‘ਦ ਟਾਈਮਜ਼’ ਬ੍ਰਤਾਨੀਆਂ
ਦੀ ਸਭ ਤੋਂ ਮਹੱਤਵਪੂਰਨ ਅਖ਼ਬਾਰ ਸੀ। ਦੇਸ਼ ਦੇ ਉਪਰਲੇ ਤਬਕੇ ਵਿਚ ਇਹ ਬਹੁਤ ਹੀ ਹਰਮਨਪਿਆਰੀ
ਸੀ। ਇਸ ਅਖ਼ਬਾਰ ਦੀਆਂ ਟਿੱਪਣੀਆਂ ਨੂੰ, ਇਸ ਵਿਚ ਛਪੀਆਂ ਚਿੱਠੀਆਂ ਨੂੰ, ਇਸ ਦੀਆਂ
ਸੰਪਾਦਕੀਆਂ ਤੇ ਹੋਰ ਲੇਖਾਂ ਨੂੰ ਬਹੁਤ ਗੰਭੀਰਤਾ ਨਾਲ ਪੜ੍ਹਿਆ ਜਾਂਦਾ ਸੀ ਤੇ ਉਹਨਾਂ ਦਾ
ਨੋਟਿਸ ਵੀ ਲਿਆ ਜਾਂਦਾ ਸੀ ਤੇ ਉਹਨਾਂ ਉਪਰ ਭਖਵੀਆਂ ਬਹਿਸਾਂ ਵੀ ਹੁੰਦੀਆਂ। ਇਹ ਅਖ਼ਬਾਰ
ਦੇਸ਼ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੀ ਸੀ। ਕਿਸੇ ਵਿਅਕਤੀ ਬਾਰੇ, ਕਿਸੇ ਸਮੂਹ ਬਾਰੇ
ਜਾਂ ਕਿਸੇ ਘਟਨਾ ਬਾਰੇ ਲੋਕ ਇਸ ਅਖ਼ਬਾਰ ਨੂੰ ਪੜ੍ਹਦੇ ਤੇ ਆਪਣੀ ਰਾਏ ਬਣਾਉਂਦੇ। ‘ਦ
ਟਾਈਮਜ’਼ ਨੇ ਮਹਾਂਰਾਜੇ ਉਪਰ ਵੀ ਸਦਾ ਟਿੱਪਣੀਆਂ ਕੀਤੀਆਂ ਸਨ। ਕਿਸੇ ਹੱਦ ਤਕ ਮਹਾਂਰਾਜੇ ਦੇ
ਵਿਰੋਧੀ ਪੈਦਾ ਕਰਨ ਵਿਚ ਇਸ ਅਖ਼ਬਾਰ ਦਾ ਹੱਥ ਸੀ। ਮਹਾਂਰਾਜੇ ਨੇ ਫੈਸਲਾ ਕੀਤਾ ਕਿ ਆਪਣੀ
ਲੜਾਈ ਏ ਅਗਲੇ ਪੜਾਅ ਨੂੰ ਟਾਈਮਜ਼ ਰਾਹੀ ਲੋਕਾਂ ਤਕ ਲੈ ਕੇ ਜਾਵੇਗਾ। ਉਸ ਨੇ ਆਪਣੇ
ਸਲਾਹਕਾਰਾਂ ਤੇ ਆਪਣੀ ਲੀਗਲ ਟੀਮ ਨਾਲ ਲਗ ਕੇ ਇਕ ਲੰਮੀ ਚਿੱਠੀ ਤਿਆਰ ਕੀਤੀ ਜਿਸ ਵਿਚ ਉਸ ਨੇ
ਆਪਣੀ ਇਕੱਠੀ ਕੀਤੀ ਜਾਣਕਾਰੀ ਨੂੰ ਗੱਲ ਕਰਨ ਦਾ ਆਧਾਰ ਬਣਾਇਆ। ਇਸ ਸਬੰਧ ਵਿਚ ਉਸ ਨੇ ਆਪਣਾ
ਨਰਮ ਲਹਿਜ਼ਾ ਕਾਇਮ ਰਖਦਿਆਂ ਪਹਿਲੀ ਚਿੱਠੀ ‘ਦ ਟਾਈਮਜ’਼ ਨੂੰ ਲਿਖੀ;
*ਸੇਵਾ ਵਿਚ, ਸੰਪਾਦਕ ‘ਦ ਟਾਈਮਜ’਼,
‘ਸਰ, ਜਾਪਦਾ ਹੈ ਕਿ ਪਰਧਾਨ ਮੰਤਰੀ ਗਲੈਡਸਟੋਨ ਦੀ ਸਰਕਾਰ ਆਉਣ ਦੇ ਨਾਲ ਹੀ ਇਨਸਾਫ ਦੀ ਆਸ
ਦਾ ਸਮਾਂ ਵੀ ਪਰਤ ਆਇਆ ਹੈ ਤੇ ਮੈਨੂੰ ਵੀ ਤੁਹਾਡੀ ਅਖ਼ਬਾਰ ਰਾਹੀਂ ਆਪਣੀ ਗੱਲ ਬ੍ਰਿਟਿਸ਼
ਨੇਸ਼ਨ ਦੇ ਸਾਹਮਣੇ ਰੱਖਣ ਦਾ ਮੌਕਾ ਮਿਲ ਰਿਹਾ ਹੈ ਕਿ ਮੈਂ ਬੇਇਨਸਾਫੀ ਦਾ ਕਿਵੇਂ ਸਤਾਇਆ
ਹੋਇਆ ਹਾਂ। ਇਸ ਸਰਕਾਰ ਦੀ ਮੇਰੇ ਵਲ ਉਹ ਸਵੱਲੀ ਨਜ਼ਰ ਨਹੀਂ ਹੈ ਜਿਹੜੀ ਕਿ ਮੇਰੇ ਵਰਗੇ
ਹਾਲਾਤ ਵਾਲੇ ‘ਜੁਲੂ ਕਿੰਗ ਕੇਟੇਵੇਓ’ ਵਲ ਬ੍ਰਤਾਨਵੀ ਸਰਕਾਰ ਨੇ ਦਿਖਾਈ ਸੀ ਕਿ ਉਹ ਮੇਰੇ
ਵਾਂਗ ਲੰਡਨ ਵਿਚ ਜਲਾਵਤਨ ਸੀ ਤੇ ਉਸ ਦੀ ਜ਼ਮੀਨ ਉਸ ਨੂੰ ਵਾਪਸ ਕਰ ਦਿਤੀ ਗਈ ਸੀ ਪਰ ਇਸ
ਮਹਾਨ ਇਸਾਈ ਬਾਦਸ਼ਾਹਤ ਤੋਂ ਮੈਨੂੰ ਕਾਫੀ ਆਸਾਂ ਹਨ।...
...ਜਦੋਂ ਮੈਂ ਰਜਗੱਦੀ ‘ਤੇ ਬੈਠਾ ਤਾਂ ਮੈਂ ਬਹੁਤ ਛੋਟਾ ਸਾਂ। ਬਹੁਤ ਸਾਰੀਆਂ ਗੱਲਾਂ ਮੇਰੀ
ਮਰਜ਼ੀ ਤੋਂ ਬਿਨਾਂ ਹੀ ਵਾਪਰ ਰਹੀਆਂ ਸਨ। ਮੇਰੇ ਮਾਮੇ ਤੇ ਮਾਂ ਦੀ ਰੈਜ਼ੀਡੈਂਸੀ ਦੇ ਦੁਰਾਨ
ਖਾਲਸਾ ਫੌਜ ਨੇ ਸਤਲੁਜ ਦਾ ਦਰਿਆ ਪਾਰ ਕੇ ਦੋਸਤਾਨਾ ਬ੍ਰਤਾਨਵੀ ਤਾਕਤ ਤੇ ਹਮਲਾ ਕਰ ਦਿਤਾ ਸੀ
ਤੇ ਸਿੱਟੇ ਵਜੋਂ ਖਾਲਸਾ ਫੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।...
...ਜਦ ਪੰਜਾਬ ਨੂੰ ਬ੍ਰਤਾਨਵੀ ਰਾਜ ਦਾ ਹਿੱਸਾ ਬਣਾਇਆ ਗਿਆ ਸੀ ਉਸ ਬਾਰੇ ਹੁਣ ਮੈਂ ਕੁਝ
ਨਹੀਂ ਕਹਿਣਾ ਕਿ ਉਸ ਵਕਤ ਮੈਂ ਇਕ ਅਜ਼ਾਦ ਮਹਾਂਰਾਜਾ ਸਾਂ ਤੇ ਮੇਰੇ ਲੋਕ ਵੀ ਅਜ਼ਾਦ ਸਨ। ਉਸ
ਸਮੇਂ ਦੀ ਭੈੜੀ ਸਥਿਤੀ ਵਿਚਕਾਰ ਲੌਰਡ ਹਾਰਡਿੰਗ ਵਰਗਾ ਸੱਚਾ ਅੰਗਰੇਜ਼ ਵੀ ਹਾਜ਼ਰ ਸੀ ਜੋ ਕਿ
ਬ੍ਰਤਾਨਵੀ ਬਾਦਸ਼ਾਹਤ ਤੇ ਸ਼ੇਰੇ ਪੰਜਾਬ ਵਿਚਕਾਰ ਦੋਸਤੀ ਦੀ ਵੱਡੀ ਕੜੀ ਸੀ, ਉਸ ਨੇ ਮੈਨੂੰ
ਤਖਤ ‘ਤੇ ਬੈਠਾਇਆ ਸੀ ਤੇ ਉਹਨਾਂ ਨੇ ਦਰਬਾਰ ਲਗਾਉਣ ਸਮੇਂ ਕੋਹੇਨੂਰ ਹੀਰਾ ਬਿਲਕੁਲ ਉਸੇ
ਤਰ੍ਹਾਂ ਮੇਰੀ ਬਾਂਹ ‘ਤੇ ਬੰਨਿਆਂ ਸੀ ਜਿਵੇਂ ਸ਼ੇਰੇ ਪੰਜਾਬ ਬੰਨਿਆਂ ਕਰਦੇ ਸਨ। ਮੇਰੇ ਛੋਟੇ
ਹੋਣ ਕਰਕੇ ਮੁਲਕ ਨੂੰ ਚਲਾਉਣ ਲਈ ਕੌਂਸਲ ਔਫ ਰੀਜੈਂਸੀ ਦਾ ਸੰਗਠਨ ਕੀਤਾ ਗਿਆ ਸੀ, ਜਿਸ ਕੋਲ
ਸਰਕਾਰ ਨੂੰ ਚਲਾਉਣ ਦੇ ਅਧਿਕਾਰ ਵੀ ਸਨ ਤੇ ਕੌਂਸਲ ਔਫ ਰੀਜੈਂਸੀ ਨੇ ਮੇਰੇ ਨਾਲ ਭੈਰੋਵਾਲ
ਸੰਧੀ ਵੀ ਕੀਤੀ ਸੀ ਜਿਸ ਮੁਤਾਬਕ ਮੇਰੀ ਗੱਦੀ ਦੀ ਮੇਰੇ ਸੋਲਾਂ ਸਾਲ ਦੇ ਹੋਣ ਤਕ ਰੱਖਿਆ
ਕਰਨੀ ਸੀ ਤੇ ਇਸ ਮਕਸਦ ਲਈ ਕੁਝ ਫੌਜ ਵੀ ਤਾਇਨਾਤ ਕੀਤੀ ਜਾਣੀ ਸੀ, ਜਿਸ ਦੇ ਬਦਲੇ ਵਿਚ ਮੇਰੇ
ਦਰਬਾਰ ਵਲੋਂ ਸਲਾਨਾ ਰਕਮ ਵੀ ਅਦਾ ਕੀਤੀ ਜਾਣੀ ਸੀ।...
...ਬ੍ਰਿਟਿਸ਼ ਮਿਉਜ਼ੀਅਮ ਵਿਚ ਪਏ ‘ਪੰਜਾਬ ਪੇਪਰਜ਼’ ਮੁਤਾਬਕ ਲੌਰਡ ਹਾਰਡਿੰਗ ਦੇ ਐਲਾਨਨਾਮੇ
ਅਨੁਸਾਰ ਉਹ ਮੇਰੀ ਛੋਟੀ ਉਮਰ ਹੋਣ ਕਰਕੇ ਇਕ ਪਿਤਾ ਵਾਲੀ ਜਿ਼ੰਮੇਵਾਰੀ ਸਮਝਦਾ, ਮੇਰੀ
ਪੜ੍ਹਾਈ ਅਤੇ ਸਰਪਰਸਤੀ ਪ੍ਰਤੀ ਫਿਕਰਵੰਦ ਸੀ।...
...ਦੋ ਅੰਗਰੇਜ਼ ਅਫਸਰ ਮੇਰੇ ਦਸਤਖਤਾਂ ਵਾਲੀ ਦਸਤਾਵੇਜ਼ ਲੈ ਕੇ ਮੁਲਤਾਨ ਕਿਲ੍ਹੇ ਦੇ
ਸੂਬੇਦਾਰ ਮੂਲਰਾਜ ਕੋਲ, ਜੋ ਕਿ ਮੇਰੇ ਅਧੀਨ ਹੀ ਪੈਂਦਾ ਸੀ, ਕਿਲ੍ਹਾ ਖਾਲੀ ਕਰਾਉਣ ਗਏ ਸਨ
ਪਰ ਮੂਲਰਾਜ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿਤੀ ਸੀ ਜਿਸ ਦੇ ਫਲਸੂਰਪ ਵਧੇ ਝਗੜੇ ਵਿਚ ਸਰ
ਫਰੈਡਕਿਰ ਕਰੀ ਤੇ ਸਰ ਹਰਬਰਟ ਐਡਵਰਡ ਨੂੰ ਆਪਣੀ ਜਾਨ ਗੰਵਾਉਣੀ ਪਈ। ਬ੍ਰਤਾਨਵੀ ਫੌਜ ਦੇ
ਕੰਮਾਂਡਰ ਇਨ ਚੀਫ ਨੇ ਰਾਜਧਾਨੀ ਸਿ਼ਮਲੇ ਤੋਂ ਉਸੇ ਵੇਲੇ ਹੋਰ ਫੌਜ ਦੀ ਮੰਗ ਕੀਤੀ ਪਰ ਮਰਹੂਮ
ਲੌਰਡ ਗੌਫ ਨੇ ਲੌਰਡ ਡਲਹੌਜ਼ੀ ਦੇ ਇਸ਼ਾਰੇ ਤੇ ਚਲਦਿਆਂ ਇਨਕਾਰ ਕਰ ਦਿਤਾ, ਇਹ ਬਹਾਨਾ
ਕਰਦਿਆਂ ਕਿ ਇਹ ਮੌਸਮ ਲੜਾਈ ਲਈ ਢੁਕਵਾਂ ਨਹੀਂ ਹੈ।...
...ਲੜਾਈ ਦਾ ਸਮਾਂ ਅਗੇ ਪਾਉਣ ਤੋਂ ਭਾਵ ਸੀ ਕਿ ਲੌਰਡ ਡਲਹੌਜ਼ੀ ਨੇ ਸਹਿਜੇ ਕਾਬੂ ਕੀਤੀ ਜਾ
ਸਕਣ ਵਾਲੀ ਬਗਾਵਤ ਨੂੰ ਵੱਡੀ ਬਣਾ ਕੇ ਪੇਸ਼ ਕੀਤਾ ਤੇ ਨਵਾਂ ਆਰਡਰ ਈਸ਼ੂ ਕਰ ਦਿਤਾ:
ਇਨਕਲੋਜ਼ਰ ਨੰਬਰ 8, ਨੰਬਰ 42 ਅਨੁਸਾਰ – ਮਹਾਂਰਾਜਾ ਦਲੀਪ ਸਿੰਘ ਦੇ ਰਾਜ ਵਿਚਲੀ ਹਰ ਕਿਸਮ
ਦੀ ਰਿਆਇਆ ਨੂੰ ਹੁਕਮ ਦਿਤਾ ਜਾਂਦਾ ਹੈ... ਹਰ ਕਿਸਮ ਦੇ ਵਿਰੋਧ ਨੂੰ ਦਬਾਉਣ ਲਈ ਬ੍ਰਤਾਨਵੀ
ਫੌਜ ਪੰਜਾਬ ਦੇ ਸਾਰੇ ਜਿ਼ਲਿਆਂ ਵਿਚ ਦਾਖਲ ਹੋ ਚੁੱਕੀ ਹੈ, ਫੌਜ ਬਾਗੀਆਂ ਨੂੰ ਸਜ਼ਾ ਦਿਤੇ
ਬਿਨਾਂ ਤੇ ਕਨੂੰਨ ਦੀ ਮੁੜ ਬਹਾਲੀ ਬਿਨਾਂ ਬੈਰਕਾਂ ਨੂੰ ਵਾਪਸ ਨਹੀਂ ਜਾਵੇਗੀ।...
...ਇਸ ਤੋਂ ਇਕ ਗੱਲ ਇਹ ਸਾਫ ਹੁੰਦੀ ਹੈ ਕਿ ਬ੍ਰਤਾਨਵੀ ਕਮਾਂਡਰ ਇਨ ਚੀਫ ਪੰਜਾਬ ਵਿਚ ਜੇਤੂ
ਬਣ ਕੇ ਨਹੀਂ ਸੀ ਆਇਆ ਤੇ ਆਰਮੀ ਨੇ ਸਦਾ ਹੀ ਪੰਜਾਬ ਵਿਚ ਰਹਿਣਾ ਸੀ, ਸੋ ਪੰਜਾਬ ਨੂੰ ਫੌਜ
ਦਾ ਜਿੱਤਿਆ ਇਲਾਕਾ ਨਹੀਂ ਕਿਹਾ ਜਾਣਾ ਚਾਹੀਦਾ ਸੋ ਪੰਜਾਬ ਨੂੰ ਬਾਕੀ ਬ੍ਰਤਾਨਵੀ ਰਾਜ ਨਾਲ
ਰਲਾਉਣਾ ਗੈਰਕਨੂੰਨੀ ਹੈ।...
...ਅੰਗਰੇਜ਼ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਜਿਹੜੇ ਮਹਾਂਰਾਜਾ ਦਲੀਪ ਸਿੰਘ ਦੇ ਵਫਦਾਰ
ਨਹੀਂ ਹਨ ਉਹਨਾਂ ਨੂੰ ਸਜ਼ਾ ਮਿਲੇਗੀ ਪਰ ਕੀ ਇਹ ਇਕੋ ਇਕ ਬੱਚਾ ਮਿਲਿਆ ਸੀ ਸਜ਼ਾ ਦੇਣ
ਲਈ?... ...ਲੌਰਡ ਡਲਹੌਜ਼ੀ ਨੇ ਭੈਰੋਵਾਲ ਸੰਧੀ ਨੂੰ ਲਾਗੂ ਕਰਨ ਦੀ ਥਾਂ ਪੰਜਾਬ ਨੂੰ ਬਾਕੀ
ਹਿੰਦੁਸਤਾਨ ਦੇ ਨਾਲ ਹੀ ਰਲ਼ਾ ਲਿਆ, ਮੇਰੀਆਂ ਸਾਰੀਆਂ ਨਿੱਜੀ ਚੀਜ਼ਾਂ ਵੇਚ ਦਿਤੀਆਂ; ਮੇਰੇ
ਗਹਿਣੇ, ਹੀਰੇ, ਮੋਤੀ, ਕਪੜੇ, ਘਰ ਦਾ ਫਰਨੀਚਰ ਆਦਿ, ਮੈਨੂੰ ਦੱਸੇ ਮੁਤਾਬਕ ਇਹ ਢਾਈ ਲੱਖ
ਪੌਂਡ ਦਾ ਸਮਾਨ ਸੀ। ਇਸ ਤੋਂ ਬਿਨਾਂ ਫੌਜੀਆਂ ਨੂੰ ਦਿਤੇ ਇਨਾਮ ਆਦਿ ਵੱਖਰੇ ਸਨ।... ਮੈਂ
ਤਾਂ ਏਨਾ ਬੱਚਾ ਸਾਂ ਕਿ ਕਿਸੇ ਨੂੰ ਕੁਝ ਵੀ ਕਹਿ ਸਕਣ ਜੋਗਾ ਨਹੀਂ ਸਾਂ ਤੇ ਹੋਰਨਾਂ
ਦੋਸ਼ੀਆਂ ਦੇ ਨਾਲ ਹੀ ਮੈਨੂੰ ਵੀ ਸਜ਼ਾ ਮਿਲ ਗਈ...। ...ਜਦੋਂ ਖਾਲਸਾ ਫੌਜ ਨੇ ਸਤਲੁਜ ਪਾਰ
ਕੀਤਾ ਤਾਂ ਮੈਂ ਇਕ ਅਜ਼ਾਦ ਮੁਖੀ ਸਾਂ ਪਰ ਭੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ ਮੇਰੇ
ਸਰਪ੍ਰਸਤ ਸਨ ਤੇ ਜੇ ਉਹਨਾਂ ਮੂਲਰਾਜ ਉਪਰ ਦੇਰ ਨਾਲ ਕਾਬੂ ਪਾਇਆ ਤਾਂ ਮੇਰਾ ਕਸੂਰ ਤਾਂ ਨਾ
ਹੋਇਆ, ਇਹ ਮੇਰੇ ਸਰਪ੍ਰਸਤਾਂ ਦੀ ਗਲਤੀ ਹੀ ਹੋਈ ਫਿਰ ਸਜ਼ਾ ਮੈਨੂੰ ਕਿਉਂ?...
...ਬ੍ਰਤਾਨਵੀ ਸਰਕਾਰ ਨੂੰ ਭੈਰੋਵਾਲ ਸੰਧੀ ਦੀ ਜਿਥੇ ਲੋੜ ਹੁੰਦੀ ਸਖਤੀ ਨਾਲ ਲਾਗੂ ਕਰ
ਲੈਂਦੀ ਤੇ ਜਿਥੇ ਨਾ ਹੁੰਦੀ ਤਾਂ ਇਸ ਨੂੰ ਅਣਗੌਲ ਦਿਤਾ ਜਾਂਦਾ। ਇਹ ਵੀ ਸੰਧੀ ਦਾ ਹਿੱਸਾ ਹੀ
ਸੀ ਕਿ ਮੇਰੇ ਰਾਜ ਦੀ ਮੇਰੇ ਸੋਲਾਂ ਸਾਲ ਦੇ ਹੋਣ ਤਕ ਰੱਖਿਆ ਕੀਤੀ ਜਾਵੇਗੀ ਤੇ ਦੇਸ਼ ਵਿਚ
ਸ਼ਾਂਤੀ ਬਾਹਾਲ ਕੀਤੀ ਜਾਵੇਗੀ, ਇਹ ਗੱਲਾਂ ਬਿਲਕੁਲ ਅਣਗੌਲ ਦਿਤੀਆਂ ਗਈਆਂ।...
...ਬ੍ਰਤਾਨਵੀ ਫੌਜ ਮੈਨੂੰ ਦੋ ਲੱਖ ਵੀਹ ਹਜ਼ਾਰ ਪੌਂਡ ਸਲਾਨਾ ਦੇਣ ਲਈ ਬਚਨਵੱਧ ਸੀ ਪਰ
ਉਹਨਾਂ ਵਲੋਂ ਮੈਨੂੰ ਇਕ ਰੁਪਇਆ ਵੀ ਨਹੀਂ ਦਿਤਾ ਗਿਆ।...
...ਭੈਰੋਵਾਲ ਸੰਧੀ ਦੇ ਇਨਕਲੋਜ਼ਰ ਨੰਬਰ 5 ਵਿਚ ਨੰਬਰ 23 ਅਨੁਸਾਰ ਲਹੌਰ ਦਾ ਐਕਟਿੰਗ
ਰੈਜ਼ੀਡੈਂਟ ਸ਼ਾਹਦੀ ਭਰਦਾ ਹੈ ਕਿ ਸ਼ਾਹੀ ਦਰਬਾਰ ਨੇ ਖਜ਼ਾਨੇ ਵਿਚ
13,56,637ਰਪੱਈਏ-0ਆਨਾ-6ਪਾਈ (1,35,837ਪੌਂਡ-14ਸ਼ਲਿੰਗ-1ਪੈਨੀ) ਦੀ ਕੀਮਤ ਦੇ ਬਰਾਬਰ ਦਾ
ਸੋਨਾ ਜਮਾਂ ਕਰਾ ਦਿਤਾ ਗਿਆ ਹੈ;
1- ਜੇ ਇਹ ਇਵੇਂ ਹੈ ਤਾਂ ਇਹ ਬਹੁਤ ਹੀ ਬੇਇਨਸਾਫੀ ਵਾਲੀ ਗੱਲ ਹੈ ਕਿ ਖਜ਼ਾਨੇ ਵਿਚ ਪੰਜ ਲੱਖ
ਪੌਂਡ ਵਾਧੂ ਪਿਆ ਸੀ ਜੋ ਹੁਣ ਤਾਂ ਕਈ ਗੁਣਾਂ ਵਧ ਹੋਵੇਗਾ ਤੇ ਮੈਨੂੰ ਕੁਝ ਵੀ ਨਹੀਂ ਦਿਤਾ
ਗਿਆ।...
2- ਮੇਰੀ ਨਿੱਜੀ ਜਾਇਦਾਦ ਦੀ ਆਮਦਨ ਜੋ ਕਿ ਸਲਾਨਾ 1,30,000 ਪੌਂਡ ਬਣਦੀ ਸੀ, ਜਿਸ ਦੇ
ਸਾਰੇ ਕਾਗਜ਼ ਨਾਲ ਟੰਗੇ ਹੋਏ ਹਨ, 1849 ਤੋਂ ਮੈਨੂੰ ਨਹੀਂ ਮਿਲੀ। ਇਹ ਜਾਇਦਾਦ ਪੰਜਾਬ ਨੂੰ
ਹਿੰਦੁਸਤਾਨ ਸਰਕਾਰ ਨਾਲ ਰਲਾਉਣ ਸਮੇਂ ਜ਼ਬਤ ਨਹੀਂ ਸੀ ਕੀਤੀ ਗਈ। ਪੰਜਾਬ ਨੂੰ ਹਿੰਦੁਸਤਾਨ
ਦੇ ਨਾਲ ਰਲਾਉਣਾ ਵੀ ਗੈਰਕਾਨੂੰਨੀ ਹੈ ਕਿਉਂਕਿ ਮੇਰੇ ਸਰਪ੍ਰਸਤਾਂ ਨੇ ਮੇਰੇ ਤੋਂ ਜ਼ਬਰਦਸਤੀ
ਦਸਤਖਤ ਕਰਾਏ ਸਨ, ਸੋ ਇਹ ਸਾਰੇ ਡੌਕੂਮੈਂਟ ਹੀ ਗੈਰਕਾਨੂੰਨੀ ਹਨ ਤੇ ਮੈਂ ਹਾਲੇ ਵੀ ਪੰਜਾਬ
ਦਾ ਰਾਜਾ ਹਾਂ। ਪਰ ਇਸ ਵੇਲੇ ਮੇਰੀ ਬਹਿਸ ਦਾ ਵਿਸ਼ਾ ਇਹ ਨਹੀਂ ਹੈ, ਮੈਂ ਦੱਸਣਾ ਚਾਹੁੰਦਾ
ਹਾਂ ਕਿ ਇਸ ਸਭ ਕਿਵੇਂ ਵਾਪਰਿਆ, ਮੇਰੇ ਨਾਲ ਤੇ ਮੈਂ ਇਸ ਸਮੇਂ ਆਪਣੀ ਸਭ ਤੋਂ ਸ਼ਾਨੋਸ਼ੌਕਤ
ਵਾਲੀ ਸਰਕਾਰ ਦਾ ਸ਼ਹਿਰੀ ਹਾਂ।...
3- ਮੇਰੀ ਸਾਰੀ ਨਿੱਜੀ ਜਾਇਦਾਦ ਵੀ ਮੇਰੇ ਤੋਂ ਖੋਹ ਲਈ ਗਈ, ਮੇਰੇ ਲਈ ਸਿਰਫ ਵੀਹ ਹਜ਼ਾਰ
ਪੌਂਡ ਦੇ ਮੁੱਲ ਬਰਾਬਰ ਦੀ ਹੀ ਮੇਰੇ ਲਈ ਛੱਡੀ ਗਈ ਜੋ ਮੈਂ ਆਪਣੇ ਨਾਲ ਫਤਹਿਗੜ੍ਹ ਲੈ ਗਿਆ
ਸਾਂ। ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਢਾਈ ਲੱਖ ਪੌਂਡ ਦੀ ਜਾਇਦਾਦ ਮੇਰੀ ਖੋਹ ਲਈ ਗਈ ਸੀ।
ਮੇਰੇ ਕੇਸ ਵਿਚ ਇਕ ਹੋਰ ਬੇਇਨਸਾਫੀ ਇਹ ਹੋ ਰਹੀ ਹੈ ਕਿ ਮੇਰੇ ਨੌਕਰਾਂ ਨੂੰ ਜਾਇਦਾਦਾਂ ਰੱਖਣ
ਦਾ ਹੱਕ ਹੈ ਜਿਵੇਂ ਕਿ ਮੇਰੀਆ ਦਿਤੀਆਂ ਜਗੀਰਾਂ ਤੇ ਹੋਰ ਕਿੰਨੇ ਕੁਝ ਦਾ ਫਾਇਦਾ ਲੈ ਰਹੇ ਹਨ
ਪਰ ਮੈਨੂੰ ਐੱਲਵੇਡਨ ਰੱਖ ਸਕਣ ਦੀ ਇਜਾਜ਼ਤ ਨਹੀਂ ਮਿਲ ਰਹੀ ਹੈ ਜਿਸ ਨੇ ਕਿ ਕਦੇ ਬ੍ਰਿਟਿਸ਼
ਸਰਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮੈਨੂੰ ਲਗਦਾ ਹੈ ਕਿ ਇਸਾਈ ਤਾਕਤ ਦੀ ਰਿਆਇਆ
ਹੋਣ ਦੇ ਪਾਪ ਦੀ ਇਹ ਸਜ਼ਾ ਮੈਨੂੰ ਮਿਲ ਰਹੀ ਹੈ।...
...ਜਿਹੜੇ ਪੱਚੀ ਹਜ਼ਾਰ ਸਲਾਨਾ ਇਸ ਵੇਲੇ ਮਿਲਦੇ ਵੀ ਹਨ ਉਸ ਵਿਚੋਂ ਤੇਰਾਂ ਹਜ਼ਾਰ ਹੀ ਮਸਾਂ
ਮੇਰੇ ਪੱਲੇ ਪੈਂਦੇ ਹਨ, ਬਾਕੀ ਦੇ ਵਿਆਜ ਦੀ ਕਿਸ਼ਤ ਤੇ ਹੋਰ ਖਰਚਿਆਂ ਦੇ ਕੱਟ ਲਏ ਜਾਂਦੇ
ਹਨ। ਹੁਣ ਪਾਰਲੀਮੈਂਟ ਵਲੋਂ ਪਾਸ ਕੀਤੇ ਐਕਟ ਮੁਤਾਬਕ ਦੋ ਹਜ਼ਾਰ ਪੌਂਡ ਦੀ ਤੁੱਛ ਜਿਹੀ ਰਕਮ
ਸਲਾਨਾ ਹੋਰ ਵਿਚ ਪਾ ਦਿਤੀ ਜਾਵੇਗੀ ਪਰ ਇਸ ਸ਼ਰਤ ‘ਤੇ ਕਿ ਮੇਰੇ ਮਰਨ ਤੋਂ ਬਾਅਦ ਮੇਰੇ
ਬੱਚਿਆਂ ਨੂੰ ਘਰ ਕਿਧਰੇ ਹੋਰ ਲੱਭਣਾ ਪਵੇਗਾ। ਇਹ ਗੱਲ ਮੇਰੇ ਉਤਰਾਅਧਿਕਾਰੀਆਂ ਲਈ ਬਹੁਤ
ਨੁਕਸਾਨਦੇਹ ਹੈ।...
...ਮੈਂ ਰੱਬ ਅਗੇ ਅਰਦਾਸ ਕਰਦਾ ਹਾਂ ਕਿ ਕੋਈ ਤਾਂ ਚੰਗਾ ਅੰਗਰੇਜ਼ ਅਗੇ ਆਵੇ ਤੇ ਮੇਰੇ ਸਹੀ
ਕੇਸ ਦੀ ਇਸ ਇਸਾਈਮੱਤ ਵਾਲੇ ਅਜ਼ਾਦ ਤੇ ਇਨਸਾਫ ਪਸੰਦ ਦੇਸ਼ ਦੀ ਪਾਰਲੀਮੈਂਟ ਅਗੇ ਵਕਾਲਤ
ਕਰੇ।...
...ਮੈਂ ਨਰਮਦਿਲ ਤੇ ਇਸਾਈ ਬ੍ਰਤਾਨਵੀਆਂ ਅਗੇ ਬੇਨਤੀ ਕਰਦਾ ਹਾਂ ਕਿ ਮੈਂ ਵੀ ਹੁਣ ਤੁਹਾਡੇ
ਵਿਚੋਂ ਹੀ ਇਕ ਹਾਂ ਤੇ ਮੇਰੇ ਕੇਸ ਬਾਰੇ ਰਹਿਮਦਿਲੀ ਨਾਲ ਸੋਚੋ। ਮੈਨੂੰ ਇਸ ਕੌਮ ‘ਤੇ ਮਾਣ
ਹੈ ਤੇ ਮੈਂ ਸਦਾ ਹੀ ਇਸ ਕੌਮ ਦਾ ਸੇਵਾਦਾਰ ਰਹਾਂਗਾ।’
ਦਲੀਪ ਸਿੰਘ।*
ਮਹਾਂਰਾਜੇ ਦੀ ਚਿੱਠੀ ਟਾਈਮਜ਼ ਵਿਚ ਛਪੀ ਤਾਂ ਇਸ ਦੀ ਖੂਬ ਚਰਚਾ ਹੋਈ। ਅਫਸ਼ਾਹੀ ਵਿਚ ਤਾਂ
ਇਕਦਮ ਹਿਲਜੁਲ ਹੋਣ ਲਗੀ। ਉਸ ਦਿਨ ਦੀ ਅਖ਼ਬਾਰ ਦੀਆਂ ਸਭ ਕਾਪੀਆਂ ਵਿਕ ਗਈਆਂ। ਲੋਕਾਂ ਨੇ ਇਕ
ਦੂਜੇ ਤੋਂ ਉਧਾਰੀ ਲੈ ਲੈ ਕੇ ਇਹ ਅਖ਼ਬਾਰ ਪੜ੍ਹੀ। ‘ਲੈਟਰ ਟੂ ਐਡੀਟਰ’ ਤਾਂ ਉਵੇਂ ਹੀ ‘ਦ
ਟਾਈਮਜ਼’ ਅਖ਼ਬਾਰ ਦਾ ਪ੍ਰਸਿੱਧ ਹੁੰਦਾ ਸੀ। ਹੋਰਨਾਂ ਅਖ਼ਬਾਰਾਂ ਨੇ ਵੀ ਇਸ ਚਿੱਠੀ ਦਾ
ਜਿ਼ਕਰ ਕੀਤਾ। ਕਈ ਅਖ਼ਬਾਰਾਂ ਨੇ ‘ਦ ਟਾਈਮਜ਼’ ਤੋਂ ਇਜਾਜ਼ਤ ਲੈ ਕੇ ਅਗਲੇ ਦਿਨ ਵੀ ਇਹ
ਚਿੱਠੀ ਛਾਪੀ। ਮਹਾਂਰਾਜੇ ਦੀ ਇਸ ਚਿੱਠੀ ਨੇ ਸਰਕਾਰ ਨੂੰ ਹੋਰ ਵੀ ਨਾਰਾਜ਼ ਕਰ ਲਿਆ। ਉਸ ਦੇ
ਦੋਸਤਾਂ ਵਿਚੋਂ ਵੀ ਕੁਝ ਹੋਰ ਝੜ ਗਏ। ਇਸ ਦਾ ਅਜਿਹਾ ਅਸਰ ਹੋਇਆ ਕਿ ਅਖ਼ਬਾਰ ਨੂੰ ਇਸ ਚਿੱਠੀ
ਬਾਰੇ ਪੂਰੀ ਸੰਪਾਦਕੀ ਲਿਖਣੀ ਪੈ ਗਈ। ‘ਦ ਟਾਈਮਜ’਼ ਦੇ ਉਸ ਵੇਲੇ ਦੇ ਸੰਪਾਦਕ ਨੇ ਲਿਖਿਆ;
*‘ਦ ਟਾਈਮਜ਼’:
ਸੰਪਾਦਕੀ, 31 ਅਗਸਤ, 1882,
‘ਮਹਾਂਰਾਜੇ ਨੇ ਪਹਿਲਾਂ ਵੀ ਆਪਣੇ ਕਲੇਮ ਦਾ ਜਿ਼ਕਰ ਕਰਦਿਆਂ ਕਿਧਰੇ ‘ਜੂਲੂ ਕਿੰਗ ਕੈਟੇਵੇਓ’
ਦੀ ਉਧਾਹਰਣ ਦਿਤੀ ਸੀ। ਪਹਿਲੀ ਨਜ਼ਰੇ ਤਾਂ ਲਗਦਾ ਹੈ ਕਿ ਮਹਾਂਰਾਜਾ ਪੂਰਾ ਪੰਜਾਬ ਵਾਪਸ
ਚਾਹੁੰਦਾ ਹੈ ਪਰ ਫਿਰ ਉਹ ਆਪਣੇ ਆਪ ਨੂੰ ਸ਼ਾਨੋਸ਼ੌਕਤ ਵਾਲੀ ਸਰਕਾਰ ਦਾ ਸ਼ਹਿਰੀ ਆਖਦਾ ਹੈ,
ਇਸ ਦਾ ਮਤਲਵ ਉਹ ਜਿ਼ਆਦਾ ਕੁਝ ਦੀ ਆਸ ਵਿਚ ਨਹੀਂ ਹੈ। ਉਹ ਆਪਣੇ ਨਿੱਜੀ ਕੰਮ ਹਿੰਦੁਸਤਾਨ ਦੀ
ਸਰਕਾਰ ਤੋਂ ਸਹੀ ਢੰਗ ਨਾਲ ਕਰਾਉਣੇ ਚਾਹੁੰਦਾ ਹੈ। ...ਉਹ ਕਹਿੰਦਾ ਹੈ ਕਿ ਉਸ ਦੇ ਪੱਚੀ
ਹਜ਼ਾਰ ਪੈਨਸ਼ਨ ਵਿਚੋਂ ਤੇਰਾਂ ਹਜ਼ਾਰ ਹੀ ਉਸ ਨੂੰ ਮਿਲਦਾ ਹੈ ਤੇ ਹੁਣ ਨਵੇਂ ਪਾਰਲੀਮੈਂਟ
ਐਕਟ ਕਾਰਨ ਦੋ ਹਜ਼ਾਰ ਪੌਂਡ ਹੋਰ, ਜਿਵੇਂ ਉਹ ਆਖਦਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਐੱਲਵੇਡਨ
ਵੇਚ ਕੇ ਉਸ ਦਾ ਕਰਜ਼ਾ ਲਾਹਿਆ ਜਾਵੇਗਾ ਤੇ ਬਾਕੀ ਦੇ ਉਸ ਦੇ ਪਰਿਵਾਰ ਦੀ ਪੈਨਸ਼ਨ ਵਿਚ ਪਾਏ
ਜਾਣਗੇ। ਉਹਦਾ ਕਲੇਮ ਤਾਂ ਇਹ ਹੈ ਕਿ ਇਵੇਂ ਨਾ ਕੀਤਾ ਜਾਵੇ ਤੇ ਪੰਜਾਬ ਦੇ ਤਖਤ ਬਾਰੇ ਤਾਂ
ਆਪਣੇ ਕਲੇਮ ਉਪਰ ਦਬਾਅ ਲਈ ਗੱਲ ਕਰਦਾ ਹੈ। ਜੇਕਰ ਉਸ ਦੀਆਂ ਗੱਲਾਂ ਮੰਨ ਲਈਆਂ ਜਾਂਦੀਆਂ ਹਨ
ਤਾਂ ਉਹ ਇਕ ਆਮ ਅੰਗਰੇਜ਼ ਭੱਦਰਪੁਰਸ਼ ਵਾਂਗ ਆਪਣੀ ਇਸਟੇਟ ਵਿਚ ਜੀਵਨ ਬਤੀਤ ਕਰ ਸਕਦਾ ਹੈ
ਜਿਸ ਦੀ ਸਿ਼ਕਾਰ ਤੇ ਹੋਰ ਖੇਤੀ ਦੀ ਆਮਦਨ ਉਸ ਲਈ ਕਾਫੀ ਹੈ। ਇੰਗਲਿਸ਼ ਪਬਲਿਕ ਮਹਾਂਰਾਜੇ
ਤੋਂ ਭਲੀਭਾਂਤ ਜਾਣੂ ਹੈ।...
ਨਾ ਤਾਂ ਮਹਾਂਰਾਜਾ ਪਹਿਲਾ ਪੂਰਬੀ ਪਰਿੰਸ ਹੈ ਜਿਸ ਦਾ ਰਾਜ ਹਿੰਦੁਸਤਾਨੀ ਰਾਜ ਦੇ ਨਾਲ
ਰਲ਼ਾਇਆ ਗਿਆ ਹੈ ਤੇ ਨਾ ਹੀ ਉਸ ਦਾ ਕਲੇਮ ਪਹਿਲੀ ਵਾਰ ਸੁਣਿਆ ਜਾ ਰਿਹਾ ਹੈ। ਕੋਹੇਨੂਰ ਹੀਰੇ
ਬਾਰੇ ਵੀ ਕਈ ਵਾਰ ਗੱਲ ਕਰ ਚੁੱਕਿਆ ਹੈ ਕਿ ਉਸ ਤੋਂ ਗਲਤ ਤਰੀਕੇ ਨਾਲ ਲਿਆ ਗਿਆ ਹੈ।...
ਸਿੱਖਾਂ ਦੀਆਂ ਦੋ ਲੜਾਈਆਂ ਦੀਆਂ ਘਟਨਾਵਾਂ ਪਾਠਕਾਂ ਨੂੰ ਯਾਦ ਹੋਣਗੀਆਂ।... ਸਭਰਾਓਂ ਦੀ
ਲੜਾਈ ਦੀ ਖਾਲਸਾ ਫੌਜ ਦੀ ਹਾਰ ਤੋਂ ਬਾਅਦ ਲੌਰਡ ਹਾਰਡਿੰਗ ਨੇ ਪੰਜਾਬ ਨੂੰ ਬਾਕੀ ਹਿੰਦੁਸਤਾਨ
ਨਾਲ ਨਹੀਂ ਸੀ ਮਿਲਾਇਆ ਤੇ ਮਹਾਂਰਾਜੇ ਨੂੰ ਉਸ ਦੀ ਮਾਤਾ ਰਾਣੀ ਜਿੰਦ ਕੋਰ ਦੀ ਰੈਜੀਡੈਂਸੀ
ਵਿਚ ਤੇ ਸਿੱਖ ਕੌਂਸਲ ਦੀ ਮੱਦਦ ਨਾਲ ਰਾਜ ਕਰ ਲੈਣ ਦਿਤਾ ਸੀ ਪਰ ਇਹ ਇੰਤਜ਼ਾਮ ਠੀਕ ਨਾ
ਨਿਕਲੇ ਤੇ ਫੇਹਲ ਹੋ ਗਏ। ਫਿਰ ਭੈਰੋਵਾਲ ਦੀ ਸੰਧੀ ਸਮੇਂ ਬ੍ਰਤਾਨਵੀ ਰੈਜੀਡੈਂਸੀ ਵਿਚ
ਮਹਾਂਰਾਜੇ ਨੂੰ ਰਾਜ ਕਰਨ ਦੀ ਇਜਾਜ਼ਤ ਦਿਤੀ ਗਈ ਸੀ ਤੇ ਫੌਜ ਨੇ ਉਸ ਦੇ ਸੋਲਾਂ ਸਾਲ ਹੋਣ ਤਕ
ਉਸ ਦੀ ਰੱਖਿਆ ਕਰਨੀ ਸੀ। ਸਿੱਖਾਂ ਦੀ ਮੂਲਰਾਜ ਨਾਲ ਦੂਜੀ ਲੜਾਈ ਤੋਂ ਬਾਅਦ ਸਿੱਖ ਫੌਜ ਦੀ
ਤਾਕਤ ਨੂੰ ਤੋੜਨਾ ਜ਼ਰੂਰੀ ਸੀ ਇਸ ਕਰਕੇ ਲੌਰਡ ਹਾਰਡਿੰਗ ਨੇ ਪੰਜਾਬ ਨੂੰ ਬਾਕੀ ਹਿੰਦੁਸਤਾਨ
ਨਾਲ ਮਿਲਾਉਣ ਦਾ ਫੈਸਲਾ ਕਰ ਲਿਆ ਸੀ। ਉਸ ਵੇਲੇ ਮਹਾਂਰਾਜਾ ਗਿਆਰਾਂ ਸਾਲ ਦਾ ਸੀ ਪਰ ਉਹ
ਲਹੌਰ ਦਰਬਾਰ ਦੀ ਸਲਾਹ ਨਾਲ ਤਿੰਨ ਸਾਲ ਤੋਂ ਰਾਜ ਕਰ ਰਿਹਾ ਸੀ। ਜਿਥੇ ਉਹ ਕਹਿੰਦਾ ਹੈ ਕਿ
ਦਸਤਖਤ ਕਰਨ ਵੇਲੇ ਉਹ ਛੋਟਾ ਸੀ ਪਰ ਭੈਰੋਵਾਲ ਦੀ ਸੰਧੀ ‘ਤੇ ਵੀ ਤਾਂ ਉਸ ਨੇ ਹੀ ਦਸਤਖਤ
ਕੀਤੇ ਸਨ।...
...ਇਹ ਵੀ ਫੈਸਲਾ ਹੋ ਗਿਆ ਸੀ ਕਿ ਸਰਕਾਰ ਦੀ ਕਿਹੋ ਜਿਹੀ ਵੀ ਜਾਇਦਾਦ ਹੋਵੇ ਈਸਟ ਇੰਡੀਆ
ਦੁਆਰਾ ਜ਼ਬਤ ਕਰ ਲਈ ਜਾਵੇਗੀ। ਕੋਹੇਨੂਰ ਹੀਰਾ ਮਹਾਂਰਾਣੀ ਵਿਕਟੋਰੀਆ ਨੂੰ ਸੌਂਪ ਦਿਤਾ ਗਿਆ
ਸੀ।..
...ਚਾਰ ਤੋਂ ਪੰਜ ਲੱਖ ਰੁਪਏ ਸਲਾਨਾ ਦੀ ਪੈਨਸ਼ਨ ਵਾਲੀ ਗੱਲ ਸਹੀ ਹੈ ਜੋ ਕਿ ਉਸ ਦੇ ਸਾਰੇ
ਰਿਸ਼ਤੇਦਾਰਾਂ ਤੇ ਉਸ ਦੇ ਨੌਕਰਾਂ ਚਾਕਰਾਂ ਵਾਸਤੇ ਸੀ ਤੇ ਮਹਾਂਰਾਜੇ ਨੂੰ ਮਹਾਂਰਾਜਾ ਦਲੀਪ
ਸਿੰਘ, ਬਹਾਦਰ ਦਾ ਖਿਤਾਬ ਰੱਖਣ ਦੀ ਇਜਾਜ਼ਤ ਦੇ ਦਿਤੀ ਗਈ ਸੀ।...
ਜਿਹੜੇ ਦਸਤਖਤਾਂ ਦੀ ਮਹਾਂਰਾਜਾ ਗੱਲ ਕਰਦਾ ਹੈ ਇਹ ਉਸ ਨੇ ਆਪਣੇ ਸਲਾਹਕਾਰਾਂ ਵਿਚਕਾਰ ਬਿਨਾਂ
ਕਿਸੇ ਝਿਜਕ ਦੇ ਆਪ ਕੀਤੇ ਸਨ।...
ਸੰਧੀ ਵਿਚ ਜਿਹੜੀਆਂ ਵੀ ਸ਼ਰਤਾਂ ਮਹਾਂਰਾਜੇ ਨੇ ਮਨਜ਼ੂਰ ਕੀਤੀਆਂ ਸਨ ਉਸ ਵਿਚ ਕਿਤੇ ਵੀ
ਨਿੱਜੀ ਜਾਇਦਾਦਾ ਦਾ ਜਿ਼ਕਰ ਨਹੀਂ ਹੈ। ਲੌਰਡ ਡਲਹੌਜ਼ੀ ਦੇ 1855 ਦੇ ਰਿਕਾਰਡ ਅਨੁਸਾਰ ਜਦੋਂ
ਪੰਜਾਬ ਨੂੰ ਹਿੰਦੁਸਤਾਨ ਦੇ ਨਾਲ ਰਲ਼ਾਇਆ ਗਿਆ ਤਾਂ ਮਹਾਂਰਾਜੇ ਕੋਲ ਕੋਈ ਇਲਾਕਾ ਨਹੀਂ ਸੀ,
ਕੋਈ ਜ਼ਮੀਨ ਨਹੀਂ ਸੀ, ਕੋਈ ਜਾਇਦਾਦ ਨਹੀਂ ਸੀ ਜਿਸ ਦਾ ਉਹ ਜਾਨਸ਼ੀਨ ਬਣ ਸਕੇ। ਉਹ ਸਿਰਫ
ਪੈਨਸ਼ਨ ਦਾ ਹੱਕਦਾਰ ਸੀ।...
ਹਿੰਦੁਸਤਾਨ ਦੀ ਸਰਕਾਰ ਨੇ ਮਹਾਂਰਾਜੇ ਨਾਲ ਕੋਈ ਵਧੀਕੀ ਨਹੀਂ ਕੀਤੀ। ਚਾਰ ਲੱਖ ਰੁਪਏ ਵਾਲੀ
ਪੈਨਸ਼ਨ ਉਸ ਦੇ ਇਕੱਲੇ ਲਈ ਨਹੀਂ ਸੀ, ਸੋ 1853 ਵਿਚ ਸਾਢੇ ਬਾਰਾਂ ਹਜ਼ਾਰ ਦੀ ਪੈਨਸ਼ਨ ਜੋ
ਉਸ ਨੂੰ ਦਿਤੀ ਗਈ ਬਹੁਤ ਸਹੀ ਸੀ ਜਿਸ ਨੂੰ 1859 ਵਿਚ ਵਧਾ ਕੇ ਦੁਗਣੀ ਕਰ ਦਿਤਾ ਗਿਆ
ਸੀ।...
ਪੈਨਸ਼ਨ ਦਾ ਪੱਚੀ ਹਜਾ਼ਰ ਪੌਂਡ ਸਲਾਨਾ ਤੋਂ ਤੇਰਾਂ ਹਜ਼ਾਰ ਰਹਿ ਜਾਣ ਵਿਚ ਸਰਕਾਰ ਦਾ ਕਸੂਰ
ਨਹੀਂ ਹੈ ਬਲਕਿ ਇਹ ਕਸੂਰ ਮਹਾਂਰਾਜੇ ਦੀ ਫਜ਼ੂਲ ਖਰਚੀ ਦਾ ਹੈ, ਪੂਰਬੀ ਪਰਿੰਸ ਹੁੰਦੇ ਹੋਏ
ਵੀ ਉਸ ਨਾਲ ਬਹੁਤ ਦਿਆਨਤਦਾਰੀ ਵਾਲਾ ਵਰਤਾਵ ਕੀਤਾ ਜਾਂਦਾ ਰਿਹਾ ਹੈ।...
ਫਜ਼ੂਲਖਰਚੀ ਅਨੁਸਾਰ ਪਹਿਲਾਂ ਉਸ ਨੇ 1,38,000 ਪੌਂਡ ਦੀ ਗਲੌਸਟਰਸ਼ਾਇਰ ਵਿਚ ਜਾਇਦਾਦ
ਖਰੀਦੀ ਤੇ ਫਿਰ ਉਹ ਵੇਚ ਕੇ ਇਹ ਐੱਲਵੇਡਨ ਵਾਲੀ। ਇਹ ਸਾਰੇ ਪੈਸੇ ਸਰਕਾਰ ਨੇ ਉਸ ਨੂੰ ਕਰਜੇ਼
ਦੇ ਤੌਰ ਤੇ ਦਿਤੇ ਸਨ ਜਿਸ ਦੀ ਕਿਸ਼ਤ 5,664 ਪੌਂਡ ਸਲਾਨਾ ਬਣਦੀ ਸੀ, ਕਿਸ਼ਤ ਤੋਂ ਬਿਨਾਂ
ਬਾਕੀ ਦੇ ਇਸ ਦੇ ਆਪਣੇ ਵਧਾਏ ਹੋਏ ਖਰਚੇ ਸਨ। ਮੁੱਢਲੇ ਕਰਜ਼ੇ ਤੋਂ ਬਿਨਾਂ ਇਸ ਨੇ ਸੱਠ
ਹਜ਼ਾਰ ਪੌਂਡ ਹੋਰ ਕਰਜ਼ਾ ਵੀ ਲਿਆ ਜਿਸ ਦਾ ਦੋ ਹਜ਼ਾਰ ਵਿਆਜ ਇੰਡੀਆ ਔਫਿਸ ਨੇ ਭਰਨਾ ਕੀਤਾ
ਹੈ।...
ਮਹਾਂਰਾਜੇ ਦੇ ਖਰਚੇ ਇਕ ਅੰਗਰੇਜ਼ ਭੱਦਰਪੁਰਸ਼ ਵਾਲੇ ਬਿਲਕੁਲ ਨਹੀਂ, ਬਲਕਿ ਇਹ ਖਰਚੇ ਤਾਂ
ਉਸ ਦੇ ਖਾਲਸਾ ਫੌਜ ਨੇ ਵੀ ਨਹੀਂ ਸਨ ਸਹਿ ਸਕਣੇ। ਆਪਣੀ ਆਮਦਨ ਤੋਂ ਵਧ ਖਰਚ ਕਰਨਾ ਹੀ
ਮਹਾਂਰਾਜੇ ਦਾ ਦੁਖਾਂਤ ਹੈ। ਹਰ ਜਿਉਂਦੇ ਬੰਦੇ ਦਾ ਫਰਜ਼ ਹੈ ਕਿ ਆਪਣੀ ਆਮਦਨ ਦੇ ਵਿਚ ਰਹਿ
ਕੇ ਖਰਚ ਕਰੇ ਪਰ ਮਹਾਂਰਾਜਾ ਆਪਣਾ ਇਹ ਫਰਜ਼ ਭੁੱਲ ਗਿਆ ਪਰ ਆਮ ਪੂਰਬੀ ਰਾਜਕੁਮਾਰ ਇਵੇਂ
ਨਹੀਂ ਕਰਿਆ ਕਰਦੇ। ਮਹਾਂਰਾਜੇ ਨੂੰ ਜਿੰਨੇ ਵੀ ਪੈਸੇ ਦੇ ਦਿਤੇ ਜਾਣ ਉਸ ਦੇ ਨਤੀਜੇ ਫਿਰ ਇਹੋ
ਨਿਕਲਣਗੇ।’*...
ਜਿਹੜੇ ਜਵਾਬ ਸਰਕਾਰ ਨੇ ਦੇਣੇ ਸਨ ਉਹ ਸਾਰੇ ਅਖ਼ਬਾਰ ਨੇ ਹੀ ਦੇ ਦਿਤੇ ਸਨ। ‘ਦ ਟਾਈਮਜ’਼ ਨੇ
ਮਹਾਂਰਾਜੇ ਦੇ ਸਾਰੇ ਦਾਅਵਿਆਂ ਨੂੰ ਏਨਾ ਨਹੀਂ ਪੱਛਾੜਿਆ ਜਿੰਨਾ ਉਸ ਦੀ ਸਖਸ਼ੀਅਤ ਨੂੰ।
ਅਖ਼ਬਾਰ ਨੇ ਆਪਣੇ ਪਾਠਕਾਂ ਨੂੰ ਇਹ ਯਕੀਨ ਦਵਾਉਣ ਦੀ ਕੋਸਿ਼ਸ਼ ਕੀਤੀ ਕਿ ਮਹਾਂਰਾਜਾ ਅਜਿਹਾ
ਬੰਦਾ ਹੈ ਜਿਸ ਦੀ ਜੇਬ੍ਹ ਪਾਟੀ ਹੋਈ ਹੁੰਦੀ ਹੈ, ਉਸ ਵਿਚ ਜਿੰਨੇ ਮਰਜ਼ੀ ਪੈਸੇ ਪਾ ਦਿਓ, ਉਹ
ਖਰਾਬ ਹੋਣੇ ਹੀ ਹੋਣੇ ਹੁੰਦੇ ਹਨ। ਅਖ਼ਬਾਰ ਦਾ ਸੰਪਾਦਕੀ ਮਹਾਂਰਾਜੇ ਦੇ ਕੈਂਪ ਵਿਚ ਤੀਰਾਂ
ਦੀ ਵੋਛਾੜ ਵਾਂਗ ਆਇਆ। ਸਭ ਤੜਫੇ। ਮਹਾਂਰਾਜੇ ਨੇ ਤਾਂ ਦੁਖੀ ਹੋਣਾ ਹੀ ਹੋਇਆ। ਇਸ ਸੰਪਾਦਕੀ
ਦਾ ਜਵਾਬ ਦੇਣਾ ਵੀ ਬਣਦਾ ਸੀ। ਪਾਠਕ ਬੇਸਬਰੀ ਨਾਲ ਉਡੀਕ ਰਹੇ ਸਨ। ਮਹਾਂਰਾਜਾ ਤਿਆਰੀ ਕਰਨ
ਲਗਿਆ। ਉਸ ਦੀ ਸਾਰੀ ਟੀਮ ਇਸ ਕੰਮ ਵਿਚ ਰੁਝੀ ਹੋਈ ਸੀ। ਕੁਝ ਦਿਨਾਂ ਬਾਅਦ ਮਹਾਂਰਾਜੇ ਦਾ
ਜਵਾਬ ਟਾਈਮਜ਼ ਵਿਚ ਛਪਿਆ;
*6 ਸਤੰਬਰ, 1882, ਮਹਾਂਰਾਜਾ ਦਾ ਜਵਾਬ;
ਸਰ, ਤੁਹਾਡੇ 31 ਅਗਸਤ ਵਾਲੇ ਲੇਖ ਵਿਚ ਇੰਨੀਆਂ ਗਲਤ ਬਿਆਨਬਾਜ਼ੀਆਂ ਹਨ ਕਿ ਮੇਰੇ ਬਿਨਾਂ
ਇਹਨਾਂ ਨੂੰ ਕੋਈ ਠੀਕ ਨਹੀਂ ਕਰ ਸਕਦਾ।
1- ਤੁਸੀਂ ਕਿਹਾ; ਉਹ ਹਿੰਦੁਸਤਾਨ ਦੀ ਸਰਕਾਰ ਤੋਂ ਪਾਰਲੀਮੈਂਟ ਐਕਟ ਮੁਤਾਬਕ ਦੋ ਹਜ਼ਾਰ
ਪੌਂਡ ਸਲਾਨਾ ਲੈਣ ਵਿਚ ਕਾਮਯਾਬ ਹੋ ਗਿਆ ਹੈ ਇਸ ਸ਼ਰਤ ਤੇ ਕਿ ਉਸ ਦੇ ਮਰਨ ਤੋਂ ਬਾਅਦ
ਐਲਵੇਡਨ ਵੇਚ ਦਿਤਾ ਜਾਵੇਗਾ...
ਮੈਂ ਕਦੇ ਵੀ ਉਪਰਲੇ ਇੰਤਜ਼ਾਮ ਲਈ ਅਪੀਲ ਨਹੀਂ ਕੀਤੀ। ਮੈਨੂੰ ਬੇਇਨਸਾਫੀ ਇਹ ਲਗਦੀ ਹੈ ਕਿ
ਮੈਨੂੰ ਇਹ ਸਾਰਾ ਕਰਜ਼ਾ ਮੇਰੇ ਜੀਉਂਦੇ ਜੀਅ ਕਿਉਂ ਨਹੀਂ ਮੋੜਨ ਦਿਤਾ ਜਾ ਰਿਹਾ। ਜਦੋਂ ਕਿ
ਮੈਨੂੰ ਪਹਿਲਾਂ ਹੀ ਸੋਲਾਂ ਹਜ਼ਾਰ ਪੌਂਡ ਦੇ ਦਿਤਾ ਗਿਆ ਹੈ ਪਰ ਆਪਣੀ ਨਿਜੀ ਕੁਰਬਾਨੀ ਨਾਲ
ਇਹ ਇੰਗਲਿਸ਼ ਘਰ ਆਪਣੇ ਉਤਰਅਧਿਕਾਰੀਆਂ ਲਈ ਰੱਖਣ ਦੀ ਇਜਾਜ਼ਤ ਕਿਉਂ ਨਹੀਂ ਦਿਤੀ ਜਾ ਰਹੀ।
ਮੈਂ ਇੰਡੀਆ ਹਾਊਸ ਨੂੰ 3,542ਪੌਂ ਤੇ 14 ਸ਼ਲਿੰਗ ਜੋ ਕਿ ਤਿੰਨ ਹਜ਼ਾਰ ਪੌਂਡ ਤੇ ਜਮਾਂ ਪੰਜ
ਫੀ ਸਦੀ ਵਿਆਜ ਬਣਦਾ ਹੈ, ਪਿਛਲੇ ਅਪਰੈਲ ਵਿਚ ਚੈੱਕ ਭੇਜਿਆ ਸੀ ਪਰ ਇਹ ਮੈਨੂੰ ਵਾਪਸ ਕਰ
ਦਿਤਾ ਗਿਆ ਹੈ।...
ਮੇਰੀ ਵਿਧਵਾ ਤੇ ਬੱਚਿਆਂ ਲਈ ਇਹ ਇੰਤਜ਼ਾਮ ਤਾਂ ਇਸ ਐਕਟ ਬਣਨ ਤੋਂ ਪਹਿਲਾਂ ਦਾ ਲਾਗੂ ਹੋਣਾ
ਚਾਹੀਦਾ ਹੈ।
2- ਜਿਹੜੀ ਤੁਸੀਂ ਮੇਰੇ ਸਮਝੌਤਿਆਂ ਦੇ ਦਸਤਖਤ ਕਰਨ ਵਾਲੀ ਗੱਲ ਕੀਤੀ ਹੈ ਉਹ ਤਾਂ ਮੈਂ ਸਿਰਫ
ਏਨਾ ਕਿਹਾ ਕਿ ਮੈਂ ਉਸ ਵੇਲੇ ਕੁਝ ਵੀ ਸਮਝ ਸਕਣ ਦੀ ਉਮਰ ਵਿਚ ਨਹੀਂ ਸੀ।
3- ਤੁਸੀਂ ਕਿਹਾ ਹੈ ਕਿ ਮਹਾਂਰਾਜਾ ਦੇ ਨਾਬਾਲਗ ਹੋਣ ਦੇ ਖਿਲਾਫ ਦਲੀਲ ਦੇ ਰਹੇ ਹੋ ਕਿ
ਭੈਰੋਵਾਲ ਦੀ ਟਰੀਟੀ ਇਸ ਤੋਂ ਦੋ ਸਾਲ ਪਹਿਲਾਂ ਹੋਈ ਸੀ ਤੇ ਉਸ ‘ਤੇ ਵੀ ਮੈਂ ਹੀ ਦਸਤਖਤ
ਕੀਤੇ ਸਨ....। ਇਸ ਬਾਰੇ ਮੈਂ ਫਿਰ ਕਹਾਂਗਾ ਕਿ ਭੈਰੋਵਾਲ ਸੰਧੀ ਤੋਂ ਬਾਅਦ ਮੈਂ ਬ੍ਰਿਟਿਸ਼
ਕੌਮ ਦਾ ਹਿੱਸਾ ਸਾਂ ਤੇ ਜੇਕਰ ਮੇਰੇ ਸਰਪ੍ਰਸਤਾਂ ਦੀ ਕਿਸੇ ਗਲਤੀ ਕਾਰਨ ਮੈਨੂੰ ਮੇਰੇ ਰਾਜ
ਤੋਂ ਵਾਂਝਾ ਕਰਨਾ ਜਾਇਜ਼ ਨਹੀਂ ਹੈ।...
ਸਫਾ 49, ਪੰਜਾਬ ਪੇਪਰ 1847-49: ਲੌਰਡ ਹਾਰਡਿੰਗ ਦੇ ਆਪਣੇ ਸ਼ਬਦਾਂ ਵਿਚ: ਗਵਰਨਰ ਜਨਰਲ
ਨੌਜਵਾਨ ਰਾਜਕੁਮਾਰ ਦੀ ਨਾਬਾਲਗੀ ਸਮੇਂ ਉਸ ਦੇ ਸਰਪ੍ਰਸਤ ਵਜੋਂ ਕੰਮ ਕਰਨ ਲਈ ਬਚਨਵੱਧ
ਹੈ।...
4- ਤੁਸੀਂ ਲੌਰਡ ਡਲਹੌਜ਼ੀ ਦੀ ਲਿਖਤ ਬਾਰੇ ਗੱਲ ਕੀਤੀ ਹੈ ਕਿ ਮੇਰੀ ਕੋਈ ਵੀ ਜਾਇਦਾਦ ਨਹੀਂ
ਸੀ, ਇਸ ਦੇ ਜਵਾਬ ਵਿਚ ਮੈਂ ਕਹਾਂਗਾ ਕਿ ਪੰਜਾਬ ਦੇ ਹਿੰਦੁਸਤਾਨ ਨਾਲ ਜੋੜਨ ਸਮੇਂ ਮੈਨੂੰ
ਇਲਾਕਾ ਤੇ ਨਿੱਜੀ ਜਾਇਦਾਦ ਮਿਲੀ ਸੀ ਜੋ ਮੇਰੇ ਹੀ ਕਬਜ਼ੇ ਵਿਚ ਸੀ ਤੇ ਫਿਰ ਇਹ ਕਬਜ਼ਾ ਇਕ
ਟਰੱਸਟ ਨੂੰ ਦੇ ਦਿਤਾ ਗਿਆ ਸੀ ਜਿਸ ਨੂੰ ਬ੍ਰਤਾਨਵੀ ਸਰਕਾਰ ਨਾਲ ਸੰਧੀ ਮੁਤਾਬਕ ਮੈਂ ਹੀ ਚਲਾ
ਰਿਹਾ ਸਾਂ।...
ਮੈਨੂੰ ਨਿੱਜੀ ਇਸਟੇਟ ਤੇ ਜ਼ਮੀਨ ਮਿਲੇ ਸਨ ਇਹ ਇਕ ਇਤਹਾਸਕ ਸੱਚਾਈ ਹੈ ਤੇ ਸਰਕਾਰੀ ਰਿਕਾਰਡ
ਵੀ ਕਾਇਮ ਹਨ। ਇਹ ਜਾਇਦਾਦ ਮੇਰੀ ਪਰਿਵਾਰਿਕ ਹੈ ਜਿਸ ਦਾ ਅਗਾਂਹ ਤੋਂ ਅਗਾਂਹ ਮੈਂ
ਉਤਰ-ਅਧਿਕਾਰੀ ਹਾਂ। ਲੌਰਡ ਡਲਹੌਜ਼ੀ ਦੀ ਲਿਖਤ ਵਿਚ ਮੇਰੇ ਹੱਕ ਨੂੰ ਨਕਾਰਨਾ ਇਵੇਂ ਹੈ
ਜਿਵੇਂ ਅੰਨਾ ਬੰਦਾ ਸੂਰਜ ਦੀ ਹੋਂਦ ਨੂੰ ਨਕਾਰ ਦਿੰਦਾ ਹੈ।...
ਹੁਣ ਕੁਝ ਗੱਲਾਂ ਮੇਰੇ ਫਜ਼ੂਲ ਖਰਚਿਆਂ ਬਾਰੇ ਵੀ ਹੋ ਜਾਣ। ਮੈਨੂੰ 25,000 ਪੌਂਡ ਸਲਾਨਾ
ਪੈਂਸ਼ਨ ਮਿਲਦੀ ਹੈ, ਜਿਸ ਵਿਚੋਂ (1) 5,664 ਪੌਂਡ ਸਰਕਾਰ ਵਲੋਂ ਮਿਲੇ ਨਕਦ ਦਾ ਵਿਆਜ
ਜਾਂਦਾ ਹੈ ਤੇ (2) 3,000 ਪੌਂਡ ਮੇਰੀ ਇੰਨਸ਼ੋਅਰੈਂਸ ਪੌਲਸੀ, (3) 1,000 ਪੌਂਡ ਦੀਆ ਦੋ
ਪੈਨਸ਼ਨਾਂ ਇਕ 500 ਪੌਂਡ ਮੇਰੇ ਸੁਪਰਡੈਂਟ ਦੀ ਵਿਧਵਾ ਲੇਡੀ ਲੋਗਨ ਨੂੰ ਤੇ 500 ਪੌਂਡ ਮੇਰੇ
ਹਿੰਦੁਸਤਾਨ ਵਿਚ ਰਹਿੰਦੇ ਨੌਕਰਾਂ ਨੂੰ ਤੇ ਹੋਰ ਖਰਚ ਇਵੇਂ ਹੈ...
ਮਿਸਟਰ ਐਡੀਟਰ, ਇਹ ਸਭ ਦੇਖ ਕੇ ਮੈਨੂੰ ਤੁਹਾਡਾ ਮੈਨੂੰ ਫਜ਼ੂਲ-ਖਰਚ ਕਹਿਣਾ ਖਾਰਜ ਕਰਨਾ
ਪਵੇਗਾ। ਤੁਸੀਂ ਇਹ ਵੀ ਕਿਹਾ ਕਿ ਸਾਰੀਆਂ ਸਰਕਾਰਾਂ ਨੇ ਮੇਰੇ ਕਲੇਮ ਨੂੰ ਨਾਂਹ ਕਰ ਦਿਤੀ
ਹੈ, ਹਾਂ, ਬਿਨਾਂ ਕਿਸੇ ਕੇਸ ਦੀ ਕਿਸੇ ਸੁਣਵਾਈ ਦੇ ਇਨਕਾਰ ਕਰਨਾ ਸੌਖਾ ਹੁੰਦਾ ਹੈ।
ਇੰਗਲਿਸ਼ ਲਾਅ ਦੇ ਹਿਸਾਬ ਨਾਲ ਹਰ ਗੁਨਾਹਗਾਰ ਨੂੰ ਆਪਣਾ ਪੱਖ ਦੱਸਣ ਦਾ ਮੌਕਾ ਮਿਲਦਾ ਹੈ ਪਰ
ਮੈਨੂੰ ਤਾਂ ਅਣਸੁਣੇ ਨੂੰ ਹੀ ਇਨਕਾਰ ਕਰ ਦਿਤਾ ਗਿਆ ਹੈ, ਕੀ ਇਹ ਇਨਸਾਫ ਹੈ?... ਸਰ, ਮੈਂ
ਫਿਰ ਵੀ ਤੁਹਾਡਾ ਰਿਣੀ ਹਾਂ।
(ਦਲੀਪ ਸਿੰਘ)*
ਬਹੁਤ ਸਾਰੇ ਲੋਕ ‘ਟਾਈਮਜ਼’ ਪੜਦਿਆਂ ਮਹਾਂਰਾਜੇ ਬਾਰੇ ਸੋਚਦੇ ਤੇ ਗੱਲਾਂ ਕਰਦੇ ਰਹਿੰਦੇ ਸਨ।
ਉਸ ਦੇ ਪੂਰੇ ਕੇਸ ਨੂੰ ਸਮਝ ਵੀ ਰਹੇ ਸਨ ਤੇ ਇਸ ਬਾਰੇ ਸਾਰੀ ਖ਼ਬਰ ਰੱਖਣ ਦੀ ਕੋਸਿ਼ਸ਼ ਕਰ
ਰਹੇ ਸਨ। ਮਹਾਂਰਾਜਾ ਦੀ ਚਿੱਠੀ ਵਿਚ ਅੰਕੜੇ ਇਵੇਂ ਦਿਤੇ ਹੋਏ ਸਨ ਕਿ ਲੋਕਾਂ ਦਾ ਉਸ ਦੀ
ਬਹਿਸ ਉਪਰ ਲੋਕ ਯਕੀਨ ਕਰ ਰਹੇ ਸਨ। ਲੋਕ ਰਾਏ ਉਸ ਦੇ ਹੱਕ ਵਿਚ ਬਣ ਰਹੀ ਸੀ। ਮਹਾਂਰਾਜੇ ਦੇ
ਕੇਸ ਨੂੰ ਸਮਝਣ ਤੇ ਜਾਨਣ ਦੀ ਇਕ ਅਜਿਹਾ ਵਿਅਕਤੀ ਵੀ ਕੋਸਿ਼ਸ਼ ਕਰ ਰਿਹਾ ਸੀ ਜੋ ਹਿੰਦੁਸਤਾਨ
ਵਿਚ ਕਾਫੀ ਦੇਰ ਰਹਿ ਆਇਆ ਹੋਇਆ ਸੀ ਬਲਕਿ ਬ੍ਰਤਾਨਵੀ ਸਰਕਾਰ ਅਧੀਨ ਨੌਕਰੀ ਵੀ ਕਰ ਚੁਕਿਆ
ਸੀ। ਇਸ ਦਾ ਨਾਂ ਸੀ ਮੇਜਰ ਏਵਾਨ ਬੈੱਲ। ਮੇਜਰ ਏਵਾਨ ਬੈੱਲ ਕਿਸੇ ਵੇਲੇ ਨਾਗਪੁਰ ਵਿਖੇ
ਅਸਿਸਟੈਂਟ ਕਮਿਸ਼ਨਰ ਰਿਹਾ ਸੀ। ਉਸ ਨੂੰ ਹਿੰਦੁਸਤਾਨ ਵਾਸੀਆਂ ਨਾਲ ਖਾਸ ਮੋਹ ਸੀ। ਉਹ ਕਈ
ਵਾਰ ਉਹਨਾਂ ਦੇ ਹਿੱਤ ਵਿਚ ਖੜ ਵੀ ਜਾਇਆ ਕਰਦਾ। ਇਵੇਂ ਹੀ ਕਿਸੇ ਪਰਿਵਾਰ ਨਾਲ ਹੋਈ ਵਧੀਕੀ
ਦੇ ਹੱਕ ਵਿਚ ਖੜਨ ਕਰਕੇ ਉਸ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪਏ ਸਨ। ਉਹ ਬਹੁਤ
ਪੜ੍ਹਿਆ ਲਿਖਿਆ ਨੌਜਵਾਨ ਸੀ ਪਰ ਬ੍ਰਤਾਨਵੀ ਸਰਕਾਰ ਆਪਣੀ ਅਲੋਚਨਾ ਕਾਰਨ ਉਸ ਨੂੰ ਪਸੰਦ ਨਹੀਂ
ਸੀ ਕਰਦੀ। ਮਹਾਂਰਾਜਾ ਦੀਆਂ ਚਿੱਠੀਆਂ ਅਖਬਾਰ ਵਿਚ ਪੜਕੇ ਕੇ ਉਸ ਨੂੰ ਮਹਾਂਰਾਜੇ ਨਾਲ
ਹਮਦਰਦੀ ਹੋ ਆਈ। ਉਸ ਨੇ ਬ੍ਰਤਾਨਵੀ ਸਰਕਾਰ ਵਲੋਂ ਪੰਜਾਬ ਨੂੰ ਹਿੰਦੁਸਤਾਨ ਨਾਲ ਮਿਲਾਉਣ
ਬਾਰੇ ਇਤਹਾਸ ਇਕ ਵਾਰ ਫੇਰ ਪੜਿਆ। ਸਾਰੀ ਸਥਿਤੀ ਨੂੰ ਸਮਝਿਆ ਤੇ ਇਕ ਕਿਤਾਬ ਲਿਖ ਮਾਰੀ ਜਿਸ
ਦਾ ਨਾਂ ਸੀ; ‘ਅਨੈਕਸੇਸ਼ਨ ਔਫ ਪੰਜਾਬ ਐਂਡ ਮਹਾਂਰਾਜਾ ਦਲੀਪ ਸਿੰਘ।’ ਉਸ ਨੇ ਕਿਤਾਬ ਪੰਜਾਬ
ਨੂੰ ਬਾਕੀ ਹਿੰਦੁਸਤਾਨ ਮਿਲਾਉਣ ਵੇਲੇ ਦੀਆਂ ਪ੍ਰਸਥਿਤੀਆਂ ਨੂੰ ਲੈ ਕੇ ਲਿਖੀ ਸੀ ਜਿਸ ਵਿਚ
ਉਸ ਨੇ ਅੰਗਰੇਜ਼ਾਂ ਦੀਆਂ ਵਧੀਕੀਆਂ ਨੂੰ ਵਿਸਥਾਰ ਵਿਚ ਪੇਸ਼ ਕੀਤਾ ਸੀ। ਇਹ ਕਿਤਾਬ ‘ਟਰੂਬਨਰ
ਐਂਡ ਕੋ’ ਨੇ ਲੱਡਗੇਟ ਹਿੱਲ ਤੋਂ ਛਾਪੀ। ਮੇਜਰ ਏਵਾਨਜ਼ ਬੈੱਲ ਬਹੁਤ ਵਧੀਆ ਲੇਖਕ ਵੀ ਸੀ। ਉਸ
ਨੇ ਮਹਾਂਰਾਜੇ ਦੇ ਦਾਅਵਿਆਂ ਨੂੰ ਸਹੀ ਸਿੱਧ ਕਰਦੇ ਹੋਏ ਅਗੇ ਲਿਖਿਆ ਕਿ ਬ੍ਰਤਾਨਵੀ ਰਾਜ ਦਾ
ਕਮਜ਼ੋਰ ਪੱਖ ਇਹ ਹੈ ਕਿ ਨਿਕੰਮੇ ਸਕੂਲੋਂ ਨਿਕਲਦੇ ਮੁੰਡਿਆਂ ਨੂੰ ਨੌਕਰੀਆਂ ਦੇ ਦੇ ਕੇ
ਹਿੰਦੁਸਤਾਨ ਭੇਜਿਆ ਜਾ ਰਿਹਾ ਹੈ ਜਿਹਨਾਂ ਨੂੰ ਨਾ ਤਾਂ ਹਿੰਦੁਸਤਾਨੀ ਬੋਲੀ ਹੀ ਆਉਂਦੀ
ਹੁੰਦੀ ਹੈ ਤੇ ਨਾ ਹੀ ਕਿਸੇ ਰਸਮ-ਰਵਾਜ ਦਾ ਪਤਾ ਹੁੰਦਾ ਹੈ ਤੇ ਬਸ ਉਹ ਜਾ ਕੇ ਸਿਪਾਹੀਆਂ
ਦੀਆਂ ਕੰਪਨੀਆਂ ਦਾ ਚਾਰਜ ਸੰਭਾਲ ਲੈਂਦੇ ਹਨ। ਅਜਿਹੇ ਲੋਕ ਮਹਾਂਰਾਜੇ ਨੂੰ ਕੀ ਇਨਸਾਫ ਦੇ
ਸਕਣਗੇ।
ਮਹਾਂਰਾਜੇ ਨੇ ਇਸ ਕਿਤਾਬ ਦੀ ਇਕ ਕਾਪੀ ਮਹਾਂਰਾਣੀ ਵਿਕਟੋਰੀਆ ਨੂੰ ਭੇਜ ਦਿਤੀ ਤਾਂ ਕਿ ਉਸ
ਨੂੰ ਪਤਾ ਚਲ ਸਕੇ ਕਿ ਉਸ ਦੀ ਸਰਕਾਰ ਹਿੰਦੁਸਤਾਨ ਵਿਚ ਕੀ ਕਰ ਰਹੀ ਹੈ। ਇਹ ਕਿਤਾਬ ਉਸ ਦੀਆਂ
ਦਲੀਲਾਂ ਨੂੰ ਵੀ ਸਹੀ ਸਿੱਧ ਕਰ ਰਹੀ ਸੀ। ਪੰਜਾਬ ਨੂੰ ਪੂਰੇ ਰਾਜ ਨਾਲ ਰਲਾਉਣ ਵੇਲੇ ਲੌਰਡ
ਡਲਹੌਜ਼ੀ ਵਲੋਂ ਹੋਈਆਂ ਵਧੀਕੀਆਂ ਦਾ ਜਿ਼ਕਰ ਵੀ ਇਹ ਕਿਤਾਬ ਕਰਦੀ ਸੀ। ਮਹਾਂਰਾਣੀ ਨੂੰ ਇਸ
ਕਿਤਾਬ ਬਾਰੇ ਪਤਾ ਚਲਿਆ ਤਾਂ ਉਸ ਨੇ ਆਪਣੇ ਸੈਕਟਰੀ ਪੌਨਸਨਬੀ ਨੂੰ ਤਲਬ ਕਰ ਲਿਆ। ਸੈਕਟਰੀ
ਪੌਨਸਨਬੀ ਕਿਤਾਬ ਬਾਰੇ ਦਸਣ ਲਗਿਆ,
“ਯੋਅਰ ਮੈਜਿਸਟੀ, ਇਹ ਜੋ ਮੇਜਰ ਏਵਾਨਜ਼ ਬੈੱਲ ਏ ਇਸਨੂੰ ਸਾਡਾ ਕੋਈ ਦੁਸ਼ਮਣ ਸਾਡੇ ਖਿਲਾਫ
ਬੋਲਣ ਦੇ ਪੈਸੇ ਦਿੰਦਾ ਏ, ਹਿੰਦੁਸਤਾਨ ਵਿਚ ਜਦੋਂ ਵੀ ਕਿਸੇ ਰਾਜ ਨੂੰ ਨਾਲ ਰਲ਼ਾਇਆ ਗਿਆ ਏ
ਇਸ ਨੇ ਇਵੇਂ ਹੀ ਲਿਖ ਕੇ ਵਿਰੋਧ ਕੀਤਾ ਏ, ਅਜਿਹੇ ਵਿਰੋਧਾਂ ਨਾਲ ਇਸ ਸਸਤੀ ਸ਼ੁਹਰਤ
ਚਾਹੁੰਦਾ ਏ, ਹੋਰ ਕੁਝ ਨਹੀਂ।”
ਇਸ ਕਿਤਾਬ ਨੇ ਮਹਾਂਰਾਜੇ ਨੂੰ ਬਹੁਤ ਬੱਲ ਬਖਸਿ਼ਆ। ਉਸ ਨੇ ਮਹਾਂਰਾਣੀ ਵਿਕਟੋਰੀਆ ਨੂੰ ਭੇਜੀ
ਕਿਤਾਬ ਦੇ ਨਾਲ ਇਕ ਚਿੱਠੀ ਵੀ ਲਿਖ ਦਿਤੀ। ਜਿਸ ਵਿਚ ਉਸ ਨੇ ਇਕ ਵਾਰ ਫਿਰ ਪਾਰਲੀਮੈਂਟ ਵਿਚ
ਜਾਣ ਦੀ ਗੱਲ ਕੀਤੀ। ਉਸ ਨੇ ਪਾਰਲੀਮੈਂਟ ਵਿਚ ਜਾਣ ਦੇ ਦੋ ਕਾਰਨ ਵੀ ਦੱਸੇ;
1- ਅਜਕੱਲ ਹਿੰਦੁਸਤਾਨ ਵਿਚ ਅਣਸੁਖਾਵੀਂ ਖ਼ਬਰ ਇਹ ਫੈਲੀ ਹੋਈ ਹੈ ਕਿ ਰੂਸ ਹਰ ਮੈਜਿਸਟੀ ਦੇ
ਪੂਰਬੀ ਰਾਜ ਉਪਰ ਹਮਲਾ ਕਰਨ ਨੂੰ ਫਿਰਦਾ ਹੈ ਤੇ ਸ਼ਾਇਦ ਹੀ ਕੋਈ ਅਜਿਹਾ ਹਿੰਦਸਤਾਨੀ
ਰਾਜਕੁਮਾਰ ਹੋਵੇਗਾ ਜੋ ਉਸ ਦਾ ਸਾਥ ਨਹੀਂ ਦੇਵੇਗਾ ਤੇ ਮੈਂ ਪਾਰਲੀਮੈਂਟ ਵਿਚ ਅਜਿਹੇ
ਰਾਜਕੁਮਾਰਾਂ ਦੀਆਂ ਸਮੱਸਿਆਵਾਂ ਰਖਾਂਗਾ ਤੇ ਉਹਨਾਂ ਨੂੰ ਰੂਸ ਦੇ ਹੱਥ ਚੜਨ ਤੋਂ ਬਚਾਵਾਂਗਾ
ਤੇ ਹਰ ਮੈਜਿਸਟੀ ਦੀ ਸੱਚੇ ਦਿਲੋਂ ਸੇਵਾ ਕਰਨ ਲਈ ਪ੍ਰੇਰਾਂਗਾ।
2- ਮੈਂ ਆਪਣਾ ਕੇਸ ਪਾਰਲੀਮੈਂਟ ਵਿਚ ਜਾ ਕੇ ਆਪ ਲੜਾਂਗਾ।
ਮਹਾਂਰਾਣੀ ਨੂੰ ਮਹਾਂਰਾਜੇ ਦੀ ਪਾਰਲੀਮੈਂਟ ਵਿਚ ਜਾ ਕੇ ਕੇਸ ਲੜਨ ਵਾਲੀ ਗੱਲ ਚੰਗੀ ਨਹੀਂ
ਲਗੀ ਤੇ ਉਸ ਨੇ ਇਹ ਚਿੱਠੀ ਆਪਣੇ ਸੈਕਟਰੀ ਪੌਨਸਨਬੀ ਨੂੰ ਦੇ ਦਿਤੀ ਤੇ ਉਸ ਨੇ ਅਗੇ ਸਰ ਓਇਨ
ਬਰਨ ਨੂੰ। ਓਇਨ ਬਰਨ ਨੇ ਜਵਾਬ ਦਿੰਦਿਆਂ ਕਿਹਾ;
‘...ਇਹ ਕੇਸ ਪਾਰਲੀਮੈਂਟ ਵਿਚ ਆਵੇਗਾ ਹੀ ਪਰ ਮਹਾਂਰਾਜੇ ਕੋਲ ਆਪਣੇ ਹੱਕ ਵਿਚ ਕੋਈ ਦਲੀਲ
ਨਹੀਂ ਹੈ। ਇਹ ਆਪਣੀ ਜਾਇਦਾਦ ਦੀ ਗੱਲ ਵੀ ਹੁਣ ਜਿਹੇ ਹੀ ਕਰਨ ਲਗਿਆ ਹੈ। ਅਸੀਂ ਹਿੰਦੁਸਤਾਨ
ਦੇ ਗਵਰਨਰ ਨੂੰ ਇਸ ਦਾ ਪਤਾ ਲਗਾਉਣ ਲਈ ਕਿਹਾ ਹੋਇਆ ਹੈ, ਹਾਲੇ ਤਕ ਉਸ ਵਲੋਂ ਇਸ ਦਾਅਵੇ ਨੂੰ
ਨਕਾਰਿਆ ਹੀ ਜਾ ਰਿਹਾ ਹੈ। ਲੌਰਡ ਡਲਹੌਜ਼ੀ ਅਜਿਹੀ ਕਿਸੇ ਜਾਇਦਾਦ ਦੀ ਅਣਹੋਂਦ ਬਾਰੇ ਬਹੁਤ
ਪਹਿਲਾਂ ਲਿਖ ਗਿਆ ਹੈ, ਜੇ ਕੋਈ ਅਜਿਹੀ ਗੱਲ ਸੀ ਤਾਂ ਮਹਾਂਰਾਜਾ ਏਨਾ ਚਿਰ ਚੁੱਪ ਕਿਉਂ
ਰਿਹਾ। ਅਸਲ ਵਿਚ ਮਹਾਂਰਾਜੇ ਨੂੰ ਪੰਜਾਬ ਦਾ ਬਾਕੀ ਰਾਜ ਵਿਚ ਮਿਲਾਇਆ ਜਾਣਾ ਹਜ਼ਮ ਨਹੀਂ ਹੋ
ਰਿਹਾ। ਦੂਜੇ ਪਾਸੇ ਸਾਰੀਆਂ ਸ਼ਰਤਾਂ ਸਹੀ ਸਨ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੰਨਿਆਂ ਵੀ
ਗਿਆ ਸੀ। ਹਿੰਦੁਸਤਾਨ ਦੀ ਸਰਕਾਰ ਇਸ ਗੱਲੋਂ ਖੁਸ਼ ਨਹੀਂ ਹੈ ਕਿ ਅਸੀਂ ਮਹਾਂਰਾਜੇ ਨੂੰ
ਏਨੀਆਂ ਛੋਟਾਂ ਦਿੰਦੇ ਜਾ ਰਹੇ ਹਾਂ।’
ਇਹ ਬਹਿਸਾਂ, ਚਿੱਠੀਆਂ, ਅਖ਼ਬਾਰੀ ਟਿੱਪਣੀਆਂ, ਮਹਾਂਰਾਜੇ ਦੀ ਨਿਰਾਸ਼ਾਵਾਂ ਤੇ ਏਨਾ ਕੁਝ
ਵਾਪਰਦਾ ਹੋਰ ਸਭ, ਇਸ ਨਾਲ ਮਹਾਂਰਾਜਾ ਹਰ ਵੇਲੇ ਗੁੱਸੇ ਵਿਚ ਰਹਿਣ ਲਗਿਆ ਸੀ ਤੇ ਉਸ ਦੇ
ਸਾਰੇ ਹੀ ਖੈਰ-ਖੁਆਹ ਵੀ। ਇੰਗਲੈਂਡ ਵਿਚ ਰਹਿ ਰਹੇ ਹਿੰਦੁਸਤਾਨੀ ਮਹਾਂਰਾਜੇ ਨਾਲ ਵਾਪਰ
ਰਹੀਆਂ ਘਟਨਾਵਾਂ ਨੂੰ ਪੂਰੀ ਦਿਲਸਚਪੀ ਨਾਲ ਦੇਖਦੇ। ‘ਦ ਟਾਈਮਜ਼’ ਵਿਚ ਮਹਾਂਰਾਜੇ ਦੀਆਂ
ਚਿੱਠੀਆਂ ਨੇ ਹਿੁੰਦਸਤਾਨੀਆਂ ਦੇ ਦਿਲਾਂ ਵਿਚ ਮਹਾਂਰਾਜੇ ਪ੍ਰਤੀ ਹਮਦਰਦੀ ਭਰ ਦਿਤੀ ਸੀ।
ਕਾਬਲ ਸਿੰਘ ਨੇ ਇਕ ਹੋਰ ਬੰਦੇ ਨੂੰ ਨਾਲ ਲਿਆ ਤੇ ਮਹਾਂਰਾਜੇ ਲਈ ਪੈਸੇ ਇਕੱਠੇ ਕਰਨੇ ਸ਼ੁਰੂ
ਕਰ ਦਿਤੇ। ਉਸ ਨੇ ਬਹੁਤ ਮਿਹਨਤ ਨਾਲ ਪੰਜ ਸੌ ਪੌਂਡ ਇਕੱਤਰ ਕਰ ਲਿਆ। ਜਦ ਕਾਬਲ ਸਿੰਘ ਨੇ ਇਹ
ਪੈਸੇ ਮਹਾਂਰਾਜੇ ਸਾਹਮਣੇ ਲੈ ਜਾ ਕੇ ਰੱਖੇ ਤਾਂ ਮਹਾਂਰਾਜੇ ਦੀਆਂ ਅੱਖਾਂ ਭਰ ਆਈਆਂ। ਉਹ
ਪੈਸੇ ਲੈਣ ਤੋਂ ਨਾਂਹ ਕਰਨ ਲਗਿਆ ਤਾਂ ਕਾਬਲ ਸਿੰਘ ਬੋਲਿਆ,
“ਮਹਾਂਰਾਜਾ ਜੀਓ, ਅਸੀਂ ਤੁਹਾਡੀ ਰਿਆਇਆ ਹਾਂ, ਅਸੀਂ ਤੁਹਾਡੇ ਲਈ ਕੁਝ ਵੀ ਕਰ ਸਕਦੇ ਹਾਂ,
ਜੇ ਤੁਸੀਂ ਪੰਜਾਬ ਵਿਚ ਹੁੰਦੇ ਤਾਂ ਸਾਰੇ ਪੰਜਾਬੀ ਆਨਾ-ਆਨਾ ਵੀ ਤੁਹਾਡੇ ਲਈ ਇਕੱਠੇ ਕਰਦੇ
ਤਾਂ ਦੇਖੋ ਗੱਲ ਕਿਥੇ ਦੀ ਕਿਥੇ ਪੁੱਜਦੀ ਏ, ਤੇ ਮੇਰਾ ਦਾਅਵਾ ਏ ਕਿ ਜੇ ਤੁਸੀਂ ਪੰਜਾਬ
ਜਾਵੋਂ ਤਾਂ ਲੋਕ ਤੁਹਾਡੀ ਇਵੇਂ ਹੀ ਮੱਦਦ ਕਰਨਗੇ, ਆਨੇ-ਆਨੇ ਦਾ ਤੁਬਕਾ ਪੂਰਾ ਸਮੁੰਦਰ ਭਰ
ਦੇਵੇਗਾ।”
ਇਹ ਆਨੇ ਵਾਲੀ ਗੱਲ ਮਹਾਂਰਾਜੇ ਦੇ ਮਨ ਵਿਚ ਘਰ ਕਰ ਗਈ। ਉਸ ਨੂੰ ਲਗਿਆ ਜੇ ਕੁਝ ਨਾ ਵੀ ਹੋਇਆ
ਤਾਂ ਉਹ ਪੰਜਾਬ ਵਾਪਸ ਚਲੇ ਜਾਵੇਗਾ। ਜੇ ਉਸ ਨੂੰ ਪੰਜਾਬ ਨਹੀਂ ਵੀ ਜਾਣ ਦਿਤਾ ਜਾਵੇਗਾ ਤਾਂ
ਕਿਸੇ ਹੋਰ ਜਗਾਹ ਬੈਠਾ ਵੀ ਪੰਜਾਬੀਆਂ ਦੀ ਪ੍ਰਤੀਨਿੱਧਤਾ ਕਰਦਾ ਰਹਿ ਸਕਦਾ ਹੈ।...
ਇਕ ਦਿਨ ਸਵੇਰੇ ਸਮੁੰਦ ਸਿੰਘ ਅਖਬਾਰ ਫੜੀ ਕਾਬਲ ਸਿੰਘ ਦੇ ਘਰ ਆ ਗਿਆ। ਉਹ ਬਹੁਤ ਹੀ ਉਦਾਸ
ਸੀ। ਮਹਾਂਰਾਜੇ ਬਾਰੇ ਅਖ਼ਬਾਰ ਨੇ ਬਹੁਤ ਹੀ ਭੈੜੀ ਖਬਰ ਲਿਖੀ ਹੋਈ ਸੀ। ਲਿਖਿਆ ਸੀ:
‘ਮਹਾਂਰਾਜਾ ਦਲੀਪ ਸਿੰਘ ਦਾ ਪਿਛੋਕੜ ਬਹੁਤ ਗੰਦਾ ਹੈ, ਪਹਿਲੀ ਗੱਲ ਤਾਂ ਇਹ ਕਿ ਇਹ
ਮਹਾਂਰਾਜਾ ਰਣਜੀਤ ਸਿੰਘ ਦਾ ਪੁੱਤ ਨਹੀਂ ਹੈ, ਮਹਾਰਾਜਾ ਰਣਜੀਤ ਸਿੰਘ ਦਾ ਅਧਰੰਗ ਦਾ ਮਰੀਜ਼
ਸੀ ਤੇ ਬੱਚਾ ਪੈਦਾ ਕਰਨ ਦੇ ਕਾਬਲ ਹੀ ਨਹੀਂ ਸੀ। ਮਹਾਂਰਾਣੀ ਜਿੰਦ ਕੋਰ ਨਾਲ ਵੀ ਮਹਾਂਰਾਜਾ
ਰਣਜੀਤ ਸਿੰਘ ਨੇ ਵਿਆਹ ਨਹੀਂ ਸੀ ਕਰਾਇਆ ਸਿਰਫ ਚਾਦਰ ਪਾਉਣ ਦੀ ਰਸਮ ਕੀਤੀ ਸੀ ਜਿਸ ਦੇ ਧਰਮ
ਜਾਂ ਸਮਾਜ ਅਨੁਸਾਰ ਬਹੁਤੇ ਮਹਿਨੇ ਨਹੀਂ ਹੁੰਦੇ। ਮਹਾਂਰਾਜਾ ਰਣਜੀਤ ਸਿੰਘ ਨੇ ਮਹਾਂਰਾਣੀ
ਜਿੰਦ ਕੋਰ ਨੂੰ ਖੁਲ੍ਹ ਦਿਤੀ ਹੋਈ ਸੀ ਜੋ ਕਿ ਚਾਲ-ਚਲਣ ਦੀ ਵਧੀਆ ਔਰਤ ਨਹੀਂ ਸੀ ਤੇ ਉਸ ਦੇ
ਸਬੰਧ ਪਾਣੀ ਭਰਨ ਵਾਲੇ ਇਕ ਨੌਕਰ ਨਾਲ ਹੋ ਗਏ ਸਨ ਤੇ ਇਹ ਮਹਾਂਰਾਜਾ ਦਲੀਪ ਸਿੰਘ ਉਸੇ
ਭਿਸ਼ਟੀ ਦਾ ਪੁੱਤ ਹੀ ਹੈ।’
ਕਾਬਲ ਸਿੰਘ ਨੇ ਇਹ ਗੱਲ ਪੜ੍ਹੀ ਤਾਂ ਉਹ ਵੀ ਬਹੁਤ ਉਦਾਸ ਹੋ ਗਿਆ। ਪਹਿਲਾਂ ਵੀ ਉਸ ਨੇ
ਅਜਿਹੀਆਂ ਗੱਲਾਂ ਸੁਣੀਆਂ ਸਨ। ਉਹਨਾਂ ਨੇ ਮਹਾਂਰਾਜੇ ਨੂੰ ਮਿਲਣਾ ਚਾਹਿਆ। ਪਤਾ ਕਰਨ ‘ਤੇ
ਪਤਾ ਚਲਿਆ ਕਿ ਮਹਾਂਰਾਜਾ ਅਜਕੱਲ ਐੱਲਵੇਡਨ ਗਿਆ ਹੋਇਆ ਹੈ। ਭਾਵੇਂ ਐੱਲਵੇਡਨ ਇਸਟੇਟ ਬੰਦ ਕਰ
ਦਿਤੀ ਸੀ ਪਰ ਮਹਾਂਰਾਜਾ ਅਕਸਰ ਉਥੇ ਚਲੇ ਜਾਇਆ ਕਰਦਾ ਸੀ। ਉਥੇ ਜਾ ਕੇ ਉਸ ਨੂੰ ਅਜੀਬ ਜਿਹਾ
ਸਕੂਨ ਮਿਲਦਾ। ਕਾਬਲ ਸਿੰਘ ਤੇ ਸਮੁੰਦ ਸਿੰਘ ਦੋਵੇਂ ਹੀ ਐੱਲਵੇਡਨ ਨੂੰ ਚਲੇ ਗਏ। ਥੈਟਫੋਰਡ
ਤਕ ਰੇਲ ਵਿਚ ਤੇ ਅਗੇ ਬੱਘੀ ਲੈ ਲਈ। ਉਹਨਾਂ ਨੇ ਮਹਾਂਰਾਜੇ ਨੂੰ ਅਖ਼ਬਾਰ ਦਿਖਾਈ। ਅਖ਼ਬਾਰ
ਦੇਖ ਕੇ ਮਹਾਂਰਾਜਾ ਹੱਸਣ ਲਗ ਪਿਆ ਤੇ ਬੋਲਿਆ,
“ਮੈਂ ਵੀ ਪੜ੍ਹ ਲਿਆ ਸੀ ਇਹ ਸਭ। ਇਹ ਕੋਈ ਨਵੀਂ ਗੱਲ ਨਹੀਂ ਏ। ਇਹਨਾਂ ਅੰਗਰੇਜ਼ਾਂ ਦਾ ਖਾਸਾ
ਹੀ ਅਜਿਹਾ ਏ, ਜਦੋਂ ਬਾਜ਼ੀ ਹੱਥੋਂ ਜਾਂਦੀ ਦਿਸਦੀ ਏ ਤਾਂ ਇਹੋ ਜਿਹੀਆਂ ਕਮੀਨੀਆਂ ਹਰਕਤਾਂ
‘ਤੇ ਆ ਜਾਂਦੇ ਨੇ। ਇਹ ਇਹੋ ਚਾਹੁੰਦੇ ਨੇ ਕਿ ਇਸ ਦੇ ਜਵਾਬ ਵਿਚ ਮੈਂ ਕੋਈ ਗਲਤ ਬਿਆਨ ਦੇਵਾਂ
ਪਰ ਨਹੀਂ, ਸਰਦਾਰ ਸਾਹਿਬੋ, ਆਪਣਾ ਚੁੱਪ ਰਹਿਣਾ ਈ ਠੀਕ ਏ।”
ਮਹਾਂਰਾਜਾ ਚੁੱਪ ਰਿਹਾ ਤੇ ਇਹ ਗੱਲ ਵੀ ਦੱਬੀ ਗਈ। ਲੋਕ ਕੁਝ ਦਿਨ ਗੱਲਾਂ ਕਰਕੇ ਹਟ ਗਏ।
ਬਹੁਤੇ ਲੋਕਾਂ ਨੇ ਇਸ ਗੱਲ ਦਾ ਯਕੀਨ ਵੀ ਨਹੀਂ ਕੀਤਾ ਕਿਉਂਕਿ ਵੱਡੇ ਬੰਦਿਆਂ ਉਪਰ ਅਜਿਹੇ
ਇਲਜ਼ਾਮ ਲਗਦੇ ਹੀ ਰਹਿੰਦੇ ਹਨ। ਮਹਾਂਰਾਣੀ ਕੋਲ ਅਖ਼ਬਾਰ ਦੀ ਇਹ ਖਬ਼ਰ ਕੁਝ ਖੁੰਝ ਕੇ
ਪੁੱਜੀ। ਉਹਨਾਂ ਦਿਨਾਂ ਵਿਚ ਮਹਾਂਰਾਣੀ ਬਾਲਮੋਰਲ ਕੈਸਲ ਵਿਚ ਸੀ। ਉਸ ਨੂੰ ਲਗਦਾ ਸੀ ਕਿ
ਸ਼ਾਇਦ ਉਸ ਦੇ ਸੈਕਟਰੀ ਨੇ ਹੀ ਇਹ ਅਫਵਾਹ ਫੈਲਾਈ ਹੋਵੇਗੀ। ਉਹ ਦੁਖੀ ਹੋਣ ਬਿਨਾਂ ਕੁਝ ਨਹੀਂ
ਸੀ ਕਰ ਸਕਦੀ। ਅਜਿਹੀਆਂ ਅਫਵਾਹਾਂ ਨੂੰ ਉਹ ਖੂਬ ਸਮਝਦੀ ਸੀ ਕਿਉਂਕਿ ਸ਼ਾਹੀ ਪਰਿਵਾਰ ਦਾ ਤਾਂ
ਇਹਨਾਂ ਨਾਲ ਵਾਹ ਪੈਂਦਾ ਹੀ ਰਹਿੰਦਾ ਸੀ। ਮਹਾਂਰਾਣੀ ਨੂੰ ਅਚਾਨਕ ਯਾਦ ਆਇਆ ਕਿ ਉਸ ਨੇ ਤਾਂ
ਕਾਫੀ ਦੇਰ ਤੋਂ ਮਹਾਂਰਾਜੇ ਨੂੰ ਕੋਈ ਚਿੱਠੀ ਵੀ ਨਹੀਂ ਲਿਖੀ। ਉਹ ਉਸੇ ਵੇਲੇ ਹੀ ਲਿਖਣ ਬਹਿ
ਗਈ। ਆਪਣੀ ਚਿੱਠੀ ਵਿਚ ਉਸ ਨੇ ਮਹਾਂਰਾਜੇ ਦੀ ਸਥਿਤੀ ਬਾਰੇ ਦੁਖ ਜ਼ਾਹਰ ਕੀਤਾ। ਉਸ ਨੇ ਇਹ
ਭਰੋਸਾ ਵੀ ਦਵਾਇਆ ਕਿ ਜੋ ਕੁਝ ਵੀ ਉਸ ਦੇ ਵੱਸ ਵਿਚ ਹੋਇਆ ਉਹ ਜ਼ਰੂਰ ਕਰੇਗੀ। ਮਹਾਂਰਾਣੀ ਨੇ
ਉਸ ਦੇ ਮਹਾਂਰਾਜਾ ਰਣਜੀਤ ਸਿੰਘ ਦੇ ਪੁੱਤ ਨਾ-ਹੋਣ ਵਾਲੀ ਗੱਲ ਕਰਦਿਆਂ ਲਿਖਿਆ; ‘ਮੈਨੂੰ ਪਤਾ
ਹੈ ਕਿ ਇਹ ਬਕਵਾਸ ਕਹਾਣੀ ਹੈ, ਲੌਰਡ ਹਾਰਡਿੰਗ ਨੇ ਤੁਹਾਨੂੰ ਰਾਜ-ਗੱਦੀ ‘ਤੇ ਬੈਠਾਇਆ ਸੀ,
ਕਿਸੇ ਆਮ ਬੰਦੇ ਨੇ ਨਹੀਂ।’
(ਤਿਆਰੀ ਅਧੀਨ ਨਾਵਲ: ‘ਆਪਣਾ’ ਵਿਚੋਂ)
-0-
|