Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ

 

- ਗੁਰਨਾਮ ਢਿੱਲੋਂ

ਨੋ ਬਾਊਂਡਰੀਜ਼

 

- ਗੁਰਮੀਤ ਪਨਾਗ

ਬਲਬੀਰ ਸਿੰਘ ਦਾ ਠਾਣੇਦਾਰ ਬਣਨਾ

 

- ਪ੍ਰਿੰ. ਸਰਵਣ ਸਿੰਘ

ਲਾਹੌਰ ਅਤੇ ਉਸਦੇ ਆਲੇ ਦੁਆਲੇ ਦੀ ਇੱਕ ਭਾਵਕ ਯਾਤਰਾ

 

- ਚਮਨ ਲਾਲ

ਜਨਮ-ਦਿਨ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ‘ਦ ਟਾਈਮਜ’

 

- ਹਰਜੀਤ ਅਟਵਾਲ

ਲਖਬੀਰ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ

 

- ਸੰਤੋਖ ਸਿੰਘ ਧੀਰ

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ

 

- ਹਰਨੇਕ ਸਿੰਘ ਘੜੂੰਆਂ

ਗੁਰੂ ਨਾਨਕ ਗੁਰਦੁਆਰਾ ਦੁਬਈ: ਜਿਥੇ ਮੈਂ ਰਾਤ ਨਾ ਰਹਿ ਸਕਿਆ

 

- ਗਿਆਨੀ ਸੰਤੋਖ ਸਿੰਘ

ਅਸੀਂ ਕੌਣ ਹਾਂ?

 

- ਗੁਲਸ਼ਨ ਦਿਆਲ

ਆਪਣਾ ਹਿੱਸਾ-1

 

- ਵਰਿਆਮ ਸਿੰਘ ਸੰਧੂ

ਸ਼੍ਰੀਮਤੀ ਭੁਪਿੰਦਰ ਪਾਤਰ ਨਾਲ ਕੁਝ ਗੱਲਾਂ

 

- ਅਦਾਰਾ ਸੀਰਤ

ਕੀ ਨਾਸਾ ਦੇ ਵਿਗਿਆਨੀ ਸਚਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 'ਸੇਧ' ਲੈ ਰਹੇ ਹਨ?

 

- ਮਨਦੀਪ ਖੁਰਮੀ ਹਿੰਮਤਪੁਰਾ

ਦਸ ਛੋਟੀਆਂ ਕਵਿਤਾਵਾਂ, ਇਕ ਗਜ਼ਲ ਅਤੇ ਇੱਕ ਗੀਤ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੰਤੋਖ ਸਿੰਘ ਸੰਤੋਖ

ਪੰਦਰਾਂ ਅਗਸਤ

 

- ਗੁਰਮੇਲ ਬੀਰੋਕੇ

ਖੱਤ ਤਾਂ ਬਸ ਖੱਤ ਹੁੰਦੇ ਨੇ

 

- ਗੁਰਪ੍ਰੀਤ ਸਿੰਘ ਤੰਗੋਰੀ

ਅਸੀਂ ਸਾਰੇ

 

- ਦਿਲਜੋਧ ਸਿੰਘ

ਸਰਮਦ ਤੇ ਤਬਰੇਜ ਦਾ

 

- ਹਰਜਿੰਦਰ ਸਿੰਘ ਗੁਲਪੁਰ

ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ

 

- ਜੋਗਿੰਦਰ ਸਿੰਘ ਨਿਰਾਲਾ

Honoring the Martyrs 157 Years later- cremation of 282 martyrs on 1st August 2014

 

- Chaman Lal

GEHAL SINGH: A MARTYR OF THE SUPREME CAUSE

 

- Amarjit Chandan

A whiteman's country: an exercise in Canadian Orejudice

 

- Ted Ferguson

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਕਵਿਤਾ

 

- ਗੁਰਮੀਤ ਸਿੰਘ ਚੀਮਾ

ਕਰਤਾਰ ਸਿੰਘ ਅਠਾਰਵੀਂ ਵਾਰ ਵਿਸ਼ਵ ਵੈਟਰਨ ਚੈਂਪੀਅਨ

 

- ਪਿੰ੍. ਸਰਵਣ ਸਿੰਘ

ਛਾਤੀ ‘ਤੇ ਬੈਠਾ ਸ਼ੇਰ

 

- ਵਰਿਆਮ ਸਿੰਘ ਸੰਧੂ

ਦੋ ਗ਼ਜ਼ਲਾਂ

 

- ਮੁਸ਼ਤਾਕ ( ਯੂ. ਕੇ)

 
Online Punjabi Magazine Seerat

ਲਖਬੀਰ ਸਿੰਘ ਦੇ ਖ਼ਤ
- ਬਲਦੇਵ ਸਿੰਘ ਧਾਲੀਵਾਲ

 

ਲਖਬੀਰ ਸਿੰਘ ਨਾਲ ਦੋਸਤੀ ਦਾ ਮੁੱਢ ਉਦੋਂ ਬੱਝਾ ਜਦੋਂ 1987 ਵਿਚ ਮੈਂ ‘ਅਜੀਤ‘ ਅਖ਼ਬਾਰ ਦੀ ਨੌਕਰੀ ਛੱਡ ਕੇ ਡੀ.ਏ.ਵੀ. ਕਾਲਜ, ਜਲੰਧਰ ਵਿਚ ਲੈਕਚਰਾਰ ਲੱਗਿਆ। ਉਹ ਦੋਸਤੀ ਫਿਰ ਭਰਾਵਾਂ ਵਾਲੇ ਪਿਆਰ ਦਾ ਰੂਪ ਲੈ ਗਈ ਅਤੇ ਸਾਡੀ ਪਰਿਵਾਰਕ ਸਾਂਝ ਦਾ ਆਧਾਰ ਬਣ ਗਈ। ਉਹ ਮੇਰੇ ਸਭ ਤੋਂ ਕਰੀਬੀ ਦੋ-ਤਿੰਨ ਦੋਸਤਾਂ ਵਿਚੋਂ ਹੈ।

ਪੱਛਮੀ ਜਰਮਨੀ
26.4.1989

ਪਿਆਰੇ ਬਲਦੇਵ,
ਬੜੀ ਵਾਰ ਕੋਸ਼ਿਸ਼ ਕੀਤੀ ਏ ਕਿ ਟੈਲੀਫੂਨ ਤੇ ਤੈਨੂੰ ਹੈਲੋ ਕਹਿ ਦਿਆਂ ਪਰ ਰਾਤ ਦੇ ਵਕਤ ਕੋਈ ਚੁੱਕਦਾ ਹੀ ਨਹੀਂ। 20-20 ਮਿੰਟ ਘੰਟੀ ਵਜੀ ਜਾਂਦੀ ਹੈ। ਅੱਜ 26 ਅਪ੍ਰੈਲ ਏ, ਮੈਂ 22 ਨੂੰ ਇਥੇ ਦੇ 7 ਵਜੇ ਸਵੇਰੇ ਪਹੁੰਚ ਗਿਆ ਸਾਂ। ਜਹਾਜ ਉਤਰਨ ਤੋਂ ਪਹਿਲਾਂ ਜਦ ਉਹਨਾਂ ਤਾਪਮਾਨ ਦੱਸਿਆ ਤਾਂ ਇਕ ਵਾਰ ਮੈਂ ਤ੍ਰਬਕ ਗਿਆ। 5 ਡਿਗਰੀ ਸੈਲਸੀਅਸ ਤਾਪਮਾਨ ਸੀ। ਮੇਰੇ ਗਰਮ ਕੱਪੜਾ ਕੋਈ ਨਹੀਂ ਸੀ। ਮੈਂ ਸਭ ਤੋਂ ਪਹਿਲਾਂ ਜਹਾਜ ਵਿਚੋਂ ਬਾਹਰ ਆਇਆ ਪਰ ਮੇਰਾ ਸਾਮਾਨ ਸਭ ਤੋਂ ਬਾਅਦ ਵਿਚ ਆਇਆ। ਬਾਈ ਬਾਹਰ ਉਡੀਕ ਰਿਹਾ ਸੀ। ਮੈਂ ਕੋਸ਼ਿਸ਼ ਕੀਤੀ ਕਿ ਦੱਸ ਦਿਆਂ ਪਰ ਮੈਨੂੰ ਮਿਲੇ ਨਹੀਂ। ਅਖੀਰ ਸਾਮਾਨ ਲੈ ਕੇ ਮੈਂ ਬਾਹਰ ਨਿਕਲਿਆ। ਜਦ ਨਾ ਹੀ ਮਿਲੇ ਤਾਂ ਮੈਂ ਪੰਜ ਰੁਪਈਆਂ ਦਾ ਭਾਨ ਲਿਆ ਤੇ ਫੋਨ ਕਰਨ ਲੱਗਾ ਤਾਂ ਮੇਰੇ ਨਾਂ ਦੀ ਅਨਾਉਂਸਮੈਂਟ ਹੋਈ ਤੇ ਜਲਦੀ ਹੀ ਅਸੀਂ ਮਿਲ ਗਏ। 9 ਸਾਲ ਬਾਅਦ ਅਸੀਂ ਦੋ ਭਰਾ ਮਿਲੇ ਸਾਂ। ਤੂੰ ਉਸ ਵੇਲੇ ਦੀ ਸਥਿਤੀ ਸਮਝ ਸਕਦਾ ਏਂ। ਉਥੋਂ ਸਾਡਾ ਘਰ ਕੋਈ 50 ਕਿਲੋਮੀਟਰ ਸੀ। ਇਥੇ ਹਰ ਚੀਜ਼ ਨੂੰ ਗਰਮ ਕਰਨ ਦਾ ਇੰਤਜਾਮ ਹੈ। ਬਾਵਜੂਦ ਬਹੁਤ ਠੰਡ ਦੇ ਮੈਨੂੰ ਪਤਾ ਨਹੀਂ ਲੱਗਾ। ਕਾਰਾਂ ਗੱਡੀਆਂ ਵਿਚ ਬੈਠ ਕੇ ਮਜ਼ਾ ਆ ਜਾਂਦਾ ਏ। 200 ਕਿਲੋਮੀਟਰ ਤੱਕ ਉਹਨਾਂ ਦੀ ਸਪੀਡ ਏ। ਸੱਜੇ ਹੱਥ ਚੱਲਣ ਦਾ ਰਿਵਾਜ ਪਹਿਲਾਂ ਤਾਂ ਓਪਰਾ ਲਗਦਾ ਸੀ। ਖਾਣ ਪੀਣ ਵਾਲੀਆਂ ਤੇ ਸਸਤੀਆਂ ਹਨ, ਵਰਤਣ ਵਾਲੀਆਂ ਚੀਜ਼ਾਂ ਦੀ ਬਹੁਤਾਤ ਏ। ਬਸ ਟਾਈਮ ਚਾਹੀਦਾ ਏ। ਕਿਸੇ ਨੂੰ ਰੋਕ ਕੇ ਕੁਝ ਪੁੱਛ ਲਓ, ਅਗਲਾ ਗੁੱਸਾ ਨਹੀਂ ਕਰਦਾ। ਜੇ ਟਾਈਮ ਹੋਵੇ ਤਾਂ ਤੁਰ ਪੈਂਦਾ ਏ ਵਰਨਾ ਮਿਹਰਬਾਨੀ ਕਹਿ ਕੇ ਚਲਾ ਜਾਂਦਾ ਏ। ਖ਼ੈਰ, ਆਪਾਂ ਨੂੰ ਕੀ। ਹਰ ਜਗ੍ਹਾ ਤੇ ਹੱਦੋਂ ਵੱਧ ਸਫ਼ਾਈ ਏ। ਆਪਣੇ ਭਾਰਤੀ ਲੋਕਾਂ ਦਾ ਅਤ ਕੁਲੀਨ ਘਰ ਤੇ ਇਥੇ ਦਾ ਸਭ ਤੋਂ ਘਟੀਆ ਘਰ ਇਕ ਬਰਾਬਰ ਨੇ। ਹਰ ਘਰ ਵਿਚ ਹਰ ਸਹੂਲਤ ਏ। ਬਜ਼ਾਰਾਂ ਵਿਚ ਬੇਹੱਦ ਭੀੜ ਏ ਪਰ ਨਾ ਮੋਢਾ ਵਜਦਾ ਏ ਨਾ ਜੇਬ ਕੱਟ ਹੁੰਦੀ ਏ। ਮੈਨੂੰ ਇਕ ਮੁਸ਼ਕਲ ਏ, ਲੋਕ ਮੇਰੇ ਵੱਲ ਇਸ ਤਰ੍ਹਾਂ ਦੇਖਦੇ ਨੇ ਜਿਵੇਂ ਮੈਂ ਚਿੜੀਆ ਘਰ ਵਿਚੋਂ ਭੱਜ ਕੇ ਆ ਗਿਆ ਹੋਵਾਂ। ਜਿਥੇ ਮੈਂ ਸਟੇਅ ਕੀਤਾ ਹੈ, ਕੋਈ ਸਿੱਖ ਨਹੀਂ। ਬੱਚੇ ਤਾਂ ਵਧੇਰੇ ਹੈਰਾਨ ਹੁੰਦੇ ਹਨ ਤੇ ਦੇਖਦੇ ਰਹਿ ਜਾਂਦੇ ਹਨ। ਆਮ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਸਿਰਫ ਬਹੁਤ ਪੜ੍ਹੇ-ਲਿਖੇ ਲੋਕਾਂ ਨੂੰ ਆਉਂਦੀ ਹੈ। ਅਜੇ ਬਾਹਰ ਘੁੰਮਣ ਗਏ ਨਹੀਂ। ਭਰਾ ਨੂੰ 1 ਮਈ ਤੋਂ ਇਕ ਮਹੀਨੇ ਦੀਆਂ ਛੁੱਟੀਆਂ ਹਨ ਤੇ ਉਸ ਸਮੇਂ ਅਸੀਂ ਘੁੰਮਣ-ਫਿਰਨ ਜਾਵਾਂਗੇ। ਮੈਂ ਕਮਰੇ ਵਿਚ ਬੈਠਾ ਫੋਨ ਕਰਦਾ ਰਹਿੰਦਾ ਹਾਂ। ਜੇ ਸੋਚਿਆ ਜਾਵੇ ਤਾਂ ਇੰਡੀਆ ਦੇ 4000 ਰੁਪਏ ਮੁੱਲ ਦੇ ਫੋਨ ਮੈਂ ਪਿਛਲੇ ਤਿੰਨ ਦਿਨਾਂ ਵਿਚ ਕਰ ਚੁੱਕਾ ਹਾਂ। ਮੈਂ ਇਕੱਲਾ ਬਾਹਰ ਨਿਕਲਦਾ ਨਹੀਂ। ਜਦ ਉਹਨਾਂ ਨੂੰ ਛੁੱਟੀ ਹੁੰਦੀ ਏ ਤਦ ਜਾਂਦਾ ਹਾਂ। ਕਿਹਾ ਜਾਂਦਾ ਏ ਕਿ ਜਰਮਨ ਸਭ ਤੋਂ ਬਾਅਦ ਵਿਚ ਦੇਖਣਾ ਚਾਹੀਦਾ ਏ ਕਿਉਂਕਿ ਇਹ ਸਭ ਤੋਂ ਵੱਧ ਵਿਕਸਿਤ (ਸਭਿਆਚਾਰ ਪੱਖੋਂ) ਦੇਸ਼ ਏ ਤੇ ਸੋਹਣਾ ਵੀ। ਇਸ ਨੂੰ ਦੇਖਣ ਤੋਂ ਬਾਅਦ ਬਾਕੀ ਦੇਸ਼ ਸੋਹਣੇ ਨਹੀਂ ਲਗਦੇ। ਖ਼ੈਰ, ਬੰਦੇ ਵਿਚ ਜ਼ਿੰਦਗੀ ਹੋਵੇ ਤਾਂ ਸਾਰੇ ਸੋਹਣੇ ਲਗਦੇ ਨੇ। ਘੁੰਮਣ ਫਿਰਨ ਤੋਂ ਬਾਦ ਵਿਸਤ੍ਰਿਤ ਖ਼ਤ ਲਿਖਾਂਗਾ। ਹੋ ਸਕੇ ਤਾਂ ਨਾਗਮਣੀ, ਆਰਸੀ, ਲੋਅ ਬੁੱਕ ਪੋਸਟ ਕਰ ਦਈਂ। ਕਨੇਡਾ ਬਲਵਿੰਦਰ ਨੂੰ ਫੋਨ ਕੀਤਾ ਸੀ, ਕੋਈ ਘੰਟਾ ਗੱਲਾਂ ਚਲਦੀਆਂ ਰਹੀਆਂ ਉਸ ਨਾਲ, ਉਸਦੀ ਘਰਵਾਲੀ ਨਾਲ। ਖ਼ਤ ਜਲਦੀ ਲਿਖੀਂ। ਮਾਈਗ੍ਰੇਸ਼ਨ ਦਾ ਮੈਂ ਅੰਮ੍ਰਿਤਸਰ ਤੋਂ ਪਤਾ ਕੀਤਾ ਸੀ। ਉਹਨਾਂ ਚੱਕਰ ਪਾਇਆ ਹੈ। ਸੱਤੀ ਦੱਸਦਾ ਸੀ ਕਿ ਉਹਨਾਂ ਸਰਟੀਫਿਕੇਟ ਦੁਬਾਰਾ ਮੰਗੇ ਹਨ ਐਮ.ਫ਼ਿਲ ਤੇ ਉਰਦੂ ਦੇ। ਉਹ ਤਾਂ ਮੇਰੇ ਕੋਲ ਹਨ ਪਰ ਉਸ ਨੂੰ ਮੈਂ ਤਾਕੀਦ ਕੀਤੀ ਸੀ ਕਿ ਕਲਰਕਾਂ ਨੂੰ ਕਹਿ ਕੇ ਕਰਾਵੇ। ਅੰਤ ਸਭ ਨੂੰ ਮੇਰੀ ਯਾਦ ਦੇਣਾ। ਹਾਂ ਸੱਚ ਬੜੇ ਲੰਬੇ ਲੰਬੇ ਲੋਕ ਹੈਂ, 6।। ਤਾਂ ਆਮ ਨੇ 6 ਫੁੱਟ ਕੁੜੀਆਂ ਬਹੁਤ ਨੇ। ਨਿਰਤਾਂ ਕਮਾਲ ਨੇ। ਡਾ. ਜਗਜੀਤ ਨੂੰ ਮੇਰੀ ਯਾਦ ਦਈਂ। ਡਾ. ਕੇਸਰ ਨੂੰ ਵੀ। ਬਾਕੀ ਫੇਰ ਸਹੀ।

ਤੇਰਾ,
ਲਖਬੀਰ

***

ਜਰਮਨੀ
16.5.89

ਪਿਆਰੇ ਬਲਦੇਵ,
ਤੇਰਾ ਖ਼ਤ 16.5.89 ਨੂੰ ਮਿਲਿਆ ਅਤੇ ਮੈਂ 10 ਜੂਨ ਤੱਕ ਇਥੇ ਸਾਂ। ਸੋ ਖ਼ਤ ਜਲਦੀ ਲਿਖੀਂ। ਭਾਰਤ ਵਰਸ਼ ਤੋਂ ਸਿਰਫ ਦੂਸਰਾ ਤੇਰਾ ਖ਼ਤ ਆਇਆ ਏ ਹੋਰ ਕੋਈ ਨਹੀਂ। ਮੈਂ ਲਾਗਲੇ ਸ਼ਹਿਰ ਗਿਆ ਹੋਇਆ ਸੀ। ਇਕ ਘੰਟਾ ਪਹਿਲਾਂ ਇਕ ਕਾਰਡ ਪੋਸਟ ਕੀਤਾ ਸੀ। ਉਸੇ ਵਕਤ ਸੋਚ ਰਿਹਾ ਸਾਂ ਕਿ ਹੋ ਸਕਦਾ ਏ ਅੱਜ ਹੀ ਤੇਰਾ ਖ਼ਤ ਆ ਜਾਵੇ। ਪਹਿਲਾਂ ਸੋਚਿਆ ਕਿ ਡਾਕ ਦੇਖ ਕੇ ਪੋਸਟ ਕਰਾਂ। ਫਿਰ ਕਰ ਹੀ ਦਿੱਤਾ। ਹੁਣ ਤੇਰਾ ਖ਼ਤ ਪੜ੍ਹਿਆ ਹੈ ਫਿਰ ਦੁਵੱਲੀ ਸੋਚ ਕਿ ਹੁਣੇ ਕਾਰਡ ਪਾਇਆ ਹੈ ਖ਼ਤ ਅਟਕ ਕੇ ਪਾ ਦਿਆਂਗਾ ਪਰ ਮਨ ਨੇ ਕਿਹਾ ਕਿ ਅਜਿਹਾ ਠੀਕ ਨਹੀਂ ਸੋ ਹੁਣੇ ਜੁਆਬ ਲਿਖ ਰਿਹਾ ਹਾਂ। ਬਲਦੇਵ ਆਪਣੇ ਲੋਕਾਂ ਵਾਸਤੇ ਤਾਂ ਸਾਰਾ ਕੁਝ ਹੀ ਚੰਗਾ ਹੈ ਕਿਉਂਕਿ ਆਪਾਂ ਜਲਦੀ ਹੀ ਮਾਹੌਲ ਅਨੁਸਾਰ ਢਲ ਸਕਦੇ ਹਾਂ। ਪਹਿਲਾਂ ਹਫ਼ਤਾ ਵੱਡੇ ਵੀਰ ਨੂੰ ਛੁੱਟੀਆਂ ਨਹੀਂ ਸਨ, ਮੈਂ ਜਿਆਦਾ ਅੰਦਰ ਰਹਿੰਦਾ ਸਾਂ। ਇਕ ਮਈ ਤੋਂ ਇਹਨਾਂ ਛੁੱਟੀਆਂ ਲੈ ਲਈਆਂ। ਇਕ ਹੋਰ ਦੋਸਤ ਨੇ ਜਿਸ ਕੋਲ ਕਾਰ ਸੀ, ਅਸੀਂ ਘਰੋਂ ਨਿਕਲ ਤੁਰੇ ਕੋਲਨ ਡੁਸਲ ਡੋਰਫ ਸ਼ਹਿਰ ਵੱਲ। ਇਸ ਪਾਸੇ ਹਾਲੈਂਡ ਦਾ ਬਾਡਰ ਪੈਂਦਾ ਹੈ। ਜਦ ਹੀ ਅਸੀਂ ਸੈਰ ਤੇ ਨਿਕਲੇ ਬਾਰਸ਼ ਸ਼ੁਰੂ ਹੋ ਗਈ। ਸੋ ਸੜਕਾਂ ਦੀ ਹੀ ਸੈਰ ਹੁੰਦੀ ਰਹੀ। ਸ਼ਾਮ ਤੱਕ 600 ਕਿਲੋਮੀਟਰ ਸਫ਼ਰ ਕਰਕੇ ਹਾਲੈਂਡ ਦੇ ਬਾਡਰ ਤੇ ਰਾਤ ਕੱਟੀ। ਰਾਤ ਘੁੰਮੇ ਫਿਰੇ। ਦਰਅਸਲ ਦਿਨ ਰਾਤ ਦਾ ਕੋਈ ਬਹੁਤਾ ਫ਼ਰਕ ਨਹੀਂ। ਰਾਤ ਦੇ 2-3 ਵਜੇ ਤੱਕ ਲੋਕ ਆਮ ਘੁੰਮਦੇ ਰਹਿੰਦੇ ਹਨ। ਲੁੱਟੇ ਜਾਣ ਦਾ, ਮਾਰੇ ਜਾਣ ਦਾ ਕੋਈ ਸੁਪਨਾ ਵੀ ਨਹੀਂ। ਅਗਲੇ ਦਿਨ ਸਵੇਰੇ ਅਸੀਂ ਉਥੋਂ ਇਥੇ ਦੀ ਪ੍ਰਸਿੱਧ ਬੰਦਰਗਾਹ ਹਮਬਰਗ ਵੱਲ ਨੂੰ ਚੱਲ ਪਏ। ਕੋਈ 400 ਕਿਲੋਮੀਟਰ ਸਫ਼ਰ ਤਹਿ ਕਰਕੇ ਅਸੀਂ ਬੰਦਰਗਾਹ ਪਹੁੰਚੇ। ਇਥੇ ਸਾਡਾ ਟਿਕਾਣਾ ਇਕ ਗੁਰਦੁਆਰੇ ਵਿਚ ਸੀ। ਗੁਰਦੁਆਰੇ ਦਾ ਪ੍ਰਬੰਧ ਪੰਜਾਬ ਵਿਚ ਜਲੰਧਰ ਦੇ ਕੁਝ ਲੋਕਾਂ ਦੇ ਹੱਥ ਸੀ। ਇਕ ਨੌਜਵਾਨ ਬੜੀ ਸ਼ਰਧਾ ਭਾਵਨਾ ਨਾਲ ਘੁੰਮਾਉਣ ਗਿਆ। ਰਾਤ ਕਾਫੀ ਦੇਰ ਤੱਕ ਘੁੰਮਦੇ ਰਹੇ। ਰੇਲਵੇ ਸਟੇਸ਼ਨ ਇਕ ਟਰੇਨ, ਜੋ ਧਰਤੀ ਤੋਂ ਕਾਫੀ ਉਪਰ ਚਲਦੀ ਹੈ ਉਸ ਵਿਚ ਝੂਟਾ ਲਿਆ ਤੇ ਲੋਕਾਂ ਨਾਲ ਚੁਹਲ ਮੁਹਲ ਕੀਤਾ। ਆਪਣੇ ਲੋਕਾਂ ਨੇ ਕੁਝ ਮਾਹੌਲ ਅਜਿਹਾ ਬਣਾਇਆ ਹੈ ਕਿ ਪਹਿਲਾਂ ਤਾਂ ਲੋਕ ਡਰਦੇ ਹਨ ਪਰ ਜਦ ਤੁਸੀਂ ਪਿਆਰ ਨਾਲ ਬੁਲਾ ਲਵੋ ਤੁਹਾਡੇ ਅੱਗੇ ਵਿਛ ਜਾਂਦੇ ਹਨ। ਆਪਣੇ ਲੋਕਾਂ ਨੇ ਇਹਨਾਂ ਸਿੱਧੇ ਸਾਦੇ ਲੋਕਾਂ ਨੂੰ ਠੱਗਣ ਵਿਚ ਕੋਈ ਕਸਰ ਨਹੀਂ ਛੱਡੀ। ਅੰਗਰੇਜ਼ੀ ਨੂੰ ਲੋਕ ਨਫ਼ਰਤ ਕਰਦੇ ਹਨ। ਕੋਈ 5ਗ਼ ਲੋਕਾਂ ਨੂੰ ਅੰਗਰੇਜ਼ੀ ਆਉਂਦੀ ਹੈ। ਅਗਲੇ ਦਿਨ ਅਸੀਂ ਸਵੇਰੇ ਸਮੁੰਦਰ ਵਿਚ ਬੋਟਿੰਗ ਕੀਤਾ ਤੇ ਨਖਰੇ ਵੀ। ਗੋਰੇ ਲੋਕਾਂ ਵਾਸਤੇ ਪੱਗ ਵਾਲਾ ਬੰਦਾ ਇਕ ਅਜੂਬਾ ਹੈ। ਉਹ ਹੈਰਾਨ ਹੁੰਦੇ ਹਨ। ਬੱਚੇ ਵਧੇਰੇ ਹੀ। ਅਜੀਬ ਤਰ੍ਹਾਂ ਦੇ ਸੁਆਲ ਪੁੱਛਦੇ ਹਨ। ਹਾਂ, ਤੂੰ ਪੁੱਛਿਆ ਏ ਲੋਕ ਕਿਹੋ ਜਿਹੇ ਨੇ। ਲੋਕ ਬੜੇ ਸਾਫ਼ ਦਿਲ ਨੇ। ਸੈਕਸ ਵਗੈਰਾ ਜਿਸ ਦੇ ਬਾਰੇ ਸੋਚਦਿਆਂ ਸਾਡੇ ਸਕਾਲਰਾਂ ਦੀਆਂ ਡਿਗਰੀਆਂ ਲੇਟ ਹੋ ਜਾਂਦੀਆਂ ਹਨ, ਉਮਰ ਦੇ ਤਿੰਨ ਹਿੱਸੇ ਤਾਂ ਕਾਮ ਬਾਰੇ ਸੋਚਦਿਆਂ ਹੀ ਲੰਘਾ ਦਿੰਦੇ ਹਨ। ਇਥੇ ਦੇ ਲੋਕ 10 ਸਾਲ ਤੋਂ 20 ਸਾਲ ਦੀ ਉਮਰ ਤੱਕ ਅੱਤ ਦਾ ਆਨੰਦ ਮਾਣ ਲੈਂਦੇ ਹਨ। ਉਸ ਤੋਂ ਬਾਅਦ ਵੀ ਸਭ ਕੁਝ ਕਰਦੇ ਹਨ ਪਰ ਇਹਨਾਂ ਵਿਚ ਹਿਰਸ ਕੋਈ ਨਹੀਂ। ਹੋਸਟਲਾਂ ਵਿਚ ਕੁੜੀਆਂ ਮੁੰਡੇ ਇਕੱਠੇ ਰਹਿੰਦੇ ਹਨ। ਦੋਸਤੀ ਵਿਚ ਹੀ ਨਿਆਣੇ ਹੋ ਜਾਂਦੇ ਹਨ। 15/16 ਸਾਲ ਦੀ ਉਮਰ ਵਿਚ ਨਿਆਣੇ ਹੋ ਜਾਂਦੇ ਹਨ। ਕਈ ਦਫ਼ਾ ਜਦ ਮਾਂਵਾਂ ਵਿਆਹ ਕਰਾਉਂਦੀਆਂ ਹਨ ਤਾਂ ਬੱਚੇ ਸਪੋਰਟ ਕਰਦੇ ਹਨ। ਇਥੋਂ ਤੱਕ ਕਿ ਪੁੱਤ ਮਾਵਾਂ ਦੇ ਸੁਹੱਪਣ ਦੀ ਦਾਦ ਦਿੰਦੇ ਹਨ। ਚੱਲ ਛੱਡ ਕਿੰਨਾਂ ਗੱਲਾਂ ‘ਚ ਪੈ ਗਿਆ। ਅੱਜ ਕੱਲ੍ਹ ਤੂੰ ਤਾਂ ਬੇਹੱਦ ਗਰਮੀ ਵਿਚ ਰਹਿ ਰਿਹਾ ਹੋਵੇਂਗਾ। ਕਈ ਗਰਮੀਆਂ ਇਕੱਠੀਆਂ ਹੋ ਜਾਂਦੀਆਂ ਨੇ। ਬੇਰੁਜਗਾਰੀ ਦੀ ਗਰਮੀ ਤੇ ਅੱਤਵਾਦ ਦੀ ਗਰਮੀ ਹੈ ਤੇ ਤੀਜਾ ਉਂਝ ਗਰਮੀ ਹੈ। ਖ਼ੈਰ, ਹੌਸਲਾ ਰੱਖੀਂ ਲਗਦਾ ਏ ਅਸੀਂ ਛੇਤੀ ਹੀ ਕਿਸੇ ਚੰਗੇ ਪਾਸੇ ਤੁਰਨ ਵਾਲੇ ਹਾਂ। ਹਾਂ ਸੱਚ, ਜੇ ਹੋ ਸਕੇ ਤਾਂ ਵਿਦੇਸ਼ੀ ਭਾਸ਼ਾਵਾਂ ਦੇ ਵਿਭਾਗ ਵਿਚ ਜਰਮਨ ਸਿੱਖਣੀ ਸ਼ੁਰੂ ਕਰ ਦੇ, ਬਹੁਤ ਸਾਰੇ ਯੂਰਪੀ ਦੇਸ਼ਾਂ ਵਿਚ ਬੋਲੀ ਜਾਂਦੀ ਹੈ। ਇਸ ਗੱਲ ਨੂੰ ਹਾਸੇ ਵਿਚ ਨਾ ਲਵੀਂ। ਬੜਾ ਸਕੋਪ ਈ ਰੀਸਰਚ ਦਾ ਵੀ। ਮੈਂ ਨੀਹਾਂ ਲੱਭ ਕੇ ਆਵਾਂਗਾ। ਜਰਮਨ ਨਾ ਸਿਖ ਕੇ ਮੈਂ ਬੜਾ ਹੀਣਾ ਮਹਿਸੂਸ ਕੀਤਾ ਏ। ਨਾਲ ਲਗਦੇ ਦੇਸ਼ਾਂ ਹਾਲੈਂਡ, ਪੋਲੈਂਡ, ਆਸਟਰੀਆ, ਸਵਿਟਜ਼ਰਲੈਂਡ, ਬੈਲਜੀਅਮ, ਸਾਰੇ ਇਹੀ ਬੋਲੀ ਜਾਂਦੀ ਹੈ। ਸਭ ਨੂੰ ਮੇਰੀ ਯਾਦ ਦਈਂ। ਬੈਠ ਕੇ ਗੱਲਾਂ ਕਰਾਂਗੇ। ਕਈ ਦਿਨ ਬੜਾ ਕੁਝ ਲਿਖਣ ਤੋਂ ਰਹਿ ਜਾਂਦਾ ਹੈ। ਮੌਕੇ ਤੇ ਯਾਦ ਆਵੇਗਾ। ਭਾਬੀ ਨੂੰ ਫਤਿਹ ਬਲਾਈਂ।

ਤੇਰਾ,
ਲਖਬੀਰ

***

ਜਲੰਧਰ
4.2.95

ਪਿਆਰੇ ਬਲਦੇਵ,
ਯਾਦ !
ਪਿਛਲੇ ਲੰਬੇ ਅਰਸੇ ਤੋਂ ਚਾਹੁੰਦਾ ਹੋਇਆ ਵੀ ਮਿਲ ਨਹੀਂ ਸਕਿਆ ਤੇ ਮਿਲਣ ਦੀ ਤਾਂਘ ਵਿਚ ਖ਼ਤ ਰਾਹੀਂ ਮੁਖ਼ਾਤਿਬ ਵੀ ਨਹੀਂ ਹੋ ਸਕਿਆ। ਪਹਿਲਾਂ ਗੱਲ ਕੰਮ ਦੀ। ਮੈਨੂੰ ਜਿਸ ਦਿਨ ਚਿੱਠੀ ਮਿਲੀ ਸੀ ਐਨ ਉਸੇ ਵਕਤ ਪ੍ਰਿੰਸੀਪਲ ਕੋਲ ਚਲਾ ਗਿਆ ਸੀ। ਅਮੂਮਨ ਆਨਾ ਕਾਨੀ ਵਾਲੀ ਗੱਲ ਕਿ ਮੈਂ ਫਾਈਲ ਦੇਖ ਕੇ ਇਸ਼ੂ ਕਰਾਂਗਾ। ਬਥੇਰਾ ਮਨਾਇਆ ਪਰ ਕਿਥੇ ਅਖੈ ਦੁੱਧ ਦੇਣਾ ਤਾਂ ਐ ਪਰ ਮੇਂਗਣਾ ਪਾ ਕੇ। ਸੋ ਅਜੇ ਤਾਂ ਮੇਂਗਣਾ ਪਾਈਆਂ ਦੁੱਧ ਅਜੇ ਤੱਕ ਨਹੀਂ, ਪਰ ਮਿਲੇਗਾ ਜ਼ਰੂਰ। ਕਈ ਵਾਰ ਯਾਦ ਕਰਾਇਆ ਫਿਰ ਕੱਲ ਕੁੱਤੇ ਦੇ ਹੱਡ ਕਲਰਕ ਕੋਲ ਗਿਆ ਉਹ ਜੋ ਕੜ੍ਹੀ ਘੋਲਦਾ ਹੁੰਦੈ ਤੈਨੂੰ ਪਤਾ, ਮੈਂ ਬਥੇਰਾ ਕਿਹਾ ਪਰ ਊਠ ਦਾ ਬੁੱਲ੍ਹ ਬਣਿਆ ਰਿਹਾ। ਅਖੇ ਅੱਜ ਹੀ ਕਿੱਦਾਂ ਕਰਾ ਦਿਆਂ, ਹਾਰ ਹੰਭ ਕੇ ਆਪ ਫਾਈਲ ਕਢਵਾ ਕੇ ਦਫਤਰ ਪੁਚਾ ਦਿੱਤੀ ਹੈ। ਹੁਣ ਤੂੰ ਦੱਸੀਂ ਜੇਕਰ ਐਮਰਜੈਂਸੀ ਚਾਹੀਦਾ ਹੈ ਤਾਂ ਇਸੇ ਹਫਤੇ ਕਿਸੇ ਵੀ ਤਰ੍ਹਾਂ ਬਣਵਾ ਕੇ ਪਹੁੰਚਾਵਾਂ। ਜੇ ਦੋ ਚਾਰ ਦਿਨ ਜਾਂ ਇਹ ਹਫ਼ਤਾ ਹੈ ਤਾਂ ਬਿਨਾਂ ਕਿਸੇ ਤਲਖ਼ੀ ਦੇ ਬਣਾ ਲਵਾਂਗਾ।ਸੋ ਇਸ ਆਸ ਨਾਲ ਨਿਰੰਤਰ ਜੁਟਿਆ ਰਹਿੰਦਾ ਹਾਂ ਕਿ ਕੋਈ ਤਾਂ ਕਹੇਗਾ, ਕਦੀ ਤਾਂ ਕਹੇਗਾ। ਇਹਨਾਂ ਦਿਨਾਂ ਵਿਚ ਜਾਂ ਤੇ ਰਾਤ ਦੀ ਰਾਤ ਆਵਾਂਗਾ ਜੇ ਤਦ ਤੱਕ ਇੰਤਜਾਰ ਕਰ ਸਕਦਾ ਹੈ ਤਾਂ 13 ਨੂੰ ਛੁੱਟੀ ਹੈ, ਜ਼ਰੂਰ ਪ੍ਰੋਗਰਾਮ ਬਣਾ ਲਵਾਂਗਾ। ਕੋਸੀ ਧੁੱਪੇ ਬੈਠਾਂਗੇ ਜਾਂ ਤੁਰਾਂਗੇ। ਸਭ ਨੂੰ ਯਾਦ। ਆਸ਼ੂ ਦਾ ਜਨਮ ਦਿਨ ਪੂਰਾ ਯਾਦ ਸੀ ਹੈ ਪਰ ਇਕ ਇਥੇ ਨਹੀਂ ਸਾਂ ਦੂਸਰਾ ਮੈਂ ਇਸ ਦੀ ਫੋਟੋ ਵੱਡੀ ਕੀਤੀ ਸੀ ਪਰ ਕਿਸੇ ਦੀ ਗਲਤੀ ਸਦਕਾ ਲੈਮੀਨੇਟ ਹੋ ਕੇ ਪਹੁੰਚ ਨਹੀਂ ਸਕੀ। ਉਸ ਨੂੰ ਪਿਆਰ, ਯਾਦ ਤੇ ਮੁਆਫੀ। ਭਾਬੋ ਨੂੰ ਯਾਦ, ਸਾਰਿਆਂ ਵੱਲੋਂ ਸਭ ਨੂੰ।

ਲਖਬੀਰ ਸਿੰਘ

***

ਜਲੰਧਰ
4.7.95

ਪਿਆਰੇ ਬਲਦੇਵ,
ਯਾਦ !
ਕਈ ਦਿਨਾਂ ਤੋਂ ਖ਼ਤ ਲਿਖਣਾ ਚਾਹੁੰਦਾ ਸਾਂ ਪਰ ਇਸ ਕਰਕੇ ਮੁਲਤਵੀ ਕਰਦਾ ਜਾ ਰਿਹਾ ਸਾਂ ਕਿ ਤੇਰੇ ਖ਼ਤ ਦੀ ਰੋਜ਼ਾਨਾ ਉਡੀਕ ਹੁੰਦੀ ਸੀ ਤੇ ਸੋਚਦਾ ਸਾਂ ਅੱਜ ਨਹੀਂ ਤਾਂ ਕੱਲ੍ਹ ਚਿੱਠੀ ਆ ਜਾਵੇਗੀ। ਸੋ ਕੱਲ੍ਹ ਤੇਰੀ ਚਿੱਠੀ ਮਿਲੀ, ਸਿਖਿਆਤਮਕ ਇਸ਼ਾਰਿਆਂ ਵਾਲੀ। ‘ਹਨੀਮੂਨ‘ ‘ਤੇ ਆਪ ਗਏ ਕਿ ਨਹੀਂ ਪਰ ਕਹਾਣੀ ਨਾਲ ਇਨਾਮ ਹਾਸਲ ਕੀਤੈ ਮੁਬਾਰਕ ! ਆਪਣਿਆਂ ਦਾ ਨਾਂ ਅਖ਼ਬਾਰ ‘ਚ ਪੜ੍ਹ ਕੇ ਅਖ਼ਬਾਰ ਵੀ ਵੱਧ ਅਹਿਮ ਲੱਗਣ ਲੱਗ ਪੈਂਦਾ ਤੇ ਆਪਣਿਆਂ ਤੇ ਮਾਣ ਮਹਿਸੂਸ ਹੁੰਦਾ ਤੇ ਫੁੱਲ ਕੇ ਬੰਦਾ ਦੂਜਿਆਂ ਨੂੰ ਦੱਸਦੈ। ਪਰ ਦੇਖ ਜਿਥੇ ਮੈਂ ਵਿਚਰਦਾਂ ਉਥੇ ਕਿਸੇ ਨੂੰ ਦੱਸਾਂ ਤਾਂ ਉਨ੍ਹਾਂ ਦਾ ਸੁਆਦ ਹੋਰ ਤਰ੍ਹਾਂ ਹੋ ਜਾਂਦੈ, ਤੂੰ ਆਪ ਜਾਣਦੈਂ। ਮੈਂ ਵੀ ਤੇਰੇ ਵਾਂਗ ਮਹਿਸੂਸ ਕਰਦਾ ਹਾਂ ਘਾਟ ਤੇਰੀ ਹਾਜਰੀ ਦੀ। ਪਰ ਖਿੱਚ ਬਣੀ ਰਹੇ, ਮੇਲ ਹੁੰਦਾ ਰਹੇ, ਚਿੱਠੀ-ਪੱਤਰ ਚਲਦਾ ਰਹੇ ਤਾਂ ਜੀਵੀ ਜਾਵਾਂਗੇ ਤੇ ਇਸ ਪ੍ਰਬੰਧ ਨਾਲ ਲੜਾਈ ਨੂੰ ਤਿੱਖਾ ਕਰਾਂਗੇ। ਕਾਲਮ ਸ਼ੁਰੂ ਕੀਤਾ, ਮੁਬਾਰਕ ਵਾਲੀ ਗੱਲ ਹੈ। ਕੁਝ ਤਾਂ ਹਿਲਜੁਲ ਹੋਣੀ ਹੀ ਚਾਹੀਦੀ ਏ। ਅੱਗੇ ਕਦੀ ਕੋਈ ਖ਼ਬਰ, ਕੋਈ ਲੇਖ ਛਪਦਾ ਸੀ ਤਾਂ ਉਨ੍ਹਾਂ ਕੋਲ ਅਖ਼ਬਾਰ ਲੈਣ ਜਾਂਦਾ ਸਾਂ ਤਾਂ ਕਹਿੰਦੇ ਸਨ ਤੁਸੀਂ ਲਗਵਾਉਂਦੇ ਕਿਉਂ ਨਹੀਂ, ਹੁਣ ਮੈਂ ਐਤਵਾਰੀ ‘ਨਵਾਂ ਜ਼ਮਾਨਾ‘ ਲਗਵਾ ਲਈ। ਇਸ ਤਰ੍ਹਾਂ ਦੀਆਂ ਬਹੁਮੁੱਲੀਆਂ ਪ੍ਰਾਪਤੀਆਂ ਵੱਲ ਵਧਦਾ ਹੋਇਆ ਸੰਤਾਪਗ੍ਰਸਤ ਕਿਉਂ ਹੈ ? ਸੋ ਮੈਂ ਤਾਂ ਉਹੀ ਪੁਰਾਣੀਆਂ ਗੱਲਾਂ ਜੋ ਬਾਬੇ ਆਦਮ ਤੋਂ ਚਲੀਆਂ ਆ ਰਹੀਆਂ ਹਨ, ਕਹਿ ਰਿਹਾ ਹਾਂ ਤੇ ਇਹ ਸਭ ਤੁਸੀਂ ਵੀ ਜਾਣਦੇ ਹੋ ਲੋੜ ਉਹਨਾਂ ਘਟਕਾਂ ਨੂੰ ਸੋਧਣ ਦੀ ਹੈ ਜੋ ਤਣਾਉ ਪੈਦਾ ਕਰਦੇ ਹਨ। ਤੁਹਾਨੂੰ ਤਾਂ ਬਹੁਤ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਆਸ਼ੂ ਬੜਾ ਪਿਆਰਾ ਬੱਚਾ ਕੁਦਰਤ ਨੇ ਦਿੱਤਾ ਜੋ ਮਨ ਤਨ ਪੱਖੋਂ ਸਿਹਤਮੰਦ ਤੇ ਉਸਾਰੂ ਹੈ। ਸੁਹਣੀਆਂ ਗੱਲਾਂ ਸੋਚਦਾ ਹੈ ਤੇ ਕਰਦਾ ਹੈ। ਆਮ ਬੱਚੇ ਤਾਂ ਨਾਨੀ ਯਾਦ ਕਰਾ ਛੱਡਦੇ। ਬਲਦੇਵ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਖੁਸ਼ੀ ਭਰੀਦੀ ਏ ਆਪਣੇ ਵਿਚ ਤੇ ਘਰ ਦੇ ਮਾਹੌਲ ਵਿਚ। ਵੈਸੇ ਫਰਸਟ੍ਰੇਸ਼ਨ ਵੀ ਏਨੀ ਮਾੜੀ ਨਹੀਂ ਹੁੰਦੀ ਕੁਝ ਕਰਨ ਲਈ ਹੀ ਕਹਿੰਦੀ ਹੈ, ਪਰ ਬੀਮਾਰ ਹੋਣਾ ਛੱਡ ਕੇ ਇਸ ਮੌਕੇ ਵੱਧ ਕੰਮ ਕਰਿਆ ਕਰ। ਮੈਂ ਦੇਖਾਂ ਕੁਝ ਨਹੀਂ ਕਰਦਾ ਪਰ ਫਿਰ ਵੀ ਖੁਸ਼ ਰਹਿੰਦਾ ਹਾਂ। ਖ਼ੈਰ, ਫਿਰ ਸਹੀ ਮਿਲਣ ਤੇ ਗੱਲਾਂ ਕਰਾਂਗੇ ਢੇਰ ਸਾਰੀਆਂ। ਸਮਦਰਸ਼ੀ ਵਿਚ ‘ਮੁੱਲ ਦੀ ਤੀਵੀਂ‘ ਬਾਰੇ ਸੋਹਣਾ ਲਿਖਿਆ। ਪੰਜਾਬੀ ਟ੍ਰਿਬਿਊਨ ਵਿਚ ਫੋਟੋ ਬਹੁਤ ਸੁਹਣੀ ਸੀ। ਵੈਸੇ ਸੁਹਣਿਆਂ ਦੀ ਫੋਟੋ ਸੁਹਣੀ ਆਉਂਦੀ ਹੈ, ਸੁਹਣੇ ਕੰਮਾਂ ਨਾਲ। ਹਾਂ ਸੱਚ, ਮੈਂ ਇਸ ਵਾਰ ਵਾਰਤਕ ਦਾ ਪੇਪਰ ਪੜ੍ਹਾਉਣਾ ਛੇ ਦਿਨ। ਬਹੁਤ ਪੜ੍ਹਨਾ ਪੈਣਾ ਇਸ ਨਾਲ ਸਬੰਧਤ ਮਸਾਲਾ, ਵਾਰਤਕ ਪ੍ਰਕਾਰ, ਇਤਿਹਾਸ, ਮੇਰਾ ਪਿੰਡ, ਮੇਰਾ ਨਾਨਕਾ ਪਿੰਡ ਆਰਸੀ, ਮੱਧਕਾਲੀ ਪੰਜਾਬੀ ਵਾਰਤਕ, ਲੰਮੀ ਨਦਰ, ਖੁੱਲ੍ਹੇ ਲੇਖ ਵਗੈਰਾ। ਚੇਤਾ ਰੱਖੀਂ। ਭਾਬੋ ਨੂੰ ਯਾਦ, ਆਸ਼ੂ ਨੂੰ ਪਿਆਰ, ਹਰਵਿੰਦਰ ਲਿਆਕਤ ਵੱਲੋਂ ਵੀ।

ਲਖਬੀਰ

***

ਜਲੰਧਰ,
7.7.95

ਪਿਆਰੇ ਬਲਦੇਵ,
ਯਾਦ !
ਆਸ ਹੈ ਹੁੰਮਸ ਭਰੇ ਵਾਤਾਵਰਨ ਵਿਚ ਖੁਸ਼ ਹੋਵੋਗੇ। ਕਈ ਦਿਨਾਂ ਤੋਂ ਤੇਰੇ ਖ਼ਤ ਦੀ ਉਡੀਕ ਸੀ ਜਿਸ ਵਿਚ ਕਸੌਲੀ ਤੇ ਸ਼ਿਮਲੇ ਵਿਚ ਰੁਮਕਦੀਆਂ ਠੰਡੀਆਂ ਪੌਣਾਂ ਦੀਆਂ ਗੱਲਾਂ ਹੋਣੀਆਂ ਸਨ। ਪਰ ਮੈਨੂੰ ਲਗਦੈ ਫਿਰ ਹੁੰਮਸ ਵਿਚ ਦਾਖਲ ਹੋ ਠੰਡਿਆਂ ਬੁੱਲਿਆਂ ਨੂੰ ਝੁਲਸਾ ਛੱਡਿਐ। ਪਿਛਲੇ ਕੁਝ ਦਿਨਾਂ ਤੋਂ ਉਖੜਿਆ ਹੋਇਆ ਹਾਂ। ਦਰਅਸਲ ਇਹ ਮਹੀਨਾ ਐਸਾ ਹੁੰਦਾ ਏ। ਥਾਂ ਥਾਂ ਅਪਲਾਈ ਕਰਨਾ, ਕਿਤੇ ਨੌਕਰੀ ਮਿਲਣਾ ਕਿਤੇ ਨਾ ਮਿਲਣਾ, ਸੱਜਣਾਂ ਮਿੱਤਰਾਂ ਦੇ ਸੰਤਾਪ, ਸਥਾਪਤੀ ਦੀਆਂ ਬੇਹੂਦਗੀਆਂ, ਸਾਥੋਂ ਅਜਿਹੀ ਆਸ ਕਿ ਅਸੀਂ ਉਨ੍ਹਾਂ ਨੂੰ ਰੱਬ ਬਣਾ ਪੂਜੀਏ। ਵਾਕਿਆ ਈ ਉਖਾੜਨ ਵਾਲੀਆਂ ਗੱਲਾਂ ਨੇ। ਹਰਵਿੰਦਰ ਨੂੰ ਇਸ ਸਾਲ ਫਿਰ ਆਰਜ਼ੀ ਤੌਰ ਤੇ ਕੇ.ਐਮ.ਵੀ ਨੌਕਰੀ ਮਿਲ ਗਈ ਏ। ਇਕ ਦੋ ਜਗ੍ਹਾ ਪੱਕੇ ਤੌਰ ਤੇ ਇਸ਼ਤਿਹਾਰ ਆਏ ਸਨ, ਜਦੋਂ ਬਰੀਕੀ ਨਾਲ ਪੁੱਛਿਆ ਤਾਂ ਪਤਾ ਲੱਗਾ ਕਿ ‘‘ਇਸ਼ਤਿਹਾਰ ਅਜਿਹਾ ਇਸ ਲਈ ਦਿੱਤਾ ਗਿਆ ਕਿ ਚੰਗੇ ਕੈਂਡੀਡੇਟ ਆ ਜਾਣ, ਊਂ ਹੈ ਕੱਚੀਆਂ” ਅਜਿਹੇ ਬੋਲ ਸਥਾਪਤੀ ਦੀ ਬਦਮਗ਼ਜੀ ਨੂੰ ਜਾਹਰ ਕਰਦੇ ਨੇ ਤੇ ਖਿਝ ਚੜ੍ਹਾਉਂਦੇ ਨੇ। ਪਰ ਸੁਆਲ ਹੈ ਕਿ ਡੂੰਘਾਈ ਤੱਕ ਗਰਕ ਚੁੱਕੇ ਪ੍ਰਬੰਧ ਨਾਲ ਲੜਾਈ ਕਿਥੋਂ ਸ਼ੁਰੂ ਕਰੀਏ ? ਬਲਜਿੰਦਰ ਨਸਰਾਲੀ ਨੇ ਮਿਹਨਤ ਨਾਲ ਕੰਮ ਕੀਤਾ। ਹਰ ਇਕ ਨਾਲ ਮਿੱਠਾ ਬੋਲਿਆ ਪਰ ਨਤੀਜਾ ਨਾਖੁਸ਼ਗਵਾਰ। ਇਹ ਸਭ ਕੁਝ ਦੇਖ ਕੇ, ਸੋਚ ਕੇ, ਹੰਢਾ ਕੇ ਬੜਾ ਦੁਖ ਹੁੰਦਾ। ਇਹ ਸੋਚ ਕੇ ਅਤੇ ਮਹਿਸੂਸ ਕਰਕੇ ਹੋਰ ਵੀ ਦੁੱਖ ਹੁੰਦਾ ਹੈ ਕਿ ਯੁਵਾ ਵਰਗ ਜਿਸ ਨਾਲ ਇਹ ਸਭ ਕੁਝ ਵਾਪਰਦਾ, ਜੋ ਅਕਸਰ ਬਲੀ ਦਾ ਬੱਕਰਾ ਬਣਦਾ, ਉਹ ਸਭ ਕਾਸੇ ਨੂੰ ਸਹਿਜੇ ਹੀ ਬਰਦਾਸ਼ਤ ਕਰ ਰਿਹੈ ਇਸ ਪਾਸੇ ਵੱਲ ਵਿਅਕਤੀਗਤ ਤੌਰ ਤੇ ਉਦੋਂ ਤੱਕ ਚਿੰਤਤ ਹੁੰਦੈ ਜਦੋਂ ਤੱਕ ਸਿਰ ਤੇ ਪਈ ਏ ਪਰ ਸਿਰੋਂ ਟਲਦਿਆਂ ਅਵੇਸਲਾ ਹੋ ਜਾਂਦੇ ਤੇ ਫਿਰ ਸਥਾਪਤੀ ਦਾ ਹਿੱਸਾ ਬਣਨ ਵੱਲ ਵਧਦੈ ਜਾਂ ਬਣ ਜਾਂਦੈ। ਅਸਲ ਵਿਚ ਜਦੋਂ ਮਨੁੱਖ ਸਮੂਹਕ ਜ਼ਿੰਦਗੀ ਤੋਂ ਟੁੱਟਦੈ ਤਾਂ ਅਜਿਹਾ ਵਾਪਰਨ ਲਗਦੈ। ਮੈਨੂੰ ਪਤੈ ਤੂੰ ਕਹਿੰਦਾ ਹੈਂ ਤੇ ਕਹੇਂਗਾ ਇਸ ਤਰ੍ਹਾਂ ਸੋਚਣਾ ਫਾਇਦੇਮੰਦ ਨਹੀਂ। ਮੈਨੂੰ ਜਾਪਦੈ ਕੁਰਬਾਨੀਆਂ ਨਾਲ ਕੁਝ ਬਦਲ ਸਕਦੈ। ਮੈਂ ਫਿਰ ਤੈਨੂੰ ਆਖਦਾ ਹਾਂ ਕਿ ਇਸ ਪਾਸੇ ਵੱਲ ਸੋਚ ਅਜਿਹੇ ਯੁਵਕਾਂ ਨੂੰ ਧਿਆਨ ‘ਚ ਰੱਖ ਜੋ ਸਾਡੀ ਟੀਮ ‘ਚ ਆ ਸਕਦੇ ਨੇ ਤੇ ਅਸੀਂ ਕੋਈ ਜਗਾਹ ਬਣਾ ਕੇ ਕੁਝ ਆਰੰਭੀਏ ਤੇ ਜੀਵਨ ਸਕਾਰਥਾ ਕਰੀਏ। ਬਲਜਿੰਦਰ ਵਾਸਤੇ ਹੁਣ ਲੁਧਿਆਣੇ ਅਤੇ ਮੁਕੰਦਪੁਰ ਪੂਰਾ ਜ਼ੋਰ ਲਾਉਣੈ। ਭਾਬੋ ਦਾ ਕੀ ਹਾਲ ਏ ? ਉਨ੍ਹਾਂ ਦੀ ਪੜ੍ਹਾਈ ਲਖਾਈ ਕਿਸ ਤਰ੍ਹਾਂ ਚੱਲ ਰਹੀ ਹੈ। ਆਸ਼ੂ ਨੂੰ ਯਾਦ ਦੇਣੀ। ਹੋਰ ਸੱਜਣਾਂ ਮਿੱਤਰਾਂ ਨੂੰ ਯਾਦ ਦੇਣੀ। ਸਭ ਨੂੰ ਦਰਜਾ ਬਦਰਜਾ ਯਾਦ।

ਤੇਰਾ,
ਲਖਬੀਰ

***

ਜਲੰਧਰ
22.8.95

ਪਿਆਰੇ ਬਲਦੇਵ,
ਯਾਦ !
ਤੇਰੇ ਭੇਜੇ ਲੈਸਨ ਮਿਲ ਗਏ ਹਨ। ਅੱਛਾ ਕੀਤਾ ਮੇਰੇ ਲਈ ਸਹਾਈ ਹੋਣਗੇ। ਤੂੰ ਚਿੱਠੀ ਨਹੀਂ ਲਿਖੀ। ਅਜੇ ਸਿਹਤਵੰਦ ਨਹੀਂ ਹੋਇਆ ? ਢਿੱਲ ਮੱਠ ਬਣੀ ਆਈ। ਆ ਜਾਂਦੀ ਏ ! ਅਸੀਂ ਵਾਤਾਵਰਨ ਜੁ ਇਤਨਾ ਸੁਖਾਵਾਂ ਰੱਖਿਆ ਹੋਇਆ ! ਆਈ ਹੋਈ ਢਿੱਲ ਮੱਠ ਨੂੰ ਕਾਰਗਰ ਢੰਗ ਨਾਲ ਸਾਂਭ ਕੇ ਜਲਦੀ ਸਿਹਤਵੰਦ ਹੋ ਜਾਇਆ ਕਰ। ਨਹੀਂ ਤਾਂ ਹੋਰ ਕਈ ਵਿਗਾੜ ਪੈਦਾ ਹੋ ਜਾਂਦੇ ਨੇ। ਬੀਮਾਰੀਆਂ ਤੋਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਨੇ। ਆਪਣੇ ਆਪ ਨੂੰ ਢਲਣਯੋਗ ਬਣਾ ਕੇ ਇਸ ਛੋਟੇ ਜਿਹੇ ਪਰਿਵਾਰ ਨੂੰ ਤਣਾਉ ਮੁਕਤ ਰੱਖੋ ਕਿਉਂਕਿ ਅਸਲੀ ਸ਼ਾਂਤੀ/ਖੁਸ਼ੀ ਪਰਿਵਾਰ ਵਿਚੋਂ ਲੱਭਣੀ ਏ ਤੇ ਬਾਹਰੀ ਇਨਾਮਾਂ ਦੀ ਖੁਸ਼ੀ ਵੀ ਘਰ ਆ ਕੇ ਦੁੱਗਣੀ ਹੋ ਜਾਂਦੀ ਏ। ਅੱਛਾ ਮੈਂ ਇਸ ਚਿੱਠੀ ਵਿਚ ਵਾਰਤਕ ਵਾਲੇ ਪੇਪਰ ਦਾ ਸਿਲੇਬਸ ਭੇਜ ਰਿਹਾ ਹਾਂ। ਦੇਖ ਕੇ ਦੱਸੀਂ ਕੀ ਐਸਾ ਸੰਭਵ ਹੈ ਇਕ ਵਿਸਤ੍ਰਿਤ ਲੇਖ ਤੂੰ ਲਿਖੇਂ ਤੇ ਕੁਝ ਹੋਰ ਵਿਦਵਾਨ ਦੋਸਤਾਂ ਨੂੰ ਖੇਚਲ ਦੇਈਏ ਤੇ ਇਕ ਚੰਗੀ ਆਲੋਚਨਾਤਮਕ ਪਾਠ ਪੁਸਤਕ ਤਿਆਰ ਕਰ ਸਕੀਏ। ਇਸ ਬਾਰੇ ਜਲਦੀ ਰਾਇ ਲਿਖ ਭੇਜੀਂ। ਛਾਪ ਲੈਣ ਦਾ ਪ੍ਰਬੰਧ ਹੈ। ਮੈਂ ਅੱਜਕੱਲ੍ਹ ਪੜ੍ਹ ਰਿਹਾ ਹਾਂ ਕਿਉਂਕਿ ਐਮ.ਏ. ਨੂੰ ਨਵਾਂ ਪੇਪਰ ਪੜ੍ਹਾਉਣ ਦਾ ਪਹਾੜ ਵਰਗਾ ਕੰਮ ਸ਼ੁਰੂ ਕੀਤਾ ਹੈ। ਨਾਲ ਹੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਇਕ ਅਸਾਈਨਮੈਂਟ ਆਈ ਸੀ ਜੋ ਲਾਜ਼ਮੀ ਕਰਨੀ ਪੈਣੀ ਹੈ। ਥੋੜ੍ਹਾ ਬਹੁਤ ਕੰਮ ਲਾਈਆਂ ਪਾਠ ਪੁਸਤਕਾਂ ਲਈ ਇਨ੍ਹਾਂ ਦਿਨਾਂ ਵਿਚ ਕੀਤਾ ਤੇ ਕਰ ਰਿਹਾ ਹਾਂ। ਪਾਪੀ ਪੇਟ ਦਾ ਸਵਾਲ, ਆਰਥਕ ਤੰਗੀ ਤੁਰਸ਼ੀ ਨੂੰ ਪਛਾੜਨ ਲਈ ਕੁਝ ਹੋਰ ਵੀ ਸੋਚ ਰਿਹਾ ਹਾਂ, ਮਿਲ ਕੇ ਦੱਸਾਂਗਾ। ਇਹ ਸਭ ਕੁਝ ਕਰਦਾ ਹੋਇਆ ਇਸ ਯਤਨ ‘ਚ ਹਾਂ ਕਿ ਖਿਲਰਾਂ ਨਾ। ਭਾਬੀ ਜੀ ਨੂੰ ਸਾਡੀ ਸਭ ਦੀ ਯਾਦ ਦੇਣੀ। ਆਸ਼ੂ ਨੂੰ ਸਾਡਾ ਪਿਆਰ ਤੇ ਛੋਟੇ ਵੀਰ ਦੀ ਸਤਿ ਸ੍ਰੀ ਅਕਾਲ ਪੁਚਾਵੀਂ। ਖ਼ਤ ਜ਼ਰੂਰ ਲਿਖੀਂ।

ਮੋਹ ਨਾਲ,
ਲਖਬੀਰ

***

ਜਲੰਧਰ,
20.9.95

ਪਿਆਰੇ ਬਲਦੇਵ,
ਯਾਦ !
ਕਾਫੀ ਅਰਸਾ ਬੀਤ ਗਿਆ ਤੇਰਾ ਖ਼ਤ ਨਹੀਂ ਆਇਆ। ਅੱਗੇ ਮੇਰਾ ਖ਼ਤ ਪਹੁੰਚੇ ਨਾ ਪਹੁੰਚੇ ਤੇਰਾ ਖ਼ਤ/ਕਾਰਡ ਆ ਜਾਂਦਾ ਹੈ। ਸੁਖ ਸਾਂਦ ਤਾਂ ਹੈ ? ਮੈਨੂੰ ਲਗਦੈ ਹੋਰ ਸਭ ਠੀਕ ਏ ਮਨ ਹੀ ਉਦਾਸ ਏ ! ਹੈ ਨਾ। ਮੈਨੂੰ ਕਈ ਵਾਰ ਤਾਂ ਪਤਾ ਹੀ ਨਹੀਂ ਲਗਦਾ ਤੈਨੂੰ ਕੀ ਲਿਖਾਂ ? ਕਿਉਂਕਿ ਮੈਂ ਤਾਂ ਛੋਟੀਆਂ ਛੋਟੀਆਂ ਗੱਲਾਂ ਕਰ/ਲਿਖ ਸਕਦਾ ਹਾਂ। ਹਾਂ ਇਹ ਜ਼ਰੂਰ ਸੋਚਦਾ ਹਾਂ ਕਿ ਤੇਰੀ ਉਦਾਸੀ/ਉਪਰਾਮਤਾ ਦਾ ਠੋਸ ਕਾਰਨ ਮੈਨੂੰ ਨਹੀਂ ਲੱਭਦਾ। ਕਈ ਵਾਰ ਇੰਜ ਲਗਦਾ ਕਿ ਤੂੰ ਬੇਵਜ੍ਹਾ ਨਿਰਾਸ਼ ਹੋ ਜਾਨੈ। ਪਰ ਬੇਵਜਾ ਤੇ ਹੋ ਨਹੀਂ ਸਕਦਾ। ਸੋਚ ਤੇ ਦੱਸ ਕਿ ਕਿਹੜੀਆਂ ਗੱਲਾਂ/ਘਟਨਾਵਾਂ/ਸਥਿਤੀਆਂ/ਹਾਲਾਤ ਤੈਨੂੰ ਇਤਨਾ ਉਦਾਸ ਕਰ ਰਹੇ ਹਨ। ਮੈਨੂੰ ਕਈ ਵਾਰ ਇੰਜ ਲਗਦਾ ਕਿ ਖੁਸ਼ੀ/ਗ਼ਮੀ ਬੜੇ ਵੱਖਰੀ ਤਰ੍ਹਾਂ ਦੇ ਸੰਕਲਪ ਨੇ, ਤੇ ਇੰਜ ਵੀ ਲਗਦੈ ਇਹਨਾਂ ਨੂੰ ਆਪਣੇ ਅੰਦਰੋਂ ਉਗਾਉਣਾ ਪੈਂਦੈ। ਦੂਰਅੰਦੇਸ਼ ਵਾਲਾ ਬਣ ਕੇ ਖੁਸ਼ ਰਿਹਾ ਕਰ। ਤੂੰ ਜੋ ਕੰਮ ਕਰ ਰਿਹਾ ਹੈਂ ਉਹ ਹਰ ਇਕ ਦੇ ਵੱਸ ਦੀ ਗੱਲ ਨਹੀਂ। ਤੇਰੇ ਕੋਲ ਸਾਹਿਤਕ ਪ੍ਰਤੀਬੱਧਤਾ ਹੈ, ਤੂੰ ਅਧਿਆਪਕ ਹੈਂ ਤੇ ਹੋਰ ਬੜਾ ਕੁਝ। ਤੇਰੇ ਵਰਗੀ ਸਾਹਿਤਕ ਪਹੁੰਚ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿਚ ਤੇ ਆਪਣੇ ਪੋਚ ਵਿਚ ਬਹੁਤ ਚੋਣਵੇਂ ਬੰਦਿਆਂ ਕੋਲ ਹੈ। ਇਸ ਨੂੰ ਖੁਸ਼ੀ ਨਾਲ ਅੱਗੇ ਤੋਰੀ ਚੱਲ। ਮੈੌਂ ਕੀ ਕਰਦਾ ਹਾਂ ਮੈਨੂੰ ਪਤਾ ਨਹੀਂ। ਪਿਛਲੇ ਦਿਨੀਂ 500 ਰੁੱਖ ਲਗਾਏ, ਪਾਣੀ ਪਾ/ਪੁਆ ਦਿੰਦਾ ਹਾਂ। 17/9 ਨੂੰ ਖੂਨ ਦਾਨ ਕੈਂਪ ਲਾਇਆ। ਮੈਂ ਆਪ ਇਸ ਦਿਨ 10ਵੀਂ ਵਾਰ ਖ਼ੂਨ ਦਿੱਤਾ ਤੇ ਮੇਰੇ ਤੋਂ ਇਲਾਵਾ 101 ਯੁਵਕਾਂ ਖ਼ੂਨ ਦਾਨ ਕੀਤਾ। ਖਿੱਚ-ਧੂਹ ਕੇ ਐਮ.ਏ. ਨੂੰ ਪੜ੍ਹਾ ਰਿਹਾ ਹਾਂ। ਡੀ.ਏ.ਵੀ. ਸੋਚ/ਸਥਾਪਤੀ ਕੰਮ ਦਾ ਮਜਾ ਆਉਣ ਦਿੰਦੀ ਨਹੀਂ। ਖ਼ੈਰ, ਵਾਹ ਲਾ ਰਿਹਾ ਹਾਂ ਅੱਗੇ ਦੇਖੋ। ਭਾਬੀ ਜੀ ਦਾ ਕੀ ਹਾਲ ਹੈ ? ਆਸ਼ੂ ਬੇਟਾ ਅੱਜਕੱਲ੍ਹ ਕੀ ਨਵਾਂ ਕਰ ਰਿਹਾ ਹੈ, ਛੇਤੀ ਖ਼ਤ ਲਿਖੀਂ। ਜੇਕਰ ਸ਼ਾਮ ਤੋਂ ਪਹਿਲਾਂ ਚਿੱਠੀ ਮਿਲ ਜਾਵੇ ਤਾਂ ਟੀ.ਵੀ. ਸਰਗਰਮੀਆਂ ਸ਼ਾਮ 7-15 ਤੇ ਦੇਖੀਂ। ਹੋਰ ਸਭ ਨੂੰ ਦਰਜਾ ਬਦਰਜਾ ਯਾਦ ਪਹੁੰਚਾਵੀਂ। ਲਿਆਕਤ, ਹਰਵਿੰਦਰ, ਪਲਵਿੰਦਰ, ਬਾਬਾ ਠੀਕ ਠਾਕ ਹਨ।

ਤੇਰਾ,
ਲਖਬੀਰ

***

ਜਲੰਧਰ
15.12.95

ਪਿਆਰੇ ਬਲਦੇਵ,
ਯਾਦ !
ਮੁਬਾਰਕਬਾਦ ਭੇਜਦਾ ਹਾਂ। ਮੈਨੂੰ ਬੜੀ ਦੇਰ ਤੋਂ ਖ਼ਬਰ ਦੀ ਉਡੀਕ ਸੀ ਪਰ ਓਨੀ ਹੀ ਲੇਟ ਮਿਲੀ। ਖ਼ੈਰ, ਮੈਨੂੰ ਤੇਰੇ ਖ਼ਤ ਤੋਂ ਪਹਿਲਾਂ ਗੁਰਪਾਲ ਦੇ ਘਰੋਂ ਫੋਨ ਤੋਂ ਪਤਾ ਲੱਗਾ 13 ਦਸੰਬਰ ਨੂੰ। ਜੋੜੀ ਖੁਸ਼ ਰਹੇ ! ਬੇਬੇ ਜੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ ਦੇਣੀ ਤੇ ਭਾਬੀ ਜੀ ਨੂੰ। ਮੈਂ ਤੇਰੇ ਪਹਿਲੇ ਅਸਲੀ ਤੇ ਵੱਡੇ ਖ਼ਤ ਦਾ ਜੁਆਬ ਨਹੀਂ ਦਿੱਤਾ। ਮਿੱਤਰ ਉਸ ਦਾ ਜੁਆਬ ਸ਼ਾਇਦ 25 ਸਾਲ ਵਿਚ ਦਿੱਤਾ ਜਾ ਸਕੇ। ਸ਼ਾਇਦ ਨਾ। ਪਰ ਨਾ ਵਾਲੇ ਪਾਸੇ ਸੋਚ ਕੇ ਜ਼ਿੰਦਾ ਨਹੀਂ ਰਹਿ ਪਾਵਾਂਗੇ। ਦਿਨਾਂ ਵਿਚ ਪ੍ਰਬੰਧ ਬਦਲਿਆ ਨਹੀਂ ਜਾਵੇਗਾ ਤੇ ਕੁਝ ਇਕ ਸਾਲਾਂ ਵਿਚ ਵੀ ਨਹੀਂ। ਕੁਰਬਾਨੀਆਂ ਦੀ ਲੋੜ ਹੈ। ਇਕ ਦੋ ਦੀ ਨਹੀਂ ਬਹੁਤ ਦੀ। ਮਰਜੀਵੜਿਆਂ ਦੀ ਲੋੜ ਹੈ ਇਕ ਦੋ ਦੀ ਨਹੀਂ ਬਹੁਤ ਦੀ। ਤੇ ਉਸਨੂੰ 25 ਸਾਲ ਲੱਗ ਸਕਦੇ ਨੇ। ਸ਼ਾਇਦ ! ਅਜਿਹਾ ਕੁਝ ਨਾ ਲਿਖਾਂ ਤਾਂ ਅੱਛਾ ਹੈ ਤੇਰੇ ਵਾਂਗ ਮੇਰੀ ਵੀ ਰਗ ਰਗ ਉਸੇ ਤਰ੍ਹਾਂ ਦੇ ਪ੍ਰਬੰਧਕਾਂ ਤੋਂ ਆਤੁਰ ਹੈ। ਤੇਰੇ ਖ਼ਤ ਨੇ ਇੰਨਾ ਕੁ ਹਿਲਾ ਦਿੱਤਾ ਕਿ ਪਿਛਲੇ 52 ਦਿਨਾਂ ਤੋਂ ਬਾਅਦ ਅੱਜ ਆਹ ਪਹਿਲੀ ਵਾਰ ਲਿਖ ਰਿਹਾ ਹਾਂ। ਆਉਣ ਵਾਲੇ 15 ਦਿਨਾਂ ਅੰਦਰ ਮੇਲ ਜ਼ਰੂਰ ਹੋਵੇਗਾ। ਮਿਲ ਬੈਠਾਂਗੇ। ਨਾਂ ਬੇਟੇ ਦਾ ਗੁਣਵੰਤ ਬਹੁਤ ਪਸੰਦ ਆਇਆ। ਮੁਬਾਰਕ ਹੋਵੇ। ਛੋਟਾ ਕੀ ? ਗੁਨੂੰ ਜਾਂ ਗੁਣੀਆ। ਖ਼ਤ ਲਿਖੀਂ, ਮੈਂ ਨਾ ਲਿਖਾਂ ਤਾਂ ਵੀ ਲਿਖੀਂ। ਹਾਂ ਸੱਚ, ਪਿਛਲੇ ਦਿਨੀਂ ਪਿੰਦਰ ਦੇ ਰਿਸ਼ਤੇ ਦੀ ਗੱਲ ਪੱਕੀ ਹੋ ਗਈ ਹੈ, ਜਲੰਧਰ ਦੇ ਨਾਲ ਲਗਦੈ ਪਿੰਡ ਧੰਨੋਵਾਲੀ। ਲੜਕਾ ਨਿਊ ਇੰਡੀਆ ਇੰਨਸ਼ੋਰੈਂਸ ਵਿਚ ਸਰਵਿਸ ਕਰਦਾ ਹੈ। ਅਕਤੂਬਰ ਵਿਚ ਸ਼ਾਦੀ ਕਰਨੀ ਹੈ। ਬਾਕੀ ਸਭ ਅੱਛਾ ਹੈ।
ਸਭ ਨੂੰ ਦਰਜਾ ਬਦਰਜਾ ਮੁਬਾਰਕ, ਯਾਦ।

ਤੇਰਾ,
ਲਖਬੀਰ

***

ਜਲੰਧਰ
20.9.2012

ਪਿਆਰੇ ਬਲਦੇਵ,
ਬਾਖ਼ਲੂਸ ਯਾਦ !
ਕੱਲ੍ਹ ਤੇਰੇ ਫ਼ੋਨ ਨਾਲ ਮਨੋ-ਜਗਤ ਵਿਚ ਅਜੀਬੋਗਰੀਬ ਖਲਬਲੀ ਮਚ ਗਈ। ਇਸ ਕਰਕੇ ਨਹੀਂ ਕਿ ਮੌਤ ਵਾਪਰੀ, ਇਸ ਕਰਕੇ ਕਿ ਮੌਤ ਕਿਵੇਂ ਵਾਪਰੀ ਤੇ ਕੀ ਕਰ ਗਈ। ਮੈਨੂੰ ਮੌਤ ਕੋਈ ਡਰਾਉਣੀ ਸ਼ੈਅ ਨਹੀਂ ਲਗਦੀ। ਬਲਕਾਰ ਨੂੰ ਜਿਆਦਾ ਨਹੀਂ ਨਾ ਮਿਲਿਆ, ਲੇਕਿਨ ਜਿੰਨਾਂ ਮਿਲਿਆ ਸਾਂ, ਪੂਰਾ ਮਿਲਿਆ ਸਾਂ। ਉਸ ਨੇ ਮੈਨੂੰ ਪਟਿਆਲਾ ਬੱਸ ਅੱਡੇ ਤੋਂ ਪਿੱਕ ਕੀਤਾ ਸੀ ਤੇ ਤੇਰੇ ਘਰ ਛੱਡਿਆ ਸੀ। ਉਸ ਸਮੇਂ ਵਿਚ ਆਪਣੇ ਬਾਰੇ, ਪਰਿਵਾਰ ਬਾਰੇ, ਹੋਣਹਾਰ ਬੱਚੀ ਬਾਰੇ, ਬੱਚੀ ਦੇ ਰੱਖ ਰਖਾਉ ਬਾਰੇ, ਆਪਣੇ ਬਾਰੇ, ਆਪਣੀ ਸਥਾਪਤੀ ਬਾਰੇ ਕਈ ਪਾਠ ਉਬਸ ਨੇ ਮੇਰੇ ਚੇਤੇ ਵਿਚ ਪਾ ਦਿੱਤੇ ਸਨ। ਇਹਨਾਂ ਪਾਠ ਝਰੋਖਿਆਂ ‘ਚੋਂ ਮੈਂ ਉਸ ਦੀ ਘਾਲਣਾ ਅਤੇ ਘਾਲਣਾ ਦੇ ਫਲ ਤੋਂ ਜਾਣੂੰ ਹੁੰਦਿਆਂ ਉਹ ਜਾਣ ਲਿਆ ਤਾਂ ਕਿ ਇਕ ਪੇਂਡੂ ਬੰਦਾ ਸਾਡੇ ਵਰਗਾ ਓਬੜ ਖਾਬੜ ਸੜਕਾਂ ਤੋਂ ਲੰਘਦਾ, ਨਵੀਆਂ ਡੰਡੀਆਂ ਬਣਾਉਂਦਾ ਕਿੰਨਾ ਮਜਬੂਤ ਹੁੰਦਾ ਏ, ਲੇਕਿਨ ਪਹਾੜਾਂ ਨਾਲ ਮੱਥਾ ਲਾਉਣ ਵਾਲਾ ਬੰਦਾ, ਘਰ ਪਰਿਵਾਰ ਦੀਆਂ ਲੰਬੀਆਂ ਲੜਾਈਆਂ, ਜਾਤੀ ਸਨਾਤੀ ਸੰਘਰਸ਼ਾਂ ਉਪਰ ਫਤਹਿ ਪਾਉਣ ਵਾਲਾ ਬੰਦਾ ਕਾਰਾਂ ਗੱਡੀਆਂ ਸਾਹਮਣੇ ਬਸ ਹੋ ਜਾਂਦਾ ਏ। ਬੜਾ ਬਗੋਚਾ ਏ, ਤੁਰ ਗਏ ਹੋਣਹਾਰ ਸ਼ਖ਼ਸ ਦਾ, ਪਰ ਮਿੱਤਰਾ ਇਸ ਮੌਕੇ ਕੀ ਕਰ ਸਕਦੇ ਹਾਂ, ਸਿਵਾਏ ਇਹ ਪ੍ਰਤੱਖਣ ਦੇ ਕਿ ਬਲਕਾਰ ਸਰੀਰਕ ਪੱਖੋਂ ਜੁਦਾ ਹੋ ਗਿਆ। ਉਸ ਦੀ ਚੇਤਨਾ, ਕਹੇ ਲਫ਼ਜ਼, ਲਿਖੇ ਵਾਕ ਤੇ ਸਾਡੇ ਨਾਲ ਬਿਤਾਈਆਂ ਘੜੀਆਂ, ਬੇਟੀ ਤੇ ਜੀਤ ਤੇ ਨਕਸ਼ ਪਤਨੀ ਨਾਲ ਹੰਢਾਇਆ ਸਮਾਂ ਔਰ ਇਸ ਧਰਤੀ ਦੇ ਵਜੂਦ ਵਿਚ ਉਸ ਦੇ ਤਾਤਵਿਕ ਵਜੂਦ ‘ਚੋਂ ਬਲਕਾਰ ਨਹੀਂ ਮਰ ਸਕਦਾ, ਚੂੰਕਿ ਉਹ ‘ਬਲਕਾਰ‘ ਹੈ। ਮੈਂ ਕੱਲ੍ਹ ਤੋਂ ਪਤਾ ਨਹੀਂ ਕਿੰਨੀ ਵਾਰ ਉਸ ਚੰਦ ਮਿੰਟਾਂ ਦੀ ਮਿਲਣੀ ਨੂੰ ਯਾਦ ਕੀਤਾ ਏ ਤੇ ਕਿੰਨੀ ਵਾਰ ਇਹ ਸੋਚਿਆ ਏ ਕਿ ਥੋੜ੍ਹੇ ਸਮੇਂ ਵਿਚ ਮੈਨੂੰ ਉਹ ਕਿੰਨਾ ਹੀ ਕੁਝ ਦੱਸ ਗਿਆ। ਖ਼ੈਰ, ਦੈਹਿਕ ਸਾਥ ਛੱਡ ਗਏ ਮਿੱਤਰ ਨੂੰ ਯਾਦ ਕਰਦਿਆਂ ਇਹੀ ਨਗੰਮਾ ਕਿ ਐਸੇ ਹਾਲਾਤ ਆਉਣ ਗੱਡੀਆਂ ਆਦਮ ਖਾਣੀਆਂ ਨਾ ਬਣਨ, ਸੜਕਾਂ ਕਬਰਾਂ ਨਾ ਬਣਨ। ਇਸ ਪ੍ਰਬੰਧ ਨੂੰ ਸੁਮੱਤ ਆਵੇ ਤੇ ਬੇਮੁੱਲੇ ਤੇ ਵੱਡੇ ਕੰਮ ਕਰਕੇ ਇਸ ਧਰਤੀ ਦਾ ਬੋਝ ਚੁੱਕਣ ਵਾਲੇ ਇੰਜ ਨਾ ਤੁਰਨ। ਹਾਂ ਸੱਚ, ਮੇਰੀ ਚਿੰਤਾ ਕਰ ਝੂਰਿਆ ਨਾ ਕਰੋ, ਕੰਮ ਭਾਵੇਂ ਵੱਡੀ ਏ ਪਰ ਉਸ ਕਈ ਗੁਣਾਂ ਵੱਡੀ ਸ਼ਕਤੀ ਨਾਲ ਲੜ ਰਿਹਾ ਹਾਂ। ਸੋਚਦਾ ਹਾਂ ਤੇ ਹੋਵੇਗਾ ਕਿ ਕੈਂਸਰ ਮੌਤ ਦਾ ਕਾਰਨ ਨਾ ਬਣੇ ਲੇਕਿਨ ਗੱਡੀਆਂ ਤੇ ਤਾਂ ਵੀਰਿਆ ਮੇਰਾ ਵੀ ਵੱਸ ਨਹੀਂ ਚਲਣਾ। ਬੜੀ ਹਿੰਮਤ ਨਾਲ ਸਭ ਕੁਝ ਬਾਦਸਤੂਰ, ਬਾਖ਼ੂਬ ਕਰ ਰਿਹਾ ਹਾਂ, ਹਾਲ ਦੀ ਘੜੀ ਜਿੰਦੜੀ ਦਾ ਲੜ ਪੂਰਾ ਹੱਥ ‘ਚ ਹੈ ਤੇ ਰਹੇਗਾ ਵੀ। ਸੁਖਵਿੰਦਰ ਨੂੰ ਯਾਦ, ਆਸ਼ੂ ਤੇ ਗੁਣਵੰਤ ਨੂੰ ਪਿਆਰ।

ਤੇਰਾ,
ਲਖਬੀਰ ਸਿੰਘ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346