ਕੁਝ ਮਹੀਨੇ ਹੋਏ ਇੱਕ
ਸਹੇਲੀ ਨਾਲ ਚਿਰਾਂ ਤੋਂ ਕੀਤੇ ਵਾਦੇ ਨੂੰ ਪੂਰਾ ਕਰਣ ਲਈ ਬਹਾਰ ਦੀਆਂ ਛੁੱਟੀਆਂ ਵਿੱਚ ਕੁਝ
ਦਿਨਾਂ ਲਈ ਮੈਂ ਸ਼ਿਕਾਗੋ ਗਈ ਸੀ। ਮੁੜਣ ਲੱਗਿਆ ਜਦ ਮੈਂ ਜਹਾਜ ਵਿੱਚ ਚੜ੍ਹੀ ਤਾਂ ਮੇਰੀ ਸੀਟ
ਖਿੜ੍ਹਕੀ ਕੋਲ ਸੀ। ਮੈਂ ਆਪਣੀ ਸੀਟ ਕੋਲ ਜਾਣ ਲੱਗੀ ਤਾਂ ਵਿਚਕਾਰਲੀ ਸੀਟ ਤੇ ਬੈਠੇ ਇੱਕ
ਗੋਰੇ ਅਮਰੀਕਨ ਨੇ ਮੁਸਕਰਾ ਕੇ ਹੇਲੋ ਆਖੀ ਤੇ ਮੇਰੇ ਲੰਘਣ ਲਈ ਥਾਂ ਬਣਾਉਣ ਲਈ ਉਹ ਉਠ ਖੜ੍ਹਾ
ਹੋਇਆ। ਉਹ ਅਖਬਾਰਾਂ ਤੇ ਮੈਗਜ਼ੀਨਾਂ ਨਾਲ ਲੱਦਿਆ ਪਿਆ ਸੀ ਤੇ ਮੈਂ ਇੱਕ ਦੰਮ ਜਾਣ ਗਈ ਕਿ ਉਹ
ਸਫਰ ਵਿੱਚ ਮੈਂਨੂੰ ਬੋਰ ਨਹੀਂ ਹੋਣ ਦੇਵੇਗਾ। ਕੁਝ ਚਿਰ ਉਹ ਆਪਣੇ ਅਖਬਾਰਾਂ ਵਿੱਚ ਮਗਨ ਰਿਹਾ
ਤੇ ਮੈਂ ਵੀ ਆਪਣੀ ਕਿਤਾਬ ਵਿੱਚ ਰੁੱਝ ਗਈ ਜੋ ਮੈਂਨੂੰ ਸ਼ਿਕਾਗੋ ਵਿੱਚ ਰਾਜ ਲਾਲੀ ਨੇ ਤੁਹਫ਼ੇ
ਵਜੋਂ ਦਿੱਤੀ ਸੀ। ਅਖਬਾਰਾਂ ਦੀਆਂ ਖਾਸ ਮੋਟੀਆਂ ਮੋਟੀਆਂ ਖਬਰਾਂ ਪੜ੍ਹਣ ਲਈ ਉਹ ਸਫਿਆਂ ਦੇ
ਸਫੇ ਉਲੱਦਦਾ ਗਿਆ ਤੇ ਫਿਰ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਕਿ ਮੈਂ ਕੌਣ ਹਾਂ, ਕੀ
ਕਰਦੀ ਹਾਂ, ਤੇ ਫਿਰ ਉਸ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਉਹ ਕੈਲੀਫੋਰਨਿਆ ਦਾ ਪੜ੍ਹਿਆ
ਹੋਇਆ ਸੀ ਤੇ ਨਿਊ ਯਾਰਕ ਵਿੱਚ ਕੰਮ ਕਰਦਾ ਸੀ ਤੇ ਹੁਣ ਉਹ ਕਈ ਸਾਲਾਂ ਬਾਅਦ ਸਾਨ ਫਰਾਂਸਿਸਕੋ
ਇੱਕ ਕੰਮ ਦੇ ਸਿਲੇਸਿਲੇ ਵਿੱਚ ਜਾ ਰਿਹਾ ਸੀ। ਬਹੁਤ ਖੁਸ਼ ਸੀ ਤੇ ਕੈਲੀਫੋਰਨੀਆ ਵਿੱਚ ਬਿਤਾਏ
ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰ ਰਿਹਾ ਸੀ ਤੇ ਇੱਕ ਬੱਚੇ ਵਾਂਗ ਚਾਮ੍ਹ੍ਲਿਆ ਹੋਇਆ ਸੀ। ਉਹ
ਮੇਰੇ ਬਾਰੇ ਵੀ ਜਾਨਣਾ ਚਾਹੁੰਦਾ ਸੀ ਉਸ ਕਈ ਸੁਆਲ ਕਰ ਮਾਰੇ- ਮੈਂ ਵੀ ਉਸ ਦੇ ਸੁਆਲਾਂ ਦੇ
ਜੁਆਬ ਦਿੰਦੀ ਰਹੀ ਤੇ ਮੈਂ ਉਸ ਨੂੰ ਗੱਲਾਂ ਗੱਲਾਂ ਵਿੱਚ ਹੀ ਦੱਸਿਆ ਕਿ ਭਾਵੇਂ ਮੈਂ ਟੀਚਰ
ਹਾਂ ਪਰ ਕਦੀ ਕਦੀ ਮੈਂ ਲਿਖਦੀ ਵੀ ਹਾਂ - ਲਿਖਣ ਵਾਲੀ ਗੱਲ ਸੁਣ ਉਸ ਨੇ ਇੱਕ ਦੰਮ ਹੀ ਅਖਬਾਰ
ਦਾ ਇੱਕ ਸਫਾ ਮੇਰੇ ਹੱਥ ਵਿੱਚ ਦਿੰਦਿਆਂ ਆਖਿਆ , " ਸ਼ਾਇਦ ਤੂੰ ਇਸ ਬਾਰੇ ਕਦੀ ਲਿਖਣਾ ਚਾਹੇ
!"
ਮੈਂ ਕੁਝ ਹੈਰਾਨ ਹੁੰਦੀ ਨੇ ਅਖਬਾਰ ਫੜ੍ਹ ਲਿਆ - ਹੁਣ ਮੈਂਨੂੰ ਯਾਦ ਨਹੀਂ ਕਿ ਉਹ ਅਖਬਾਰ
ਨਿਊ ਯਾਰਕ ਟਾਈਮਜ਼ ਸੀ ਜਾਂ ਵਾਲ ਸਟਰੀਟ ਜਰਨਲ ਸੀ ਪਰ ਜੋ ਕੁਝ ਮੈਂ ਪੜ੍ਹਿਆ ਉਹ ਪੜ੍ਹ ਇੱਕ
ਪਲ ਲਈ ਤਾਂ ਮੈਂਨੂੰ ਆਪਣੇ ਭਾਰਤੀ ਹੋਣ ਤੇ ਬੇਹੱਦ ਸ਼ਰਮ ਆਈ - ਉਹ ਇੱਕ ਚੌਥੀ ਜਮਾਤ ਵਿੱਚ
ਪੜ੍ਹ ਰਹੇ ਬੱਚੇ ਦੀ ਕਹਾਣੀ ਸੀ - ਬਿਹਾਰ ਜਾਂ ਯੂ ਪੀ ਦੇ ਕਿਸੇ ਪਿੰਡ ਦੀ ਗੱਲ ਸੀ - ਬੱਚਾ
ਕਿਸੇ ਨੀਵੀਂ ਜਾਤ ਦਾ ਸੀ ਤੇ ਸਾਰੇ ਸਕੂਲ ਲਈ ਉਹ ਅਛੂਤ ਸੀ - ਸ਼ਾਇਦ ਆਪਣੀ ਜਾਤ ਵਿਚੋਂ ਉਹ
ਇੱਕਲਾ ਹੀ ਸਕੂਲ ਆਉਣ ਵਾਲਾ ਸੀ - ਸਕੂਲ ਵਾਲੇ ਉਸ ਨਾਲ ਬੇਹੱਦ ਵਿਤਕਰਾ ਕਰ ਰਹੇ ਸਨ - ਉਹ
ਜਮਾਤ ਵਿੱਚ ਸਭ ਤੋਂ ਅਖੀਰ ਵਿੱਚ ਇੱਕ ਤੱਪੜ ਤੇ ਬੈਠਦਾ ਸੀ ਤੇ ਸਭ ਤੋਂ ਦੂਰ -ਜਮਾਤ ਦਾ ਕੋਈ
ਬੱਚਾ ਉਸ ਨਾਲ ਬੋਲਦਾ ਨਹੀਂ ਸੀ ਤੇ ਨਾ ਹੀ ਉਸ ਨਾਲ ਕੋਈ ਖੇਲਦਾ ਸੀ - ਦੁਪਹਿਰ ਨੂੰ ਜਦ
ਅੱਧੀ ਛੁੱਟੀ ਵੇਲੇ ਖਾਣਾ ਪਰੋਸਿਆ ਜਾਂਦਾ ਹੈ ਤਾਂ ਉਹ ਸਾਰਿਆਂ ਦੇ ਖਾਣ ਮਗਰੋਂ ਸਭ ਤੋਂ
ਅਖੀਰ ਵਿੱਚ ਖਾਂਦਾ ਸੀ - ਭਾਵੇਂ ਹੁਣ ਛੂਤ ਛਾਤ ਇੰਨੀ ਜ਼ਿਆਦਾ ਤੇ ਇਸ ਤਰ੍ਹਾਂ ਦੀ ਨਹੀਂ
ਹੁੰਦੀ ਪਰ ਭਾਰਤ ਵਿੱਚ ਕੁਝ ਥਾਵਾਂ ਤੇ ਅਜਿਹਾ ਹੋ ਸਕਦਾ ਹੈ - ਇੰਝ ਮੈਂ ਸੋਚ ਸਕਦੀ ਹਾਂ ਪਰ
- ਜਿਸ ਗੱਲ ਤੇ ਮੈਂਨੂੰ ਯਕੀਨ ਨਹੀਂ ਸੀ ਹੋ ਰਿਹਾ ਉਹ ਇਹ ਸੀ ਕਿ ਉਸ ਦਾ ਟੀਚਰ ਉਸ ਤੋਂ
ਸਕੂਲ ਦੀਆਂ ਸਾਰੀਆਂ toilets ਸਾਫ਼ ਕਰਵਾਉਂਦਾ ਸੀ - ਸਵੇਰੇ ਸਕੂਲ ਆਕੇ ਉਹ ਪਹਿਲੋਂ ਉਨ੍ਹਾਂ
toilets ਵਿੱਚ ਪਾਣੀ ਭਰ ਕੇ ਰਖੱਦਾ ਤੇ ਸਕੂਲ ਤੋਂ ਬਾਅਦ ਉਹ ਉਨ੍ਹਾਂ ਨੂੰ ਸਾਫ਼ ਕਰ ਕੇ
ਜਾਂਦਾ -ਖਬਰ ਪੜ੍ਹਦਿਆਂ ਪੜ੍ਹਦਿਆਂ ਮੇਰੇ ਤਾਂ ਲੂੰ ਹੀ ਖੜ੍ਹੇ ਹੋ ਗਏ - ਰਹਿ ਰਹਿ ਕੇ
ਮੈਂਨੂੰ ਉਸ ਮਾਸਟਰ ਤੇ ਗੁੱਸਾ ਆ ਰਿਹਾ ਸੀ ਯਕੀਨ ਨਹੀਂ ਸੀ ਆ ਰਿਹਾ ਕਿ ਕੋਈ ਇਲਮ ਦੇਣ ਵਾਲਾ
ਅਧਿਆਪਕ ਇੰਝ ਕਰ ਸਕਦਾ ਹੈ - ਉਸ ਬੱਚੇ ਤੇ ਇਹ ਅੱਤ ਦਾ ਘਿਨਾਉਣਾ ਜ਼ੁਲਮ ਸੀ - ਕੋਈ ਵੀ ਟੀਚਰ
ਜਿਸ ਦਾ ਕੰਮ ਬੱਚੇ ਦੀ ਜ਼ਿੰਦਗੀ ਨੂੰ ਰੁਸ਼ਨਾਉਣਾ ਹੈ - ਇੰਝ ਕਿਵੇਂ ਕਰ ਸਕਦਾ ਸੀ ! ਮੈਂ ਸੋਚ
ਵੀ ਨਹੀਂ ਸਕਦੀ।
ਉਸ ਬੱਚੇ ਬਾਰੇ ਮੈਂ ਸੋਚਣ ਲੱਗੀ ਕਿ ਉਹ ਕਿਵੇਂ ਨਿੱਤ ਨਿੱਤ ਇਸ ਤਰ੍ਹਾਂ ਜ਼ਲੀਲ ਹੋ ਕੇ ਫਿਰ
ਦੂਜੇ ਦਿਨ ਪੜ੍ਹਣ ਆਉਂਦਾ ਹੋਵੇਗਾ। ਤੇ ਫਿਰ ਇਹ ਬੇ ਇਨਸਾਫੀ ਇੱਕ ਸਰਕਾਰੀ ਸਕੂਲ ਵਿੱਚ ਹੋ
ਰਹੀ ਸੀ ਤੇ ਉਸ ਸਕੂਲ ਵਿੱਚ ਕੋਈ ਵੀ ਇਸ ਜ਼ੁਲਮ ਦੇ ਵਿਰੁੱਧ ਬੋਲ ਨਹੀਂ ਸੀ ਰਿਹਾ - ਮੈਂ
ਅਖਬਾਰ ਵਾਪਿਸ ਦਿੰਦਿਆ ਆਖਿਆ , " ਇੰਝ ਹੁੰਦਾ ਹੋਵੇਗਾ ਪਰ ਮੈਂ ਆਪਣੀ ਸੁਰਤ ਵਿੱਚ ਆਪਣੀਆਂ
ਅੱਖਾਂ ਨਾਲ ਇੰਝ ਹੁੰਦਾ ਨਹੀਂ ਦੇਖਿਆ, "- ਤੇ ਇਹ ਕਿਸੇ ਹੱਦ ਤੱਕ ਸੱਚ ਵੀ ਹੈ ਤੇ ਨਹੀਂ
ਵੀ।
ਅਮਰੀਕਨ ਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਜਾਤ ਪਾਤ ਤੋਂ ਕੀ ਮਤਲਬ ਸੀ ਤੇ ਇੱਕ ਮਿੰਟ ਲਈ
ਤਾਂ ਮੈਂ ਵੀ ਮੁਸ਼ਕਿਲ ਵਿੱਚ ਪੈ ਗਈ ਕਿ ਉਸ ਨੂੰ ਕਿਸ ਤਰ੍ਹਾਂ ਸਮਝਾਵਾਂ - ਤੁਸੀਂ ਰੰਗ ਦਾ
ਫਰਕ , ਕਾਲੇ ਗੋਰੇ ਦਾ ਫਰਕ , ਨਸਲੀ ਵਿਤਕਰੇ ਜਾਂ ਫਰਕ ਸਮਝ ਤੇ ਸਮਝਾ ਸਕਦੇ ਹੋ - ਧਰਮਾਂ
ਦੇ ਫਰਕ ਨੂੰ ਸਮਝਾ ਸਕਦੇ ਹੋ ਤੇ ਅਮੀਰ ਗਰੀਬ ਦੇ ਫਰਕ ਨੂੰ ਦੱਸ ਸਕਦੇ ਹੋ ਪਰ ਜਾਤ ਪਾਤ
ਕਿਵੇਂ ਸਮਝਾਵੋ - ਉਸ ਨੂੰ ਤਾਂ ਮੈਂ ਇਹੀ ਕਿਹਾ ਕਿ, " ਮੈਂਨੂੰ ਨਹੀਂ ਪਤਾ ਲੱਗਦਾ ਕਿ
ਕਿਵੇਂ ਸਮਝਾਵਾਂ"- ਹਾਲਾਂਕਿ ਮੈਂ ਆਪਣੇ ਵੱਲੋਂ ਪੂਰੀ ਵਾਹ ਲਾਈ - ਹੁਣ ਤੁਸੀਂ ਇਹ ਕਿਵੇਂ
ਕਹੋ ਕਿ ਇੱਕ ਬ੍ਰਾਹਮਣ ਜਾਂ ਜੱਟ ਜਾਂ ਇੱਕ ਸਯੱਦ ਜਿਨ੍ਹਾਂ ਉੱਚਾ ਹੈ ਉਨ੍ਹਾਂ ਇੱਕ ਦਰਜ਼ੀ
ਜਾਂ ਇੱਕ ਵਾਲ ਕੱਟਣ ਵਾਲਾ ਜਾਂ ਜੁੱਤੀਆਂ ਬਣਾਉਣ ਵਾਲਾ ਮੋਚੀ ਨਹੀਂ ਹੋ ਸਕਦਾ - ਇਹ ਫਰਕ
ਕਿਵੇਂ ਇੱਕ definition ਵਿੱਚ ਬੰਦ ਕੀਤਾ ਜਾ ਸਕਦਾ ਹੈ। ਉੱਚੀ ਤੇ ਨੀਵੀਂ ਜਾਤ ਕਿਵੇਂ ਹੋ
ਸਕਦੀ ਹੈ ਤੇ ਕਿਸ ਤਰ੍ਹਾਂ - ਇਹ ਬਹੁਤ ਔਖਾ ਹੈ ਸਮਝਾਉਣਾ।
ਇੰਨੀ ਦੇਰ ਨੂੰ ਏਅਰ ਹੋਸਟੈਸ ਪੀਣ ਲਈ ਜੂਸ ਵਗੈਰਹ ਲੈ ਆਈ ਤੇ ਸਾਡੀ ਗੱਲ ਬਾਤ ਰੁਕ ਗਈ। ਉਹ
ਆਪਣੀਆਂ ਸੋਚਾਂ ਵਿਚ ਗੁੰਮ ਹੋ ਗਿਆ ਤੇ ਮੈਂ ਆਪਣੀਆਂ ਵਿੱਚ !
ਮੈਂਨੂੰ ਯਾਦ ਆਇਆ ਕਿ ਕੁਝ ਕੁ ਸਾਲ ਪਹਿਲਾਂ ਇੱਕ ਸ਼ੋ ਵਿੱਚ ਆਮਿਰ ਖਾਨ ਨੇ ਇਸ ਵਿਸ਼ੇ ਤੇ ਗੱਲ
ਕੀਤੀ ਸੀ ਤੇ ਇੱਕ ਹਰੀਜਨ ਕੁੜੀ ਸ਼ੋ ਤੇ ਰੋ ਪਈ ਸੀ - ਆਪਣੇ ਆਪ ਨਾਲ ਵਿਤਕਰੇ ਤੇ ਨਫਰਤ ਦੇ
ਸਲੂਕ ਨੂੰ ਉਹ ਸਾਰੀ ਉਮਰ ਆਪਣੇ ਪਿੰਡੇ ਤੇ ਹੰਢਾਉਂਦੀ ਆਈ ਸੀ- ਉਂਝ ਮੇਰੇ ਵੱਸ ਹੋਵੇ ਤਾਂ
ਮੈਂ ਭਾਰਤ ਦੀਆਂ ਬੋਲੀਆਂ ਵਿਚੋਂ ਹਰੀਜਨ ਤੇ ਦਲਿਤ ਵਰਗੇ ਲਫਜ਼ਾਂ ਨੂੰ ਵਰਤਣ ਤੇ ਵੀ ਰੋਕ ਲਾ
ਦੇਵਾਂ - ਮੈਂ ਸਮਝਦੀ ਤੇ ਸੋਚਦੀ ਹਾਂ ਕਿ ਇਸ ਮਸਲੇ ਤੇ ਸਾਡੇ ਬੱਚਿਆਂ ਨੂੰ ਤੇ ਆਉਣ ਵਾਲੀਆਂ
ਪੀੜ੍ਹੀਆਂ ਨੂੰ ਤਿਆਰ ਹੋਣਾ ਤੇ ਰਹਿਣਾ ਚਾਹੀਦਾ ਹੈ - ਜਦੋਂ ਕਿ ਦੁਨੀਆ ਹੁਣ ਟੈਕਨੋਲੋਜੀ
ਕਰਕੇ ਸੁੰਗੜ ਕੇ ਇੱਕ ਗਲੋਬਲ ਪਿੰਡ ਬਣ ਗਈ ਹੈ ਤਾਂ ਸਮੇਂ ਦੀ ਮੰਗ ਹੈ ਕਿ ਸਾਡੀ ਸੋਚ ਹੁਣ
world citizen ਦੇ ਆਲੇ ਦੁਆਲੇ ਘੁੰਮਣੀ ਚਾਹੀਦੀ ਹੈ। ਜੇ ਅਸੀਂ ਦੁਨੀਆ ਦੇ ਨਾਲ ਨਾਲ
ਤਰੱਕੀ ਦੇ ਰਾਹਾਂ ਤੇ ਤੁਰਨਾ ਚਾਹੁੰਦੇ ਹਾਂ ਤੇ ਕਿਸੇ ਤੋਂ ਪਿਛੇ ਨਹੀਂ ਰਹਿਣਾ ਚਾਹੁੰਦੇ
ਤਾਂ ਵਕਤ ਆ ਗਿਆ ਕਿ ਅਸੀਂ ਜਾਤ ਪਾਤ ਦੀਆਂ ਬੰਦਿਸ਼ਾਂ ਤੋਂ ਉੱਪਰ ਉਠੀਏ।
ਸਿੱਖ ਵੀ ਜਾਤ ਪਾਤ ਦੇ ਵਿਤਕਰੇ ਨਹੀਂ ਛੱਡ ਸਕੇ। ਇੱਕ ਪਾਸੇ ਅਸੀਂ ਸਿੱਖ ਛਾਤੀ ਤਾਣ ਕੇ
ਆਖਦੇ ਹਾਂ ਕਿ ਸਾਡਾ ਧਰਮ ਸਭ ਤੋਂ ਮਾਡਰਨ ਹੈ ਦੂਜੇ ਪਾਸੇ ਅਸੀਂ ਜਾਤ ਪਾਤ ਦੀ ਗੱਲ ਕਦੀ
ਛੱਡੀ ਹੀ ਨਹੀਂ - ਜਦ ਇੱਕ ਬਾਟੇ ਵਿਚੋਂ ਅੰਮ੍ਰਿਤ ਛੱਕ ਲਿਆ ਸੀ ਤਾਂ ਫਿਰ ਵੀ ਰਾਮਗੜ੍ਹੀਆਂ
ਜਾਂ ਰਾਮਦਾਸੀਆਂ ਦੇ ਗੁਰਦੁਆਰੇ ਬਣਾ ਕੇ ਅਸੀਂ ਆਪਣੇ ਗੁਰੂ ਤੋਂ ਮੁਨੱਕਰ ਨਹੀਂ ਹੋ ਰਹੇ ਤਾਂ
ਕੀ ਕਰ ਰਹੇ ਹਾਂ ? ਕਦੋਂ ਅਸੀਂ ਆਪਣਿਆਂ ਗੁਰੂ ਦੀ ਗੱਲ ਮੰਨੀ ਹੈ ਉਨ੍ਹਾਂ ਤਾਂ ਆਖਿਆ ਸੀ '
ਇੱਕ ਨੂਰ ਤੋਂ ਸਭ ਜਗ ਉਪਜਿਆ ' ਤੇ 'ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨਬੇ' - ਕਦੋਂ ਅਸੀਂ
ਇਹ ਗੱਲ ਮੰਨੀ ਤੇ ਆਪਣੀ ਅਸਲ ਜ਼ਿੰਦਗੀ ਵਿੱਚ ਅਪਣਾਈ ਹੈ। ਜਦੋਂ ਡਾਕਟਰ ਅੰਬੇਦਕਰ ਆਪਣਾ ਧਰਮ
ਬਦਲ ਕੇ ਸਿੱਖ ਧਰਮ ਵਿੱਚ ਆਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਦੇ ਨਾਲ ਛੇ ਕਰੋੜ ਦਲਿਤ ਜਾਂ
ਹਰੀਜਨ ਲੋਕਾਂ ਨੇ ਅੰਮ੍ਰਿਤ ਛੱਕ ਕੇ ਸਿੱਖ ਧਰਮ ਵਿੱਚ ਸ਼ਾਮਿਲ ਹੋਣਾ ਸੀ ਪਰ ਸਾਡੀ ਸ਼ਰੋਮਣੀ
ਅਕਾਲੀ ਦਲ ਨੇ ਜਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਕੋਈ ਢੋਈ ਹੀ ਨਹੀਂ ਦਿੱਤੀ
- ਜੇ ਉਹ ਲੋਕ ਉਸ ਵੇਲੇ ਸਿੱਖ ਬਣ ਜਾਂਦੇ ਤਾਂ ਜਰਾ ਸੋਚੋ ਭਾਰਤ ਵਿੱਚ ਸਿੱਖਾਂ ਦੀ ਕਿੰਨੀ
ਗਿਣਤੀ ਹੁੰਦੀ ? ਪਰ ਸਾਡੀ ਪੰਥਕ ਕਮੇਟੀ ਨੂੰ ਫਿਕਰ ਸੀ ਕਿ ਇਸ ਤਰ੍ਹਾਂ ਉਹ ਲੋਕ ਕਿਤੇ
ਪ੍ਰਬੰਧਕ ਕਮੇਟੀ ਤੇ ਕਾਬਜ਼ ਨਾ ਹੋ ਜਾਣ ਤੇ ਸਾਡੀ ਗੋਲਕ ਨਾ ਹੱਥੋਂ ਨਿਕਲ ਜਾਵੇ। ਸਾਡਾ ਅਸਲ
ਮਿਆਰ ਇਹੀ ਹੀ ਹੈ !
ਗਾਂਧੀ ਜੀ ਨੇ ਆਖਿਆ ਸੀ ਕਿ ਭਾਰਤ ਵਿੱਚ ਜਾਤ ਪਾਤ ਦੇ ਵਿਤਕਰੇ ਨੂੰ ਦੇਖਣ ਨਾਲੋਂ ਉਹ
ਚਾਹੇਗਾ ਕਿ ਹਿੰਦੂ ਧਰਮ ਹੀ ਖਤਮ ਹੋ ਜਾਵੇ - ਉਸ ਅਨੁਸਾਰ ਜੇ ਅਸੀਂ ਛੂਤ ਛਾਤ ਤੇ ਲੋਕਾਂ
ਵਿਚਲੇ ਜਾਤ ਦੇ ਵਿਤਕਰੇ ਨੂੰ ਮੁਕਾ ਨਹੀਂ ਸਕਦੇ ਤਾਂ ਨਿਰ ਸੰਦੇਹ ਇਸ ਤਰ੍ਹਾਂ ਦਾ ਧਰਮ ਤਹਿਸ਼
ਨਹਿਸ਼ ਹੀ ਹੋ ਜਾਣਾ ਚਾਹੀਦਾ ਹੈ - ਸੱਚ ਤਾਂ ਇਹ ਹੈ ਕਿ ਜਿਸ ਦੇਸ਼ ਨੇ ਗਾਂਧੀ ਨੂੰ ਰਾਸ਼ਟਰ
ਪਿਤਾ ਮੰਨਿਆ ਹੈ ਉਸ ਸਮਾਜ ਵਿੱਚ ਹੁਣ ਤੱਕ ਜਾਤਾਂ ਦੇ ਨਾਮ ਤੱਕ ਮੁੱਕ ਜਾਣੇ ਚਾਹੀਦੇ ਸਨ ਪਰ
ਇੰਝ ਹੋਇਆ ਨਹੀਂ। ਸੱਚ ਤਾਂ ਇਹ ਹੈ ਕਿ ਹਿੰਦੁਆਂ ਵਿੱਚ ਇਹ ਜਾਤ ਪਾਤ ਦਾ ਵਿਤਕਰੇ ਦਾ ਇੰਨਾਂ
ਭਿਆਨਕ ਰੂਪ ਸੀ ਕਿ ਇਹ ਵਿਤਕਰੇ ਵੀ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪਾੜ ਬਣਨ ਦਾ ਇੱਕ ਵੱਡਾ
ਕਾਰਣ ਬਣਿਆ। ਭਾਵੇਂ ਮੁਸਲਮਾਨਾਂ ਵਿੱਚ ਵੀ ਬਹੁਤ ਫਰਕ ਤੇ ਫਿਰਕੇ ਨੇ ਜਿਨ੍ਹਾਂ ਵਿੱਚ ਇਸ
ਤਰ੍ਹਾਂ ਦੀ ਛੂਤ ਛਾਤ ਚਲਦੀ ਹੀ ਰਹਿੰਦੀ ਹੈ।
ਸਾਡੇ ਸਮਾਜ ਦੀ ਇਸ ਤਰ੍ਹਾਂ ਦੀ ਵੰਡ ਨੂੰ ਦੇਖ ਅੰਗਰੇਜ਼ਾਂ ਨੇ ਇਸ ਦਾ ਪੂਰਾ ਪੂਰਾ ਫਾਇਦਾ
ਉਠਾਇਆ - ਆਖਣ ਨੂੰ ਤਾਂ ਅਸੀਂ ਆਖ ਦਿੰਦੇ ਹਾਂ ਕਿ ਅੰਗਰੇਜ਼ਾਂ ਨੇ ' ਪਾੜੋ ਤੇ ਰਾਜ ਕਰੋ' ਦੀ
ਨੀਤੀ ਅਪਣਾਈ ਤੇ ਭਾਰਤੀਆਂ ਨੂੰ ਵੰਡੀ ਰਖਿਆ ਪਰ ਸੱਚ ਤਾਂ ਇਹ ਹੈ ਕਿ ਅਸੀਂ ਖੁਦ ਹੀ ਇਸੇ
ਤਰ੍ਹਾਂ ਵੰਡੇ ਹੋਏ ਸੀ - ਮੈਂ ਅਕਸਰ ਸੋਚਦੀ ਹਾਂ ਕਿ ਸਦੀਆਂ ਤੋਂ ਨਾਲ ਨਾਲ ਇੱਕਠੇ ਰਹਿ ਰਹੇ
ਲੋਕਾਂ ਨੇ 47 ਵੇਲੇ ਕਿਵੇਂ ਇੱਕ ਦੂਜੇ ਨੂੰ ਕੱਟ ਵੱਢ ਲਿਆ ਹਾਲਾਂਕਿ ਹਜ਼ਾਰਾਂ ਹੀ ਕਹਾਣੀਆਂ
ਸੁਣਨ ਨੂੰ ਮਿਲਦੀਆਂ ਹਨ ਕਿ ਪਿੰਡਾਂ ਵਿੱਚ ਹਿੰਦੂ ,ਸਿੱਖ ਤੇ ਮੁਸਲਮਾਨ ਮਿਲ ਜੁਲ ਕੇ ਖੁਸ਼ੀ
ਖੁਸ਼ੀ ਰਹਿੰਦੇ ਸਨ- ਉਨ੍ਹਾਂ ਵਿੱਚ ਪਿਆਰ ਸੀ , ਮੁਹੱਬਤ ਸੀ ਭਾਈਚਾਰਾ ਸੀ ਪਰ ਫਿਰ ਅਚਾਨਕ ਇਸ
ਭਾਈਚਾਰੇ ਨੂੰ ਕੀ ਹੋ ਗਿਆ ਕਿ ਸਭ ਕੁਝ ਇੰਨੀ ਆਸਾਨੀ ਨਾਲ ਤਹਿਸ਼ ਨਹਿਸ਼ ਹੋ ਗਿਆ - ਇਸ਼ਤਿਆਕ
ਅਹਮਦ ਦੀ ਕਿਤਾਬ ਵਿਚੋਂ ਇੱਕ ਗੱਲ ਨੇ ਮੈਂਨੂੰ ਬਹੁਤ ਝੰਝੋੜਿਆ ਸੀ ਤੇ ਇਹ ਗੱਲ ਉਨ੍ਹਾਂ ਨੂੰ
ਦੀਨਾ ਨਾਥ ਮਲਹੋਤਰਾ ਨੇ ਸੁਣਾਈ ਵੀ ਸੀ ਤੇ ਖੁਦ ਮਲਹੋਤਰਾ ਜੀ ਨੇ ਆਪਣੀ ਕਿਤਾਬ ਵਿੱਚ ਲਿਖੀ
ਵੀ ਸੀ ਕਿ ਲਾਹੌਰ ਸ਼ਹਿਰ ਦੇ ਨਿਸਬਤ ਰੋਡ ਤੇ ਇਸ ਦੇ ਨਾਲ ਲੱਗਦਿਆਂ ਇਲਾਕਿਆਂ ਵਿੱਚ ਖਾਂਦੇ
ਪੀਂਦੇ ਘਰਾਂ ਦੇ ਹਿੰਦੂ ਜੁਆਨ ਮੁੰਡੇ ਅਕਸਰ ਗਰਮੀਆਂ ਦੇ ਮੌਸਮ ਵਿੱਚ ਠੰਡੇ ਪਾਣੀ ਦੀਆਂ
ਰੇਹੜੀਆਂ ਲਾਉਂਦੇ ਤੇ ਤੇ ਬਹੁਤੀ ਵਾਰ ਉਹ ਇਸ ਠੰਡੇ ਪਾਣੀ ਵਿੱਚ ਬਰਫ਼ ਤਾਂ ਪਾਉਂਦੇ ਹੀ -
ਨਾਲ ਸੰਦਲ ਤੇ ਕਿਓੜੇ ਦਾ ਵੀ ਛਿੜਕਾ ਕਰਦੇ ਤੇ ਰਾਹੀਆਂ ਨੂੰ ਉਹ ਮੁਫਤ ਪਾਣੀ ਪਿਲਾਂਦੇ -
ਜਿਸ ਲਈ ਉਹ ਇਜ਼ੱਤ ਵਜੋਂ ਚਾਂਦੀ ਦਾ ਗਲਾਸ ਵਰਤਦੇ ਤੇ ਇਹ ਕੰਮ ਉਹ ਅਕਸਰ ਬਹੁਤ ਸ਼ਰਧਾ ਨਾਲ
ਕਰਦੇ ਪਰ ਜਦ ਕੋਈ ਮੁਸਲਮਾਨ ਉਨ੍ਹਾਂ ਤੋਂ ਪਾਣੀ ਮੰਗ ਲੈਂਦਾ ਤਾਂ ਉਨ੍ਹਾਂ ਲਈ ਇੱਕ ਅੱਡ
ਕਿਸਮ ਦਾ ਗਲਾਸ ਰਖੱਦੇ ਤੇ ਉਸ ਵਿੱਚ ਉਹ ਪਾਣੀ ਵੀ ਸਿੱਧੇ ਢੰਗ ਨਾਲ ਨਹੀਂ ਸੀ ਪਾਉਂਦੇ ਬਲਕਿ
ਉਨ੍ਹਾਂ ਬਾਂਸ ਦੀ ਇੱਕ ਅਲੱਗ ਪੋਰੀ ਰੱਖੀ ਹੁੰਦੀ ਜਿਸ ਵਿੱਚ ਦੀ ਉਹ ਪਾਣੀ ਪਾਉਂਦੇ।
ਮਲਹੋਤਰਾ ਜੀ ਦਾ ਆਖਣਾ ਹੈ ਕਿ ਨਿਸ਼ਚਿਤ ਹੀ ਇਸ ਤਰ੍ਹਾਂ ਦਾ ਵਿਉਹਾਰ ਅਪਮਾਨਜਨਕ ਤੇ ਉਨ੍ਹਾਂ
ਨੂੰ ਜ਼ਲੀਲ ਕਰਣ ਵਾਲਾ ਸੀ। ਇਸ ਤਰ੍ਹਾਂ ਦੀਆਂ ਹੀ ਗੱਲਾਂ ਨੂੰ ਲੈ ਕੇ ਮੁਸਲਿਮ ਲੀਗ ਤੇ ਹੋਰ
ਫਿਰਕਾਪਰਸਤ ਲੋਕਾਂ ਨੂੰ ਅਸਾਨ ਹੋ ਗਿਆ ਲੋਕਾਂ ਨੂੰ ਇੱਕ ਦੂਜੇ ਦੇ ਵਿਰੁਧ ਭੜ੍ਹਕਾਉਣ ਲਈ ।
ਖੈਰ ਇਹ ਤੇ ਪੁਰਾਣੀ ਗੱਲ ਹੈ ਭਾਵੇਂ ਪਰ ਅਜੇ ਵੀ ਸਾਡੇ ਲੋਕਾਂ ਦੀ ਸੋਚ ਵਿੱਚ ਕੋਈ ਖਾਸ ਫਰਕ
ਨਹੀਂ ਹੋਇਆ। ਵਕਤ ਆ ਗਿਆ ਹੈ ਕਿ ਅਸੀਂ ਹੁਣ ਖੁਦ ਹੀ ਇਨ੍ਹਾਂ ਗੱਲਾਂ ਤੋਂ ਉਠੀਏ ਨਹੀਂ ਤੇ
ਬਹੁਤ ਦੇਰ ਹੋ ਜਾਵੇਗੀ - ਵੱਧਦੀ ਆਬਾਦੀ , ਮਹਿੰਗਾਈ , ਬੇ ਰੁਜ਼ਗਾਰੀ , ਅਮੀਰ ਤੇ ਗਰੀਬ
ਵਿਚਲਾ ਪਾੜਾ ਆਸਾਨੀ ਨਾਲ ਹੱਲ ਹੋਣ ਵਾਲਾ ਨਹੀਂ ਤੇ ਇੱਕ ਆਦਮੀ ਦੀਆਂ ਇੰਝ ਦੀਆਂ
frustrations ਨੂੰ ਹੀ ਇੱਕ ਸਿਆਸੀ ਚਲਾਕ ਲੀਡਰ ਜਾਤ ਪਾਤ ਦੀ ਲੜਾਈ ਤੇ ਧਰਮ ਦੀ ਲੜਾਈ ਬਣਾ
ਕੇ ਰੱਖ ਦਿੰਦਾ ਹੈ ਤੇ ਲੋਕਾਂ ਨੂੰ ਆਪਸ ਵਿੱਚ ਲੜਾ ਦਿੰਦਾ ਹੈ।
ਕਿਸੇ ਵੀ ਇਨਸਾਨ ਨੂੰ ਨੀਵਾਂ ਮੰਨਣ ਦਾ ਮਤਲਬ ਹੈ ਤੁਸੀਂ ਇਨਸਾਨੀਅਤ ਵਿੱਚ ਯਕੀਨ ਨਹੀਂ ਰਖਦੇ
ਤੇ ਤੁਸੀਂ ਰੱਬ ਦੀ ਹੋਂਦ ਤੋਂ ਹੀ ਮੁਨੱਕਰ ਹੋ ਰਹੇ ਹੋ। ਤੁਸੀਂ ਕੁਦਰਤ ਤੋਂ ਮੁਨੱਕਰ ਹੋ
ਰਹੇ ਹੋ। ਅਸਲ ਗੱਲ ਤਾਂ ਇਹ ਹੈ ਕਿ ਤੁਸੀਂ ਆਪਣੇ ਅੰਦਰ ਨਫਰਤ ਪਾਲਣ ਦੇ ਕਾਬਿਲ ਹੋ।
ਤੁਹਾਨੂੰ ਇਨਸਾਨ ਹੋਣ ਦਾ ਹੱਕ ਹੀ ਨਹੀਂ ਸੀ ਹੋਣਾ ਚਾਹੀਦਾ।
-0-
|