.........( 1
)..............
ਜੇ ਉੱਠ ਗਈ ਹੈ ਦਿਲਾਂ ”ਚ ਦੀਵਾਰ ਦੋਸਤੋ ।
ਤਾਂ ਖੂਹ ”ਚ ਪਾਓ,ਦੋਸਤੀ ”ਤੇ ਯਾਰ ਦੋਸਤੋ ।
ਮਖ਼ਮਲ ਦੀ ਸੜਕ ਸੀ, ਉਨ੍ਹਾਂ ਦੇ ਬੂਹੇ ਸਾਹਮਣੇ
ਜੋ ਬਣ ਗਈ ਹੈ,ਸੁਲਗਦੇ ਅੰਗਾਰ ਦੋਸਤੋ ।
ਭੋਰਾ ਹਵਾ ਦਾ ਸ਼ੋਰ ਸੀ,ਮੌਸਮ ਬਦਲ ਗਿਆ
ਮੌਸਮ ਦਾ ਕਰੀਏ ਕਿਸ ਤਰਾਂ,ਇਤਬਾਰ ਦੋਸਤੋ ।
ਇਹ ਕਹਿੰਦੇ ਬੂਹਾ ਖੋਲ੍ਹ, ਸਾਰੇ ਯਾਰ ਤੁਰ ਗਏ
”ਨਾਲਾਇਕ ! ਕਹਿੰਦੈ, ਹਰ ਕਿਸੇ ਨੂੰ ਯਾਰ ਦੋਸਤੋ ।
ਮੈਂ ਉਸ ਨੂੰ ਯਾਦ ਕਰਾਂ ਵੀ,ਤਾਂ ਕਿਸ ਭਰੋਸੇ ਤੇ
ਤਿੱਤਲੀ ਜਹੀ ਹੈ, ਸੁੰਨਾ ਹੈ ਘਰ ਬਾਰ ਦੋਸਤੋ ।
ਮਸਲੇ ਤਅਲੁਕਾਤ ਦੇ ਐਨੇ ਕਠਨ ਨਹੀਂ
ਦਿਲ ਤੋਂ ਮਿਟਾਓ,ਗਰਦ-ਓ-ਗੁਬਾਰ ਦੋਸਤੋ ।
ਖਿਲਰੀ ਪਈ ਹੈ ਵਿਹੜੇ ”ਚ ਖੁਸ਼ਬੋਈ ਸੰਦਲੀ
ਰਾਂਤੀਂ ਪਤਾ ਨਹੀਂ ਕੌਣ ਆਏ ਯਾਰ ਦੋਸਤੋ ।
ਜੋ ਯਾਰ ਪਾਸਾ ਵੱਟ ਦੂਜੇ ਪਾਰ ਜਾ ਖੜੇ
ਉਨ੍ਹਾਂ ”ਚੌਂ ਕੌਣ ਮਿਲੇਗਾ, ਗ਼ਮਖਾਰ ਦੋਸਤੋ ।
ਜਿਸ ਵਕਤ ਮਹਿਲ ਝੁੱਗੀਆਂ ”ਮੁਸ਼ਤਾਕ” ਮਿਲ ਗਏ
ਮਹਿਕਣਗੇ ਹਿੰਦੋਸਤਾਨ ਦੇ ਗੁਲਜ਼ਾਰ ਦੋਸਤੋ ।
........................................................
( 2 ) ਝੁਗੀਆਂ ਕਦੇ ਨਾ ਢਹਿੰਦੀਆਂ ਯਾਰੋ ! ਜੇ ਨਾ ਮਰਨ ਜ਼ਮੀਰਾਂ ।
ਉੱਚਿਆਂ ਘਰਾਂ ਦੇ ਨਕਸ਼ੇ ਬਣਦੇ, ਪਾਣੀ ਦੀਆਂ ਲਕੀਰਾਂ ।
ਕੱਲ੍ਹ ਜਿਨ੍ਹਾਂ ਨੂੰ ਮਿਲ ਮਿਲਾ ਕੇ,ਲਾਂਬੂ ਤੁਸਾਂ ਸੀ ਲਾਏ
ਬਾਬੇ ਦਾਦੇ ਲਾਈਆਂ ਸੀ ਉਹ ਰੀਝਾਂ ਨਾਲ ਕਰੀਰਾਂ ।
ਦੀਵੇ ਅਸਾਂ ਬਥੇਰੇ ਰੱਖੇ, ਬਾਲ ਕੇ ਖ਼ਾਨਕਾਹੀਂ
ਫਿਰ ਵੀ ਸਾਡੇ ਹੱਥਾਂ ਦੀਆਂ, ਬਦਲੀਆਂ ਨਾ ਲਕੀਰਾਂ ।
ਦੋ ਘੜੀਆਂ ਸਦਵਰਗ ਦੇ ਹੇਠਾਂ, ਬਹਿ ਕੇ ਰਾਤਾਂ ਕੱਟੀਆਂ
ਬਣ ਗਈਆਂ ਨੇ ਰੰਗ ਬਰੰਗੇ, ਖਾਬਾਂ ਦੀਆਂ ਵਹੀਰਾਂ ।
ਸਾਡੇ ਵੱਲ ਵੀ ਇਕ ਨਜ਼ਰ ਸੀ ਸ਼ਾਮੀਂ ਉਹਨਾਂ ਸੁੱਟੀ
ਅਜਨਬੀ ਸੀ, ਫ਼ਿਰ ਵੀ ਰੂਹ ਨੂੰ , ਕਰ ਗਈ ਲੀਰਾਂ ਲੀਰਾਂ ।
ਦੋ ਦਿਨ ਖ਼ਾਬ ਦਿਖਾ ਕੇ ਸਾਨੂੰ, ਦੂਰ ਦੁਰਾਡੇ ਤੁਰ ਗਏ
ਕਰਨਾ ਕੀ ਗਿਲਾ ਉਹਨਾਂ ਤੇ ਅਸਾਂ ਦਰਵੇਸ਼ ਫ਼ਕੀਰਾਂ ।
ਦੋ ਜੋੜੀਆਂ ਹਲ ਵਗਦੇ ਸੀ, ਖੇਤ ਸੀ ਰੰਗ ਰੰਗੀਲੇ
ਸਾਂਭ ਲਏ ਨੇ ਖੇਤ ਉਹ ਸਾਰੇ ,ਸ਼ਹਿਰ ਦੇ ਚਾਰ ਅਮੀਰਾਂ ।
ਹੱਕ ਹਲਾਲ ਦੀ ਰੋਟੀ ਖਾਣੀ, ਹੱਥੀਂ ਕਿਰਤ ਨਿਭਾਉਣੀ
ਅੱਜ ਦੇ ਬਾਬੇ ਸਬਕ ਇਹ ਭੁੱਲੇ, ਜੋ ਦੱਸੇ ਗੁਰੂਆਂ ਪੀਰਾਂ ।
ਕਿਸਮਤ ਸੀ ” ਮੁਸ਼ਤਾਕ ” ਜਿਨ੍ਹਾਂ ਦੀ ਮੁੱਢ ਕਦੀਮੋਂ ਵੈਰੀ
ਅੰਤ ਸਮੇਂ ਹੁਣ ਕੀ ਵਿਗਾੜੂ, ਉਹਨਾਂ ਦੀਆਂ ਜ਼ਮੀਰਾਂ ।
-0-
|