ਮੈਂ ਭਗਤ ਸਿੰਘ ਦੇ ਪਝੰਤਰਵੇਂ ਸ਼ਹੀਦੀ ਦਿਹਾੜੇ ਉੱਤੇ 23 ਮਾਰਚ 2006 ਨੂੰ ਲਾਹੌਰ ਜਾਣ ਦੀ
ਕੋਸਿ਼ਸ਼ ਕਰ ਰਿਹਾ ਸਾਂ। ਮੇਰੀ ਇਹ ਖ਼ਾਹਿਸ਼ ਸੀ ਕਿ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੂੰ
ਇਸ ਇਤਿਹਾਸਕ ਘਟਨਾ ਨੂੰ ਇਕੱਠਿਆਂ ਮਨਾਉਣਾ ਚਾਹੀਦਾ ਹੈ ਪਰ ਇਹ ਖ਼ਾਹਿਸ਼ ਕਈ ਕਾਰਨਾਂ ਕਰਕੇ
ਪੂਰੀ ਨਾ ਹੋ ਸਕੀ। ਪਰ ਇਸ ਸਾਲ ਇੱਕ ਸੱਦਾ ਅਚਨਚੇਤ ਮਿਲਿਆ ਜਿਸ ਵਿਚ ਮੈਨੂੰ 13 ਅਪ੍ਰੈਲ
ਨੂੰ ਡਾਕਟਰ ਬੀ ਆਰ ਅੰਬੇਦਕਰ ਦੇ ਲਾਹੌਰ ਵਿਚ ਮਨਾਏ ਜਾਣ ਵਾਲੇ ਜਨਮ ਦਿਨ ਦੇ ਮੌਕੇ ਤੇ
ਉਹਨਾਂ ਉਪਰ ਪਰਚਾ ਲਿਖਣ ਨੂੰ ਕਿਹਾ ਗਿਆ ਸੀ। ਸੱਦਾ ‘ਗੰਗਾ ਰਾਮ ਹੈਰੀਟੇਜ ਫਾਊਂਡੇਸ਼ਨ’
ਵੱਲੋਂ ਸੀ। ਸਰ ਗੰਗਾ ਰਾਮ ਦਾ ਨਾਮ ਪੰਜਾਬ ਅਤੇ ਦਿੱਲੀ ਵਿੱਚ ਬੜਾ ਜਾਣਿਆਂ ਪਛਾਣਿਆਂ ਨਾਮ
ਹੈ। ਲਾਹੌਰ ਵਾਂਗ ਹੀ ਦਿੱਲੀ ਵਿਚ ਵੀ ਸਰ ਗੰਗਾ ਰਾਮ ਹਸਪਤਾਲ ਹੈ, ਜਿਹੜਾ ਆਪਣੀਆਂ ਚੰਗੀਆਂ
ਸੇਵਾਵਾਂ ਲਈ ਜਾਣਿਆਂ ਜਾਂਦਾ ਹੈ। ਸਰ ਗੰਗਾ ਰਾਮ,ਭਾਈ ਰਾਮ ਸਿੰਘ ਵਾਂਗ ਹੀ ਇੱਕ ਬਹੁਤ ਵੱਡਾ
ਆਰਕੀਟੈਕਟ ਸੀ, ਜਿਸ ਨੇ ਲਾਹੌਰ ਦੀਆਂ ਬਹੁਤ ਖ਼ੂਬਸੂਰਤ ਇਮਾਰਤਾਂ ਨੂੰ ਡਿਜ਼ਾਈਨ ਕੀਤਾ ਸੀ।
ਉਸਨੇ ਪਟਿਆਲੇ ਅਤੇ ਅੰਮ੍ਰਿਤਸਰ ਦੀਆਂ ਵੀ ਕੁਝ ਮਹੱਤਵਪੂਰਨ ਬਿਲਡਿੰਗਾਂ ਨੂੰ ਡਿਜ਼ਾਈਨ ਕੀਤਾ
ਸੀ। ਮੇਰੇ ਲਈ ਇਹ ਹੈਰਾਨੀ ਵਾਲੀ ਗੱਲ ਸੀ ਕਿ ਸਰ ਗੰਗਾ ਰਾਮ ਫਾਊਂਡੇਸ਼ਨ ਇਹ ਸੈਮੀਨਾਰ ਡਾ:
ਅੰਬੇਦਕਰ ਉੱਤੇ ਕਰਵਾ ਰਹੀ ਸੀ। ਖ਼ੈਰ, ਮੈਂ ਉਹਨਾਂ ਦਾ ਸੱਦਾ ਪ੍ਰਵਾਨ ਕਰ ਲਿਆ ਅਤੇ ਆਪਣਾ
ਪਰਚਾ ਲਿਖ ਕੇ ਸਮੇਂ ਸਿਰ ਉਹਨਾਂ ਨੂੰ ਭੇਜ ਦਿੱਤਾ। ਬੰਗਲੌਰ ਤੋਂ ਛਪਣ ਵਾਲੇ ਪਰਚੇ ‘ਦਲਿਤ
ਵਾਇਸ’ ਦਾ ਸੰਪਾਦਕ ਵੀ:ਟੀ:ਰਾਜਸ਼ੇਖਰ ਵੀ ਇਸ ਸੈਮੀਨਾਰ ਵਿੱਚ ਸਿ਼ਰਕਤ ਕਰ ਰਿਹਾ ਸੀ।
ਯੂ:ਕੇ, ਨੇਪਾਲ ਅਤੇ ਪਾਕਿਸਤਾਨ ਤੋਂ ਵੀ ਬਹੁਤ ਸਾਰੇ ਵਿਦਵਾਨ ਇਸ ਸੈਮੀਨਾਰ ਵਿੱਚ ਭਾਗ ਲੈ
ਰਹੇ ਸਨ। ਇਹ ਲਾਹੌਰ ਪਹੁੰਚਣ ਤੇ ਹੀ ਪਤਾ ਚੱਲਿਆ ਕਿ ਡਾਕਟਰ ਅੰਬੇਦਕਰ ਬਾਰੇ ਇਹ ਸੈਮੀਨਾਰ
ਸਿਰਫ਼ ਲਾਹੌਰ ਵਿੱਚ ਹੀ ਨਹੀਂ ਹੋ ਰਿਹਾ ਸਗੋਂ 14 ਅਪ੍ਰੈਲ ਨੂੰ ਕਰਾਚੀ ਵਿੱਚ ਵੀ ਅਜਿਹਾ
ਇੱਕ ਸੈਮੀਨਾਰ ਡਾ: ਅੰਬੇਦਕਰ ਉੱਤੇ ਹੋ ਰਿਹਾ ਸੀ। ਕਰਾਚੀ ਦੇ ਸਮਾਗ਼ਮ ਵਿੱਚ ਵੀ ਭਾਰਤ ਦੇ
ਕੁਝ ਦਲਿਤ ਵਿਦਵਾਨਾਂ ਨੂੰ ਬੁਲਾਇਆ ਗਿਆ ਸੀ।
ਮੈਂ ਆਜ਼ਾਦੀ ਤੋਂ ਪਿੱਛੋਂ ਚੜ੍ਹਦੇ ਪੰਜਾਬ ਵਿੱਚ ਪੈਦਾ ਹੋਇਆ ਅਤੇ ਓਥੇ ਹੀ ਮੇਰੀ ਪਾਲਣਾ
ਪੋਸਣਾ ਹੋਈ । ਮੇਰੇ ਵਡੇਰੇ ਬਠਿੰਡਾ ਜਿ਼ਲ੍ਹੇ ਦੇ ਮਹਿਰਾਜ ਪਿੰਡ ਦੇ ਵਸਨੀਕ ਸਨ, ਇਸ ਲਈ
ਮੇਰੇ ਮਨ ਵਿੱਚ ਲਾਹੌਰ ਅਤੇ ਪੱਛਮੀ ਪੰਜਾਬ ਨੂੰ ਵੇਖਣ ਜਾਣ ਲਈ ਜਜ਼ਬਾਤੀ ਤੌਰ ‘ਤੇ ਉਤਸ਼ਾਹੀ
ਹੋਣ ਦਾ ਕੋਈ ਖ਼ਾਸ ਕਾਰਨ ਨਹੀਂ ਸੀ। ਮੈਂ ਨਾਸਤਕ ਹਾਂ, ਇਸ ਲਈ ਮੇਰਾ ਪਾਕਿਸਤਾਨ ਨੂੰ ਵੇਖਣ
ਜਾਣ ਪਿੱਛੇ ਕੋਈ ਧਾਰਮਿਕ ਕਾਰਨ ਵੀ ਨਹੀਂ ਸੀ। ਇਸ ਦੇ ਬਾਵਜੂਦ ਮੈਂ ਭਾਰੀ ਉਤਸ਼ਾਹ ਵਿੱਚ
ਸਾਂ। ਇਸ ਦੇ ਦੋ ਕਾਰਨ ਹੋ ਸਕਦੇ ਹਨ। ਇੱਕ ਤਾਂ ਇਹ ਸੀ ਕਿ ਮੈਂ ਭਗਤ ਸਿੰਘ ਅਤੇ ਉਸ ਦੇ
ਅੰਦੋਲਨ ਦੇ ਇਤਿਹਾਸ ਨਾਲ ਸੰਬੰਧਿਤ ਅਧਿਐਨ ਨਾਲ ਜੁੜਿਆ ਹੋਇਆ ਹਾਂ ਅਤੇ ਗ਼ਦਰ ਪਾਰਟੀ ਅਤੇ
ਕਰਤਾਰ ਸਿੰਘ ਸਰਾਭਾ ਵੀ ਮੇਰੀ ਖਿੱਚ ਦੇ ਕੇਂਦਰ ਬਣੇ ਰਹੇ ਹਨ। ਇਹਨਾਂ ਦੋਹਾਂ ਕੌਮੀ
ਸ਼ਹੀਦਾਂ ਨੂੰ ਫ਼ਾਂਸੀ ਵੀ ਲਾਹੌਰ ਸ਼ਹਿਰ ਵਿੱਚ ਦਿੱਤੀ ਗਈ ਸੀ। ਦੂਜਾ ਕਾਰਨ ਉਹ ਲੋਕ ਅਖਾਣ
ਸੀ ਕਿ ‘ਜਿਸ ਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ’। ਇਹ ਵੀ ਮੌਕਾ ਮੇਲ ਹੀ ਸਮਝੋ
ਕਿ ਇਸ ਲੋਕ ਕਥਨ ‘ਤੇ ਆਧਾਰਿਤ ਅਸਗਰ ਵਜ਼ਾਹਤ ਦਾ ਹਿੰਦੀ ਨਾਟਕ ਇਹਨੀ ਦਿਨੀਂ ਦੋ ਵਾਰ ਲਾਹੌਰ
ਵਿੱਚ ਖੇਡਿਆ ਗਿਆ। ਪਹਿਲੀ ਵਾਰ ਕਿਸੇ ਵਿਦੇਸ਼ ਯਾਤਰਾ ਤੇ ਜਾਣਾ ਵੀ ਮੇਰੇ ਉਤਸ਼ਾਹ ਦਾ ਕਾਰਨ
ਹੋ ਸਕਦਾ ਹੈ।
ਮੈਂ ਸੋਚਦਾ ਸਾਂ ਕਿ ਮੈਂ
ਇੱਕ ‘ਪਰਾਏ’ ਮੁਲਕ
ਵਿੱਚ ਜਾ ਰਿਹਾ ਹਾਂ, ਅਤੇ ਮੈਨੂੰ ਇੱਕ ਵਿਦੇਸ਼ੀ ਵਾਂਗ ਹੀ ਇੱਥੇ ਵਿਚਰਨਾ ਚਾਹੀਦਾ ਹੈ,
ਖ਼ਾਸ ਤੌਰ ‘ਤੇ ਉਦੋਂ ਜਦੋਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਆਪਸੀ ਸੰਬੰਧ ਮਿੱਤਰਤਾ
ਪੂਰਨ ਨਾ ਹੋਣ। ਪਰ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਮੈਂ ਲਾਹੌਰ ਵਿੱਚ ਦਿਨ ਰਾਤ
ਓਸੇ ਤਰ੍ਹਾਂ ਹੀ ਖੁੱਲ੍ਹ ਕੇ ਵਿਚਰਿਆ ਜਿਸ ਤਰ੍ਹਾਂ ਕੋਈ ‘ਲਾਹੌਰੀਆ’ ਵਿਚਰ ਸਕਦਾ ਹੈ। ਇਹ
ਵੱਖਰੀ ਗੱਲ ਹੈ ਕਿ ਜਦੋਂ ਮੈਂ ਲਾਹੌਰ ਏਅਰਪੋਰਟ ਤੇ ਉੱਤਰਿਆ, ਤਾਂ ਮੈਨੂੰ ਥੋੜ੍ਹੀ ਮੁਸ਼ਕਿਲ
ਦਾ ਸਾਹਮਣਾ ਜ਼ਰੂਰ ਕਰਨਾ ਪਿਆ। ਮੈਨੂੰ ਜੋ ਵੀਜ਼ਾ ਮਿਲਿਆ ਸੀ, ਉਹ ਸਿੱਖ ਯਾਤਰੀਆਂ ਦੇ ਜੱਥੇ
ਦੀ ਕੈਟਾਗਰੀ ਵਿੱਚ ਮਿਲਿਆ ਸੀ, ਜੋ ਕੁਦਰਤੀ ਹੀ ਇਹਨਾਂ ਦਿਨਾਂ ਵਿੱਚ ਵਿਸਾਖੀ ਦਾ ਤਿਓਹਾਰ
ਮਨਾਉਣ ਪਾਕਿਸਤਾਨ ਜਾ ਰਿਹਾ ਸੀ। ਪਰ ਵੀਜ਼ੇ ਫਾ਼ਰਮ ਦੀਆਂ ਚਾਰ ਕਾਪੀਆਂ ਮੈਂ ਆਪਣੇ ਹੱਥੀਂ
ਭਰੀਆਂ ਸਨ, ਉਹਨਾਂ ਵਿੱਚ ਮੈਂ ਅੱਠਾਂ ਥਾਵਾਂ ਨੂੰ ਵੇਖਣ ਦੀ ਆਗਿਆ ਵੀ ਮੰਗੀ ਹੋਈ ਸੀ, ਇਹ
ਸ਼ਹਿਰ ਸਨ: ਟੈਕਸਲਾ, ਫੈਸਲਾਬਾਦ , ਇਸਲਾਮਾਬਾਦ, ਪੇਸ਼ਾਵਰ ਆਦਿ। ਪਾਕਿਸਤਾਨ ਹਾਈ ਕਮਿਸ਼ਨ
ਨੇ ਮੈਨੂੰ ਵੀਜ਼ਾ ਫਾਰਮਾਂ ਦੀਆਂ ਉਹ ਦੋ ਕਾਪੀਆਂ ਵਾਪਸ ਨਹੀਂ ਸਨ ਕੀਤੀਆਂ ਜਿਹੜੀਆਂ
ਪਾਕਿਸਤਾਨ ਪਹੁੰਚਣ ‘ਤੇ ਏਅਰਪੋਰਟ ਤੇ ਮੇਰੇ ਵੱਲੋਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ
ਸਨ। ਮੇਰੇ ਪਾਸਪੋਰਟ ਉੱਤੇ ਸਿੱਖ ਯਾਤਰੀ ਹੋਣ ਦੀ ਮੋਹਰ ਲੱਗੀ ਹੋਈ ਸੀ। ਮੈਨੂੰ ਇਸ ਬਾਰੇ
ਸ਼ੰਕਾ ਅਤੇ ਚਿੰਤਾ ਸੀ, ਅਤੇ ਮੈਂ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਇਹ ਸਾਂਝੀ ਵੀ ਕੀਤੀ, ਪਰ
ਉਹਨਾਂ ਨੇ ਕਿਹਾ ਕਿ ‘ਨਿਸਚਿੰਤ ਰਹੋ, ਕੋਈ ਸਮੱਿਸਆ ਨਹੀਂ ਆਉਣ ਲੱਗੀ।’ ਮੈਨੂੰ ਸੀ ਕਿ
ਉਹਨਾਂ ਦੋ ਕਾਗ਼ਜ਼ਾਂ ਦੀ ਵਜ੍ਹਾ ਕਾਰਨ ਮੈਨੂੰ ਏਅਰਪੋਰਟ ਤੋਂ ਉਂਜ ਹੀ ਵਾਪਸ ਨਾ ਮੋੜ ਦਿੱਤਾ
ਜਾਵੇ। ਇਹ ਖ਼ਦਸ਼ਾ ਸਹੀ ਸਾਬਤ ਹੋਇਆ ਜਦੋਂ ਏਅਰਪੋਰਟ ਉੱਤੇ ਡਿਊਟੀ ਦੇ ਰਹੀ ਕੁੜੀ ਇਸ ਗੱਲ
ਤੇ ਬਜਿ਼ੱਦ ਹੋ ਗਈ ਕਿ ਉਹਨਾਂ ਦੋ ਕਾਗ਼ਜ਼ਾਂ ਦੇ ਨਾ ਹੋਣ ਦੀ ਵਜ੍ਹਾ ਕਰ ਕੇ ਮੈਨੂੰ ਵਾਪਸ
ਜਾਣਾ ਪਵੇਗਾ। ਪਰ ਮੈਂ ਦਿਲ ਨਹੀਂ ਛੱਡਿਆ। ਉਹਨੇ ਆਪਣੇ ਸੀਨੀਅਰ ਅਫ਼ਸਰ ਨੂੰ ਬੁਲਾਇਆ। ਮੈਂ
ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਵਾਪਸ ਭੇਜਣਾ ਚਾਹੁੰਦੇ ਹੋ, ਤਾਂ ਬੇਸ਼ੱਕ ਭੇਜ
ਦਿਓ। ਓਦਰ ਮੇਰੇ ਮੇਜ਼ਬਾਨ, ਜਿਨ੍ਹਾਂ ਨੇ ਮੈਨੂੰ ਸੱਦਿਆ ਅਤੇ ਟਿਕਟਾਂ ਵੀ ਭੇਜੀਆਂ ਹੋਈਆਂ
ਸਨ, ਰਵਾਇਤੀ ਅੰਦਾਜ਼ ਵਿੱਚ ਮੇਰਾ ਸਵਾਗਤ ਕਰਨ ਲਈ, ਫੁੱਲਾਂ ਦੇ ਹਾਰ ਲਈ, ਬਾਹਰ ਖਲੋਤੇ ਸਨ।
ਉਹ ਮੇਰੇ ਤੋਂ ਵੀ ਜਿ਼ਆਦਾ ਪਰੇਸ਼ਾਨ ਸਨ ਅਤੇ ਉਹਨਾਂ ਦੀ ਇਸ ਪਰੇਸ਼ਾਨੀ ਬਾਰੇ ਮੈਨੂੰ ਇੱਕ
ਸਕਿਓਰਿਟੀ ਵਾਲੇ ਸੱਜਣ ਨੇ ਦੱਿਸਆ ,ਜੋ ਉਹਨਾਂ ਦਾ ਸੁਨੇਹਾਂ ਲੈ ਕੇ ਆਇਆ ਸੀ।। ਮੈਂ
ਸਕਿਓਰਿਟੀ ਵਾਲੇ ਨੂੰ ਕਿਹਾ ਕਿ ਉਹਨਾਂ ਨੂੰ ਕਹੋ ਚਿੰਤਾ ਨਾ ਕਰਨ। ਮੈਂ ਸਥਿਤੀ ਨਾਲ ਆਪੇ
ਨਿਪਟ ਲਵਾਂਗਾ। ਮੈਂ ਓਸ ਏਅਰਪੋਰਟ ਅਫ਼ਸਰ ਨੂੰ ਅਤੇ ਓਸ ਡਿਊਟੀ ਦੇ ਰਹੀ ਕੁੜੀ ਨੂੰ ਕਿਹਾ ਕਿ
ਮੈਂ ਸੈਮੀਨਾਰ ਵਿੱਚ ਭਾਗ ਲੈਣ ਲਈ ਆਇਆ ਹਾਂ, ਅਤੇ ਉਹਨਾਂ ਲੋਕਾਂ ਵਿੱਚੋਂ ਹਾਂ, ਜਿਹੜੇ
ਦੋਹਾਂ ਮੁਲਕਾਂ ਦੇ ਲੋਕਾਂ ਦੇ ਆਪਸੀ ਮਿਲਵਰਤਨ ਅਤੇ ਦੋਹਾਂ ਧਿਰਾਂ ਦੀ ਦੋਸਤੀ ਦੇ
ਖ਼ਾਹਿਸ਼ਮੰਦ ਹਨ। ਮੈਂ ਉਹਨਾਂ ਨੂੰ ਆਪਣਾ ਸੱਦਾ ਪੱਤਰ ਅਤੇ ਹੋਰ ਕਾਗ਼ਜ਼ਾਤ ਵਿਖਾਏ। ਮੈਂ
ਉਰਦੂ ਅਤੇ ਅੰਗਰੇਜ਼ੀ ਵਿੱਚ ਗੱਲ ਕਰਨ ਦੀ ਥਾਂ ਉਹਨਾਂ ਨਾਲ ਠੇਠ ਪੰਜਾਬੀ ਵਿੱਚ ਗੱਲ ਕੀਤੀ।
ਮੇਰੇ ਬੋਲਾਂ ਵਿਚਲੀ ਸਦਾਕਤ ਤੋਂ ਏਅਰਪੋਰਟ ਅਫ਼ਸਰ ਸੰਤੁਸ਼ਟ ਸੀ ਅਤੇ ਉੇਸ ਕੁੜੀ ਨੂੰ ਵੀ
ਕੋਈ ਹੁਣ ਬਹੁਤਾ ਇਤਰਾਜ਼ ਨਹੀਂ ਸੀ ਰਹਿ ਗਿਆ। ਉਹਨਾਂ ਨਾਲ ਨਜਿੱਠਿਦਿਆਂ ਮੈਨੂੰ ਲਗਭਗ ਪੌਣਾ
ਘੰਟਾ ਲੱਗ ਗਿਆ ਸੀ। ਮੈਂ ਬਾਹਰ ਆਇਆ। ਮੈਨੂੰ ਲੈਣ ਆਏ ਮਿੱਤਰਾਂ ਨੇ ਬੜੀ ਗਰਮਜੋਸ਼ੀ ਨਾਲ
ਮੇਰਾ ਸਵਾਗਤ ਕੀਤਾ।
ਸਾਨੂੰ ਲਾਹੌਰ ਦੇ ‘ਹੌਲੀਡੇ ਇਨ’ ਹੋਟਲ ਵਿੱਚ ਠਹਿਰਾਇਆ ਗਿਆ, ਜੋ ਲਾਹੌਰ ਦੇ ਤਿੰਨ ਵੱਡੇ
ਹੋਟਲਾਂ ਵਿੱਚੋਂ ਇੱਕ ਹੈ। ਸੈਮੀਨਾਰ ਵੀ ਹੋਟਲ ਦੇ ਕਾਨਫਰੰਸ ਹਾਲ ਵਿੱਚ ਹੀ ਹੋਣ ਵਾਲਾ ਸੀ।
ਮੈਂ 12 ਤਰੀਕ ਨੂੰ ਲਾਹੌਰ ਪੁੱਜਾ ਜਦ ਕਿ ਸੈਮੀਨਾਰ 13 ਅਪ੍ਰੈਲ ਸ਼ਾਮ ਪੰਜ ਵਜੇ ਸ਼ੁਰੂ
ਹੋਣਾ ਸੀ। 13 ਅਪ੍ਰੈਲ ਦੀ ਸਵੇਰ ਨੂੰ ਮੈਂ ਆਦਤਨ ਸਵੇਰ ਦੀ ਸੈਰ ਵਾਸਤੇ ਨਿਕਲਿਆ। ਮੈਂ ਬਾਹਰ
ਜਾਣ ਸਮੇਂ ਹੋਟਲ ਵਾਲਿਆਂ ਨੂੰ ਪੁੱਛਿਆ ਕਿ ਕੀ ਮੈਨੂੰ ਆਪਣਾ ਪਾਸਪੋਰਟ ਨਾਲ ਲੈ ਕੇ ਜਾਣਾ
ਚਾਹੀਦਾ ਹੈ? ਉਹਨਾਂ ਨੇ ਮੈਨੂੰ ਯਕੀਨ ਦਵਾਇਆ ਕਿ ਇਸ ਦੀ ਕੋਈ ਲੋੜ ਨਹੀਂ ਤੇ ਜੇ ਜ਼ਰੂਰਤ
ਪਵੇ ਵੀ ਤਾਂ ਮੈਂ ਹੋਟਲ ਦਾ ਹਵਾਲਾ ਦੇ ਸਕਦਾ ਹਾਂ। ਪੂਰੇ ਅੱਠ ਦਿਨਾਂ ਵਿੱਚ ਕਿਸੇ ਵੀ
ਪੁਲਿਸ ਜਾਂ ਸਕਿਓਰਿਟੀ ਵਾਲੇ ਨੇ ਕਦੇ ਮੇਰੀ ਕੋਈ ਪੁੱਛਗਿੱਛ ਨਾ ਕੀਤੀ। ਜਗ੍ਹਾ ਦੀ ਕੋਈ
ਜਾਣਕਾਰੀ ਨਾ ਹੋਣ ਕਰਕੇ ਮੈਂ ਫ਼ੀਰੋਜ਼ਪੁਰ ਰੋਡ ਉੱਤੇ ‘ਲਕਸ਼ਮੀ ਚੌਂਕ’ ਤੱਕ ਸੈਰ ਕੀਤੀ।
ਮੈਂ ਪੰਜਾਬ ਅਸੈਂਬਲੀ ਤੱਕ ਸੈਰ ਕਰ ਕੇ ਵਾਪਸ ਮੁੜ ਆਇਆ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ
ਪੰਜਾਬ ਅਸੈਂਬਲੀ ਹੈ। ਕਮਾਲ ਦੀ ਬਣੀ ਹੋਈ ‘ਅੱਲਾਮਾ ਇਕਬਾਲ ਯਾਦਗਾਰੀ ਇਮਾਰਤ’ ਵੀ ਹੋਟਲ ਦੇ
ਸਾਹਮਣੇ ਹੀ ਸੀ ਅਤੇ ਅਜੋਕੇ ਲਾਹੌਰ ਦਾ ਸੱਭਿਆਚਾਰਕ ਕੇਂਦਰ ‘ਅਲ ਹਮਰਾ’ ਵੀ ਹੋਟਲ ਤੋਂ ਕੁਝ
ਕਦਮਾਂ ਦੀ ਦੂਰੀ ਤੇ ਹੀ ਸੀ। ਇਸੇ ਤਰ੍ਹਾਂ ਹੀ ਮਾਲ ਰੋਡ, ਲਾਰੰਸ ਬਾਗ਼ ਜਾਂ ਕੰਪਨੀ ਬਾਗ਼
(ਜਿਸ ਨੂੰ ਅੱਜ ਕੱਲ੍ਹ ‘ਬਾਗ਼-ਏ-ਜਿਨਾਹ’ ਦਾ ਨਾਮ ਦੇ ਦਿੱਤਾ ਗਿਆ ਹੈ) ਵੀ ਹੋਟਲ ਤੋਂ ਕੁਝ
ਕੁ ਦੂਰੀ ਤੇ ਹੀ ਸਨ। ਅੰਮ੍ਰਿਤਸਰ ਅਤੇ ਲਾਹੌਰ ਦੋਹਾਂ ਸ਼ਹਿਰਾਂ ਵਿੱਚ ਹੀ ਇਸ ਨਾਮ ਦੇ ਬਾਗ਼
ਹਨ। ਸੈਮੀਨਾਰ ਸ਼ਾਮ ਨੂੰ ਸੀ, ਮੈਂ ਥੋੜ੍ਹੇ ਚਿਰ ਲਈ ਫਿ਼ਰ ਬਾਹਰ ਘੁੰਮਣ ਫਿ਼ਰਨ ਜਾਣਾ
ਚਾਹੁੰਦਾ ਸਾਂ, ਪਰ ਨਾ ਗਿਆ। ਅਗਲਾ ਕੰਮ ਮੈਂ ਆਪਣੇ ਮੋਬਾਈਲ ਵਿੱਚ ‘ਪਾਕਿਸਤਾਨੀ’ ਸਿਮ ਕਾਰਡ
ਪਵਾਉਣ ਦਾ ਕੀਤਾ ਤਾਂ ਕਿ ਮੈਂ ਲਾਹੌਰ ਰਹਿੰਦੇ ਆਪਣੇ ਜਾਣੂਆਂ ਤੇ ਹੋਰਨਾਂ ਦੇ ਨਾਲ ਰਾਬਤਾ
ਬਣਾ ਸਕਾਂ। ਕਰੰਸੀ ਦੀ ਕੋਈ ਸਮੱਿਸਆ ਨਹੀਂ ਸੀ। ਭਾਵੇਂ ਕਿ ਮੈਨੂੰ ਆਉਣ ਸਮੇਂ ਸਭ ਨੇ ਦੱਸਿਆ
ਸੀ ਕਿ ਭਾਰਤੀ ਰੁਪਈਆ ਓਥੇ ਸਜਿਹੇ ਹੀ ਚੱਲ ਜਾਂਦਾ ਹੈ, ਤਦ ਵੀ ਮੈਂ ਦਿੱਲੀ ਏਅਰਪੋਰਟ ਤੋਂ
ਕੁਝ ਡਾਲਰ ਤਬਦੀਲ ਕਰਵਾ ਲਏ ਸਨ। ਇਹ ਗੱਲ ਸੱਚ ਹੀ ਨਿਕਲੀ। ਮੈਨੂੰ ਦਿੱਲੀ ਏਅਰਪੋਰਟ ਤੇ
‘ਡਿਊਟੀ ਫ਼ਰੀ ਸ਼ਾਪ’ ਤੋਂ ਇਲਾਵਾ ਇੱਕ ਵੀ ਡਾਲਰ ਪਾਕਿਸਤਾਨ ਵਿੱਚ ਖ਼ਰਚਣ ਦਾ ਮੌਕਾ ਨਾ
ਮਿਲਿਆ।
ਮਲਵਿੰਦਰ ਸਿੰਘ ਵੜੈਚ ਨੇ ਮੈਨੂੰ ਆਪਣੇ ਜੱਦੀ ਪਿੰਡ ਲੱਧੇਵਾਲਾ ਵੜੈਚ ਦੇ ਇੱਕ ਵਿਅਕਤੀ ਦਾ
ਸੰਪਰਕ ਨੰਬਰ ਦਿੱਤਾ ਸੀ। ਉਹ ਆਦਮੀ ਏਨਾ ਭਾਵਕ ਹੋਇਆ ਕਿ ਮੇਰਾ ਫੋਨ ਸੁਣਕੇ ਤੁਰੰਤ ਦੋ ਘੰਟੇ
ਕਾਰ ਦਾ ਸਫ਼ਰ ਕਰਕੇ ਮੇਰੇ ਸਵਾਗਤ ਲਈ ਸੈਮੀਨਾਰ ਵਿਚ ਪਹੁੰਚ ਗਿਆ। ਉਹ ਚਾਹੁੰਦਾ ਸੀ ਕਿ ਮੈਂ
ਉਸਦੇ ਅਤੇ ਵੜੈਚ ਸਾਹਿਬ ਦੇ ਪਿੰਡ ਜ਼ਰੂਰ ਜਾਵਾਂ , ਪਰ ਸਮੇਂ ਦੀ ਘਾਟ ਕਾਰਨ ਮੈਂ ਜਾ ਨਾ
ਸਕਿਆ।
ਸੈਮੀਨਾਰ ਦਾ ਮੁਖ ਮਹਿਮਾਨ ਪੰਜਾਬ ਦਾ ਗਵਰਨਰ ਖ਼ਾਲਿਦ ਮਕਬੂਲ ਸੀ। ਸੈਮੀਨਾਰ ਲਗਪਗ ਸਮੇਂ
ਅਨੁਸਾਰ ਸ਼ੁਰੂ ਹੋ ਗਿਆ ਸੀ ਪਰ ਗਵਰਨਰ ਉਦੋਂ ਪਹੁੰਚਿਆ, ਜਦੋਂ ਮੈਂ ਬੋਲ ਰਿਹਾ ਸਾਂ। ਪਹਿਲਾ
ਬੁਲਾਰਾ ਸ਼ਡਿਊਲ ਕਾਸਟ ਫ਼ੈਡਰੇਸ਼ਨ ਕਰਾਚੀ ਦਾ ਪ੍ਰਧਾਨ ਸੁਰੇਂਦਰ ਵਾਲਾਸਾਇ ਸੀ। ਉਹ
ਪਾਕਿਸਤਾਨ ਵਿਚ ਦਲਿਤਾਂ ਦੀ ਹਾਲਤ ਬਾਰੇ ਬੜੇ ਵਿਸਥਾਰ ਨਾਲ ਬੋਲਿਆ, ਜਿੰਨ੍ਹਾਂ ਨੂੰ ਇੱਕ
ਸਮੇਂ ਭਾਰਤ ਵਾਂਗ ਨੌਕਰੀਆਂ ਵਿਚ ਰਿਜ਼ਰਵੇਸ਼ਨ ਦਿੱਤੀ ਹੋਈ ਸੀ। ਫਿਰ ਇੱਕ ਪੜਾਅ ‘ਤੇ ਇਹ
ਰਿਜ਼ਰਵੇਸ਼ਨ ਵਾਪਸ ਲੈ ਲਈ ਗਈ ਸੀ। ਹੁਣ ਦਲਿਤ ਇਸ ਰਿਜ਼ਰਵੇਸ਼ਨ ਦੀ ਮੁੜ ਬਹਾਲੀ ਦੀ ਮੰਗ ਕਰ
ਰਹੇ ਸਨ। ਡਾਕਟਰ ਅੰਬੇਦਕਰ ਪਾਕਿਸਤਾਨ ਦੇ ਦਲਿਤਾਂ ਵਿਚ ਬਹੁਤ ਮਕਬੂਲ ਹੈ ਅਤੇ ਇਹਨਾਂ
ਦਲਿਤਾਂ ਵਿਚੋਂ ਬਹੁਤ ਸਾਰੇ ਹਿੰਦੂ ਅਤੇ ਈਸਾਈ ਹਨ। ਲਾਹੌਰ ਦੀ ਮਹਿਲਾ ਵਿਦਵਾਨ ਡਾਕਟਰ
ਰੁਖ਼ਸਾਨਾ ਸਦੀਕੀ ਨੇ ਮੇਰੇ ਪਿਛੋਂ ਬੋਲਣਾ ਸੀ। ਇਸਲਾਮਾਬਾਦ ਵਿਚ ਯੂ ਐਨ ਦਾ ਪ੍ਰਤੀਨਿਧ
ਸੁਲੇਮਾਨ ਆਸਿਫ਼ ਵੀ ਮੇਰੇ ਪਿੱਛੋਂ ਬੋਲਿਆ। ਆਸਿਫ਼ ਨੇ ਪਿਛਲੀ ਰਾਤ ਆਪਣੀ ‘ਸ਼ੁੱਧ ਹਿੰਦੀ’
ਨਾਲ ਮੈਨੂੰ ਚਕ੍ਰਿਤ ਕਰ ਦਿੱਤਾ ਸੀ। ਉਹ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਦਾ ਏਨਾ ਗਿਆਤਾ ਸੀ
ਕਿ ਮੈਨੂੰ ਪਾਕਿਸਤਾਨੀ ਲੋਕਾਂ ਬਾਰੇ ਆਪਣੀ ਅਗਿਆਨਤਾ ਬਾਰੇ ਸੋਚ ਕੇ ਬੜਾ ਅਜੀਬ ਮਹਿਸੂਸ
ਹੋਇਆ। ਤਿਰੂਭਵਨ ਯੁਨੀਵਰਸਿਟੀ ਦਾ ਡਾਕਟਰ ਸਿ਼ਆਮ ਕਾਤੂਵਾਲ ਅਗਲਾ ਬੁਲਾਰਾ ਸੀ। ਯੂ ਕੇ ਤੋਂ
ਪਾਕਿਸਤਾਨੀ ਇਤਿਹਾਸਕਾਰ ਡਾਕਟਰ ਫ਼ਕੀਰ ਮੁਹੰਮਦ ਭੱਟੀ ਵੀ ਮੇਰੇ ਬਾਅਦ ਬੋਲਿਆ। ਵੀ ਟੀ
ਰਾਜਸ਼ੇਖ਼ਰ ਗਵਰਨਰ ਤੋਂ ਪਹਿਲਾਂ ਬੋਲਿਆ। ਪਹਿਲਾਂ ਗੰਗਾ ਰਾਮ ਫ਼ਾਊਂਡੇਸ਼ਨ ਦੇ ਡਾਇਰੈਕਟਰ
ਡਾਕਟਰ ਯੁੂਸਫ਼ ਬੁਖਾਰੀ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਫਾਊਂਡੇਸ਼ਨ ਦੇ ਉਦੇਸ਼ ਬਾਰੇ
ਜਾਣਕਾਰੀ ਦਿੱਤੀ। ਵੀ ਟੀ ਰਾਜਸ਼ੇਖ਼ਰ ਅਤੇ ਮੈਂ ਦੋਵਾਂ ਮੁਲਕਾਂ ਦੀ ਆਪਸੀ ਨੇੜਤਾ ਬਾਰੇ
ਚਰਚਾ ਕੀਤੀ। ਮੈਂ ਲਾਹੌਰ ਸ਼ਹਿਰ ਅਤੇ ਭਗਤ ਸਿੰਘ ਬਾਰੇ ਗੱਲ ਕਰਦਿਆਂ ਥੋੜ੍ਹਾ ਭਾਵਕ ਹੋ
ਗਿਆ। ਡਾਕਟਰ ਅੰਬੇਦਕਰ ਦੀ ਮਾਨਵਵਾਦੀ ਫਿਲਾਸਫ਼ੀ ਬਾਰੇ ਚਰਚਾ ਕਰਨ ਤੋਂ ਇਲਾਵਾ, ਮੈਂ
ਸਰੋਤਿਆਂ ਨੂੰ ਕਿਹਾ ਕਿ ਮੇਰੇ ਅਤੇ ਤੁਹਾਡੇ ਸਾਰਿਆਂ ਲਈ ਲਾਹੌਰ ਦੀ ਧਰਤੀ ਬੜੀ ਮੁਕੱਦਸ
ਧਰਤੀ ਹੈ ਕਿਉਂਕਿ ਇੱਥੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਿਹੇ ਸ਼ਹੀਦਾਂ ਦਾ ਖ਼ੂਨ
ਡੁਲ੍ਹਿਆ ਹੈ। ਮੈਂ ਇਹ ਵੀ ਕਿਹਾ ਕਿ ਜੱਲ੍ਹਿਆਂ ਵਾਲੇ ਬਾਗ ਦੀ ਧਰਤੀ ਵੀ ਸਾਡੇ ਤੁਹਾਡੇ
ਦੋਵਾਂ ਲਈ ਬੜੀ ਪਵਿੱਤਰ ਧਰਤੀ ਹੈ ਕਿਉਂਕਿ ਉਥੇ ਵੀ ਸਿੱਖਾਂ , ਹਿੰਦੂਆਂ ਅਤੇ ਮੁਸਲਮਾਨਾਂ
ਦਾ ਸਾਂਝਾ ਲਹੂ ਡੁੱਲ੍ਹਿਆ ਸੀ। ਮੈਂ ਸਰੋਤਿਆਂ ਨੂੰ ਕਿਹਾ ਕਿ ਭਗਤ ਸਿੰਘ ਜਿੰਨਾਂ ਸਾਡਾ ਹੈ
ਓਨਾ ਹੀ ਤੁਹਾਡਾ ਵੀ ਹੈ ਕਿਉਂਕਿ ਉਹ ਇਧਰ ਹੀ ਪੈਦਾ ਹੋਇਆ, ਉਸਨੇ ਬਹੁਤਾ ਕੰਮ ਵੀ ਇੱਥੇ ਹੀ
ਕੀਤਾ ਅਤੇ ਸ਼ਹੀਦੀ ਵੀ ਲਾਹੌਰ ਵਿਚ ਹੀ ਪ੍ਰਾਪਤ ਕੀਤੀ। ਮੈਂ ਉਹਨਾਂ ਨੂੰ ਦੱਸਿਆ ਕਿ ਭਗਤ
ਸਿੰਘ ਸਾਡੇ ਲਈ ਤਾਂ ਕੌਮੀ ਹੀਰੋ ਹੈ ਜਦ ਕਿ ਉਹਨਾਂ ਨੇ ਭਗਤ ਸਿੰਘ ਨੂੰ ਆਪਣਿਆਂ ਵਾਂਗ ਨਹੀਂ
ਅਪਣਾਇਆ। ਮੈਂ 1947 ਵਿਚ ਆਪਣੇ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਸਵਾਰਥੀ ਰਾਜਨੀਤਕ ਲੋਕਾਂ
ਵੱਲੋਂ ਫ਼ੈਲਾਈ ਫਿਰਕੂ ਨਫ਼ਰਤ ਅਤੇ ਕੀਤੇ ਵਹਿਸ਼ੀਆਨਾਂ ਵਿਹਾਰ ਬਾਰੇ ਵੀ ਗੱਲ ਕੀਤੀ ਜਿਸਦੇ
ਫ਼ਲਸਰੂਪ ਦੋਵਾਂ ਪਾਸਿਆਂ ਤੋਂ ਸਾਰੇ ਭਾਈਚਾਰਿਆਂ ਦੇ ਲੱਖਾਂ ਲੋਕਾਂ ਨੂੰ ਅਕਹਿ ਦੁੱਖਾਂ ਦਾ
ਸਾਹਮਣਾ ਕਰਨਾ ਪਿਆ। ਮੈਂ ਕੰਡੇਦਾਰ ਤਾਰ ਦੇ ਉਰਾਰ ਪਾਰ ਵੱਸਦੇ ਸਾਰੇ ਭੈਣ ਭਰਾਵਾਂ ਨੂੰ
ਬੇਨਤੀ ਕੀਤੀ ਕਿ ਭਾਵੇਂ ਬੀਤਿਆ ਭੁਲਾਇਆ ਤਾਂ ਨਹੀਂ ਜਾ ਸਕਦਾ ਪਰ ਇਸਤੋਂ ਸਬਕ ਤਾਂ ਸਿੱਖਿਆ
ਜਾ ਸਕਦਾ ਹੈ। ਗਵਰਨਰ ਖ਼ਾਲਿਦ ਮਕਬੂਲ ਨੇ ਬੜੀ ਦਲੀਲ ਨਾਲ ਆਪਣੇ ਵਿਚਾਰ ਪੇਸ਼ ਕੀਤੇ ਅਤੇ
ਡਾਕਟਰ ਅੰਬੇਦਕਰ ਨੂੰ ਸ਼ਰਧਾਂਜਲੀ ਅਰਪਣ ਕੀਤੀ। ਪ੍ਰੋਗਰਾਮ ਦੇ ਖ਼ਤਮ ਹੋਣ ਪਿੱਛੋਂ ਬਹੁਤ
ਸਾਰੇ ਲੋਕ ਮੇਰੇ ਕੋਲ ਆ ਕੇ ਬੜੀ ਗਰਮਜੋਸ਼ੀ ਨਾਲ ਮੇਰੇ ਗਲੇ ਮਿਲੇ। ਸਾਡੇ ਸਾਂਝੇ ਸਭਿਆਚਾਰਕ
ਰਿਸ਼ਤਿਆਂ ਬਾਰੇ ਪੇਸ਼ ਕੀਤੇ ਮੇਰੇ ਵਿਚਾਰਾਂ ਨੇ ਉਹਨਾਂ ਦੇ ਮਨ ਨੂੰ ਛੁਹ ਲਿਆ ਸੀ।
ਰਾਤ ਦੇ ਖਾਣੇ ਵੇਲੇ ਮੈਂ ਪਾਕਿਸਤਾਨ ਦੇ ਦਲਿਤ ਸਮਾਜ ਦੇ ਪ੍ਰਤੀਨਿਧਾਂ ਨੂੰ ਮਿਲਿਆ। ਉਹਨਾਂ
ਵਿਚੋਂ ਬਹੁਤੇ ਈਸਾਈ ਬਰਾਦਰੀ ਨਾਲ ਸੰਬੰਧ ਰੱਖਦੇ ਸਨ ਅਤੇ ਉਹ ਪੰਜਾਬ ਅਸੈਂਬਲੀ ਜਾਂ
ਜਿ਼ਲ੍ਹਾ ਅਸੈਂਬਲੀ ਦੇ ਮੈਂਬਰ ਸਨ। ਲੈਫ਼ਟੀਨੈਂਟ ਜਨਰਲ(ਰਿਟਾਇਰਡ) ਜ਼ੁਲਫ਼ਕਾਰ ਅਲੀ ਖਾਨ ਵੀ
ਇਸ ਮੌਕੇ ਹਾਜ਼ਰ ਸੀ। ਉਹ ਏਵੇਕਿਊਜ਼ ਪਰਾਪਰਟੀ ਟਰੱਸਟ ਬੋਰਡ ਦਾ ਚੇਅਰਮੈਨ ਹੈ। ਇਹ ਜਾਣਕਾਰੀ
ਦਿਲਚਸਪ ਲੱਗੀ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ ਦੋ ਤਿੰਨ ਸਾਲ ਵਿਚ ਗੰਗਾ ਰਾਮ ਫ਼ਾਊਂਡੇਸ਼ਨ
ਕਾਇਮ ਕਰਨ ਅਤੇ ਇੰਜ ਹੀ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ਾਊਂਡੇਸ਼ਨ ਕਾਇਮ ਕਰਨ ਦੀ ਆਗਿਆ
ਦਿੱਤੀ ਹੈ। ਗੰਗਾ ਰਾਮ ਫਾਊਂਡੇਸ਼ਨ ਅਗਰਵਾਲ ਗਲੀ ਦੀ ਅਗਰਵਾਲ ਧਰਮਸ਼ਾਲਾ ਵਿਚ ਸਥਿਤ ਹੈ।
ਧਰਮਸ਼ਾਲਾ ਦੀ ਹਾਲਤ ਚੰਗੀ ਨਹੀਂ ਸੀ ਅਤੇ ਹੁਣ ਉਸਨੂੰ ਠੀਕ ਕੀਤਾ ਜਾ ਰਿਹਾ ਹੈ। ਸਿੱਖ ਜਥੇ
ਦੇ ਬਹੁਤ ਸਾਰੇ ਮੈਂਬਰ ਵੀ ਉਹਨੀਂ ਦਿਨੀਂ ਇਸ ਧਰਮਸ਼ਾਲਾ ਵਿਚ ਠਹਿਰੇ ਹੋਏ ਸਨ। ਵਿਸਾਖੀ ਦੇ
ਦਿਹਾੜੇ ਉੱਤੇ, ਜਿਹੜਾ ਦਿਆਲ ਸਿੰਘ ਫਾਊਂਡੇਸ਼ਨ ਵੱਲੋਂ ਆਪਣੇ ਤੌਰ ਤੇ ਮਨਾਇਆ ਜਾ ਰਿਹਾ ਸੀ,
ਪਾਕਿਸਤਾਨ ਸਰਕਾਰ ਨੇ ਨਨਕਾਣਾ ਸਾਹਿਬ ਜਾਂ ਟੈਕਸਲਾ ਵਿਖੇ ਗੁਰੂ ਨਾਨਕ ਯੂਨੀਵਰਸਿਟੀ ਕਾਇਮ
ਕਰਨ ਦਾ ਐਲਾਨ ਕੀਤਾ। ਪੰਜਾਬ ਦੇ ਗਵਰਨਰ ਨੇ ਉਸ ਪ੍ਰੋਗਰਾਮ ਵਿਚ ਵੀ ਸਿ਼ਰਕਤ ਕੀਤੀ। ਇੱਥੇ
ਭਾਰਤੀ ਜਥੇ ਦੇ ਮੈਂਬਰ ਵੀ ਹਾਜ਼ਰ ਸਨ।
ਮੈਂ 21 ਅਪ੍ਰੈਲ ਦੀ ਦੁਪਹਿਰ ਤੱਕ ਲਾਹੌਰ ਵਿਚ ਸਾਂ ਅਤੇ ਮੈਂ ਚਾਹੁੰਦਾ ਸਾਂ ਕਿ ਏਥੇ ਆਪਣੀ
ਠਹਿਰ ਦਾ ਵੱਧ ਤੋਂ ਵੱਧ ਲਾਭ ਲੈ ਸਕਾਂ। ਮੇਰਾ ਮਕਸਦ ਲੇਖਕਾਂ/ਵਿਦਵਾਨਾਂ ਅਤੇ ਆਪਣੀ ਸੋਚ ਦੇ
ਬੰਦਿਆਂ ਨੂੰ ਮਿਲਣਾ ਅਤੇ ਇਤਿਹਾਸਕ ਥਾਵਾਂ ਨੂੰ ਵੇਖਣਾ ਸੀ। ਮੈਂ ਪਹਿਲਾਂ ਯਾਤਰੂ ਬਣ ਕੇ
ਸ਼ੁਰੂਆਤ ਕੀਤੀ। ਮੇਰਾ ਪਹਿਲਾ ਪੜਾਅ ਪ੍ਰਸਿੱਧ ਲਾਹੌਰ ਮਿਊਜ਼ੀਅਮ ਸੀ। ਮੈਨੂੰ ਆਜ਼ਾਦੀ
ਸੰਗਰਾਮ ਨਾਲ ਸੰਬੰਧਿਤ ਕਾਲੀਆਂ ਚਿੱਟੀਆਂ ਤਸਵੀਰਾਂ ਦੇ ਸ਼ੈਕਸ਼ਨ ਨੇ ਸਭ ਤੋਂ ਵੱਧ ਆਕਰਸਿ਼ਤ
ਕੀਤਾ। ਲਾਹੌਰ ਵਿਚ ਇਹ ਪਾਕਿਸਤਾਨ ਦੀ ਆਜ਼ਾਦੀ ਦੀ ਜੱਦੋਜਹਿਦ ਸੀ ਜਦ ਕਿ ਮੇਰੇ ਲਈ ਇਹ
ਸਾਂਝੇ ਸੰਘਰਸ਼ ਦੀ ਦਾਸਤਾਂ ਸੀ। ਮੈਂ ਮਹਾਤਮਾਂ ਗਾਂਧੀ, ਜਵਾਹਰ ਲਾਲ ਨਹਿਰੂ, ਸੁਭਾਸ਼ ਬੋਸ
ਅਤੇ ਬਲਦੇਵ ਸਿੰਘ ਦੀਆਂ ਤਸਵੀਰਾਂ ਵੇਖੀਆਂ ਜਿੰਨ੍ਹਾ ਦੇ ਨਾਲ ਜਿਨਾਹ, ਲਿਆਕਤ ਅਲੀ ਖਾਨ,
ਅਬਦੁੱਲ ਗਫ਼ਾਰ ਖਾਨ ਆਦਿ ਦੀਆਂ ਤਸਵੀਰਾਂ ਸਨ। ਬਹੁਤ ਸਾਰੀਆਂ ਤਸਵੀਰਾਂ ਫਾਤਿਮਾਂ ਜਿਨਾਹ
ਦੀਆਂ ਵੀ ਸਨ। ਜਿਨਾਹ ਦੀ ਪਾਰਸੀ ਪਤਨੀ ,ਰੱਤੀ, ਤੇ ਉਹਨਾਂ ਦੀ ਧੀ ਦੀਨਾ ਦੀਆਂ ਤਸਵੀਰਾਂ ਨੇ
ਮੇਰਾ ਉਚੇਚਾ ਧਿਆਨ ਖਿੱਚਿਆ। ਓਥੇ ਗੰਧਾਰ ਕਲਾ ਸ਼ੈਲੀ ਦਾ ਇੱਕ ਵੱਖਰਾ ਮੁਕੰਮਲ ਸ਼ੈਕਸ਼ਨ ਸੀ
ਜਿਸ ਵਿਚ ਬੋਧੀ ਪਰੰਪਰਾ ਦੀ ਕਲਾ ਦੇ ਨਮੂਨੇ ਸਨ। ਇੰਜ ਹੀ ਓਥੇ ਸਿੱਖ ਆਰਟ ਨਾਲ ਸੰਬੰਧਿਤ
ਇੱਕ ਪੂਰਾ ਸੈਕਸ਼ਨ ਸੀ। ਪੁਰਾਣੀਆਂ ਡਿਓਢੀਆਂ ਵੀ ਖਿੱਚ ਪਾਉਂਦੀਆਂ ਸਨ। ਪ੍ਰਸਿੱਧ ਨੈਸ਼ਨਲ
ਕਾਲਜ ਆਫ਼ ਆਰਟ ਇਸ ਮਿਊਜ਼ੀਅਮ ਦੇ ਨਾਲ ਹੀ ਸਥਿਤ ਸੀ ਪਰ ਇਸਨੂੰ ਮੈਂ ਬਾਅਦ ਵਿਚ ਹੀ ਵੇਖ
ਸਕਿਆ। ਮੈਂ ਹਾਲ ਹੀ ਵਿਚ ਕਾਲਜ ਵੱਲੋਂ ਪ੍ਰਕਾਸਿ਼ਤ ਕੀਤੀਆਂ ਤਿੰਨ ਕਿਤਾਬਾਂ ਵੇਖੀਆਂ।
ਇਹਨਾਂ ਵਿਚੋਂ ਦੋ ਸਰ ਗੰਗਾ ਰਾਮ ਬਾਰੇ ਸਨ ਅਤੇ ਇੱਕ ਭਾਈ ਰਾਮ ਸਿੰਘ ਬਾਰੇ। ਇਹ ਜਾਪਦਾ ਹੈ
ਕਿ ਕਿ ਹੌਲੀ ਹੌਲੀ ਪਰ ਮਜ਼ਬੂਤੀ ਨਾਲ ਪਾਕਿਸਤਾਨ, ਵਿਸ਼ੇਸ਼ ਤੌਰ ਤੇ ਪੰਜਾਬ , ਆਪਣੀ
ਵਿਰਾਸਤ ਦੀ ਪਰੰਪਰਿਕ ਅਮੀਰੀ ਨੂੰ , ਭਾਵੇਂ ਉਹ ਇਸਲਾਮਿਕ ਨਾ ਵੀ ਹੋਵੇ, ਅਪਣਾ ਰਿਹਾ ਹੈ।
ਜੇ ਤੁਸੀਂ ਸ਼ਾਕਾ ਹਾਰੀ ਹੋ ਤਾਂ ਬਾਜ਼ਾਰ ਵਿਚ ਖਾਣਾ ਖਾਣ ਲਈ ਤੁਹਾਨੂੰ ਚੰਗੀ ਬਣੀ ਹੋਈ
ਸਬਜ਼ੀ ਮੁਸ਼ਕਿਲ ਨਾਲ ਹੀ ਮਿਲ ਸਕੇਗੀ ਜਦ ਕਿ ਮਾਸਾਹਾਰੀਆਂ ਲਈ ਲਾਹੌਰ ਸਵਰਗ ਹੈ। ਅਨਾਰਕਲੀ
ਅਤੇ ਗਵਾਲ ਮੰਡੀ ਦੀ ਫੂਡ ਸਟਰੀਟ ਦੀ ਏਨੀ ਬੇਤਾਬ ਖਿੱਚ ਹੁੰਦੀ ਹੈ ਕਿ ਏਥੇ ਲਾਹੌਰ ਸਾਰੀ
ਰਾਤ ਜਾਗਦਾ ਰਹਿੰਦਾ ਹੈ। ਇੱਕ ਰਾਤ ਫੂਡ ਸਟਰੀਟ ਵਿਚੋਂ ਅਸੀਂ ਅੱਧੀ ਰਾਤ ਤੋਂ ਬਾਅਦ ਇੱਕ
ਵਜੇ ਵਿਹਲੇ ਹੋਏ ਅਤੇ ਬਾਗ਼-ਏ-ਜਿਨਾਹ ਦੀਆਂ ਸਿ਼ਮਲਾ ਪਹਾੜੀਆਂ ਵੱਲ ਚੱਲ ਪਏ ਜਿੱਥੇ ਰਾਤ ਦੇ
ਦੋ ਵਜੇ ਕਲਾਸੀਕਲ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ। ਫ਼ਰੀਦਾ ਖ਼ਾਨਮ ਨੇ ਅਜੇ ਹੁਣੇ ਹੀ
ਆਪਣਾ ਗਾਇਨ ਸਮਾਪਤ ਕੀਤਾ ਸੀ। ਲਾਹੌਰ ਸਭਿਆਚਾਰਕ ਤੌਰ ‘ਤੇ ਏਨਾ ਜਾਗਿਰਤ ਸ਼ਹਿਰ ਹੈ ਕਿ ਵੇਖ
ਕੇ ਹੈਰਾਨ ਰਹਿ ਜਾਈਦਾ ਹੈ। ਮੈਨੂੰ ਆਪਣੇ ਵਿਦਿਆਰਥੀ ਜੀਵਨ ਦੇ ਉਹ ਦਿਨ ਯਾਦ ਆਏ ਜਦੋਂ ਮੈਂ
ਜੇ ਐਨ ਯੂ ਵਿਚ ਪੜ੍ਹਦਾ ਸਾਂ ਅਤੇ ਦੇਰ ਰਾਤ ਗਏ ਮਾਲਵੰਕਰ ਹਾਲ ਵਿਚ ਕਲਾਸੀਕਲ ਸੰਗੀਤ ਸੁਣਨ
ਜਾਇਆ ਕਰਦਾ ਸਾਂ। ਦਿੱਲੀ ਵਿਚ ਤਾਂ ਉਹ ਦਿਹਾੜੇ ਲੱਦ ਗਏ ਹਨ ਪਰ ਲਾਹੌਰ ਇਸ ਪੱਖੋਂ ਅਜੇ
ਜਿਊਂਦਾ ਹੈ।
ਸ਼ਾਹੀ ਕਿਲ੍ਹੇ ਨੂੰ ਵੇਖ ਕੇ ਬਹੁਤੀ ਖ਼ੁਸ਼ੀ ਨਾ ਹੋਈ। ਇਸਨੂੰ ਚੰਗੀ ਤਰ੍ਹਾਂ ਨਹੀਂ ਸੀ
ਸੰਭਾਲਿਆ ਗਿਆ। ਪੰਜਾਬ ਉੱਤੇ ਇੱਕ ਸਮੇਂ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ
ਵੀ ਇੱਥੇ ਸੀ। ਪੰਜਵੇਂ ਗੁਰੂ ਦੀ ਯਾਦ ਵਿਚ ਬਣਿਆਂ ਗੁਰਦਵਾਰਾ ਡੇਹਰਾ ਸਾਹਿਬ ਵੀ ਨਜ਼ਦੀਕ ਹੀ
ਹੈ। ਇਸਦੇ ਨੇੜੇ ਹੀ 1947 ਤੋਂ ਪਿੱਛੋਂ ਬਣਿਆਂ ਮੀਨਾਰ-ਏ-ਪਾਕਿਸਤਾਨ ਹੈ ਜਿਸ ਦੀਆਂ ਕੰਧਾਂ
ਉੱਤੇ 23 ਮਾਰਚ 1940 ਨੂੰ ਪਾਸ ਹੋਇਆ ਪਾਕਿਸਤਾਨ ਦਾ ਮਤਾ ਲਿਖਿਆ ਹੋਇਆ ਹੈ। ਇਹ ਮਤਾ
ਅੰਗਰੇਜ਼ੀ, ਉਰਦੂ, ਪੰਜਾਬੀ ਅਤੇ ਬੰਗਾਲੀ ਵਿਚ ਉੱਕਰਿਆ ਹੋਇਆ ਹੈ।
ਭਗਤ ਸਿੰਘ ਦੇ ਕਾਰਨਾਮਿਆਂ ਨਾਲ ਸੰਬੰਧਿਤ ਥਾਵਾਂ ਨੂੰ ਵੇਖਣਾ ਮੇਰੇ ਲਈ ਇੱਕ ਹੋਰ ਵੱਡੀ
ਖਿੱਚ ਸੀ। ਪ੍ਰਸਿੱਧ ਅਗਾਂਹਵਧੂ ਪੰਜਾਬੀ ਕਹਾਣੀਕਾਰ ਜ਼ੁਬੈਰ ਦੇ ਸੰਗ-ਸਾਥ ਵਿਚ ਪਹਿਲਾਂ ਮੈਂ
ਬਰੈਡਲਾ ਹਾਲ ਵੇਖਣ ਗਿਆ , ਜਿਸ ਦੀ ਮਹੱਤਤਾ ਨੂੰ ਓਥੇ ਹੁਣ ਬਹੁਤ ਘੱਟ ਲੋਕ ਜਾਣਦੇ ਹਨ। ਹਾਲ
ਚੰਗੀ ਹਾਲਤ ਵਿਚ ਨਹੀਂ ਸੀ ਅਤੇ ਇੱਥੇ ਕੋਈ ਟਰੇਨਿੰਗ ਸਕੂਲ ਚੱਲ ਰਿਹਾ ਸੀ। ਇਮਾਰਤ ਦੇ ਆਕਾਰ
ਤੋਂ ਇਹ ਲੱਗਦਾ ਸੀ ਕਿ ਕਿਸੇ ਵੇਲੇ ਇਹ ਬੜੀ ਵੱਡੀ ਇਮਾਰਤ ਹੋਵੇਗੀ। ਚੰਗੀ ਕਿਸਮਤ ਨੂੰ ਇਸਦਾ
ਨੀਂਹ ਪੱਥਰ ਅਜੇ ਸੁਰੱਖਿਅਤ ਹੈ। ਆਜ਼ਾਦੀ ਸੰਗਰਾਮ ਦੇ ਇਸ ਹੈੱਡਕੁਆਟਰ ਦੀ ਨੀਂਹ 1900 ਵਿਚ
ਸੁਰੇਂਦਰ ਨਾਥ ਸੇਨ ਨੇ ਰੱਖੀ ਸੀ। ਇਹ ਚੰਗਾਹੋਵੇਗਾ ਜੇ ਭਾਰਤ ਸਰਕਾਰ ਆਪਣੇ ਪ੍ਰਭਾਵ ਦੀ
ਵਰਤੋਂ ਕਰਕੇ ਪਾਕਿਸਤਾਨ ਦੀ ਸਰਕਾਰ ਕੋਲੋਂ ਇਸਨੂੰ ‘ਵਿਰਾਸਤੀ ਇਮਾਰਤ’ ਵਜੋਂ ਸਾਂਭੇ ਜਾਣ ਦੀ
ਗੱਲ ਮੰਨਵਾ ਲਵੇ। ਲਾਹੌਰ ਦਾ ਲਾਜਪਤ ਰਾਇ ਹਾਲ, ਜਿੱਥੇ ਪ੍ਰਸਿੱਧ ਦਵਾਰਕਾ ਦਾਸ
ਲਾਇਬ੍ਰੇਰੀ(ਜਿਹੜੀ ਹੁਣ ਚੰਡੀਗੜ੍ਹ ਵਿਚ ਹੈ) ਸੀ, ਵਿਚ ਹੁਣ ਪਾਕਿਸਤਾਨੀ ਪੁਲਿਸ ਦਾ
‘ਫਿੰਗਰਪਿੰ੍ਰਟ ਬਿਊਰੋ’ ਹੈ। ਮੈਂ ਇਸ ਥਾਂ ਨੂੰ ਨਾ ਵੇਖ ਸਕਿਆ ਅਤੇ ਨਾ ਹੀ ਮੈਂ ਨੈਸ਼ਨਲ
ਕਾਲਜ ਲਾਹੌਰ ਦੀ ਨਿਸ਼ਾਨਦੇਹੀ ਕਰ ਸਕਿਆ, ਜਿੱਥੇ ਭਗਤ ਸਿੰਘ 1922 ਤੋਂ ਲੈ ਕੇ 1926 ਤੱਕ
ਪੜ੍ਹਦਾ ਰਿਹਾ ਸੀ। ਮੈਂ ਲਾਹੌਰ ਨੇੜਲਾ ‘ਖਵਾਸਰੀਆਂ’ ਨਾਂ ਦਾ ਪਿੰਡ ਵੀ ਨਾ ਲੱਭ ਸਕਿਆ
ਜਿੱਥੇ ਭਗਤ ਸਿੰਘ ਦਾ ਪਰਿਵਾਰ ਕਈ ਸਾਲਾਂ ਤੱਕ ਰਹਿੰਦਾ ਰਿਹਾ ਸੀ। ਨਾ ਹੀ ਮੈਨੂੰ ਰਾਵੀ ਦੇ
ਕਿਨਾਰੇ ਉਹ ਥਾਂ ਮਿਲ ਸਕੇ ਜਿੱਥੇ ਪਹਿਲਾਂ ਲਾਲਾ ਲਾਜਪਤ ਰਾਇ ਅਤੇ ਪਿੱਛੋਂ ਭਗਤ ਸਿੰਘ,
ਰਾਜਗੁਰੂ ਅਤੇ ਸੁਖਦੇਵ ਦੀ ਮੁਸ਼ਤੇ ਖ਼ਾਕ ਨੇ ਅੰਤਿਮ ਪਨਾਹ ਲਈ ਸੀ। ਇਹੋ ਹੀ ਉਹ ਰਾਵੀ ਦਾ
ਕਿਨਾਰਾ ਸੀ ਜਿੱਥੇ ਭਗਵਤੀ ਚਰਨ ਵੋਹਰਾ ਇੱਕ ਬੰਬ ਨੂੰ ਪਰਖ਼ਣ ਸਮੇਂ ਸ਼ਹੀਦੀ ਪਾ ਗਿਆ ਸੀ।
ਇਹ ਸਾਰੇ ਥਾਂ ਗੁੰਮ ਗਵਾਚ ਜਾਣ ਦਾ ਇਹ ਕਾਰਨ ਵੀ ਹੈ ਕਿ ਰਾਵੀ ਦਰਿਆ ਹੁਣ ਸੁੱਕ ਗਿਆ ਹੈ
ਅਤੇ ਲੋਕ ਤਾਂ ਇਹ ਵੀ ਆਖਦੇ ਹਨ ਕਿ ਹੁਣ ਇਹ ਦਰਿਆ ਨਹੀਂ ਸਗੋਂ ਇੱਕ ਨਾਲਾ ਹੀ ਰਹਿ ਗਿਆ ਹੈ।
ਉਹ ਇਹ ਵੀ ਆਖਦੇ ਹਨ ਕਿ ਭਾਰਤ ਨੇ ਰਾਵੀ ਵਿਚ ਵਗਣ ਵਾਲਾ ਪਾਣੀ ਰੋਕ ਲਿਆ ਹੋਇਆ ਹੈ। ਜਿੱਥੇ
ਮੈਨੂੰ ਇਹ ਸਾਰੇ ਇਤਿਹਾਸਕ ਥਾਂ ਨਾ ਲੱਭਣ ਨਾਲ ਨਿਰਾਸ਼ਾ ਹੋਈ ਸੀ ਉੱਥੇ ਮੇਰੇ ਲਈ ਇਹ ਤਸੱਲੀ
ਵਾਲੀ ਗੱਲ ਸੀ ਕਿ ਮੈਂ ਡੀ ਏ ਵੀ ਕਾਲਜ ਦਾ ਹੋਸਟਲ ਤੇ ਨੇੜੇ ਹੀ ਉਹ ਥਾਂ ਅਸਾਨੀ ਨਾਲ ਲੱਭ
ਗਈ ਜਿੱਥੇ ਸਾਂਡਰਸ ਨੂੰ ਕਤਲ ਕੀਤਾ ਗਿਆ ਸੀ। ਇਸ ਇਲਾਕੇ ਵਿਚ ਕੋਈ ਬਹੁਤੀ ਜਿ਼ਆਦਾ ਤਬਦੀਲੀ
ਨਹੀਂ ਹੋਈ ਸਿਵਾਇ ਇਸ ਗੱਲ ਦੇ ਕਿ ਡੀ ਏ ਵੀ ਕਾਲਜ ਅਤੇ ਹੋਸਟਲ ਹੁਣ ਗੌਰਮਿੰਟ ਇਸਲਾਮੀਆਂ
ਕਾਲਜ ਅਤੇ ਉਸਦੇ ਹੋਸਟਲ ਵਿਚ ਤਬਦੀਲ ਹੋ ਚੁੱਕਾ ਹੈ। ਪਰ ਐਸ:ਐਸ:ਪੀ ਦਾ ਦਫ਼ਤਰ ਓਸੇ ਤਰ੍ਹਾਂ
ਹੀ ਹੈ, ਜਿਵੇਂ ਉਹ ਸਕਾਟ ਦੇ ਸਮੇਂ ਵਿੱਚ ਸੀ। ਮੈਂ ਲਾਹੌਰ ਜੇਲ੍ਹ ਵਾਲੇ ਓਸ ਫ਼ਾਂਸੀਘਾਟ ਦੀ
ਵੀ ਨਿਸ਼ਾਨਦੇਹੀ ਕਰ ਲਈ ਸੀ, ਜਿੱਥੇ ਫ਼ਾਂਸੀਆਂ ੁਿਦੱਤੀਆਂ ਜਾਂਦੀਆਂ ਸਨ ਅਤੇ ਜਿਸ ਨੂੰ
ਪਿੱਛੋਂ ਢਾਹ ਦਿੱਤਾ ਗਿਆ, ਹੁਣ ਉਸ ਥਾਂ ਤੇ ‘ਸ਼ਾਦਮਾਨ ਚੌਂਕ’ ਅਤੇ ਫ਼ੁਹਾਰਾ ਚੌਂਕ’ ਬਣ ਗਏ
ਹਨ। ਇਹ ਹੁਣ ਰਿਹਾਇਸ਼ੀ ਕਾਲੋਨੀ ਬਣ ਗਈ ਹੈ ਅਤੇ ਇੱਥੋਂ ਉਸ ਜੇਲ੍ਹ ਅਤੇ ਉਸ ਇਸ ਨਾਲ ਜੁੜੀ
ਇਤਿਹਾਸਿਕਤਾ ਦਾ ਨਾਂ ਨਿਸ਼ਾਨ ਵੀ ਨਹੀਂ ਲੱਭਦਾ ਜਿੱਥੇ ਸੈਂਕੜੇ ਆਜ਼ਾਦੀ ਸੰਗਰਾਮੀਆਂ ਨੂੰ
ਫਾਂਸੀ ਦਿੱਤੀ ਗਈ ਸੀ। ਜਮਹੂਰੀ ਕਦਰਾਂ ਨਾਲ ਜੁੜੇ ਹੋਏ ਪਾਕਿਸਤਾਨੀ ਕਾਰਕੁੰਨ ਹਰ ਸਾਲ 23
ਮਾਰਚ ਨੂੰ ‘ਸ਼ਾਦਮਾਨ ਚੌਂਕ;’ ਵਿੱਚ ਇਕੱਠੇ ਹੁੰਦੇ ਹਨ ਅਤੇ ਇੱਥੇ ਮੋਮਬੱਤੀਆਂ ਜਗਾਉਂਦੇ
ਹਨ। ਉਹ ਇਸ ਥਾਂ ਦੀ ਇਤਿਹਾਸਿਕ ਮਹੱਤਤਾ ਨੂੰ ਉਜਾਗਰ ਕਰਨ ਵਾਲੀ ਇੱਕ ਯਾਦਗਾਰੀ ਤਖ਼ਤੀ ਇੱਥੇ
ਲਾਉਣ ਦੀ ਯੋਜਨਾ ਵੀ ਬਣਾ ਰਹੇ ਹਨ। ਭਗਤ ਸਿੰਘ ਆਪਣੇ ਗੁਪਤਵਾਸ ਸਮੇਂ ਲਾਹੌਰ ਦੇ ਕਈ ਮਕਾਨਾਂ
ਵਿੱਚ ਰਹਿੰਦਾ ਰਿਹਾ ਜਿੰਨ੍ਹਾਂ ਬਾਰੇ ਲੋਕ ਅਜੇ ਵੀ ਜਿ਼ਕਰ ਕਰਦੇ ਹਨ। ਇਹੋ ਜਿਹਾ ਇੱਕ ਘਰ
ਜੇਲ੍ਹ ਰੋਡ ਉੱਤੇ ਵੀ ਸਥਿਤ ਹੈ। ਪ੍ਰਸਿੱਧ ਲੇਖਕ ਨਜ਼ਮ ਹੁਸੈਨ ਸੱਯਦ ਜੇਲ੍ਹ ਰੋਡ ਉੱਤੇ ਹੀ
ਰਹਿੰਦਾ ਹੈ, ਪਰ ਉੇਸਨੂੰ ਭਗਤ ਸਿੰਘ ਦੀ ਰਿਹਾਇਸ਼ ਵਾਲੇ ਉਸ ਮਕਾਨ ਦਾ ਪਤਾ ਨਹੀਂ ਸੀ।
ਮੈਂ ਨਵੇਂ ਬਣੇ ਸਥਾਨਕ ਮਿੱਤਰਾਂ ਦੀ ਕਾਰ ਵਿੱਚ ਭਗਤ ਸਿੰਘ ਦੇ ਪਿੰਡ ਜਾਣਾ ਸੀ, ਪਰ ਉਹ
ਪਹਿਲਾਂ ਮੈਨੂੰ ਜੰਡਿਆਲਾ ਸ਼ੇਰ ਖਾਂ ਪਿੰਡ ਵਿੱਚ ਵਾਰਿਸ ਸ਼ਾਹ ਦੀ ਮਜਾਰ ‘ਤੇ ਲੈ ਕੇ ਗਏ।
ਓਧਰ ਨੂੰ ਜਾਂਦਿਆਂ ਅਸੀਂ ਜਾਣੇ ਪਛਾਣੇ ਸ਼ਹਿਰ ਸ਼ੇਖ਼ੂਪੁਰਾ ਦੇ ਵਿੱਚੋਂ ਗੁਜ਼ਰੇ। ਮੈਂ
ਦੂਰੋਂ ਹੀ ਬਣੇ ਹੋਏ ‘ਹਰਨ ਮਜਾਰ’ ਨੂੰ ਵੇਖਿਆ। ਇਹ ਸ਼ਹਿਜ਼ਾਦਾ ਸਲੀਮ ਦੁਆਰਾ ਮਾਰੇ ਗਏ ਇੱਕ
ਹਿਰਨ ਦੀ ਯਾਦ ਵਿੱਚ ਬਣੀ ਹੋਈ ਖ਼ੂਬਸੂਰਤ ਯਾਦਗਾਰ ਹੈ। ਵਾਰਿਸ ਸ਼ਾਹ ਦੇ ਮਜ਼ਾਰ ਨੂੰ ਵੇਖਣਾ
ਵੀ ਇੱਕ ਦਿਲਚਸਪ ਅਨੁਭਵ ਸੀ, ਇਸ ਥਾਂ ‘ਤੇ ਹਰ ਸਾਲ ਮੇਲਾ ਲਗਦਾ ਹੈ ਅਤੇ ‘ਹੀਰ’ ਗਾਏ ਜਾਣ
ਦੇ ਮੁਕਾਬਲੇ ਹੁੰਦੇ ਹਨ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ
‘ਅੱਜ ਆਖਾਂ ਵਾਰਿਸ ਸ਼ਾਹ ਨੂੰ……’ ਨਾਲ ਕੀਤੀ ਜਾਂਦੀ ਹੈ। ਜੰਡਿਆਲੇ ਤੋਂ ਅਸੀਂ ਨਨਕਾਣਾ
ਸਾਹਿਬ ਵੱਲ ਚੱਲ ਪਏ। ਇੱਕ ਇੱਕ ਛੋਟਾ ਕਸਬਾ ਹੈ, ਪਰ ਇਸ ਨੂੰ ਜਾਣ ਵਾਲੀ ਸੜਕ ਕਾਫ਼ੀ ਵੱਡੀ
ਬਣ ਗਈ ਹੈ। ਪਾਕਿਸਤਾਨ ਆਪਣੀਆਂ ਸੜਕਾਂ ਉੱਤੇ ਬਹੁਤ ਧਿਆਨ ਦੇ ਰਿਹਾ ਹੈ ਅਤੇ ਉਹ ਲਾਹੌਰ ਤੋਂ
ਪੇਸ਼ਾਵਰ ਨੂੰ ਜਾਣ ਵਾਲੀ ਮੋਟਰਵੇ ਉੱਤੇ ਨਿਸਚੈ ਹੀ ਮਾਣ ਕਰ ਸਕਦਾ ਹੈ। ਪਰ ਪਾਕਿਸਤਾਨ ਵਿੱਚ
ਰੇਲਵੇ ਸੇਵਾਵਾਂ ਦੀ ਘਾਟ ਹੈ। ਨਨਕਾਣਾ ਸਾਹਿਬ ਵਿੱਚ ਮੁੱਖ ਗੁਰਦੁਆਰੇ ਨੂੰ ਰਲਾ ਕੇ ਗੁਰੂ
ਨਾਨਨਕ ਦੀ ਯਾਦ ਨਾਲ ਸੰਬੰਧਿਤ 8 ਗੁਰੁਦੁਆਰੇ ਹਨ। ਮੁੱਖ ਗੁਰੁਦਆਰਾ ਉਹ ਹੈ, ਜਿੱਥੇ ਫਰਵਰੀ
1921 ਵਿੱਚ ਪਵਿੱਤਰ ਸਥਾਨ ਨੂੰ ਪਲੀਤ ਕਰਨ ਵਾਲੇ ਮਹੰਤ ਨਰਾਇਣ ਦਾਸ ਦੇ ਖਿ਼ਲਾਫ਼ ਮੋਰਚਾ
ਲੱਗਾ ਸੀ। ਮਹੰਤ ਨੂੰ ਅੰਗਰੇਜ਼ੀ ਰਾਜ ਦੀ ਸ਼ਹਿ ਪ੍ਰਾਪਤ ਸੀ ਅਤੇ ਉਸ ਨੇ ਗੁਰਦੁਆਰਾ ਛੱਡਣ
ਤੋਂ ਪਹਿਲਾਂ 200 ਦੇ ਲਗਭਗ ਸਿੱਖਾਂ ਦਾ ਕਤਲੇਆਮ ਕੀਤਾ। ਗੁਰੁਦੁਆਰੇ ਵਿੱਚ ਇੱਕ ਥਾਂ ‘ਤੇ
ਉਹ ‘ਸ਼ਹੀਦੀ ਜੰਡ’ ਵੀ ਹੈ, ਜਿੱਥੇ ਇੱਕ ਗੁਰੁਦਆਰੇ ਨੂੰ ਆਜ਼ਾਦ ਕਰਾਉਣ ਵਾਲੇ ਆਏ ਜੱਥੇ ਦੇ
ਆਗੂ ਲਛਮਣ ਸਿੰਘ ਧਾਰੋਵਾਲੀ ਨੂੰ ਜਿਊਂਦਿਆਂ ਉਸ ਜੰਡ ਨਾਲ ਬੰਨ੍ਹ ਕੇ ਮਹੰਤ ਵੱਲੋਂ ਸਾੜਿਆ
ਗਿਆ ਸੀ। ਨਨਕਾਣਾ ਸਾਹਿਬ ਦੇ ਬਹੁਤੇ ਗੁਰਦੁਆਰੇ ਗੁਰੂ ਨਾਨਨਕ ਦੇ ਬਚਪਨ ਦੀਆਂ ਸਾਖ਼ੀਆਂ ਨਾਲ
ਸੰਬੰਧਿਤ ਹਨ। ਇਹ ਉਹ ਥਾਂ ਹਨ ਜਿੱਥੇ ਉਹ ਜਨਮੇ, ਪੜ੍ਹੇ, ਜਿੱਥੇ ਉਹਨਾਂ ਨੇ ਵਿੱਦਿਆ
ਪ੍ਰਾਪਤ ਕੀਤੀ, ਜਿੱਥੇ ਉਹ ਖੇਡੇ ਅਤੇ ਉਹਨਾਂ ਨੇ ਡੰਗਰ ਚਾਰੇ ਆਦਿ। ਮੈਂ ਆਪਣੇ ਮੁਸਲਿਮ
ਦੋਸਤਾਂ ਦੀ ਸੰਗਤ ਵਿੱਚ ਇੱਥੇ ਪੰਗਤ ਵਿੱਚ ਬੈਠ ਕੇ ‘ਲੰਗਰ’ ਛਕਿਆ।
ਨਨਕਾਣਾ ਸਾਹਿਬ ਤੋਂ ਜੜ੍ਹਾਂਵਾਲਾ ਤੱਕ ਦਾ ਰਸਤਾ ਸਿੱਧਾ ਸੀ, ਭਾਵੇਂ ਕਿ ਸੜਕ ਦਾ ਕੁਝ
ਟੁਕੜਾ ਕੁਝ ਕਿੱਲੋਮੀਟਰਾਂ ਤੱਕ ਖ਼ਰਾਬ ਸੀ। ਜੜ੍ਹਾਂਵਾਲਾ, ਜਿਹੜਾ ਇੱਕ ਤਹਿਸੀਲੀ ਕਸਬਾ ਹੈ,
ਨੂੰ ਪਾਰ ਕਰਕੇ ਅਸੀਂ ਚੱਕ ਨੰਬਰ 105 ਨੂੰ ਜਾਣ ਵਾਲੀ ਸੜਕੇ ਪੈ ਗਏ। ਇਸ ਤੋਂ ਪਹਿਲਾਂ ਕਿ
ਅਸੀਂ ਕਿਸੇ ਨੂੰ ਕੁਝ ਪੁੱਛਦੇ, ਇੱਕ ਖ਼ੁਸ਼ਗਵਾਰ ਝਾਕੀ ਵੇਖਣ ਨੂੰ ਮਿਲੀ। ਇੱਥੇ ਸੜਕ ਦੇ ਇਕ
ਪਾਸੇ ਟੀਨ ਦੇ ਸਾਈਨ ਬੋਰਡ ਉੱਤੇ ਸੀਖਾਂ ਪਿੱਛੇ ਬੰਦ ਭਗਤ ਸਿੰਘ ਦੀ ਪੇਟਿੰਗ ਬਣੀ ਹੋਈ ਸੀ,
ਜਿਸ ਨੂੰ ਫ਼ੈਸਲਾਬਾਦ (ਪੁਰਾਣਾ ਨਾਮ ਲਾਇਲਪੁਰ) ਦੇ ਕਿਸੇ ਜਸਬੀਰ ਸਿੰਘ ਨਾਂ ਦੇ ਵਿਅਕਤੀ ਨੇ
ਬਣਾਇਆ ਸੀ ਅਤੇ ਉਸ ਉੱਤੇ ਉਸਦਾ ਈ ਮੇਲ ਪਤਾ ਵੀ ਲਿਖਿਆ ਹੋਇਆ ਸੀ। ਸਾਡੇ ਲਈ ਹੁਣ ਸੌਖ ਹੋ
ਗਈ। ਜਦੋਂ ਅਸੀਂ ਸਾਈਨ ਬੋਰਡ ਪੜ੍ਹ ਰਹੇ ਸਾਂ ਤਾਂ ਕੁਝ ਲੋਕ ਸਾਡੇ ਕੋਲ ਆ ਗਏ ਅਤੇ ਭਗਤ
ਸਿੰਘ ਵਿਚ ਸਾਡੀ ਦਿਲਚਸਪੀ ਵੇਖ ਕੇ ਸਾਨੂੰ ਉਸਦੇ ਪਿੰਡ ਨੂੰ ਜਾਣ ਵਾਲਾ ਰਾਹ ਦੱਸਿਆ। ਉਹਨਾਂ
ਇਹ ਵੀ ਸਲਾਹ ਦਿੱਤੀ ਕਿ ਪਿੰਡ ਵੱਲ ਜਾਣ ਤੋਂ ਪਹਿਲਾਂ ਸਾਨੂੰ ਨਜ਼ਦੀਕ ਹੀ ਰਹਿੰਦੇ ਫਰਹਾਨ
ਖਾਨ ਨਾਂ ਦੇ ਵਿਅਕਤੀ ਨੂੰ ਮਿਲ ਲੈਣਾ ਚਾਹੀਦਾ ਹੈ। ਫਰਹਾਨ ਖਾਨ 82 ਸਾਲਾਂ ਦਾ ਬਜ਼ੁਰਗ
ਵਿਅਕਤੀ ਹੈ, ਜਿਹੜਾ ਅਕਸਾਈਜ਼ ਅਫ਼ਸਰ ਵਜੋਂ ਰੀਟਾਇਰ ਹੋਇਆ ਹੈ ਅਤੇ ਜਿਸਦੀ ਗੁਲਾਬ ਫਾਰਮ
ਨਾਂ ਦੀ ਫੈਕਟਰੀ ਹੈ। ਉਹ ਨੇੜੇ ਹੀ ਚੱਕ ਨੰਬਰ 107, ਪਠਾਨਕੋਟ ਦਾ ਵਸਨੀਕ ਸੀ। ਅਸੀਂ ਉਸਦੇ
ਨਿਵਾਸ ਅਸਥਾਨ ‘ਤੇ ਪਹੁੰਚੇ। ਉਸਨੇ ਸਾਡਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਸਦੇ ਡਰਾਇੰਗ
ਰੂਮ ਵਿਚ ਫਰੇਮ ਕੀਤੀ ਪਰ ਟੁਟੇ ਹੋਏ ਸ਼ੀਸ਼ੇ ਵਾਲੀ , ਹੈਟ ਪਹਿਨੇ ਭਗਤ ਸਿੰਘ ਦੀ ਜਾਣੀ
ਪਛਾਣੀ ਕਾਲੀ ਚਿੱਟੀ ਤਸਵੀਰ ਸੀ। ਫਰਹਾਨ ਖਾਨ ਭਗਤ ਸਿੰਘ ਦੇ ਪਰਿਵਾਰ ਬਾਰੇ ਗੱਲਾਂ ਕਰਦਿਆਂ
ਬਾਗੋ-ਬਾਗ਼ ਹੋ ਰਿਹਾ ਸੀ। ਜਦੋਂ ਭਗਤ ਸਿੰਘ ਸ਼ਹੀਦ ਹੋਇਆ , ਉਹ ਉਦੋਂ ਪੰਜ ਕੁ ਸਾਲ ਦਾ ਸੀ।
ਉਸਨੇ ਦੱਸਿਆ ਕਿ ਭਗਤ ਸਿੰਘ ਦੇ ਛੋਟੇ ਭਰਾ, ਜਿਹਨਾਂ ਦੇ ਉਸਨੂੰ ਨਾਂ ਯਾਦ ਨਹੀਂ ਸਨ ਆ
ਰਹੇ(ਨਿਸਚੈ ਹੀ ਕੁਲਬੀਰ ਸਿੰਘ ਅਤੇ ਕੁਲਤਾਰ ਸਿੰਘ) ਉਸਨੂੰ ਮਿਲਦੇ ਰਹਿੰਦੇ ਸਨ। ਉਹ ਭਗਤ
ਸਿੰਘ ਦਾ ਏਨਾ ਪ੍ਰਸੰਸਕ ਸੀ ਕਿ ਮੇਰਾ ਉਸਨੂੰ ‘ਭਗਤ ਸਿੰਘ ਦੀਆਂ ਲਿਖਤਾਂ’ ਦੀ ਕਾਪੀ ਭੇਟ
ਕਰਨ ਨੂੰ ਦਿਲ ਕਰ ਆਇਆ, ਪਰ ਮੇਰੇ ਕੋਲ ਕੋਈ ਵਾਧੂ ਕਾਪੀ ਨਹੀਂ ਸੀ। ਮੈਂ ਲੈਫ਼ਟ ਵਰਡ ਅਤੇ
ਐਨ ਬੀ ਟੀ ਵੱਲੋਂ ਹਾਲ ਹੀ ਵਿਚ ਅੰਗਰੇਜ਼ੀ ਵਿਚ ਪ੍ਰਕਾਸਿ਼ਤ ਹੋਈਆਂ ਭਗਤ ਸਿੰਘ ਦੀਆਂ
ਲਿਖਤਾਂ ਦੀਆਂ ਕੁਝ ਕੁ ਕਾਪੀਆਂ ਹੀ ਆਪਣੇ ਨਾਲ ਲੈ ਕੇ ਗਿਆ ਸਾਂ। ਫ਼ਰਹਾਨ ਖ਼ਾਨ ਨੇ ਮੇਰੇ
ਕੋਲੋਂ ਇਸ ਪੁਸਤਕ ਦੀ ਇੱਕ ਕਾਪੀ ਮਾਂਗਵੀਂ ਲਈ ਅਤੇ ਜਿੰਨੇ ਚਿਰ ਤੱਕ ਅਸੀਂ ਭਗਤ ਸਿੰਘ ਦੇ
ਘਰੋਂ ਹੋ ਕੇ ਪਰਤੇ ,ਇਸ ਦੌਰਾਨ ਹੀ, ਲਗਭਗ ਘੰਟੇ ਸਵਾ ਘੰਟੇ ਵਿੱਚ ਉਸਨੇ ਉਸ ਪੁਸਤਕ ਦੀ
ਆਪਣੇ ਵਾਸਤੇ ਫ਼ੋਟੋ ਕਾਪੀ ਵੀ ਕਰਵਾ ਲਈ। ਫ਼ਰਹਾਨ ਖ਼ਾਨ ਵੱਲੋਂ ਸਾਡੀ ਅਗਵਾਈ ਲਈ ਭੇਜੇ ਗਏ
ਵਿਅਕਤੀ ਦੇ ਸਾਥ ਵਿੱਚ ਅਸੀਂ ਚੱਕ ਨੰਬਰ 105 ਵੱਲ ਚੱਲ ਪਏ। ਹਨੇਰਾ ਹੋ ਰਿਹਾ ਸੀ। ਪਿੰਡ
ਵੱਲ ਜਾਂਦੀ ਸੜਕ ਕੋਈ ਚੰਗੀ ਹਾਲਤ ਵਿੱਚ ਨਹੀਂ ਸੀ।
ਅਸੀਂ ਓਥੇ ਜਾ ਕੇ ਵੇਖਿਆ ਕਿ ਭਗਤ ਸਿੰਘ ਦਾ ਪੁਰਾਣਾ ਘਰ ਓਸੇ ਪੁਰਾਣੀ ਸ਼ਕਲ ਵਿਚ ਨਹੀਂ ਸੀ
ਰਹਿ ਗਿਆ, ਸਗੋਂ ਤਿੰਨ ਵਿਰਕ ਭਰਾਵਾਂ ਨੇ ਇਸ ਨੂੰ ਵੱਖ-ਵੱਖ ਹਿੱਿਸਆਂ ਵਿੱਚ ਵੰਡ ਲਿਆ ਹੋਇਆ
ਸੀ। ਭਾਰਤੀ ਪੰਜਾਬ ਵਾਂਗ ਹੀ ਪਾਕਿਸਤਾਨੀ ਪੰਜਾਬ ਵਿੱਚ ਵੀ ਵਿਰਕਾਂ, ਰੰਧਾਵਿਆਂ, ਸਹਿਗਲਾਂ,
ਭੱਟੀਆਂ, ਚੀਮਿਆਂ, ਵੜੈਚਾਂ, ਗਿੱਲਾਂ , ਸੰਧੂਆਂ ਅਤੇ ਸਿੱਧੂਆਂ ਦੀ ਵੱਡੀ ਗਿਣਤੀ ਵੱਸਦੀ
ਹੈ। ਚਾਰ ਕਨਾਲ ਦਾ ਇਹ ਘਰ ਇਸ ਵਿਰਕ ਪਰਿਵਾਰ ਨੂੰ ਦੇਸ਼ ਵੰਡ ਤੋਂ ਬਾਅਦ ਅਲਾਟ ਹੋਇਆ ਸੀ
ਅਤੇ ਹੁਣ ਇਸ ਵਿੱਚ ਇਕਬਾਲ ਵਿਰਕ, ਸਦੀਕ ਵਿਰਕ ਅਤੇ ਮੁਸ਼ਤਾਕ ਵਿਰਕ ਨਾਂ ਦੇ ਤਿੰਨ ਭਰਾਵਾਂ
ਦੇ ਪਰਿਵਾਰ ਰਹਿੰਦੇ ਹਨ। ਉਹ ਅੰਮ੍ਰਿਤਸਰ ਦੇ ‘ਵਿਰਕ’ ਪਿੰਡ ਤੋਂ ਹਿਜਰਤ ਕਰ ਕੇ ਓਥੇ ਗਏ
ਸਨ। ਤਿੰਨਾਂ ਭਰਾਵਾਂ ਵਿਚੋਂ ਸਦੀਕ ਵਿਰਕ ਦੀ ਮੌਤ ਹੋ ਚੁੱਕੀ ਹੈ, ਪਰ ਉਸਦਾ ਪਰਿਵਾਰ ਓਥੇ
ਹੀ ਰਹਿੰਦਾ ਹੈ। ਜਦੋਂ ਅਸੀਂ ਓਥੇ ਪਹੁੰਚੇ ਤਾਂ ਘਰ ਦੀਆਂ ਕੁਝ ਸੁਆਣੀਆਂ ਚੁੱਲ੍ਹੇ ਦੁਆਲੇ
ਬੈਠੀਆਂ ਕੰਮ ਕਾਰ ਵਿਚ ਰੁਝੀਆਂ ਹੋਈਆਂ ਸਨ। ਪਿਛੋਂ ਅਸੀਂ ਫ਼ੈਸਲਾਬਾਦ ਵਿੱਚ ਵਕਾਲਤ ਕਰ ਰਹੇ
ਮੁਸ਼ਤਾਕ ਵਿਰਕ ਦੇ ਪੁੱਤਰ ਐਡਵੋਕੇਟ ਅਖ਼ਤਰ ਵਿਰਕ ਨੂੰ ਵੀ ਮਿਲੇ। ਉਸ ਨੇ ਦੱਸਿਆ ਕਿ ਉਹਨਾਂ
ਨੂੰ ਸਿਰਫ਼ ਇਹ ਘਰ ਹੀ ਨਹੀਂ ਸੀ ਮਿਲਿਆ, ਸਗੋਂ ਭਗਤ ਸਿੰਘ ਦੇ ਪਿਤਾ ਦਾ 17 ਏਕੜਾਂ ਵਿੱਚ
ਫੈਲਿਆ ਅੰਬਾਂ ਦਾ ਬਾਗ਼ ਵੀ ਉਹਨਾਂ ਨੂੰ ਅਲਾਟ ਹੋਇਆ ਸੀ। ਪੁੱਛਣ ਤੇ ਪਤਾ ਲੱਗਿਆ ਕਿ ਇਸ
ਜ਼ਮੀਨ ਦੀ ਕੀਮਤ ਇਸ ਸਮੇਂ 6 ਲੱਖ ਪ੍ਰਤੀ ਏਕੜ ਹੈ, ਜੋ ਕਿ ਲਗਭਗ 1 ਕਰੋੜ ਤੋਂ ਵੱਧ ਬਣਦੀ
ਹੈ। ਭਾਵੇਂ ਕਿ ਮੈਨੂੰ ਇਹ ਪਹਿਲਾਂ ਪਤਾ ਨਹੀਂ ਸੀ ਕਿ ਭਗਤ ਸਿੰਘ ਦੇ ਪਰਿਵਾਰ ਕੋਲ ਚੱਕ
ਨੰਬਰ 105 ਵਿੱਚ ਏਡਾ ਵੱਡਾ ਬਾਗ਼ ਵੀ ਹੈ, ਤਾਂ ਵੀ ਇਸ ਬਾਰੇ ਜਾਣ ਕੇ ਮੈਨੂੰ ਕੋਈ ਹੈਰਾਨੀ
ਨਾ ਹੋਈ ਕਿਉਂਕਿ ਮੈਨੂੰ ਪਤਾ ਸੀ ਕਿ ਭਗਤ ਸਿੰਘ ਹੁਰਾਂ ਦਾ ਪਰਿਵਾਰ ਇੱਕ ਸਰਦਾ ਪੁੱਜਦਾ
ਪਰਿਵਾਰ ਸੀ। ਜਿਹੜੇ ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਸੀ, ਉਸ
ਨੇ ਆਪਣੇ ਫ਼ੈਸਲੇ ਵਿਚ ਬੜਾ ਸਾਫ਼ ਲਿਖਿਆ ਸੀ ਕਿ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ
1914 -15 ਵਿੱਚ ਗਦਰ ਪਾਰਟੀ ਦੀ ਸਹਾਇਤਾ ਲਈ ਇੱਕ ਹਜ਼ਾਰ ਰੁਪਇਆ (ਜੋ ਕਿ ਅੱਜ ਦੇ ਹਿਸਾਬ
ਨਾਲ ਇੱਕ ਲੱਖ ਰੁਪਿਆ ਬਣ ਜਾਂਦਾ ਹੈ) ਦਿੱਤਾ ਸੀ। ਭਗਤ ਸਿੰਘ ਅਤੇ ਉਸ ਦੇ ਪਰਿਵਾਰ ਦੀ
ਕਹਾਣੀ ਬੜੀ ਖਿੱਚ ਭਰਪੂਰ ਹੈ, ਕਿਉਂਕਿ ਇਸ ਪਰਿਵਾਰ ਨੇ ਆਪਣੇ ਦੇਸ਼ ਦੇ ਮੁਕਾਬਲੇ ਆਪਣੇ
ਦੁਨਿਆਵੀ ਸੁੱਖਾਂ ਨੂੰ ਤਰਜੀਹ ਨਹੀਂ ਸੀ ਦਿੱਤੀ ਅਤੇ ਦੇਸ਼ ਦੇ ਭਲੇ ਵਾਸਤੇ ਇਹਨਾਂ ਸੁਖਾਂ
ਨੂੰ ਤਿਆਗ ਦਿੱਤਾ।
ਮੈਨੂੰ ਉਦੋਂ ਵੀ ਇਹ ਕੋਈ ਹੈਰਾਨੀ ਵਾਲੀ ਗੱਲ ਨਾ ਲੱਗੀ ਜਦੋਂ ਭਗਤ ਸਿੰਘ ਦੀ ਸ਼ਖ਼ਸੀਅਤ ‘ਤੇ
ਮੋਹਿਤ ਹੋਏ ਪੇਸ਼ਵਾਰ ਦੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਵਕਾਰ ਅਹਿਮਦ ਨੇ ਮੇਰੇ ਕੋਲੋਂ
ਭਗਤ ਸਿੰਘ ਬਾਰੇ ਈ-ਮੇਲ ਰਾਹੀਂ ਹੋਰ ਜਾਣਕਾਰੀ ਪ੍ਰਪਾਤ ਕਰਨੀ ਚਾਹੀ। ਲਾਹੌਰ ਵਿੱਚ ਮੇਰੀ
ਠਹਿਰ ਸਮੇਂ ਵਕਾਰ ਫ਼ੋਨ ਉੱਤੇ ਮੇਰੇ ਨਾਲ ਸੰਪਰਕ ਵਿੱਚ ਰਿਹਾ। ਵਕਾਰ ਮੈਨੂੰ ਪੇਸ਼ਾਵਰ ਵਿੱਚ
ਮਿਲਣ ਦੀ ਆਸ ਲਾਈ ਬੈਠਾ ਸੀ, ਕਿਉਂਕਿ ਪੇਸ਼ਵਾਰ ਯੂਨੀਵਰਸਿਟੀ ਦੀ ਟੀਚਰਜ਼ ਐਸੋਸੀਏਸ਼ਨ ਓਥੇ
ਆਉਣ ਲਈ ਮੇਰੇ ਪੇਸ਼ਵਾਰ ਦੇ ਵੀਜ਼ੇ ਨੂੰ ਕਲੀਅਰ ਕਰਾਉਣ ਲਈ ਯਤਨ ਕਰ ਰਹੀ ਸੀ। ਅਸੀਂ ਅਜੇ
ਪਿੱਛੇ ਜਿਹੇ ਹੀ ਜੇ:ਐਨ:ਯੂ ਵਿੱਚ ਪੇਸ਼ਾਵਰ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਇੱਕ
ਡੈਲੀਗੇਸ਼ਨ ਦਾ ਸਵਾਗਤ ਕੀਤਾ ਸੀ। ਜਦੋਂ ਮੈਂ ;ਲਾਹੌਰ ਵਿੱਚ ਸਾਂ, ਤਾਂ ‘ਡਾਨ;’ ਅਖ਼ਬਾਰ ਦੇ
ਪੱਤਰਕਾਰ ਰਜ਼ਾ ਨਈਮ ਨੇ ਵੀ ਈ-ਮੇਲ ਰਾਹੀਂ ਮੇਰੇ ਨਾਲ ਸੰਪਰਕ ਕੀਤਾ ਅਤੇ ‘ਡਾਨ’ ਵਿੱਚ
ਰਿਵੀਊ ਕਰਨ ਲਈ ਮੇਰੇ ਕੋਲੋਂ, ਮੇਰੇ ਵੱਲੋਂ ਸੰਪਾਦਿਤ ਕੀਤੀ ਅਤੇ ਲੈਫ਼ਟਵਰਡ ਵੱਲੋਂ ਇਸੇ
ਸਾਲ 23 ਮਾਰਚ ਨੂੰ ਪ੍ਰਕਾਸਿ਼ਤ ਕੀਤੀ ‘ਭਗਤ ਸਿੰਘ ਦੀ ਜੇਲ੍ਹ ਡਾਇਰੀ ਅਤੇ ਹੋਰ ਲਿਖ਼ਤਾਂ’
ਨਾਂ ਦੀ ਪੁਸਤਕ ਦੀ ਮੰਗ ਕੀਤੀ। ਮੈਂ ਉਸ ਨਾਲ ਫ਼ੋਨ ਤੇ ਵੀ ਬੜੀ ਵਾਰ ਗੱਲ ਕੀਤੀ ਅਤੇ ਉਸ
ਵਸਤੇ; ਲਾਹੌਰ ਵਿੱਚ ਪੁਸਤਕ ਦੀ ਇੱਕ ਕਾਪੀ ਵੀ ਛੱਡ ਦਿੱਤੀ।
ਅੰਗਰੇਜ਼ ਅਫ਼ਸਰਾਂ ਨੇ ਲਾਇਲਪੁਰ ਸ਼ਹਿਰ ਨੂੰ ਬੜੇ ਯੋਜਨਾਬੱਧ ਢੰਗ ਨਾਲ ਉਸਾਰਿਆ ਸੀ। ਜਦੋਂ
ਇਹ ਬਾਰ ਦਾ ਇਲਾਕਾ ਵੱਸਿਆ ਤਾਂ ਇਸ ਇਲਾਕੇ ਦੀ ਜ਼ਮੀਨ ਖੇਤੀ ਲਈ ਬੜੀ ਉਪਜਾਊ ਸੀ, ਇਸ ਲਈ
ਦੂਜੇ ਇਲਾਕਿਆਂ ਦੇ ਕਿਸਾਨਾਂ ਨੇ ਵੀ ਇੱਥੇ ਜ਼ਮੀਨ ਖ਼ਰੀਦਣ ਲਈ ਬੜਾ ਉਤਸ਼ਾਹ ਵਿਖਾਇਆ,
ਬਿਲਕੁਲ ਓਵੇਂ ਹੀ ਜਿਵੇਂ ਪੰਜਾਬੀ ਲੋਕ ਤਰਾਈ ਦੇ ਇਲਾਕੇ ਵਿੱਚ ਜ਼ਮੀਨ ਖ਼ਰੀਦਣ ਜਾਂਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਇੱਥੇ ਬਹੁਤੇ ਲੋਕ ਦੁਆਬੇ ਤੋਂ ਆਏ ਸਨ। ਇਹਨਾਂ ਨਵੇਂ ਆਉਣ ਵਾਲੇ
ਲੋਕਾਂ ਲਈ ਨਵੇਂ ਪਿੰਡ ਵੀ ਵਸਾਏ ਗਏ। ਇਹਨਾਂ ਪਿੰਡਾਂ ਨੂੰ ਚੱਕ ਕਿਹਾ ਜਾਂਦਾ ਸੀ ਤੇ ਹਰ
ਚੱਕ ਦਾ ਇੱਕ ਵੱਖਰਾ ਨੰਬਰ ਹੁੰਦਾ ਸੀ। ਭਾਵੇਂ ਕਿ ਇਹਨਾਂ ਚੱਕਾਂ ਵਿੱਚ ਵੱਸਣ ਵਾਲੇ ਲੋਕਾਂ
ਨੇ ਇਹਨਾਂ ਨੂੰ ਆਪਣੇ ਪੁਰਾਣੇ ਪਿੰਡਾਂ ਦਾ ਨਾਮ ਵੀ ਦੇ ਲਿਆ ਹੋਇਆ ਸੀ। ਇੰਜ ਚੱਕ ਨੰਬਰ 65
ਦਾ ਨਾਮ ਮੁਕੰਦਪੁਰ, ਚੱਕ ਨੰਬਰ 67 ਦਾ ਨਾਮ ਗਿੱਦੜਪਿੰਡੀ, ਚੱਕ ਨੰਬਰ 104 ਦਾ ਨਾਮ ਸਮਰਾ,
ਚੱਕ ਨੰਬਰ 105 ਦਾ ਨਾਮ ਬੰਗੇ ( ਦੁਆਬੇ ਦੇ ਬੰਗਾ ਤੋਂ), ਚੱਕ ਨੰਬਰ 106 ਦਾ ਖੁਰਲਾ, ਚੱਕ
ਨੰਬਰ 107 ਦਾ ਨਾਮ ਪਠਾਨਕੋਟ, ਚੱਕ ਨੰਬਰ 109 ਦਾ ਨਾਮ ਬਜਾਜਾਂਵਾਲਾ ਆਦਿ ਸਨ। ਵੰਡ ਤੋਂ
ਬਾਅਦ ਵੀ ਪਿੰਡਾਂ ਦੇ ਨਾਮ ਇਹੋ ਹੀ ਬਣੇ ਰਹੇ ਹਨ। ਸਿਰਫ਼ ਜ਼ਮੀਨਾਂ ਦੇ ਮਾਲਕ ਅਤੇ ਇੱਥੋਂ
ਦੇ ਵਾਸੀ ਹੀ ਤਬਦੀਲ ਹੋਏ। ਸਾਨੂੰ ਦੱਸਿਆ ਗਿਆ ਕਿ 1965 ਤੋਂ ਪਹਿਲਾਂ ਭਾਰਤ ਤੋਂ ਆਏ
ਯਾਤਰੀਆਂ ਲਈ ਇਧਰ ਆਉਣ ਵਿਚ ਬਹੁਤੀ ਬੰਧਿਸ਼ ਨਹੀਂ ਸੀ ਅਤੇ ਇਹਨਾਂ ਪਿੰਡਾਂ ਨੂੰ ਵੇਖਣ ਲਈ
ਲੋਕ ਅਕਸਰ ਆਉਂਦੇ ਰਹਿੰਦੇ ਸਨ। ਪਰ 1965 ਤੋਂ ਬਾਅਦ ਬੰਧਿਸ਼ਾਂ ਵਧ ਗਈਆਂ। ਪਿਛਲੇ ਕੁਝ
ਸਮੇਂ ਤੋਂ ਫਿ਼ਰ ਬੰਧਿਸ਼ਾਂ ਕੁਝ ਢਿੱਲੀਆਂ ਕੀਤੀਆਂ ਗਈਆਂ ਹਨ ਅਤੇ ਲੋਕ ਫਿ਼ਰ ਇਹਨਾਂ ਥਾਵਾਂ
ਤੇ ਆਉਣ ਜਾਣ ਲੱਗ ਪਏ ਹਨ। ਸਾਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਕੈਨੇਡਾ ਤੋਂ ਆਏ
ਮੁਸਾਫਿ਼ਰਾਂ ਦੀ ਇੱਕ ਭਰੀ ਹੋਈ ਬੱਸ ਇਸ ਥਾਂ ਨੂੰ ਵੇਖਣ ਆਈ ਸੀ। ਵੰਡ ਤੋਂ ਬਾਅਦ, ਲਾਇਲਪੁਰ
ਦਾ ਨਾਮ ਫ਼ੈਸਲਾਬਾਦ ਰੱਖ ਦਿੱਤਾ ਗਿਆ ਸੀ। ਇਹ ਸ਼ਹਿਰ ਟੈਕਸਟਾਈਲ ਉਦਯੋਗ ਦਾ ਗੜ੍ਹ ਮੰਨਿਆ
ਜਾਂਦਾ ਹੈ। ਇਹ ਕਰਾਚੀ ਅਤੇ ਲਾਹੌਰ ਨੂੰ ਛੱਡ ਕੇ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ। ਪਰ
ਇਸ ਸ਼ਹਿਰ ਦੀਆਂ ਭੀੜ, ਪ੍ਰਦੂਸ਼ਣ ਅਤੇ ਟਰੈਫਿ਼ਕ ਵਰਗੀਆਂ ਸਮੱਸਿਆਵਾਂ ਸਾਡੇ ਸ਼ਹਿਰ
ਲੁਧਿਆਣੇ ਨਾਲ ਬਹੁਤ ਹੱਦ ਤੱਕ ਮਿਲਦੀਆਂ ਜੁਲਦੀਆਂ ਹਨ। ਫ਼ੈਸਲਾਬਾਦ ਦੇ ਬਣੇ ਹੋਏ ਕੱਪੜੇ ਦੀ
ਏਸ਼ੀਅਨ ਮੰਡੀ ਵਿੱਚ ਚੰਗੀ ਕੀਮਤ ਹੈ। ਚੱਕ ਨੰਬਰ 105 ਤੋਂ ਅਸੀਂ ਫ਼ੈਸਲਾਬਾਦ ਨੂੰ ਚੱਲ ਪਏ।
ਹੁਣ ਰਾਤ ਪੈ ਚੁੱਕੀ ਸੀ। ਥੋੜ੍ਹੇ ਵਕਫ਼ੇ ਪਿੱਛੋਂ ਅਸੀਂ ਮੋਟਰਵੇ ਤੇ ਚੜ੍ਹ ਗਏ ਅਤੇ ਦੋ
ਘੰਟਿਆਂ ਵਿਚ ਲਾਹੌਰ ਪਹੁੰਚ ਗਏ। ਮੋਟਰਵੇ ਤੇ ਕੁਝ ਨਿਸਚਿਤ ਵਾਹਨ ਹੀ ਚਲਾਏ ਜਾਣ ਦੀ ਆਗਿਆ
ਹੈ , ਇਸ ਲਈ ਸੜਕ ਉੱਤੇ ਜਾਣ ਵਾਲੀ ਟਰੈਫਿ਼ਕ ਬੜੀ ਤੇਜ਼, ਸਹਿਜ ਅਤੇ ਸੁਰੱਖਿਅਤ ਹੈ।
ਮੇਰਾ ਇਰਾਦਾ ਘੱਟੋ ਘੱਟ ਤਕਸਿ਼ਲਾ ਅਤੇ ਇਸਲਾਮਾਬਾਦ ਜਾਣ ਦਾ ਤਾਂ ਸੀ ਹੀ, ਪਰ ਸਮੇਂ ਦੀ ਬੜੀ
ਘਾਟ ਸੀ। ਅਜੇ ਮੈਂ ਲਾਹੌਰ ਵਿੱਚ ਵੀ ਕਈ ਲੋਕਾਂ ਨੂੰ ਮਿਲਣਾ ਸੀ। ਇਸ ਲਈ ਮੈਂ ਬਾਕੀ ਦਿਨ ਵੀ
ਲਾਹੌਰ ਵਿੱਚ ਠਹਿਰਣ ਦਾ ਹੀ ਫ਼ੈਸਲਾ ਕਰ ਲਿਆ। ਲਾਹੌਰ ਵਿਚ ਮੈਂ ਪੰਜ ਤਾਰਾ ਹੋਟਲ ਨੂੰ ਛੱਡ
ਕੇ ਵੱਖ ਵੱਖ ਥਾਵਾਂ ਤੇ ਵੀ ਰਹਿੰਦਾ ਰਿਹਾ। ਇਕ ਰਾਤ ਮੈਂ ਨੌਜਾਵਨ ਵਿਦਿਆਰਥੀਆਂ ਵਿਚ ਕੱਟੀ,
ਜਿੰਨ੍ਹਾਂ ਵਿਚੋਂ ਇਕ ਜਣਾ ਇਮਰਾਨ ਨਨਕਾਣਾ ਸਾਹਿਬ ਦੇ ਸਰਕਾਰੀ ਕਾਲਜ ਵਿਚ ਉਰਦੂ ਪੜ੍ਹਾਉਂਦਾ
ਸੀ। ਇੱਕ ਹੋਰ ਰਾਤ ਮੈਂ ‘ਸਾਊਥ ਏਸ਼ੀਆ ਪਾਰਟੀਸਿਪੇਸ਼ਨ’ ਨਾਂ ਦੀ ਐਨ ਜੀ ਓ ਦੇ ਗੈੱਸਟ ਹਾਊਸ
ਵਿਚ ਬਿਤਾਈ। ਇਸ ਅਦਾਰੇ ਨੇ ਆਪਣੇ ਖੋਜ ਵਿਦਿਆਰਥੀਆਂ ਅਤੇ ਸਟਾਫ਼ ਨਾਲ ਵੀ ਮੇਰੀ ਗੱਲ ਬਾਤ
ਕਰਵਾਈ। ਇਸ ਸੰਸਥਾ ਦੇ ਡਿਪਟੀ ਡਾਇਰੈਕਟਰ ਇਰਫ਼ਾਨ ਮੁਫ਼ਤੀ ਨੇ ਮੈਨੂੰ ਇੱਕ ਸ਼ਾਮ ਬੁੱਲ੍ਹੇ
ਸ਼ਾਹ ਦੇ ਮਜ਼ਾਰ ਤੇ ਲਿਜਾਣ ਦੀ ਪੇਸ਼ਕਸ਼ ਕੀਤੀ ਜਿਹੜੀ ਮੈਂ ਖ਼ੁਸ਼ੀ ਖ਼ੁਸ਼ੀ ਪਰਵਾਨ ਕਰ
ਲਈ। ਕਸੂਰ ਨੂੰ ਜਾਣ ਵਾਲੀ ਸੜਕ ਨੂੰ ਮੁੜ ਤੋਂ ਬਣਾਇਆ ਜਾ ਰਿਹਾ ਸੀ। ਸੜਕ ਦੀ ਖ਼ਰਾਬੀ ਕਾਰਨ
ਦਿਲ ਵੀ ਖ਼ਰਾਬ ਹੋਇਆ ਅਤੇ ਸੱਠ ਕਿਲੋਮੀਟਰ ਦਾ ਸਫ਼ਰ ਅਸੀਂ ਤਿੰਨ ਘੰਟਿਆਂ ਵਿਚ ਕੀਤਾ। ਪਰ
ਮਜ਼ਾਰ ਦੇ ਖ਼ੁਸ਼ਗਵਾਰ ਮਾਹੌਲ ਨੇ ਸਭ ਕੁਝ ਭੁਲਾ ਦਿੱਤਾ। ਰਾਤ ਦੇ ਗਿਆਰਾਂ ਵਜੇ ਵੀ ਮਜ਼ਾਰ
ਉੱਤੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ ਅਤੇ ਮਜ਼ਾਰ ਤੋਂ ਬਾਹਰ ਖੁਲ੍ਹੇ ਥਾਂ ਵਿਚ ਨੱਚ ਅਤੇ
ਗਾ ਰਹੇ ਸਨ। ਲੋਕਾਂ ਵੱਲੋਂ ਮਜ਼ਾਰ ਤੇ ਫੁੱਲ ਚੜ੍ਹਾਏ ਜਾ ਰਹੇ ਸਨ ਪਰ ਔਰਤਾਂ ਨੂੰ ਪਵਿੱਤਰ
ਮਜ਼ਾਰ ਦੇ ਅੰਦਰ ਜਾਣ ਦੀ ਆਗਿਆ ਨਹੀਂ ਸੀ। ਫੁੱਲ ਉਹ ਉਥੋਂ ਦੇ ਮਜਾਵਰ ਨੂੰ ਦੇ ਦਿੰਦੀਆਂ
ਅਤੇ ਮਜ਼ਾਰ ਵਿਚ ਖੁੱਲ੍ਹਦੀ ਬਾਰੀ ਵਿਚੋਂ ਅੰਦਰ ਦੇ ਦੀਦਾਰ ਕਰਦੀਆਂ। ਇਹ ਗੱਲ ਬੁਲ੍ਹੇ ਸ਼ਾਹ
ਦੀ ਸੋਚ ਮੁਤਾਬਕ ਨਹੀਂ ਸੀ ਪਰ ਬਾਕੀ ਸਾਰਾ ਕੁਝ ਬੁੱਲ੍ਹੇ ਸ਼ਾਹ ਮੁਤਾਬਕ ਹੀ ਹੋ ਰਿਹਾ ਸੀ।
ਲੋਕ ‘ਝੁੰਮਰ’ ਵਰਗਾ ਰਵਾਇਤੀ ਨਾਚ ਨੱਚ ਰਹੇ ਸਨ ਅਤੇ ਸਾਜ਼ਾਂ ਦੀਆਂ ਮਧੁਰ ਧੁਨਾਂ ਉੱਤੇ
ਮੰਤਰ ਮੁਗਧ ਕਰ ਦੇਣ ਵਾਲੀ ਆਵਾਜ਼ ਵਿਚ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਗਾ ਰਹੇ ਸਨ।
ਨਨਕਾਣਾ ਸਾਹਿਬ , ਬੁਲ੍ਹੇ ਸ਼ਾਹ ਅਤੇ ਵਾਰਿਸ਼ਾਹ ਦੇ ਸਥਾਨਾਂ ਦੇ ਦੀਦਾਰ ਕਰਨ ਤੋਂ ਬਾਅਦ
ਅਤੇ ਵੱਖ ਵੱਖ ਖੇਤਰਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਉਪਰੰਤ ਮੈਂ ਇਹ ਮਹਿਸੂਸ ਕੀਤਾ ਕਿ
ਦੇਸ਼ ਦੀ ਵੰਡ ਨਾਲ ਸਾਡੀ ਸਭਿਆਚਾਰਕ ਏਕਤਾ ਨੂੰ ਅਧਰੰਗ ਮਾਰ ਗਿਆ ਹੈ। ਦੋਵਾਂ ਪਾਸਿਆਂ ਦੇ
ਪੰਜਾਬੀਆਂ ਦੇ ਮਨਾਂ ਵਿਚ ਇੱਕ ਦੂਜੇ ਨੂੰ ਮਿਲਣ ਅਤੇ ਜਾਨਣ ਦੀ ਅਜੀਬ ਕਿਸਮ ਦੀ ਪਿਆਸ ਹੈ।
ਲਾਹੌਰ ਵਿਚ, ਮੈਂ, ਇਹ ਮਹਿਸੂਸ ਕੀਤਾ ਕਿ ਦੋਵੇਂ ਧਿਰਾਂ ਇੱਕ ਦੂਜੇ ਤੋਂ ਬਿਨਾਂ ਆਪਣੇ ਆਪ
ਨੂੰ ਅਧੂਰਾ ਸਮਝਦੀਆਂ ਹਨ ਅਤੇ ਇਕ ਦੂਸਰੇ ਦੇ ਸਜਿੰਦ ਅਤੇ ਸਿਹਤਮੰਦ ਹਿੱਸੇ ਨਾਲ ਮਿਲਾਪ ਦੀ
ਨੇੜਲੀ ਤਾਂਘ ਰੱਖਦੀਆਂ ਹਨ। ਦੋਵਾਂ ਪਾਸਿਆਂ ਦੇ ਲੋਕ ਇੱਕ ਦੂਜੇ ਨੂੰ ਮਿਲ ਕੇ ‘ਮੁਕੰਮਲ’
ਹੋਣ ਲਈ ਵੈਰਾਗੇ ਪਏ ਹਨ। ਦੋਹਾਂ ਪਾਸਿਆਂ ਤੋਂ ਇਕ ਦੂਜੇ ਲਈ ਮੁਹੱਬਤ ਦਾ ਜਜ਼ਬਾ ਡੁੱਲ੍ਹ
ਡੁੱਲ੍ਹ ਪੈਂਦਾ ਹੈ। ਸ਼ਾਇਦ ਇਹ ਜਜ਼ਬਾ ਪੱਛਮੀ ਪੰਜਾਬ ਵਿਚ ਕੁਝ ਵਧੇਰੇ ਹੀ ਹੋਵੇ। ਅਜਿਹਾ
ਸੋਚਣ ਵਾਲੇ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਰਾਜਸੀ ਤਾਕਤ ਨੂੰ ਹਾਸਲ ਕਰਨ ਦੀ ਮਨਸ਼ਾ
ਨਾਲ ਅਤੇ ਨਿਰੋਲ ਰਾਜਨੀਤਕ ਕਾਰਨਾਂ ਕਰਕੇ ਹੋਈ ਬਿਲਕੁਲ ਹੀ ਤਰਕਹੀਣ ਦੇਸ਼ ਦੀ ਇਸ ਵੰਡ ਨੇ
ਹਿੰਦੂਆਂ ਸਿੱਖਾਂ ਅਤੇ ਮੁਸਲਮਾਨ ਭਾਈਚਾਰਿਆਂ ਦੇ ਆਧਾਰ ਤੇ ਉਸਰੀ ਮੁਕੰਮਲ ਪੰਜਾਬੀ
ਸਭਿਆਚਾਰਕ ਇਕਾਈ ਨੂੰ ਖੰਡਿਤ ਕਰ ਕੇ ਰੱਖ ਦਿੱਤਾ ਹੈ ਅਤੇ ਇਸਦਾ ਪੰਜਾਬੀਆਂ ਨੂੰ ਬਹੁਤ ਹੀ
ਨੁਕਸਾਨ ਝੱਲਣਾ ਪਿਆ ਹੈ। ਮੇਰਾ ਖਿ਼ਆਲ ਹੈ ਕਿ ਸਰਹੱਦ ਦੇ ਆਰ ਪਾਰ ਵੱਸਦੇ ਸਾਰੇ ਪੰਜਾਬੀ
ਲੋਕ ਉਹਨਾਂ ਰਾਜਨੇਤਾਵਾਂ ਨੂੰ ਇਸ ਗੱਲ ਲਈ ਕੋਸਦੇ ਹੋਣਗੇ, ਜਿੰਨ੍ਹਾਂ ਨੇ ਰਾਜਸੀ ਤਾਕਤ
ਹਾਸਲ ਕਰਨ ਲਈ ਪੰਜਾਬ ਦੀ ਸਭਿਆਚਾਰਕ ਏਕਤਾ ਨੂੰ ਕੁਰਬਾਨ ਕਰ ਦਿੱਤਾ। ਪਾਕਿਸਤਾਨੀ ਪੰਜਾਬ
ਭਾਰਤੀ ਪੰਜਾਬ ਨਾਲੋਂ ਲਗਭਗ ਤਿੰਨ ਗੁਣਾ ਵੱਡਾ ਹੈ। ਪਾਕਿਸਤਾਨੀ ਪੰਜਾਬ ਦੀ ਆਬਾਦੀ ਨੌਂ
ਕਰੋੜ ਹੈ ਅਤੇ ਇਹ ਪਾਕਿਸਤਾਨ ਦੀ ਸਮੁੱਚੀ ਅਬਾਦੀ ਦੇ ਅੱਧ ਤੋਂ ਵਧੇਰੇ ਹੈ। ਇਹ ਠੀਕ ਹੈ ਕਿ
ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੇ ਵਧੇਰੇ ਵਿਕਾਸ ਕੀਤਾ ਹੈ। ਪਰ ਸਮੁੱਚੇ
ਤੌਰ ‘ਤੇ ਵੇਖਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਵਿੱਚ ਪੰਜਾਬੀ ਸੱਭਿਆਚਾਰ ਦਾ
ਦ੍ਰਿਸ਼ ਬੜ੍ਹਾ ਸਜਿੰਦ ਅਤੇ ਜਾਨਦਾਰ ਹੈ। ਪੰਜਾਬੀਆਂ ਦਾ ਇਹ ਆਖ ਕੇ ਅਕਸਰ ਮਜ਼ਾਕ ਉਡਾਇਆ
ਜਾਂਦਾ ਹੈ ਕਿ ਪੰਜਾਬੀਆਂ ਦਾ ਕਲਚਰ ਸਿਰਫ਼ ‘ਐਗਰੀਕਲਚਚਰ’ ਹੈ। ਇਹ ਵੀ ਆਜ਼ਾਦੀ ਤੋਂ ਪਿੱਛੋਂ
ਦੇ ਭਾਰਤੀ ਪੰਜਾਬ ਦੀ ਹੀ ਪੰਜਾਬੀਆਂ ਨੂੰ ਦੇਣ ਹੈ ਕਿਉਂਕਿ ਇਸ ਪੰਜਾਬ ਦਾ ਕੋਈ ਆਪਣਾ
ਸੱਭਿਆਚਾਰਕ ਕੇਂਦਰ ਨਹੀਂ ਸੀ ਰਹਿ ਗਿਆ। ਜਦ ਕਿ ਲਾਹੌਰ ਅਣਵੰਡੇ ਪੰਜਾਬ ਦਾ ਸਭ ਤੋਂ ਵੱਧ
ਸੱਭਿਆਚਾਰਕ ਸ਼ਹਿਰ ਗਿਣਿਆ ਜਾਂਦਾ ਸੀ ਅਤੇ ਲਾਹੌਰ ਦੀ ਇਹ ਜਾਨਦਾਰ ਤੇ ਸ਼ਾਨਦਾਰ ਪ੍ਰੰਪਰਾ
ਅੱਜ ਵੀ ਜਿਊਂਦੀ ਜਾਗਦੀ ਹੈ। ਆਜ਼ਾਦੀ ਉਪਰੰਤ ਲਾਹੌਰ ਨੇ ਲੋਹੜੇ ਦਾ ਵਿਕਾਸ ਕੀਤਾ ਹੈ, ਅਤੇ
ਹੁਣ ਇਸ ਦੀ ਆਬਾਦੀ ਇੱਕ ਕਰੋੜ ਦੇ ਲਗਭਗ ਹੈ। ਆਜ਼ਾਦੀ ਤੋਂ ਪਹਿਲਾਂ ਅੰਮ੍ਰਿਤਸਰ ਤੇ ਲਾਹੌਰ
ਲਗਭਗ ‘ਜੌੜੇ’ ਸ਼ਹਿਰ ਸਨ। ਅੰਮ੍ਰਿਤਸਰ ਸੁੰਗੜ ਗਿਆ ਹੈ, ਅਤੇ ਆਜ਼ਾਦੀ ਤੋਂ ਬਾਅਦ ਉਸ ਦਾ
ਧਾਰਮਿਕ ਮਹੱਤਵ ਤਾਂ ਭਾਵੇਂ ਕਾਇਮ ਹੈ, ਪਰ ਉਸ ਦਾ ਸੱਭਿਆਚਾਰਕ ਮਹੱਤਵ ਪਹਿਲਾਂ ਜਿਹਾ ਨਹੀਂ
ਰਹਿ ਗਿਆ।
ਮੈਂ ਅੰਦਰੂਨੀ ਸ਼ਹਿਰ ਅਤੇ ਉਸ ਦੇ ਦੁਆਲੇ ਬਣੇ ਬਹੁਤ ਚਰਚਿਤ ਬਾਰਾਂ ਦਰਵਾਜਿ਼ਆਂ ਨੂੰ ਨਹੀਂ
ਵੇਖ ਸਕਿਆ। ਇਹਨਾਂ ਦਰਵਾਜਿ਼ਆਂ ਵਿੱਚੋਂ ਸ਼ਹਾਲਮੀ ਦਰਵਾਜ਼ਾ (1947 ਵਿੱਚ ਹੋਏ ਫਿ਼ਰਕੂ
ਫ਼ਸਾਦਾਂ ਦਾ ਮੁੱਖ ਕੇਂਦਰ), ਮੋਚੀ ਦਰਵਾਜ਼ਾ, ਭਾਟੀ ਦਰਵਾਜ਼ਾ, ਹਾਥੀ ਦਰਵਾਜ਼ਾ, ਦਮੋਰੀਆ
ਦਰਵਾਜ਼ਾ ਆਦਿ ਦਾ ਜਿ਼ਕਰ ਪ੍ਰਸਿੱਧ ਹਿੰਦੀ ਲੇਖਕ ਯਸ਼ਪਾਲ ਨੇ ਆਪਣੇ ਮਹਾਂਕਾਵਿਕ ਨਾਵਲ
‘ਝੂਠਾ ਸੱਚ’ ਵਿੱਚ ਬੜੀ ਚੰਗੀ ਤਰ੍ਹਾਂ ਬਿਆਨ ਕੀਤਾ ਹੈ। ਲਾਹੌਰ ਵਿੱਚ ਆਪਣੇ ਆਖ਼ਰੀ ਤਿੰਨ
ਦਿਨ ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਗੈਸਟ ਹਾਊਸ ਵਿੱਚ ਗੁਜ਼ਾਰੇ। ਇਨ੍ਹਾਂ ਦਿਨਾਂ ਨੇ
ਮੈਨੂੰ 1971-72 ਵਿਚਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਿਤਾਏ ਆਪਣੇ ਵਿਦਿਆਰਥੀ
ਜੀਵਨ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਨਵੇਂ
ਕੈਂਪਸ ਵਿੱਚ ਬਣੀ ਹੋਈ ਛੋਟੀ ਮਾਰਕੀਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮਾਰਕੀਟ ਵਰਗੀ ਹੀ
ਹੈ, ਭਾਵੇਂ ਕਿ ਚੰਡੀਗੜ੍ਹ ਵਾਲੀ ਮਾਰਕੀਟ ਕੁਝ ਵਧੇਰੇ ਵਿਕਸਿਤ ਹੈ। ਜਿਹੜੇ ਹੋਸਟਲ ਵਿੱਚ
ਮੈਂ ਸਵੇਰ ਦਾ ਨਾਸ਼ਤਾ ਅਤੇ ਚਾਹ ਲੈਂਦਾ ਸਾਂ, ਉਹ ਵੀ ਹੂ-ਬ-ਹੂ ਚੰਡੀਗੜ੍ਹ ਦੇ ਹੋਸਟਲਾਂ
ਵਰਗਾ ਹੀ ਸੀ। ਵੰਡ ਤੋਂ ਬਾਅਦ ‘ਪੰਜਾਬ ਯੂਨੀਵਰਸਿਟੀ’ ਦਾ ਨਾਮ ਬਦਲ ਕੇ ‘ਯੂਨੀਵਰਸਿਟੀ ਆਫ਼
ਪੰਜਾਬ-ਲਾਹੌਰ’ ਕਰ ਦਿੱਤਾ ਗਿਆ ਹੈ ਜਦ ਕਿ ਕੈਫ਼ੇਟੇਰੀਆ ਅਤੇ ਲਾਇਬਰੇਰੀ ਦੇ ਆਜ਼ਾਦੀ ਤੋਂ
ਪਹਿਲਾਂ ਵਾਲੇ ਪੁਰਾਣੇ ਨਾਮ ਹੀ ਬਰਕਰਾਰ ਹਨ। ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਵਖਰਿਆਉਣ
ਦੇ ਮਕਸਦ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚਲੇ ‘ਪੁਨਜਅਬ’ ਦੇ ਸ਼ਬਦਜੋੜ ‘ਪਅਨਜਅਬ’
ਕਰ ਦਿੱਤੇ ਗਏ ਹਨ। ਯੂਨੀਵਰਸਿਟੀ ਦੇ ਪੁਰਾਣੇ ਕੈਂਪਸ ਵਿੱਚ ਮੇਰੀ ਫੇ਼ਰੀ ਵੀ ਦਿਲਚਸਪ ਰਹੀ।
ਇਸ ਕੈਂਪਸ ਵਿੱਚ ਉਰਦੂ, ਪਰਸ਼ੀਅਨ, ਪੰਜਾਬੀ ਦੇ ਵਿਭਾਗ ਤਾਂ ਕਾਇਮ ਸਨ ਹੀ ਹੁਣ ਹਿੰਦੀ ਦਾ
ਵਿਭਾਗ ਵੀ ਮੁੜ ਚਾਲੂ ਕੀਤਾ ਗਿਆ ਹੈ। ਪੰਜਾਬੀ ਵਿਭਾਗ ਵਿੱਚ ਡਾ ਮੋਹਨ ਸਿੰਘ ਦੀਵਾਨਾ ਅਤੇ
ਭਾਈ ਸੰਤੋਖ ਸਿੰਘ ਤੇ ਸਾਧੂ ਦਿੱਤ ਸਿੰਘ ਦੇ ਨਾਂਵਾਂ ਨੂੰ ਵੇਖਣਾ ਵੀ ਆਪਣੇ ਆਪ ਵਿੱਚ ਇੱਕ
ਵਿਲੱਖਣ ਅਨੁਭਵ ਸੀ। ਇਧਰਲੇ ਪੰਜਾਬ ਵਿਚ ਸ਼ਾਇਦ ਕਿਸੇ ਨੂੰ ਇਹ ਪਤਾ ਨਾ ਹੋਵੇ ਕਿ ਪੰਜਾਬ
ਯੂਨੀਵਰਸਿਟੀ ਲਾਹੌਰ ਦਾ ਪੰਜਾਬੀ ਵਿਭਾਗ 1879 ਵਿਚ ਸ਼ੁਰੂ ਹੋਇਆ ਸੀ। ਦਿਲਚਸਪ ਗੱਲ ਇਹ ਵੀ
ਸੀ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਹਿੰਦੀ ਵਿਭਾਗ ਵਿਚ ਕੰਮ ਕਰ ਰਹੀ ਇੱਕੋ ਇੱਕ ਆਰਜ਼ੀ
ਅਧਿਆਪਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੇਰੀ ਵਿਦਿਆਰਥਣ ਰਹਿ ਚੁੱਕੀ ਸੀ। ਇਸਦਾ ਨਾਮ
ਸ਼ਬਨਮ ਰਿਆਜ਼ ਸੀ ਅਤੇ ਇਹ ਪਟਿਆਲੇ ਤੋਂ ਹਿੰਦੀ ਦੀ ਐਮ ਏ ਕਰਨ ਤੋਂ ਬਾਅਦ ਵਿਆਹ ਕਰਵਾ ਕੇ
ਮਲੇਰਕੋਟਲੇ ਤੋਂ ਲਾਹੌਰ ਹਿਜਰਤ ਕਰ ਆਈ ਸੀ। ਲਾਹੌਰ ਆਪਣੀਆਂ ਵਿਦਿਅਕ ਸੰਸਥਾਵਾਂ ਕਰਕੇ ਵੀ
ਜਾਣਿਆਂ ਜਾਂਦਾ ਹੈ। ‘ਪ੍ਰਾਈਵੇਟਾਈਜ਼ੇਸ਼ਨ’ ਦੀ ਬੀਮਾਰੀ ਦਾ ਸਿ਼ਕਾਰ ਹੋਣ ਕਰਕੇ ਇਕੱਲੇ
ਲਾਹੌਰ ਸ਼ਹਿਰ ਵਿਚ ਹੀ ਲਗਭਗ ਪੰਝੀ ਯੂਨੀਵਰਸਿਟੀਆਂ ਬਣ ਗਈਆਂ ਹਨ। ਇਥੋਂ ਤੱਕ ਕਿ ਗੌਰਮਿੰਟ
ਕਾਲਜ ਦਾ ਨਾਂ ਬਦਲ ਕੇ ‘ਗੌਰਮਿੰਟ ਕਾਲਜ ਯੂਨੀਵਰਸਿਟੀ’ ਹੋ ਗਿਆ ਹੈ ਅਤੇ ਇਹ ਨਾਂ ਬੜਾ
ਅਜੀਬੋਗਰੀਬ ਵੀ ਲੱਗਦਾ ਹੈ।
ਲੋਕਾਂ ਨੂੰ ਮਿਲਣਾ ਮੇਰੇ ਲਈ ਬੜਾ ਅਮੀਰ ਕਰ ਦੇਣ ਵਾਲਾ ਅਨੁਭਵ ਸੀ। ਕੁਝ ਲੋਕਾਂ ਨਾਲ ਮੇਰਾ
ਪਹਿਲਾਂ ਹੀ ਸੰਪਰਕ ਸੀ ਅਤੇ ਕੁਝ ਹਵਾਲੇ ਮੈਂ ਭਾਰਤ ਤੋਂ ਨਾਲ ਲੈ ਕੇ ਤੁਰਿਆ ਸਾਂ। ਮੈਂ
ਮਹਾਨ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਧੀ ਸਲੀਮਾ ਹਾਸ਼ਮੀ ਅਤੇ ਉਸਦੇ ਨਾਲ ਹੀ ਫ਼ਕੀਰ
ਅਜ਼ੀਜੁਦੀਨ ਨੂੰ ਮਿਲਣ ਲਈ ਕਾਹਲਾ ਸਾਂ। ਇਹ ਦੋਵੇਂ ਪਾਕਿਸਤਾਨ ਦੇ ਬੜੇ ਪ੍ਰਸਿੱਧ ਆਰਟਿਸਟ
ਹਨ ਅਤੇ ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫ਼ਾਈਨ ਆਰਟਸ ਡੀਪਾਰਟਮੈਂਟ ਵਿਚ
ਹੋਏ ਇੱਕ ਸੈਮੀਨਾਰ ਦੇ ਸਿਲਸਿਲੇ ਵਿਚ ਪੰਜਾਬ ਆਏ ਸਨ। ਸੋ, ਇੱਕ ਸ਼ਾਮ ਤਾਂ ਮੈਂ ਹਾਸ਼ਮੀ
ਪਰਿਵਾਰ ਨਾਲ ਮਾਡਲ ਟਾਊਨ ਵਾਲੇ ਉਸ ਘਰ ਵਿਚ ਬਿਤਾਈ ਜਿੱਥੇ ਕਦੀ ਫ਼ੈਜ਼ ਰਹਿੰਦੇ ਰਹੇ ਸਨ।
ਲਾਹੌਰ ਦੇ ਪ੍ਰਸਿੱਧ ਨੈਸ਼ਨਲ ਆਰਟ ਕਾਲਜ ਦੀ ਪਿੰ੍ਰਸੀਪਲ ਵਜੋਂ ਰਿਟਾਇਰ ਹੋਣ ਉਪਰੰਤ ਸਲੀਮਾ
ਹਾਸ਼ਮੀ ਅੱਜਕੱਲ੍ਹ ਬੈਕਨਹੈੱਡ ਯੂਨੀਵਰਸਿਟੀ ਲਾਹੌਰ ਦੀ ਵਿਯੂਅਲ ਆਰਟਸ ਦੀ ਡੀਨ ਹੈ। ਉਸਦਾ
ਪਤੀ, ਸ਼ੁਏਬ ਹਾਸ਼ਮੀ, ਜੋ ਅਰਥ ਸ਼ਾਸਤਰ ਦਾ ਰਿਟਾਇਰਡ ਪ੍ਰੋਫ਼ੈਸਰ ਹੈ, ਇਕ ਹਸਮੁਖ ਆਦਮੀ
ਹੈ। ਉਹ ਕੁਝ ਰੋਜ਼ਾਨਾ ਅਖ਼ਬਾਰਾਂ ਲਈ ਕਾਲਮ ਵੀ ਲਿਖਦਾ ਹੈ। ਉਹਨਾਂ ਦੀ ਧੀ ਦਾ ਨਾਂ ਮੀਰਾ
ਹੈ ਅਤੇ ਦੋਹਤੀ ਦਾ ਨਾਂ ਅਨ੍ਹਾ। ਸਲੀਮਾ ਦੱਸਦੀ ਹੈ ਕਿ ਫ਼ੈਜ਼ ਸਾਹਿਬ ਨੇ ਭਗਤ ਸਿੰਘ ਹੁਰਾਂ
ਵੱਲੋਂ ਸਾਂਡਰਸ ਉੱਤੇ ਕੀਤੇ ਫਾਇਰਾਂ ਦਾ ਖੜਾਕ ਸੁਣਿਆਂ ਸੀ। ਉਹ ਉਸ ਦਿਨ ਉਸ ਸਮੇਂ ਕਿਧਰੇ
ਡੀ ਏ ਵੀ ਕਾਲਜ ਦੇ ਨੇੜੇ ਹੀ ਸਨ। ਇਹਨਾਂ ਫ਼ਾਇਰਾਂ ਦਾ ਖੜਾਕ ਪਾਕਿਸਤਾਨ ਦੇ ਪ੍ਰਸਿੱਧ
ਕਮਿਊਨਿਸਟ ਲੀਡਰ ਸਵਰਗੀ ਮਜ਼ਹਰ ਅਲੀ ਨੇ ਵੀ ਸੁਣਿਆਂ ਸੀ। ਇਸ ਗੱਲ ਦੀ ਪੁਸ਼ਟੀ ਉਸਦੀ ਪਤਨੀ
ਤਾਰਾ ਮਜ਼ਹਰ ਅਲੀ ਵੱਲੋਂ ਕੀਤੀ ਗਈ ਜਿਹੜੀ ਪ੍ਰਸਿੱਧ ਲੇਖਕ ਤਾਰਿਕ ਅਲੀ ਦੀ ਮਾਂ ਹੈ। ਇਹ
ਉਹਨਾਂ ਲੋਕਾਂ ਵਿਚੋਂ ਹੈ ਜਿਹੜੇ ਪਾਕਿਸਤਾਨ ਵਿਚ ਭਗਤ ਸਿੰਘ ਦੀ ਯਾਦ ਮਨਾਉਂਦੇ ਰਹਿੰਦੇ ਹਨ।
ਮੈਂ ਉਸਦੇ ਘਰ ਉਸਨੂੰ ਮਿਲਿਆ ਅਤੇ ਭਗਤ ਸਿੰਘ ਦੀਆਂ ਲਿਖਤਾਂ ਵਾਲੀ ਕਿਤਾਬ ਵੀ ਉਸਨੂੰ ਭੇਟ
ਕੀਤੀ। ਤਾਰਾ ਮਜ਼ਹਰ ਅਲੀ , ਜਿਹੜੀ ਇਸ ਸਮੇਂ ਬਿਆਸੀ ਵਰ੍ਹਿਆਂ ਦੀ ਹੈ ਅਤੇ ਸਲੀਮਾ ਹਾਸ਼ਮੀ,
ਦੋਵੇਂ, ਪਾਕਿਸਤਾਨ ਦੀ ਜਮਹੂਰੀ ਲਹਿਰ ਵਿਚ ਕ੍ਰਿਆਸ਼ੀਲ ਹਨ। ਮੇਰੀ ਠਹਿਰ ਦੇ ਸਮੇਂ ਹੀ
ਸਲੀਮਾ ਨੇ ਔਰਤਾਂ ਦੀ ਇੱਕ ਰੈਲੀ ਵਿਚ ਭਾਗ ਲਿਆ। ਖੱਬੇਪੱਖੀ ਕਾਰਜਕਰਤਾਵਾਂ ਨੂੰ ਪਾਕਿਸਤਾਨ
ਵਿਚ ਆਮ ਬੋਲ ਚਾਲ ਦੀ ਬੋਲੀ ਵਿਚ ‘ਸੁਰਖੇ’(ਲਾਲ) ਕਿਹਾ ਜਾਂਦਾ ਹੈ। ਇੱਕ ਫਿ਼ਕਸ਼ਨਹਾਊਸ
ਬੁੱਕ ਸ਼ਾਪ ਉੱਤੇ ਲਾਹੌਰ ਦੇ ਇੱਕ ਪ੍ਰਗਤੀਵਾਦੀ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਨਾਲ
ਅਚਨਚੇਤ ਹੀ ਮੇਰਾ ਮੇਲ ਹੋ ਗਿਆ। ਫਿ਼ਕਸ਼ਨ ਹਾਊਸ ਨੇ ਪ੍ਰਸਿੱਧ ਇਤਿਹਾਸਕਾਰ ਮੁਬਾਰਕ ਅਲੀ
ਦੀਆਂ, ਲਗਭਗ ਸਾਰੀਆਂ ਹੀ ਪੁਸਤਕਾਂ, ਉਰਦੂ ਅਤੇ ਅੰਗਰੇਜ਼ੀ ਵਿਚ, ਪ੍ਰਕਾਸਿ਼ਤ ਕੀਤੀਆਂ ਹਨ।
ਮੈਂ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਦੇ ਕੁਝ ਫੋਟੋਕਾਰਡ ਵੰਡਣ ਲਈ ਆਪਣੇ ਨਾਲ ਲੈ ਕੇ ਗਿਆ
ਸਾਂ। ਇਹੋ ਜਿਹਾ ਇਕ ਕਾਰਡ ਮੈਂ ਫਿ਼ਕਸ਼ਨ ਹਾਊਸ ਦੇ ਮਾਲਕ ਨੂੰ ਦਿੱਤਾ। ਇੱਕ ਬਜ਼ੁਰਗ ਆਦਮੀ
ਨੇ, ਜਿਹੜਾ ਓਥੇ ਹਾਜ਼ਰ ਸੀ, ਨੇ ਅਜਿਹਾ ਹੀ ਇੱਕ ਕਾਰਡ ਉਸਨੂੰ ਵੀ ਦੇਣ ਲਈ ਆਖਿਆ। ਫਿਰ
ਉਸਨੇ ਆਪਣੀ ਜਾਣ ਪਛਾਣ ਅਸਲਮ ਰਹੀਲ ਮਿਰਜ਼ਾ ਵਜੋਂ ਕਰਵਾਈ । ਉਹ ਪਾਕਿਸਤਾਨ ਦੀ ਕਮਿਊਨਿਸਟ
ਪਾਰਟੀ ਦਾ ਕਾਰਕੁਨ ਸੀ। ਉਹਨੇ ਦੱਸਿਆ ਕਿ ਉਹ ਹਰ ਸਾਲ ਭਗਤ ਸਿੰਘ ਦਾ ਯਾਦਗਾਰੀ ਦਿਹਾੜਾ
ਮਨਾਉਂਦੇ ਹਨ। ਭਾਵੇਂ ਇਹਨਾਂ ਦਿਨਾਂ ਵਿਚ ਪਾਕਿਸਤਾਨ ਕਮਿਊਨਿਸਟ ਪਾਰਟੀ ‘ਤੇ ਕੋਈ ਪਾਬੰਦੀ
ਨਹੀਂ ਹੈ ਪਰ ਕਮਿਊਨਿਸਟ ਤਾਕਤਾਂ ਕਾਫ਼ੀ ਕਮਜ਼ੋਰ ਹਨ। ਇਹ ਕਮਿਊਨਿਸਟ ਪਾਰਟੀ, (ਜਿਸਦਾ
ਸਿੰਧ-ਹੈਦਰਾਬਾਦ ਵਿਚ ਤਗੜਾ ਆਧਾਰ ਹੈ) ਤੋਂ ਇਲਾਵਾ ਨੈਸ਼ਨਲ ਵਰਕਰਜ਼ ਪਾਰਟੀ, ਮਜ਼ਦੂਰ
ਕਿਸਾਨ ਪਾਰਟੀ, ਲੇਬਰ ਪਾਰਟੀ ਆਦਿ ਗਰੁੱਪਾਂ ਵਿਚ ਵੰਡੀਆਂ ਹੋਈਆਂ ਹਨ।
ਪ੍ਰੋਫ਼ੈਸਰ ਮਨਜ਼ੂਰ ਅਹਿਮਦ, ਪ੍ਰੋਫ਼ੈਸਰ ਅਜ਼ੀਜੁਦੀਨ, ਅਤੇ ਤਹਿਸੀਨ ਅਹਿਮਦ ਦੀ ਸੰਗਤ ਵਿਚ,
ਜਿੰਨ੍ਹਾਂ ਦੀ ਮੁਹੱਬਤ ਸਦਕਾ ਮੈਨੂੰ ਕਿਤੇ ਰਾਤ ਦੇ ਖਾਣੇ ‘ਤੇ ਬੁਲਾਇਆ ਗਿਆ ਸੀ, ਮੁਢਲੇ
ਸਮਿਆਂ ਦੀ ਕਮਿਊਨਿਸਟ ਲਹਿਰ ਬਾਰੇ ਬਹੁਤ ਸਾਰੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ, ਜਿਨ੍ਹਾਂ
ਵਿਚੋਂ ਵਧੇਰੇ ਸੱਚੀਆਂ ਸਨ। ਪ੍ਰੋਫ਼ੈਸਰ ਮਨਜ਼ੂਰ ਅਹਿਮਦ ਇਸ ਵੇਲੇ ਬਿਆਸੀ ਵਰ੍ਹਿਆਂ ਦੇ ਹਨ
ਅਤੇ ਉਹਨਾਂ ਦੇ ਮਿੱਤਰ ਉਹਨਾਂ ਨੂੰ ਗਾਂਧੀਵਾਦੀ ਸਮਝਦੇ ਹਨ। ਭਾਵੇਂ ਉਹਨਾਂ ਦਾ ਕੋਈ ਵੀ
ਮਿੱਤਰ ਗਾਂਧੀ ਬਾਰੇ ਉਸਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਵੀ ਸਾਰੇ ਜਣੇ ਉਸਨੂੰ ਇਕ
ਪ੍ਰਸੰਨ ਚਿੱਤ ਅਤੇ ਮਿਲਾਪੜੇ ਬੰਦੇ ਵਜੋਂ ਪਿਆਰ ਕਰਦੇ ਹਨ। ਮੈਂ ਲਾਹੌਰ ਦੇ ਇਕ ਸੇਠ ਪ੍ਰਾਣ
ਨਾਥ ਦੀ ਬੜੀ ਹੀ ਦਿਲਚਸਪ ਕਹਾਣੀ ਸੁਣੀ ਜਿਸੇ 1947 ਵਿਚ ਲਾਹੌਰ ਛੱਡਣ ਤੋਂ ਇਨਕਾਰ ਕਰ
ਦਿੱਤਾ ਸੀ। ਸੇਠ ਪ੍ਰਾਣ ਨਾਥ ਫ਼ਜ਼ਲ ਹੁਸੈਨ ਮੰਤਰੀ ਮੰਡਲ ਵਿਚ ਪਹਿਲੀ ਵਾਰ ਮੰਤਰੀ ਬਣਨ
ਵਾਲੇ ਲਾਲਾ ਹਰਕ੍ਰਿਸ਼ਨ ਦਾ ਦਾਮਾਦ ਸੀ। ਪ੍ਰਾਣ ਨਾਥ ਨੂੰ 1965 ਵਿਚ ਭਾਰਤ-ਪਾਕਿ ਜੰਗ ਦੇ
ਸਮੇਂ ਥੋੜ੍ਹੇ ਚਿਰ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਕੁਝ ਸਮੇਂ ਲਈ ਭਾਰਤ ਆਇਆ ਅਤੇ ਇੱਥੇ
ਉਹ ਬੀਮਾਰ ਹੋ ਗਿਆ। ਉਸਨੇ ਐਲਾਨ ਕਰ ਦਿੱਤਾ ਕਿ ਉਹ ਲਾਹੌਰ ਤੋਂ ਬਿਨਾਂ ਜਿਊਂਦਾ ਨਹੀਂ ਰਹਿ
ਸਕਦਾ। ਉਹ ਲਾਹੌਰ ਵਾਪਸ ਪਰਤ ਗਿਆ ਅਤੇ ਓਥੇ ਜਾ ਕੇ ਬਿਲਕੁਲ ਠੀਕ ਠਾਕ ਹੋ ਗਿਆ। ਪਰਸਿੱਧ
ਉਰਦੂ ਲੇਖਕ ਸੱਜਾਦ ਜ਼ਹੀਰ, ਜਿਹੜਾ 1947 ਵਿਚ ਪਾਕਿਸਤਾਨ ਵਿਚ ਕਮਿਊਨਿਸਟ ਲਹਿਰ ਖੜੀ ਕਰਨ
ਲਈ ਪਾਕਿਸਤਾਨ ਚਲਾ ਗਿਆ ਸੀ, ਨੇ ਫ਼ਰਜ਼ੀ ਨਾਂ ਹੇਠਾਂ ਸੇਠ ਪ੍ਰਾਣ ਨਾਥ ਕੋਲ ਹੀ ਪਨਾਹ ਲਈ
ਸੀ। ਜਦੋਂ ਇਕ ਵਾਰ ਪੁਲਿਸ ਨੇ ਸੱਜਾਦ ਨੂੰ ਗ੍ਰਿਫ਼ਤਾਰ ਕਰਨ ਲਈ ਉਸਦੇ ਘਰ ਛਾਪਾ
ਮਾਰਿਆ(ਭਾਵੇਂ ਸੱਜਾਦ ਜ਼ਹੀਰ ,ਬਚ ਕੇ, ਪਹਿਲਾਂ ਹੀ ਨਿਕਲ ਗਿਆ ਸੀ)ਤਾਂ ਆਪਣੀਆਂ ਰਈਸਾਂ
ਵਾਲੀਆਂ ਆਦਤਾਂ ਹੋਣ ਕਰਕੇ ਉਸਨੇ ਪੁਲਿਸ ਨਾਲ ਇਸ ਗੱਲੋਂ ਡਾਢੀ ਨਾਰਾਜ਼ਗੀ ਪ੍ਰਗਟਾਈ ਕਿ
ਉਹਨਾਂ ਨੇ ਉਸਦੇ ਘਰ ਛਾਪਾ ਮਾਰਨ ਤੋਂ ਪਹਿਲਾਂ ਉਸਨੂੰ ਸੂਚਿਤ ਕਿਉਂ ਨਹੀਂ ਸੀ ਕੀਤਾ ਜਦ ਕਿ
ਪੁਲਿਸ ਦਾ ਡੀ ਆਈ ਜੀ ਉਸਦਾ ਮਿੱਤਰ ਸੀ। ਤਦ ਉਸਨੂੰ ਦੱਸਿਆ ਗਿਆ ਕਿ ਜਿਹੜੇ ਪ੍ਰੋਫ਼ੈਸਰ ਨੂੰ
ਉਸਨੇ ਆਪਣੀ ਅਨੈਕਸੀ ਵਿਚ ਠਹਿਰਾਇਆ ਹੋਇਆ ਸੀ ਉਹ ਅਸਲ ਵਿਚ ਇੱਕ ਭੂਮੀਗਤ ਕਮਿਊਨਿਸਟ ਲੀਡਰ
ਸੀ। ਇਹ ਉਹ ਦਿਨ ਸਨ ਜਦੋਂ ਸ਼ਾਇਰ ਸਾਹਿਰ ਲੁਧਿਆਣਵੀ ਵੀ ਪਾਕਿਸਤਾਨ ਕਮਿਊਨਿਸਟ ਪਾਰਟੀ ਵਿਚ
ਕੰਮ ਕਰਨ ਲਈ ਪਾਕਿਸਤਾਨ ਗਿਆ ਸੀ ਅਤੇ ਲੇਖਕ ਅਹਿਮਦ ਰਾਹੀ ਕੋਲ ਠਹਿਰਿਆ ਸੀ।
ਮੈਂ ਇਹਨਾਂ ਵੱਡੇ ਬਜ਼ੁਰਗਾਂ ਕੋਲੋਂ, ਵੰਡ ਤੋਂ ਪਹਿਲਾਂ ਅਤੇ ਪਿਛੋਂ ਦੇ ਦਿਨਾਂ ਦੀਆਂ
ਕਹਾਣੀਆਂ ਸੁਣਨ ਦਾ ਆਨੰਦ ਮਾਣਿਆਂ। ਮੈਨੂੰ ਇਤਿਹਾਸਕਾਰ ਮੁਬਾਰਕ ਅਲੀ ਨੂੰ ਮਿਲ ਕੇ ਵੀ
ਕਾਫ਼ੀ ਲਾਭ ਹੋਇਆ, ਜਿਸਨੇ ਜਿਨਾਹ ਬਾਰੇ ਖ਼ਰੀਆਂ ਗੱਲਾਂ ਕਰਕੇ ਲੋਕਾਂ ਨੂੰ ਨਾਰਾਜ਼ ਕਰ ਲਿਆ
ਸੀ। ਦਿਲ ਨੂੰ ਛੁਹਣ ਵਾਲੀ ਇਕ ਹੋਰ ਮਿਲਣੀ ਪਾਕਿਸਤਾਨ ਦੇ ਪਹਿਲੇ ਫ਼ੋਟੋ ਪੱਤਰਕਾਰ , 98
ਸਾਲਾ ਬਜ਼ੁਰਗ ਐਫ਼ ਈ ਚੌਧਰੀ ਨਾਲ ਹੋਈ। ‘ਦਾ ਟ੍ਰਿਬਿਊਨ’ ਦਾ ਖੱਪਾ ਪੂਰਾ ਕਰਨ ਲਈ ਚਾਲੂ
ਹੋਈ ਅਖਬਾਰ ‘ਪਾਕਿਸਤਾਨ ਟਾਈਮਜ਼’ ਦਾ ਸੰਪਾਦਕ, ਜਦੋਂ ਫ਼ੈਜ਼ ਅਹਿਮਦ ਫ਼ੈਜ,਼ ਬਣਿਆਂ ਤਾਂ
ਚੌਧਰੀ ਨੇ ਉਸ ਨਾਲ ਕੰਮ ਕੀਤਾ ਸੀ। ਪਾਕਿਸਤਾਨੀ ਲੀਡਰਾਂ ਦੀਆਂ ਪਹਿਲੀਆਂ ਤਸਵੀਰਾਂ ਐਫ਼ ਈ
ਚੌਧਰੀ (ਇੱਕ ਕਿਰਸਚੀਅਨ) ਨੇ ਹੀ ਖਿੱਚੀਆਂ ਸਨ। ਉਹੋ ਹੀ ਇੱਕ ਅਜਿਹਾ ਫ਼ੋਟੋਗ੍ਰਾਫ਼ਰ ਸੀ,
ਜਿਸਨੇ ਸੈਂਟਰਲ ਜੇਲ੍ਹ ਲਾਹੌਰ ਦੀਆਂ ਉਦੋਂ ਤਸਵੀਰਾਂ ਖਿੱਚੀਆਂ ਸਨ, ਜਦੋਂ ਉਹ 1960 ਵਿਚ
ਢਾਈ ਜਾ ਰਹੀ ਸੀ। ਉਸਨੇ ਉਹਨਾਂ ਫ਼ੋਟੋਆਂ ਦੀ ਫ਼ਾਈਲ ਸਾਂਭ ਕੇ ਰੱਖੀ ਹੋਈ ਸੀ, ਜਿੰਨ੍ਹਾਂ
ਵਿਚ ਉਸ ਫ਼ਾਂਸੀ ਘਾਟ ਦੀਆਂ ਤਸਵੀਰਾਂ ਵੀ ਸਨ, ਜਿੱਥੇ ਭਗਤ ਸਿੰਘ, ਸਰਾਭਾ ਅਤੇ ਹੋਰ ਆਜ਼ਾਦੀ
ਸੰਗਰਾਮੀਆਂ ਨੂੰ ਫ਼ਾਂਸੀ ਦਿੱਤੀ ਗਈ ਸੀ। ਮੈਂ ਆਪਣੇ ਸਾਧਾਰਨ ਕੈਮਰੇ ਵਿਚ ਉਹਨਾਂ ਤਸਵੀਰਾਂ
ਨੂੰ ਸੰਭਾਲ ਲੈਣ ਦੀ ਕੋਸਿ਼ਸ਼ ਕੀਤੀ ਪਰ ਇਸ ਵਿਚ ਮੈਨੂੰ ਸਫ਼ਲਤਾ ਪ੍ਰਾਪਤ ਨਾ ਹੋਈ। ਪਰ
ਮੈਨੂੰ ਪਤਾ ਸੀ ਕਿ ਦਲਜੀਤ ਅਮੀ ਨੇ ਕੁਝ ਦਿਨ ਪਹਿਲਾਂ ਇਹਨਾਂ ਤਸਵੀਰਾਂ ਨੂੰ ਆਪਣੇ ਵੀਡੀਓ
ਕੈਮਰੇ ਵਿਚ ਸਾਂਭ ਲਿਆ ਸੀ। ਚੌਧਰੀ ਆਪਣੇ ਪੁੱਤਰ ਨਾਲ ਰਹਿ ਰਿਹਾ ਹੈ, ਜੋ ਇੱਕ ਕ੍ਰਿਸ਼ਚੀਅਨ
ਸਕੂਲ ਦਾ ਪ੍ਰਿੰਸੀਪਲ ਹੈ। ਬੜੇ ਹੀ ਮਿਠਬੋਲੜੇ ਚੌਧਰੀ ਦੀ ਇਹ ਖ਼ਾਹਿਸ ਸੀ ਕਿ ਉਹ ਵੰਡ ਤੋਂ
ਪਹਿਲਾਂ ਦੇ ਆਪਣੇ ਮਿੱਤਰਾਂ ਨੂੰ ਲੱਭ ਕੇ ਮਿਲਣਾ ਚਾਹੁੰਦਾ ਹੈ ਜਿੰਨ੍ਹਾ ਵਿਚੋਂ ਬਹੁਤੇ
ਫ਼ੋਟੋਗ੍ਰਾਫ਼ਰ ਹੀ ਸਨ ਅਤੇ ਦਿੱਲੀ ਹਿਜਰਤ ਕਰ ਗਏ ਸਨ। ਇੱਕ ਨਾਂ, ਜਿਸਦਾ ਉਸਨੇ ਜਿ਼ਕਰ
ਕੀਤਾ , ਉਹ ਸੀ ਐਲ ਸੋਨੀ ਐਂਡ ਕੰਪਨੀ ਸੀ ਅਤੇ ਦੂਜਾ ਸੀ ਸ਼ੰਕਰ ਦਾਸ ਐਂਡ ਕੰਪਨੀ। ਇਕ
ਪਰਿਵਾਰ ਦੇ ਤਿੰਨ ਭਰਾ ਸਨ:ਸੁੰਦਰ ਦਾਸ, ਹਰੀਸ਼ ਅਤੇ ਜਗਦੀਸ਼ । ਇਹਨਾਂ ਵਿਚੋਂ ਇੱਕ
ਫ਼ੋਟੋਗ੍ਰਾਫ਼ੀ ਦੇ ਕਿੱਤੇ ਨਾਲ ਸੰਬੰਧਿਤ ਸੀ ਅਤੇ ਦੂਜੇ ਭਰਾ ਹੋਰ ਕੰਮ ਧੰਦੇ ਕਰਦੇ ਸਨ।
ਉਸਨੂੰ ਆਪਣੀ ਵੀਹਵਿਆਂ ਦੀ ਜਵਾਨੀ ਦੇ ਉਹ ਦਿਨ ਯਾਦ ਸਨ ਜਦੋਂ ਲਾਹੌਰ ਦੇ ਹਿੰਦੂ, ਸਿੱਖ,
ਮੁਸਲਮਾਨ ਅਤੇ ਈਸਾਈ ਦੁਕਾਨਦਾਰਾਂ ਵਿਚ ਗੂੜ੍ਹੀ ਮਿੱਤਰਤਾ ਸੀ ਅਤੇ ਉਹ ਪੂਰੀ ਸੱਦਭਾਵਨਾ ਨਾਲ
ਵੱਸਦੇ ਸਨ। ਬੀਤੇ ਦਾ ਹੇਰਵਾ ਲਾਹੌਰ ਦੇ ਲੋਕਾਂ ਦੀ ਪਹਿਲੀ ਪੀੜ੍ਹੀ ਦੇ ਮਨਾਂ ਉੱਤੇ ਹੀ
ਨਹੀਂ ਛਾਇਆ ਹੋਇਆ ਸਗੋਂ ਇਸ ਹੇਰਵੇ ਦੀ ਪੀੜ ਨਵੀਂ ਪੀੜ੍ਹੀ ਦੇ ਮਨਾਂ ਵਿਚ ਵੀ ਉੱਤਰ ਗਈ ਹੈ,
ਜਿਸਨੇ ਆਪਣੇ ਵਡੇਰਿਆਂ ਤੋਂ ਸਿਰਫ਼ ਬੀਤੇ ਦੀਆਂ ਕਹਾਣੀਆਂ ਹੀ ਸੁਣੀਆਂ ਹੋਈਆਂ ਹਨ। ਇਸੇ
ਕਰਕੇ ਲੁਧਿਆਣੇ ਤੋਂ ਹਿਜਰਤ ਕਰਕੇ ਗਏ ਇੱਕ ਪਠਾਣ ਪਰਿਵਾਰ ਦਾ ਮੇਰੇ ਨਾਲ ਵਿਹਾਰ ਬੜਾ
ਮਿੱਤਰਤਾ ਪੂਰਨ ਹੋ ਗਿਆ। ਇੱਕ ਹੋਟਲ ਦਾ ਵੇਟਰ ਮੇਰੇ ਨਾਲ ਲੁਧਿਆਣੇ ਤੋਂ ਹਿਜਰਤ ਕਰਕੇ
ਪਾਕਿਸਤਾਨ ਗਏ ਆਪਣੇ ਵਡੇਰਿਆਂ ਦੀਆਂ ਗੱਲਾਂ ਕਰਦਾ ਏਨਾ ਭਾਵਕ ਹੋਇਆ ਕਿ ਇਸ ਤਰਲ ਭਾਵਨਾ ਦਾ
ਪ੍ਰਗਟਾਵਾ ਕਰਨ ਲਈ ਮੇਰੇ ਵਾਸਤੇ ਫ਼ਲਾਂ ਅਤੇ ਪੇਸਟਰੀਆਂ ਦੀ ਇੱਕ ਟੋਕਰੀ ਭਰ ਲਿਆਇਆ। ਭਾਰਤ
ਵਿਚੋਂ ਗਏ ਯਾਤਰੀਆਂ ਨੂੰ ਲਾਹੌਰ ਵਿਚ ਇਹ ਸ਼ਬਦ ਅਕਸਰ ਹੀ ਸੁਣਨ ਨੂੰ ਮਿਲਦੇ ਹਨ , “ਜੀ
ਤੁਸੀਂ ਤਾਂ ਸਾਡੇ ਮਹਿਮਾਨ ਹੋ।” ਇਹ ਸ਼ਬਦ ਜਦੋਂ ਅਸੀਂ ਵਾਰ ਵਾਰ ਸੁਣਦੇ ਹਾਂ ਤਾਂ ਮਨ ਹੀ
ਮਨ ਆਪਣੇ ਆਪ ਨੂੰ ਇਸ ਕਰਕੇ ਦੋਸ਼ੀ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਤਾਂ ਸਰਹੱਦ ਪਾਰੋਂ ਆਏ
ਮਹਿਮਾਨਾਂ ਦੀ ਸ਼ਾਇਦ ਉਸਤਰ੍ਹਾਂ ਦੀ ਸੇਵਾ ਨਹੀਂ ਕਰਦੇ, ਜਿੰਨੀ ਸੇਵਾ ਲਾਹੌਰੀਏ ਸਾਡੀ ਕਰਦੇ
ਹਨ।
ਲਾਹੌਰ ਵਿਚਲੇ ਨਜ਼ਮ ਸੁਸੈਨ ਸੱਯਦ ਦੇ ਜੇਲ੍ਹ ਰੋਡ ਉਤਲੇ ਘਰ ਵਿਚ ਸ਼ੁਕਰਵਾਰ ਵਾਲੇ ਦਿਨ ਹੋਣ
ਵਾਲੀ ‘ਸੰਗਤ’ ਦੀ ਹਾਜ਼ਰੀ ਭਰਨਾ ਵੀ ਬੜਾ ਵਿਲੱਖਣ ਅਨੁਭਵ ਹੈ। ਵੀਹ ਪੰਝੀ ਵਿਦਵਾਨ,
ਜਿੰਨ੍ਹਾਂ ਵਿਚ ਚਾਰ ਪੰਜ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ, ਹਰੇਕ ਸ਼ੁਕਰਵਾਰ ਦੀ ਸ਼ਾਮ ਨੂੰ
ਇਕੱਤਰ ਹੁੰਦੇ ਹਨ। ਗੁਰਬਾਣੀ ਪੜ੍ਹੀ ਜਾਂਦੀ ਹੈ ਅਤੇ ਨਜ਼ਮ ਹੁਸੈਨ ਸੱਯਦ ਇਸਦੀ ਵਿਆਖਿਆ
ਕਰਦਾ ਹੈ। ਸ਼ਾਮ ਨੂੰ ਵਿਛੜਣ ਤੋਂ ਪਹਿਲਾਂ ਉਹ ਰਲ ਕੇ ਖਾਣਾ ਖਾਂਦੇ ਹਨ। ਆਪਣੀਆਂ ਲਿਖਤਾਂ
ਵਿਚਲੀ ਬੌਧਿਕ ਲਿਸ਼ਕ ਸਦਕਾ ਨਜ਼ਮ ਹੁਸੈਨ ਪੂਰਬੀ ਪੰਜਾਬ ਵਿਚ ਵੀ ਜਾਣਿਆਂ ਪਛਾਣਿਆਂ ਨਾਂ
ਹੈ। ਜਦੋਂ ਭਾਸ਼ਾ ਵਿਭਾਗ ਪੰਜਾਬ ਨੇ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਦੇ ਮੌਕੇ ਤੇ, ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਚ ਸ਼੍ਰੋਮਣੀ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਸਨਮਾਨ
ਸਮਾਰੋਹ ਕੀਤਾ ਸੀ ਤਾਂ ਇਸ ਸਮਾਗਮ ਵਿਚ ਪਾਕਿਸਤਾਨ ਦਾ ਮੁੱਖ ਮੰਤਰੀ ਪ੍ਰਵੇਜ਼ ਇਲਾਹੀ ਵੀ
ਸ਼ਾਮਲ ਹੋਇਆ ਸੀ। ਇਸ ਸਮੇਂ ਨਜ਼ਮ ਹੁਸੈਨ ਸੱਯਦ ਨੂੰ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’
(ਵਿਦੇਸ਼ੀ)-2004 ਦਾ ਸਨਮਾਨ ਦਿੱਤੇ ਜਾਣ ਦਾ ਐਲਾਨ ਹੋਇਆ ਸੀ ਪਰ ਉਸਨੇ ਇਹ ਸਨਮਾਨ ਲੈਣ ਤੋਂ
ਇਨਕਾਰ ਕਰ ਦਿੱਤਾ ਸੀ। ਉਸਨੇ ਇਹ ਇਨਕਾਰ ਕਿਸੇ ਹੋਰ ਕਾਰਨ ਕਰਕੇ ਨਹੀਂ ਸਗੋਂ ਅਸੂਲਾਂ ਦੀ
ਬਿਨਾ ਤੇ ਕੀਤਾ ਸੀ। ਸੱਯਦ ਦੀ ਪਤਨੀ ਸਾਜਦਾ ਸੂਫ਼ੀ ਕਲਾਮ ਦਾ ਗਾਇਨ ਬਹੁਤ ਹੀ ਵਧੀਆ ਕਰਦੀ
ਹੈ। ਕੋਈ ਵੀ ਆਦਮੀ ਲਾਹੌਰ ਦੀਆਂ ਗੱਲਾਂ ਕਰਨ ਲੱਗੇ ਤਾਂ ਇਹ ਮੁੱਕਣ ਵਿਚ ਹੀ ਨਹੀਂ
ਆਉਂਦੀਆਂ। ਪਰ ਮੈਂ ਆਪਣੀ ਗੱਲ ਬਾਤ ਨੂੰ ਇਕ ਦਿਲਚਸਪ ਸੰਜੋਗ ਦੀ ਕਹਾਣੀ ਸੁਣਾ ਕੇ ਖ਼ਤਮ
ਕਰਾਂਗਾ।
ਨਵਾਬ ਮੁਹੰਮਦ ਅਹਿਮਦ ਖਾਂ ਉਹ ਸਰਕਾਰੀ ਗਵਾਹ ਸੀ ਜੋ ਲਾਹੌਰ ਸਾਜਿਸ਼ ਕੇਸ ਵਿਚ ਭਗਤ ਸਿੰਘ
ਅਤੇ ਉਸਦੇ ਸਾਥੀਆਂ ਖਿਲਾਫ਼ ਭੁਗਤਿਆ। ਪਾਕਿਸਤਾਨ ਬਣਨ ‘ਤੇ ਉਸਨੂੰ ਆਨਰੇਰੀ ਮਜਿਸਟਰੇਟ
ਬਣਾਇਆ ਗਿਆ। ਅਜੀਬ ਇਤਫ਼ਾਕ ਹੋਇਆ ਕਿ ਜਿਸ ਸ਼ਾਦਮਾਨ ਚੌਕ ਵਾਲੀ ਥਾਂ ਤੇ ਕਦੀ ਭਗਤ ਸਿੰਘ
ਹੋਰਾਂ ਨੂੰ ਫ਼ਾਂਸੀ ਦਿੱਤੀ ਗਈ ਸੀ , ਐਨ ਓਸੇ ਥਾਂ ‘ਤੇ ਉੱਨੀਂ ਸੌ ਸੱਤਰਵਿਆਂ ਵਿਚ ਉਸਦਾ
ਕਤਲ ਹੋ ਗਿਆ। ਅਗਲਾ ਸੰਜੋਗ ਇਹ ਸੀ ਕਿ ਇਸੇ ਹੀ ਬੰਦੇ ਦੇ ਕਤਲ ਕੇਸ ਵਿਚ ਜਿ਼ਆ ਉਲ ਹੱਕ ਨੇ
ਜ਼ੁਲਫਕਾਰ ਅਲੀ ਭੁੱਟੋ ਨੂੰ ਫਸਾਇਆ ਅਤੇ 1977 ਵਿਚ ਲਾਹੌਰ ਜੇਲ੍ਹ ਵਿਚ ਫ਼ਾਂਸੀ ਦਿੱਤਾ ਗਿਆ
ਸੀ। ਹੁਣ ਪਾਕਿਸਤਾਨ ਵਿਚ ਹਰ ਕੋਈ ਇਹ ਆਖਦਾ ਹੈ ਕਿ ਭੁੱਟੋ ਉੱਤੇ ਇਹ ਕੇਸ ਅਮਰੀਕਾ ਦੀ ਸ਼ਹਿ
ਤੇ ਹੀ ਬਣਾਇਆ ਗਿਆ ਸੀ। ਹੁਣ ਸਾਰੇ ਇਹ ਵੀ ਮੰਨਦੇ ਹਨ ਕਿ ਜਿ਼ਆ ਉਲ ਹੱਕ ਦੇ ਗਿਆਰਾਂ ਸਾਲਾ
ਰਾਜ ਦਾ ਸਮਾਂ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਕਾਲਾ ਸਮਾਂ ਸੀ ਅਤੇ ਇਹ ਪਾਕਿਸਤਾਨ ਦੇ
ਸਾਰੇ ਡਿਕਟੇਟਰਾਂ; ਅਯੂਬ ਖਾਂ, ਯਾਹੀਆ ਖਾਂ ਜਾਂ ਪ੍ਰਵੇਜ਼ ਮੁਸ਼ੱਰਫ਼ ਦੇ ਸਮੇਂ ਨਾਲੋਂ ਵੀ
ਭੈੜਾ ਸਮਾਂ ਸੀ। ਜਿ਼ਆ ਦੇ ਦੌਰ ਵਿਚ ਪਾਕਿਸਤਾਨੀ ਸਮਾਜ ਦੀਆਂ ਜਮਹੂਰੀ ਅਤੇ ਸੈਕੂਲਰ ਕਦਰਾਂ
ਕੀਮਤਾਂ ਮੁਕੰਮਲ ਤੌਰ ਤੇ ਤਹਿਸ਼ ਨਹਿਸ਼ ਕਰ ਦਿੱਤੀਆਂ ਗਈਆਂ ਸਨ ਅਤੇ ਉਹਨਾਂ ਨੂੰ ਜਮਹੂਰੀ
ਆਜ਼ਾਦੀ ਮੁੜ ਪ੍ਰਾਪਤ ਕਰਨ ਦੀ ਲੰਮੀ ਜੱਦੋਜਹਿਦ ਵਿਚ ਧੱਕ ਦਿੱਤਾ ਗਿਆ ਸੀ। ਇਸ ਸਮੇਂ
ਪਾਕਿਸਤਾਨੀ ਸਮਾਜ ਜਾਗਰਿਤ ਹੈ ਅਤੇ ਜਿ਼ਆ ਦੇ ਸਮੇਂ ਦੇ ਪਏ ਅਤਿ ਜ਼ਹਿਰੀਲੇ ਪ੍ਰਭਾਵਾਂ ਤੋਂ
ਖ਼ਲਾਸੀ ਪਾਉਣ ਲਈ ਸੰਘਰਸ਼ ਕਰ ਰਿਹਾ ਹੈ। ਸਾਡੀ ਇੱਛਾ ਅਤੇ ਕਾਮਨਾ ਹੈ ਕਿ ਉਹ ਇਸ ਯਤਨ ਵਿਚ
ਕਾਮਯਾਬ ਹੋਵੇ।
-0-
|