ਸੀ। ਈਰਾਨੀ ਵਿਦਿਆਰਥੀਆਂ ਦੀਆਂ ਭੀੜਾਂ ਪਤਾ ਨਹੀਂ ਕਿੱਧਰੋਂ ਸਟੇਡੀਅਮ ਵਿਚ ਉਮਡ ਆਈਆਂ ਸਨ। ਉਹਨਾਂ ਨੇ ਹੱਥਾਂ ਵਿਚ ਈਰਾਨ ਦੇ ਝੰਡੇ ਫੜੇ ਹੋਏ ਸਨ ਤੇ ਉØੱਚੀ ਤੋਂ ਉØੱਚੀ ਆਵਾਜ਼ ਵਿਚ ਅੱਗੇ ਝੁਕ ਝੁਕ ਕੂਕਾਂ ਮਾਰਦੇ ‘‘ਈਰਾਨ ! ਈਰਾਨ ! ''
ਈਰਾਨੀ ਪ੍ਰਸੰਸਕਾਂ ਦੀਆਂ ਆਵਾਜ਼ਾਂ ਤੋਂ ਪ੍ਰੇਰਿਤ ਹੋ ਕੇ ਪੂਰੇ ਜ਼ੋਰ ਨਾਲ ਈਰਾਨੀ ਭਲਵਾਨ ਹਮਲਾ ਕਰਨ ਲਈ ਅਹੁਲਿਆ ਤੇ ਕਰਤਾਰ ਨੂੰ ਫੜ ਲਿਆ। ਉਸਨੂੰ ਇਹ ਸੌ ਪ੍ਰਤੀਸ਼ਤ ਆਸ ਸੀ ਕਿ ਜ਼ਖ਼ਮੀ ਹੋਇਆ ਕਰਤਾਰ ਉਹਦੇ ਅੱਗੇ ਟਿਕਣ ਹੀ ਨਹੀਂ ਲੱਗਾ।
ਉਸ ਨੇ ਕਰਤਾਰ ਨੂੰ ਟੰਗੀ ਪਾਈ ਅਤੇ ਚਿੱਤ ਕਰਨ ਦੀ ਕੋਸ਼ਿਸ਼ ਕਰਨ ਲੱਗਾ।
‘‘ਮੈਂ ਨਾ ਜੀ... ਰੱਬ ਦਾ ਨਾਂ ਲਿਆ...। ਮੈਨੂੰ ਡਰ ਸੀ ਕਿ ਰਤਾ ਕੁ ਮੇਰੇ ਦੰਦਾਂ ਨੂੰ ਉਹ ਵੱਜ ਗਿਆ ਤਾਂ ਮੇਰੇ ਦੰਦ ਬਾਹਰ ਜਾ ਪੈਣੇ ਨੇ...'' ਕਰਤਾਰ ਉਨ੍ਹਾਂ ਪਲਾਂ ਨੂੰ ਯਾਦ ਕਰਦਾ ਹੈ।
‘‘ਮੈਂ ਮੂੰਹ ਹੇਠਾਂ ਨੂੰ ਬਚਾ ਕੇ ਫੁਰਤੀ ਨਾਲ ਧੁਰਲੀ ਜਿਹੀ ਮਾਰੀ ਤੇ ਉਹਦੇ ਥੱØਲਿਓਂ ਨਿਕਲ ਗਿਆ।''
ਪੰਜਾਬੀ ਪ੍ਰਸੰਸਕਾਂ ਦੀਆਂ ਆਵਾਜ਼ਾਂ ਈਰਾਨੀ ਪ੍ਰਸੰਸਕਾਂ ਨਾਲੋਂ ਉØੱਚੀ ਆਵਾਜ਼ ਵਿਚ ਉਭਰੀਆਂ। ਕਰਤਾਰ ਨੂੰ ਬਾਬਾ ਦੀਪ ਸਿੰਘ ਦਾ ਖ਼ਿਆਲ ਆਇਆ। ਕਟਿਆ ਹੋਇਆ ਸੀਸ ਤਲੀ 'ਤੇ ਧਰ ਕੇ ਖੰਡਾ ਵਾਹੁੰਦਾ, ਮਾਰੋ–ਮਾਰ ਕਰਦਾ ਦੁਸ਼ਮਣ ਦਲਾਂ ਨੂੰ ਚੀਰਦਾ ਜਾ ਰਿਹਾ ਬਾਬਾ ਦੀਪ ਸਿੰਘ। ਉਹ ਰੋਹ ਵਿਚ ਭਰ ਕੇ ਸਚਮੁਚ ਜ਼ਖ਼ਮੀ ਸ਼ੇਰ ਵਾਂਗ ਟੁੱਟ ਕੇ ਪੈ ਗਿਆ ਉਸਨੂੰ।
ਨਾਜ਼ਰ ਸਿੰਘ ਨੂੰ ਯਾਦ ਆਉਂਦੀ ਹੈ, ‘‘ਇਸ ਨੇ ਫਿਰ ਜਾ ਕੇ ਐਸੀ ਖ਼ੂੰਖ਼ਾਰ ਕੁਸ਼ਤੀ ਲੜੀ, ਸਭ ਕੁਝ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ। ਤਾਹੀਓਂ ਖ਼ੌਰੇ... ਥਕਾ, ਤਰੋੜ ਮਰੋੜ, ਬੇਹੋਸ਼ ਕਰ... ਸਹੀ ਮਾਇਨਿਆਂ 'ਚ ਨਾ... ਇਹਨੇ ਉਸ ਵੇਲੇ ਸ਼ੇਰ ਬਣਕੇ ਵਿਖਾ ਦਿੱਤਾ। ਮੈਨੂੰ ਪਿਕਚਰ ਯਾਦ ਐ ਕਿ ਇਹ ਉਹਨੂੰ ਐਂ ਪਿਆ ਫਿਰ ...ਜਿਵੇਂ ਉਹਨੂੰ ਖਾ ਹੀ ਜਾਣਾ ਹੋਵੇ। ਏਨੀ ਤੇਜ਼ ਕੁਸ਼ਤੀ ਮੈਂ ਇਸਦੀ ਜ਼ਿੰਦਗੀ ਭਰ ਨਹੀਂ ਵੇਖੀ। ਏਹਨੇ ਜਿੱਦਾਂ ਵੇਲਣੇ 'ਚ ਗੰਨਾ ਪੀੜੀਦੈ– ਉਹਨੂੰ ਪਲਾਂ 'ਚ ਪੀੜ ਕੇ ਰਸ ਕੱਢ ਕੇ, ਨਿਚੋੜ ਕੇ ਤੇ ਫੋਗ ਬਣਾ ਕੇ ਧਰਤੀ 'ਤੇ ਸੁੱਟ ਦਿੱਤਾ ਅਤੇ ਉਹਦੀ ਹਿੱਕ ਉØੱਤੇ ਬੈਠ ਗਿਆ।''
ਮੈਟ 'ਤੇ ਸੁਹਾਗੇ ਵਾਂਗ ਅਰਧ–ਬੇਹੋਸ਼ੀ ਦੀ ਹਾਲਤ ਵਿਚ ਈਰਾਨ ਦਾ ਸੰਸਾਰ ਪ੍ਰਸਿੱਧ ਭਲਵਾਨ ਸੁਲੇਮਾਨੀ ਪਿੱਠ ਪਰਨੇ ਪਿਆ ਸੀ ਅਤੇ ਉਹਦੀ ਛਾਤੀ ਉØੱਤੇ ਚੜ੍ਹਿਆ ਕਰਤਾਰ ਹਵਾ ਵਿਚ ਬਾਹਵਾਂ ਲਹਿਰਾ ਕੇ ਭੰਗੜਾ ਪਾ ਰਿਹਾ ਸੀ। ਈਰਾਨੀ ਦੀ ਏਨੀ ਬੁਰੀ ਹਾਲਤ ਹੋ ਗਈ ਸੀ ਕਿ ਉਹ ਥੱਲਿਓਂ ਪਾਸਾ ਪਲਟ ਕੇ ਉਠ ਸਕਣ ਦੀ ਹਿੰਮਤ ਵੀ ਨਹੀਂ ਸੀ ਕਰ ਸਕਦਾ।
ਸਟੇਡੀਅਮ ਵਿਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਗੂੰਜ ਉØੱਠੇ। ਸੁਲੇਮਾਨੀ ਦੀ ਛਾਤੀ ਉØੱਤੇ ਬੈਠੇ ਸ਼ੇਰ ਦੀਆਂ ਤਸਵੀਰਾਂ ਲੈਣ ਲਈ ਸੈਂਕੜੇ ਕੈਮਰੇ ਕਲਿੱਕ ਕਲਿੱਕ ਕਰਦੇ ਕੜਕ ਖੜਕ ਰਹੇ ਸਨ।
ਜਲੰਧਰ ਦਾ ਇਕ ਫੋਟੋਗ੍ਰਾਫਰ ਕਪੂਰ ਜਦੋਂ ਈਰਾਨੀ ਦੀ ਛਾਤੀ 'ਤੇ ਬੈਠੇ ਕਰਤਾਰ ਦੀ ਫੋਟੋ ਐਨ ਨਜ਼ਦੀਕ ਤੋਂ ਖਿੱਚਣ ਲਈ ਨੇੜੇ ਹੋਇਆ ਤਾਂ ਸੁਲੇਮਾਨੀ ਦੀ ਇਕ ਈਰਾਨੀ ਪ੍ਰਸੰਸਕ ਕੁੜੀ ਭੁੱਬਾਂ ਮਾਰ ਕੇ ਰੋਂਦੀ ਹੋਈ ਅੱਗੇ ਲਪਕੀ ਤੇ ਤੇਜ਼ੀ ਨਾਲ ਝਪਟ ਮਾਰ ਕੇ ਉਸਦਾ ਕੈਮਰਾ ਧੂਹ ਕੇ ਪਰ੍ਹੇ ਵਗਾਹ ਮਾਰਿਆ ਅਤੇ ਫੇਰ ਫੁੱਟ ਫੁੱਟ ਕੇ ਰੋਣ ਲੱਗੀ।
ਅਗਲੇ ਦਿਨ ਈਰਾਨੀ ਦੀ ਛਾਤੀ 'ਤੇ ਸ਼ੇਰ ਵਾਂਗ ਗਰਜਦੇ ਬੈਠੇ ਕਰਤਾਰ ਦੀ ਫੋਟੋ ਦੇਸ਼ ਦੇ ਸਭ ਪ੍ਰਸਿੱਧ ਅਖ਼ਬਾਰਾਂ ਵਿਚ ਛਪੀ ਤੇ ਨਾਲ ਹੀ ਕੁਸ਼ਤੀ ਦਾ ਹਾਲ ਛਪਿਆ ਤਾਂ ਲੋਕਾਂ ਨੂੰ ਜਾਪਣ ਲੱਗਾ ਕਿ ਅਸਲ ਵਿਚ ਇਹ ਚਾਂਦੀ ਦਾ ਮੈਡਲ ਨਹੀਂ ਸਗੋਂ ਸੋਨੇ ਦਾ ਮੈਡਲ ਹੀ ਮਿਲਿਐ ਕਰਤਾਰ ਨੂੰ। ਬਾਅਦ ਵਿਚ ਕਰਤਾਰ ਦੇ ਦੰਦਾਂ ਦਾ ਕਈ ਮਹੀਨੇ ਇਲਾਜ ਚੱਲਦਾ ਰਿਹਾ ਤੇ ਇਸ ਕੁਸ਼ਤੀ ਦੀਆਂ ਗੱਲਾਂ ਕਈ ਸਾਲ ਦੰਦ–ਕਥਾ ਵਾਂਗ ਚਲਦੀਆਂ ਰਹੀਆਂ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346